ਯੂਨੀਵਰਸਿਟੀਆਂ – ਵਿੱਦਿਆ ਦੇ ਕੇਂਦਰ ਜਾਂ ਲੁੱਟ ਦੇ ਅੱਡੇ? •ਲਖਵਿੰਦਰ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਯੂਨੀਵਰਸਿਟੀਆਂ ਵਿੱਚ ਮਨੁੱਖਤਾ, ਨਿਆਂ, ਭਲਾਈ ਦੇ ਪਾਠ ਪੜਾਏ ਜਾਂਦੇ ਹਨ। ਦਾਬਾ ਮੁਕਤ ਸਮਾਜ ਕਿਵੇਂ ਸਿਰਜਿਆ ਜਾਵੇ ਇਸ ਬਾਰੇ ਵਿਦਿਆਰਥੀਆਂ ਨੂੰ ਬਥੇਰੇ ਲੈਕਚਰ ਦਿੱਤੇ ਜਾਂਦੇ ਹਨ। ਇੰਝ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਵੇਂ ਸੰਸਾਰ ਦੀ ਸਾਰੀ ਭਲੇਮਾਨਸੀ ਯੂਨੀਵਰਸਿਟੀਆਂ ਵਿੱਚ ਹੀ ਇਕੱਠੀ ਹੋ ਗਈ ਹੋਵੇ। ਪਰ ਹਕੀਕਤ ਇਸਤੋਂ ਕਿੰਨੀ ਉਲਟ ਹੈ! ਇੱਥੇ ਗੱਲ ਵਧਾਈਆਂ ਜਾਂਦੀਆਂ ਫੀਸਾਂ ਤੇ ਸੰਘਰਸ਼ ਕਰਦੇ ਵਿਦਿਆਰਥੀਆਂ ‘ਤੇ ਜ਼ਬਰ ਦੀ ਨਹੀਂ ਕੀਤੀ ਜਾ ਰਹੀ ਸਗੋਂ ਯੂਨੀਵਰਸਿਟੀਆਂ ਦੇ ਉਸਰਈਆਂ, ਇਸਦੀਆਂ ਨੀਹਾਂ ਵਿੱਚ ਖੂਨ-ਪਸੀਨਾ ਭਰਨ ਵਾਲ਼ੇ, ਇਹਨਾਂ ਨੂੰ ਚੱਲਦੇ ਰੱਖਣ ਲਈ ਦਿਨ-ਰਾਤ ਸਖ਼ਤ ਮਿਹਨਤ ਵਿੱਚ ਲੱਗੇ ਰਹਿਣ ਵਾਲ਼ੇ ਮਜ਼ਦੂਰਾਂ ਦੀ ਲੁੱਟ-ਖਸੁੱਟ, ਉਹਨਾਂ ਨਾਲ਼ ਹੁੰਦੀ ਬੇਇਨਸਾਫੀ ਦੀ ਕਰ ਰਹੇ ਹਾਂ।

ਸੰਸਾਰ ਨੂੰ ਵਿੱਦਿਆ ਨਾਲ਼ ਰੌਸ਼ਨ ਕਰਨ ਦਾ ਦਾਅਵਾ ਕਰਨ ਵਾਲ਼ੀਆਂ ਇਹਨਾਂ ਸੰਸਥਾਵਾਂ ਅੰਦਰ ਕਿੰਨਾ ਹਨੇਰਾ ਪਸਰਿਆ ਹੈ ਇਹ ਵੇਖਣ ਲਈ ਆਓ ਸਭ ਤੋਂ ਪਹਿਲਾਂ ਦੁਨੀਆ ਦੀ ਸਭ ਤੋਂ ਅਮੀਰ ਯੂਨੀਵਰਸਿਟੀ ‘ਹਾਰਵਰਡ ਯੂਨੀਵਰਸਿਟੀ ਚੱਲਦੇ ਹਾਂ। ਸੰਸਾਰ ਦੇ ਸਭ ਤੋਂ ਤਾਕਤਵਰ ਦੇਸ਼ ਸੰਯੁਕਤ ਰਾਜ ਅਮਰੀਕਾ ਨੂੰ ਆਪਣੀ ਇਸ ਸੰਸਥਾ ਉੱਤੇ ਮਾਣ ਹੈ। ਸੰਸਾਰ ਦੀਆਂ ਵੱਡੀਆਂ-ਵੱਡੀਆਂ ਹਸਤੀਆਂ ਨੇ ਇੱਥੋਂ ਸਿੱਖਿਆ ਹਾਸਿਲ ਕੀਤੀ ਹੈ। ਸਿਆਸਤਦਾਨ, ਅਰਥਸ਼ਾਸਤਰੀ, ਸਮਾਜਸ਼ਾਸਤਰੀ, ਆਦਿ ਜਿਹੜੇ ਨਵੇਂ ਸਮਾਜ ਦੀ ਸਿਰਜਣਾ ਕਰਨ ਦੇ ਦਾਅਵੇ ਕਰਦੇ ਨਹੀਂ ਥੱਕਦੇ ਇੱਥੋਂ “ਰੌਸ਼ਨ ਦਿਮਾਗ” ਲੈ ਕੇ ਆਉਂਦੇ ਹਨ। ਪਰ ਇਹਨਾਂ ”ਰੌਸ਼ਨ ਦਿਮਾਗਾਂ” ਨੂੰ ਇੱਥੇ ਪਸਰਿਆ ਘੁੱਪ ਹਨੇਰਾ ਕਦੇ ਵਿਖਾਈ ਨਹੀਂ ਦਿੰਦਾ।

ਹਾਰਵਰਡ ਯੂਨੀਵਰਸਿਟੀ ਕੋਲ 35 ਬਿਲੀਅਨ ਡਾਲਰ ਹਨ। ਪਰ ਇਹ ਮਜ਼ਦੂਰਾਂ ਨੂੰ ਬਣਦੀਆਂ ਤਨਖਾਹਾਂ ਵੀ ਨਹੀਂ ਦਿੰਦੀ। ਹਾਲਤ ਇਹ ਹੈ ਕਿ ਅਕਤੂਬਰ 2016 ਵਿੱਚ ਹਾਰਵਰਡ ਯੂਨੀਵਰਸਿਟੀ ਦੇ ਭੋਜਨ ਤਿਆਰ ਕਰਨ ਵਾਲ਼ੇ 600 ਮਜ਼ਦੂਰਾਂ ਨੂੰ ਗੁਜ਼ਾਰੇ ਯੋਗੀ ਤਨਖਾਹ ਲਈ ਹੜਤਾਲ ਕਰਨੀ ਪਈ ਸੀ। ਇਹਨਾਂ ਮਜ਼ਦੂਰਾਂ ਨੂੰ ਏਨੀ ਤਨਖਾਹ ਵੀ ਨਹੀਂ ਮਿਲ਼ ਰਹੀ ਸੀ ਕਿ ਉਹ ਲੋੜ ਮੁਤਾਬਿਕ ਭੋਜਨ ਹਾਸਿਲ ਕਰ ਸਕਣ। ਉਹ ਢੰਗ ਨਾਲ਼ ਸਿਹਤ ਸੁਵਿਧਾਵਾਂ ਵੀ ਹਾਸਿਲ ਨਹੀਂ ਕਰ ਪਾ ਰਹੇ ਸਨ।

9 ਕਰੋੜ ਡਾਲਰ ਦੀ ਮਾਲਕ ਯੂਨੀਵਰਸਿਟੀ ਆਫ਼ ਕੈਲੀਫੋਰਨੀਆਂ ਦੇ ਕਾਮਿਆਂ ਵਿੱਚ ਭੋਜਨ ਅਸੁਰੱਖਿਆ ਬਾਰੇ ਅਕਤੂਬਰ 2016 ਵਿੱਚ ਔਕਸੀਡੈਂਟਲ ਕਾਲਜ ਦੀ ਸ਼ਹਿਰੀ ਅਤੇ ਵਾਤਾਵਰਣ ਨੀਤੀ ਸੰਸਥਾ ਵੱਲੋਂ ਇੱਕ ਰਿਪੋਰਟ ਜਾਰੀ ਹੋਈ ਸੀ। ਇਸ ‘ਚ ਜੋ ਹਕੀਕਤ ਸਾਹਮਣੇ ਆਈ ਉਹ ਭਿਆਨਕ ਹੈ। ਪਤਾ ਲੱਗਿਆ ਕਿ ਇਸ ਯੂਨੀਵਰਸਿਟੀ ਦੇ ਕਲਰਕੀ, ਪ੍ਰਬੰਧਨ ਅਤੇ ਸਹਾਇਕ ਸੇਵਾਵਾਂ ਨਾਲ਼ ਸਬੰਧਤ 70 ਫੀਸਦੀ ਕਾਮਿਆਂ ਦੀ ਆਰਥਿਕ ਹਾਲਤ ਏਨੀ ਮਾੜੀ ਹੈ ਕਿ ਉਹਨਾਂ ਨੂੰ ਢੰਗ ਨਾਲ਼ ਭੋਜਨ ਵੀ ਹਾਸਿਲ ਨਹੀਂ ਹੁੰਦਾ। ਸਰਵੇਖਣ ਵਿੱਚ 2,890 ਕਾਮਿਆਂ ਨੂੰ ਸ਼ਾਮਲ ਕੀਤਾ ਗਿਆ ਸੀ। ਇਹਨਾਂ ਵਿੱਚੋਂ 45 ਫੀਸਦੀ ਨੂੰ ਅਕਸਰ ਭੁੱਖੇ ਰਹਿਣਾ ਪੈਂਦਾ ਹੈ। ਹੋਰ 25 ਫੀਸਦੀ ਨੂੰ ਆਪਣੇ ਭੋਜਨ ਦੀ ਗੁਣਵੱਤਾ ਘਟਾਉਣੀ ਪੈਂਦੀ ਹੈ। ਕੈਲੀਫੋਰਨੀਆ ਵਿੱਚ ਰਿਹਾਇਸ਼ ਬਹੁਤ ਮਹਿੰਗੀ ਹੈ ਇਸ ਲਈ ਯੂਨੀਵਰਸਿਟੀ ਦੇ ਮਜ਼ਦੂਰਾਂ ਨੂੰ ਆਪਣਾ ਤੇ ਆਪਣੇ ਪਰਿਵਾਰ ਦਾ ਢਿੱਡ ਭਰਨ ਵਿੱਚ ਬਹੁਤ ਮੁਸ਼ਕਿਲ ਆਉਂਦੀ ਹੈ।

ਸਰਵੇਖਣ ਦੌਰਾਨ ਯੂ.ਸੀ. ਬਰਕਲੇ ਵਿੱਚ ਪ੍ਰਬੰਧਨ ਸਹਾਇਕ ਦੇ ਤੌਰ ਉੱਤੇ ਕੰਮ ਕਰਨ ਵਾਲ਼ੇ 31 ਸਾਲਾ ਜੋਸੇਫ਼ ਮੀਅਰ ਨੇ ਦੱਸਿਆ ਕਿ ਉਹ 2100 ਡਾਲਰ ਮਹੀਨਾ ਕਮਾਉਂਦਾ ਹੈ। ਇਸਦਾ ਅੱਧਾ ਤਾਂ ਘਰ ਦਾ ਕਿਰਾਇਆ ਦੇਣ ਉੱਤੇ ਲੱਗ ਜਾਂਦਾ ਹੈ। ਉਹ ਸਵੇਰ ਦਾ ਭੋਜਨ ਨਹੀਂ ਕਰਦਾ ਅਤੇ ਕਈ ਵਾਰ ਹੋਰ ਭੋਜਨ ਵੀ ਛੱਡਣਾ ਪੈਂਦਾ ਹੈ ਤਾਂ ਕਿ ਉਹ ਦਮੇ ਦੀਆਂ ਦਵਾਈਆਂ ਖਰੀਦ ਸਕੇ।

ਕੈਥੇਰੀਨ ਕੌਬ ਨੇ ਰਿਹਾਇਸ਼ ਸੰਚਾਲਿਕਾ ਅਤੇ ਮੈਡੀਕਲ ਪ੍ਰਬੰਧਨ ਸਹਾਇਕਾ ਦੇ ਤੌਰ ਉੱਤੇ ਯੂ.ਸੀ. ਇਰਵਿਨ ਵਿੱਚ 2001 ਤੋਂ 2014 ਤੱਕ ਕੰਮ ਕੀਤਾ ਸੀ। ਉਸਨੇ ਦੱਸਿਆ ਕਿ ਉਹ 2100 ਡਾਲਰ ਮਹੀਨਾ ਕਮਾਉਂਦੀ ਸੀ। ਏਨੇ ਵਿੱਚ ਉਹ ਆਪਣਾ ਅਤੇ ਆਪਣੇ ਬੇਟੇ ਦਾ ਢਿੱਡ ਭਰਨ ਵਿੱਚ ਅਸਮਰੱਥ ਸੀ। ਉਸਨੂੰ ਅਕਸਰ ਯੂਨੀਵਰਸਿਟੀ ਵਿੱਚ ਹੋਣ ਵਾਲ਼ੇ ਆਯੋਜਨਾਂ ਤੋਂ ਚੋਰੀ-ਚੋਰੀ ਭੋਜਨ ਲੈਣਾ ਪੈਂਦਾ ਸੀ। ਕਿਸੇ ਮਿੱਤਰ ਨੇ ਉਸਦੀ ਇਹ ਹਾਲਤ ਵੇਖ ਕੇ ਉਸ ਵਾਸਤੇ ਦੁਪਹਿਰ ਦਾ ਭੋਜਨ ਖਰੀਦ ਕੇ ਦੇਣਾ ਸ਼ੁਰੂ ਕੀਤਾ।

ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇੱਕ ਮਾਪੇ ਵਾਲ਼ੇ 10 ਪਰਿਵਾਰਾਂ ਵਿੱਚੋਂ 9 ਨੂੰ ਭੋਜਨ ਅਸੁਰੱਖਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਔਰਤਾਂ ਦੇ ਮਾਮਲੇ ਵਿੱਚ (71.3 ਫੀਸਦੀ) ਮਰਦਾਂ ਨਾਲੋਂ (65.8 ਫੀਸਦੀ) ਭੋਜਨ ਅਸੁਰੱਖਿਆ ਵਧੇਰੇ ਹੈ। 70 ਫੀਸਦੀ ਕਾਮਿਆਂ ਨੂੰ ਭੁੱਖ ਕਾਰਨ ਕੰਮ ਕਰਨ ਵਿੱਚ ਸਮੱਸਿਆ ਆਉਂਦੀ ਹੈ। 80 ਫੀਸਦੀ ਨੂੰ ਘਰ ਦਾ ਕਿਰਾਇਆ ਤੇ ਹੋਰ ਜ਼ਰੂਰਤਾਂ ਅਤੇ ਭੋਜਨ ਵਿੱਚੋਂ ਇੱਕ ਦੀ ਚੋਣ ਕਰਨੀ ਪੈਂਦੀ ਹੈ।

ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਦੇ ਪੂਰੇ ਸੂਬੇ ਵਿੱਚ 10 ਕੈਂਪਸ ਹਨ। ਔਕਸੀਡੈਂਟਲ ਕਾਲਜ ਵਿੱਚ ਸਿਆਸਤ ਦੇ ਪ੍ਰੋਫੈਸਰ ਪੀਟਰ ਡਰਾਈਅਰ ਦਾ ਕਹਿਣਾ ਹੈ ਕਿ ਇਹ ਸਮੱਸਿਆ ਸਾਰੇ ਕੈਂਪਸਾਂ ਵਿੱਚ ਹੀ ਹੈ।

ਅਸਲ ਵਿੱਚ ਯੂਨੀਵਰਸਿਟੀਆਂ ਅਤੇ ਹੋਰ ਵਿੱਦਿਅਕ ਸੰਸਥਾਵਾਂ ਵਿੱਚ ਆਮ ਤੌਰ ਉੱਤੇ ਮਜ਼ਦੂਰਾਂ ਦੀ ਇਹੋ ਹਾਲਤ ਹੈ। ਕਿਤੇ ਇਹ ਹਾਲਤ ਕੁੱਝ ਘੱਟ ਬੁਰੀ ਹੋ ਸਕਦੀ ਹੈ ਅਤੇ ਕਿਤੇ ਇਸਤੋਂ ਵਧੇਰੇ ਭਿਆਨਕ ਹਾਲਤਾਂ ਮਿਲ਼ ਸਕਦੀਆਂ ਹਨ। ਸਭ ਤੋਂ ਅਮੀਰ ਮੁਲਕ ਦੀਆਂ ਅਮੀਰ ਯੂਨੀਵਰਸਿਟੀਆਂ ਵਿੱਚ ਮਜ਼ਦੂਰਾਂ ਦੀ ਹਾਲਤ ਅਸੀਂ ਉੱਪਰ ਵੇਖ ਚੁੱਕੇ ਹਾਂ। ਭਾਰਤ ਜਿਹੇ ਏਸ਼ੀਆ, ਅਫਰੀਕਾ, ਲਾਤੀਨੀ ਅਮਰੀਕਾ ਦੇ ਪਿਛੜੇ ਸਰਮਾਏਦਾਰਾ ਦੇਸ਼ਾਂ ਵਿੱਚ ਹਾਲਤਾਂ ਇਸਤੋਂ ਕਿਤੇ ਵਧੇਰੇ ਖਰਾਬ ਹਨ। ਮੁਨਾਫੇ ‘ਤੇ ਟਿਕੇ ਸਰਮਾਏਦਾਰਾ ਪ੍ਰਬੰਧ ਅੰਦਰ ਯੂਨੀਵਰਸਿਟੀਆਂ, ਕਾਲਜ, ਸਕੂਲ ਸਭ ਦੇ ਕੇਂਦਰ ਵਿੱਚ ਅਸਲ ਵਿੱਚ ਮੁਨਾਫਾ ਹੀ ਹੁੰਦਾ ਹੈ (ਇੱਥੇ ਅਸੀਂ ਸਮਾਜਿਕ ਤਬਦੀਲੀ ਵਿੱਚ ਸੱਚਮੁੱਚ ਲੱਗੀਆਂ ਤਾਕਤਾਂ ਵੱਲੋਂ ਖੋਹਲੇ ਗਏ ਕਾਲਜ, ਸਕੂਲਾਂ ਦੀ ਗੱਲ ਨਹੀਂ ਕਰ ਰਹੇ)। ਇਹਨਾਂ ਦਾ ਮਕਸਦ ਵੀ ਕਿਰਤੀਆਂ ਦੀ ਲੁੱਟ ਤੋਂ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਹੀ ਹੁੰਦਾ ਹੈ। ਸਿੱਧੇ-ਅਸਿੱਧੇ ਰੂਪ ਵਿੱਚ ਇਹ ਸੰਸਥਾਵਾਂ ਵਿਦਿਆਰਥੀਆਂ ਨੂੰ ਸਰਮਾਏਦਾਰਾ ਲੁਟੇਰੇ ਪ੍ਰਬੰਧ ਨੂੰ ਚੱਲਦਾ ਰੱਖਣ ਦੀ ਸਿੱਖਿਆ ਦਿੰਦੀਆਂ ਯੂਨੀਵਰਸਿਟੀਆਂ ਦੇ ਮਜ਼ਦੂਰਾਂ ਦੀ ਇਹ ਬੁਰੀ ਹਾਲਤ ਕੋਈ ਹੈਰਾਨੀ ਵਾਲ਼ੀ ਗੱਲ ਨਹੀਂ ਹੈ। 

”ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 8, 1 ਤੋਂ 15 ਜੂਨ 2017 ਵਿੱਚ ਪ੍ਰਕਾਸ਼ਿਤ

Advertisements