ਉੱਤਰੀ ਧਰੁਵ ਦੀ ਪਿਘਲਦੀ ਬਰਫ਼ – ਸਰਮਾਏਦਾਰੀ ਲਈ ਵਾਤਾਵਰਨ ਦੀ ਤਬਾਹੀ ਵੀ ਮੁਨਾਫ਼ੇ ਦਾ ਮੌਕਾ – ਨਵਗੀਤ

ਪੀ. ਡੀ. ਐਫ਼. ਡਾਊਨਲੋਡ ਕਰੋ

ਧਰਤੀ ਦੇ ਉੱਤਰੀ (ਆਰਕਟਿਕ) ਤੇ ਦੱਖਣੀ (ਅੰਟਾਰਕਟਿਕਾ) ਧਰੁਵੀ ਖਿੱਤਿਆਂ ਦੀ ਜ਼ਮੀਨ ਤੇ ਸਾਗਰ ਦਾ ਵੱਡਾ ਹਿੱਸਾ ਹਰ ਮੌਸਮ ’ਚ ਬਰਫ਼ ਨਾਲ ਢਕਿਆ ਰਹਿੰਦਾ ਹੈ। ਇਸ ਧਰੁਵੀ ਬਰਫ਼ ਨੇ ਵੱਡੀ ਮਾਤਰਾ ਵਿੱਚ ਕਾਰਬਨ ਡਾਈਆਕਸਾਈਡ ਨਾਂ ਦੀ ਗੈਸ ਨੂੰ ਆਪਣੇ ਅੰਦਰ ਜਜ਼ਬ ਕਰ ਰੱਖਿਆ ਹੈ ਜਿਸ ਦੀ ਵਾਤਾਵਰਨ ’ਚ ਵਧਦੀ ਮਿਕਦਾਰ ‘ਆਲਮੀ ਤਪਸ਼’ (ਗਲੋਬਲ ਵਾਰਮਿੰਗ) ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਖਿੱਤੇ ਆਪਣੇ ਖਾਸ ਕਿਸਮ ਦੇ ਜੀਵ-ਜੰਤੂਆਂ ਦਾ ਘਰ ਹਨ ਜਿਹੜੇ ਧਰਤੀ ’ਤੇ ਹੋਰ ਕਿਸੇ ਜਗਾ ਨਹੀਂ ਮਿਲਦੇ। ਪਰ ਆਲਮੀ ਤਪਸ਼ ਕਾਰਨ ਧਰਤੀ ਦੇ ਵੱਧ ਰਹੇ ਤਾਪਮਾਨ ਦਾ ਅਸਰ ਧਰੁਵਾਂ ’ਤੇ ਜੰਮੀ ਬਰਫ਼ ਦੀ ਇਸ ਤਹਿ ਉੱਤੇ ਵੀ ਦਿਖਾਈ ਦੇਣ ਲੱਗਾ ਹੈ। ਉੱਤਰੀ ਧਰੁਵ ਉੱਤੇ ਆਲਮੀ ਤਪਸ਼ ਦਾ ਅਸਰ ਵਧੇਰੇ ਪ੍ਰਤੱਖ ਹੈ। 1980 ਵਿੱਚ ਆਰਕਟਿਕ ਖਿੱਤੇ ਦਾ 30% ਹਿੱਸੇ ਤੋਂ ਵੀ ਵੱਧ ਹਿੱਸਾ ਸਥਾਈ ਤੌਰ ’ਤੇ ਬਰਫ਼ ਨਾਲ ਢਕਿਆ ਹੋਇਆ ਸੀ, ਪਿਛਲੇ ਕੁਝ ਸਾਲਾਂ ਅੰਦਰ ਇਸਦਾ 25% ਤੋਂ ਉੱਤੇ ਪਿਘਲ ਗਿਆ ਹੈ। ਜਿਸ ਤੇਜ਼ੀ ਨਾਲ ਬਰਫ਼ ਦਾ ਪਿਘਲਣਾ ਜਾਰੀ ਹੈ, ਉਸਨੂੰ ਦੇਖਦੇ ਹੋਏ ਵਿਗਿਆਨੀਆਂ ਦਾ ਅਨੁਮਾਨ ਹੈ ਕਿ 2050 ਤੱਕ ਲੱਗਭੱਗ ਸਮੁੱਚਾ ਆਰਕਟਿਕ ਖਿੱਤਾ ਬਰਫ਼ ਰਹਿਤ ਹੋ ਜਾਵੇਗਾ। ਬਹੁਤ ਸਾਰੇ ਵਿਗਿਆਨੀਆਂ ਦਾ ਤਾਂ ਇਹ ਵੀ ਮੰਨਣਾ ਹੈ ਕਿ 2020 ਤੱਕ ਹੀ ਆਰਕਟਿਕ ਖਿੱਤੇ ਦਾ ਵੱਡਾ ਹਿੱਸਾ ਬਰਫ਼ ਰਹਿਤ ਹੋ ਜਾਵੇਗਾ। ਬਰਫ਼ ਪਿਘਲਣ ਦਾ ਸਮੁੱਚੀ ਧਰਤੀ ਦੇ ਮੌਸਮਾਂ ’ਤੇ ਅਸਰ ਪਏਗਾ। ਮੌਸਮੀ ਚੱਕਰ ’ਚ ਬਦਲਾਅ, ਗਰਮੀ-ਸਰਦੀ ਦਾ ਵਧੇਰੇ ਤੀਖਣ ਹੋਣਾ ਅਤੇ ਸਮੁੰਦਰੀ ਤੂਫ਼ਾਨਾਂ ਦਾ ਵਧੇਰੇ ਭਿਆਨਕ ਰੂਪ ਧਾਰਨਾ ਤੇ ਨਵੇਂ-ਨਵੇਂ ਇਲਾਕਿਆਂ ’ਚ ਫੈਲਣਾ, ਇਹ ਕੁਝ ਅਸਰ ਹਨ ਜਿਹੜੇ ਧਰੁਵੀ ਬਰਫ਼ ਪਿਘਲਣ ਕਾਰਨ ਦਿਖਾਈ ਦੇਣਗੇ, ਜਾਂ ਕਿਹਾ ਜਾਵੇ ਕਿ ਇਹ ਅਸਰ ਪਹਿਲਾਂ ਹੀ ਦਿਖ ਰਹੇ ਹਨ। ਇਸ ਤੋਂ ਇਲਾਵਾ, ਆਰਕਟਿਕ ਖਿੱਤੇ ਦੀ ਧਰੁਵੀ ਬਰਫ਼ ਪਿਘਲਣ ਨਾਲ ਵੱਡੀ ਮਾਤਰਾ ਵਿੱਚ ਇਸ ਬਰਫ਼ ਵਿੱਚ ਜਜ਼ਬ ਹੋਈ ਕਾਰਬਨ ਡਾਈਆਕਸਾਈਡ ਗੈਸ ਵੀ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋਵੇਗੀ। ਇੱਕ ਅਨੁਮਾਨ ਅਨੁਸਾਰ ਆਰਕਟਿਕ ਦੀ ਬਰਫ਼ ਪਿਘਲਣ ਕਾਰਨ ਇੰਨੀ ਕਾਰਬਨ ਡਾਈਆਕਸਾਈਡ ਵਾਯੂਮੰਡਲ ਵਿੱਚ ਦਾਖਲ ਹੋਵੇਗੀ ਜਿੰਨੀ ਕਿ ਇਸ ਦੇ ਪੈਦਾ ਹੋਣ ਦੀ ਮੌਜੂਦਾ ਸਾਲਾਨਾ ਦਰ ਨਾਲ ਅਗਲੇ ਵੀਹ ਸਾਲਾਂ ’ਚ ਪੈਦਾ ਹੋਣੀ ਹੈ। ਪਹਿਲਾਂ ਹੀ ਆਲਮੀ ਤਪਸ਼ ਨੂੰ ਦੇਖਦੇ ਹੋਏ, ਇਸਦਾ ਕਿੰਨਾ ਦੁਰਪ੍ਰਭਾਵ ਪਵੇਗਾ, ਇਸ ਬਾਰੇ ਸਹਿਜੇ ਹੀ ਸੋਚਿਆ ਜਾ ਸਕਦਾ ਹੈ। ਇਸ ਦੇ ਨਾਲ ਹੀ, ਜਿਹੜੇ ਜੀਵ-ਜੰਤੂਆਂ ਦਾ ਇਹ ਬਰਫ਼ੀਲਾ ਇਲਾਕਾ ਘਰ ਹੈ, ਉਹਨਾਂ ਦਾ ਸਦਾ ਲਈ ਲੋਪ ਹੋ ਜਾਣ ਦਾ ਖਤਰਾ ਹੈ।

ਇੱਕ ਪਾਸੇ ਤਾਂ ਸਮੁੱਚੀ ਦੁਨੀਆਂ ਦੇ ਵਿਗਿਆਨੀ, ਵਾਤਾਵਰਨ ਬਚਾਉਣ ’ਚ ਲੱਗੇ ਹੋਏ ਕਾਰਕੁੰਨ ਇਸ ਵਰਤਾਰੇ ਨੂੰ ਲੈ ਕੇ ਚਿੰਤਤ ਹਨ ਅਤੇ ਇਸਨੂੰ ਰੋਕਣ ਜਾਂ ਮੱਠਾ ਕਰਨ ਲਈ ਵਸੀਲੇ ਕਰ ਰਹੇ ਹਨ ਅਤੇ ਸਰਕਾਰਾਂ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਦੂਜੇ ਪਾਸੇ ਦੁਨੀਆਂ ਭਰ ਦੇ ਸਰਮਾਏਦਾਰ ਅਤੇ ਸਾਮਰਾਜੀ-ਸਰਮਾਏਦਾਰ ਦੇਸ਼ ਇਸ ਖਿੱਤੇ ਤੋਂ ਬਰਫ਼ ਹਟਣ ਦੀ ਉਡੀਕ ਅਤੇ ਇਸਦੇ ਕੁਦਰਤੀ ਵਸੀਲਿਆਂ ਦੀ ਲੁੱਟ ਕਰਨ ਲਈ ਤਿਆਰੀਆਂ ਕਰ ਰਹੇ ਹਨ, ਇਹਨਾਂ ਤਿਆਰੀਆਂ ਵਿੱਚ ਲੁੱਟ ’ਚੋਂ ਆਪਣੇ ਲਈ ਵਡੇਰੇ ਤੋਂ ਵਡੇਰਾ ਹਿੱਸਾ ਹਥਿਆਉਣ ਲਈ ਫੌਜੀ ਤਿਆਰੀਆਂ ਵੀ ਸ਼ਾਮਿਲ ਹਨ। ਧਰਤੀ ਦੇ ਮੌਸਮ ਲਈ ਅਹਿਮ ਇਸ ਬਰਫੀਲੇ ਖਿੱਤੇ ਨੂੰ ਬਚਾਉਣ ਲਈ ਕੋਸ਼ਿਸ਼ ਕਰਨਾ ਤਾਂ ਦੂਰ, ਇਹਨਾਂ ਸਰਮਾਏਦਾਰਾਂ ਦੀ ਗਿਰਝ ਅੱਖ ਸਿਰਫ ਇਸ ਇਲਾਕੇ ਦੇ ਕੁਦਰਤੀ ਸਾਧਨਾਂ ਦੀ ਲੁੱਟ ਕਰਕੇ ਹਾਸਲ ਹੋਣ ਵਾਲੇ ਮੁਨਾਫ਼ੇ ਉੱਤੇ ਟਿਕੀ ਹੈ। ਤੀਹ ਸਾਲ ਪਹਿਲਾਂ ਆਰਕਟਿਕ ਖਿੱਤੇ ਦੀ ਜਮੀਨ ਤੇ ਸਾਗਰ ਹੇਠਾਂ ਲੁਕੇ ਹੋਏ ਕੁਦਰਤੀ ਸ੍ਰੋਤਾਂ ਜਿਵੇਂ ਕੱਚਾ ਤੇਲ, ਕੁਦਰਤੀ ਗੈਸ ਅਤੇ ਖਣਿਜ ਪਦਾਰਥਾਂ ਦੀ ਖੋਜ ਆਰੰਭ ਹੋਈ ਸੀ। ਪਿਛਲੇ ਇੱਕ ਦਹਾਕੇ ’ਚ ਆਰਕਟਿਕ ਦੇ ਹੋਏ ਅਲੱਗ-ਅਲੱਗ ਸਰਵੇਆਂ ਤੋਂ ਇਹ ਸਾਹਮਣੇ ਆਇਆ ਹੈ ਕਿ ਇਸ ਖਿੱਤੇ ’ਚ ਧਰਤੀ ਦੇ ਕੱਚੇ ਤੇਲ ਦੇ ਕੁਲ ਬਾਕੀ ਭੰਡਾਰਾਂ ਦਾ 13-25% ਅਤੇ ਕੁਦਰਤੀ ਗੈਸ ਦੇ ਭੰਡਾਰਾਂ ਦਾ 30% ਆਰਕਟਿਕ ਦੀ ਬਰਫ਼ ਦੀ ਚਾਦਰ ਹੇਠਾਂ ਦੱਬਿਆ ਹੋਇਆ ਹੈ। ਇਸ ਤੋਂ ਇਲਾਵਾ, ਦੁਰਲੱਭ ਤੱਤਾਂ ਤੇ ਧਾਤਾਂ ਦੇ ਵੱਡੇ ਭੰਡਾਰ ਇਸ ਬਰਫੀਲੇ ਖਿੱਤੇ ਵਿੱਚ ਲੁਕੇ ਹਨ, ਇਹਨਾਂ ਤੱਤਾਂ ਤੇ ਧਾਤਾਂ ਦੇ ਮਾਮਲੇ ’ਚ ਫਿਲਹਾਲ ਚੀਨ ਦੀ ਸਰਦਾਰੀ ਹੈ ਕਿਉਂਕਿ ਇਹਨਾਂ 17 ਕਿਸਮ ਦੇ ਤੱਤਾਂ ਦੇ ਬਹੁਤੇ ਭੰਡਾਰ ਚੀਨ ਕੋਲ਼ ਹੀ ਹਨ।

ਆਰਕਟਿਕ ਖਿੱਤੇ ਦੇ ਇਰਦ-ਗਿਰਦ ਅੱਠ ਧਰੁਵੀ ਦੇਸ਼ ਪੈਂਦੇ ਹਨ। ਇਹ ਦੇਸ਼ ਹਨ – ਰੂਸ, ਸਵੀਡਨ, ਫਿਨਲੈਂਡ, ਨਾਰਵੇ, ਗਰੀਨਲੈਂਡ (ਡੈਨਮਾਰਕ), ਆਈਸਲੈਂਡ, ਕੈਨੇਡਾ ਤੇ ਅਮਰੀਕਾ। ਕਾਫੀ ਵੱਡਾ ਇਲਾਕਾ ਇਹਨਾਂ ਦੇਸ਼ਾਂ ਨੇ ਪਹਿਲਾਂ ਹੀ ਆਪੋ ਵਿੱਚ ਵੰਡ ਰੱਖਿਆ ਹੈ। ਪਰ ਕਿਉਂਕਿ ਬਰਫ਼ ਪਿਘਲਣ ਕਾਰਨ ਸਮੁੱਚੇ ਉੱਤਰੀ ਧਰੁਵ ਦੇ ਖਿੱਤੇ ਤੱਕ ਮਨੁੱਖੀ ਪਹੁੰਚ ਸੰਭਵ ਦਿਖਣ ਲੱਗੀ ਹੈ, ਇਸ ਲਈ ਹੁਣੇ ਤੋਂ ਬਾਕੀ ਬਚੇ ਇਲਾਕੇ ਲਈ ਮਾਰਾ-ਮਾਰੀ ਸ਼ੁਰੂ ਹੋ ਗਈ ਹੈ। ਇਹ ਮਾਰਾ-ਮਾਰੀ ਸਿਰਫ ਇਹਨਾਂ ਧਰੁਵੀ ਦੇਸ਼ਾਂ ਤੱਕ ਸੀਮਤ ਨਹੀਂ ਰਹੀ ਹੈ। ਚੀਨ ਦਾ ਕਹਿਣਾ ਹੈ ਕਿ ਉੱਤਰੀ ਧਰੁਵ “ਸਮੁੱਚੀ ਮਨੁੱਖਤਾ ਦਾ ਸਾਂਝਾ” ਹੈ, ਭਾਵੇਂ ਫਿਲਹਾਲ ਉਹਦੇ ਇਸ ਤਰਕ ਨੂੰ ਪੁੱਛਣ ਵਾਲਾ ਕੋਈ ਨਹੀਂ ਪਰ ਉਸਨੇ ਆਰਕਟਿਕ ਵਿੱਚ ਮੌਜੂਦ ਕੁਦਰਤੀ ਵਸੀਲਿਆਂ ਦੀ ਲੁੱਟ ’ਚੋਂ ਹਿੱਸਾ ਵਸੂਲਣ ਦੀ ਆਪਣੀ ਮਨਸ਼ਾ ਜਾਹਿਰ ਕਰ ਦਿੱਤੀ ਹੈ। ਉਧਰ ਬ੍ਰਿਟੇਨ ਤੇ ਜਰਮਨੀ ਵੀ ਇਸ ਇਲਾਕੇ ’ਚ ਨਹੁੰ ਫਸਾਉਣ ਲਈ ਹੱਥਪੈਰ ਮਾਰ ਰਹੇ ਹਨ।

ਆਰਕਟਿਕ ਵਿੱਚ ਮੌਜੂਦ ਕੱਚੇ ਤੇਲ, ਗੈਸ ਤੇ ਖਣਿਜਾਂ ਦੇ ਸ੍ਰੋਤਾਂ ਲਈ ਮਾਰਾ-ਮਾਰੀ ਦੀ ਸ਼ੁਰੂਆਤ 2007 ਵਿੱਚ ਰੂਸ ਨੇ ਕੀਤੀ। ਰੂਸ ਨੇ ਆਰਕਟਿਕ ਦੀ ਵਿਗਿਆਨਕ ਖੋਜਬੀਣ ਦੇ ਨਾਂ ਹੇਠ ਇੱਕ ਪਣਡੁੱਬੀ ਉੱਤਰੀ ਧਰੁਵ ਵੱਲ ਭੇਜੀ ਅਤੇ ਬਿਲਕੁਲ ਉੱਤਰੀ ਧਰੁਵ ਦੀ ਸਤਾ ਦੇ 4,000 ਮੀਟਰ ਥੱਲੇ ਧਾਤ ਦਾ ਬਣਿਆ ਇੱਕ ਮੀਟਰ ਉੱਚਾ ਰੂਸੀ ਝੰਡਾ ਗੱਡ ਕੇ ਐਲਾਨ ਕਰ ਦਿੱਤਾ ਕਿ “ਆਰਕਟਿਕ ਸਾਡਾ ਹੈ।” ਰੂਸ ਦਾ ਕਹਿਣਾ ਹੈ ਕਿ ਉੱਤਰੀ ਧਰੁਵ ਤੱਕ ਦਾ ਸਮੁੰਦਰੀ ਤਲ ਰੂਸੀ ਜ਼ਮੀਨ ਨਾਲ ਜੁੜਿਆ ਹੋਇਆ ਹੈ ਅਤੇ ‘ਲੋਮੋਨਸੋਵ ਰਿੱਜ’ ਕੌਮਾਂਤਰੀ ਕਾਨੂੰਨ ਅਨੁਸਾਰ ਰੂਸ ਦੀ ਮਲਕੀਅਤ ਹੈ। ਇਹ ਲੋਮੋਨਸੋਵ ਰਿੱਜ ਦਾ ਖੇਤਰ ਹੀ ਹੈ ਜਿੱਥੇ ਕੱਚੇ ਤੇਲ ਦੇ ਵੱਡੇ ਭੰਡਾਰ ਹਨ। ਕੌਮਾਂਤਰੀ ਕਾਨੂੰਨ ਅਨੁਸਾਰ ਕਿਸੇ ਵੀ ਦੇਸ਼ ਦੇ ਜ਼ਮੀਨੀ ਕਿਨਾਰੇ ਤੋਂ 360 ਕਿਲੋਮੀਟਰ ਦੂਰੀ ਤੱਕ ਦਾ ਸਮੁੰਦਰੀ ਖੇਤਰ ਉਸ ਦੇਸ਼ ਦੀ ਹੱਦ ਅੰਦਰ ਆਉਂਦਾ ਹੈ ਅਤੇ ਨਾਲ ਹੀ ਉਹ ਸਮੁੰਦਰੀ ਇਲਾਕਾ ਵੀ ਉਸ ਦੇਸ਼ ਦੀ ਮਲਕੀਅਤ ਹੋ ਸਕਦਾ ਹੈ ਕਿ ਜਿਹੜਾ ਉਸ ਦੇਸ਼ ਦੀ ਜ਼ਮੀਨ ਨਾਲ ਭੂ-ਵਿਗਿਆਨਕ ਰੂਪ ’ਚ ਜੁੜਿਆ ਸਿੱਧ ਹੋ ਜਾਵੇ। ਕੌਮਾਂਤਰੀ ਕਾਨੂੰਨ ਦੀ ਇਸੇ ਪਿਛਲੀ ਮੱਦ ਦਾ ਫਾਇਦਾ ਲੈਣ ਲਈ ਧਰੁਵੀ ਦੇਸ਼ਾਂ ’ਚ ਹੋੜ ਲੱਗੀ ਹੋਈ ਹੈ ਅਤੇ ਇਸੇ ਦੀ ਆੜ ਹੇਠ ਰੂਸ ਉੱਤਰੀ ਧਰੁਵ ’ਤੇ ਆਪਣਾ ਦਾਹਵਾ ਕਰ ਰਿਹਾ ਹੈ। 2007 ਵਿੱਚ ਹੀ ਰੂਸ ਨੇ ਇਹ ਐਲਾਨ ਵੀ ਕੀਤਾ ਕਿ ਉਹ ਆਰਕਟਿਕ ਲਈ ਸਪੈਸ਼ਲ ਫੌਜੀ ਬਿ੍ਰਗੇਡਾਂ ਦੀ ਸਥਾਪਨਾ ਕਰੇਗਾ। ਰੂਸ ਦੇ ਇਸ ਕਦਮ ਨੇ ਦੂਜੇ ਧਰੁਵੀ ਦੇਸ਼ਾਂ ਨੂੰ “ਆਰਕਟਿਕ ਲਈ ਰੇਸ” ਵਿੱਚ ਤੇਜ਼ੀ ਲਿਆਉਣ ਲਈ ਬਲ਼ਦੀ ’ਚ ਤੇਲ ਦਾ ਕੰਮ ਕੀਤਾ। ਰੂਸੀ ਐਲਾਨ ਤੋਂ ਤੁਰੰਤ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ “ਇਹ 15ਵੀਂ ਸਦੀ ਨਹੀਂ ਹੈ ਕਿ ਕੋਈ ਵੀ ਕਿਸੇ ਥਾਂ ’ਤੇ ਝੰਡਾ ਗੱਡ ਕੇ ਕਹਿ ਦੇਵੇਗਾ ਕਿ ਇਹ ਸਾਡਾ ਹੈ।” ਕੈਨੇਡਾ ਤੇ ਦੂਜੇ ਧਰੁਵੀ ਮੁਲਕਾਂ ਨੇ ਵੀ ਫੌਜੀ ਤਿਆਰੀਆਂ ਵਿੱਢ ਦਿੱਤੀਆਂ ਹਨ। ਅਗਸਤ, 2011 ਵਿੱਚ ਕੈਨੇਡਾ ਨੇ ਨਾਟੋ ਦੇਸ਼ਾਂ ਦੀ ਫੌਜ ਨਾਲ ਮਿਲ ਕੇ ਆਪਣੇ ਧਰੁਵੀ ਖਿੱਤੇ ਵਿੱਚ ਫੌਜੀ ਮਸ਼ਕਾਂ ਕੀਤੀਆਂ ਅਤੇ ਨਾਲ ਹੀ ਆਰਕਟਿਕ ਖਿੱਤੇ ’ਚ ਕੰਮ ਕਰਨ ਲਈ ਸਪੈਸ਼ਲ ਸਿਖਲਾਈ ਪ੍ਰਾਪਤ 1000 ਫੌਜੀਆਂ ਦਾ ਦਸਤਾ ਕਾਇਮ ਕਰਨ ਦਾ ਐਲਾਨ ਕੀਤਾ। ਅਮਰੀਕਾ ਅਜੇ ਇਸ ਰੇਸ ਵਿੱਚ ਢਿੱਲੀ-ਢਾਲੀ ਹਿੱਸੇਦਾਰੀ ਲੈ ਰਿਹਾ ਹੈ, ਪਰ ਦੇਰ-ਸਵੇਰ ਅਮਰੀਕਾ ਨੇ ਵੀ ਕੁਦਰਤੀ ਸਾਧਨਾਂ ਦੀ ਲੁੱਟ ਲਈ ਸ਼ੁਰੂ ਹੋਈ ਇਸ ਦੌੜ ’ਚ ਸ਼ਾਮਿਲ ਹੋਣਾ ਹੀ ਹੈ ਜਿਸ ਨਾਲ ਸਾਮਰਾਜੀ ਮੁਲਕਾਂ ਦੀ ਆਪਸੀ ਖਹਿਬਾਜ਼ੀ ਹੋਰ ਤਿੱਖੀ ਹੋਵੇਗੀ।

ਉਧਰ ਚੀਨ ਜੋ ਕਿ ਸਿੱਧੇ ਰੂਪ ’ਚ ਆਰਕਟਿਕ ਖਿੱਤੇ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦਾ, ਟੇਢੇ ਤਰੀਕੇ ਨਾਲ ਇਸ ਦੌੜ ’ਚ ਸ਼ਾਮਿਲ ਹੋਣ ਲਈ ਇੰਤਜ਼ਾਮ ਕਰ ਰਿਹਾ ਹੈ। ਚੀਨ ਦੀਆਂ ਕੰਪਨੀਆਂ ਡੈਨਮਾਰਕ ਦੀਆਂ ਕੰਪਨੀਆਂ ਨਾਲ ਮਿਲ ਕੇ ਡੈਨਮਾਰਕ ਦੇ ਅਧਿਕਾਰ-ਖੇਤਰ ’ਚ ਆਉਦੇ ਗਰੀਨਲੈਂਡ ਵਿੱਚ ਵੱਡੇ-ਵੱਡੇ ਪ੍ਰੋਜੈਕਟ ਲਗਾਉਣ ਲਈ ਪਰ ਤੋਲ ਰਹੀਆਂ ਹਨ। ਗਰੀਨਲੈਂਡ ਵਿੱਚ ਬੁਨਿਆਦੀ ਆਲ-ਜੰਜਾਲ ਢਾਂਚਾ ਜਿਵੇਂ ਬੰਦਰਗਾਹਾਂ, ਆਵਾਜਾਈ ਤੇ ਢੋਆ-ਢੋਆਈ ਦੇ ਸਾਧਨ ਆਦਿ ਵਿਕਸਤ ਕਰਨ ਦੇ ਨਾਲ ਖਾਣਾਂ ਦੀ ਖੁਦਾਈ ਕਰਨ ਲਈ ਚੀਨੀ ਕੰਪਨੀਆਂ ਵੱਡੀ ਪੱਧਰ ’ਤੇ ਸਰਮਾਏ ਦਾ ਨਿਵੇਸ਼ ਕਰ ਰਹੀਆਂ ਹਨ ਅਤੇ ਵੱਡੀ ਗਿਣਤੀ ’ਚ ਚੀਨੀ ਮਜਦੂਰਾਂ ਨੂੰ ਗਰੀਨਲੈਂਡ ਲੈਕੇ ਜਾ ਰਹੀਆਂ ਹਨ, ਸੁਭਾਵਿਕ ਹੈ ਕਿ ਇਹਨਾਂ ਨਾਲ ਕੁਝ ਨਾ ਕੁਝ ਚੀਨੀ ਫੌਜੀ ਮਦਦ ਵੀ ਜਾਵੇਗੀ ਹੀ। ਇਸ ਦੇ ਨਾਲ ਹੀ ਚੀਨ ਡੈਨਮਾਰਕ ਨਾਲ ਕੂਟਨੀਤਕ ਸਬੰਧ ਮਜਬੂਤ ਬਣਾ ਰਿਹਾ ਹੈ, ਚੀਨੀ ਮੰਤਰੀ ਤੇ ਉੱਚੇ ਪੱਧਰ ਦੇ ਸਰਕਾਰੀ ਕਮਿਸ਼ਨ ਡੈਨਮਾਰਕ, ਸਵੀਡਨ, ਆਈਸਲੈਂਡ ਆਦਿ ਦੇਸ਼ਾਂ ਦੇ ਵਾਰ-ਵਾਰ ਚੱਕਰ ਲਗਾ ਰਹੇ ਹਨ ਅਤੇ ਚੀਨ ਇਹਨਾਂ ਦੇਸ਼ਾਂ ਨਾਲ ਰਿਆਇਤਾਂ ਵਾਲੇ ਵਪਾਰਕ ਸਮਝੌਤੇ ਸਹੀਬੰਦ ਕਰ ਰਿਹਾ ਹੈ। ਇਸੇ ਦਾ ਸਿੱਟਾ ਹੈ ਕਿ ਡੈਨਮਾਰਕ ਨੇ ਅੱਠ ਧਰੁਵੀ ਦੇਸ਼ਾਂ ਦੀ ਸਭਾ ‘ਆਰਕਟਿਕ ਕੌਂਸਲ’ ਵਿੱਚ ਚੀਨ ਨੂੰ ਨਿਗਰਾਨ ਮੁਲਕ ਵਜੋਂ ਸ਼ਾਮਿਲ ਕਰਨ ਦੀ ਹਮਾਇਤ ਕੀਤੀ ਹੈ ਤੇ ਹੋਰ ਕੁਝ ਦੇਸ਼ਾਂ ਵੱਲੋਂ ਵੀ ਚੀਨ ਨੂੰ ਅਜਿਹੀ ਹਮਾਇਤ ਦੇਣ ਦੀ ਸੰਭਾਵਨਾ ਹੈ। ਚੀਨ ਦੀ ਇਸ ਸਰਗਰਮੀ ਨੇ ਅਮਰੀਕਾ, ਕੈਨੇਡਾ ਤੇ ਰੂਸ ਦੇ ਕੰਨ ਖੜੇ ਕਰ ਦਿੱਤੇ ਹਨ ਕਿਉਂਕਿ ਦੁਰਲੱਭ ਤੱਤਾਂ ਉੱਤੇ ਪਹਿਲਾਂ ਹੀ ਏਕਾਧਿਕਾਰ ਜਮਾਈ ਬੈਠੇ ਚੀਨ ਦੀ ਇਹਨਾਂ ਤੱਤਾਂ ਦੇ ਸ੍ਰੋਤਾਂ ਉੱਤੇ ਪਕੜ ਹੋਰ ਵੀ ਮਜਬੂਤ ਹੋ ਜਾਵੇਗੀ। ਯਾਦ ਰਹੇ ਕਿ ਇਹੀ ਉਹ ਤੱਤ ਤੇ ਧਾਤਾਂ ਹਨ ਜਿਹਨਾਂ ਦੀ ਵਰਤੋਂ ਮੋਬਾਈਲ ਫੋਨ ਤੇ ਹੋਰ ਇਲੈਕਟ੍ਰਾਨਿਕ ਸਾਜੋਸਮਾਨ ਬਣਾਉਣ ਜਿਸ ਵਿੱਚ ਮਿਲਟਰੀ ਦੇ ਇਲੈਕਟ੍ਰਾਨਿਕ ਉਪਕਰਨ ਵੀ ਸ਼ਾਮਿਲ ਹਨ, ਬਣਾਉਣ ਵਿੱਚ ਵਰਤੇ ਜਾਂਦੇ ਹਨ। ਚੀਨ ਦਾ ਇਹਨਾਂ ਤੱਤਾਂ ਦੀ ਸਪਲਾਈ ’ਤੇ ਏਕਾਧਿਕਾਰ ਬਾਕੀ ਸਾਮਰਾਜੀ ਮੁਲਕਾਂ ਲਈ ਭਾਰੀ ਪੈ ਸਕਦਾ ਹੈ।

ਕੁਦਰਤੀ ਸਾਧਨਾਂ ਲਈ ਮਾਰਾ-ਮਾਰੀ ਤੋਂ ਇਲਾਵਾ ਇੱਕ ਹੋਰ ਅਹਿਮ ਆਰਥਿਕ ਕਾਰਕ ਵੀ ਰਵਾਇਤੀ ਸਾਮਰਾਜੀ ਮੁਲਕਾਂ ਤੇ ਚੀਨ ਜਿਹੇ ਨਵੇਂ ਉੱਭਰ ਰਹੇ ਹਿੱਸੇਦਾਰਾਂ ਨੂੰ ਆਰਕਟਿਕ ਖੇਤਰ ਵਿੱਚ ਸਰਗਰਮੀ ਤੇਜ਼ ਕਰਨ ਲਈ ਉਕਸਾਅ ਰਿਹਾ ਹੈ। ਇਹ ਕਾਰਕ ਹੈ ਧਰੁਵੀ ਬਰਫ਼ ਦੇ ਪਿਘਲਣ ਨਾਲ ਨਵੇਂ ਸਮੁੰਦਰੀ ਰਸਤਿਆਂ ਦਾ ਖੁੱਲਣਾ। ਫਿਲਹਾਲ ਏਸ਼ੀਆ ਤੇ ਯੂਰਪ ਵਿਚਾਲੇ ਸਮੁੰਦਰੀ ਰਸਤੇ ‘ਪਾਨਾਮਾ ਸਮੁੰਦਰੀ ਲਾਂਘਾ’ ਅਤੇ “ਸੁਏਜ਼ ਸਮੁੰਦਰੀ ਲਾਂਘਾ’ ਰਾਹੀਂ ਗੁਜਰਦੇ ਹਨ। ਪਰ ਜੇ ਧਰੁਵੀ ਬਰਫ਼ ਪਿਘਲਦੀ ਹੈ ਤਾਂ ਘੱਟੋ-ਘੱਟ ਗਰਮੀ ਦੇ ਮੌਸਮ ਵਿੱਚ ਇਹ ਸਫ਼ਰ ਬਹੁਤ ਛੋਟਾ ਹੋ ਜਾਣਾ ਹੈ। ਉੱਤਰ-ਪੱਛਮੀ ਧਰੁਵੀ ਸਾਗਰੀ ਰਸਤੇ ਰਾਹੀਂ ਚੀਨ, ਜਾਪਾਨ ਆਦਿ ਮੁਲਕਾਂ ਤੋਂ ਯੂਰਪ ਦੀ ਦੂਰੀ ਪਾਨਾਮਾ ਲਾਂਘੇ ਰਾਹੀਂ ਆਉਣ ਦੇ ਮੁਕਾਬਲੇ ਲੱਗਭੱਗ 11,000 ਕਿਲੋਮੀਟਰ ਘੱਟ ਜਾਵੇਗੀ, ਇਸੇ ਤਰਾਂ ਉੱਤਰੀ ਸਾਗਰੀ ਰਸਤੇ ਰਾਹੀਂ ਇਹ ਦੂਰੀ ਸੁਏਜ਼ ਲਾਂਘੇ ਰਾਹੀਂ ਜਾਣ ਦੇ ਮੁਕਾਬਲੇ ਲੱਗਭੱਗ 12,920 ਕਿਲੋਮੀਟਰ ਘੱਟ ਜਾਵੇਗੀ। ਇਹਨਾਂ ਰਸਤਿਆਂ ਦੀ ਵਰਤੋਂ ਆਰਥਿਕ ਰੂਪ ਵਿੱਚ ਬਹੁਤ ਫਾਇਦੇਮੰਦ ਹੋ ਸਕਦੀ ਹੈ ਕਿਉਂਕਿ ਇਸ ਨਾਲ ਇੱਕ ਪਾਸੇ ਤਾਂ ਜਿਸ ਤਰਾਂ ਤੇਲ, ਕੋਲੇ ਆਦਿ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਦੇਖਦੇ ਹੋਏ ਹਜ਼ਾਰਾਂ ਕਿਲੋਮੀਟਰ ਦੇ ਸਫਰ ਦੀ ਕਟੌਤੀ ਹੋਣ ਨਾਲ ਕੰਪਨੀਆਂ ਨੂੰ ਵੱਡੇ ਮੁਨਾਫੇ ਹੋ ਸਕਦੇ ਹਨ, ਉੱਥੇ ਜਿਹਨਾਂ ਧਰੁਵੀ ਮੁਲਕਾਂ ਦੇ ਹਿੱਸੇ ਵਿੱਚ ਇਹਨਾਂ ਸਮੁੰਦਰੀ ਰਸਤਿਆਂ ਦੇ ਕਾਨੂੰਨੀ ਹੱਕ ਆਉਣਗੇ ਉਹਨਾਂ ਨੂੰ ਇੱਥੋਂ ਲੰਘਣ ਵਾਲੇ ਜਹਾਜ਼ਾਂ ਉੱਤੇ ਟੈਕਸ ਲਗਾਉਣ ਰਾਹੀਂ ਵੱਡੀ ਆਮਦਨੀ ਹੋਵੇਗੀ। ਇਹੀ ਮਾਮਲਾ ਵੱਖ-ਵੱਖ ਦੇਸ਼ਾਂ ਵਿੱਚ ਖਿੱਚਤਾਣ ਦਾ ਸਬੱਬ ਬਣਦਾ ਹੈ। ਧਰੁਵੀ ਦੇਸ਼ਾਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਵੱਡੇ ਇਲਾਕੇ ਉੱਤੇ ਕਾਨੂੰਨੀ ਹੱਕ ਹਾਸਿਲ ਲਈ ਹੋੜ ਲੱਗੀ ਹੋਈ ਹੈ ਕਿਉਂਕਿ ਸਮੁੰਦਰੀ ਰਸਤੇ ਦਾ ਜਿੰਨਾ ਵੱਡਾ ਹਿੱਸਾ ਕਿਸੇ ਦੇ ਕਬਜ਼ੇ ’ਚ ਹੋਵੇਗਾ, ਓਨੀ ਹੀ ਜ਼ਿਆਦਾ ਆਮਦਨੀ ਤੇ ਓਨੀ ਜ਼ਿਆਦਾ ਕੂਟਨੀਤਕ ਤਾਕਤ। ਇਸ ਦੌੜ ’ਚ ਸਭ ਤੋਂ ਜ਼ਿਆਦਾ ਜ਼ੋਰ ਇਸ ਸਮੇਂ ਕੈਨੇਡਾ ਤੇ ਰੂਸ ਦਾ ਲੱਗਿਆ ਹੋਇਆ ਹੈ। ਦੂਜੇ ਪਾਸੇ ਗੈਰ-ਧਰੁਵੀ ਦੇਸ਼ਾਂ ’ਚ ਇਸ ਗੱਲ ਦੀ ਲੜਾਈ ਹੈ ਕਿ ਜ਼ਿਆਦਾ ਤੋਂ ਧਰੁਵੀ ਦੇਸ਼ਾਂ ਨੂੰ ਆਪਣੇ ਪ੍ਰਭਾਵ ਹੇਠ ਲਿਆਂਦਾ ਜਾਵੇ ਤਾਂ ਕਿ ਰਿਆਇਤਾਂ ਪ੍ਰਾਪਤ ਕੀਤਿਆਂ ਜਾ ਸਕਣ ਤੇ ਇਸ ਪ੍ਰਭਾਵ ਦੇ ਮਾਧਿਅਮ ਰਾਹੀਂ ਵਿਰੋਧੀਆਂ ’ਤੇ ਕੂਟਨੀਤਕ ਦਬਾਅ ਬਣਾ ਕੇ ਰੱਖਿਆ ਜਾਵੇ।

ਆਰਕਟਿਕ ਖੇਤਰ ਵਿੱਚ ਭਾਵੇਂ ਕੁਦਰਤੀ ਸਾਧਨਾਂ ਤੇ ਸਮੁੰਦਰੀ ਰਸਤਿਆਂ ਦੀ ਵਰਤੋਂ ਸ਼ੁਰੂ ਹੋਣ ਵਿੱਚ ਕਈ ਸਾਲ ਜਾਂ ਹੋ ਸਕਦਾ ਹੈ ਕਿ ਦਹਾਕੇ ਤੋਂ ਵੀ ਜ਼ਿਆਦਾ ਸਮਾਂ ਲੱਗੇ, ਪਰ ਜਿਸ ਤਰੀਕੇ ਨਾਲ ਧਰੁਵੀ ਦੇਸ਼ਾਂ ਤੇ ਦੂਜੇ ਮੁਲਕਾਂ ਵੱਲੋਂ ਇੱਥੋਂ ਦੀ ਕੁਦਰਤੀ ਦੌਲਤ ਦੀ ਲੁੱਟ ’ਚੋਂ ਵੱਡੇ ਤੋਂ ਵੱਡਾ ਹਿੱਸਾ ਹਾਸਲ ਕਰਨ ਲਈ ਸਰਗਰਮੀ ਹੁਣੇ ਤੋਂ ਦਿਖਾਈ ਜਾ ਰਹੀ ਹੈ, ਉਸਨੂੰ ਦੇਖ ਕੇ ਸਾਫ਼ ਹੈ ਕਿ ਇਸ ਨਾਲ ਆਰਥਿਕ-ਕੂਟਨੀਤਕ ਟਕਰਾਅ ਪੈਦਾ ਹੋਣੇ ਲਾਜ਼ਮੀ ਹਨ ਅਤੇ ਇਹ ਟਕਰਾਅ ਫੌਜੀ ਟਕਰਾਅ ਨੂੰ ਜਨਮ ਦੇ ਸਕਦੇ ਹਨ। ਇਸ ਖਿੱਤੇ ਵਿੱਚ ਵੱਖ-ਵੱਖ ਸਰਮਾਏਦਾਰ ਦੇਸ਼ਾਂ ਦੀ ਪਾਲਾਬੰਦੀ ਕਿਸ ਤਰਾਂ ਹੁੰਦੀ ਹੈ ਇਹ ਅਜੇ ਸਾਫ਼ ਨਹੀਂ ਕਿਉਂਕਿ ਸਥਿਤੀ ਕਾਫ਼ੀ ਗੁੰਝਲਦਾਰ ਹੈ। ਰੂਸ ਆਪਣੇ ਆਪ ਨੂੰ ਇਸ ਖਿੱਤੇ ’ਚ ਚੌਧਰੀ ਸਥਾਪਤ ਕਰਨਾ ਚਾਹੁੰਦਾ ਹੈ ਅਤੇ ਆਰਕਟਿਕ ਨੂੰ ਲੈ ਕੇ ਉਸਦੀ ਕੈਨੇਡਾ ਤੇ ਨਾਟੋ ਨਾਲ ਪਹਿਲਾਂ ਹੀ ਖੜਕ ਰਹੀ ਹੈ, ਕੈਨੇਡਾ ਤੇ ਅਮਰੀਕਾ ਦੀ ਰਵਾਇਤੀ ‘ਸਾਂਝ’ ਦੇ ਬਾਵਜੂਦ ਇਸ ਖਿੱਤੇ ’ਚ ਅਧਿਕਾਰ ਨੂੰ ਲੈ ਕੇ ਖਿੱਚਤਾਣ ਹੈ, ਕੈਨੇਡਾ ਨੇ ‘ਆਰਕਟਿਕ ਕੌਂਸਲ’ ਵਿੱਚ ਯੂਰਪੀ ਯੂਨੀਅਨ ਦੀ ਨਿਗਰਾਨ ਮੈਂਬਰ ਵਜੋਂ ਸ਼ਮੂਲੀਅਤ ਦੇ ਮਤੇ ਨੂੰ ਮਈ, 2013 ਵਿੱਚ ਵੀਟੋ ਕਰ ਦਿੱਤਾ ਹੈ ਭਾਵੇਂ ਉਹ ਨਾਟੋ ਨਾਲ ਸਾਂਝੀਆਂ ਫੌਜੀ ਮਸ਼ਕਾਂ ਵੀ ਕਰ ਚੁੱਕਾ ਹੈ, ਦੂਜੇ ਪਾਸੇ ਡੈਨਮਾਰਕ, ਸਵੀਡਨ ਤੇ ਆਈਸਲੈਂਡ ਜਿਹੇ ਛੋਟੇ ਦੇਸ਼ ਵੱਡੇ ਮਗਰਮੱਛਾਂ ਅਮਰੀਕਾ ਤੇ ਰੂਸ ਦਾ ਮੁਕਾਬਲਾ ਕਰਨ ਲਈ ਚੀਨ ਨਾਲ ਸਾਂਝਭਿਆਲੀ ਪਾ ਰਹੇ ਹਨ ਤੇ ਡੈਨਮਾਰਕ ਤਾਂ ਨਾਟੋ ਤੋਂ ਬਾਗੀ ਹੋ ਕੇ ਅਜਿਹਾ ਕਰ ਰਿਹਾ ਹੈ। ਆਰਕਟਿਕ ਵਿੱਚ ਠੰਢੀ ਜੰਗ ਸਮੇਂ ਵੀ ਕੂਟਨੀਤਕ ਦਬਾਅ ਬਣਾਉਣ ਲਈ ਅਮਰੀਕੀ ਸਾਮਰਾਜੀ ਗੁੱਟ ਤੇ ਸੋਵੀਅਤ ਸਮਾਜਿਕ ਸਾਮਰਾਜੀ ਗੁੱਟ ਦੀ ਫੌਜੀ ਹਾਜ਼ਰੀ ਰਹੀ ਹੈ ਪਰ ਉਸ ਸਮੇਂ ਹਾਲਤ ਬਿਲਕੁਲ ਅਲੱਗ ਸੀ, ਬਰਫ ਜੰਮੀ ਹੋਣ ਕਰਕੇ ਟਿਕਣਾ ਬਹੁਤ ਮੁਸ਼ਕਿਲ ਸੀ, ਤੇ ਦੂਜਾ ਤੇਲ, ਗੈਸ ਆਦਿ ਸਾਧਨਾਂ ਦੀ ਲੁੱਟ ਦਾ ਲਾਲਚ ਵੀ ਨਹੀਂ ਸੀ। ਹੁਣ ਹਾਲਤ ਬਦਲ ਚੁੱਕੀ ਹੈ। ਹੁਣ ਆਰਕਟਿਕ ਖੇਤਰ ’ਚ ਵੱਡੇ ਆਰਥਿਕ ਮੁਨਾਫੇ ਸਰਮਾਏਦਾਰਾਂ ਦੇ ਅੱਗੇ ਖੜੇ ਹਨ ਜਿਸਨੂੰ ਕੋਈ ਵੀ ਧਿਰ ਛੱਡਣ ਲਈ ਤਿਆਰ ਨਹੀਂ ਹੋਵੇਗੀ। ਕੁਝ ਸਰਮਾਏਦਾਰਾ ਬੌਧਿਕ ਚਾਕਰਾਂ ਦਾ ਕਹਿਣਾ ਹੈ ਕਿ ਸਰਮਾਏਦਾਰ ਦੇਸ਼ ਹੁਣ ‘ਸਿਆਣੇ’ ਹੋ ਚੁੱਕੇ ਹਨ ਤੇ ਉਹ ਅਮਨਪੂਰਵਕ ਢੰਗਾਂ ਨਾਲ ਮਿਲ-ਬੈਠ ਕੇ ਸਭ ਕੁਝ ਸੁਲਝਾਅ ਲੈਣਗੇ ਪਰ ਉਹਨਾਂ ਨੂੰ ਸਰਮਾਏਦਾਰੀ ਦਾ ਇਤਿਹਾਸ ਭੁੱਲ ਗਿਆ ਹੈ, ਜੋ ਉਹਨਾਂ ਨੂੰ ਅਕਸਰ ਭੁੱਲ ਜਾਂਦਾ ਹੈ। ਬਸਤੀਆਂ ਦੀ ਵੰਡ ਲਈ ਦੋ ਸੰਸਾਰ ਜੰਗਾਂ, ਠੰਢੀ ਜੰਗ, ਅਤੇ ਹੁਣ ਇਰਾਕ, ਲਿਬੀਆ, ਸੀਰੀਆ ਤੇ ਹੋਰ ਕਈ ਥਾਵਾਂ ’ਤੇ ਜਾਰੀ ਸਾਮਰਾਜੀ ਜੰਗਾਂ ਤੇ ਖਹਿਬਾਜ਼ੀ ਇਸ ਗੱਲ ਦਾ ਸਬੂਤ ਹਨ ਕਿ ਮੁਨਾਫੇ ਦੀ ਵੰਡ ਇੰਨੀ “ਅਮਨਪੂਰਵਕ” ਨਹੀਂ ਹੁੰਦੀ ਜਿੰਨੀ ਕਿ ਇਹ ਸਰਮਾਏਦਾਰਾ ਬੌਧਿਕ ਚਾਕਰ ਪ੍ਰਚਾਰਦੇ ਹਨ। ਖੈਰ, ਇਹ ਸਮੁੱਚੀ ਮਨੁੱਖਤਾ ਲਈ ਚਿੰਤਾ ਦਾ ਵਿਸ਼ਾ ਹੈ ਕਿ ਜਿੱਥੇ ਆਰਕਟਿਕ ਦੀ ਸਥਾਈ ਬਰਫ ਪਿਘਲਣ ਦਾ ਵਰਤਾਰਾ ਧਰਤੀ ਉੱਤੇ ਵੱਡੇ ਮੌਸਮੀ ਤੇ ਵਾਤਾਵਰਣ ਬਦਲਾਵਾਂ ਦਾ ਖਤਰਾ ਪੈਦਾ ਕਰ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਇਹ ਪੂਰੀ ਦੁਨੀਆਂ ਨੂੰ ਨਵੇਂ ਕੂਟਨੀਤਕ-ਫੌਜੀ ਟਕਰਾਵਾਂ ਵਿੱਚ ਧੱਕੇ ਜਾਣ ਦਾ ਸਬੱਬ ਵੀ ਪੈਦਾ ਕਰ ਰਿਹਾ ਹੈ। ਸਰਮਾਏਦਾਰੀ ਢਾਂਚਾ ਕਿਸ ਹੱਦ ਤੱਕ ਮਨੁੱਖ-ਦੋਖੀ ਹੋ ਚੁੱਕਾ ਹੈ, ਇਹ ਇਸ ਸੱਚਾਈ ਦੀ ਪੁਸ਼ਟੀ ਕਰਨ ਵਾਲੀ ਇੱਕ ਹੋਰ ਉਦਾਹਰਣ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 17, ਜੂਨ 2013 ਵਿਚ ਪ੍ਰਕਾਸ਼ਿ

….

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s