ਵਾਧੂ ਅਨਾਜ ਵਾਲੇ ਦੇਸ਼ ‘ਚ ਬੱਚੇ ਭੁੱਖ ਨਾਲ ਕਿਉਂ ਮਰ ਰਹੇ ਹਨ? •ਜਮਸੀਤ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਅੱਜ ਤੋਂ ਲੱਖਾਂ ਵਰੇ ਪਹਿਲਾਂ ਮਨੁੱਖ ਦੇ ਪੂਰਵਜ ਦਰੱਖਤਾਂ ਤੋਂ ਉੱਤਰ ਕੇ ਕਬੀਲਿਆਂ ਦੇ ਸਮਾਜ ਵਿੱਚ ਜਥੇਬੰਦ ਹੋਕੇ ਰਹਿਣ ਲੱਗੇ। ਇਸ ਯੁੱਗ ਦੌਰਾਨ ਕਿੰਨੇ ਹੀ ਬੱਚੇ, ਔਰਤਾਂ ਤੇ ਮਰਦ ਠੰਡ, ਬਿਮਾਰੀ, ਭੁੱਖ ਜਾਂ ਜਾਨਵਰਾਂ ਹੱਥੋਂ ਮਰਦੇ ਰਹੇ। ਕੁਦਰਤ ਨਾਲ਼ ਇਸ ਸੰਘਰਸ਼ ਤੋਂ ਸਿੱਖਦੇ ਹੋਏ ਮਨੁੱਖ ਨੇ ਆਪਣੀ ਕੁਦਰਤ ਦੀ ਸਿਰਜਣਾ ਸ਼ੁਰੂ ਕੀਤੀ। ਪੈਦਾਵਾਰ ਦੇ ਸਾਧਨ ਕੁੱਝ ਵਿਕਸਤ ਹੋਣ ਨਾਲ਼ ਜਿਵੇਂ ਹੀ ਪੈਦਾਵਾਰ ਵਿੱਚ ਵਾਧਾ ਹੋਇਆ ਤਾਂ ਇਸ ਨਾਲ਼ ਨਿੱਜੀ ਜਾਇਦਾਦ ਪੈਦਾ ਹੋਣ ਲੱਗੀ ਤੇ ਕੁੱਝ ਲੋਕਾਂ ਨੇ ਇਸ ਵਾਧੂ ਪੈਦਾਵਾਰ ਨੂੰ ਹੜੱਪਣਾ ਸ਼ੁਰੂ ਕਰ ਦਿੱਤਾ। ਇਸ ਤਰਾਂ ਜਮਾਤੀ ਸਮਾਜ ਹੋਂਦ ਵਿੱਚ ਆਏ। ਮਨੁੱਖੀ ਸੱਭਿਅਤਾ ਨੇ ਕ੍ਰਮਵਾਰ ਗੁਲਾਮਦਾਰੀ, ਜਗੀਰਦਾਰੀ ‘ਚੋਂ ਲੰਘਦਿਆਂ ਹੋਇਆਂ ਸਰਮਾਏਦਾਰੀ ਤੱਕ ਦਾ ਸਫ਼ਰ ਤੈਅ ਕੀਤਾ। ਭਾਵੇਂ ਗੁਲਾਦਾਰੀ ਤੇ ਜਗੀਰਦਾਰੀ ਵੀ ਜਮਾਤੀ ਸਮਾਜ ਸਨ ਪਰ ਇਹਨਾਂ ਸਮਾਜਾਂ ਵਿੱਚ ਵਿਗਿਆਨ ਤੇ ਤਕਨੀਕ ਦੇ ਪਛੜੇ ਵਿਕਾਸ ਕਾਰਨ ਸਭ ਮਨੁੱਖੀ ਲੋੜਾਂ ਪੂਰੀਆਂ ਕਰਨੀਆਂ ਸੰਭਵ ਨਹੀਂ ਸਨ। ਹਾਕਮ ਜਮਾਤਾਂ ਦੀ ਲੁੱਟ, ਜ਼ਬਰ ਤੋਂ ਬਿਨਾਂ ਇਹਨਾਂ ਸਮਾਜਾਂ ਵਿੱਚ ਅਕਾਲ, ਸੋਕੇ ਨਾਲ਼ ਪੈਦਾ ਹੋਈ ਭੁੱਖਮਰੀ ਅਤੇ ਇਲਾਜ ਨਾ ਹੋਣ ਕਾਰਨ ਬਿਮਾਰੀਆਂ ਦੇ ਮਹਾਂਮਾਰੀਆਂ ਬਣਨ ਨਾਲ਼ ਲੱਖਾਂ ਲੋਕ ਮਰਦੇ ਰਹੇ ਹਨ, ਮਤਲਬ ਸਾਧਨਾਂ ਦੀ ਘਾਟ ਕਾਰਨ ਲੋਕਾਂ ਦੀਆਂ ਮੌਤਾਂ ਹੁੰਦੀਆਂ ਰਹੀਆਂ ਹਨ।

ਪਰ ਅੱਜ ਦਾ ਮੌਜੂਦਾ ਸਮਾਜ (ਸਰਮਾਏਦਾਰਾ ਸਮਾਜ) ਇੱਕ ਅਜਿਹਾ ਸਮਾਜ ਹੈ ਜਿੱਥੇ ਸਭ ਮਨੁੱਖਾਂ ਦੀਆਂ ਭੌਤਿਕ ਲੋੜਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ, ਮਤਲਬ ਅੱਜ ਤਕਨੀਕ ਤੇ ਵਿਗਿਆਨ ਜਾਂ ਸਮੁੱਚੇ ਤੌਰ ‘ਤੇ ਮਨੁੱਖੀ ਗਿਆਨ ਤੇ ਸਮਰੱਥਾ ਇੰਨੀ ਵਿਕਸਤ ਹੋ ਗਈ ਹੈ ਕਿ ਅੱਜ ਹਰ ਮਨੁੱਖ ਲਈ ਰੋਟੀ, ਕੱਪੜਾ, ਮਕਾਨ, ਸਿਹਤ ਜਿਹੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਪਰ ਵਿਗਿਆਨ, ਤਕਨੀਕ ਦੇ ਇੰਨੇ ਵਿਕਾਸ ਦੇ ਬਾਵਜੂਦ ਵੀ ਮੌਜੂਦਾ ਸਮਾਜ ਕਈ ਤਰਾਂ ਦੀਆਂ ਤ੍ਰਾਸਦੀਆਂ ਦਾ ਸ਼ਿਕਾਰ ਹੈ। ਇਹਨਾਂ ਵਿੱਚੋਂ ਇੱਕ ਤ੍ਰਾਸਦੀ ਹੈ ਵਾਧੂ ਅਨਾਜ ਹੋਣ ਦੇ ਬਾਵਜੂਦ ਭੁੱਖ ਕਾਰਨ ਬੱਚਿਆਂ ਦੀ ਛੋਟੀ ਉਮਰ ‘ਚ ਹੋਣ ਵਾਲ਼ੀਆਂ ਮੌਤਾਂ। ਕ੍ਰਿਕਟ ਵਾਂਗ ਇਸ ਮਾਮਲੇ ‘ਚ ਵੀ ਭਾਰਤ ਮੋਹਰੀ ਕਤਾਰ ਵਿੱਚ ਹੈ। ਭਾਰਤ ਵਿੱਚ ਰੋਜਾਨਾ 5000 ਬੱਚੇ ਭੁੱਖ ਤੇ ਕੁਪੋਸ਼ਣ ਕਾਰਨ ਮਾਰੇ ਜਾਂਦੇ ਹਨ। ਇਸ ਦਾ ਕਾਰਨ ਪੁੱਛਣ ‘ਤੇ ਹੁਕਮਰਾਨ ਇਸਨੂੰ ਗਰੀਬਾਂ ਦੀ ਅਬਾਦੀ ਜਾਂ ਰੱਬ ਦੀ ਕਰਨੀ ‘ਤੇ ਸੁੱਟਣ ਦੀ ਕੋਸ਼ਿਸ਼ ਕਰਦੇ ਹਨ। ਪਰ ਉਹਨਾਂ ਦੇ ਇਹ ਸ਼ੇਖਚਿੱਲੀ ਵਰਗੇ ਹਵਾਈ ਕਾਰਨ ਤਰਕ ਦੇ ਦਰਬਾਰ ਵਿੱਚ ਇੱਕ ਪਲ ਵੀ ਨਹੀਂ ਖੜਦੇ। ਸਰਕਾਰੀ ਅੰਕੜਿਆਂ ਮੁਤਾਬਕ ਹੀ ਭਾਰਤ ਵਿੱਚ ਕੁੱਲ ਅਬਾਦੀ ਦੀਆਂ ਲੋੜਾਂ ਤੋਂ ਵੱਧ ਅਨਾਜ ਪੈਦਾ ਹੋ ਰਿਹਾ ਹੈ ਅਤੇ ਇਹ ਅਨਾਜ ਪਿਆ ਗੁਦਾਮਾਂ ‘ਚ ਸੜ ਰਿਹਾ ਹੈ, ਤਾਂ ਭੁੱਖਮਰੀ, ਕੁਪੋਸ਼ਣ ਵਰਗੀਆਂ ਭਿਆਨਕ ਬਿਮਾਰੀਆਂ ਦਾ ਕਾਰਨ ਰੱਬ ਦੀ ਰਜਾ ਜਾਂ ਅਬਾਦੀ ਨਹੀਂ ਹੋ ਸਕਦੀ। ਇਸਦਾ ਕਾਰਨ ਦਸਤ ਜਿਹੀਆਂ ਬਿਮਾਰੀਆਂ, ਜਿਹਨਾਂ ਦੇ ਕਾਰਨ ਤੇ ਇਲਾਜ ਦਹਾਕਿਆਂ ਪਹਿਲਾਂ ਲੱਭੇ ਜਾ ਚੁੱਕੇ ਹਨ, ਵੀ ਨਹੀਂ ਹਨ।

ਇਸਦਾ ਕਾਰਨ ਇਹ ਹੈ ਕਿ ਅੱਜ ਦਾ ਸਮਾਜ ਵੀ ਇੱਕ ਜਮਾਤੀ ਸਮਾਜ ਹੈ। ਮਤਲਬ ਕੁੱਝ ਕੁ ਲੋਕ ਪੈਦਾਵਾਰ ਦੇ ਸਾਧਨਾਂ ਦੀ ਮਾਲਕੀ ‘ਤੇ ਕਾਬਜ ਹਨ। ਬਹੁਗਿਣਤੀ ਵਸੋਂ ਇਹਨਾਂ ਸਾਧਨਾਂ ਤੋਂ ਵਿਰਵੀ ਹੈ। ਸਾਧਨਾਂ ਦੇ ਮਾਲਕ ਹਰ ਚੀਜ ਮੁਨਾਫੇ ਲਈ ਪੈਦਾ ਕਰਦੇ, ਵੇਚਦੇ ਹਨ। ਇਸ ਕਰਕੇ ਸਾਧਨਾਂ, ਜਾਇਦਾਦਾਂ ਦੇ ਇਹ ਮਾਲਕ ਬਿਨਾਂ ਮੁਨਾਫੇ ਤੋਂ ਇੱਕ ਦਾਣਾ ਵੀ ਕਿਸੇ ਦੇ ਮੂੰਹ ਵਿੱਚ ਨਹੀਂ ਜਾਣ ਦਿੰਦੇ। ਸਾਧਨਾਂ ਤੋਂ ਵਿਰਵੀ ਬਹੁਗਿਣਤੀ ਅਬਾਦੀ ਇਹਨਾਂ ਜਾਇਦਾਦ ਮਾਲਕਾਂ ਨੇ ਇੰਨੀ ਗਰੀਬੀ ਵਿੱਚ ਧੱਕ ਦਿੱਤੀ ਹੈ ਕਿ ਉਹਦੇ ਲਈ ਦੋ ਡੰਗ ਦੇ ਦਾਣੇ ਖਰੀਦਣੇ ਵੀ ਔਖੇ ਹਨ। ਭਾਵੇਂ ਇਸ ਕਰਕੇ ਇੱਕ ਪਾਸੇ ਇਹ ਅਨਾਜ ਗੁਦਾਮਾਂ ‘ਚ ਸੜਦਾ ਰਹਿੰਦਾ ਤੇ ਦੂਜੇ ਪਾਸੇ ਰੋਜ਼ ਹਜਾਰਾਂ ਬੱਚੇ ਭੁੱਖ ਨਾਲ਼ ਤੜਫ ਕੇ ਮਰਦੇ ਰਹਿੰਦੇ। ਇਹ ਅੱਜ ਦੇ ਮੁਨਾਫੇਖੋਰ ਸਮਾਜ ਦਾ ਤਰਕਸ਼ਾਸ਼ਤਰ ਹੈ। ਜਿੱਥੇ ਸਾਡੇ ਵਰਗੇ ਆਮ ਘਰਾਂ ਵਿੱਚ ਬੱਚੇ ਦੇ ਥੋੜੀ ਸੱਟ ਲੱਗਣ ‘ਤੇ ਪੂਰਾ ਪਰਿਵਾਰ ਫਿਕਰਮੰਦ ਹੋ ਜਾਂਦਾ ਹੈ ਉੱਥੇ ਹਜ਼ਾਰਾਂ ਬੱਚੇ ਰੋਜ਼ਾਨਾ ਸਿਰਫ ਇਸ ਕਰਕੇ ਭੁੱਖ, ਕੁਪੋਸ਼ਣ ਨਾਲ਼ ਮਰ ਜਾਂਦੇ ਹਨ ਕਿਉਂਕਿ ਦਾਣਿਆਂ ਦੇ ਮਾਲਕਾਂ ਨੂੰ ਸਿੱਕਿਆਂ ਦੀ ਟੁਣਕਾਰ ਸੁਣਨ ਨੂੰ ਨਹੀਂ ਮਿਲ਼ੀ ਹੁੰਦੀ ਤੇ ਉਸ ਲਈ ਇਹ ਸਿੱਕਿਆਂ ਦੀ ਟੁਣਕਾਰ ਬੱਚਿਆਂ ਦੀਆਂ ਤੜਫਦੀਆਂ ਚੀਕਾਂ ਨਾਲੋਂ ਵੀ ਵਧੇਰੇ ਮਹੱਤਵ ਰੱਖਦੀ ਹੈ। 

ਇੰਝ ਮੁਨਾਫੇਖੋਰੀ ਦੀ ਇਹ ਦੌੜ ਨਾ ਸਿਰਫ ਹਜ਼ਾਰਾਂ ਬੱਚਿਆਂ ਨੂੰ ਬੇਰਹਿਮੀ ਨਾਲ਼ ਕਤਲ ਕਰ ਰਹੀ ਹੈ ਸਗੋਂ ਧਨ ਕਮਾਉਣ ਦੀ ਲਾਲਸਾ ਰੱਖਣ ਵਾਮਿਆਂ ਨੂੰ ਵੀ ਸੰਵੇਦਨਹੀਣ ਮਸ਼ੀਨਾਂ ਵਿੱਚ ਬਦਲਦੀ ਜਾਂਦੀ ਹੈ ਜਿਹਨਾਂ ਲਈ ਨੋਟਾਂ ਦੀ ਗਿਣਤੀ ਬੱਚਿਆਂ ਦੀਆਂ ਲਾਸ਼ਾਂ ਦੀ ਗਿਣਤੀ ਨਾਲੋਂ ਵੱਧ ਮਹੱਤਵ ਰੱਖਦੀ ਹੈ। ਅਜਿਹੇ ਸਮਾਜ ਦੀ ਤੋਰ ਤੁਰਨਾ, ਮੁਨਾਫਾ ਕਮਾਉਣ ਦੀ ਇਸ ਮਸ਼ੀਨੀ ਦੌੜ ਵਿੱਚ ਇੱਕ ਪੁਰਜਾ ਬਣਕੇ ਜ਼ਿੰਦਗੀ ਜਿਉਣਾ ਕਿਸੇ ਵੀ ਸੰਵੇਦਨਸ਼ੀਲ ਮਨੁੱਖ ਲਈ ਸੰਭਵ ਨਹੀਂ ਹੈ। ਅਜਿਹੇ ਸਮਾਜ ਵਿਰੁੱਧ ਤੁਰਨਾ, ਨਿੱਜੀ ਜਾਇਦਾਦ ‘ਤੇ ਟਿਕੇ ਇਸ ਮੁਨਾਫੇਖੋਰ ਸਮਾਜ ਨੂੰ ਬਦਲਣ ਦੇ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਜਿਉਣਾ ਹੀ ਅੱਜ ਦੇ ਸਮੇਂ ਮਨੁੱਖਾਂ ਵਾਂਗ ਜਿਊਣ ਦਾ ਇੱਕੋ-ਇੱਕ ਢੰਗ ਹੈ, ਤਾਂ ਜੋ ਸਭ ਜਾਇਦਾਦ ਦੇ ਸਾਧਨ ਤੇ ਰਾਜ-ਭਾਗ ਮਿਹਨਤ-ਮਜ਼ਦੂਰੀ ਕਰਨ ਵਾਲ਼ੇ ਬਹੁਗਿਣਤੀ ਲੋਕਾਂ ਦੇ ਹੱਥ ਵਿੱਚ ਆਵੇ ਤੇ ਅਜਿਹੀਆਂ ਤ੍ਰਾਸਦੀਆਂ ਦਾ ਅੰਤ ਕੀਤਾ ਜਾ ਸਕੇ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਸੰਯੁਕਤ ਅੰਕ 4-5, 1 ਤੋਂ 15 ਅਤੇ 16 ਤੋਂ 30 ਅਪ੍ਰੈਲ, 2017 ਵਿੱਚ ਪ੍ਰਕਾਸ਼ਤ

Advertisements