ਯੂ.ਪੀ. ਵਿਧਾਨ ਸਭਾ : ਧਨਾਢਾਂ­ ਗੁੰਡਿਆਂ ‘ਤੇ ਅਪਰਾਧੀਆਂ ਦੀ ਸਭਾ •ਮਨੀਸ਼, ਬਠਿੰਡਾ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪਿਛਲੇ ਮਹੀਨੇ ਭਾਰਤ ਦੇ ਪੰਜ ਰਾਜਾਂ ਪੰਜਾਬ, ਉੱਤਰ ਪ੍ਰਦੇਸ਼, ਉਤਰਾਖੰਡ, ਮਣੀਪੁਰ ਅਤੇ ਗੋਆ ਵਿੱਚ ਪਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਜੱਗ ਜਾਹਰ ਹਨ। ਉੱਤਰ ਪ੍ਰਦੇਸ਼ ਵਿੱਚ ਕੱਟੜ ਹਿੰਦੂਵਾਦੀ ਜਥੇਬੰਦੀ ਆਰ.ਐੱਸ.ਐੱਸ ਦੇ ਸਿਆਸੀ ਵਿੰਗ ਭਾਜਪਾ ਨੇ 403 ਵਿੱਚੋਂ ਰਿਕਾਰਡ 312 ਸੀਟਾਂ ਜਿੱਤ ਕੇ ਬਹੁਮਤ ਵਾਲ਼ੀ ਸਰਕਾਰ ਬਣਾਈ ਹੈ। ਇਸ ”ਖੁਸ਼ੀ” ਵਿੱਚ ਸੰਘੀ ਲਾਣੇ ਦੀਆਂ ਲੱਤਾਂ ਧਰਤੀ ਉੱਤੇ ਨਹੀਂ ਲੱਗ ਰਹੀਆਂ ਤੇ ਚਾਕਰ ਮੀਡੀਆ ਮੋਦੀ ਦੇ ਸੋਹਲੇ ਗਾਉਂਦਾ ਨਹੀਂ ਥੱਕ ਰਿਹਾ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਭਾਜਪਾ ਨੇ ਯੂ.ਪੀ.ਵਿੱਚ ਹੈਰਾਨੀਜਨਕ ਜਿੱਤ ਪ੍ਰਾਪਤ ਕੀਤੀ ਸੀ ਅਤੇ ਹੁਣ ਵਿਧਾਨ ਸਭਾ ਚੋਣਾਂ ‘ਚ ਵੱਡੇ ਫਰਕ ਨਾਲ਼ ਜਿੱਤਣਾ ਭਾਰਤੀ ”ਲੋਕਤੰਤਰ ਵੋਟ ਪ੍ਰਣਾਲੀ” ਤੇ ਕਈ ਸਵਾਲ ਖੜੇ ਕਰਦਾ ਹੈ। ਹਰ ਵਾਰ ਦੀ ਤਰਾਂ ਇਸ ਵਾਰੀ ਵੀ ਸਰਮਾਏਦਾਰ ਜਮਾਤ ਨੇ ਲੋਕਾਂ ਦੇ ਮੁੰਹਾਂ ‘ਚ ”ਵਿਕਾਸ” ਨਾਂ ਦਾ ‘ਚੂਸਾ’ ਪਾਕੇ, ਆਪਣੇ ਸਟਾਰ ਨਾਇਕਾਂ ਦੇ ਮੂਹੋਂ ”ਕੋਈ ਵੀ ਵੋਟਰ ਰਹਿ ਨਾ ਜਾਏ” ਦੀ ”ਅਦਾਕਾਰੀ” ਕਰਵਾ ਕੇ ਫਿਰ ਤੋਂ ਪੰਜੇ ਰਾਜਾਂ ਵਿੱਚ ਕਰੋੜਪਤੀਆਂ, ਗੁੰਡਿਆਂ, ਸਮਗਲਰ, ਅਪਰਾਧੀਆਂ ਦੀਆਂ ਕਮੇਟੀਆਂ ਚੁਣ ਲਈਆਂ ਹਨ।

ਏ.ਡੀ.ਆਰ. ਦੀ ਰਿਪੋਰਟ ਮੁਤਾਬਕ ਯੂ.ਪੀ. ਵਿਧਾਨ ਸਭਾ ਦੇ ਨਵੇਂ ”ਚੁਣੇ” ਸੰਸਦ ਮੈਂਬਰਾਂ ਵਿੱਚੋਂ 80% ਕਰੋੜਪਤੀ ਹਨ ਅਤੇ 75% ਉੱਤੇ ਅਪਰਾਧਿਕ ਮਾਮਲੇ ਦਰਜ ਹਨ। ਪਿਛਲੀ ਵਿਧਾਨ ਸਭਾ ਵਿੱਚ 67% ਮੈਂਬਰ ਕਰੋੜਪਤੀ ਸਨ, ਮਤਲਬ ਮੈਂਬਰਾਂ ਨੇ 13% ਦੀ ‘ਵਿਕਾਸ ਦਰ’ ਨਾਲ਼ ”ਤਰੱਕੀ” ਕੀਤੀ ਹੈ। ਨਵੇਂ ਬਣੇ ਮੈਂਬਰਾਂ ਵਿੱਚੋਂ ਸਭ ਤੋਂ ਵੱਧ ”ਤਰੱਕੀ” ਭਾਜਪਾ ਦੀ ਹੈ, ਇਸ ਦੇ 92% ਸੰਸਦ ਮੈਂਬਰ ਕਰੋੜਪਤੀ ਹਨ। ਭਾਜਪਾ ਪਾਰਟੀ ਦੀ ਸਭ ਤੋਂ ਅਮੀਰ ਸਾਂਸਦ ਰਾਣੀ ਪਕਸ਼ਾਲਿਕਾ ਸਿੰਘ ਹੈ, ਜਿਸ ਕੋਲ਼ 58 ਕਰੋੜ ਦੀ ਜਾਇਦਾਦ ਹੈ। 2012 ਦੀਆ ਚੋਣਾਂ ਤੋਂ ਬਾਅਦ ਸਾਰੀਆਂ ਪਾਰਟੀਆਂ ਦੁਆਰਾ ”ਜਿੱਤੇ” 92 ਮੈਂਬਰਾਂ ਦੀ ਜਾਇਦਾਦ ਵਿੱਚ 87% ਵਾਧਾ ਹੋਇਆ ਹੈ। ਸਾਰੀਆਂ ਪਾਰਟੀਆਂ ਦੇ ਨਵੇਂ ਚੁਣੇ ਮੈਂਬਰਾਂ ਵਿੱਚੋਂ ਭਾਜਪਾ ਦੇ 79%, ਸਮਾਜਵਾਦੀ ਪਾਰਟੀ ਦੇ 85%, ਕਾਂਗਰਸ ਦੇ 91% ਅਤੇ ਬਸਪਾ ਦੇ ਸਭ ਤੋਂ ਵੱਧ 95% ਮੈਂਬਰ ਕਰੋੜਪਤੀ ਹਨ। ਸਭ ਤੋਂ ਵੱਧ ਜਾਇਦਾਦ (118 ਕਰੋੜ) ਬਸਪਾ ਪਾਰਟੀ ਦੇ ਮੁਬਾਰਕਪੁਰ ਹਲਕੇ ਤੋਂ ਸ਼ਾਹ ਆਲਮ ਉਰਫ ਗੁੱਡੂ ਜਮਾਲੀ ਦੀ ਹੈ। ਇਹ ਤਾਂ ਹੈ ”ਸਾਡੇ ਚੁਣੇ” ਨੇਤਾਵਾਂ ਦੀ ਆਰਥਿਕ ਔਕਾਤ ਦੀ ਗੱਲ਼, ਹੁਣ ਇਹਨਾਂ ਦੀਆ ‘ਸਮਾਜਿਕ ਕਰਤੂਤਾਂ’ ਵੱਲ਼ ਵੀ ਝਾਤੀ ਮਾਰ ਲੈਣੀ ਠੀਕ ਰਹੇਗੀ। 402 ਸੰਸਦ ਮੈਂਬਰਾਂ ਦੀ ਵਿਧਾਨ ਸਭਾ ਵਿੱਚੋਂ 143 ਮੈਂਬਰਾਂ ਉੱਤੇ ਅਪਰਾਧਿਕ ਕੇਸ ਦਰਜ ਹਨ ਅਤੇ 107 ਉੱਤੇ ਅਦਾਲਤਾਂ ਵਿੱਚ ਗੰਭੀਰ ਅਪਰਾਧਿਕ ਮਾਮਲੇ ਚੱਲ ਰਹੇ ਹਨ। 2012 ਵਿੱਚ 98 ਮੈਂਬਰਾਂ ਉੱਤੇ ਗੰਭੀਰ ਮਾਮਲੇ ਦਰਜ ਸਨ, ਮਤਲਬ ਇੱਥੇ ਵੀ 0.21% ਦੀ ‘ਵਿਕਾਸ ਦਰ’ ਨਾਲ਼ ਮੈਂਬਰਾਂ ਨੇ ”ਚੜਾਈਆਂ” ਕੀਤੀਆਂ ਹਨ। ਇਸ ਮੋਰਚੇ ‘ਤੇ ਵੀ ਸੰਘੀ ਲਾਣੇ ਨੇ ‘ਵੱਡੀਆਂ ਮੱਲਾਂ’ ਮਾਰੀਆਂ ਹਨ, ਇਸ ਦੇ 114 ਮੈਂਬਰਾਂ ਉੱਤੇ ਅਪਰਾਧਿਕ ਮਾਮਲੇ, 83 ਉੱਤੇ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ, ਆਪਣੀ ਕੱਟੜ ਹਿੰਦੁਵਾਦੀ ਵਿਚਾਰਧਾਰਾ ਦੇ ”ਦਮ” ‘ਤੇ ਮੁੱਖ¸ਮੰਤਰੀ ਬਣੇ ਇਕੱਲ਼ੇ ਯੋਗੀ ਅਦਿੱਤਿਆ ਨਾਥ ਉੱਤੇ ਦਰਜ਼ਨ ਤੋਂ ਵੱਧ ਗੰਭੀਰ ਅਪਰਾਧਿਕ ਮਾਮਲੇ ਹਨ, ਜਦਕਿ ਸਪਾ 14/11 ਬਸਪਾ 5/4 ਤੇ ਕਾਂਗਰਸ 1/1 ਦੇ ਫਰਕ ਨਾਲ਼ ਅੱਗੇ ਵਧਣ ਲਈ ‘ਸੰਘਰਸ਼ਸ਼ੀਲ’ ਹਨ। ਅਪਰਾਧੀਆਂ ਤੇ ਧਨਾਢਾਂ ਦੀ ਦੌੜ ਵਿੱਚ ਪੰਜਾਬੀਆਂ ਨੇ ਵੀ ਵੱਡੀਆਂ ਮੱਲਾਂ ਮਾਰੀਆਂ ਹਨ, ਨਵੀਂ ਬਣੀ ਪੰਜਾਬ ਵਿਧਾਨ ਸਭਾ ਵਿੱਚ 95 ਮੈਂਬਰ ਕਰੋੜਪਤੀ ਹਨ ਅਤੇ 16 ਉੱਤੇ ਅਪਰਾਧਿਕ ਮਾਮਲੇ ਦਰਜ ਹਨ। ਜ਼ਿਕਰਯੋਗ ਹੈ ਕਿ ਇਹ ਸਾਰੇ ਉਹ ਅੰਕੜੇ ਹਨ, ਜੋ ਇਹਨਾਂ ਨੇ ਚੋਣ ਕਮਿਸ਼ਨ ਕੋਲ ਹਲ਼ਫੀਆ ਬਿਆਨ ਦੇ ਕੇ ਦਰਜ ਕਰਾਏ ਸਨ, ਜਦਕਿ ਸੱਚ ਇਸ ਤੋਂ ਵੀ ਭਿਅੰਕਰ ਹੋਵੇਗਾ।

ਇਹਨਾਂ ਅੰਕੜਿਆਂ ਨੂੰ ਦੇਖਦੇ ਹੋਏ ਰਾਜਸੱਤਾ ( ਜੋ ਕਿ ਇਹਨਾਂ ਧਨਾਢਾਂ, ਗੁੰਡਿਆਂ, ਅਪਰਾਧੀਆਂ ਦੀ ਭੀੜ ਹੈ) ਤੋਂ ਆਮ ਲੋਕਾਂ ਦੀ ਭਲਾਈ ਦੀ ਕੋਈ ਉਮੀਦ ਰੱਖਣਾ ਮੂਰਖਤਾ ਹੀ ਹੋਵੇਗੀ। ਅਸਲ ਵਿੱਚ ਸਰਮਾਏਦਾਰਾ ਸਮਾਜ ਵਿੱਚ ਚੋਣਬਾਜੀ ਇੱਕ ਮੁਨਾਫੇਬਖਸ਼ ਧੰਦਾ ਹੈ ਅਤੇ ਸਰਕਾਰ ਸਰਮਾਏਦਾਰਾ ਜਮਾਤ ਦੀ ਮੈਨੇਜਿੰਗ ਕਮੇਟੀ ਹੁੰਦੀ ਹੈ। ਲੋਕਾਂ ਨੂੰ ਵਿਕਾਸ ਅਤੇ ‘ਅੱਛੇ ਦਿਨਾਂ’ ਦੇ ਸੁਪਨੇ ਦਿਖਾ ਕੇ ਉਮੀਦਵਾਰ ਜਿੱਤਣ ਤੋਂ ਬਾਅਦ  ਲੋਕਾਂ ਦੀ ਖੂਨ¸ਪਸੀਨੇ ਦੀ ਕਮਾਈ ਨਾਲ਼ ਆਪਣੀਆਂ ਤਿਜ਼ੋਰੀਆਂ ਭਰਦੇ ਹਨ ਤੇ ਲੋਕਤੰਤਰ¸ਜਿਸਦਾ ਭਾਵ ਸਾਨੂੰ ‘ਲੋਕਾਂ ਦਾ ਲੋਕਾਂ ਲਈ ਲੋਕਾਂ ਦੁਆਰਾ’ ਰਾਜ ਦੱਸਿਆ ਜਾਂਦਾ ਹੈ, ਅਸਲ ‘ਚ ‘ਕਰੋੜਪਤੀਆ ਦਾ ਕਰੋੜਪਤੀਆਂ ਲਈ ਤੇ ਕਰੌੜਪਤੀਆਂ ਦੁਆਰਾ’ ਰਾਜ ਹੈ। ਦੂਜੇ ਪਾਸੇ ਸਰਮਾਏਦਾਰਾਂ ਨੂੰ ਆਪਣੀਆਂ ਲੋੜਾਂ ਅਨੁਸਾਰ ਇਸ ਅਣਮਨੁੱਖੀ ਢਾਂਚੇ ਦਾ ਪ੍ਰਬੰਧ ਚਲਾਉਣ ਤੇ ਨਿਯੰਤਰਤ ਕਰਨ ਲਈ ਅਜਿਹੇ ਅਪਰਾਧੀਆਂ ਤੇ ਗੁੰਡਿਆਂ ਦੀ ਸਖ਼ਤ ਲੋੜ ਹੁੰਦੀ ਹੈ, ਕਿਉਂਕਿ ਜਿੰਨੇ ਇਹ ਸਿਰੇ ਦੇ ਬਦਮਾਸ਼, ਕਮੀਨੇ ਅਤੇ ਸੰਵੇਦਨਹੀਣ ਹੁੰਦੇ ਹਨ, ਉਨੇ ਹੀ ਬਿਹਤਰ ਢੰਗ ਨਾਲ਼ ਇਹ ਸਰਮਾਏਦਾਰ ਜਮਾਤ ਦੀ ਸੇਵਾ ਕਰਦੇ ਹਨ।

ਅਸਲ ਵਿੱਚ ਪੈਦਾਵਾਰੀ ਸਾਧਨਾਂ ਦੇ ਸਮਾਜਿਕ ਮਾਕੀ ਵਾਲ਼ੇ ਸਮਾਜ ਵਿੱਚ ਹੀ, ਜਿੱਥੇ ਲੋਕ ਆਪਣੇ ਚੁਣੇ  ਆਗੂ ਨੂੰ ਜਦ ਮਰਜੀ ਵਾਪਸ ਬੁਲਾ ਸਕਣਗੇ, ਆਗੂ ਤੇ ਆਮ ਮਜ਼ਦੂਰ ਦੀ ਤਨਖਾਹ ਬਰਾਬਰ ਹੋਵੇਗੀ ਅਤੇ ਸਰਕਾਰ ਦਾ ਕੰਮ ਸਿਰਫ ਪੈਦਾਵਾਰ ਦੇ ਪ੍ਰਬੰਧਨ ਦਾ ਰਹਿ ਜਾਵੇਗਾ ¸ਲੋਕਤੰਤਰ ਸਹੀ ਅਰਥਾਂ ‘ਚ ‘ਲੋਕਾਂ ਦਾ ਲੋਕਾਂ ਲਈ ਲੋਕਾਂ ਦੁਆਰਾ’ ਹੋਵੇਗਾ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 6, 1 ਤੋਂ 15 ਮਈ, 2017 ਵਿੱਚ ਪ੍ਰਕਾਸ਼ਤ

 

Advertisements