ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਦੇ ਜੀਣ ਦਾ ਹੱਕ: ਸੁਪਨੇ ਤੋਂ ਸੱਚ ਤੱਕ

3

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿਦਿਆਰਥੀਆਂ ਦੀ ਭਾਸ਼ਣ ਲੜੀ ਵਿੱਚ ਜੇ ਵਾਈਸ ਚਾਂਸਲਰ ਬੀਐੱਸ ਘੁੰਮਣ ਜੀ ਨੂੰ ਬੋਲਣ ਦਾ ਮੌਕਾ ਮਿਲ਼ੇ ਤਾਂ ਵਿਦਿਆਰਥੀ ਉਨ੍ਹਾਂ ਤੋਂ ਉਮੀਦ ਕਰਦੇ ਹਨ ਕਿ ਉਹ ਆਪਣੇ ਭਾਸ਼ਣ ਵਿੱਚ ਕੁੱਝ ਅਜਿਹੇ ਵਿਚਾਰ ਰੱਖਣਗੇ:

ਯੂਨੀਵਰਸਿਟੀ ਦੇ ਘਾਹ ਉੱਤੇ ਵੱਡੀ ਤਦਾਦ ਵਿੱਚ ਬੈਠੇ ਮੇਰੇ ਪਿਆਰੇ ‘ਵਿਦਿਆਰਥੀਓ’! ਤੁਸੀਂ ਹੈਰਾਨ ਹੋਵੋਗੇ ਕਿ ਤੁਹਾਨੂੰ ‘ਵਿਦਿਆਰਥੀਓ’ ਸ਼ਬਦ ਨਾਲ਼ ਕਿਉਂ ਸੰਬੋਧਿਤ ਹੋ ਰਿਹਾ ਹਾਂ; ਯੂਨੀਵਰਸਿਟੀ ਦੀ ਰਵਾਇਤ ਅਨੁਸਾਰ ਤੁਹਾਨੂੰ ਲੜਕੇ ਤੇ ਲੜਕੀਓ ਸ਼ਬਦਾਂ ਨਾਲ਼ ਸੰਬੋਧਿਤ ਕੀਤਾ ਜਾਂਦਾ ਰਿਹਾ ਹੈ। ਮੇਰੇ ਅੰਦਰ ਇਹ ਬਦਲਾਓ ਲਿਆਉਣ ਵਾਲ਼ੀ ਕੋਈ ਹੋਰ ਨਹੀਂ, ਮੇਰੀ ਆਪਣੀ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਹੈ। ਅਸੀਂ ਸਭ ਜਾਣਦੇ ਹਾਂ, ਅਧਿਆਪਕ ਦੀ ਗੋਦ ਵਿੱਚ ਸਿਰਜਣਾ ਅਤੇ ਵਿਨਾਸ਼ ਦੋਨੋਂ ਖੇਡਦੇ ਹਨ, ਇਹ ਉਸ ਦਾ ਆਪਣਾ ਫੈਸਲਾ ਹੁੰਦਾ ਹੈ ਕਿ ਉਹ ਦੋਵਾਂ ਵਿੱਚੋਂ ਕਿਸ ਨੂੰ ਤਰਜੀਹ ਦੇਵੇ।

ਰਾਤ ਵੀ ਕੁਝ ਅਜਿਹਾ ਹੋਇਆ, ਜਦੋਂ ਮੇਰੀ ਅਧਿਆਪਕਾ ਨੇ ਸੁਪਨੇ ਵਿੱਚ ਪੈਂਦੀ ਸੱਟੇ ਹੀ ਮੈਨੂੰ ਕਿਹਾ: ਮੈਂ ਤੈਨੂੰ ਕਿਸ ਨਾਮ ਨਾਲ਼ ਪੁਕਾਰਾਂ? ਮਿਸਟਰ ਵਾਈਸ ਚਾਂਸਲਰ ਸਾਹਿਬ, ਬੀਐੱਸ ਘੁੰਮਣ ਜਾਂ ਫਿਰ ਸਰਦਾਰ ਭੂਰਾ ਸਿੰਘ ਜੀ ਜਾਂ ਮੇਰੇ ਪਿਆਰੇ ਬੱਚੇ। ਲੰਮੇ ਹਉਕੇ ਮਗਰੋਂ ਉਹਨੇ ਮੈਨੂੰ ਪੁੱਤ ਕਹਿਣਾ ਸ਼ੁਰੂ ਕਰ ਦਿੱਤਾ। ਉਸ ਕਿਹਾ- ਮੈਨੂੰ ਉਹ ਘਟਨਾ ਯਾਦ ਹੈ, ਜਦੋਂ ਤੂੰ ਚੌਥੀ ਜਮਾਤ ਵਿੱਚ ਪੜ੍ਹਦਾ ਸੀ ਅਤੇ ਸਰਦੀ ਦੇ ਇੱਕ ਦਿਨ ਨਮ ਅੱਖਾਂ ਨਾਲ਼ ਮੇਰੀ ਗੋਦੀ ’ਚ ਆਣ ਵੜਿਆ ਸੀ। ਮੇਰੇ ਪੁੱਛਣ ਉੱਤੇ ਤੂੰ ਹਉਕੇ ਲੈਂਦਿਆਂ ਦੱਸਿਆ ਸੀ ਕਿ ਤੇਰੇ ਘਰਦਿਆਂ ਨੇ ਤੇਰੀ ਭੈਣ ਨੂੰ ਸਕੂਲੋਂ ਹਟਾਉਣ ਦਾ ਫੈਸਲਾ ਕਰ ਲਿਆ ਹੈ। ਮੈਨੂੰ ਯਾਦ ਹੈ, ਤੇਰਾ ਤੇ ਤੇਰੀ ਭੈਣ ਦਾ ਅੰਤਾਂ ਦਾ ਮੋਹ ਸੀ ਅਤੇ ਕਿਵੇਂ ਉਹ ਪੋਹ-ਮਾਘ ਦੀ ਧੁੰਦ ਵਿੱਚ ਵੀ ਤੈਨੂੰ ਸਾਇਕਲ ਪਿੱਛੇ ਬਿਠਾ ਕੇ ਸਮੇਂ ਸਿਰ ਸਕੂਲ ਲੈ ਵੜਦੀ ਸੀ। ਅੱਧੀ ਛੁੱਟੀ ਦੀ ਘੰਟੀ ਵੱਜਦਿਆਂ ਕਿਵੇਂ ਤੂੰ ਖੇਡਣ ਦੀ ਜਿੱਦ ਕਰਦਾ ਗਰਾਊਂਡ ਵੱਲ ਭੱਜਦਾ, ਤੇ ਕਿਵੇਂ ਉਹ ਰੋਟੀ ਦੀ ਬੁਰਕੀ ਲੈ ਕੇ ਤੇਰੇ ਮਗਰ ਮਗਰ ਦੌੜਦੀ। ਇੱਕ ਦਿਨ ਅਚਾਨਕ ਜਦੋਂ ਭੈਣ ਨੇ ਸਕੂਲ ਆਉਣਾ ਬੰਦ ਕਰ ਦਿੱਤਾ ਤਾਂ ਤੂੰ ਮੈਨੂੰ ਆਪਣੀ ਉਮਰ ਤੋਂ ਕਿੰਨਾ ਵੱਡਾ ਸਵਾਲ ਪੁੱਛ ਕੇ ਹੈਰਾਨ ਕਰ ਦਿੱਤਾ ਸੀ: ਲੋਕ ਕੁੜੀਆਂ ਨੂੰ ਅੱਗੇ ਕਿਉਂ ਨਹੀਂ ਪੜ੍ਹਾਉਂਦੇ ਅਤੇ ਮੁੰਡੇ ਕੁੜੀ ਵਿੱਚ ਫ਼ਰਕ ਕਿਉਂ ਸਮਝਦੇ ਹਨ? ਉਹ ਭੈਣ ਨੂੰ ਗੱਲ ਗੱਲ ਉੱਤੇ ਕਿਉਂ ਟੋਕਦੇ ਹਨ? ਤੂੰ ਆਪਣੀ ਇਹ ਇੱਛਾ ਵੀ ਦੱਸੀ ਸੀ ਕਿ ਤੇਰੀ ਭੈਣ ਤੇਰੇ ਵਾਂਗ ਸਕੂਲ ਆਵੇ ਅਤੇ ਹੋਰ ਪੜ੍ਹਾਈ ਕਰੇ ਪਰ ਮਾਂ-ਬਾਪ ਤੇਰੀ ਗੱਲ ਨੂੰ ਟਾਲਦਿਆਂ ਆਪਣੀਆਂ ਮਜ਼ਬੂਰੀਆਂ ਦੱਸਣ ਲੱਗ ਪਏ ਸਨ। ਤੇਰੇ ਦਿਲ ਨੂੰ ਲੱਗਦਾ ਕਿ ਗੱਲ ਕੁਝ ਹੋਰ ਸੀ। ਤੂੰ ਆਪਣੇ ਦਾਦੇ-ਦਾਦੀ ਨੂੰ ਗੱਲਾਂ ਕਰਦੇ ਸੁਣਿਆਂ ਸੀ, “ਜ਼ਮਾਨਾ ਠੀਕ ਨਹੀਂ, ਇਹ ਕੁੜੀ ਹੁੰਦੜ-ਹੇਲ ਹੋ ਗਈ ਐ”। ਅੰਤ ਸਕੂਲ ਵੱਲ ਜਾਂਦੇ ਕੱਚੇ ਰਾਹ ਦਾ ਬਹਾਨਾ ਲਗਾਉਂਦਿਆਂ ਉਨ੍ਹਾਂ ਕਹਿ ਦਿੱਤਾ ਸੀ: “ਅੱਠ ਜਮਾਤਾਂ ਚਿੱਠੀ-ਪੱਤਰ ਲਈ ਬਹੁਤ ਨੇ, ਇਹਨੇ ਹੋਰ ਪੜ੍ਹ ਕੇ ਕੀ ਲੈਣਾ। ਹੁਣ ਇਹ ਦਰੀਆਂ ਬੁਣੇ, ਚਾਦਰਾਂ ਕੱਢੇ ਤੇ ਘਰ ਦਾ ਕੰਮ ਸਿੱਖ ਕੇ ਅਗਲੇ ਘਰ ਜਾਣ ਦੀ ਸੋਚੇ”। ਇਸ ਬਾਬਤ ਜਦੋਂ ਤੂੰ ਮੈਨੂੰ ਪੁੱਛਣ ਲੱਗਾ ਕਿ ਇਸ ਦਾ ਹੱਲ ਕੀ ਹੈ, ਤਾਂ ਮੈਂ ਕਿਹਾ ਸੀ: ਕਦੇ ਨਾਨਕੇ ਜਾਣ ਲਈ ਜਿੱਦ ਕੀਤੀ ਹੈ? ਤੂੰ ਯਕਦਮ ਬੋਲਿਆ ਸੀ: “ਹਾਂ ਹਾਂ ਮੈਡਮ ਜੀ, ਮੈਂ ਘਰਦਿਆਂ ਨਾਲ਼ ਰੁੱਸ ਜਾਂਦਾ ਹਾਂ, ਤੇ ਜੇ ਉਹ ਫਿਰ ਵੀ ਨਹੀਂ ਮੰਨਦੇ ਤਾਂ ਮੈਂ ਰੋਟੀ ਖਾਣੀ ਛੱਡ ਦਿੰਦਾ ਹਾਂ।” ਮੈਂ ਤੈਨੂੰ ਕਿਹਾ ਸੀ, ਇਸ ਵਾਰ ਇਹ ਕਰਨ ਦੇ ਨਾਲ਼-ਨਾਲ਼ ੲਿੱਕ ਢੰਗ ਹੋਰ ਜੋੜ ਲਈਂ: ਜੇ ਭੈਣ ਸਕੂਲ ਨਹੀਂ ਜਾਂਦੀ, ਤਾਂ ਮੈਂ ਵੀ ਸਕੂਲ ਨਹੀਂ ਜਾਵਾਂਗਾ। ਮੈਨੂੰ ਯਾਦ ਹੈ, ਤੂੰ ਆਪਣੇ ਘਰ ਹਫ਼ਤੇ ਭਰ ਲਈ ਕੁੱਟ ਖਾਧੀ, ਝਿੜਕਾਂ ਸਹੀਆਂ ਅਤੇ ਕਈ ਤਰ੍ਹਾਂ ਦੇ ਲਾਲਚਾਂ ਨੂੰ ਠੋਕਰ ਮਾਰ ਆਪਣੀ ਗੱਲ ਉੱਤੇ ਡਟਿਆ ਰਿਹਾ। ਅੰਤ ਤੇਰੀ ਜਿੱਤ ਹੋਈ ਅਤੇ ਇਕ ਵਾਰ ਫਿਰ ਤੂੰ ਆਪਣੇ ਬਾਪੂ ਅਤੇ ਭੈਣ ਨਾਲ਼ ਸਕੂਲ ਦੇ ਗੇਟ ਅੰਦਰ ਆ ਵੜਿਆ। ਤੇਰੀ ਇਸ ਲੜਾਈ ਨੇ ਤੇਰੇ ਘਰ ਵਿੱਚ ਹੀ ਨਹੀਂ ਸਗੋਂ ਸਾਰੇ ਪਿੰਡ ਵਿੱਚ ਕੁੜੀਆਂ ਪੜ੍ਹਾਉਣ ਦੀ ਲਹਿਰ ਖੜ੍ਹੀ ਕਰ ਦਿੱਤੀ। ਆਖ਼ਿਰ ਤੇਰੇ ਘਰਦਿਆਂ ਨੇ ਇਲਾਕੇ ਦੇ ਹੋਰ ਪਰਿਵਾਰਾਂ ਨਾਲ਼ ਗੱਲਬਾਤ ਕਰਕੇ ਪਿੰਡ ਦੀਆਂ ਸਾਰੀਆਂ ਕੁੜੀਆਂ ਲਈ ਸਾਂਝੇ ਤੌਰ ’ਤੇ ਗੱਡੇ ਦਾ ਪ੍ਰਬੰਧ ਕਰਵਾਇਆ ਸੀ। ਸਾਰੇ ਪਾਸੇ ਨਵੀਂ ਤਰ੍ਹਾਂ ਦਾ ਮਾਹੌਲ ਬੱਝ ਗਿਆ। ਤੇਰੀ ਛੋਟੀ ਉਮਰ ਦੀ ਉਸ ਵੱਡੀ ਜਿੱਤ ਨੇ ਲੋਕਾਂ ਦੀ ਸੋਚ ਹੀ ਬਦਲ ਕੇ ਰੱਖ ਦਿੱਤੀ। ਇੰਝ ਕੁੜੀਆਂ ਲਈ ਡਰ ਅਤੇ ਸਹਿਮ ਦਾ ਵਾਤਾਵਰਣ ਖੰਭ ਲਾ ਕੇ ਉੱਡ ਗਿਆ ਤੇ ਸਕੂਲ ਸਮੇਂ ਤੋਂ ਬਾਅਦ ਵੀ ਕੁੜੀਆਂ ਤੇ ਮੁੰਡਿਆਂ ਦੇ ਹਾਕੀ ਦੇ ਮੈਚ ਲੱਗਣੇ ਸ਼ੁਰੂ ਹੋ ਗਏ। ਭੱਜੀ ਜਾਂਦੀ ਗੇਂਦ ਉੱਤੇ ਜਦੋਂ ਕੋਈ ਕੁੜੀ ਪੂਰੇ ਜ਼ੋਰ ਦੀ ਹਿੱਟ ਮਾਰਦੀ ਤਾਂ ਗੇਂਦ ਗੋਲਚੀ ਦੇ ਪਾਸਿਓਂ ਦੀ ਲੰਘ ਕੇ ਸਿੱਧਾ ਗੋਲ਼ ਪੋਸਟ ’ਤੇ ਜਾ ਵੱਜਦੀ: ਫਿਰ ਚੀਕਾਂ ਵੱਜਦੀਆਂ ਤੇ ਤਾੜੀਆਂ ਦੀ ਗੂੰਜ ਅੰਬਰ ਨੂੰ ਜਾ ਟਕਰਾਉਂਦੀ। ਜਦੋਂ ਕੋਈ ਟੂਰਨਾਮੈਂਟ ਹੁੰਦਾ, ਕੁੜੀਆਂ ਮੁੰਡੇ ਦੇਰ ਰਾਤ ਤੱਕ ਘਰ ਪਹੁੰਚਦੇ; ਤੈਨੂੰ ਯਾਦ ਹੋਣਾ, ਜਦੋਂ ਤੇਰੀ ਭੈਣ ਹਾਕੀ ਦਾ ਨੈਸ਼ਨਲ ਮੈਡਲ ਜਿੱਤ ਕੇ ਆਈ ਤਾਂ ਸਾਰੀ ਰਾਤ ਪਿੰਡ ਵਿੱਚ ਵਿਆਹ ਵਾਲ਼ਾ ਮਾਹੌਲ ਬਣਿਆ ਰਿਹਾ ਸੀ।

ਹੁਣ ਮੈਂ ਕੀ ਦੇਖ ਰਹੀ ਹਾਂ ਤੇਰੀ ਆਪਣੀ, ਸਮਾਜ ਦੀ ਸਭ ਤੋਂ ਸਤਿਕਾਰਤ ਸੰਸਥਾ, ਜਿਸ ਨੇ ਸਮਾਜ ਨੂੰ ਸੱਭਿਆਚਾਰਕ ਤੇ ਸਿਆਸੀ ਅਗਵਾਈ ਦੇਣੀ ਹੁੰਦੀ ਹੈ, ਵਿੱਚ ਲੜਕੀਆਂ ਨੂੰ ਸੁਰੱਖਿਆ ਦੇ ਨਾਂ ’ਤੇ ਕੈਦੀਆਂ ਵਾਂਗ ਜੇਲ੍ਹਾਂ ਰੂਪੀ ਹੋਸਟਲਾਂ ਵਿੱਚ ਰੱਖਿਆ ਜਾ ਰਿਹਾ ਹੈ। ਜਿਨ੍ਹਾਂ ਕਮਰਿਆਂ ਵਿੱਚ ਇੱਕ ਲੜਕੀ ਦੇ ਰਹਿਣ ਦੀ ਜਗ੍ਹਾ ਹੈ, ਉੱਥੇ ਤਿੰਨ ਤਿੰਨ ਨੂੰ ਤਾੜਿਆ ਹੋਇਆ ਹੈ। ਹੁਣ ਜਦੋਂ ਇਸ ਵਿਤਕਰੇ ਦਾ ਵਿਰੋਧ ਕਰਦੀਆਂ ਅਜ਼ਾਦ ਖਿਆਲ ਵਿਦਿਆਰਥਣਾਂ ਭੁੱਖੀਆਂ-ਤਿਹਾਈਆਂ ਮੀਂਹ ਹਨ੍ਹੇਰੀ ਝੱਲਦੀਆਂ ਖੁੱਲ੍ਹੇ ਅਸਮਾਨ ਹੇਠ ਰਾਤਾਂ ਕੱਟ ਰਹੀਆਂ ਹਨ, ਤਾਂ ਤੇਰੇ ਹਿਰਦੇ ’ਤੇ ਉਨ੍ਹਾਂ ਦੀ ਚੀਕ-ਪੁਕਾਰ ਦਾ ਕੋਈ ਅਸਰ ਕਿਉਂ ਨਹੀਂ ਹੋ ਰਿਹਾ! ਤੇਰੀ ਸਭ ਤੋਂ ਪਿਆਰੀ ਅਧਿਆਪਕਾ ਹੋਣ ਦੇ ਨਾਂ ’ਤੇ ਮੈਂ ਸੋਚਣ ਲੱਗਦੀ ਹਾਂ ਕਿ ਤੂੰ ਅਜਿਹਾ ਤਾਂ ਨਹੀਂ ਸੀ। ਤੂੰ ਉਦੋਂ ਲੜਿਆ ਸੀ, ਜਦੋਂ ਤੇਰੇ ਕੋਲ ਕਿਸੇ ਤਰ੍ਹਾਂ ਦੀ ਪ੍ਰਭੂਤਾ ਨਹੀਂ ਸੀ; ਹੁਣ ਤੂੰ ਘਰ ਰੂਪੀ ਇਸ ਸੰਸਥਾ ਦਾ ਕਰਤਾ-ਧਰਤਾ ਹੈਂ। ਤੇਰੇ ਕੋਲ ਅਥਾਹ ਤਾਕਤ ਹੈ, ਤੈਥੋਂ ਬਿਨਾਂ ਯੂਨੀਵਰਸਿਟੀ ਵਿੱਚ ਪੱਤਾ ਨਹੀਂ ਹਿੱਲ ਸਕਦਾ; ਪਰ ਹੈਰਾਨ ਹਾਂ ਕਿ ਤੂੰ ਉਹ ਕੁਝ ਕਿਉਂ ਨਹੀਂ ਕਰ ਰਿਹਾ ਜੋ ਤੈਨੂੰ ਕਰਨਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਜਦੋਂ ਤੂੰ ਛੋਟਾ ਬੱਚਾ ਸੀ ਉਦੋਂ ਤੇਰੇ ਕੋਲ ਦੁਨੀਆਂ ਦੀ ਸਭ ਤੋਂ ਵਡਮੁੱਲੀ ਤਾਕਤ ਮਾਸੂਮੀਅਤ ਅਤੇ ਜੋਸ਼ ਸੀ। ਜਾਂ ਇਹ ਕਹਿ ਲਓ ਕਿ ਤੂੰ ਉਸ ਸਮੇਂ ਜੋੜ-ਘਟਾ ਜਾਂ ਨਫਾ ਨੁਕਸਾਨ ਦੇ ਚੱਕਰਵਿਊ ਤੋਂ ਮੁਕਤ ਸੀ।

ਮੇਰੀ ਅਧਿਆਪਕਾ ਨੇ ਅਜੇ ਕਿਹਾ ਹੀ ਸੀ ਕਿ ਉਸ ਦੀ ਤਮੰਨਾ ਹੈ ਕਿ ਮੇਰਾ ਵਿਦਿਆਰਥੀ ਉਸ ਮਾਸੂਮੀਅਤ ਅਤੇ ਜੋਸ਼ ਨੂੰ ਮੁੜ ਜੀਵਤ ਕਰੇ, ਕਿ ਅਚਾਨਕ ਮੇਰੀ ਅੱਖ ਖੁੱਲ੍ਹ ਗਈ।

ਵਿਦਿਆਰਥੀਓ, ਬਿਸਤਰ ’ਤੇ ਲੇਟਿਆਂ ਮੈਂ ਲੈਂਪ ਦੀ ਮੱਧਮ ਰੌਸ਼ਨੀ ਵਿੱਚ ਆਪਣੀ ਘੜੀ ਵੱਲ ਨਜ਼ਰ ਮਾਰੀ ਤਾਂ ਰਾਤ ਦੇ ਦੋ ਵੱਜ ਚੁੱਕੇ ਸਨ ਤੇ ਅਗਲਾ ਦਿਨ, ਭਾਵ ਚੌਵੀ ਸਤੰਬਰ ਚੜ੍ਹ ਚੁੱਕਾ ਸੀ। ਉੱਠ ਖੜ੍ਹਾ ਹੋ ਮੈਂ ਤਾਕੀ ਦੇ ਪਰਦੇ ਨੂੰ ਪਰ੍ਹੇ ਕੀਤਾ, ਤਾਂ ਸਾਹਮਣੇ ਸੋਲਾਂ-ਸਤਾਰਾਂ ਘੰਟਿਆਂ ਤੋਂ ਹੋ ਰਹੀ ਬਾਰਸ਼ ਰੁਕਣ ਦਾ ਨਾਂ ਨਹੀਂ ਸੀ ਲੈ ਰਹੀ। ਯੂਨੀਵਰਸਿਟੀ ਦੇ ਦਰਖ਼ਤਾਂ ਦੇ ਟੁੱਟੇ ਟਾਹਣੇ ਬਿਜਲੀ ਲਿਸ਼ਕਣ ਨਾਲ਼ ਸੜਕਾਂ ’ਤੇ ਪਏ ਸਾਫ਼ ਦਿਸ ਰਹੇ ਸਨ। ਬਾਰਸ਼ ਹੋਰ ਤੇਜ਼ ਹੋ ਰਹੀ ਸੀ, ਜਿਵੇਂ ਮੌਸਮ ਵਿਭਾਗ ਦੀ ਹੜ੍ਹ ਦੇ ਖ਼ਤਰੇ ਦੀ ਚਿਤਾਵਨੀ ਨੂੰ ਸਹੀ ਕਰਨ ਦਾ ਇਰਾਦਾ ਧਾਰ ਚੁੱਕੀ ਹੋਵੇ। ਤਾਕੀ ’ਚੋਂ ਸਾਹਮਣੇ ਹਵਾ ਅਤੇ ਬਾਰਸ਼ ਨਾਲ਼ ਝੰਬੇ ਦਰਖ਼ਤਾਂ ਵੱਲ ਟਿਕਟਿਕੀ ਲਗਾ ਕੇ ਦੇਖਣ ਤੋਂ ਬਾਅਦ ਸਾਰੀ ਯੂਨੀਵਰਸਿਟੀ ਦਾ ਦਿ੍ਰਸ਼ ਮੇਰੀਆਂ ਅੱਖਾਂ ਅੱਗੇ ਆ ਗਿਆ, ਤੇ ਇਸ ਭਿਆਨਕ ਰਾਤ ਵਿਚ ਗ਼ੁਰੂ ਤੇਗ਼ ਬਹਾਦਰ ਹਾਲ ਦੇ ਸਾਹਮਣੇ ਬੈਠੀਆਂ ਵਿਦਿਆਰਥਣਾਂ ਮੇਰੇ ਅੱਗੇ ਆਣ ਖਲੋਤੀਆਂ। ਇਸ ਭਿਆਨਕ ਮਾਹੌਲ ਵਿੱਚ ਵੀ ਉਨ੍ਹਾਂ ਦੇ ਚਿਹਰੇ ਚਮਕ ਰਹੇ ਸਨ। ਚਿਹਰੇ ਬੜੇ ਜਾਣੇ ਪਛਾਣੇ ਲੱਗ ਰਹੇ ਸਨ ਜਿਨ੍ਹਾਂ ਨੂੰ ਮੈਂ ਲਾਇਬ੍ਰੇਰੀ ਦੇ ਰੀਡਿੰਗ ਹਾਲ ਵਿੱਚ ਕਿਤਾਬਾਂ ਪੜ੍ਹਦਿਆਂ, ਗੋਲ਼ ਮਾਰਕਿਟ ਵਿੱਚ ਹੱਸਦੇ-ਖੇਡਦਿਆਂ ਜਾਂ ਯੂਨੀਵਰਸਿਟੀ ਗਰਾਊਂਡ ਵਿੱਚ ਕੰਨਾਂ ’ਚ ਹੈੱਡਫ਼ੋਨ ਪਾ ਮੁੜ੍ਹਕੋ-ਮੁੜ੍ਹਕੀ ਹੁੰਦੇ ਦੇਖ ਚੁੱਕਾ ਸਾਂ। ਠੰਢੀ ਰਾਤ ਦੇ ਬਾਵਜੂਦ ਇਨ੍ਹਾਂ ਚਿਹਰਿਆਂ ਉੱਤੇ ਜੋਸ਼ ਦੀ ਕਮੀ ਨਹੀਂ ਸੀ। ਇੰਝ ਲੱਗਿਆ, ਜਿਵੇਂ ਸਭ ਚਿਹਰੇ ਕਿਸੇ ਇੱਕ ਚਿਹਰੇ ਦਾ ਰੂਪ ਧਾਰ ਰਹੇ ਹੋਣ, ਤੇ ਇਹ ਚਿਹਰਾ ਮੇਰੀਆਂ ਅੱਖਾਂ ’ਚ ਅੱਖਾਂ ਪਾ ਕੇ ਕਹਿ ਰਿਹਾ ਹੋਵੇ: ਮੈਂ ਔਰਤ ਅਤੇ ਉਸ ਦਾ ਇਤਿਹਾਸ ਹਾਂ, ਆਪਣਾ ਅਤੀਤ ਦੱਸਣ ਆਇਆ ਹਾਂ। ਤਵਾਰੀਖ਼ ਦੇ ਲੰਮੇ ਦੌਰ ਵਿੱਚ ਸਮਾਜ ਨੇ ਮਨੁੱਖ ਦੀ ਅਜ਼ਾਦ ਜ਼ਿੰਦਗੀ ਜਿਊਣ ਦੀ ਤਾਂਘ ਦੁਆਲੇ ਅਖੌਤੀ ਸੱਭਿਆਚਾਰ ਅਤੇ ਭੈਅ ਦੀ ਕੰਧ ਉਸਾਰ ਦਿੱਤੀ ਜਿਸ ਨਾਲ਼ ਔਰਤ ਤੇ ਮਰਦ ਲਈ ਵੱਖਰੇ ਦਾਇਰੇ ਮਿਥ ਦਿੱਤੇ ਗਏ। ਧਾਰਮਿਕ, ਸਿਆਸੀ ਅਤੇ ਆਰਥਿਕ ਵਿਚਾਰਧਾਰਾਵਾਂ ਨੇ ਇਨ੍ਹਾਂ ਅਖੌਤੀ ਦਾਇਰਿਆਂ ਨੂੰ ਰੱਬੀ ਹਕੀਕਤ ਦਾ ਨਾਂ ਦੇ ਕੇ ਇਸ ਨੂੰ ਸਦੀਵੀ ਸੱਚ ਬਣਾ ਦਿੱਤਾ। ਇਉਂ ਔਰਤ ਦੀ ਗੁਲਾਮੀ ਸ਼ੁਰੂ ਹੋ ਗਈ। ਮਨੁੱਖ ਨੇ ਇਕ ਪਾਸੇ ਭਾਵੇਂ ਬਹੁਤ ਤਰੱਕੀ ਵੀ ਕੀਤੀ, ਦੂਜੇ ਪਾਸੇ ਔਰਤ ਨੂੰ ਜੰਮਦਿਆਂ ਹੀ ਮਾਰਨਾ ਸ਼ੁਰੂ ਕਰ ਦਿੱਤਾ ਗਿਆ। ਹੁਣ ਜਦੋਂ ਅਸੀਂ ਇਕੀਵੀਂ ਸਦੀ ਵਿੱਚ ਜੀਅ ਰਹੇ ਹਾਂ ਜਿਸ ਵਿਚ ਦਿਨ-ਰਾਤ ਦਾ ਕੋਈ ਫ਼ਰਕ ਨਹੀਂ ਅਤੇ ਪੂਰੀ ਦੁਨੀਆਂ ਸਿਮਟ ਕੇ ਮੁੱਠੀ ਵਿੱਚ ਆ ਚੁੱਕੀ ਹੈ, ਤਾਂ ਲੜਕੀਆਂ ਦੇ ਜਨਮ ’ਤੇ ਖੁਸ਼ੀ ਤਾਂ ਕੀ ਹੋਣੀ, ਉਨ੍ਹਾਂ ਨੂੰ ਕੁੱਖ ਵਿੱਚ ਹੀ ਮਾਰ ਦਿੱਤਾ ਜਾਂਦਾ ਹੈ। ਖੁਸ਼ਕਿਸਮਤੀ ਨੂੰ ਜੋ ਬਚ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਸਮਾਜ ਅੱਗੇ ਨਹੀਂ ਵਧਣ ਦਿੰਦਾ ਤੇ ਬਹੁ-ਗਿਣਤੀ ਕੁੜੀਆਂ ਹੋਸ਼ ਸੰਭਾਲਣ ਤੋਂ ਪਹਿਲਾਂ ਹੀ ਵਿਆਹ ਦੇ ਗੇੜ ਵਿੱਚ ਪਾ ਦਿੱਤੀਆਂ ਜਾਂਦੀਆਂ ਹਨ। ਬਹੁਤ ਘੱਟ ਗਿਣਤੀ ਵਿੱਚ ਲੜਕੀਆਂ ਸਕੂਲਾਂ ਕਾਲਜਾਂ ਤੱਕ ਪਹੁੰਚਦੀਆਂ ਹਨ, ਯੂਨੀਵਰਸਿਟੀ ਪੱਧਰ ਉੱਤੇ ਇਹ ਗਿਣਤੀ ਹੋਰ ਘਟ ਜਾਂਦੀ ਹੈ।

ਬਤੌਰ ਮਾਡਲ, ਯੂਨੀਵਰਸਿਟੀ ਤੋਂ ਸਮਾਜ ਦੇ ਬਿਹਤਰ ਭਵਿੱਖ ਦੇ ਨਕਸ਼ ਤਰਾਸ਼ੇ ਜਾਣ ਦੀ ਤਵੱਕੋ ਕੀਤੀ ਜਾਂਦੀ ਹੈ। ਇਕ ਅਜਿਹਾ ਭਵਿੱਖ ਜਿਸ ਵਿਚ ਲਿੰਗ, ਜਾਤ, ਧਰਮ, ਨਸਲ ਅਤੇ ਰੰਗ ਦੇ ਆਧਾਰ ’ਤੇ ਕੋਈ ਵਿਤਕਰਾ ਨਾ ਹੋਵੇ ਪਰ ਅਫ਼ਸੋਸ! ਇੱਥੇ ਵੀ ਵਿਤਕਰਾ ਖਹਿੜਾ ਨਹੀਂ ਛੱਡਦਾ। ਅਖੌਤੀ ਸੁਰੱਖਿਆ ਦੇ ਨਾਂ ’ਤੇ ਸਾਨੂੰ ਹੋਸਟਲਾਂ ਅੰਦਰ ਡੱਕ ਦਿੱਤਾ ਜਾਂਦਾ ਹੈ। ਔਰਤ ਇੱਥੇ ਵੀ ਅਜ਼ਾਦ ਜ਼ਿੰਦਗੀ ਦਾ ਤਸੱਵਰ ਨਹੀਂ ਕਰ ਸਕਦੀ। ਤੁਹਾਨੂੰ ਮੇਰੀ ਗੁਜ਼ਾਰਿਸ਼ ਹੈ ਕਿ ਤੁਸੀਂ ਪੂਰੀ ਧਰਤੀ ਉੱਪਰ ਕੋਈ ਕੋਨਾ ਤਾਂ ਅਜਿਹਾ ਸਿਰਜਣ ਦਾ ਹੌਸਲਾ ਕਰੋ ਜਿੱਥੇ ਅਸੀਂ ਕੁਝ ਦਿਨਾਂ ਲਈ ਹੀ ਸਹੀ, ਅਜ਼ਾਦ ਫ਼ਿਜ਼ਾ ਵਿੱਚ ਸਾਹ ਲੈ ਸਕੀਏ ਅਤੇ ਆਪਣੇ ਇਸ ਅਨੁਭਵ ਨੂੰ ਸਮੁੱਚੇ ਸਮਾਜ ਨਾਲ਼ ਸਾਂਝਾ ਕਰ ਸਕੀਏ।

ਮੈਂ ਇਨ੍ਹਾਂ ਦੋਵੇਂ ਸੁਪਨਿਆਂ ਬਾਰੇ ਵਾਰ ਵਾਰ ਸੋਚਿਆ ਤੇ ਘੋਖਣਾ ਸ਼ੁਰੂ ਕੀਤਾ ਕਿ ਸੁਰੱਖਿਆ ਦੇ ਨਾਂ ’ਤੇ ਤਾਲਾਬੰਦੀ ਦਾ ਕੀ ਮਤਲਬ ਹੈ, ਤਾਂ ਮੈਨੂੰ ਇਨ੍ਹਾਂ ਸੁਪਨਿਆਂ ਵਿੱਚ ਕਹੀਆਂ ਗੱਲਾਂ ਸੱਚ ਦੇ ਜ਼ਿਆਦਾ ਨੇੜੇ ਲੱਗੀਆਂ। ਮੈਂ ਕਹਿਣਾ ਚਾਹੁੰਦਾ ਹਾਂ ਕਿ ਸੁਰੱਖਿਆ ਦੇ ਨਾਂ ਉੱਤੇ ਅਸੀਂ ਲੜਕੀਆਂ ਨੂੰ ਅੰਦਰ ਤਾੜਨ ਦੀ ਜਿੰਨੀ ਜੁਰਅਤ ਕਰਦੇ ਹਾਂ, ਬਸ ਉਸ ਤੋਂ ਥੋੜ੍ਹੇ ਜਿਹੇ ਵੱਧ ਹੌਸਲੇ ਦੀ ਲੋੜ ਹੈ ਜਿਸ ਨਾਲ ਤੁਸੀਂ ਸਾਰੇ ਅੱਜ ਤੋਂ ਬਾਅਦ ਲੜਕਾ ਜਾਂ ਲੜਕੀ ਨਾ ਹੋ ਕੇ ਬਤੌਰ ਵਿਦਿਆਰਥੀ ਹੋ ਸਕੋ।

ਇਤਿਹਾਸ ਵਿੱਚ ਇਹ ਪਹਿਲਾ ਮੌਕਾ ਨਹੀਂ ਹੋਵੇਗਾ, ਜਦੋਂ ਮਨੁੱਖ ਜਾਤੀ ਨੇ ਵਿਤਕਰਾ ਖ਼ਤਮ ਕਰਨ ਲਈ ਹੌਸਲੇ ਤੇ ਨਿਡਰਤਾ ਭਰਿਆ ਕਦਮ ਚੁੱਕਿਆ ਹੋਵੇਗਾ; ਮਸਲਨ, ਔਰਤ ਦਾ ਵੋਟ ਦਾ ਹੱਕ ਜਾਂ ਘਰੋਂ ਬਾਹਰ ਦਿਨ ਜਾਂ ਰਾਤ ਨੂੰ ਕੰਮ ਕਰਨ ਦੀ ਅਜ਼ਾਦੀ ਸਮੇਂ ਵੀ ਅਜਿਹੇ ਹੌਸਲੇ ਦੀ ਲੋੜ ਪਈ ਹੋਵੇਗੀ। ਸੋ ਮੈਂ ਕਹਿਣਾ ਚਾਹੁੰਦਾ ਹਾਂ ਕਿ ਸਮਾਂ ਅਤੇ ਹਲਾਤ ਸਾਨੂੰ ਇਤਿਹਾਸ ਸਿਰਜਣ ਦਾ ਮੌਕਾ ਦੇ ਰਹੇ ਹਨ। ਅਸੀਂ ਇਸ ਮੌਕੇ ਨੂੰ ਸ਼ਾਨਦਾਰ ਬਣਾਉਣ ਲਈ ਡਰ, ਦੁਬਿਧਾ ਅਤੇ ਭੈਅ ਤਿਆਗਦੇ ਹੋਏ, ਇਨਸਾਨ ਬਣਨ ਦਾ ਹੌਸਲਾ ਕਰੀਏ। ਇਤਿਹਾਸ ਦੱਸਦਾ ਹੈ ਕਿ ਬਹੁਤੀ ਵਾਰ ਹਲਾਤ ਸਾਜ਼ਗਾਰ ਨਾ ਹੋਣ ਅਤੇ ਬਹੁ-ਗਿਣਤੀ ਦੇ ਵਿਰੋਧ ਦੇ ਬਾਵਜੂਦ ਇਨਸਾਨੀਅਤ ਅਤੇ ਸੰਸਾਰਵਿਆਪੀ ਸਿਧਾਤਾਂ ਉੱਤੇ ਖੜ੍ਹਨਾ ਪੈਂਦਾ ਹੈ।

ਇੱਥੋਂ ਤੱਕ ਕਿ ਅਜੇ ਕੱਲ੍ਹ ਦੀ ਗੱਲ ਹੈ ਕਿ ਸਾਡੇ ਆਪਣੇ ਮੁਲਕ ਦੇ ਤਤਕਾਲੀ ਰੱਖਿਆ ਮੰਤਰੀ ਸ਼ਰਦ ਪਵਾਰ ਨੇ ਜਦੋਂ ਡਿਫੈਂਸ ਵਿੱਚ ਔਰਤਾਂ ਦੀ ਸ਼ਮੂਲੀਅਤ ਦੀ ਗੱਲ ਕੀਤੀ ਤਾਂ ਫੌਜ ਦੇ ਵੱਡੇ ਜਰਨੈਲਾਂ ਨੇ ਨਾ ਸਿਰਫ ਇਸ ਦਾ ਜੰਮ ਕੇ ਵਿਰੋਧ ਕੀਤਾ ਸਗੋਂ ਇਹ ਵੀ ਕਿਹਾ ਕਿ ਇਸ ਨਾਲ਼ ਮੁਲਕ ਦੀ ਸੁਰੱਖਿਆ ਖ਼ਤਰੇ ਵਿੱਚ ਪੈ ਜਾਵੇਗੀ ਅਤੇ ਫੌਜ ਬਦਨਾਮ ਹੋਵੇਗੀ ਪਰ ਰੱਖਿਆ ਮੰਤਰੀ ਦਾ ਇਹ ਕਹਿਣਾ ਸੀ ਕਿ ਅਮਰੀਕਾ ਅਤੇ ਯੂਰਪੀਅਨ ਮੁਲਕਾਂ ਵਿੱਚ ਇਹ ਤਜਰਬਾ ਬਹੁਤ ਸਫ਼ਲ ਰਿਹਾ ਹੈ। ਉਸ ਵਕਤ ਤਾਂ ਜਰਨੈਲਾਂ ਦਾ ਮੁੜ ਜਵਾਬ ਸੀ ਕਿ ਸਾਡਾ ਮੁਲਕ ਤਾਂ ਪਛੜਿਆ ਅਤੇ ਅਨਪੜ੍ਹ ਹੈ ਜਿਸ ਵਿਚ ਫੌਜ ਸੁਰੱਖਿਆ ਕਰਨ ਦੀ ਬਜਾਏ ਸੈਕਸੁਅਲ ਹਰਾਸਮੈਂਟ ਦੇ ਕੇਸਾਂ ਵਿੱਚ ਉਲਝ ਕੇ ਹੀ ਰਹਿ ਜਾਵੇਗੀ ਪਰ ਰੱਖਿਆ ਮੰਤਰੀ ਨੇ ਉਸ ਸਮੇਂ ਔਰਤਾਂ ਦੀ ਸ਼ਮੂਲੀਅਤ ਨੂੰ ਰੋਕ ਰਹੀਆਂ ਤਾਕਤਾਂ ਤੋਂ ਥੋੜ੍ਹਾ ਜਿਹਾ ਜ਼ਿਆਦਾ ਹੌਸਲਾ ਦਿਖਾਉਂਦਿਆਂ ਸਭ ਦੇ ਖ਼ਿਲਾਫ਼ ਜਾ ਕੇ ਇਸ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ। ਤਿੰਨ ਸਾਲ ਬਾਅਦ ਜਦੋਂ ਉਹੀ ਫੌਜੀ ਜਰਨੈਲ ਰੱਖਿਆ ਮੰਤਰੀ ਨੂੰ ਦੁਬਾਰਾ ਮਿਲ਼ੇ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਇਹ ਫੈਸਲਾ ਬੜਾ ਪ੍ਰਭਾਵਸ਼ਾਲੀ ਸਿੱਧ ਹੋਇਆ; ਉਹ (ਜਰਨੈਲ) ਗ਼ਲਤ ਸਨ।

ਅੰਤ ਮੈਨੂੰ ਆਪਣੀ ਤਕਰੀਰ ਖ਼ਤਮ ਕਰਦਿਆਂ ਸੈਨਫ੍ਰੈਂਸਿਸਕੋ (ਅਮਰੀਕਾ) ਦੇ ਸੰਘਣੇ ਜੰਗਲਾਂ ਵਿੱਚ ਦੁਨੀਆਂ ਦੇ ਸਭ ਤੋਂ ਲੰਮੇ ਰੈੱਡ-ਵੁੱਡ ਦਰਖ਼ਤਾਂ ਦਾ ਖਿਆਲ ਆ ਰਿਹਾ ਹੈ ਜੋ ਆਪਣੀਆਂ ਡੂੰਘੀਆਂ ਜੜ੍ਹਾਂ ਨਾ ਹੋਣ ਦੇ ਬਾਵਜੂਦ ਭਿਆਨਕ ਤੂਫਾਨਾਂ, ਭੂਚਾਲਾਂ ਅਤੇ ਹੜ੍ਹਾਂ ਨੂੰ ਝੱਲਦਿਆਂ ਹਜ਼ਾਰਾਂ ਸਾਲਾਂ ਤੋਂ ਖੜ੍ਹੇ ਹਨ। ਇਨ੍ਹਾਂ ਦਰੱਖ਼ਤਾਂ ਦੀ ਅਡੋਲਤਾ ਦਾ ਰਹੱਸ ਇਹ ਹੈ ਕਿ ਇਨ੍ਹਾਂ ਦੀਆਂ ਜੜ੍ਹਾਂ ਡੂੰਘੀਆਂ ਜਾਣ ਦੀ ਥਾਂ ਇੱਕ ਦੂਜੇ ਵੱਲ ਵਧ ਕੇ ਨਾ ਟੁੱਟਣ ਵਾਲ਼ੀ ਮਜ਼ਬੂਤ ਕੜੀ ਬਣਾ ਲੈਂਦੀਆਂ ਹਨ। ਇਉਂ ਇਹ ਦਰਖ਼ਤ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਇੱਕ ਦੂਜੇ ਨੂੰ ਲਗਾਤਾਰ ਮਜ਼ਬੂਤੀ ਦਿੰਦੇ ਅਡੋਲ ਖੜ੍ਹੇ ਰਹਿੰਦੇ ਹਨ। ਕੁਦਰਤ ਦੀ ਇਹ ਖੂਬਸੂਰਤ ਮਿਸਾਲ ਮਨੁੱਖ ਨੂੰ ਇੱਕ ਦੂਜੇ ਨਾਲ਼ ਖੜ੍ਹਨ ਦੀ ਪ੍ਰੇਰਨਾ ਦਿੰਦੀ ਹੈ। ਸੋ, ਆਓ ਆਪਾਂ ਸਭ ਵਿਦਿਆਰਥੀ, ਕਰਮਚਾਰੀ, ਅਧਿਆਪਕ ਅਤੇ ਯੂਨੀਵਰਸਿਟੀ ਦੇ ਵਸਨੀਕ ਰੈੱਡ-ਵੁੱਡ ਦੇ ਦਰਖ਼ਤਾਂ ਵਾਂਗੂੰ ਮੋਢੇ ਨਾਲ਼ ਮੋਢਾ ਲਾ ਕੇ ਉਨ੍ਹਾਂ ਰਵਾਇਤਾਂ ਅਤੇ ਭੈਅ ਦੇ ਵਾਤਾਵਰਣ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰੀਏ ਜੋ ਸਾਨੂੰ ਬਿਹਤਰ ਮਨੁੱਖ ਹੋਣ ਤੋਂ ਰੋਕ ਰਿਹਾ ਹੈ।

ਸੋ ਮੈਂ ਪੰਜਾਬੀ ਯੂਨੀਵਰਸਿਟੀ ਦਾ ਵੀਸੀ ਹੋਣ ਦੀ ਹੈਸੀਅਤ ਵਿੱਚ ਡੀਐੱਸਡਬਲਿਊ ਅਤੇ ਵਾਰਡਨਜ਼ ਨੂੰ ਆਦੇਸ਼ ਦਿੰਦਾ ਹਾਂ ਕਿ ਉਹ ਹੋਸਟਲਾਂ ਦੇ ਗੇਟਾਂ ’ਤੇ ਲੱਗੇ ਸੰਗਲਾਂ ਅਤੇ ਜਿੰਦਰਿਆਂ ਨੂੰ ਉਨ੍ਹਾਂ ਦੀ ਬਣਦੀ ਥਾਂ, ਭਾਵ ਅਜਾਇਬਘਰਾਂ ਵਿੱਚ ਰੱਖ ਦੇਣ ਅਤੇ ਗੇਟ ਪੂਰੀ ਤਰ੍ਹਾਂ ਖੋਲ੍ਹ ਦਿੱਤੇ ਜਾਣ ਤਾਂ ਜੋ ਨਵੀਂ ਸਵੇਰ ਦੀਆਂ ਕਿਰਨਾਂ ਉਨ੍ਹਾਂ ਹਨੇਰਿਆਂ ਨੂੰ ਚੀਰਦੀਆਂ ਵਿਤਕਰੇ ਰਹਿਤ ਸਮਾਜ ਬਣਾਉਣ ਵਿੱਚ ਸਹਾਇਕ ਹੋਣ। ਇਸ ਦੇ ਨਾਲ਼ ਹੀ ਮੈਂ ਅਪੀਲ ਕਰਦਾ ਹਾਂ ਕਿ ਅਸੀਂ ਇਸ ਸੁਪਨੇ ਦੀ ਸੁਰੱਖਿਆ ਉਸੇ ਤਰ੍ਹਾਂ ਹੀ ਕਰਾਂਗੇ, ਜਿਵੇਂ ਰੈੱਡ-ਵੁੱਡ ਦੇ ਵੱਡੇ ਦਰਖ਼ਤ ਛੋਟੇ ਦਰਖ਼ਤਾਂ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਕਰਦੇ ਹਨ; ਜਿਸ ਦੇ ਸਿੱਟੇ ਵਜੋਂ ਉਨ੍ਹਾਂ ਨੂੰ ਭਰਭੂਰ ਜ਼ਿੰਦਗੀ ਜਿਉਣ ਦਾ ਮੌਕਾ ਮਿਲ਼ਦਾ ਹੈ। ਇਉਂ ਅਸੀਂ ਵੀ ਉਨ੍ਹਾਂ ਰੁੱਖਾਂ ਵਾਂਗ ਇਕ ਦੂਜੇ ਦੀ ਮਦਦ ਕਰਦੇ ਹੋਏ ਅਜਿਹਾ ਸਮਾਜ ਸਿਰਜੀਏ ਜੋ ਸਾਰੀ ਮਨੁੱਖਤਾ ਲਈ ਪ੍ਰੇਰਨਾ ਸਰੋਤ ਬਣੇ। -ਧੰਨਵਾਦ।

ਲੇਖਕ: ਤੇਗਿੰਦਰ
ਅਸਿਸਟੈਂਟ ਪ੍ਰੋਫ਼ੈਸਰ, ਯੂਨੀਵਰਸਿਟੀ ਕਾਲਜ,
ਘਨੌਰ (ਪਟਿਆਲਾ)
ਸੰਪਰਕ: 94782-81331

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 7, ਅੰਕ 17, 16 ਤੋਂ 31 ਅਕਤੂਬਰ 2018 ਵਿੱਚ ਪ੍ਰਕਾਸ਼ਿਤ