ਉੱਤਰ ਪ੍ਰਦੇਸ਼ ‘ਚ ਫਿਰਕੂ ਤਾਕਤਾਂ ਦੇ ਵਧਦੇ ਕਦਮ •ਗੁਰਪ੍ਰੀਤ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਉੱਤਰ ਪ੍ਰਦੇਸ਼ ਦੇ ਦਾਦਰੀ ਦੇ ਪਿੰਡ ਬਿਸਹੜਾ ਦੇ ਮੁਹੰਮਦ ਅਖਲਾਕ ਨੂੰ ਪਾਠਕ ਭੁੱਲੇ ਨਹੀਂ ਹੋਣਗੇ ਤੇ ਭੁੱਲਣਾ ਵੀ ਨਹੀਂ ਚਾਹੀਦਾ ਕਿਉਂਕਿ ਅਜਿਹੀਆਂ ਘਟਨਾਵਾਂ ਨੂੰ ਭੁੱਲਣਾ ਫਿਰਕੂ ਤਾਕਤਾਂ ਦੇ ਜਿੱਤਣ ਤੇ ਸਾਡੀ ਹਾਰ ਦਾ ਸੰਕੇਤ ਹੁੰਦਾ ਹੈ। ਪਿਛਲੇ ਸਾਲ 25 ਸਤੰਬਰ ਨੂੰ ਉਸਨੂੰ ਪਿੰਡ ਵਿੱਚ ਹਿੰਦੂ ਕੱਟੜਪੰਥੀਆਂ ਵੱਲੋਂ ਗਾਂ ਦਾ ਮਾਸ ਖਾਣ ਦੀ ਅਫਵਾਹ ਉਡਾ ਕੇ ਭੀੜ ਦੇ ਰੂਪ ਵਿੱਚ ਕੁੱਟ ਕੇ ਮਾਰ ਦਿੱਤਾ ਗਿਆ ਸੀ ਤੇ ਉਸਦੇ ਪਰਿਵਾਰ ਨੂੰ ਜਖਮੀ ਕਰ ਦਿੱਤਾ ਗਿਆ ਸੀ। ਇਸ ਮਗਰੋਂ ਮੀਡੀਆ ਤੇ ਕਨੂੰਨ ਦੀ ਦਿਲਚਸਪੀ ਇਸ ਸਾਜਿਸ਼ ਦੀ ਸੱਚਾਈ ਵਿੱਚ ਘੱਟ ਤੇ ਇਸ ਗੱਲ ਵਿੱਚ ਵੱਧ ਸੀ ਕਿ ਜੋ ਮੀਟ ਉਹ ਖਾ ਰਿਹਾ ਸੀ ਉਹ ਗਾਂ ਦਾ ਸੀ ਜਾਂ ਨਹੀਂ। ਕਿਹਾ ਜਾਂਦਾ ਹੈ ਕਿ ਉਸਦੀ ਲਾਸ਼ ਨਾਲ਼ੋਂ ਪਹਿਲਾਂ ਉਸ ਵੱਲੋਂ ਖਾਧਾ ਜਾ ਰਿਹਾ ਮੀਟ ਚੁੱਕਿਆ ਗਿਆ ਤਾਂ ਜੋ ਟੈਸਟਾਂ ਰਾਹੀਂ ਪਤਾ ਲੱਗ ਸਕੇ ਕਿ ਉਹ ਮੀਟ ਗਾਂ ਦਾ ਸੀ ਜਾਂ ਨਹੀਂ। ਅਖਲਾਕ ਦੀ ਮੌਤ ਮਗਰੋਂ ਉਸਦਾ ਪਰਿਵਾਰ ਤੇ ਕੁੱਝ ਹੋਰ ਮੁਸਲਿਮ ਪਰਿਵਾਰ ਪਿੰਡ ਛੱਡ ਗਏ। ਇੱਕ ਪਾਸੇ ਅਖਲਾਕ ਦੇ ਕਤਲ ਦੇ ਦੋਸ਼ ਵਿੱਚ 18 ਦੇ ਕਰੀਬ ਲੋਕਾਂ ਉੱਪਰ ਮੁਕੱਦਮਾ ਚੱਲ ਰਿਹਾ ਹੈ ਤੇ ਦੂਜੇ ਪਾਸੇ ਇਹ ਖ਼ਬਰ ਵੀ ਹੈ ਕਿ ਅਖਲਾਕ ਦੇ ਪਰਿਵਾਰ ਉੱਪਰ ਬੀਫ ਖਾਣ ਦਾ ਮੁਕੱਦਮਾ ਵੀ ਦਰਜ ਹੈ। ਇਸ ਘਟਨਾ ਦੇ ਇੱਕ ਸਾਲ ਮਗਰੋਂ ਇਸ ਪਿੰਡ ਦੀ ਕੀ ਖ਼ਬਰ ਹੈ? ਵੱਖਰੇ ਧਰਮ ਦੇ ਲੋਕਾਂ ਦਰਮਿਆਨ ਪਹਿਲਾਂ ਵਾਲ਼ਾ ਭਾਈਚਾਰਾ ਖਿੰਡ-ਖੱਪਰ ਗਿਆ ਹੈ, ਮੁਸਲਿਮ ਅਬਾਦੀ ਦਹਿਸ਼ਤ ਹੇਠ ਜਿਉਂ ਰਹੀ ਹੈ ਤੇ ਉਹਨਾਂ ਨੂੰ ਹੁਣ ਕੋਈ ਪਿੰਡ ‘ਚ ਰੁਜ਼ਗਾਰ ਨਹੀਂ ਦਿੰਦਾ। ਰੁਜ਼ਗਾਰ ਦੀ ਭਾਲ਼ ਤੇ ਅਖਲਾਕ ਦੀ ਹੋਣੀ ਤੋਂ ਖੌਫਜ਼ਦਾ ਜ਼ਿਆਦਤਰ ਮੁਸਲਿਮ ਨੌਜਵਾਨ ਪਿੰਡ ਤੋਂ ਦੂਰੇਡੇ ਇਲਾਕਿਆਂ ‘ਚ ਕੰਮ ਕਰਦੇ ਹਨ। ਮੁਸਲਮਾਨਾਂ ਦੀ ਕਿਸੇ ਵੀ ਧਾਰਮਿਕ ਰਸਮ ਦੀ ਅਵਾਜ਼ ਕੰਧਾਂ ਟੱਪਣ ਦੀ ਹੀਆ ਨਹੀਂ ਕਰਦੀ, ਸਪੀਕਰਾਂ ਨੇ ਮੌਨ ਧਾਰ ਲਿਆ ਹੈ। ਹਿੰਦੂ ਪਰਿਵਾਰਾਂ ਦੇ 18 ਨੌਜਵਾਨ ਅਖਲਾਕ ਦੇ ਕਤਲ ਦੇ ਦੋਸ਼ ‘ਚ ਗ੍ਰਿਫਤਾਰ ਹਨ ਤੇ ਕਈਆਂ ਦੇ ਪਰਿਵਾਰ ਉਹਨਾਂ ਦੇ ਬੇਕਸੂਰ ਹੋਣ ਦਾ ਦਾਅਵਾ ਕਰਦੇ ਹਨ। ਇਹਨਾਂ ਵਿੱਚੋਂ ਇੱਕ ਨੌਜਵਾਨ ਰਵੀ ਨੂੰ ਇਸ 5 ਅਕਤੂਬਰ ਨੂੰ ਜੇਲ੍ਹ ਵਿੱਚੋਂ ਗੰਭੀਰ ਬਿਮਾਰੀ ਦੀ ਹਾਲਤ ‘ਚ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਸ਼ਾਮ ਨੂੰ ਗੁਰਦੇ ਫੇਲ ਹੋਣ ਤੇ ਬਲੱਡ ਸ਼ੂਗਰ ਵਧਣ ਕਾਰਨ ਉਸਦੀ ਮੌਤ ਹੋ ਗਈ। ਪਰਿਵਾਰ ਵਾਲ਼ੇ ਦੋਸ਼ ਲਾ ਰਹੇ ਹਨ ਕਿ ਉਸਦੀ ਮੌਤ ਕੁੱਟਮਾਰ ਕਾਰਨ ਹੋਈ ਹੈ। ਇਸ ਮਗਰੋਂ ਇੱਕ ਵਾਰ ਫੇਰ ਬਿਸਹਾੜਾ ‘ਚ ਫਿਰਕੂ ਸਿਆਸਤ ਸ਼ੁਰੂ ਹੋ ਗਈ। ਸਾਧਵੀ ਪ੍ਰਾਚੀ ਸਮੇਤ ਅਨੇਕਾਂ ਹਿੰਦੂ ਕੱਟੜਪੰਥੀ ਆਗੂਆਂ ਨੇ ਉਸਦੀ ਲਾਸ਼ ‘ਤੇ ਨਫਰਤ ਉਗਲ਼ਦੇ ਭਾਸ਼ਣ ਦਿੱਤੇ। ਅਖਲਾਕ ਦੇ ਪਰਿਵਾਰ ਨੂੰ ਗ੍ਰਿਫਤਾਰ ਕਰਨ, ਜੇਲ੍ਹ ‘ਚ ਬੰਦ ਹਿੰਦੂ ਨੌਜਵਾਨਾਂ ਨੂੰ ਰਿਹਾਅ ਕਰਨ ਤੇ ਰਵੀ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੇਣ ਦੀ ਮੰਗ ਉੱਠੀ। ਇਸ ਮਗਰੋਂ ਸਰਕਾਰ ਵੱਲੋਂ ਪਰਿਵਾਰ ਨੂੰ 20 ਲੱਖ ਰੁਪਏ ਦਿੱਤੇ ਗਏ ਤੇ ਉਸਦੀ ਲਾਸ਼ ਨੂੰ ਤਿਰੰਗੇ ‘ਚ ਲਪੇਟਿਆ ਗਿਆ ਤੇ ਪਿੰਡ ਵਾਲ਼ਿਆਂ ਵੱਲੋਂ ਉਸਨੂੰ ਸ਼ਹੀਦ ਐਲਾਨਿਆ ਗਿਆ। ਇਸ ਸਮੇਂ ਪਿੰਡ ‘ਚ ਵਸਦੇ ਮੁਸਲਮਾਨਾਂ ਲਈ ਮਹੌਲ ਹੋਰ ਵੀ ਅਸੁਖਾਵਾਂ ਹੋ ਗਿਆ।

ਇਹ ਘਟਨਾ ਦੱਸਦੀ ਹੈ ਕਿ ਫਿਰਕੂ ਤਾਕਤਾਂ ਵੱਲੋਂ ਫੈਲਾਇਆ ਜਾ ਰਿਹਾ ਜ਼ਹਿਰ ਕਿਸ ਹੱਦ ਤੱਕ ਭਾਰਤੀ ਸਮਾਜ ਦੀਆਂ ਨਸਾਂ ਵਿੱਚ ਵਸ ਚੁੱਕਾ ਹੈ। ਇੱਥੋਂ ਇਹ ਵੀ ਸਮਝਣਾ ਚਾਹੀਦਾ ਹੈ ਕਿ ਅਖਲਾਕ ਦਾ ਕਤਲ ਜਾਂ ਅਜਿਹੀ ਕੋਈ ਹੋਰ ਫਿਰਕੂ ਘਟਨਾ ਸਿਰਫ ਇੱਕ ਵਾਰਦਾਤ ਨਹੀਂ ਹੁੰਦੀ ਸਗੋਂ ਉਹ ਫਿਰਕੂ ਨਫਰਤ ਦੀ ਇੱਕ ਅਜਿਹੀ ਲਕੀਰ ਹੁੰਦੀ ਹੈ ਜੋ ਲੰਘਦੇ ਦਿਨ ਨਾਲ਼ ਹੋਰ ਡੂੰਘੀ ਹੁੰਦੀ ਜਾਂਦੀ ਹੈ ਤੇ ਨਵੀਆਂ ਘਟਨਾਵਾਂ ਦੇ ਵਾਪਰਨ ਲਈ ਜ਼ਮੀਨ ਤਿਆਰ ਕਰਦੀ ਜਾਂਦੀ ਹੈ। ਇਸ ਘਟਨਾ ਮਗਰੋਂ ਪਿੰਡ ਦੀ ਹਿੰਦੂ ਅਬਾਦੀ ਦੀ ਸਹਿਜ ਪ੍ਰਤੀਕਿਰਿਆ ਇਹ ਹੈ ਕਿ ਮੌਜੂਦਾ ਸਮਾਜਵਾਦੀ ਪਾਰਟੀ ਦੀ ਸਰਕਾਰ ਮੁਸਲਮਾਨਾਂ ਦੀ ਹਮਾਇਤ ਕਰ ਰਹੀ ਹੈ ਤੇ ਹਿੰਦੂਆਂ ਨਾਲ਼ ਧੱਕਾ ਕਰ ਰਹੀ, ਇਸ ਲਈ ਉਹ ਅਗਲੇ ਸਾਲ ਹੋਣ ਵਾਲ਼ੀਆਂ ਵਿਧਾਨ ਸਭਾ ਚੋਣਾਂ ਵਿੱਚ ਬਹੁਤੇ ਭਾਜਪਾ ਨੂੰ ਸੱਤ੍ਹਾ ਵਿੱਚ ਵੇਖਣਾ ਚਾਹੁੰਦੇ ਹਨ ਤੇ ਦੂਜੇ ਪਾਸੇ ਦਹਿਸ਼ਤ ਮਾਰੇ ਮੁਸਲਮਾਨ ਹਿੰਦੂ ਕੱਟੜਪੰਥੀਆਂ ਤੇ ਭਾਜਪਾ ਦੇ ਡਰ ਕਾਰਨ ਸਮਾਜਵਾਦੀ ਪਾਰਟੀ (ਸਪਾ) ਦਾ ਵੋਟ ਬੈਂਕ ਬਣਨ ਨੂੰ ਤਿਆਰ ਹਨ। ਇਸ ਤਰ੍ਹਾਂ ਲੋਕ ਮਨਾਂ ਦੀ ਜ਼ਮੀਨ ਅੰਦਰ ਫਿਰਕੂ ਬੀਜਾਂ ਦੇ ਛੱਟੇ ਦੇਕੇ ਚੋਣਾਂ ਵੇਲ਼ੇ ਵੋਟਾਂ ਦੀ ਫਸਲ ਵੱਢਣ ਦੀ ਤਿਆਰੀ ਵੀ ਹੋ ਰਹੀ ਹੈ।

ਬਿਸਹਾੜਾ ਦੀ ਘਟਨਾ ਉਸ ਵਰਤਾਰੇ ਦੀ ਉੱਘੜਵੀਂ ਮਿਸਾਲ ਹੈ ਜੋ ਇਹਨਾਂ ਦਿਨਾਂ ਵਿੱਚ ਉੱਤਰ ਪ੍ਰਦੇਸ਼ ਦੀਆਂ ਗਲ਼ੀਆਂ ‘ਚ ਵਾਪਰ ਰਿਹਾ ਹੈ ਤੇ ਤੇਜੀ ਨਾਲ਼ ਫੈਲ ਰਿਹਾ ਹੈ। ਪੁਲਿਸ ਕੋਲ਼ 2010 ਤੋਂ ਲੈ ਕੇ ਹੁਣ ਤੱਕ ਉੱਤਰ ਪ੍ਰਦੇਸ਼ ਦੇ 75 ਜ਼ਿਲ੍ਹਿਆਂ ‘ਚ ਫਿਰਕੂ ਤਣਾਅ ਤੇ ਹਿੰਸਾ ਦੀਆਂ 12,000 ਘਟਨਾਵਾਂ ਦਰਜ ਹੋ ਚੁੱਕੀਆਂ ਹਨ। ਇਹਨਾਂ ਵਿੱਚੋਂ 11,000 ਘਟਨਾਵਾਂ 2012 ਦੀਆਂ ਚੋਣਾਂ ਤੋਂ ਬਾਅਦ ਵਾਪਰੀਆਂ ਹਨ ਤੇ ਉਸ ਤੋਂ ਬਾਅਦ ਇਹਨਾਂ ਵਿੱਚ ਹਰ ਸਾਲ ਵਾਧਾ ਹੁੰਦਾ ਆਇਆ ਹੈ। ਜੂਨ 2013 ਤੋਂ ਲੈ ਕੇ ਹੁਣ ਤੱਕ ਕੋਈ ਵੀ ਦਿਨ ਅਜਿਹਾ ਨਹੀਂ ਵਾਪਰਿਆ ਜਦੋਂ ਫਿਰਕੂ ਰੰਗਤ ਦੀ ਕੋਈ ਘਟਨਾ ਨਾ ਵਾਪਰੀ ਹੋਵੇ। 2015 ‘ਚ ਸਭ ਤੋਂ ਵੱਧ 3708 ਘਟਨਾਵਾਂ ਵਾਪਰੀਆਂ ਤੇ ਇਸ ਸਾਲ ਵੀ 1200 ਤੋਂ ਉੱਪਰ ਘਟਨਾਵਾਂ ਵਾਪਰ ਚੁੱਕੀਆਂ ਹਨ। 27 ਜੁਲਾਈ ਤੋਂ 2 ਅਗਸਤ ਤੱਕ ਦੇ ਹਫਤੇ ਸਭ ਤੋਂ ਵੱਧ 106 ਵਾਰਦਾਤਾਂ ਹੋਈਆਂ ਜਿਹਨਾਂ ਵਿੱਚੋਂ ਜ਼ਿਆਦਾਤਰ 17 ਜ਼ਿਲ੍ਹਿਆਂ ‘ਚ ਕੇਂਦਰਤ ਸਨ। ਮੁਜੱਫਰਨਗਰ ਦੇ ਦੰਗੇ ਇਸ ਅਰਸੇ ਦੀ ਸਭ ਤੋਂ ਵੱਡੀ ਘਟਨਾ ਸੀ, ਜੋ ਦੰਗੇ ਨਹੀਂ ਅਸਲ ‘ਚ ਯੋਜਨਾਬੱਧ ਢੰਗ ਨਾਲ਼ ਮਸਲਾ ਭੜਕਾ ਕੇ ਮੁਸਲਮਾਨਾਂ ਦਾ ਕੀਤਾ ਕਤਲੇਆਮ ਸੀ। ਇਸ ਵਿੱਚ 62 ਜਣੇ ਮਾਰੇ ਗਏ, ਹਜ਼ਾਰਾਂ ਲਾਪਤਾ ਹੋਏ ਤੇ ਕਰੀਬ 80,000 ਲੋਕਾਂ ਨੂੰ ਉਜਾੜੇ ਦਾ ਸ਼ਿਕਾਰ ਹੋਣਾ ਪਿਆ। ਇਸ ਨਾਲ਼ ਮੁੱਜ਼ਫਰਨਗਰ ਹੀ ਨਹੀਂ ਸਗੋਂ ਉੱਤਰ ਪ੍ਰਦੇਸ਼ ਦੇ ਵੱਡੇ ਹਿੱਸੇ ਵਿੱਚ ਹਿੰਦੂ ਤੇ ਮੁਸਲਮਾਨਾਂ ਵਿਚਕਾਰ ਪਾੜੇ ਦੀਆਂ ਲਕੀਰਾਂ ਖਿੱਚੀਆਂ ਗਈਆਂ। ਇਹਨਾਂ ਫਿਰਕੂ ਵੰਡੀਆਂ ਦੇ ਦਮ ‘ਤੇ ਹੀ ਜਿਸ ਭਾਜਪਾ ਨੂੰ 2012 ਦੀਆਂ ਵਿਧਾਨ ਸਭਾ ਚੋਣਾਂ ‘ਚ ਗਿਣਤੀ ਦੀਆਂ ਸੀਟਾਂ ਮਿਲ਼ੀਆਂ ਸਨ ਉਹ 2014 ਦੀਆਂ ਲੋਕ ਸਭਾ ਚੋਣਾਂ ਵਿੱਚ 80 ਵਿੱਚ 71 ਸੀਟਾਂ ‘ਤੇ ਕਾਬਜ ਰਹੀ। ਇਹ ਵੀ ਯਾਦ ਰਹੇ ਕਿ ਇਹ ਉਹੀ ਉੱਤਰ ਪ੍ਰਦੇਸ਼ ਹੈ ਜਿੱਥੇ 1992 ‘ਚ ਅਯੁੱਧਿਆ ‘ਚ ਹਿੰਦੂਆਂ ਤੇ ਮੁਸਲਮਾਨਾਂ ਵਿਚਕਾਰ ਪਾੜਾ ਪੈਦਾ ਕਰਨ ਵਾਲ਼ੀ ਸਭ ਤੋਂ ਘਟਨਾ ਵਾਪਰੀ ਸੀ, ਭਾਵ ਬਾਬਰੀ ਮਸਜਿਦ ਢਾਹੀ ਗਈ ਸੀ। ਇਸ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਤੇ ਇਸਨੇ ਫਿਰਕੂ ਵੰਡਾਂ ਡੂੰਘੀਆਂ ਕਰਨ, ਮੁਸਲਮਾਨਾਂ ਵਿੱਚ ਦਹਿਸ਼ਤ ਪੈਦਾ ਕਰਨ ਦਾ ਕੰਮ ਕੀਤਾ। ਇਹ ਬਾਬਰੀ ਮਸਜਿਦ ਅੱਜ ਵੀ ਫਿਰਕੂ ਸਿਆਸਤ ਦਾ ਅਹਿਮ ਪੱਤਾ ਬਣੀ ਹੋਈ ਹੈ।

ਉੱਤਰ ਪ੍ਰਦੇਸ਼ ‘ਚ ਕਿਤੇ ਮੂਰਤੀਆਂ ਭੰਨਣ ਦਾ ਬਹਾਨਾ ਬਣਾਇਆ ਜਾ ਰਿਹਾ ਹੈ, ਕਿਤੇ ਧਾਰਮਿਕ ਜਲੂਸ ਨੂੰ ਰੋਕਣ, ਹਮਲਾ ਕਰਨ ਦਾ ਇਲਜਾਮ ਲਾਇਆ ਜਾ ਰਿਹਾ ਹੈ। ਮਾਸ ਦਾ ਟੁਕੜਾ ਸੁੱਟਣ, ਜੈਕਾਰਾ ਲਾਉਣ, ਰਾਹ ਨੂੰ ਲੈ ਕੇ ਵਿਵਾਦ ਤੇ ਧਾਰਮਿਕ ਸਥਾਨ ‘ਤੇ ਵੱਜ ਰਹੇ ਸਪੀਕਰ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ। ਹੋਲੀ ਤੇ ਮੁਹਰਮ ਜਿਹੇ ਤਿਉਹਾਰਾ ਮੌਕੇ ਅਜਿਹੀਆਂ ਘਟਨਾਵਾਂ ਜ਼ਿਆਦਾ ਵਾਪਰਦੀਆਂ ਹਨ। 23 ਫੀਸਦੀ ਘਟਨਾਵਾਂ ਜੈਕਾਰੇ ਲਾਉਣ ਤੇ ਸਪੀਕਰ ਆਦਿ ਦੇ ਵਿਵਾਦ ਨੂੰ ਲੈ ਕੇ ਵਾਪਰੀਆਂ ਹਨ। ਗਊਆਂ ਦੇ ਕਤਲ ਨੂੰ ਬਹਾਨਾ ਬਣਾ ਕੇ 19 ਫੀਸਦੀ ਘਟਨਾਵਾਂ ਅੰਜ਼ਾਮ ਦਿੱਤੀਆਂ ਗਈਆਂ ਹਨ। ਜਿਨਸੀ ਛੇੜਛਾੜ ਦੀਆਂ ਘਟਨਾਵਾਂ 15 ਫੀਸਦੀ ਮਾਮਲਿਆਂ ਦਾ ਕਾਰਨ ਬਣੀਆਂ ਹਨ। ਮੇਰਠ ਵਿੱਚ 2010 ‘ਚ ਸਿਰਫ 27 ਘਟਨਾਵਾਂ ਵਾਪਰੀਆਂ ਤੇ 2015 ‘ਚ ਅਜਿਹੀਆਂ ਘਟਨਾਵਾਂ ਦੀ ਗਿਣਤੀ 234 ਹੋ ਗਈ ਸੀ। ਮੌਕੇ ਦੇ ਕਾਰਨ ਭਾਵੇਂ ਕੋਈ ਵੀ ਰਹੇ ਹੋਣ ਪਰ ਸਭ ਦੀਆਂ ਜੜ੍ਹਾਂ ਵਿੱਚ ਫਿਰਕੂ ਨਫਰਤ ਫੈਲਾਉਣ ਦੀਆਂ ਯੋਜਨਾਬੱਧ ਕੋਸ਼ਿਸ਼ਾਂ ਹੀ ਰਹੀਆਂ ਹਨ।

ਜਿੱਥੇ ਇੱਕ ਪਾਸੇ ਫਿਰਕੂ ਜਨੂੰਨ ਭੜਕਾ ਕੇ ਹਿੰਸਾ, ਤਣਾਅ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਉੱਥੇ ਰਾਸ਼ਟਰੀ ਸਵੈਸੇਵਕ ਸੰਘ ਨਾਲ਼ ਜੁੜੀਆਂ ਹਿੰਦੂ ਕੱਟੜਪੰਥੀ ਤਾਕਤਾਂ ਵੱਲੋਂ ਇਸਦੀਆਂ ਤਿਆਰੀਆਂ ਕੀਤੇ ਜਾਣ ਦੇ ਮਾਮਲੇ ਵੀ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ। ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿੱਚ ਸੰਘ ਦੀਆਂ ਸ਼ਾਖਾਵਾਂ ਦੀ ਗਿਣਤੀ ਤੇਜੀ ਨਾਲ਼ ਵਧ ਰਹੀ ਹੈ, ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਤੇ ਹਿੰਦੂ ਵਾਹਿਣੀ ਆਦਿ ਜਿਹੀਆਂ ਜਥੇਬੰਦੀਆਂ ‘ਚ ਭਰਤੀ ਤੇ ਇਹਨਾਂ ਦੇ ਸਮਾਗਮਾਂ ‘ਚ ਵਾਧਾ ਹੋਇਆ ਹੈ ਜਿੱਥੇ ਇੱਕ-ਦੂਜੇ ਤੋਂ ਵਧ ਕੇ ਲੋਕ ਮਨਾਂ ਅੰਦਰ ਫਿਰਕੂ ਨਫਰਤ ਭਰੀ ਜਾਂਦੀ ਹੈ। ਇਸਦੇ ਨਾਲ਼ ਹੀ ਸੰਘ ਨਾਲ਼ ਜੁੜੀਆਂ ਜਥੇਬੰਦੀਆਂ ਵੱਲੋਂ “ਸਵੈ-ਰੱਖਿਆ ਕੈਂਪ” ਦੇ ਨਾਮ ‘ਤੇ ਲੋਕਾਂ ਨੂੰ ਹਥਿਆਰ ਚਲਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਦਹਿਸ਼ਤਗਰਦਾਂ ਨਾਲ਼ ਲੜਿਆ ਜਾ ਸਕੇ। ਪਰ ਅਸਲ ਮਕਸਦ ਦਹਿਸ਼ਗਰਦੀ ਦੇ ਨਾਮ ‘ਤੇ ਮੁਸਲਮਾਨਾਂ, ਇਸਾਈਆਂ, ਦਲਿਤਾਂ ਜਿਹੀਆਂ ਘੱਟ-ਗਿਣਤੀਆਂ ਅਤੇ ਲੋਕਾਂ ਦੇ ਅਸਲ ਮਸਲਿਆਂ ਲਈ ਬੋਲਣ ਵਾਲ਼ੀਆਂ ਅਗਾਂਹਵਧੂ ਇਨਕਲਾਬੀ ਤਾਕਤਾਂ ਖਿਲਾਫ ਹਿੰਦੂ ਅਬਾਦੀ ਨੂੰ ਭੜਕਾਉਣਾ ਤੇ ਲੋੜ ਪੈਣ ‘ਤੇ ਉਹਨਾਂ ਖਿਲਾਫ ਇਹਨਾਂ ਹਥਿਆਰਾਂ ਨੂੰ ਵਰਤਣਾ ਹੈ। ਇਹਨਾਂ ਕੈਂਪਾਂ ਵਿੱਚ ਨੌਜਵਾਨ ਹੀ ਨਹੀਂ ਸਗੋਂ ਛੋਟੀ ਉਮਰ ਦੇ ਬੱਚੇ ਵੀ ਸ਼ਾਮਲ ਹੁੰਦੇ ਹਨ।

ਇੱਕ ਗੱਲ ਤਾਂ ਸਪੱਸ਼ਟ ਹੈ ਕਿ ਅੱਜ ਕਿਸੇ ਵੀ ਪਾਰਟੀ ਕੋਲ਼ ਕੋਈ ਅਸਲ ਮੁੱਦਾ ਨਹੀਂ ਹੈ। ਡੂੰਘੇ ਆਰਥਿਕ ਸੰਕਟ ਵਿੱਚ ਘਿਰੇ ਸਰਮਾਏਦਾਰਾ ਢਾਂਚੇ ਦੇ ਇਸ ਸੰਕਟ ‘ਚੋਂ ਨਿੱਕਲਣ ਦੇ ਕੋਈ ਸੰਕੇਤ ਨਹੀਂ ਮਿਲ਼ ਰਹੇ। ਅਜ਼ਾਦੀ ਤੋਂ ਬਾਅਦ ਦੇ 69 ਸਾਲਾਂ ਦੇ ਰਿਕਾਰਡ-ਤੋੜ ਭ੍ਰਿਸ਼ਟਾਚਾਰ, ਅੰਬਰ ਛੂੰਹਦੀ ਮਹਿੰਗਾਈ, ਵਧਦੀ ਗਰੀਬੀ ਤੇ ਬੇਰੁਜ਼ਗਾਰੀ ਕਾਰਨ ਲੋਕਾਂ ਦਿਲਾਂ ਅੰਦਰ ਇਸ ਢਾਂਚੇ ਤੋਂ ਦੂਰੀ ਵਧਦੀ ਜਾ ਰਹੀ ਹੈ ਤੇ ਇਸ ਖਿਲਾਫ ਗੁੱਸਾ ਇਕੱਠਾ ਹੁੰਦਾ ਜਾ ਰਿਹਾ ਹੈ। ਮੌਜੂਦਾ ਨਵ-ਉਦਾਰਵਾਦ ਦੇ ਦੌਰ ਵਿੱਚ ਭਾਰਤੀ ਹੁਕਮਰਾਨ ਲੋਕਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਛੋਟੀਆਂ-ਮੋਟੀਆਂ ਸਹੂਲਤਾਂ ਨੂੰ ਖੋਹ ਕੇ ਦੇਸ਼ ਦੇ ਸਰਮਾਏਦਾਰ ਤਬਕੇ ਦੀਆਂ ਜੇਬਾਂ ਭਰਨ ਲਈ ਤਿਆਰ ਹਨ। ਜੋ ਵੀ ਪਾਰਟੀ ਸੱਤ੍ਹਾ ਵਿੱਚ ਆਵੇਗੀ ਉਸ ਨੇ ਵੀ ਇਹਨਾਂ ਹੀ ਨੀਤੀਆਂ ਨੂੰ ਅੱਗੇ ਵਧਾਉਣਾ ਹੈ। ਇਸ ਹਾਲਤ ਵਿੱਚ ਕੋਈ ਵੀ ਪਾਰਟੀ ਕਿਸੇ ਤਰ੍ਹਾਂ ਦੇ ਲੋਕ-ਲੁਭਾਉਣੇ ਨਾਅਰੇ ਦੇ ਨਹੀਂ ਸਕਦੀ, ਅਤੇ ਜੇ ਉਹ ਅਜਿਹਾ ਕਰਦੀ ਵੀ ਹੈ ਤਾਂ ਉਹ ਗੱਦੀ ਸੰਭਾਲਣ ਮਗਰੋਂ ਇਹਨਾਂ ਨੂੰ ਪੂਰਾ ਨਹੀਂ ਕਰ ਸਕਦੀ। ਇਸ ਲਈ ਲੋਕਾਂ ਨੂੰ ਅਸਲ ਮੁੱਦਿਆਂ ਤੋਂ ਦੂਰ ਕਰਦਿਆਂ ‘ਫੁੱਟ ਪਾਉ ਤੇ ਰਾਜ ਕਰੋ’ ਦੀ ਨੀਤੀ ਲਾਗੂ ਕਰਨ ਤੋਂ ਬਿਨਾਂ ਉਹਨਾਂ ਕੋਲ਼ ਚੋਣਾਂ ਜਿੱਤਣ ਦਾ ਹੋਰ ਕੋਈ ਹੱਥਕੰਡਾ ਨਹੀਂ ਬਚਿਆ। ਇਸੇ ਕਾਰਨ ਅੱਜ ਲੋਕਾਂ ਨੂੰ ਧਰਮ, ਜਾਤ ਆਦਿ ਦੇ ਨਾਮ ‘ਤੇ ਵੰਡਣ, ਇਹਨਾਂ ਵੰਡੀਆਂ ਦਾ ਲਾਹਾ ਲੈ ਕੇ ਸੱਤ੍ਹਾ ਦੀਆਂ ਪੌੜੀਆਂ ਚੜਨ ਤੇ ਸੱਤ੍ਹਾ ਦੀ ਗੱਦੀ ‘ਤੇ ਸਵਾਰ ਹੋ ਕੇ ਇਹਨਾਂ ਵੰਡੀਆਂ ਰਾਹੀਂ ਆਪਣਾ ਰਾਜ-ਭਾਗ ਚਲਾਉਣਾ ਆਮ ਚਲਣ ਬਣ ਗਿਆ ਹੈ। ਇਹ ਗੱਲ ਪੂਰੇ ਭਾਰਤ ਲਈ ਵੀ ਸੱਚ ਹੈ ਤੇ ਉੱਤਰ ਪ੍ਰਦੇਸ਼ ਲਈ ਵੀ। ਇਸ ਵਿੱਚ ਸਭ ਤੋਂ ਅੱਗੇ ਭਾਜਪਾ ਹੈ। ਕਿਉਂਕਿ ਭਾਜਪਾ ਹਿੰਦੂ ਕੱਟੜਪੰਥੀ ਰਾਸ਼ਟਰੀ ਸਵੈਸੇਵਕ ਸੰਘ ਦਾ ਸਿਆਸੀ ਵਿੰਗ ਹੈ ਜਿਸਦਾ ਕੰਮ ਹੀ ਲੋਕਾਂ ਨੂੰ ਧਰਮ ਦੇ ਨਾਮ ‘ਤੇ ਵੰਡਣਾ ਤੇ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣਾ ਹੈ। ਇਸ ਨਿਸ਼ਾਨੇ ਲਈ ਗੱਦੀਨਸ਼ੀਨ ਭਾਜਪਾ ਉਹਨਾਂ ਲਈ ਲਾਹੇਵੰਦ ਹੈ। ਇਸ ਲਈ ਫਿਰਕੂ ਵੰਡੀਆਂ ਦਾ ਕੰਮ ਪਹਿਲਾਂ ਕੇਂਦਰ ਵਿੱਚ ਮੋਦੀ ਦੀ ਸਰਕਾਰ ਲਿਆਉਣ ਲਈ ਕੀਤਾ ਗਿਆ ਹੈ ਤੇ ਹੁਣ ਉੱਤਰ ਪ੍ਰਦੇਸ਼ ‘ਚ ਭਾਜਪਾ ਦੀ ਸਰਕਾਰ ਲਿਆਉਣ ਲਈ ਕੀਤਾ ਜਾ ਰਿਹਾ ਹੈ।

ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਗਾਮੀ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ‘ਚ ਰੱਖਦਿਆਂ ਧਰਮ ਦੇ ਨਾਮ ‘ਤੇ ਵੋਟਾਂ ਬਟੋਰਨ ਲਈ ਫਿਰਕੂ ਜਨੂੰਨ ਦਾ ਸਹਾਰਾ ਲਿਆ ਜਾ ਰਿਹਾ ਹੈ, ਪਰ ਇਸ ਫਿਰਕੂ ਜਨੂੰਨ ਨੂੰ ਸਿਰਫ ਚੋਣਾਂ ਤੱਕ ਘਟਾ ਕੇ ਦੇਖਣਾ ਵੀ ਗੰਭੀਰ ਗਲਤੀ ਹੋਵੇਗੀ। ਚੋਣਾਂ ਜਿੱਤਣਾ ਇਹਨਾਂ ਫਿਰਕੂ ਤਾਕਤਾਂ ਦਾ ਵਕਤੀ ਨਿਸ਼ਾਨਾ ਹੈ ਤੇ ਅਸਲ ਮਕਸਦ ਲੋਕਾਂ ਨੂੰ ਧਰਮਾਂ, ਜਾਤਾਂ ਦੇ ਨਾਮ ‘ਤੇ ਵੰਡੀ ਰੱਖਣਾ ਹੈ ਤਾਂ ਜੋ ਸਰਮਾਏਦਾਰ ਜਮਾਤ ਦਾ ਰਾਜ-ਭਾਗ ਲੋਕਾਂ ਦੇ ਕਿਸੇ ਵਿਰੋਧ ਤੋਂ ਬਿਨਾਂ ਚਲਦਾ ਰਹੇ। ਤੇਜੀ ਨਾਲ਼ ਵਧ ਰਹੀਆਂ ਰਹੀਆਂ ਇਹ ਫਿਰਕੂ ਵਾਰਦਾਤਾਂ ਵਿਖਾਉਂਦੀਆਂ ਹਨ ਕਿ ਲੋਕਾਂ ਵਿੱਚ ਧਾਰਮਿਕ ਵੰਡੀਆਂ ਦਿਨੋਂ-ਦਿਨ ਹੋਰ ਡੂੰਘੀਆਂ ਹੁੰਦੀਆਂ ਜਾ ਰਹੀਆਂ ਹਨ ਤੇ ਜਿਹਨਾਂ ਨੂੰ ਹਰ ਲੰਘਦੇ ਦਿਨ ਨਾਲ਼ ਮੇਸਣਾ ਵੀ ਓਨਾ ਹੀ ਹੋਰ ਵੱਧ ਔਖਾ ਹੁੰਦਾ ਜਾ ਰਿਹਾ ਹੈ। ਸਾਡੇ ਕਹਿਣ ਦਾ ਇਹ ਮਤਲਬ ਬਿਲਕੁਲ ਵੀ ਨਹੀਂ ਹੈ ਕਿ ਇਹਨਾਂ ਫਿਰਕੂ ਵੰਡੀਆਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ, ਜਾਂ ਇਹ ਫਿਰਕੂ ਤਾਕਤਾਂ ਅਜਿੱਤ ਹਨ, ਪਰ ਸਾਨੂੰ ਆਪਣੇ ਸਾਹਮਣੇ ਖੜੀਆਂ ਚੁਣੌਤੀਆਂ ਨੂੰ ਘਟਾ ਕੇ ਨਹੀਂ ਵੇਖਣਾ ਚਾਹੀਦਾ ਤੇ ਚੁਣੌਤੀਆਂ ਦਾ ਸਹੀ ਮੁਲੰਕਣ ਕਰਦਿਆਂ ਓਨੀ ਹੀ ਵੱਧ ਤਿਆਰੀ ਨਾਲ਼, ਵਿਆਪਕ ਪੱਧਰ ‘ਤੇ, ਵਧੇਰੇ ਧੜੱਲੇ ਨਾਲ਼ ਤੇ ਵਧੇਰੇ ਰਚਨਾਤਮਕ ਢੰਗਾਂ ਨਾਲ਼ ਕੰਮ ਕਰਨਾ ਪਵੇਗਾ। ਲੋਕਾਂ ਨੂੰ ਉਹਨਾਂ ਦੇ ਰੋਜ਼ੀ-ਰੋਟੀ, ਰੁਜ਼ਗਾਰ, ਉਜਰਤਾਂ, ਸਿਹਤ, ਸਿੱਖਿਆ ਤੇ ਰਿਹਾਇਸ਼ ਜਿਹੇ ਅਸਲ ਮਸਲਿਆਂ ‘ਤੇ ਲਾਮਬੰਦ ਕਰਨ ਦੇ ਨਾਲ਼-ਨਾਲ਼ ਸਾਨੂੰ ਲੋਕਾਂ ਵਿੱਚ ਇਸ ਫਿਰਕੂ ਸਿਆਸਤ ਦਾ ਪਾਜ ਉਘੇੜਨਾ ਚਾਹੀਦਾ ਹੈ। ਇਸਦੇ ਨਾਲ਼ ਹੀ ਉਹਨਾਂ ਵਿਚਲੇ ਅੰਧ-ਵਿਸ਼ਵਾਸ਼, ਧਾਰਮਿਕ ਕੱਟੜਪੰਥ, ਅਨਪੜ੍ਹਤਾ, ਤਰਕਹੀਣਤਾ ਜਿਹੀਆਂ ਪੱਛੜੀਆਂ ਕਦਰਾਂ-ਕੀਮਤਾਂ ਉੱਪਰ ਵੀ ਜ਼ੋਰਦਾਰ ਸੱਟ ਮਾਰਨੀ ਚਾਹੀਦੀ ਹੈ ਕਿਉਂਕਿ ਇਹਨਾਂ ਕਦਰਾਂ-ਕੀਮਤਾਂ ਕਾਰਨ ਹੀ ਫਿਰਕੂ ਤਾਕਤਾਂ ਉਹਨਾਂ ਵਿੱਚ ਜਲਦੀ ਆਪਣਾ ਅਧਾਰ ਬਣਾ ਲੈਂਦੀਆਂ ਹਨ। ਇਸਦੇ ਨਾਲ਼ ਹੀ ਇਨਕਲਾਬੀ ਤੇ ਜਮਹੂਰੀ ਤਾਕਤਾਂ ਦਾ ਇਸ ਫਿਰਕੂ-ਫਾਸੀਵਾਦ ਵਿਰੁੱਧ ਇੱਕ ਫੌਲਾਦੀ ਸਾਂਝਾ ਮੋਰਚਾ ਉਸਾਰਿਆ ਜਾਣਾ ਚਾਹੀਦਾ ਹੈ। ਮੁੱਕਦੀ ਗੱਲ, ਉੱਤਰ ਪ੍ਰਦੇਸ਼ ਵਿੱਚ ਫਿਰਕੂ ਤਾਕਤਾਂ ਆਪਣਾ ਕੰਮ ਜ਼ੋਰ-ਸ਼ੋਰ ਨਾਲ਼ ਕਰ ਰਹੀਆਂ ਹਨ, ਇਨਕਲਾਬੀ ਲਹਿਰ ਨੂੰ ਵੀ ਆਪਣੀ ਪੂਰੀ ਤਾਕਤ, ਸਮਰੱਥਾ ਨਾਲ਼ ਇਨਕਲਾਬੀ ਟਾਕਰੇ ਦੀ ਲਹਿਰ ਖੜੀ ਕਰਨ ‘ਤੇ ਹੋਰ ਵਧੇਰੇ ਜ਼ੋਰ ਦੇਣਾ ਚਾਹੀਦਾ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 20-21, ਸਾਲ 5, 1 ਦਸੰਬਰ ਤੇ 16 ਦਸੰਬਰ 2016 (ਸੰਯੁਕਤ ਅੰਕ)  ਵਿੱਚ ਪ੍ਰਕਾਸ਼ਤ

 

Advertisements