ਵਧਦੇ ਸਾਮਰਾਜੀ ਟਕਰਾਵਾਂ ਨੂੰ ਦਰਸਾਕੇ ਖ਼ਤਮ ਹੋ ਗਿਆ ਜੀ-20 ਸੰਮੇਲਨ •ਮਾਨਵ

4

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

7 ਅਤੇ 8, 2017 ਜੁਲਾਈ ਨੂੰ ਜਰਮਨੀ ਦੇ ਸ਼ਹਿਰ ਹੈਮਬਰਗ ਵਿਖੇ ਸੰਸਾਰ ਦੀਆਂ ਚੋਟੀ ਦੀਆਂ 20 ਆਰਥਿਕਤਾਵਾਂ ਦੇ ਨੁਮਾਇੰਦਿਆਂ ਦਾ ਜੀ-20 ਸੰਮੇਲਨ ਹੋਇਆ। ਇਹ ਸੰਮੇਲਨ ਇਹ ਸਾਬਤ ਕਰ ਗਿਆ ਕਿ ਸੰਸਾਰ ਸਿਆਸਤ ਅੰਦਰ ਦੂਜੀ ਸੰਸਾਰ ਜੰਗ ਤੋਂ ਬਾਅਦ ਆਈ ‘ਸਥਿਰਤਾ’ ਅੱਜ ਪੂਰੀ ਤਰ੍ਹਾਂ ਡੋਲ਼ ਚੁੱਕੀ ਹੈ, ਪਿਛਲੇ 60-70 ਸਾਲਾਂ ਤੋਂ ਸਾਮਰਾਜੀ ਤਾਕਤਾਂ ਦਰਮਿਆਨ ਕਾਇਮ ‘ਮੇਲ-ਮਿਲਾਪ’ ਦਾ ਮਾਹੌਲ ਹਮੇਸ਼ਾ ਦੇ ਲਈ ਉੱਡ-ਪੁੱਡ ਗਿਆ ਹੈ। 8 ਜੁਲਾਈ ਨੂੰ ਇਸ ਸੰਮੇਲਨ ਵੱਲੋਂ ਜਿਵੇਂ-ਕਿਵੇਂ ਕਰਕੇ ਇੱਕ ਸਾਂਝੀ ਅਧਿਕਾਰਕ ਘੋਸ਼ਣਾ ਤਾਂ ਕਰ ਦਿੱਤੀ ਗਈ ਪਰ ਇਸ ਸੰਮੇਲਨ ਦੌਰਾਨ ਜਿਹੜਾ ਰੱਫੜ ਉੱਭਰ ਕੇ ਆਇਆ ਉਹ ਇਸ ਸੰਮੇਲਨ ਦੇ ਆਖਰੀ ਸੰਮੇਲਨ ਹੋਣ ਦਾ ਵੀ ਸੂਚਕ ਹੋ ਸਕਦਾ ਹੈ। ਇਸ ਰੱਫੜ ਦੀ ਗੰਭੀਰਤਾ ਦੀ ਝਲਕ ਨਵੇਂ ਚੁਣੇ ਫ਼ਰਾਂਸੀਸੀ ਰਾਸ਼ਟਰਪਤੀ ਇਮਾਨੁਅਲ ਮੈਕਰੋਨ ਦੇ ਬਿਆਨ ਤੋਂ ਵੀ ਪਾਈ ਜਾ ਸਕਦੀ ਹੈ ਜੋ ਉਸ ਨੇ ਸੰਮੇਲਨ ਤੋਂ ਬਾਅਦ ਦਿੱਤਾ। ਮੈਕਰੋਨ ਨੇ ਕਿਹਾ –

“ਸਾਡਾ ਸੰਸਾਰ ਐਨਾ ਵੰਡਿਆ ਕਦੇ ਨਹੀਂ ਸੀ। ਖਿੰਡਾਅ ਦੀਆਂ ਤਾਕਤਾਂ ਐਨੀਆਂ ਤਾਕਤਵਰ ਪਹਿਲਾਂ ਕਦੇ ਨਹੀਂ ਸਨ। ਸਾਡੇ ਸਾਂਝੇ ਮਕਸਦਾਂ ਉੱਪਰ ਅਜਿਹਾ ਸੰਕਟ ਪਹਿਲਾਂ ਕਦੇ ਨਹੀਂ ਸੀ ਆਇਆ।”

ਇਹ ਜੀ-20 ਸੰਮੇਲਨ ਦੀ ਸ਼ੁਰੂਆਤ 2009 ਵਿੱਚ ਲੰਡਨ ਤੋਂ ਹੋਈ ਸੀ। ਉਦੋਂ ਪਹਿਲਾ ਸੰਮੇਲਨ ਇਸ ਲਈ ਕੀਤਾ ਗਿਆ ਸੀ ਕਿ 2007-08 ਵਿੱਚ ਆਏ ਸੰਕਟ ਨੂੰ ਨਜਿੱਠ ਲਿਆ ਜਾਵੇ। ਪਰ ਐਨੇ ਸਾਲ ਅਤੇ ਐਨੇ ਸੰਮੇਲਨ ਗੁਜ਼ਰ ਜਾਣ ਦੇ ਬਾਵਜੂਦ ਅੱਜ ਨਾ ਤਾਂ ਆਰਥਿਕ ਸੰਕਟ ਦਾ ਇਹਨਾਂ ਤੋਂ ਕੋਈ ਹੱਲ ਲੱਭਿਆ ਗਿਆ ਹੈ, ਉੱਪਰੋਂ ਇਹਨਾਂ ਦੇ ਆਪਸੀ ਟਕਰਾਅ ਵੀ ਤਿੱਖੇ ਹੋ ਗਏ ਹਨ।

ਇਸ ਸੰਮੇਲਨ ਦੀ ਤਿਆਰੀ ਦਾ ਅਖਾੜਾ ਤਾਂ ਪਹਿਲਾਂ ਹੀ ਬੱਝਣ ਲੱਗ ਗਿਆ ਸੀ ਜਦੋਂ ਅਮਰੀਕਾ, ਜਰਮਨੀ, ਚੀਨ, ਰੂਸ, ਆਦਿ ਦੇ ਨੁਮਾਇੰਦੇ ਇੱਕ-ਦੂਜੇ ਨਾਲ਼ ਮੁਲਾਕਾਤਾਂ ਕਰਕੇ ਆਪਣੇ-ਆਪਣੇ ਲਈ ਮੁਫ਼ੀਦ ਰਾਹ ਲੱਭ ਰਹੇ ਸਨ। ਬੁਰਜੂਆ ਰਸਾਲੇ ‘ਇਕਾਨਮਿਸਟ’ ਨੇ ਐਵੇਂ ਹੀ ਨਹੀਂ ਆਪਣੇ 8 ਜੁਲਾਈ ਦੇ ਅੰਕ ਵਿੱਚ ਲਿਖਿਆ ਸੀ –

“ਯੁੱਧ-ਰੇਖਾਵਾਂ ਵਾਹ ਦਿੱਤੀਆਂ ਗਈਆਂ ਹਨ। ਇਸ ਹਫ਼ਤੇ ਜਦੋਂ ਸੰਸਾਰ ਦੇ ਵੱਡੇ ਵਪਾਰਕ ਮੁਲਕ ਹੈਮਬਰਗ ਵਿਖੇ ਜੀ-20 ਸੰਮੇਲਨ ਲਈ ਇਕੱਤਰ ਹੋਣਗੇ; ਤਾਂ ਉਦੋਂ ਸੁਰੱਖਿਆਵਾਦੀ ਅਮਰੀਕਾ ਅਤੇ ਮੁਕਤ-ਵਪਾਰਕ ਜਰਮਨੀ ਦਰਮਿਆਨ ਮੁਕਾਬਲੇ ਲਈ ਅਖਾੜਾ ਪੂਰੀ ਤਰਾਂ ਸਜਿਆ ਹੋਵੇਗਾ।”

ਇਸ ਅਖਾੜੇ ਨੂੰ ਸਜਾਉਣ ਦਾ ਕੰਮ ਅਮਰੀਕੀ ਰਾਸ਼ਟਰਪਤੀ ਡਾਨਲਡ ਟਰੰਪ ਨੇ ਪੋਲੈਂਡ ਦੇ ਆਪਣੇ ਦੌਰੇ ਨਾਲ ਹੀ ਕਰ ਦਿੱਤਾ ਸੀ। ਪੋਲੈਂਡ ਇਸ ਸਮੇਂ ਯੂਰਪ ਵਿੱਚ ਜਰਮਨੀ ਦੀ ਨਵੀਂ ਉੱਭਰ ਰਹੀ ਚੌਧਰ ਉੱਤੇ ਸਖਤ ਇਤਰਾਜ਼ ਕਰਦਾ ਹੈ ਅਤੇ ਇਸ ਦੇ ਵਿਰੋਧ ਵਜੋਂ ਉਸ ਨੇ ਵੀ ਅਮਰੀਕੀ ਪਾਲੇ ਵਿੱਚ ਜਾਣ ਦਾ ਫ਼ੈਸਲਾ ਲਿਆ ਹੈ। ਟਰੰਪ ਨੇ ਪੋਲੈਂਡ ਵਿੱਚ ਆਪਣੇ ਭਾਸ਼ਣ ਦੌਰਾਨ ਦੂਜੀ ਸੰਸਾਰ ਜੰਗ ਵੇਲ਼ੇ ਫਾਸੀਵਾਦੀ ਹਿਟਲਰ ਦੀਆਂ ਫੌਜਾਂ ਨੂੰ ਪੋਲੈਂਡ ਦੇ ਲੋਕਾਂ ਵੱਲੋਂ ਦਿੱਤੀ ਟੱਕਰ ਦਾ ਜ਼ਿਕਰ ਕਰਦਿਆਂ(ਕੇਹੀ ਵਿਡੰਬਨਾ ਹੈ!) ਇਹ ਸਾਫ਼ ਕਰ ਦਿੱਤਾ ਕਿ ਅਮਰੀਕਾ ਉੱਭਰ ਰਹੀ ਜਰਮਨ ਤਾਕਤ ਖ਼ਿਲਾਫ਼ ਸਿੱਝਣ ਲਈ ਪੋਲੈਂਡ ਵਿੱਚ ਆਪਣਾ ਸੰਗੀ ਦੇਖਦਾ ਹੈ।

ਅਮਰੀਕਾ ਜੰਗ ਦਾ ਖ਼ਤਰਾ ਦੱਸ ਕੇ, ਉੱਤਰੀ ਕੋਰੀਆ ਅਤੇ ਰੂਸ ਨਾਲ ਟਕਰਾਅ ਪੈਦਾ ਕਰਕੇ ਇਸ ਸੰਮੇਲਨ ਦੌਰਾਨ ਆਪਣੇ ਲਈ ਇੱਕ ਮੁਫ਼ੀਦ ਮਾਹੌਲ ਕਾਇਮ ਕਰਨਾ ਚਾਹੁੰਦਾ ਸੀ, ਪਰ ਅਜਿਹਾ ਇਸ ਸੰਮੇਲਨ ਦੌਰਾਨ ਨਹੀਂ ਹੋਇਆ। ਟਰੰਪ ਆਪਣੇ ਇਹਨਾਂ ਯਤਨਾਂ ਵਿੱਚ ਇਕੱਲਾ ਨਹੀਂ ਹੈ। ਜਰਮਨੀ ਦੀ ਚਾਂਸਲਰ ਐਂਜਲਾ ਮਰਕਲ ਨੇ ਵੀ ਇਸ ਸੰਮੇਲਨ ਤੋਂ ਪਹਿਲਾਂ ਚੀਨੀ ਰਾਸ਼ਟਰਪਤੀ ਜ਼ੀ ਜਿਨਪਿੰਗ ਨਾਲ਼ ਮੁਲਾਕਾਤ ਕਰਕੇ ਖੁੱਲੇ ਵਪਾਰ ਅਤੇ ਵਾਤਾਵਰਨ ਤਬਦੀਲੀ ਦੇ ਅਹਿਮ ਮੁੱਦਿਆਂ ਉੱਤੇ ਵਿਚਾਰਾਂ ਕੀਤੀਆਂ ਸਨ ਅਤੇ ਸੁਰੱਖਿਆਵਾਦ ਦੀਆਂ ਨੀਤੀਆਂ ਨੂੰ (ਅਤੇ ਇਸ ਰਾਹੀਂ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਨੂੰ) ਭੰਡਿਆ ਸੀ। ਮਰਕਲ ਨੇ ਚੀਨ ਦੀ ‘ਓਬੋਰ’ ਯੋਜਨਾ ਦਾ ਵੀ ਖੁੱਲ੍ਹ ਕੇ ਸਮਰਥਨ ਕੀਤਾ ਜਿਸ ਤਹਿਤ ਚੀਨ ਨੇ ਚੀਨ ਤੋਂ ਲੈ ਕੇ ਕੇਂਦਰੀ ਏਸ਼ੀਆ ਅਤੇ ਯੂਰਪ ਅਤੇ ਮੱਧ ਪੂਰਬ ਤੱਕ ਆਲ-ਜੰਜਾਲ ਦਾ ਢਾਂਚਾ ਖੜ੍ਹਾ ਕਰਨ ਲਈ ਖਰਬਾਂ ਡਾਲਰ ਨਿਵੇਸ਼ ਕਰਨੇ ਹਨ ਤਾਂ ਜੋ ਆਵਾਜਾਈ ਅਤੇ ਊਰਜਾ ਸ੍ਰੋਤਾਂ ਦੀ ਪੂਰਤੀ ਸੌਖੀ ਹੋ ਸਕੇ। ਚੀਨ ਦੀ ਇਹ ਯੋਜਨਾ ਉਸ ਦੀਆਂ ਵਿਸਤਾਰਵਾਦੀ ਨੀਤੀਆਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕਸਰਤ ਦੱਸੀ ਜਾ ਰਹੀ ਹੈ।

ਚੀਨ ਵੀ ਦੱਖਣੀ ਚੀਨ ਸਾਗਰ ਅਤੇ ਕੋਰੀਆਈ ਟਾਪੂਆਂ ਕੋਲ ਹੋ ਰਹੀ ਅਮਰੀਕੀ ਘੁਸਪੈਠ ਨੂੰ ਟੱਕਰ ਦੇਣ ਲਈ ਜਰਮਨੀ ਵਿੱਚ ਆਪਣਾ ਨਵਾਂ ਭਾਈਵਾਲ ਦੇਖ ਰਿਹਾ ਹੈ। ਇਸ ਦੇ ਨਾਲ਼ ਹੀ ਰੂਸ ਨਾਲ਼ ਤਾਂ ਉਸ ਦੀ ਵਧੀ ਨੇੜਤਾ ਸਭ ਸਾਹਮਣੇ ਹੈ ਹੀ। ਇਸ ਸੰਮੇਲਨ ਤੋਂ ਪਹਿਲਾਂ ਵੀ ਜ਼ੀ ਜਿਨਪਿੰਗ ਨੇ ਮਾਸਕੋ ਦਾ ਦੋ-ਦਿਨਾਂ ਦੌਰਾ ਕਰਦਿਆਂ ਪੁਤਿਨ ਨਾਲ਼ ਮੁਲਾਕਾਤ ਕੀਤੀ ਸੀ ਜਿਸ ਮੀਟਿੰਗ ਤੋਂ ਬਾਅਦ ਕਿ ਪੁਤਿਨ ਨੇ ਕੋਰੀਆਈ ਟਾਪੂਆਂ ਵਿੱਚ ਅਮਰੀਕਾ ਦੀਆਂ ਭੜਕਾਊ ਕਾਰਵਾਈਆਂ ਦੀ ਸਖ਼ਤ ਨਿਖੇਧੀ ਕੀਤੀ ਸੀ ਅਤੇ ਅਮਰੀਕਾ ਦੀ ਇਹ ਮੰਗ ਕਿ ਚੀਨ ਉੱਤਰੀ ਕੋਰੀਆ ਨੂੰ ਗੋਡੇ ਟੇਕਣ ‘ਤੇ ਮਜਬੂਰ ਕਰੇ, ਇਸ ਦਾ ਸਖਤ ਵਿਰੋਧ ਕੀਤਾ ਸੀ।

ਇਸ ਜੀ-20 ਸੰਮੇਲਨ ਤੋਂ ਐਨ ਪਹਿਲਾਂ ਹੀ ਜਪਾਨ ਅਤੇ ਯੂਰਪੀ ਯੂਨੀਅਨ ਨੇ ਇੱਕ ਬਹੁਤ ਹੀ ਅਹਿਮ ਵਪਾਰ ਸਮਝੌਤਾ ਨੇਪਰੇ ਚਾੜਿਆ ਜਿਸ ਦੀ ਕੁੱਲ ਮਿਕਦਾਰ, ਪੂਰੇ ਸੰਸਾਰ ਦੀ ਕੁੱਲ ਘਰੇਲੂ ਪੈਦਾਵਾਰ ਦਾ ਤੀਜਾ ਹਿੱਸਾ ਬਣਦੀ ਹੈ। ਇਸ ਸਮਝੌਤੇ ਨੂੰ ਨੇਪਰੇ ਚਾੜ੍ਹਨ ਮਗਰੋਂ ਦੋਹਾਂ ਧਿਰਾਂ ਵੱਲੋਂ ਦਿੱਤੇ ਬਿਆਨ ਵੀ ਅਮਰੀਕੀ ਸਰਕਾਰ ਦੀਆਂ ਨੀਤੀਆਂ ਦੀ ਲੁਕਵੀਂ ਅਲੋਚਨਾ ਹੀ ਸਨ।

ਇਹ ਸਮਝੌਤੇ ਅਤੇ ਵੱਡੇ ਮੰਚਾਂ ਉੱਤੇ ਪੈਂਦੇ ਇਹ ਰੱਫੜ ਕੀ ਦਰਸਾਉਂਦੇ ਹਨ ?

ਇਸ ਦਾ ਸਿੱਧਾ ਮਤਲਬ ਇਹ ਹੈ ਕਿ ਦੂਜੀ ਸੰਸਾਰ ਜੰਗ ਤੋਂ ਬਾਅਦ ਸਰਮਾਏਦਾਰਾ ਜਗਤ ਵਿੱਚ ਆਈ ਇੱਕ ‘ਟਿਕਾਅ’ ਦੀ ਹਾਲਤ ਹੁਣ ਬਿਖ਼ਰ ਚੁੱਕੀ ਹੈ। ਸੰਸਾਰ ਦੀਆਂ ਕੇਂਦਰੀ ਆਰਥਿਕਤਾਵਾਂ ਦਰਮਿਆਨ ਤਿੱਖੇ ਹੋ ਰਹੇ ਟਕਰਾਅ, ਟੁੱਟ ਰਹੇ ਅਤੇ ਨਵੇਂ ਬਣ ਰਹੇ ਗਠਜੋੜ, ਅਤੇ ਸਾਰੀਆਂ ਪ੍ਰਮੁੱਖ ਤਾਕਤਾਂ ਦਾ ਵਧ ਰਿਹਾ ਸੈਨਕੀਕਰਨ ਇਹੀ ਦਰਸਾਉਂਦਾ ਹੈ ਕਿ ਅੱਜ ਸਰਮਾਏਦਾਰਾ ਜਗਤ ਇੱਕ ਵੱਡੇ ਆਰਥਿਕ ਅਤੇ ਸਿਆਸੀ ਸੰਕਟ ਵਿੱਚ ਫ਼ਸ ਚੁੱਕਾ ਹੈ, ਜਿੱਥੇ ਕਿ ਹਰ ਸਰਮਾਏਦਾਰਾ ਤਾਕਤ ਆਪਣੇ ਫ਼ਾਇਦਿਆਂ ਬਦਲੇ ਦੂਜੇ ਦਾ ਨੁਕਸਾਨ ਕਰਨ ਦਾ ਹਰ ਸੰਭਵ ਯਤਨ ਕਰ ਰਹੀ ਹੈ ਤਾਂ ਜੋ ਸੰਸਾਰ ਮੰਡੀ ਵਿੱਚ ਉਸ ਦੀ ਚੌਧਰ ਬਣੀ ਰਹਿ ਸਕੇ।

ਇਸ ਸਭ ਦੌਰਾਨ ਪੁਰਾਣੇ ਗੱਠਜੋੜ ਟੁੱਟ ਰਹੇ ਹਨ ਅਤੇ ਨਵੇਂ ਬਣ ਰਹੇ ਹਨ। ਅਮਰੀਕੀ ਸਾਮਰਾਜ ਦੀ ਸਾਖ਼ ਨੂੰ ਖੋਰਾ ਲੱਗ ਰਿਹਾ ਹੈ ਜਦਕਿ ਚੀਨ-ਰੂਸ ਦੀ ਅਗਵਾਈ ਵਿੱਚ ਇੱਕ ਨਵਾਂ ਸਾਮਰਾਜੀ ਕੈਂਪ ਉੱਭਰ ਰਿਹਾ ਹੈ। ਪਰ ਅਮਰੀਕਾ ਵੀ ਆਪਣੇ ਵੱਡੀ ਸੈਨਿਕ ਤਾਕਤ ਦੇ ਦਮ ‘ਤੇ ਹਥਿਆਰ ਨਹੀਂ ਸੁੱਟਣ ਲੱਗਾ, ਉਹ ਵੀ ਆਪਣੇ ਆਲੇ-ਦੁਆਲੇ ਵੱਧ ਤੋਂ ਵੱਧ ਮੁਲਕਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹਨਾਂ ਦੋਹਾਂ ਧੜਿਆਂ ਦੇ ਇਰਦ-ਗਿਰਦ ਸੰਸਾਰ ਦੇ ਬਾਕੀ ਦੇ ਮੁਲਕ ਆਪਣੇ-ਆਪ ਨੂੰ ਤਰਤੀਬ ਦੇ ਰਹੇ ਹਨ। ਦੋ ਵੱਡੇ ਸਾਮਰਾਜੀ ਕੈਂਪਾਂ ਦੇ ਵਧਦੇ ਇਸ ਤਣਾਅ ਦਾ ਸਿੱਟਾ ਅੱਜ ਸਾਨੂੰ ਵੱਖ-ਵੱਖ ਹਿੱਸਿਆਂ ਵਿੱਚ, ਖ਼ਾਸਕਰ ਮੱਧ-ਪੂਰਬ (ਸੀਰੀਆ) ਅਤੇ ਪੂਰਬੀ ਯੂਰਪ (ਯੂਕਰੇਨ) ਵਿੱਚ, ਚੱਲ ਰਹੀਆਂ ਜੰਗਾਂ ਦੇ ਰੂਪ ਵਿੱਚ ਦੇਖਣ ਨੂੰ ਮਿਲ਼ ਰਿਹਾ ਹੈ ਜਿੱਥੇ ਕਿ ਇਹ ਵੱਡੀਆਂ ਸਾਮਰਾਜੀ ਤਾਕਤਾਂ ਬੁਰੀ ਤਰ੍ਹਾਂ ਉਲਝੀਆਂ ਹੋਈਆਂ ਹਨ।

ਸੰਸਾਰ ਚੌਧਰੀਆਂ ਦਰਮਿਆਨ ਵਧਦਾ ਇਹ ਰੱਫੜ ਅਸਲ ਵਿੱਚ ਆਰਥਿਕ ਸੰਕਟ ਦੇ ਇਸ ਦੌਰ ਵਿੱਚ ਆਪਣੇ ਲਈ ਵੱਧ ਤੋਂ ਵੱਧ ਹਾਸਲ ਕਰਨ ਦੇ ਮੁਕਾਬਲੇ ਦਾ ਸਿੱਟਾ ਹੈ। ਇਸ ਦੀ ਮੂਲ ਜੜ੍ਹ ਕਿਸੇ ਟਰੰਪ, ਪੁਤਿਨ, ਮਰਕਲ ਜਾਂ ਜ਼ੀ ਦੀਆਂ ਵਿਅਕਤੀਗਤ ਵਧੀਕੀਆਂ ਜਾਂ ਫੈਸਲਿਆਂ ਵਿੱਚ ਨਹੀਂ ਹੈ ਸਗੋਂ ਇਸ ਸਰਮਾਏਦਾਰਾ ਢਾਂਚੇ ਦੀ ਬੁਨਿਆਦੀ ਵਿਰੋਧਤਾਈ – ਪੈਦਾਵਾਰ ਦਾ ਵਧੇਰੇ ਹੁੰਦਾ ਸਮਾਜੀਕਰਨ ਅਤੇ ਇਸ ਪੈਦਾਵਾਰ ਦੀ ਨਿੱਜੀ ਹਥਿਆਈ – ਨਾਲ਼ ਜੁੜੀ ਹੈ ਜਿਸ ਦੇ ਚਲਦੇ ਮੰਡੀਆਂ ਲਈ ਮੁਕਾਬਲਾ ਹੁੰਦਾ ਹੈ। ਸਾਮਰਾਜਵਾਦ ਇਸ ਵਿਰੋਧਤਾਈ ਦਾ ਸਿਰਫ਼ ਇੱਕੋ ਤਰ੍ਹਾਂ ਹੱਲ (ਅਤੇ ਉਹ ਵੀ ਵਕਤੀ ਹੱਲ ਹੀ) ਕਰ ਸਕਦਾ ਹੈ ਅਤੇ ਉਹ ਹੈ ਮਨੁੱਖਤਾ ਉੱਤੇ ਜੰਗਾਂ ਥੋਪ ਕੇ। ਸਰਮਾਏਦਾਰਾ ਮੁਲਕਾਂ ਦਰਮਿਆਨ ਇਹ ਰੱਫੜ ਅਤੇ ਜੰਗਾਂ ਦੇ ਰੂਪ ਵਿੱਚ ਇਹਨਾਂ ਦੇ ਪ੍ਰਗਟਾਵੇ ਅਤੇ ਸਿੱਟੇ ਵਜੋਂ ਮਨੁੱਖਤਾ ਦਾ ਹੁੰਦਾ ਘਾਣ ਉਦੋਂ ਤੱਕ ਜਾਰੀ ਰਹੇਗਾ ਜਦੋਂ ਇਸ ਪੂਰੇ ਸਰਮਾਏਦਾਰਾ ਢਾਂਚੇ ਦੀ ਬੁਨਿਆਦ – ਨਿੱਜੀ ਜਾਇਦਾਦ – ਦਾ ਖ਼ਾਤਮਾ ਨਹੀਂ ਕੀਤਾ ਜਾਂਦਾ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 10-11, 1 ਤੋਂ 15 ਅਤੇ 16 ਤੋਂ 31 ਜੁਲਾਈ (ਸੰਯੁਕਤ ਅੰਕ)  2017 ਵਿੱਚ ਪ੍ਰਕਾਸ਼ਿਤ

Advertisements