ਉੱਤਰੀ ਕੋਰੀਆ ਦੇ ਮਿਜ਼ਾਈਲ ਟੈਸਟ ਅਤੇ ਅੰਤਰ ਸਾਮਰਾਜੀ ਟਕਰਾਵਾਂ ਦੀ ਉਲਝਦੀ ਤਾਣੀ •ਨਵਗੀਤ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਮਈ ਮਹੀਨੇ ਦੇ ਆਖਰੀ ਤਿੰਨ ਹਫ਼ਤਿਆਂ ਵਿੱਚ ਉੱਤਰੀ ਕੋਰੀਆ ਨੇ ਲਗਾਤਾਰ ਤਿੰਨ ਮਿਜ਼ਾਈਲ ਟੈਸਟ ਕੀਤੇ ਹਨ। ਜੇ ਪਿਛਲੇ ਡੇਢ ਸਾਲ ਦੀ ਗੱਲ ਕਰੀਏ ਤਾਂ 2016 ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਉੱਤਰੀ ਕੋਰੀਆ ਦਰਜਨਾਂ ਮਿਜ਼ਾਈਲ ਟੈਸਟ ਅਤੇ ਦੋ ਪਰਮਾਣੂ ਧਮਾਕੇ ਕਰ ਕਰ ਚੁੱਕਾ ਹੈ। ਇਸਦੇ ਨਾਲ਼ ਹੀ ਉੱਤਰੀ ਕੋਰੀਆ ਨੂੰ “ਗੰਭੀਰ ਨਤੀਜ਼ੇ” ਭੁਗਤਣ ਦੀਆਂ ਅਮਰੀਕੀ ਸਾਮਰਾਜੀ ਧਮਕੀਆਂ ਇੱਕ ਵਾਰ ਫਿਰ ਖ਼ਬਰਾਂ ‘ਚ ਹਨ। ਅਮਰੀਕਾ 1950ਵਿਆਂ ਦੀ ਕੋਰੀਆ ਜੰਗ ਤੋਂ ਲੈ ਕੇ ਹੁਣ ਤੱਕ, ਲਗਾਤਾਰ ਉੱਤਰੀ ਕੋਰੀਆ ਨੂੰ “ਸੰਸਾਰ ਸ਼ਾਂਤੀ ਤੇ ਸਲਾਮਤੀ” ਲਈ ਖਤਰਾ ਦੱਸਦਾ ਰਿਹਾ ਹੈ, ਸਾਮਰਾਜੀ ਮੀਡੀਆ ਤੰਤਰ ਤੋਂ ਲੈ ਕੇ ਹਾਲੀਵੁੱਡ ਫਿਲਮਾਂ ਤੱਕ, ਸਭ ਦੇ ਸਭ ਤਰਾਂ-ਤਰਾਂ ਦੀਆਂ ਝੂਠੀਆਂ ਤੇ ਸਨਸਨੀਖੇਜ਼ ਕਹਾਣੀਆਂ ਘੜ ਕੇ ਅਮਰੀਕਾ ਦੇ ਪ੍ਰਚਾਰ ਨੂੰ ਸੱਚਾਈ ਦਾ ਜਾਮਾ ਪਹਿਨਾਉਣ ਵਿੱਚ ਅੱਜ ਤੱਕ ਲੱਗੇ ਹੋਏ ਹਨ। ਪਰ ਕੀ ਉੱਤਰੀ ਕੋਰੀਆ ਜਿਹਾ ਇੱਕ ਗਰੀਬ ਦੇਸ਼ ਅਤੇ ਚਾਰੇ ਪਾਸੇ ਤੋਂ ਅਮਰੀਕੀ ਮਿਲਟਰੀ ਤਾਕਤ ਨਾਲ਼ ਘਿਰਿਆ ਵਾਕਈ ਕੋਈ ਖਤਰਾ ਹੈ? ਕੀ ਉੱਤਰੀ ਕੋਰੀਆ ਦੁਨੀਆਂ ਨੂੰ ਤਬਾਹ ਕਰਨ ‘ਚ ਲੱਗਾ ਹੋਇਆ ਹੈ? ਉੱਤਰੀ ਕੋਰੀਆ ਵੱਲੋਂ ਵਾਰ-ਵਾਰ ਮਿਜ਼ਾਈਲ ਅਤੇ ਪਰਮਾਣੂ ਤਜ਼ਰਬੇ ਕਰਨ ਪਿੱਛੇ ਕੀ ਕਾਰਨ ਹਨ? ਇਹਨਾਂ ਸਵਾਲਾਂ ਦੇ ਜਵਾਬ ਜਾਣਨ ਲਈ ਸਾਨੂੰ ਉੱਤਰੀ ਕੋਰੀਆ ਦੇ ਹੋਂਦ ਵਿੱਚ ਆਉਣ ਦਾ ਇਤਿਹਾਸ ਜਾਣਨਾ ਪਵੇਗਾ।

1910 ਵਿੱਚ ਕੋਰੀਆ ਉੱਤੇ ਜਪਾਨੀ ਸਾਮਰਾਜ ਕਬਜ਼ਾ ਕਰ ਲੈਂਦਾ ਹੈ। ਇਸ ਤੋਂ ਪਹਿਲਾਂ ਕੋਰੀਆ ਉੱਤੇ ਕੋਰਿਆਈ ਸਲਤਨਤ ਦਾ ਰਾਜ ਸੀ। ਜਪਾਨੀਆਂ ਨੇ ਕਬਜ਼ਾ ਕਰਨ ਤੋਂ ਬਾਅਦ ਕੋਰੀਆ ਦੇ ਲੋਕਾਂ ‘ਤੇ ਭਿਅੰਕਰ ਜ਼ੁਲਮ ਕੀਤੇ; ਕੋਰਿਆਈ ਭਾਸ਼ਾ ‘ਤੇ ਪਬੰਦੀ ਲਗਾ ਦਿੱਤੀ ਗਈ, ਕੋਰੀਆ ਦੇ ਲੋਕਾਂ ਨੂੰ ਜਪਾਨੀ ਨਾਮ ਰੱਖਣ ਲਈ ਮਜ਼ਬੂਰ ਕੀਤਾ ਗਿਆ ਅਤੇ ਇਲਾਕੇ ਦੀ ਭਿਅੰਕਰ ਆਰਥਕ ਤੇ ਮਨੁੱਖੀ ਲੁੱਟ ਕੀਤੀ ਗਈ। 1945 ਵਿੱਚ ਜਦੋਂ ਦੂਜੀ ਸੰਸਾਰ ਜੰਗ ਦੇ ਖਤਮ ਹੁੰਦੇ-ਹੁੰਦੇ ਜਪਾਨ ਇਤਿਹਾਦੀ ਤਾਕਤਾਂ ਤੋਂ ਹਾਰ ਗਿਆ ਤਾਂ ਉਸ ਸਮੇਂ ਕੋਰੀਆ ਵਿੱਚ ਸੋਵੀਅਤ ਅਤੇ ਅਮਰੀਕੀ ਫੌਜਾਂ ਮੌਜੂਦ ਸਨ। ਇਸ ਦੇ ਨਾਲ਼, ਕੋਰੀਆ ਦੀਆਂ ਘਰੇਲੂ ਸਿਆਸੀ ਤਾਕਤਾਂ ਵੀ ਸਰਗਰਮ ਸਨ ਜਿਹਨਾਂ ‘ਚ ਮੁੱਖ ਸਨ ਕਮਿਊਨਿਸਟ ਤੇ ਕੌਮਪ੍ਰਸਤ ਧਿਰਾਂ ਜਿਹੜੀਆਂ ਕੋਰੀਆ ਦੀ ਮੁਕਤੀ ਲਈ ਲੜ ਰਹੀਆਂ ਸਨ। ਇਸ ਤੋਂ ਇਲਾਵਾ ਸੱਜੇ-ਪੱਖੀ ਤਾਕਤਾਂ ਵੀ ਮੌਜੂਦ ਸਨ। 1945 ‘ਚ ਜੰਗ ਦੀ ਸਮਾਪਤੀ ਤੋਂ ਬਾਅਦ ਸੋਵੀਅਤ ਯੂਨੀਅਨ ਤੇ ਸਾਮਰਾਜੀ ਤਾਕਤਾਂ ਜਿਹਨਾਂ ਦਾ ਚੌਧਰੀ ਹੁਣ ਅਮਰੀਕਾ ਸੀ, ਵਿਚਾਲੇ ਸਮਝੌਤਾ ਹੋਇਆ ਅਤੇ ਤੈਅ ਹੋਇਆ ਕਿ 1948 ਤੱਕ ਕੋਰੀਆ ‘ਚ ਆਮ ਚੋਣਾਂ ਕਰਵਾ ਕੇ ਸੱਤਾ ਸਥਾਨਕ ਸਰਕਾਰ ਦੇ ਸਪੁਰਦ ਕਰ ਦਿੱਤੀ ਜਾਵੇ, ਤਦ ਤੱਕ ਸੋਵੀਅਤ ਫੌਜਾਂ ਤੇ ਅਮਰੀਕੀ ਫੌਜਾਂ ਆਪਣੇ-ਆਪਣੇ ਅਧਿਕਾਰ-ਖੇਤਰਾਂ ‘ਚ ਬਣੀਆਂ ਰਹਿਣ। ਪਰ ਅਮਰੀਕਾ ਇਸ ਸਮਝੌਤੇ ਤੋਂ ਮੁੱਕਰ ਗਿਆ ਕਿਉਂਕਿ ਕੋਰੀਆ ਦੇ ਘਰੇਲੂ ਹਲਾਤ ਸਾਫ ਦੱਸ ਰਹੇ ਸਨ ਕਿ ਚੋਣਾਂ ਹੋਣ ‘ਤੇ ਕਮਿਊਨਿਸਟਾਂ ਤੇ ਕੌਮਪ੍ਰਸਤਾਂ ਦਾ ਧੜਾ ਸੱਤਾ ਵਿੱਚ ਆਵੇਗਾ ਅਤੇ ਅਜਿਹਾ ਅਮਰੀਕਾ ਕਿਸੇ ਹਾਲਤ ਵਿੱਚ ਵੀ ਨਹੀਂ ਚਾਹੁੰਦਾ ਸੀ। ਸਮਝੌਤੇ ਤੋਂ ਮੁੱਕਰਨ ਤੋਂ ਬਾਅਦ, ਅਮਰੀਕਾ ਨੇ ਕੋਰੀਆ ਦੀ ਦੋ ਹਿੱਸਿਆਂ ‘ਚ ਆਰਜ਼ੀ ਵੰਡ ਨੂੰ ਵੱਖ-ਵੱਖ ਦੇਸ਼ਾਂ ਦਾ ਰੂਪ ਦੇ ਦਿੱਤਾ ਅਤੇ ਇਸਨੂੰ ਹੋਰ ਪਕੇਰਾ ਕਰਨ ਲਈ ਸੱਜੇ-ਪੱਖੀ ਨੇਤਾ ਸਿੰਗਮਾਨ ਰੀ ਨੂੰ ਕੋਰੀਆ ਦਾ ਰਾਸ਼ਟਰਪਤੀ ਬਣਾ ਦਿੱਤਾ। ਸਿੰਗਮਾਨ ਰੀ ਦੇ ਰਾਸ਼ਟਰਪਤੀ ਬਣਨ ਸਾਰ ਕੋਰੀਆ ਦੇ ਦੱਖਣੀ ਹਿੱਸੇ ਜੋ ਹੁਣ ਦੱਖਣੀ ਕੋਰੀਆ ਹੋ ਗਿਆ ਸੀ, ਵਿੱਚ ਕਮਿਊਨਿਸਟਾਂ ਦੀ ਫੜੋ-ਫੜੀ ਤੇ ਕਤਲੇਆਮ ਸ਼ੁਰੂ ਹੋ ਗਿਆ। ਇਸੇ ਦੌਰਾਨ ਦੱਖਣੀ ਕੋਰੀਆ ਦੇ ਇੱਕ ਟਾਪੂ ‘ਜੇਜੂ’ ਵਿੱਚ ਖੱਬੇ-ਪੱਖੀਆਂ ਦੀ ਅਗਵਾਈ ‘ਚ ਬਗਾਵਤ ਹੋ ਗਈ। ਇਸ ਬਗਾਵਤ ਨੂੰ ਕੁਚਲਣ ਲਈ ਕੋਰੀਆ ਦੀ ਫੌਜ ਨੇ ਆਪਣੇ ਅਮਰੀਕੀ ਅਫਸਰਾਂ ਦੀ ਹਾਜ਼ਰੀ ‘ਚ ਲੱਗਭੱਗ 60,000 ਲੋਕਾਂ ਦਾ ਕਤਲੇਆਮ ਕੀਤਾ ਅਤੇ ਇਸ ਟਾਪੂ ਦੇ ਦੋ-ਤਿਹਾਈ ਪਿੰਡਾਂ ਨੂੰ ਜਲਾ ਕੇ ਰਾਖ ਕਰ ਦਿੱਤਾ। ਇਸ ਕਤਲੇਆਮ ਨੂੰ ਪਿੱਛੇ ਜਿਹੇ ਦੱਖਣੀ ਕੋਰੀਆ ਸਰਕਾਰੀ ਤੌਰ ‘ਤੇ ਮੰਨ ਚੁੱਕਾ ਹੈ।

ਇਸੇ ਦੌਰਾਨ 1950 ਵਿੱਚ ਕੋਰੀਆ ਦੇ ਕੌਮਪ੍ਰਸਤਾਂ ਤੇ ਕਮਿਊਨਿਸਟਾਂ ਨੇ ਦੇਸ਼ ਨੂੰ ਇਕੱਠਾ ਕਰਨ ਲਈ ਹਮਲਾ ਸ਼ੁਰੂ ਕੀਤਾ। ਇੱਥੋਂ 1950-1953 ਦੀ ਚਾਰ-ਸਾਲਾ ਕੋਰੀਆ ਜੰਗ ਦਾ ਮੁੱਢ ਬੱਝਾ। ਉਸ ਸਮੇਂ ਸੰਸਾਰ ਪੱਧਰ ‘ਤੇ ਸਮਾਜਵਾਦੀ ਖੇਮਾ ਹੋਂਦ ‘ਚ ਆ ਚੁੱਕਾ ਸੀ ਅਤੇ ਸਮਾਜਵਾਦੀ ਖੇਮੇ ਤੇ ਸਰਮਾਏਦਾਰਾ ਖੇਮੇ ਦੀ ਵਿਰੋਧਤਾਈ ਸੰਸਾਰ ਪੱਧਰ ‘ਤੇ ਮੁੱਖ ਵਿਰੋਧਤਾਈ ਬਣੀ ਹੋਈ ਸੀ। ਉੱਤਰੀ ਕੋਰੀਆ ਤੇ ਦੱਖਣੀ ਕੋਰੀਆ ਦੀ ਸਰਹੱਦ ਸਮਾਜਵਾਦੀ ਤੇ ਸਰਮਾਏਦਾਰਾ ਖੇਮੇ ਦੀ ਭਿੜੰਤ ਦਾ ਬਿੰਦੂ ਬਣ ਗਈ ਸੀ। ਉੱਤਰੀ ਕੋਰੀਆ ਨੂੰ ਸੋਵੀਅਤ ਯੂਨੀਅਨ ਦੀ ਹਮਾਇਤ ਹਾਸਲ ਸੀ ਜਦਕਿ ਦੱਖਣੀ ਕੋਰੀਆ ਨੂੰ ਅਮਰੀਕੀ ਸਾਮਰਾਜੀ ਆਪਣਾ ਫੌਜੀ ਟਿਕਾਣਾ ਬਣਾ ਕੇ ਰੱਖਣ ਲਈ ਹਰ ਹੀਲੇ ਵੱਖਰਾ ਦੇਸ਼ ਬਣਾਈ ਰੱਖਣਾ ਚਾਹੁੰਦੇ ਸਨ। ਸ਼ਰੂ ਵਿੱਚ ਉੱਤਰੀ ਕੋਰੀਆ ਨੂੰ ਸਫਲਤਾ ਮਿਲ਼ੀ ਅਤੇ ਉਸਨੇ ਦੱਖਣੀ ਕੋਰੀਆ ਦੀਆਂ ਫੌਜਾਂ ਨੂੰ ਇੱਕ ਛੋਟੇ ਜਿਹੇ ਖਿੱਤੇ ਵਿੱਚ ਧੱਕ ਦਿੱਤਾ। ਇਸ ਮੋੜ ‘ਤੇ ਅਮਰੀਕਾ ਸਿੱਧੇ ਹੀ ਜੰਗ ਵਿੱਚ ਸ਼ਾਮਿਲ ਹੋ ਗਿਆ, ਉਸਨੇ ਦੱਖਣੀ ਕੋਰੀਆ ਨੂੰ ਜੰਗੀ ਸਾਜੋਸਮਾਨ ਦੇਣ ਦੇ ਨਾਲ਼ ਹੀ 3,00,000 ਅਮਰੀਕੀ ਫੌਜੀ ਵੀ ਜੰਗ ਵਿੱਚ ਧੱਕ ਦਿੱਤੇ। ਉੱਤਰੀ ਕੋਰੀਆ ‘ਤੇ ਅਮਰੀਕੀ ਬੰਬਾਰ ਜਹਾਜ਼ਾਂ ਨੇ “ਕਾਰਪੇਟ ਬੰਬਿੰਗ” ਕੀਤੀ, ਇਸ ਮਾਰੂ ਬੰਬਾਰੀ ਵਿੱਚ ਬਿਨਾਂ ਕੋਈ ਨਿਸ਼ਾਨਾ ਬੰਨ ਅੰਨੇਵਾਹ ਬੰਬ ਸੁੱਟੇ ਜਾਂਦੇ ਹਨ। ਅਮਰੀਕਾ ਨੇ ਇਸ ਬੰਬਾਰੀ ਦੇ ਪਹਿਲੇ ਦਿਨ ਉੱਤਰੀ ਕੋਰੀਆ ਦੇ ਅਬਾਦੀ ਵਾਲ਼ੇ ਖੇਤਰਾਂ ਵਿੱਚ 650 ਟਨ ਬੰਬ ਸੁੱਟੇ, ਬਾਅਦ ਵਿੱਚ ਇਹ ਮਿਕਦਾਰ ਵੱਧ ਕੇ 800 ਟਨ ਪ੍ਰਤੀ ਦਿਨ ਹੋ ਗਈ। ਇਕੱਲੇ ਉੱਤਰੀ ਕੋਰੀਆ ‘ਤੇ ਇੰਨੇ ਬੰਬ ਸੁੱਟੇ ਗਏ ਜਿੰਨੇ ਸੰਸਾਰ ਜੰਗ ਦੌਰਾਨ ਅਮਰੀਕਾ ਨੇ ਪੂਰੇ ਪ੍ਰਸ਼ਾਂਤ ਖੇਤਰ ਵਿੱਚ ਨਹੀਂ ਸੁੱਟੇ ਸਨ। ਇਸ ਦੇ ਸਿੱਟੇ ਵਜੋਂ ਉੱਤਰੀ ਕੋਰੀਆ ਸਮੁੱਚੇ ਰੂਪ ‘ਚ ਮਲਬੇ ਦਾ ਇੱਕ ਢੇਰ ਬਣ ਗਿਆ, ਪੂਰੇ ਉੱਤਰੀ ਕੋਰੀਆ ਵਿੱਚ ਇੱਕ ਮੰਜ਼ਿਲ ਤੋਂ ਵੱਧ ਮੰਜ਼ਿਲਾਂ ਵਾਲ਼ੀ ਇੱਕ ਵੀ ਇਮਾਰਤ ਨਾ ਬਚੀ। ਜਦੋਂ ਉੱਤਰੀ ਕੋਰੀਆ ਵਿੱਚ ਅਜਿਹੀ ਕੋਈ ਇਮਾਰਤ ਨਾ ਬਚੀ ਜਿਸ ਉੱਤੇ ਬੰਬ ਸੁੱਟਿਆ ਜਾ ਸਕੇ ਤਾਂ ਯਾਲੂ ਦਰਿਆ ਉੱਤੇ ਬਣੇ ਡੈਮਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਕਾਰਨ ਵੱਡੇ ਇਲਾਕੇ ਵਿੱਚ ਹੜ• ਆਏ ਅਤੇ ਫ਼ਸਲਾਂ ਤਬਾਹ ਹੋ ਗਈਆਂ। ਕਮਿਊਨਿਸਟਾਂ ਦੇ ਪ੍ਰਭਾਵ ਵਾਲ਼ੇ ਇਲਾਕਿਆਂ ‘ਚ ਸਾਮਰਾਜੀਆਂ ਵੱਲੋਂ ਵੱਡੇ-ਵੱਡੇ ਕਤਲੇਆਮ ਮਚਾਏ ਗਏ ਜਿਹਨਾਂ ਵਿੱਚ ਸਭ ਤੋਂ ਵੱਡਾ ਕਤਲੇਆਮ ‘ਬੋਡੋ ਲੀਗ ਕਤਲੇਆਮ’ ਹੈ। ਇਸ ਕਤਲੋਗਾਰਦ ਵਿੱਚ ਅੰਦਾਜਨ 2,00,000-10,00,000 ਕਮਿਊਨਿਸਟ, ਉਹਨਾਂ ਦੇ ਹਮਦਰਦ ਤੇ ਆਮ ਸ਼ਹਿਰੀਆਂ, ਔਰਤਾਂ ਤੇ ਬੱਚਿਆਂ ਨੂੰ ਮਾਰ ਕੇ ਕਬਰੀਂ ਦੱਬ ਦਿੱਤਾ ਗਿਆ।

ਕਮਿਊਨਿਸਟ ਹਾਰ ਰਹੇ ਸਨ। ਉੱਧਰ ਸਾਫ ਹੋ ਰਿਹਾ ਸੀ ਕਿ ਅਮਰੀਕਾ ਦਾ ਨਿਸ਼ਾਨਾ ਸਿਰਫ ਕੋਰੀਆ ਹੀ ਨਹੀਂ ਸਗੋਂ ਇਨਕਲਾਬੀ ਚੀਨ ਵੀ ਹੈ, ਅਮਰੀਕੀ ਸਾਮਰਾਜ ਇਨਕਲਾਬੀ ਚੀਨ ਖਿਲਾਫ ਪਰਮਾਣੂ ਬੰਬ ਵਰਤਣ ਦੀਆਂ ਧਮਕੀਆਂ ਦੇਣ ਲੱਗ ਪਿਆ ਸੀ। ਸਿੱਟੇ ਵਜੋਂ ਚੀਨ ਵੀ ਉੱਤਰੀ ਕੋਰੀਆ ਦੀ ਹਮਾਇਤ ‘ਚ ਜੰਗ ਵਿੱਚ ਸ਼ਾਮਿਲ ਹੋ ਗਿਆ। ਨਵੇਂ ਸਿਰੇ ਤੋਂ ਤਾਕਤਵਰ ਹੋ ਕੇ ਕਮਿਊਨਿਸਟਾਂ ਨੇ ਦੱਖਣੀ ਕੋਰੀਆ ਤੇ ਅਮਰੀਕੀ ਫੌਜਾਂ ਨੂੰ 1950 ਦੇ ਕਬਜ਼ੇ ਵਾਲ਼ੇ ਇਲਾਕੇ ਤੱਕ ਧੱਕ ਦਿੱਤਾ। ਪਰ ਇਹ ਸਪੱਸ਼ਟ ਹੋ ਰਿਹਾ ਸੀ ਕਿ ਕੋਈ ਵੀ ਧਿਰ ਮੁਕੰਮਲ ਜਿੱਤ ਪ੍ਰਾਪਤ ਨਹੀਂ ਸਕੇਗੀ। ਜੰਗਬੰਦੀ ਦਾ ਸਮਝੌਤਾ ਹੋ ਗਿਆ, ਪਰ ਅਮਨ ਸੰਧੀ ਨਹੀਂ ਹੋਈ ਅਤੇ ਅੱਜ ਤੱਕ ਵੀ ਉੱਤਰੀ ਤੇ ਦੱਖਣੀ ਕੋਰੀਆ ‘ਚ ਅਮਨ ਸੰਧੀ ਨਹੀਂ ਕਰ ਹੋਈ ਹੈ ਕਿਉਂਕਿ ਅਮਰੀਕੀ ਸਾਮਰਾਜ ਇਹ ਚਾਹੁੰਦਾ ਹੀ ਨਹੀਂ। ਚਾਰ ਸਾਲ ਚੱਲੀ ਕੋਰਿਆਈ ਜੰਗ ਵਿੱਚ ਮਰਨ ਵਾਲ਼ੇ ਲੋਕਾਂ ਦੀ ਗਿਣਤੀ 25 ਲੱਖ ਤੋਂ ਉੱਤੇ ਹੋਣ ਦੇ ਅੰਦਾਜ਼ੇ ਹਨ ਜਿਹਨਾਂ ਵਿੱਚ 9 ਲੱਖ ਚੀਨੀ ਫ਼ੌਜੀ ਵੀ ਸ਼ਾਮਲ ਹਨ। ਇਸ ਤਰਾਂ ਇਹ ਜੰਗ ਵੀਅਤਨਾਮੀ ਜੰਗ ਜਿੰਨੀ ਹੀ ਭਿਅੰਕਰ ਸੀ ਤੇ ਸਾਮਰਾਜੀਆਂ ਦੀਆਂ ਕਰਤੂਤਾਂ ਵੀ ਓਨੀਆਂ ਹੀ ਮਨੁੱਖਤਾ-ਵਿਰੋਧੀ ਤੇ ਵਹਿਸ਼ੀਆਨਾ ਸਨ। ਇਸ ਇਤਿਹਾਸਕ ਪਿੱਠਭੂਮੀ ਨੂੰ ਦੇਖਦਿਆਂ ਕੋਈ ਵੀ ਸੁਭਾਵਿਕ ਹੀ ਸਮਝ ਸਕਦਾ ਹੈ ਕਿ ਉੱਤਰੀ-ਕੋਰੀਆ ਦੇ ਲੋਕ ਅਮਰੀਕੀ ਸਾਮਰਾਜੀਆਂ ਉੱਤੇ ਕਿੰਨਾ ਕੁ ਭਰੋਸਾ ਕਰ ਸਕਦੇ ਹਨ।

1953 ਦੀ ਜੰਗ ਖਤਮ ਹੋਣ ਅਤੇ ਸਤਾਲਿਨ ਦੀ ਮੌਤ ਤੋਂ ਬਾਅਦ, ਉੱਤਰੀ ਕੋਰੀਆ ਦੇ ਕੌਮਾਂਤਰੀ ਸਮਾਜਵਾਦੀ ਕੈਂਪ ਵਿੱਚ ਡਾਵਾਂਡੋਲ ਪੋਜ਼ੀਸ਼ਨ ਰਹੀ ਅਤੇ ਉਸਨੇ ਸੋਧਵਾਦੀ ਸੋਵੀਅਤ ਯੂਨੀਅਨ ਤੇ ਮਾਓਵਾਦੀ ਚੀਨ ਨਾਲ ਸਬੰਧ ਬਣਾਈ ਰੱਖਣ ਦੀ ਨੀਤੀ ਅਪਣਾਈ। 1976 ਵਿੱਚ ਮਾਓ ਦੀ ਮੌਤ ਤੇ ਸਰਮਾਏਦਾਰਾ ਮੁੜ-ਬਹਾਲੀ ਤੋਂ ਬਾਅਦ ਉੱਤਰੀ ਕੋਰੀਆ ਸੋਵੀਅਤ ਯੂਨੀਅਨ ਦੇ ਹੋਰ ਨੇੜੇ ਹੋ ਗਿਆ ਤੇ ਚੀਨ ਨੇ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ। ਦੱਖਣੀ ਕੋਰੀਆ ਤੇ ਉੱਤਰੀ ਕੋਰੀਆ ਦੀ ਸਰਹੱਦ ਸੋਵੀਅਤ ਸਾਮਰਾਜੀਆਂ ਤੇ ਅਮਰੀਕੀ ਸਾਮਰਾਜੀਆਂ ਦੀ ਖਹਿਬਾਜ਼ੀ ਦਾ ਬਿੰਦੂ ਬਣ ਗਈ। ਇਸ ਪੂਰੇ ਅਰਸੇ ਦੌਰਾਨ ਅਮਰੀਕਾ ਨੇ ਦੱਖਣੀ ਕੋਰੀਆ ਵਿੱਚ ਪਰਮਾਣੂ ਹਥਿਆਰ ਬੀੜ ਕੇ ਰੱਖੇ ਹੋਏ ਸਨ, ਨਤੀਜੇ ਵਜੋਂ ਕਈ ਦਹਾਕਿਆਂ ਤੱਕ ਉੱਤਰੀ ਕੋਰੀਆ ਦੇ ਲੋਕ ਪਰਮਾਣੂ ਹਮਲੇ ਦੇ ਸਾਏ ਹੇਠ ਜਿਉਂਦੇ ਰਹੇ। ਇਸਦੇ ਜਵਾਬ ਵਿੱਚ ਉੱਤਰੀ ਕੋਰੀਆ ਨੇ ਖੁਦ ਪਰਮਾਣੂ ਹਥਿਆਰ ਵਿਕਸਤ ਕਰਨ ਦੇ ਯਤਨ ਅਰੰਭੇ। ਹੁਣ ਭਾਵੇਂ ਅਮਰੀਕਾ ਇਹ ਕਹਿੰਦਾ ਹੈ ਕਿ ਦੱਖਣੀ ਕੋਰੀਆ ਵਿੱਚੋਂ ਉਸਨੇ ਪਰਮਾਣੂ ਹਥਿਆਰ ਹਟਾ ਲਏ ਹਨ, ਪਰ ਅਮਰੀਕੀ “ਸੱਚ” ਦਾ ਭਰੋਸਾ ਕੌਣ ਕਰੇ! 1991 ਵਿੱਚ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਇੱਕ ਵਾਰ ਫੇਰ ਉੱਤਰੀ ਕੋਰੀਆ ਨੇ ਚੀਨ ਨਾਲ਼ ਰਿਸ਼ਤੇ ਸੁਧਾਰਨੇ ਸ਼ੁਰੂ ਕੀਤੇ। 1994 ਵਿੱਚ ਕਿਮ ਉਲ-ਸੁੰਗ (ਉੱਤਰੀ ਕੋਰੀਆ ਦਾ ਪਹਿਲਾ ਰਾਸ਼ਟਰਪਤੀ) ਦੀ ਮੌਤ ਤੋਂ ਬਾਅਦ ਅਮਰੀਕਾ ਨੇ ਉੱਤਰੀ ਕੋਰੀਆ ਨਾਲ਼ ਇੱਕ ਸਮਝੌਤੇ ਤਹਿਤ ਪਰਮਾਣੂ ਹਥਿਆਰ ਬਣਾਉਣ ਦੇ ਪ੍ਰੋਗਰਾਮ ਨੂੰ ਠੱਪ ਕਰਨ ਦੀ ਗੱਲ ਮੰਨੀ, ਬਸ਼ਰਤੇ ਕਿ ਅਮਰੀਕਾ ਉੱਤਰੀ ਕੋਰੀਆ ਨੂੰ ਬਿਜਲੀ ਪੈਦਾ ਕਰਨ ਲਈ ਪਰਮਾਣੂ ਰੀਐਕਟਰ ਲਗਾਉਣ ਦੇਵੇ। ਪਰ ਅਮਰੀਕਾ ਨੇ ਇਹ ਸਮਝੌਤਾ ਕਦੇ ਵੀ ਲਾਗੂ ਨਾ ਕੀਤਾ ਅਤੇ 2002 ਵਿੱਚ ਇਸ ਸਮਝੌਤੇ ਦਾ ਭੋਗ ਪੈ ਗਿਆ, ਜਾਰਜ ਬੁਸ਼ ਨੇ ਉੱਤਰੀ ਕੋਰੀਆ ਨੂੰ “ਸ਼ੈਤਾਨ ਮੁਲਕ” ਐਲਾਨ ਦਿੱਤਾ। ਪਰ ਉੱਤਰੀ ਕੋਰੀਆ ਆਪਣਾ ਪੂਰਾ ਤਾਣ ਲਾਉਣ ਦੇ ਬਾਵਜੂਦ ਅਜੇ ਤੱਕ ਅਜਿਹੀ ਕੋਈ ਫ਼ੌਜੀ ਤਾਕਤ ਨਹੀਂ ਬਣ ਸਕਿਆ ਕਿ ਉਹ ਅਮਰੀਕਾ ਲਈ ਕੋਈ ਸਿੱਧਾ ਖਤਰਾ ਹੋਵੇ। ਉਸਦੇ ਸਾਰੇ “ਮਿਲਟਰੀ” ਪ੍ਰੋਗਰਾਮ ਦਾ ਸਾਰ ਦੱਖਣੀ ਕੋਰੀਆ ਤੇ ਜਾਪਾਨ ਉੱਤੇ ਹਮਲੇ ਦੀ ਧਮਕੀ ਦਿਖਾ ਕੇ ਅਮਰੀਕੀ ਹਮਲੇ ਤੋਂ ਆਪਣਾ ਬਚਾਅ ਕਰਨਾ ਹੈ, ਜਿਹੜਾ ਕਿ ਇਰਾਕ, ਲੀਬੀਆ ਤੇ ਹੋਰ ਮੁਲਕਾਂ ਦੀ ਅਮਰੀਕਾ ਵੱਲੋਂ ਕੀਤੀ ਗਈ ਹਾਲਤ ਨੂੰ ਦੇਖਦੇ ਹੋਏ ਸਮਝਿਆ ਜਾ ਸਕਦਾ ਹੈ।

ਸਾਮਰਾਜੀਆਂ ਦੀ ਕੱਠਪੁਤਲੀ ਸੰਯੁਕਤ ਰਾਸ਼ਟਰ ਨੇ ਉੱਤਰ ਕੋਰੀਆ ‘ਤੇ ਪਿਛਲੇ 60 ਸਾਲ ਤੋਂ ਵੱਧ ਸਮੇਂ ਤੋਂ ਵਪਾਰਕ ਰੋਕਾਂ ਲਗਾ ਰੱਖੀਆਂ ਹਨ, ਉੱਤਰੀ ਕੋਰੀਆ ਇਸ ਸਮੇਂ ਸੰਸਾਰ ‘ਚ ਸਭ ਤੋਂ ਅਲੱਗ-ਥਲੱਗ ਪਿਆ ਮੁਲਕ ਹੈ ਜਿਸ ਕਾਰਨ ਉੱਤਰੀ ਕੋਰੀਆ ਦੇ ਆਮ ਲੋਕਾਂ ਨੂੰ ਭਿਅੰਕਰ ਔਖਿਆਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 1991 ਤੋਂ ਪਹਿਲਾਂ ਸੋਵੀਅਤ ਯੂਨੀਅਨ ਨਾਲ਼ ਹੁੰਦੇ ਵਪਾਰ ਤੇ ਉਸ ਤੋਂ ਮਿਲਦੀ ਸਹਾਇਤਾ ਸਦਕਾ ਉੱਤਰੀ ਕੋਰੀਆ ਇਹਨਾਂ ਰੋਕਾਂ ਦਾ ਅਸਰ ਮਨਫੀ ਕਰਨ ‘ਚ ਕਾਮਯਾਬ ਸੀ, ਪਰ ਸੋਵੀਅਤ ਯੂਨੀਅਨ ਟੁੱਟਣ ਤੋਂ ਬਾਅਦ ਉੱਤਰੀ ਕੋਰੀਆ ਦਾ ਅਰਥਚਾਰਾ ਤੇ ਸਮਾਜਿਕ ਢਾਂਚਾ ਬੁਰੀ ਤਰਾਂ ਹਿੱਲ ਗਿਆ ਹੈ। ਇੱਕ ਪਾਸੇ ਵਪਾਰਕ ਰੋਕਾਂ, ਤੇ ਦੂਜੇ ਪਾਸੇ 1990 ਦੇ ਦਹਾਕੇ ‘ਚ ਸੋਕਾ ਤੇ ਖਰਾਬ ਹੋਈਆਂ ਫਸਲਾਂ ਕਾਰਨ ਉੱਤਰੀ ਕੋਰੀਆ ‘ਚ ਅਨਾਜ ਦੀ ਉਪਲਬਧਤਾ ਬੁਰੀ ਤਰਾਂ ਪ੍ਰਭਾਵਿਤ ਹੋਈ ਹੈ ਅਤੇ ਇਸ ਤੋਂ ਇਲਾਵਾ, ਦਵਾਈਆਂ ਤੇ ਮੈਡੀਕਲ ਸਾਜੋਸਮਾਨ ਦੀ ਦਰਾਮਦ ਵੀ ਰੋਕਾਂ ਦੇ ਘੇਰੇ ‘ਚ ਹੋਣ ਕਰਕੇ ਉੱਤਰੀ ਕੋਰੀਆ ਦਾ ਸਿਹਤ ਢਾਂਚਾ ਵੀ ਮਾੜੀ ਹਾਲਤ ‘ਚ ਹੈ। 1990 ਦੇ ਦਹਾਕੇ ‘ਚ ਕੁਪੋਸ਼ਣ ਤੇ ਸਿਹਤ ਸੁਵਿਧਾਵਾਂ ਦੇ ਢਹਿਢੇਰੀ ਹੋਣ ਕਾਰਨ 10 ਲੱਖ ਤੋਂ ਵੱਧ ਲੋਕਾਂ ਦੇ ਗੈਰ-ਕੁਦਰਤੀ ਤੌਰ ‘ਤੇ ਮਾਰੇ ਜਾਣ ਦਾ ਅਨੁਮਾਨ ਹੈ। ਪਰ ਇਸ ਤੋਂ ਬਾਅਦ ਵੀ ਉੱਤਰੀ ਕੋਰੀਆ ‘ਤੇ ਰੋਕਾਂ ਜਾਰੀ ਰਹੀਆਂ ਹਨ। 2009 ‘ਚ ਰੋਕਾਂ ਨੂੰ ਹੋਰ ਵੀ ਕਰੜਾ ਕਰ ਦਿੱਤਾ ਗਿਆ ਹੈ। ਹੁਣ ਉੱਤਰੀ ਕੋਰੀਆ ਆਪਣੇ ਵਪਾਰ ਲਈ ਲੱਗਭੱਗ ਪੂਰੀ ਤਰਾਂ ਚੀਨ ਉੱਤੇ ਨਿਰਭਰ ਹੈ, ਜਿਸਦਾ ਚੀਨ ਪੂਰਾ ਫਾਇਦਾ ਲੈ ਰਿਹਾ ਹੈ।

ਬਦਲੇ ਹਲਾਤ, ਬਦਲੇ ਰੰਗ

1950ਵਿਆਂ ਦੀ ਕੋਰੀਆ ਜੰਗ ਸਮੇਂ ਚੀਨ ਤੇ ਉੱਤਰੀ ਕੋਰੀਆ ਵਿਚਾਲੇ ਸ਼ੁਰੂ ਹੋਈ ਫ਼ੌਜੀ ਸਾਂਝ ਨੂੰ 1961 ਵਿੱਚ ਬਕਾਇਦਾ ਇੱਕ ਸਮਝੌਤੇ ਦੇ ਰੂਪ ਵਿੱਚ ਸਹੀਬੰਦ ਕੀਤਾ ਗਿਆ ਜਿਸ ਅਧੀਨ ਇਹ ਤੈਅ ਹੋਇਆ ਕਿ ਚੀਨ ਕਿਸੇ ਵੀ ਸਾਮਰਾਜੀ ਹਮਲੇ ਦੀ ਹਾਲਤ ਵਿੱਚ ਉੱਤਰੀ ਕੋਰੀਆ ਦੀ ਰੱਖਿਆ ਕਰੇਗਾ। 1976 ਵਿੱਚ ਚੀਨ ਵਿੱਚ ਉਲਟ-ਇਨਕਲਾਬੀ ਰਾਜਪਲਟਾ ਹੋਣ ਤੋਂ ਬਾਅਦ ਵੀ ਇਹ ਸਮਝੌਤਾ ਲਾਗੂ ਰਿਹਾ ਹੈ, ਭਾਵੇਂ ਕਿ ਹੁਣ ਇਸ ਪਿੱਛੇ ਸਰਮਾਏਦਾਰਾ ਹਿਤ ਸਨ, ਨਾ ਕਿ ਸਾਮਰਾਜੀਆਂ ਖਿਲਾਫ਼ ਸਾਂਝੇ ਮੋਰਚੇ ਦੀ ਭਾਵਨਾ। ਭਾਵੇਂ ਅਜੇ ਵੀ 2021 ਤੱਕ ਇਸ ਸਮਝੌਤੇ ਦੀ ਮਿਆਦ ਬਣੀ ਹੋਈ ਹੈ ਪਰ ਬਦਲਦੀਆਂ ਹਾਲਤਾਂ ਨੇ ਚੀਨ ਦਾ ਰੁਖ਼ ਵੀ ਬਦਲਣਾ ਸ਼ੁਰੂ ਕਰ ਦਿੱਤਾ ਹੈ। ਚੀਨ ਅੰਦਰੋਂ ਵੱਖ-ਵੱਖ ਬੁੱਧੀਜੀਵੀ ਹਲਕਿਆਂ (ਸਰਮਾਏਦਾਰੀ ਦੇ ਥਿੰਕ-ਟੈਂਕ ਜਿਹੜੇ ਕੌਮੀ ਸੁਰੱਖਿਆ ਸੰਸਥਾ, ਕਮਿਸ਼ਨ, ਮਾਹਿਰ ਆਦਿ ਨਾਵਾਂ ਹੇਠ ਖੁਦ ਨੂੰ ਲੁਕਾ ਕੇ ਰੱਖਦੇ ਹਨ) ਵਿੱਚ ਸਮਝੌਤੇ ਨੂੰ ਨਵੇਂ ਹਾਲਤਾਂ ਦੀ ਨਜ਼ਰ ਵਿੱਚ ਦੇਖਣ ਦੀਆਂ ਅਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਸਰਮਾਏਦਾਰਾ ਚੀਨ ਦੇ ਹਿਤ ਚਾਹੁੰਦੇ ਹਨ ਕਿ ਅਜਿਹੀ ਜੰਗ ਤੋਂ ਬਚਿਆ ਜਾਵੇ ਜਿਹੜੀ ਇਸ ਖਿੱਤੇ ਵਿੱਚ ਛਿੜੇ ਤੇ ਚੀਨ ਲਈ ਵਿਆਪਕ ਤਬਾਹੀ ਲੈ ਕੇ ਆਵੇ। ਪਰ ਇਸਦੇ ਨਾਲ਼ ਹੀ ਉਹ ਕਿਸੇ ਵੀ ਸੂਰਤ ਵਿੱਚ ਉੱਤਰੀ ਕੋਰੀਆ ਵਿੱਚ ਸੱਤਾ-ਤਬਦੀਲੀ ਜਾਂ ਕੋਰੀਆ ਦੇ ਏਕੇ ਦੀ ਸੂਰਤ ਵਿੱਚ ਸਮੁੱਚੇ ਕੋਰੀਆ ਨੂੰ ਅਮਰੀਕੀ ਫ਼ੌਜੀ ਅੱਡੇ ਵਜੋਂ ਨਹੀਂ ਦੇਖਣਾ ਚਾਹੁੰਦੇ ਕਿਉਂਕਿ ਅਜਿਹੀ ਹਾਲਤ ਵਿੱਚ ਚੀਨ ਦੀ ਕੋਰੀਆ ਨਾਲ਼ ਲੱਗਦੀ 1400 ਕਿਲੋਮੀਟਰ ਸਰਹੱਦ ਸਿੱਧੀ ਅਮਰੀਕੀ ਮੋਰਚਾ ਬਣ ਜਾਵੇਗੀ। ਅਮਰੀਕੀ ਸਾਮਰਾਜੀ ਵੀ ਚੀਨ ਦੀ “ਸੱਪ ਦੇ ਮੂੰਹ ‘ਚ ਆ ਗਈ ਕਿਰਲੀ, ਖਾਂਦਾ ਕੋਹੜੀ ਤੇ ਛੱਡਦਾ ਕਲੰਕੀ” ਵਾਲ਼ੀ ਹਾਲਤ ਨੂੰ ਸਮਝ ਰਿਹਾ ਹੈ। ਟਰੰਪ ਇੱਕ ਪਾਸੇ ਚੀਨ ਨੂੰ ਸੀਰਿਆ ਤੇ ਅਫਗਾਨਿਸਤਾਨ ਉੱਤੇ ਮਿਜ਼ਾਈਲਾਂ ਦਾਗ ਕੇ ਧਮਕੀਆਂ ਦੇ ਰਿਹਾ ਹੈ, ਟਰੰਪ ਦਾ ਡਿਪਟੀ ਮਾਈਕ ਪੈਂਸ “ਸਾਰੇ ਹੱਲ ਸੰਭਵ ਹਨ” ਦੀ ਕੂਟਨੀਤੀ ਖੇਡ ਰਿਹਾ ਹੈ, ਜਪਾਨ ਦਾ ਪ੍ਰਧਾਨ ਮੰਤਰੀ ਸ਼ਿਬੋ ਏਬੇ ਉੱਤਰੀ ਕੋਰੀਆ ਨਾਲ਼ ਨਿਪਟਣ ਲਈ ਅਮਰੀਕਾ ਦਾ ਪੂਰਾ ਸਾਥ ਦੇਣ ਦਾ “ਵਾਅਦਾ” ਕਰ ਰਿਹਾ ਹੈ। ਘਰੇਲੂ ਹਾਲਤਾਂ ਅਤੇ ਕੌਮਾਂਤਰੀ ਸਿਆਸਤ ਦੇ ਮੱਦੇਨਜ਼ਰ ਚੀਨ ਦਾ ਉੱਤਰੀ ਕੋਰੀਆ ਪ੍ਰਤੀ ਬਦਲਿਆ ਰੁਖ਼ ਹੁਣ ਖੁੱਲ ਕੇ ਸਾਹਮਣੇ ਆ ਰਿਹਾ ਹੈ।

ਚੀਨ ਹੁਣ ਇੱਕ ਪਾਸੇ ਅਮਰੀਕਾ ਨੂੰ “ਸੰਜਮ” ਵਰਤਣ ਅਤੇ ਕੋਈ ਅਜਿਹੀ ਸਥਿਤੀ ਨਾ ਪੈਦਾ ਕਰਨ ਦੀ ਸਲਾਹ ਦੇ ਰਿਹਾ ਹੈ ਜਿਸ ਕਰਕੇ ਉਸਨੂੰ ਉੱਤਰੀ ਕੋਰੀਆ ਦੇ ਹੱਕ ਵਿੱਚ ਜੰਗ ਵਿੱਚ ਉਤਰਨਾ ਪਵੇ। ਪਰ ਇਸ ਖੋਖਲੀ ਮੁਹਾਰਨੀ ਦੇ ਪਰਦੇ ਹੇਠ ਉਹ ਵੀ ਅਮਰੀਕੀ ਸੁਰ ‘ਚ ਸੁਰ ਮਿਲ਼ਾ ਕੇ ਉੱਤਰੀ ਕੋਰੀਆ ਨੂੰ ਰੋਕਾਂ ਦਾ ਡਰ ਨਾ ਸਿਰਫ਼ ਵਿਖਾ ਹੀ ਰਿਹਾ ਹੈ, ਸਗੋਂ ਲਾਗੂ ਵੀ ਕਰ ਰਿਹਾ ਹੈ। ਉੱਤਰੀ ਕੋਰੀਆ ਦਾ ਤਿੰਨ-ਚੌਥਾਈ ਵਪਾਰ ਚੀਨ ਨਾਲ ਹੈ, ਇਸਨੂੰ ਚੀਨ ਉੱਤਰੀ ਕੋਰੀਆ ਦੀ ਬਾਂਹ ਮਰੋੜਨ ਦਾ ਸਹੀ ਨੁਕਤਾ ਸਮਝ ਰਿਹਾ ਹੈ। ਇਸ ਸਾਲ ਫ਼ਰਵਰੀ ਤੋਂ ਚੀਨ ਨੇ ਉੱਤਰੀ ਕੋਰੀਆ ਤੋਂ ਕੋਲਾ ਖਰੀਦਣਾ ਬੰਦ ਕਰ ਦਿੱਤਾ ਹੈ, ਉੱਤਰੀ ਕੋਰੀਆ ਦੀ ਵਿਦੇਸ਼ੀ ਕਰੰਸੀ ਦਾ 40% ਹਿੱਸਾ ਕੋਲਾ ਵੇਚਣ ਤੋਂ ਹੀ ਹਾਸਲ ਹੁੰਦਾ ਹੈ। ਇਸਦੇ ਨਾਲ਼ ਦੂਜੇ ਖਣਿਜਾਂ ਦੀ ਖਰੀਦ ਵੀ ਘੱਟ ਕਰ ਦਿੱਤੀ ਗਈ ਹੈ। ਉੱਤਰੀ ਕੋਰੀਆ ਪੈਟਰੋਲੀਅਮ ਲਈ ਪੂਰੀ ਤਰਾਂ ਦਰਾਮਦ, ਜਿਸਦਾ ਸਰੋਤ ਚੀਨ ਹੀ ਹੈ, ਉੱਤੇ ਨਿਰਭਰ ਹੈ। ਚੀਨ ਨੇ ਹਵਾਈ ਜਹਾਜ਼ਾਂ ਵਿੱਚ ਵਰਤਿਆ ਜਾਣ ਵਾਲ਼ਾ ਪੈਟਰੋਲ ਸਪਲਾਈ ਕਰਨਾ ਬੰਦ ਕਰ ਦਿੱਤਾ ਹੈ, ਅਤੇ ਬਾਕੀ ਪੈਟਰੋਲੀਅਮ ਪਦਾਰਥਾਂ ਦੀ ਸਪਲਾਈ ਬੰਦ ਕਰਨ ਦੀ ਧਮਕੀ ਵੀ ਦੇ ਰਿਹਾ ਹੈ। ਚੀਨ ਦੇ ਇਹਨਾਂ ਸਾਰੇ ਕਦਮਾਂ ਦਾ ਮਕਸਦ ਉੱਤਰੀ ਕੋਰੀਆ ਦੇ ਪਰਮਾਣੂ ਤਜ਼ਰਬੇ ਰੋਕਣਾ ਹੈ, ਤਾਂ ਕਿ ਕੋਈ ਵੀ ਸੰਭਾਵਿਤ ਅਮਰੀਕੀ ਹਮਲੇ ਨੂੰ ਰੋਕਿਆ ਜਾ ਸਕੇ। ਫ਼ਿਲਹਾਲ ਉੱਤਰੀ ਕੋਰੀਆ ਚੀਨ ਦੀਆਂ ਸਲਾਹਾਂ ਤੇ ਭਬਕੀਆਂ ਉੱਤੇ ਕੰਨ ਧਰਨ ਤੋਂ ਆਕੀ ਹੈ, ਜਿਸ ਪਿੱਛੇ ਅਸਲ ਕਾਰਨ ਉੱਤਰੀ ਕੋਰੀਆ ਨੂੰ ਇੱਕ ਹੋਰ ਪਾਸਿਓਂ ਹਮਾਇਤ ਮਿਲਣ ਦੀ ਆਸ ਬੱਝਣਾ ਹੈ।

ਸਾਮਰਾਜੀ ਦੁਨੀਆਂ ਵਿੱਚ ਇਸ ਸਮੇਂ ਅਮਰੀਕਾ ਤੇ ਰੂਸ ਦੇ ਸਬੰਧ ਵਿਗੜੇ ਹੋਏ ਹਨ। ਰੂਸ ਨੇ ਪਹਿਲਾਂ ਸੀਰੀਆ ਵਿੱਚ ਅਮਰੀਕੀ “ਅਸ਼ਵਮੇਧੀ ਘੋੜੇ” ਦਾ ਰਾਹ ਰੋਕਿਆ ਹੈ, ਹੁਣ ਉਹ ਇਸ ਘੋੜੇ ਦੀਆਂ ਮੁਸ਼ਕਾਂ ਉੱਤਰੀ ਕੋਰੀਆ ਵਿੱਚ ਕਸਣ ਦੀਆਂ ਤਿਆਰੀਆਂ ਕਰ ਰਿਹਾ ਹੈ। ਜਿਵੇਂ-ਜਿਵੇਂ ਚੀਨ ਉੱਤਰੀ ਕੋਰੀਆ ਦੀ ਪਰਮਾਣੂ ਪੀਂਘ ਨੂੰ ਫੜਨ ਦੇ ਯਤਨ ਵਿੱਚ ਹੈ, ਰੂਸ ਉਸਨੂੰ ਨਾ ਸਿਰਫ਼ ਹੁਲਾਰਾ ਦੇ ਰਿਹਾ ਹੈ, ਸਗੋਂ ਉੱਤਰੀ ਕੋਰੀਆ ਦਾ ਨਵਾਂ “ਗਾਰਡੀਅਨ” ਬਣ ਕੇ ਸਾਹਮਣੇ ਆ ਰਿਹਾ ਹੈ। ਟਰੰਪ ਦੀਆਂ ਧਮਕੀਆਂ ਦੇ ਜਵਾਬ ਵਿੱਚ ਰੂਸ ਨੇ ਅਮਰੀਕਾ ਨੂੰ ਅਜਿਹਾ ਕੋਈ ਵੀ “ਵਧਵਾਂ ਕਦਮ” ਚੁੱਕਣ ਤੋਂ ਚਿਤਾਉਣੀ ਕੀਤੀ ਹੈ। ਰੂਸ ਦਾ ਤੇਲ ਉੱਤਰੀ ਕੋਰੀਆ ਦੇ ਜਹਾਜ਼ਾਂ ਤੇ ਪੰਪਾਂ ਵਿੱਚ ਚੀਨੀ ਤੇਲ ਦੀ ਥਾਂ ਲੈਣੀ ਸ਼ੁਰੂ ਕਰ ਚੁੱਕਾ ਹੈ ਅਤੇ ਰੂਸ ਦੀ ਬੰਦਰਗਾਹ ਵਲਾਦੀਵੋਸਤੋਕ ਤੋਂ ਉੱਤਰੀ ਕੋਰੀਆ ਦੀ ਬੰਦਰਗਾਹ ਰਾਜਿਨ ਤੱਕ ਆਵਾਜਾਈ ਤੇਜ਼ੀ ਨਾਲ਼ ਵਧ ਰਹੀ ਹੈ। ਉੱਧਰ ਰੂਸੀ ਨਵੇਂ ਸਾਲ ਦੇ ਮੌਕੇ ਉੱਤੇ ਵਲਾਦੀਮੀਰ ਪੂਤਿਨ ਨੂੰ ਸਭ ਤੋਂ ਪਹਿਲੀਆਂ “ਸ਼ੁਭ-ਇੱਛਾਵਾਂ” ਉੱਤਰੀ ਕੋਰੀਆ ਦੇ ਰਾਸ਼ਟਰਪਤੀ ਕਿਮ ਜੋਂਗ-ਉਨ ਤੋਂ ਪੁੱਜੀਆਂ ਹਨ। ਉੱਤਰੀ ਕੋਰੀਆ ਨੂੰ ਮਿਲ਼ੇ ਸੋਵੀਅਤ ਸਮੇਂ ਦੇ ਸਾਰੇ ਕਰਜ਼ੇ ਉੱਤੇ ਰੂਸ ਨੇ ਪਹਿਲਾਂ ਹੀ ਲੀਕ ਮਾਰ ਦਿੱਤੀ ਹੈ। ਇਹ ਹਨ ਸਾਮਰਾਜੀ ਦੇਸ਼ਾਂ ਦੀਆਂ ਦੋਸਤੀਆਂ-ਦੁਸ਼ਮਣੀਆਂ!! ਸਾਮਰਾਜੀ ਦੇਸ਼ਾਂ ਦੀਆਂ ਆਪਸੀ ਵਿਰੋਧਤਾਈਆਂ ਇੰਨੀਆਂ ਉਲਝੀਆਂ ਹੁੰਦੀਆਂ ਹਨ ਕਿ ਇਹ ਜੇ ਇੱਕ ਪਾਸੇ ਤੋਂ ਸੁਲਝਣ ਦੀ ਆਸ ਬਨਾਉਂਦੀਆਂ ਹਨ, ਤਾਂ ਕਿਸੇ ਦੂਜੇ ਪਾਸਿਓਂ ਹੋਰ ਉਲਝਣ ਲੱਗਦੀਆਂ ਹਨ। ਸੀਰੀਆ ਵਿੱਚ ਰੂਸ ਤੇ ਚੀਨ, ਇਰਾਨ ਤੇ ਸੀਰੀਆ ਨਾਲ਼ ਸਾਂਝਾ ਮੋਰਚਾ ਖੇਡ ਰਹੇ ਹਨ, ਪਰ ਕੋਰੀਆ ਤੱਕ ਪਹੁੰਚਦੇ-ਪਹੁੰਚਦੇ ਰੂਸ ਦੇ ਹਿਤ ਚੀਨੀ ਹਿਤਾਂ ਨਾਲ਼ ਟਕਰਾਉਣ ਲੱਗੇ ਹਨ। ਇਸਦੀ ਇੱਕ ਹੋਰ ਮਿਸਾਲ ਟਰੰਪ ਦੀ ਤਾਜ਼ਾ ਅਰਬ ਯਾਤਰਾ ਤੋਂ ਬਾਅਦ ਉੱਭਰੀ ਹਾਲਤ ਵਿੱਚ ਵੀ ਦਿਖਦੀ ਹੈ। ਅਮਰੀਕਾ ਇਰਾਨ ਨੂੰ ਕਾਬੂ ਵਿੱਚ ਕਰਨ ਲਈ 41 ਇਸਲਾਮਿਕ ਮੁਲਕਾਂ ਦਾ ਗੁੱਟ ਕਾਇਮ ਕਰਨ ਦੀ ਸਕੀਮ ਵਿੱਚ ਹੈ। ਇਸ ਗੁੱਟ ਵਿੱਚ ਸ਼ਾਮਿਲ ਹੋਣ ਵਾਲ਼ਿਆਂ ਦੀ ਜਿਹੜੀ ਸੂਚੀ ਚੌਧਰੀ ਨੇ ਜਾਰੀ ਕੀਤੀ ਹੈ, ਉਸ ਵਿੱਚ ਪਾਕਿਸਤਾਨ ਦੀ ਪਰਚੀ ਵੀ ਨਿਕਲ ਆਈ ਹੈ। ਪਾਕਿਸਤਾਨ ਨਾ ਇਰਾਨ ਨਾਲ਼ ਵਿਗਾੜਨੀ ਚਾਹੁੰਦਾ ਹੈ ਤੇ ਨਾ ਹੀ ਚੀਨ ਦੀ ਨਰਾਜ਼ਗੀ ਮੁੱਲ ਲੈ ਸਕਦਾ ਹੈ। ਪਾਕਿਸਤਾਨ ਨੇ ਗੁੱਟ ਵਿੱਚ ਸ਼ਾਮਲ ਹੋਣ ਬਾਰੇ ਸੋਚਣ ਲਈ ਅਮਰੀਕਾ ਤੋਂ ਕੁਝ ਸਮੇਂ ਦੀ ਮੋਹਲਤ ਕੀ ਮੰਗ ਲਈ, ਅਮਰੀਕਾ ਨੇ  ਪਾਕਿਸਤਾਨ ਦੀ ਇਸ ਅਰਜ਼ੋਈ ਦੇ ਜਵਾਬ ਵਿੱਚ 1.8 ਕਰੋੜ ਡਾਲਰ ਦੀ ਇੱਕ “ਸਹਾਇਤਾ” ਨੂੰ ਕਰਜ਼ੇ ਵਿੱਚ ਬਦਲ ਦਿੱਤਾ ਹੈ। ਪਾਕਿਸਤਾਨ ਦਾ ਉੱਠ ਕਿਸ ਕਰਵਟ ਬੈਠਦਾ ਹੈ, ਇਹ ਅਜੇ ਦੇਖਣਾ ਹੈ!

ਕੋਰੀਆ ਦਾ ਪਿਛਲੀ ਇੱਕ ਸਦੀ ਦਾ ਇਤਿਹਾਸ ਤੇ ਇਸਦਾ ਵਰਤਮਾਨ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਕਿਵੇਂ ਅਮਰੀਕਾ ਛੋਟੇ ਮੁਲਕਾਂ ਨੂੰ ਆਪਣੇ ਫ਼ੌਜੀ ਅੱਡੇ ਬਣਾ ਕੇ ਵਿਰੋਧੀਆਂ ਨੂੰ ਘੇਰਨ ਲਈ ਇਸਤੇਮਾਲ ਕਰਦਾ ਹੈ ਤੇ ਉਹਨਾਂ ਦੀ ਆਰਥਿਕ ਲੁੱਟ ਕਰਦਾ ਹੈ, ਜਿਹੜਾ ਦੇਸ਼ ਇਸਦੇ ਇਸ “ਪ੍ਰੋਜੈਕਟ” ਵਿੱਚ ਸ਼ਾਮਲ ਨਹੀਂ ਹੁੰਦਾ ਉਸਨੂੰ “ਸ਼ੈਤਾਨ ਮੁਲਕ” ਐਲਾਨ ਕੇ ਅਲੱਗ-ਥਲੱਗ ਕਰਨਾ, ਵਪਾਰਕ ਰੋਕਾਂ ਲਗਾ ਕੇ ਗਰੀਬੀ ਵਿੱਚ ਧੱਕਣਾ ਇਸਦਾ ਮੁੱਖ ਹਥਿਆਰ ਹੈ, ਅਤੇ ਜੇ ਕੋਈ ਇਹ ਵੀ ਝੱਲ ਜਾਂਦਾ ਹੈ ਤਾਂ ਸਿੱਧਾ ਫ਼ੌਜੀ ਹਮਲਾ। ਸੀਰਿਆ, ਇਰਾਕ, ਲੀਬੀਆ, ਕੋਰੀਆ.. ਇੱਕ ਤੋਂ ਬਾਅਦ ਇੱਕ, ਇਹਨਾਂ ਸਾਮਰਾਜੀ ਚਾਲਾਂ ਦੀ ਸ਼ਹਾਦਤ ਹਨ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 9, 16 ਤੋਂ 30 ਜੂਨ 2017 ਵਿੱਚ ਪ੍ਰਕਾਸ਼ਿਤ

Advertisements