ਵਧਦੇ ਆਰਥਿਕ ਪਾੜੇ •ਸਿਕੰਦਰ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸਵਿਜ਼ਰਲੈਂਡ ਦੀ ਇੱਕ ਬੈਂਕ ਕਰੈਡਿਟ ਸਿਊਸ ਦੀ ਇੱਕ ਨਵੀਂ ਰਿਪੋਰਟ ਮੁਤਾਬਕ ਸੰਸਾਰ ਭਰ ਵਿੱਚ ਅਮੀਰ-ਗਰੀਬ ਵਿਚਲਾ ਪਾੜਾ ਲਗਾਤਾਰ ਵਧ ਰਿਹਾ ਹੈ। ਇਹ ਪਾੜਾ ਇਤਿਹਾਸ ਦੇ ਕਿਸੇ ਵੀ ਦੌਰ ਨਾਲ਼ੋਂ ਹੁਣ ਵਧ ਚੁੱਕਾ ਹੈ। ਜਿੱਥੇ ਉੱਪਰਲੀ 1% ਅਬਾਦੀ ਦੀ ਕੁੱਲ ਜਾਇਦਾਦ ਹੇਠਲੀ 99% ਅਬਾਦੀ ਦੀ ਜਾਇਦਾਦ ਦੇ ਬਰਾਬਰ ਹੋ ਚੁੱਕੀ ਹੈ। ਇਸ ਰਿਪੋਰਟ ਮੁਤਾਬਕ ਉੱਪਰਲੀ 1% ਅਬਾਦੀ ਕੋਲ਼ ਸੰਸਾਰ ਦੀ ਕੁੱਲ ਦੌਲਤ ਦਾ ਲਗਭਗ 50% ਹੈ ਜਦਕਿ ਸੰਸਾਰ ਦੀ ਹੇਠਲੀ 50% ਅਬਾਦੀ ਕੋਲ ਸੰਸਾਰ ਦੀ ਕੁੱਲ਼ ਦੌਲਤ ਦਾ 1% ਵੀ ਨਹੀਂ ਬਣਦਾ। ਉੱਪਰਲੀ 10% ਅਮੀਰ ਅਬਾਦੀ ਕੋਲ਼ ਸੰਸਾਰ ਦੀ 87.7% ਜਾਇਦਾਦ ਇੱਕਠੀ ਹੋ ਚੁੱਕੀ ਹੈ, ਜਦਕਿ ਹੇਠਲੀ 90% ਅਬਾਦੀ ਕੋਲ਼ ਕੇਵਲ 12.3% ਹੀ ਹੈ।

ਸੰਸਾਰ ਦੀ ਕੁੱਲ ਅਬਾਦੀ ਦਾ ਇਹ ਉੱਪਰਲਾ 10% ਹਿੱਸਾ ਕੇਵਲ ਬੈਂਕਾਂ ਅਤੇ ਵਿੱਤੀ ਸਰਮਾਏ ਉੱਤੇ ਹੀ ਕੰਟਰੋਲ ਨਹੀਂ ਕਰਦਾ ਸਗੋਂ ਸਰਕਾਰਾਂ ਨੂੰ ਵੀ ਆਪਣੀ ਮੁੱਠੀ ਵਿੱਚ ਰੱਖਦਾ ਹੈ। ਆਪਣੇ ਮੁਨਾਫ਼ੇ ਦੀ ਹਵਸ ਖ਼ਾਤਰ ਇਹ ਸਰਮਾਏਦਾਰ ਜੰਗਾਂ ਕਰਵਾਉਣ ਤੱਕ ਵੀ ਜਾਂਦੇ ਹਨ। 2008 ਦੀ ਮੰਦੀ ਤੋਂ ਬਾਅਦ ਇਹਨਾਂ ਆਰਥਿਕ ਪਾੜਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਮੰਦੀ ਦੇ ਕਾਰਨ ਜਿੱਥੇ ਉੱਪਰਲੀ ਅਬਾਦੀ ਹੋਰ ਅਮੀਰ ਹੁੰਦੀ ਗਈ ਹੈ, ਓਥੇ ਹੀ ਦੂਜੇ ਪਾਸੇ ਸਰਕਾਰਾਂ ਵੱਲੋਂ ਸਰਕਾਰੀ ਸਹੂਲਤਾਂ ਉੱਤੇ ਲਗਾਤਾਰ ਲਾਏ ਜਾਣ ਵਾਲ਼ੇ ਕੱਟਾਂ ਕਾਰਨ ਆਮ ਲੋਕਾਂ ਦੀ ਹਾਲਤ ਲਗਾਤਾਰ ਨਿੱਘਰਦੀ ਜਾ ਰਹੀ ਹੈ।

ਕਲਿਆਣਕਾਰੀ ਰਾਜ ਦਾ ਪੂਰਾ ਨਕਾਬ ਉਤਾਰਕੇ ਹੁਣ ਸੰਸਾਰ-ਭਰ ਦੀਆਂ ਸਰਮਾਏਦਾਰਾ ਰਾਜਸੱਤ੍ਹਾਵਾਂ ਆਵਦੀ ਡੁੱਬਦੀ ਬੇੜੀ ਨੂੰ ਬਚਾਉਣ ਲਈ ਫ਼ਾਸੀਵਾਦ ਦਾ ਸਹਾਰਾ ਲੈ ਰਹੀਆਂ ਹਨ। ਇਹ ਸਮਾਂ ਵਿਹਾ ਚੁੱਕਾ ਸਰਮਾਏਦਾਰਾ ਢਾਂਚਾ ਹੁਣ ਬਹੁ-ਗਿਣਤੀ ਲੋਕਾਂ ਨੂੰ ਕੇਵਲ ਬੇਰਹਿਮ ਮੌਤ ਵਰਗੀ ਜ਼ਿੰਦਗੀ ਹੀ ਦੇ ਸਕਦਾ ਹੈ, ਜਦਕਿ ਵਿਹਲੜਾਂ ਦੀ ਘੱਟ-ਗਿਣਤੀ ਐਸ਼-ਪ੍ਰਸਤੀ ਵਾਲ਼ੀ ਜ਼ਿੰਦਗੀ ਜਿਊਂਦੀ ਹੈ। ਇਸ ਮੁਨਾਫਾਖੋਰ ਢਾਂਚੇ ਨੂੰ ਉਖਾੜਕੇ ਨਵਾਂ ਢਾਂਚਾ ਕਾਇਮ ਕਰਨ ਦਾ ਸਵਾਲ ਅੱਜ ਸਾਡੇ ਦਰਾਂ ਉੱਤੇ ਦਸਤਕ ਦੇ ਰਿਹਾ ਹੈ। ਇਸ ਮੁਨਾਫਾਖੋਰ ਢਾਂਚੇ ਦਾ ਇੱਕੋ-ਇੱਕ ਬਦਲ ਸਮਾਜਿਕ ਮਾਲਕੀ ਉੱਤੇ ਟਿਕਿਆ ਸਮਾਜਵਾਦੀ ਢਾਂਚਾ ਹੀ ਹੋ ਸਕਦਾ ਹੈ, ਜਿੱਥੇ ਸਮੱਸਿਆਵਾਂ ਦੀ ਜੜ੍ਹ ਨਿੱਜੀ ਜਾਇਦਾਦ ਹੀ ਖ਼ਤਮ ਕਰ ਦਿੱਤੀ ਜਾਂਦੀ ਹੈ।

ਲਲਕਾਰ ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 56, 16 ਜੂਨ 2016 ਵਿੱਚ ਪ੍ਰਕਾਸ਼ਤ

Advertisements