ਉੱਤਰ ਪ੍ਰਦੇਸ਼ ‘ਚ ਅਦਿੱਤਯਨਾਥ ਹੋਵੇਗਾ ਭਾਜਪਾ ਦਾ ਨਾਥ?! •ਰਣਬੀਰ

3

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਕਰੀਬ ਇੱਕ ਸਾਲ ਬਾਅਦ ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਭਾਜਪਾ ਨੇ ਅਜੇ ਤੱਕ ਮੁੱਖ ਮੰਤਰੀ ਦੇ ਅਹੁਦੇ ਲਈ ਕਿਸੇ ਦਾ ਨਾਂ ਪੇਸ਼ ਨਹੀਂ ਕੀਤਾ। ਪਰ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਭਾਜਪਾ ਯੋਗੀ ਅਦਿੱਤਯਨਾਥ ਨੂੰ ਇਸ ਵਾਸਤੇ ਅੱਗੇ ਲਿਆ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਆਰ.ਐਸ.ਐਸ. ਪ੍ਰਮੁੱਖ ਮੋਹਨ ਭਾਗਵਤ ਨੇ ਉਸਦੇ ਨਾਂ ‘ਤੇ ਮੋਹਰ ਲਾ ਦਿੱਤੀ ਹੈ। ਉਸਨੂੰ ਭਾਜਪਾ ਉੱਤਰ ਪ੍ਰਦੇਸ਼ ਵਿੱਚ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਪੇਸ਼ ਕਰਦੀ ਹੈ ਜਾਂ ਨਹੀਂ, ਇਹ ਤਾਂ ਭਵਿੱਖ ਹੀ ਦੱਸੇਗਾ ਪਰ ਇਸਦੀਆਂ ਕਾਫ਼ੀ ਸੰਭਾਵਨਾਵਾਂ ਮੌਜੂਦ ਹਨ। ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਉੱਤਰ ਪ੍ਰਦੇਸ਼ ਵਿੱਚ ਬੇਹੱਦ ਭਿਆਨਕ ਹਾਲਾਤ ਪੈਦਾ ਹੋਣਗੇ।

ਯੋਗੀ ਅਦਿੱਤਯਨਾਥ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦਾ ਇੱਕ ਪ੍ਰਮੁੱਖ ਲੀਡਰ ਹੈ। ਉਹ ਗੋਰਖਪੁਰ ਪਾਰਲੀਮਾਨੀ ਹਲਕੇ ਤੋਂ ਲਗਾਤਾਰ ਪੰਜ ਵਾਰ ਲੋਕ ਸਭਾ ਚੋਣਾਂ ਜਿੱਤ ਚੁੱਕਾ ਹੈ। ਉਹ ਇੱਕ ਕੱਟੜ ਹਿੰਦੂਤਵੀ ਲੀਡਰ ਹੈ। ਸਗੋਂ ਉਸਨੂੰ ਤਾਂ ਹਿੰਦੂਤਵੀ ਦਹਿਸ਼ਤਗਰਦ ਲੀਡਰ ਆਖਿਆ ਜਾਣਾ ਚਾਹੀਦਾ। ਉਸਦੀਆਂ ਫਿਰਕੂ ਕਰਤੂਤਾਂ ਨੇ ਉੱਤਰ ਪ੍ਰਦੇਸ਼ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਫਿਰਕੂ ਮਾਹੌਲ ਤਿਆਰ ਕਰਨ ਵਿੱਚ ਭਾਜਪਾ/ਆਰ.ਐਸ.ਐਸ. ਦੀ ਬਹੁਤ ਜ਼ਿਆਦਾ ਮਦਦ ਕੀਤੀ ਹੈ। ਭਾਜਪਾ ਨੂੰ ਲੱਗਦਾ ਹੈ ਕਿ ਉਹ ਹਿੰਦੂਤਵੀ ਕੱਟੜਪੰਥੀ ਸਿਆਸਤ ਦੇ ਰਥ ‘ਤੇ ਸਵਾਰ ਹੋ ਕੇ ਉੱਤਰ ਪ੍ਰਦੇਸ਼ ਵਿੱਚ ਲੋਕ ਸਭਾ ਚੋਣਾਂ ਵਾਂਗ ਵਿਧਾਨ ਸਭਾ ਚੋਣਾਂ ਵਿੱਚ ਵੀ ਜਿੱਤ ਹਾਸਿਲ ਕਰ ਸਕਦੀ ਹੈ। ਇਸ ਵਾਸਤੇ ਆਗੂ ਦੇ ਰੂਪ ਵਿੱਚ ਉਸ ਕੋਲ਼ ਸਭ ਤੋਂ ਢੁੱਕਵਾਂ ਵਿਅਕਤੀ ਯੋਗੀ ਅਦਿੱਤਯਨਾਥ ਤੋਂ ਸਿਵਾ ਹੋਰ ਕੋਈ ਨਹੀਂ ਹੈ।

ਜੇਕਰ ਯੋਗੀ ਅਦਿੱਤਯਨਾਥ ਨੂੰ ਭਾਜਪਾ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਦੀ ਹੈ ਤਾਂ ਉੱਤਰ ਪ੍ਰਦੇਸ਼ ਵਿੱਚ ਧਰਮ ਅਧਾਰਿਤ ਤਿੱਖਾ ਧਰੁਵੀਕਰਨ ਹੋਵੇਗਾ। ਉੱਤਰ ਪ੍ਰਦੇਸ਼ ਵਿੱਚ ਪਹਿਲਾਂ ਹੀ ਵੱਡੇ ਪੱਧਰ ‘ਤੇ ਫਿਰਕੂ ਮਾਹੌਲ ਤਿਆਰ ਕਰ ਦਿੱਤਾ ਗਿਆ ਹੈ। ਅਯੋਧਿਆ ਵਿੱਚ ਰਾਮ ਮੰਦਰ ਉਸਾਰੀ ਦੇ ਮੁੱਦੇ ਨੂੰ ਫਿਰ ਤੋਂ ਭੜਕਾਇਆ ਜਾ ਰਿਹਾ ਹੈ। ”ਗਊ ਹੱਤਿਆ”, ”ਲਵ-ਜਿਹਾਦ”, ”ਧਰਮ ਬਦਲੀ” ਆਦਿ ਨੂੰ ਮੁੱਦਾ ਬਣਾ ਕੇ ਲੋਕਾਂ ਵਿੱਚ ਫੁੱਟ ਪਾਈ ਜਾ ਰਹੀ ਹੈ, ਹਿੰਦੂਆਂ ਦੇ ਮਨਾਂ ਵਿੱਚ ਮੁਸਲਮਾਨਾਂ ਤੇ ਇਸਾਈਆਂ ਖਿਲਾਫ਼ (ਖਾਸਕਰ ਮੁਸਲਮਾਨਾਂ ਖਿਲਾਫ਼) ਨਫ਼ਰਤ ਭੜਕਾਈ ਜਾ ਰਹੀ ਹੈ। ਵੱਖ-ਵੱਖ ਤਰ੍ਹਾਂ ਦੇ ਨਿੱਕੇ-ਮੋਟੇ ਸਮਾਜਿਕ ਝਗੜਿਆਂ ਨੂੰ ਫਿਰਕੂ ਰੰਗਤ ਦੇ ਕੇ ਲੋਕਾਂ ਵਿੱਚ ਫੁੱਟ ਪਾਉਣ ਦੀਆਂ ਸਾਜ਼ਿਸ਼ਾਂ ਤੇਜ਼ ਹੋ ਚੁੱਕੀਆਂ ਹਨ। ਭਾਜਪਾ ਦੇ ਕਈ ਲੀਡਰ ਤਾਂ ਬਿਨਾਂ ਕਿਸੇ ਡਰ ਭੈਅ ਦੇ ਸ਼ਰੇਆਮ ਫਿਰਕੂ ਕਾਰਵਾਈਆਂ ਕਰ ਰਹੇ ਹਨ। ਹਰ ਰੋਜ਼ ਫਿਰਕੂ ਲੀਡਰਾਂ ਦੇ ਭੜਕਾਊ ਬਿਆਨ ਆ ਰਹੇ ਹਨ। ਇਹਨਾਂ ਸਭ ਫਿਰਕੂ ਕਾਰਵਾਈਆਂ ਵਿੱਚ ਯੋਗੀ ਅਦਿੱਤਯਨਾਥ ਸਭ ਤੋਂ ਅੱਗੇ ਹੈ।

ਯੋਗੀ ਅਦਿੱਤਯਨਾਥ ਮੁਸਲਮਾਨਾਂ ਖਿਲਾਫ਼ ਆਪਣੇ ਭੜਕਾਊ ਬਿਆਨਾਂ ਕਾਰਨ ਪਿਛਲੇ ਕਾਫੀ ਸਮੇਂ ਤੋਂ ਸੁਰਖੀਆਂ ਵਿੱਚ ਰਿਹਾ ਹੈ। ਯੋਗੀ ਦਾ ਕਹਿਣਾ ਹੈ ਕਿ ਉਹ ਸਾਰੀਆਂ ਮਸਜਿਦਾਂ ਵਿੱਚ ਗੌਰੀ-ਗਣੇਸ਼ ਦੀਆਂ ਮੂਰਤੀਆਂ ਸਥਾਪਿਤ ਕਰੇਗਾ। ਇਹ ਬਿਆਨ ਉਸਨੇ ਫਰਵਰੀ, 2015 ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਇੱਕ ਵੱਡੇ ਇਕੱਠ ਵਿੱਚ ਦਿੱਤਾ ਸੀ। ਉਸਨੇ ਤਾਂ ਇੱਥੋਂ ਤੱਕ ਕਿਹਾ ਸੀ ਕਿ ਇਸਲਾਮਾਬਾਦ ਵਿੱਚ ਵੀ ਮੁਸਲਮਾਨਾਂ ਨੂੰ ਜਗ੍ਹਾ ਨਹੀਂ ਮਿਲੇਗੀ। ਅਖੌਤੀ ਲਵ-ਜਿਹਾਦ ਨੂੰ ਬਹਾਨਾ ਬਣਾ ਕੇ ਮੁਸਲਮਾਨਾਂ ਖਿਲਾਫ਼ ਹਿੰਦੂਆਂ ਨੂੰ ਲਾਮਬੰਦ ਕਰਨ ਵਿੱਚ ਲੱਗੇ ਇਸ ਯੋਗੀ ਦਾ ਕਹਿਣਾ ਹੈ ਕਿ ਇੱਕ ਮੁਸਲਮਾਨ ਲੜਕੇ ਵੱਲੋਂ ਇੱਕ ਹਿੰਦੂ ਲੜਕੀ ਵਿਆਹੇ ਜਾਣ ਪਿੱਛੇ ਹਿੰਦੂਆਂ ਨੂੰ 100 ਮੁਸਲਿਮ ਕੁੜੀਆਂ ਨੂੰ ਜ਼ਬਰਦਸਤੀ ਹਿੰਦੂ ਬਣਾਉਣਾ ਪਵੇਗਾ। ਉਸਦੀ ਇੱਕ ਰੈਲੀ ਵਿੱਚ ਉਸਦੀ ਨਿੱਜੀ ਨੌਜਵਾਨ ਗੁੰਡਾ ਜੱਥੇਬੰਦੀ ‘ਹਿੰਦੂ ਯੁਵਾ ਵਾਹਿਨੀ’ ਦੇ ਇੱਕ ਆਗੂ ਨੇ ਮੁਸਲਮਾਨਾਂ ਖਿਲਾਫ਼ ਬੇਹੱਦ ਭੜਕਾਊ ਬਿਆਨ ਵਿੱਚ ਕਿਹਾ ਸੀ ਕਿ ਮ੍ਰਿਤ ਮੁਸਲਿਮ ਲੜਕੀਆਂ ਦੀਆਂ ਲਾਸ਼ਾਂ ਨੂੰ ਕਬਰਾਂ ਵਿੱਚੋਂ ਕੱਢ ਕੇ ਬਲਾਤਕਾਰ ਕੀਤਾ ਜਾਣਾ ਚਾਹੀਦਾ ਹੈ। ਇਸ ਭਾਸ਼ਣ ਦੌਰਾਨ ਯੋਗੀ ਅਦਿੱਤਯਨਾਥ ਮੰਚ ‘ਤੇ ਬੈਠਾ ਸੀ। ਇਸ ਗੱਲ ਦਾ ਉਸਨੇ ਕਦੇ ਵੀ ਵਿਰੋਧ ਨਹੀਂ ਕੀਤਾ। ਉਸਦੀ ਚੁੱਪੀ ਸਪੱਸ਼ਟ ਤੌਰ ‘ਤੇ ਇਸ ਗੱਲ ਦੀ ਹਮਾਇਤ ਕਰਦੀ ਹੈ। ਉੱਤਰ ਪ੍ਰਦੇਸ਼ ਦੇ ਦਾਦਰੀ ਜ਼ਿਲ੍ਹੇ ਵਿੱਚ ਗਊ ਹੱਤਿਆ ਦਾ ਝੂਠਾ ਦੋਸ਼ ਲਗਾ ਕੇ ਕੀਤੀ ਹੱਤਿਆ ਤੋਂ ਬਾਅਦ ਜਦ ਲੋਕ ਦੋਸ਼ੀਆਂ ਨੂੰ ਸਜ਼ਾਵਾਂ ਕਰਾਉਣ ਦੀ ਮੰਗ ਕਰ ਰਹੇ ਸਨ ਤਾਂ ਯੋਗੀ ਅਦਿੱਤਯਨਾਥ ਨੇ ਦਾਦਰੀ ਦੇ ਲੋਕਾਂ ਵਿੱਚ ਹਥਿਆਰ ਵੰਡਣ ਦਾ ਐਲਾਨ ਕੀਤਾ ਸੀ। ਇੱਕ ਵਾਰ ਉਸਨੇ ਕਿਹਾ ਸੀ ਕਿ ਇੱਕ ਹਿੰਦੂ ਦੀ ਹੱਤਿਆ ਦੀ ਪ੍ਰਤੀਕ੍ਰਿਆ ਵਿੱਚ 10 ਮੁਸਲਮਾਨਾਂ ਨੂੰ ਮਾਰਿਆ ਜਾਣਾ ਚਾਹੀਦਾ ਹੈ। ਉਹ ਗੱਲ-ਗੱਲ ‘ਤੇ ਮੁਸਲਮਾਨਾਂ, ਧਰਮ ਨਿਰਪੱਖ ਲੋਕਾਂ ਆਦਿ ਨੂੰ ਪਾਕਿਸਤਾਨ ਚਲੇ ਜਾਣ ਲਈ ਕਹਿੰਦਾ ਹੈ ਜਾਂ ਭੇਜ ਦੇਣ ਦੀਆਂ ਧਮਕੀਆਂ ਦਿੰਦਾ ਹੈ।

ਇਹਨਾਂ ਬਿਆਨਾਂ ਤੋਂ ਸਪੱਸ਼ਟ ਹੈ ਕਿ ਯੋਗੀ ਅਦਿੱਤਯਨਾਥ ਕਿਸ ਪੱਧਰ ਦਾ ਕੱਟੜ ਹਿੰਦੂਤਵੀ ਲੀਡਰ ਹੈ। ਪਰ ਉਹ ਕਿੰਨਾਂ ਖਤਰਨਾਕ ਵਿਅਕਤੀ ਹੈ ਇਸਦਾ ਅੰਦਾਜ਼ਾ ਸਿਰਫ਼ ਉਸਦੇ ਇਹਨਾਂ ਬਿਆਨਾਂ ਤੋਂ ਨਹੀਂ ਲਾਇਆ ਜਾ ਸਕਦਾ। ਇਸ ਬਾਰੇ ਉਸਦੀਆਂ ਹੋਰ ਕਾਰਵਾਈਆਂ ‘ਤੇ ਘੱਟੋ-ਘੱਟ ਇੱਕ ਮੋਟੀ ਜਿਹੀ ਨਜ਼ਰ ਮਾਰਨੀ ਜ਼ਰੂਰੀ ਹੈ।

ਉਸਦਾ ਅਸਲੀ ਨਾਂ ਅਜੇ ਸਿੰਘ ਹੈ। ਉਹ ਮੂਲ ਰੂਪ ਵਿੱਚ ਉੱਤਰਾਖੰਡ ਦਾ ਰਹਿਣ ਵਾਲ਼ਾ ਹੈ। ਉਸਨੇ ਗੜਵਾਲ਼ ਯੂਨੀਵਰਸਿਟੀ ਤੋਂ ਬੀ.ਐਸ.ਸੀ. ਕੀਤੀ ਹੈ। ਗੋਰਖਪੁਰ ਦੇ ਇੱਕ ਵੱਡੇ ਪ੍ਰਸਿੱਧ ਮੰਦਿਰ ਦੇ ਮਹੰਤ ਅਵੈਧਨਾਥ ਰਾਹੀਂ ਉਹ ਯੋਗੀ ਬਣਿਆ। ਅਵੈਧਨਾਥ ਕਈ ਵਾਰ ਵਿਧਾਨ ਸਭਾ ਮੈਂਬਰ ਅਤੇ ਕਈ ਵਾਰ ਸੰਸਦ ਮੈਂਬਰ ਰਹਿ ਚੁੱਕਿਆ ਸੀ। ਉਸਨੇ ਯੋਗੀ ਅਦਿੱਤਯਨਾਥ ਨੂੰ ਹੀ ਆਪਣਾ ਸਿਆਸੀ ਵਾਰਸ ਐਲਾਨਿਆ। 1998 ਵਿੱਚ ਯੋਗੀ ਅਦਿੱਤਯਨਾਥ 28 ਸਾਲ ਦੀ ਉਮਰ ਵਿੱਚ ਲੋਕ ਸਭਾ ਦੀਆਂ ਚੋਣਾਂ ਜਿੱਤ ਕੇ ਪਾਰਲੀਮਾਨੀ ‘ਚ ਪਹੁੰਚਿਆ। ਉਹ ਗੋਰਖਪੁਰ ਪਾਰਲੀਮਾਨੀ ਹਲਕੇ ਤੋਂ ਲਗਾਤਾਰ ਪੰਜ ਵਾਰ ਲੋਕ ਸਭਾ ਚੋਣਾਂ ਜਿੱਤ ਚੁੱਕਿਆ ਹੈ। ਉਸਦੀ ਇਸ ਕਾਮਯਾਬੀ ਪਿੱਛੇ ਗੋਰਖਪੁਰ ਇਲਾਕੇ ਵਿੱਚ ਹਿੰਦੂਤਵੀ ਕੱਟੜਪੰਥੀਆਂ ਵੱਲ਼ੋਂ ਪਹਿਲਾਂ ਤੋਂ ਤਿਆਰ ਕੀਤਾ ਗਿਆ ਅਧਾਰ ਤਾਂ ਹੈ ਹੀ ਸੀ ਪਰ ਇਸ ਵਿੱਚ ਉਸਦਾ ਖੁਦ ਦਾ ਇੱਕ ਵੱਡਾ ਯੋਗਦਾਨ ਹੈ।

ਉਹ ਇੱਕ ਬੇਹੱਦ ਗਰਮ-ਖਿਆਲੀ ਹਿੰਦੂਤਵੀ ਕੱਟੜਪੰਥੀ ਮਹੰਤ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਹਿੰਦੂਤਵੀ ਕੱਟੜਪੰਥੀ ਮਾਨਸਿਕਤਾ ਵਾਲ਼ੇ ਨੌਜਵਾਨਾਂ ਨੂੰ ਉਹਦੀ ਸਖਸ਼ੀਅਤ ਬਹੁਤ ਖਿੱਚਦੀ ਹੈ। ਆਪਣੇ ਗੁਰੂ ਅਵੈਧਨਾਥ ਤੋਂ ਉਸਨੇ ਸਿੱਖਿਆ ਕਿ ਹਿੰਦੂਆਂ ਨੂੰ ਸਮਾਜਿਕ-ਸੱਭਿਆਚਾਰਕ ਪੱਧਰ ‘ਤੇ ਲਾਮਬੰਦ ਕਰਨਾ ਪਵੇਗਾ। ਇਸ ਵਾਸਤੇ ਉਹ ਤਰ੍ਹਾਂ-ਤਰ੍ਹਾਂ ਦੇ ਅਖੌਤੀ ”ਸਮਾਜਿਕ ਸੁਧਾਰ” ਦੇ ਕੰਮ ਕਰਦਾ ਰਹਿੰਦਾ ਹੈ। ਉਸਨੇ ਨੌਜਵਾਨਾਂ ਦੀ ਇੱਕ ਵੱਡੀ ਗੁੰਡਾ ਜੱਥੇਬੰਦੀ ਵੀ ਖੜੀ ਕੀਤੀ ਜਿਸਦਾ ਨਾਂ ‘ਹਿੰਦੂ ਯੁਵਾ ਵਾਹਿਨੀ’ ਰੱਖਿਆ ਗਿਆ। ਇਸ ਜੱਥੇਬੰਦੀ ਨੂੰ ਗੋਰਖਪੁਰ ਅਤੇ ਆਸ-ਪਾਸ ਦੇ ਖੇਤਰਾਂ ਦੇ ਸ਼ਹਿਰ, ਕਸਬਿਆਂ, ਪਿੰਡਾਂ ਵਿੱਚ ਫੈਲਾਇਆ ਗਿਆ। ਇਸ ਜੱਥੇਬੰਦੀ ਦੀ ਮਦਦ ਨਾਲ਼ ਉਸਨੇ ਮੁਸਲਮਾਨਾਂ, ਇਸਾਈਆਂ ਸਮੇਤ ਕਮਿਊਨਿਸਟਾਂ, ਜਮਹੂਰੀਅਤ ਪਸੰਦਾਂ, ਟ੍ਰੇਡ ਯੂਨੀਅਨ ਵਾਲ਼ਿਆਂ, ਧਰਮ ਨਿਰਪੱਖ ਲੋਕਾਂ ਨੂੰ ਵੱਡੇ ਪੱਧਰ ‘ਤੇ ਆਪਣੇ ਹਮਲੇ ਦਾ ਨਿਸ਼ਾਨਾ ਬਣਾਇਆ। ਧਰਮ ਬਦਲੀ, ਲਵ ਜਿਹਾਦ, ਗਊ ਹੱਤਿਆ ਆਦਿ ਅਖੌਤੀ ਮੁੱਦਿਆਂ ‘ਤੇ ਅਦਿੱਤਯਨਾਥ ਦੀ ਯੁਵਾ ਵਾਹਿਨੀ ਨੇ ਵੱਡੇ ਪੱਧਰ ‘ਤੇ ਅਪਰਾਧਿਕ ਕਾਰਵਾਈਆਂ ਨੂੰ ਅੰਜ਼ਾਮ ਦਿੱਤਾ ਹੈ। ਛੋਟੀਆਂ-ਛੋਟੀਆਂ ਗੱਲਾਂ ਨੂੰ ਫਿਰਕੂ ਤਣਾਅ ਪੈਦਾ ਕਰਨ ਲਈ ਵਰਤਿਆਂ ਜਾਂਦਾ ਹੈ। ਮਜ਼ਦੂਰਾਂ ਦੀ ਹੜਤਾਲਾਂ ਕੁਚਲਣ ਲਈ ਯੋਗੀ ਅਦਿੱਤਨਾਥ ਸ਼ਰੇਆਮ ਕਾਰਖਾਨਾ ਮਾਲਕਾਂ ਦੇ ਨਾਲ਼ ਖੜ੍ਹਦਾ ਰਿਹਾ ਹੈ। ਇਸਦੀ ਯੁਵਾ ਵਾਹਿਨੀ ਸ਼ਰੇਆਮ ਅਜਿਹੇ ਨਾਅਰੇ ਲਾਉਂਦੀ ਹੈ – ”ਗੋਰਖਪੁਰ ਮੇਂ ਰਹਿਨਾ ਹੈ, ਤੋ ਯੋਗੀ-ਯੋਗੀ ਕਹਿਨਾ ਹੈ”। ਇਸ ਨਾਅਰੇ ਨੂੰ ਹੋਰ ਵਿਸ਼ਾਲ ਕਰਦੇ ਹੋਏ ”ਉੱਤਰ ਪ੍ਰਦੇਸ਼ ਮੇਂ ਰਹਿਨਾ ਹੈ ਤੋ ਯੋਗੀ-ਯੋਗੀ ਕਹਿਨਾ ਹੈ’ ਬਣਾ ਦਿੱਤਾ ਗਿਆ ਹੈ।  

ਯੋਗੀ ਦਾ ਗੋਰਖਪੁਰ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਅਸਰ ਕਾਫ਼ੀ ਫੈਲਿਆ ਹੋਇਆ ਹੈ। ਸੰਨ 2007 ਵਿੱਚ ਉਹ ਗੋਰਖਪੁਰ ਵਿੱਚ ਦੰਗੇ ਕਰਾਉਣ ਵਿੱਚ ਕਾਮਯਾਬ ਹੋ ਗਿਆ ਸੀ। ਖਬਰਾਂ ਆ ਰਹੀਆਂ ਹਨ ਕਿ ਉਹ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਕਈ ਥਾਂਵਾਂ ‘ਤੇ ਦੰਗੇ ਕਰਵਾਉਣ ਦੀ ਵਿਉਂਤ ਬਣਾ ਚੁੱਕਾ ਹੈ। ਯੋਗੀ ਨੇ ਗੋਰਖਪੁਰ ਦੇ ਕਈ ਇਤਿਹਾਸਿਕ ਮੁਹੱਲਿਆਂ ਦੇ ਨਾਂ ਬਦਲਵਾ ਦਿੱਤੇ ਹਨ। ਸ਼ਹਿਰ ਦੇ ਉਰਦੂ ਬਜ਼ਾਰ ਦਾ ਨਾਂ ਹਿੰਦੀ ਬਜ਼ਾਰ, ਅਲੀ ਨਗਰ ਦਾ ਆਰਿਆ ਨਗਰ, ਮੀਆਂ ਨਗਰ ਦਾ ਨਾਂ ਮਾਇਆ ਨਗਰ ਕਰ ਦਿੱਤਾ ਗਿਆ ਹੈ। ਉਸਦਾ ਕਹਿਣਾ ਹੈ ਦੇਸ਼ ਦੀ ਪਹਿਚਾਣ ਹਿੰਦੀ ਤੇ ਹਿੰਦੂ ਤੋਂ ਹੈ ਨਾ ਕਿ ਉਰਦੂ ਅਤੇ ਮੁਸਲਮਾਨਾਂ ਤੋਂ। ਬਕਰੀਦ ਤੋਂ ਪਹਿਲਾਂ ਪਿੰਡਾਂ ਵਿੱਚੋਂ ਉਸਦੀ ਯੁਵਾ ਵਾਹਿਨੀ ਗੁੰਡਾ ਜੱਥੇਬੰਦੀ ਦੇ ਮੈਂਬਰ ਮੁਰਗੇ ਅਤੇ ਬੱਕਰੇ ਚੁੱਕ ਕੇ ਲੈ ਜਾਂਦੇ ਹਨ ਤਾਂ ਕਿ ਕੁਰਬਾਨੀਆਂ ਨਾ ਹੋ ਸਕਣ।

ਫਿਰਕੂ ਮਾਹੌਲ ਵਿਗਾੜਨ, ਹਿੰਦੂਤਵੀ ਕੱਟੜਪੰਥੀ ਕਾਲ਼ੀਆਂ ਕਰਤੂਤਾਂ ਨੂੰ ਅੰਜ਼ਾਮ ਦੇਣ, ਲੋਕ ਹਿੱਤਾਂ ਨੂੰ ਕੁਚਲਣ ਲਈ ਕਿਸੇ ਵੀ ਹੱਦ ਤੱਕ ਜਾਣ ਦੀ ਉਸਦੀ ਯੋਗਤਾ ਦੇ ਮੱਦੇਨਜ਼ਰ ਉਸਨੂੰ ਲੋਕ ਸਭਾ ਚੋਣਾਂ ਵਿੱਚ ਚੋਣ ਪ੍ਰਚਾਰ ਦੀਆਂ ਖਾਸ ਜਿੰਮੇਵਾਰੀਆਂ ਸੌਂਪੀਆਂ ਗਈਆਂ ਸਨ। ਉਸਨੂੰ ਭਾਜਪਾ ਵੱਲੋਂ ਹੈਲੀਕਾਪਟਰ ਵੀ ਮੁਹੱਈਆ ਕੀਤਾ ਗਿਆ ਸੀ। ਭਾਜਪਾ ਹੁਣ ਉਸਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਅੱਗੇ ਲਿਆਉਣ ਬਾਰੇ ਸੋਚ-ਵਿਚਾਰ ਕਰ ਰਹੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਚੋਣਾਂ ਦੌਰਾਨ ਉੱਤਰ ਪ੍ਰਦੇਸ਼ ਵਿੱਚ ਕੇਹੋ ਜਿਹਾ ਮਾਹੌਲ ਹੋਵੇਗਾ ਇਸਦਾ ਤਾਂ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ। ਜੇਕਰ ਭਾਜਪਾ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਜਿੱਤ ਜਾਂਦੀ ਹੈ ਤੇ ਯੋਗੀ ਅਦਿੱਤਯਨਾਥ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣ ਜਾਂਦਾ ਹੈ ਤਾਂ ਇਸ ਰਾਜ ਵਿੱਚ  ਬੇਹੱਦ ਭਿਆਨਕ ਹਾਲਾਤ ਬਣਨਗੇ।

ਕੇਂਦਰ ਅਤੇ ਵੱਖ-ਵੱਖ ਸੂਬਿਆਂ ਵਿੱਚ ਭਾਜਪਾ ਦੀਆਂ ਸਰਕਾਰਾਂ ਲੋਕਾਂ ਦੀ ਹਾਲਤ ਬਹੁਤ ਖਰਾਬ ਕਰ ਚੁੱਕੀਆਂ ਹਨ। ਵਿਕਾਸ ਦੇ ਨਾਂ ‘ਤੇ ਲੋਕਾਂ ਨੂੰ ਦੇਣ ਲਈ ਇਸ ਕੋਲ਼ ਕੁੱਝ ਨਹੀਂ ਹੈ। ਲੋਕਾਂ ਦੀ ਬੇਹਤਰੀ ਲਈ ਕੁੱਝ ਮਾੜੇ-ਮੋਟੇ ਕਦਮ ਚੁੱਕ ਸਕਣਾ ਵੀ ਇਸਦੀ ਸਮਰੱਥਾ ਤੋਂ ਬਾਹਰਲੀ ਗੱਲ ਹੈ। ਅਜਿਹੀ ਹਾਲਤ ਵਿੱਚ ਹਿੰਦੂਤਵੀ ਕੱਟੜਪੰਥ ਦੇ ਰਥ ‘ਤੇ ਸਵਾਰ ਹੋਣ ਤੋਂ ਬਿਨਾਂ ਭਾਜਪਾ ਕੋਲ਼ ਕੋਈ ਰਾਹ ਨਹੀਂ ਹੈ। ਇਸ ਵਾਸਤੇ ਭਾਜਪਾ ਕੋਲ਼ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਢੁੱਕਵਾਂ ਸਾਰਥੀ ਯੋਗੀ ਅਦਿੱਤਯਨਾਥ ਹੀ ਹੈ।

ਭਾਜਪਾ ਦੀ ਹਿੰਦੂਤਵੀ ਦਹਿਸ਼ਤਗਰਦੀ ਦਾ ਮੁਕਾਬਲਾ ਨਾ ਤਾਂ ਸਪਾ, ਬਸਪਾ, ਕਾਂਗਰਸ, ਜਿਹੀਆਂ ਵੋਟ ਵਟੋਰੂ ਪਾਰਟੀਆਂ ਨੇ ਕਰਨਾ ਹੈ ਅਤੇ ਨਾ ਹੀ ਕਿਸੇ ਹੋਰ ਵੋਟ ਪਾਰਟੀ ਨੇ। ਇਸਦਾ ਮੁਕਾਬਲਾ ਮੁਸਲਿਮ ਕੱਟੜਪੰਥੀ ਜੱਥੇਬੰਦੀਆਂ ਨੇ ਵੀ ਨਹੀਂ ਕਰਨਾ। ਇਹ ਸਾਰੇ ਹੀ ਹਿੰਦੂਤਵੀ ਕੱਟੜਪੰਥੀ ਸਿਆਸਤ ਆਪਣੀਆਂ ਫਿਰਕੂ-ਸਿਆਸੀ ਰੋਟੀਆਂ ਸੇਕਣ ਲਈ ਕਰ ਰਹੇ ਹਨ। ਇਸਦਾ ਮੁਕਾਬਲਾ ਕਰਨ ਲਈ ਲੋਕਾਂ ਨੂੰ ਜੁਝਾਰੂ ਧਰਮ ਨਿਰਪੱਖ ਲਹਿਰ ਖੜੀ ਕਰਨੀ ਪਵੇਗੀ। ਅਜਿਹੀ ਲਹਿਰ ਖ਼ਰੀਆਂ ਇਨਕਲਾਬੀ ਤਾਕਤਾਂ ਦੀ ਅਗਵਾਈ ਵਿੱਚ ਹੀ ਖੜੀ ਹੋ ਸਕਦੀ ਹੈ। ਇਨਕਲਾਬੀ ਤਾਕਤਾਂ ਦੀ ਅਗਵਾਈ ਹੇਠਲਾ ਜਮਹੂਰੀ ਮੋਰਚਾ ਹੀ ਭਾਜਪਾ ਦੇ ਫਿਰਕੂ ਫਾਸੀਵਾਦ ਅਤੇ ਇਸਦੇ ਯੋਗੀ ਅਦਿੱਤਯਨਾਥ ਜਿਹੇ ਫਿਰਕੂ-ਦਹਿਸ਼ਤਗਰਦ ਲੀਡਰਾਂ ਨੂੰ ਧੂੜ ਚਟਾ ਸਕਦਾ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 52, 16 ਅਪ੍ਰੈਲ 2016

Advertisements