ਉੱਚ-ਉਸਾਰ ਅਤੇ ਆਧਾਰ ਦੀ ਆਪਸੀ-ਕਿਰਿਆ •ਮੌਰਿਸ ਕੋਰਨਫ਼ੋਰਥ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਇਸ ਸਬੰਧੀ ਦੋ ਨੁਕਤੇ ਬਹੁਤ ਹੀ ਮਹੱਤਵਪੂਰਨ ਹਨ।

ਪਹਿਲੇ ਪ੍ਰਸੰਗ ‘ਚ, ਏਂਗਲਜ਼ ਨੇ ਇਤਿਹਾਸਕ ਪਦਾਰਥਵਾਦ ਦੇ ਵਿਸ਼ੇ ਬਾਰੇ ਪ੍ਰਚਲਿਤ ਗ਼ਲਤਫਹਿਮੀ ਅਤੇ ਹਸਾਉਣੀ ਧਾਰਣਾ ਨੂੰ ਰੇਖਾਂਕਿਤ ਕੀਤਾ ਹੈ… ਕਿ ਕਿਉਂਕਿ ਅਸੀਂ ਵੱਖ-ਵੱਖ ਵਿਚਾਰਧਾਰਕ ਖੇਤਰਾਂ ਦੇ ਅਜ਼ਾਦਾਨਾ ਇਤਿਹਾਸਕ ਵਿਕਾਸ ਨੂੰ ਨਹੀਂ ਮੰਨਦੇ ਜੋ ਇਤਿਹਾਸ ‘ਚ ਭੂਮਿਕਾ ਨਿਭਾਉਂਦੇ ਹਨ, ਇਸ ਲਈ ਅਸੀਂ ਇਤਿਹਾਸ ‘ਤੇ ਉਹਨਾਂ ਦੇ ਕਿਸੇ ਪ੍ਰਭਾਵ ਨੂੰ ਵੀ ਨਹੀਂ ਮੰਨਦੇ ਹਾਂ…। ਇਹ ਭਲੇ ਮਾਣਸ ਆਮ ਤੌਰ ‘ਤੇ ਜਾਣ ਬੁੱਝ ਕੇ ਭੁੱਲ ਜਾਂਦੇ ਹਨ ਕਿ ਇੱਕ ਵਾਰ ਕੋਈ ਇਤਿਹਾਸਕ ਤੱਤ ਦੂਜੇ ਤੱਤਾਂ ਕਾਰਨ, ਅੰਤਿਮ ਰੂਪ ‘ਚ ਆਰਥਿਕ ਤੱਤਾਂ ਕਾਰਨ ਸੰਸਾਰ ‘ਚ ਆ ਗਿਆ, ਤਾਂ ਆਪਣੀ ਵਾਰੀ ਆਉਣ ‘ਤੇ ਉਹ ਵੀ ਪ੍ਰਤੀਕਿਰਿਆ ਕਰਦਾ ਹੈ ਅਤੇ ਉਹ ਆਪਣੇ ਆਲ਼ੇ-ਦੁਆਲ਼ੇ ਤੇ ਇੱਥੋਂ ਤੱਕ ਕਿ ਆਪਣੇ ਪੈਦਾ ਹੋਣ ਦੇ ਕਾਰਨਾਂ ਉੱਤੇ ਵੀ ਪ੍ਰਤੀਕਿਰਿਆ ਕਰ ਸਕਦਾ ਹੈ।”20

ਮਿਸਾਲ ਵਜੋਂ ਕਿਸੇ ਦੇਸ਼ ਦੀਆਂ ਸੰਸਥਾਵਾਂ ਅਤੇ ਕਨੂੰਨ ਹਾਸਲ ਆਰਥਿਕ ਵਿਦਮਾਨ ਦੀ ਪੈਦਾਵਾਰ ਹੁੰਦੇ ਹਨ, ਅਤੇ ਉਹਨਾਂ ਦੇ ਆਰਥਿਕ ਆਧਾਰ ਤੋਂ ਤੋੜ ਕੇ ਉਹਨਾਂ ਦੀ ਉਤਪਤੀ ਅਤੇ ਵਿਕਾਸ ਨੂੰ ਸਮਝ ਸਕਣਾ ਅਸੰਭਵ ਹੁੰਦਾ ਹੈ। ਪਰ ਇਹ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਸਿਆਸੀ ਸੰਸਥਾਵਾਂ ਅਤੇ ਕਨੂੰਨ, ਜੋ ਆਰਥਿਕ ਸਬੰਧਾਂ ਦੇ ਆਧਾਰ ‘ਤੇ ਹੋਂਦ ‘ਚ ਆਉਂਦੇ ਹਨ, ਇਤਿਹਾਸਕ ਘਟਨਾਵਾਂ ਦੀ ਅਸਲ ਵਿਕਾਸ-ਲੜੀ ਅਤੇ ਸਮਾਜ ਦੇ ਆਰਥਿਕ ਜੀਵਨ ਸਹਿਤ ਸੰਪੂਰਨ ਜੀਵਨ ‘ਤੇ ਬਹੁਤ ਹੀ ਡੂੰਘਾ ਪ੍ਰਭਾਵ ਪਾਉਂਦੇ ਹਨ। ਇਸ ਤਰ੍ਹਾਂ ਆਧੁਨਿਕ ਬ੍ਰਿਟਿਸ਼ ਪਾਰਲੀਮਾਨੀ ਸੰਸਥਾਵਾਂ ਬੇਸ਼ੱਕ ਬ੍ਰਿਟੇਨ ਦੇ ਸਰਮਾਏਦਾਰਾ ਢਾਂਚੇ ਦੀ ਪੈਦਾਵਾਰ ਹਨ। ਪਰ ਇਸਦਾ ਇਹ ਅਰਥ ਨਹੀਂ ਹੈ ਕਿ ਪਾਰਲੀਮੈਂਟ ਦੀ ਸੰਸਥਾ ਦਾ, ਅਤੇ ਜੋ ਕੁਝ ਉਹ ਕਰਦੀ ਹੈ, ਕੋਈ ਮਹੱਤਵ ਨਹੀਂ ਹੈ। ਇਸਦੇ ਉਲਟ, ਅਸੀਂ ਜਾਣਦੇ ਹਾਂ ਕਿ ਪਾਰਲੀਮੈਂਟ ਦੁਆਰਾ ਪਾਸ ਐਕਟ ਨਾ ਕੇਵਲ ਸਿਆਸੀ ਖੇਤਰ ‘ਚ, ਸਗੋਂ ਆਰਥਿਕ ਖੇਤਰ ‘ਚ ਵੀ ਬਹੁਤ ਵੱਡਾ ਪ੍ਰਭਾਵ ਪਾਉਂਦੇ ਹਨ। ਇਸ ਤੋਂ ਉਲ਼ਟ ਗੱਲ ਸੱਚਮੁੱਚ “ਹਸਾਉਣੀ ਧਾਰਣਾ” ਹੋਵੇਗੀ।

ਏਂਗਲਜ਼ ਨੇ ਲਿਖਿਆ ਹੈ: “ਇਤਿਹਾਸ ਦੇ ਪਦਾਰਥਵਾਦੀ ਸੰਕਲਪ ਅਨੁਸਾਰ, ਅਸਲ ਜੀਵਨ ਦੀ ਪੈਦਾਵਾਰ ਅਤੇ ਮੁੜ-ਪੈਦਾਵਾਰ ਇਤਿਹਾਸ ‘ਚ ਅੰਤਿਮ ਰੂਪ ‘ਚ  ਫੈਸਲਾਕੁੰਨ ਤੱਤ ਹੁੰਦਾ ਹੈ। ਮਾਰਕਸ ਨੇ ਜਾਂ ਮੈਂ ਇਸ ਤੋਂ ਵੱਧ ਕੋਈ ਗੱਲ ਨਹੀਂ ਕੀਤੀ। ਇਸ ਲਈ ਜੇਕਰ ਕੋਈ ਵਿਅਕਤੀ ਇਹ ਕਹਿ ਕੇ ਇਸਨੂੰ ਤੋੜਦਾ-ਮਰੋੜਦਾ ਹੈ ਕਿ ਆਰਥਿਕ ਤੱਤ ਹੀ ਇੱਕੋਇੱਕ ਫੈਸਲਾਕੁੰਨ ਤੱਤ ਹੁੰਦਾ ਹੈ, ਤਾਂ ਉਹ ਇਸ ਪ੍ਰਸਥਾਪਨਾ ਨੂੰ ਅਰਥਹੀਣ, ਅਮੂਰਤ, ਬੇਤੁਕਾ ਕਥਨ ਬਣਾਂ ਧਰਦਾ ਹੈ। ਆਰਥਿਕ ਸਥਿਤੀ ਆਧਾਰ ਹੁੰਦੀ ਹੈ, ਪਰ ਉੱਚ-ਉਸਾਰ ਦੇ ਵੱਖ-ਵੱਖ ਤੱਤ ਵੀ ਇਤਿਹਾਸਕ ਘੋਲ਼ ਦੀ ਲੜੀ ਉੱਤੇ ਆਪਣਾ ਪ੍ਰਭਾਵ ਛੱਡਦੇ ਹਨ ਅਤੇ ਕਈ ਮਾਮਲਿਆਂ ‘ਚ ਉਹਨਾਂ ਦਾ ਸਰੂਪ  ਤੈਅ ਕਰਨ ‘ਚ ਬਹੁਤ ਭਾਰੂ ਸਿੱਧ ਹੁੰਦੇ ਹਨ।”21

“ਅਸੀਂ ਆਰਥਿਕ ਹਾਲਤਾਂ ਨੂੰ ਅਜਿਹਾ ਕਾਰਕ ਮੰਨਦੇ ਹਾਂ, ਜੋ ਅੰਤ ‘ਚ ਇਤਿਹਾਸਕ ਵਿਕਾਸ ਨੂੰ ਮਿੱਥਦਾ ਹੈ… ਸਿਆਸੀ, ਨਿਆਂਇਕ, ਦਾਰਸ਼ਨਿਕ, ਧਾਰਮਿਕ, ਸਾਹਿਤਕ, ਕਲਾਤਮਕ ਆਦਿ ਦਾ ਵਿਕਾਸ ਆਰਥਿਕ ਵਿਕਾਸ ‘ਤੇ ਅਧਾਰਿਤ ਹੁੰਦਾ ਹੈ। ਪਰ ਇਹ ਸਾਰੇ ਇੱਕ-ਦੂਜੇ ‘ਤੇ ਅਤੇ ਆਰਥਿਕ ਆਧਾਰ ‘ਤੇ ਵੀ ਪ੍ਰਤਿਕਿਰਿਆ ਕਰਦੇ ਹਨ। ਅਜਿਹਾ ਨਹੀਂ ਹੈ ਕਿ ਆਰਥਿਕ ਹਾਲਤ ਕਾਰਨ  ਹੁੰਦੀ ਹੈ, ਅਤੇ ਕੇਵਲ ਉਹੀ ਸਰਗਰਮ  ਹੁੰਦੀ ਹੈ ਅਤੇ ਬਾਕੀ ਸਭ ਕੁਝ ਕੇਵਲ ਗ਼ੈਰ-ਸਰਗਰਮ ਪ੍ਰਭਾਵ ਹੈ। ਇਸ ਤੋਂ ਉਲਟ ਅਸਲ ‘ਚ ਇਹ ਆਰਥਿਕ ਲਾਜ਼ਮੀਅਤ ਦੇ ਆਧਾਰ ‘ਤੇ ਉਹਨਾਂ ਦੀ ਆਪਸੀ ਕਿਰਿਆ ਹੁੰਦੀ ਹੈ, ਜੋ ਹਮੇਸ਼ਾ ਅੰਤਮ ਰੂਪ ‘ਚ ਖੁਦ ਨੂੰ ਸਥਾਪਤ ਕਰਦੀ ਹੈ।”22

ਮਤਾਂ ਅਤੇ ਸੰਸਥਾਵਾਂ ਦੇ ਸਰੂਪ ਦਾ ਇਤਿਹਾਸਕ ਨਿਰਧਾਰਨ

ਦੂਜੇ ਪ੍ਰਸੰਗ ‘ਚ, ਏਂਗਲਜ਼ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਭਾਵੇਂ ਆਮ ਰੂਪ ‘ਚ ਮਤ ਅਤੇ ਸੰਸਥਾਵਾਂ ਆਰਥਿਕ ਹਾਲਤਾਂ ਦੀ ਪੈਦਾਵਾਰ ਹੁੰਦੇ ਹਨ, ਪਰ ਉਸ ਸ਼ੁੱਧ ਸਰੂਪ ਦੀ, ਜੋ ਉਹ ਕਿਸੇ ਖ਼ਾਸ ਦੇਸ਼ ਦੇ ਕਿਸੇ ਵਿਸ਼ੇਸ਼ ਦੌਰ ‘ਚ ਗ੍ਰਹਿਣ ਕਰਦੇ ਹਨ, ਸਿਰਫ਼ ਤੇ ਸਿਰਫ਼ ਉਸ ਦੇਸ਼ ਦੀਆਂ, ਉਸ ਦੌਰ ਦੀਆਂ ਆਰਥਿਕ ਹਾਲਤਾਂ ਨਾਲ਼ ਹੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਇਸਦੇ ਉਲ਼ਟ, ਆਰਥਿਕ ਵਿਕਾਸ ਦਾ ਪ੍ਰਭਾਵ ਭਾਵੇਂ ਹਮੇਸ਼ਾ ਅੰਤ ‘ਚ ਖੁਦ ਨੂੰ ਸਥਾਪਿਤ ਕਰਦਾ ਹੈ, ਪਰ ਕਿਸੇ ਖ਼ਾਸ ਸਮੇਂ ‘ਚ ਮਤ ਅਤੇ ਸੰਸਥਾਵਾਂ ਜੋ ਸਰੂਪ ਗ੍ਰਹਿਣ ਕਰਦੀਆਂ ਹਨ, ਉਹ ਦੇਸ਼ ਦੇ ਜੀਵਨ, ਉਸਦੇ ਲੋਕਾਂ ਦੇ ਕਿਰਦਾਰ ਅਤੇ ਰਵਾਇਤਾਂ, ਉਸ ਦੇ ਆਗੂ ਮਨੁੱਖਾਂ ਦੀਆਂ ਸ਼ਖ਼ਸ਼ੀਅਤਾਂ ਅਤੇ ਸਭ ਤੋਂ ਉੱਤੇ ਉਸਦੇ ਬੀਤੇ ਦੇ ਇਤਿਹਾਸ ਸਮੇਤ ਵੱਖ-ਵੱਖ ਖ਼ਾਸ ਕਾਰਕਾਂ ‘ਤੇ ਲਾਜ਼ਮੀ ਰੂਪ ਨਾਲ਼ ਨਿਰਭਰ ਕਰਦੇ ਹਨ।

ਉਦਾਹਰਨ ਵਜੋਂ, ਕਨੂੰਨ ਸਬੰਧੀ ਵਿਚਾਰਾਂ ਦੇ ਵਿਕਾਸ ‘ਤੇ ਵਿਚਾਰ ਕਰਦੇ ਹੋਏ, ਏਂਗਲਜ਼ ਦੱਸਦੇ ਹਨ ਕਿ ਭਾਵੇਂ ਕਨੂੰਨ ਸਬੰਧੀ ਵਿਚਾਰ ਹਮੇਸ਼ਾ ਵਿਦਮਾਨ ਆਰਥਿਕ ਹਾਲਤਾਂ ਨੂੰ ਪ੍ਰਤੀਬਿੰਬਤ ਕਰਦੇ ਹਨ “ਪਰ ਜਿਸ ਸਰੂਪ ‘ਚ ਇਹ ਵਾਪਰਦਾ ਹੈ ਉਸ ‘ਚ ਵੱਡੇ ਪੈਮਾਨੇ ‘ਤੇ ਵੱਖਰੇਵੇਂ ਹੋ ਸਕਦੇ ਹਨ। ਇਹ ਪੂਰੇ ਕੌਮੀ ਵਿਕਾਸ ਨਾਲ਼ ਇਕਰੂਪਤਾ ‘ਚ ਸੰਭਵ ਹੈ, ਜਿਵੇਂ ਇੰਗਲੈਂਡ ‘ਚ ਹੋਇਆ ਕਿ ਮੁੱਖ ਰੂਪ ‘ਚ ਪੁਰਾਣੇ ਜਗੀਰੂ ਕਨੂੰਨਾਂ ਨੂੰ ਸਰਮਾਏਦਾਰਾ ਸਾਰਤੱਤ ਭਰ ਕੇ ਉਹਨਾਂ ਨੂੰ ਬਰਕਰਾਰ ਰੱਖਿਆ ਜਾਵੇ, ਭਾਵ ਅਸਲ ਵਿੱਚ ਪੁਰਾਣੇ ਜਗੀਰੂ ਨਾਵਾਂ ਨੂੰ ਸਰਮਾਏਦਾਰਾ ਅਰਥ ਪ੍ਰਦਾਨ ਕਰ ਦਿੱਤੇ ਜਾਣ। ਪਰ ਹੋਰ ਵੀ, ਜਿਵੇਂ ਕਿ ਪੱਛਮੀ ਮਹਾਂਦੀਪੀ  ਯੂਰੋਪ ‘ਚ ਵਾਪਰਿਆ, ਰੋਮਨ ਕਨੂੰਨ, ਜੋ ਸੰਸਾਰ ‘ਚ ਜਿਣਸ ਪੈਦਾਵਾਰੀ ਸਮਾਜ ਦਾ ਪਹਿਲਾ ਸੰਸਾਰ ਕਨੂੰਨ ਸੀ, ਨੂੰ ਆਧਾਰ ਦੇ ਰੂਪ ‘ਚ ਪੇਸ਼ ਕੀਤਾ ਜਾ ਸਦਕਾ ਹੈ… ਮਹਾਨ ਬੁਰਜੂਆ ਇਨਕਲਾਬ ਤੋਂ ਬਾਅਦ ਫਰਾਂਸਿਸੀ “ਕੋਡ ਸਿਵਲ” ਜਿਹਾ ਕਲਾਸਕੀ ਕਨੂੰਨ ਵਿਧਾਨ ਇਸੇ ਰੋਮਨ ਕਨੂੰਨ ਦੇ ਆਧਾਰ ‘ਤੇ ਤਿਆਰ ਕੀਤਾ ਗਿਆ…।”23

ਇਸ ਤਰ੍ਹਾਂ ਇਹਨਾਂ ਮਾਮਲਿਆਂ ‘ਚ ਕਨੂੰਨ-ਸਬੰਧੀ ਸੰਕਲਪਾਂ ਅਤੇ ਕਨੂੰਨ-ਵਿਧਾਨ ਆਰਥਿਕ ਹਾਲਤਾਂ ਦੀ ਪ੍ਰਤੱਖ ਪੈਦਾਵਾਰ ਦੇ ਰੂਪ ‘ਚ ਨਹੀਂ, ਸਗੋਂ ਪਹਿਲਾਂ ਤੋਂ ਹੀ ਮੌਜੂਦ ਕਨੂੰਨ ਸਬੰਧੀ ਸੰਕਲਪਾਂ ਅਤੇ ਵਿਧਾਨਾਂ ਨੂੰ ਜੋ ਬੀਤੇ ਯੁੱਗ ਵਿੱਚ ਪ੍ਰਚਲਿਤ ਸਨ, ਨਵੇਂ ਯੁੱਗ ਲਈ ਉਪਯੋਗੀ ਰੂਪਾਂ ‘ਚ ਢਾਲਣ ਅਤੇ ਅਨੁਕੂਲ ਬਣਾਉਣ ਦੀ ਪ੍ਰਕਿਰਿਆ ‘ਚੋਂ ਪੈਦਾ ਹੋਏ।

ਏਂਗਲਜ਼ ਨੇ ਸਪੱਸ਼ਟ ਕੀਤਾ ਹੈ ਕਿ ਇਹੀ ਕੁਝ ਦਰਸ਼ਨ ਨਾਲ਼ ਹੋਇਆ ਹੈ।

“ਮੈਂ ਸਮਝਦਾ ਹਾਂ ਕਿ ਆਰਥਿਕ ਵਿਕਾਸ ਦੀ ਅੰਤਿਮ ਪੱਧਰ ਤੱਕ ਸਰਵ-ਪ੍ਰਮੁੱਖਤਾ ਸਥਾਪਿਤ ਹੋ ਚੁੱਕੀ ਹੈ……… ਪਰ ਇਹ ਖੁਦ ਖ਼ਾਸ ਖੇਤਰ ਦੁਆਰਾ ਥੋਪੀਆਂ ਹਾਲਤਾਂ ਦੀ ਹੱਦ ਦੇ ਤਹਿਤ ਵਾਪਰਦਾ ਹੈ; ਉਦਾਹਰਨ ਵਜੋਂ ਦਰਸ਼ਨ ‘ਚ, ਪੁਰਖਿਆਂ ਤੋਂ ਹਾਸਲ ਹੋਈ ਮੌਜੂਦਾ ਦਾਰਸ਼ਨਿਕ ਸਮੱਗਰੀ ‘ਤੇ ਆਰਥਿਕ ਪ੍ਰਭਾਵਾਂ (ਜੋ ਸਦਾ ਵਾਂਗ ਆਮ ਰੂਪ ‘ਚ ਸਿਆਸੀ ਆਦਿ ਦੇ ਨਕਾਬ ਰਾਹੀਂ ਕਾਰਜ ਕਰਦੇ ਹਨ) ਦੀ ਕਿਰਿਆ ਰਾਹੀਂ ਆਰਥਿਕ ਵਿਕਾਸ ਦੀ ਸਰਵ-ਪ੍ਰਮੁੱਖਤਾ ਸਥਾਪਿਤ ਹੁੰਦੀ ਹੈ।”24

ਇਸ ਲਈ, ਕਿਸੇ ਦੇਸ਼ ਦੇ ਅਸਲ ਹਾਸਲ ਮਤਾਂ ਅਤੇ ਸੰਸਥਾਵਾਂ ਨੂੰ ਉਸ ਦੇਸ਼ ਦੇ ਇੱਕ ਨਿਸ਼ਚਿਤ ਸਮੇਂ ਦੀਆਂ ਆਰਥਿਕ ਹਾਲਤਾਂ ਦੇ, ਪ੍ਰਤੱਖ ਨਤੀਜੇ ਦੇ ਰੂਪ ‘ਚ ਨਹੀਂ ਸਮਝਿਆ ਜਾ ਸਕਦਾ। ਏਂਗਲਜ਼ ਨੇ ਕਿਹਾ ਹੈ: “ਅਰਥਚਾਰਾ ਪੂਰੀ ਤਰ੍ਹਾਂ ਕੋਈ ਨਵੀਂ ਰਚਨਾ ਨਹੀਂ ਕਰਦਾ, ਪਰ ਇਹ ਉਹ ਢੰਗ ਤੈਅ ਕਰਦਾ ਹੈ, ਜਿਸ ਨਾਲ਼ ਚਿੰਤਨ ਦੀ ਮੌਜੂਦ ਸਮੱਗਰੀ ਬਦਲੀ ਜਾਂਦੀ ਹੈ ਅਤੇ ਅੱਗੇ ਵਿਕਸਿਤ ਹੁੰਦੀ ਹੈ।25

ਮਤਾਂ ਅਤੇ ਸੰਸਥਾਵਾਂ ਦੇ ਵਿਕਾਸ ‘ਤੇ ਵਿਚਾਰ ਕਰਦੇ ਸਮੇਂ ਬੁਨਿਆਦੀ ਮਹੱਤਵ ਦਾ ਤੱਥ ਇਹ ਹੈ ਕਿ ਉਹ ਅਜ਼ਾਦਾਨਾ ਵਿਕਾਸ ਨਹੀਂ ਕਰਦੇ, ਸਗੋਂ ਸਮਾਜ ਦੇ ਆਰਥਿਕ ਵਿਕਾਸ ਦੇ ਆਧਾਰ ‘ਤੇ ਜਨਮ ਲੈਂਦੇ ਅਤੇ ਵਿਕਸਿਤ ਹੁੰਦੇ ਹਨ। ਹਰੇਕ ਦੇਸ਼ ਵਿਸ਼ੇਸ਼ ਵਿੱਚ ਮਤਾਂ ਅਤੇ ਸੰਸਥਾਵਾਂ ਦੇ ਵਿਕਾਸ ਦੀਆਂ ਵਿਸ਼ੇਸ਼ਤਾਵਾਂ ਅਤੇ ਉਸਦੇ ਇਤਿਹਾਸ ਦੇ ਹਰੇਕ ਕਾਲ-ਵਿਸ਼ੇਸ਼ ‘ਚ ਉਹਨਾਂ ਦੁਆਰਾ ਨਿਭਾਈ ਜਾਣ ਵਾਲ਼ੀ ਭੂਮਿਕਾ ਨੂੰ ਪਰਿਭਾਸ਼ਿਤ ਕਰਨ ਦਾ ਸਵਾਲ ਹਮੇਸ਼ਾ ਬਣਿਆ ਰਹਿੰਦਾ ਹੈ। ਇਸ ਸਵਾਲ ਨੂੰ ਕਦੇ ਵੀ ਸਿਰਫ ਆਮ ਸੂਤਰਾਂ ਰਾਹੀਂ ਹੱਲ ਨਹੀਂ ਕੀਤਾ ਜਾ ਸਕਦਾ, ਸਗੋਂ ਕੇਵਲ ਤੱਥਾਂ ਦੇ ਚਾਨਣ ‘ਚ ਹੀ ਹੱਲ ਦੀ ਖੋਜ ਸੰਭਵ ਹੈ।

ਸੰਖੇਪ ‘ਚ, ਜਦ ਆਮ ਸਿਧਾਂਤਾਂ ਦੇ ਅਮੂਰਤ ਵਰਣਨ ਦਾ ਨਹੀਂ, ਸਗੋਂ ਖ਼ਾਸ ਇਤਿਹਾਸਕ ਪ੍ਰਕਿਰਿਆਵਾਂ ਦੀ ਵਿਆਖਿਆ ‘ਚ ਇਹਨਾਂ ਸਿਧਾਂਤਾਂ ਦੀ ਵਰਤੋਂ ਦਾ ਵਿਸ਼ਾ ਹਾਜ਼ਰ ਹੁੰਦਾ ਹੈ, ਤਾਂ ਆਰਥਿਕ ਹਾਲਤਾਂ ਦੇ ਆਧਾਰ ‘ਤੇ ਮਤਾਂ ਅਤੇ ਸਿਧਾਂਤਾਂ ਦੇ ਪੈਦਾ ਹੋਣ ਦੇ ਅਮਲ ਅਤੇ ਘਟਨਾਵਾਂ ਦੇ ਵਿਕਾਸ ‘ਚ ਉਹਨਾਂ ਦੀ ਸਰਗਰਮ ਭੂਮਿਕਾ ਦੇ ਵਿਸਥਾਰ ਸਹਿਤ ਅਧਿਐਨ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਅਤੇ ਖੁਦ ਮਾਰਕਸ ਨੇ ਆਪਣੀਆਂ ਇਤਿਹਾਸ ਸਬੰਧੀ ਰਚਨਾਵਾਂ ‘ਚ ਇਹਨਾਂ ਦੀ ਵਰਤੋਂ ਦੇ ਉੱਚ-ਕੋਟੀ ਦੇ ਉਦਾਹਰਨ ਪੇਸ਼ ਕੀਤੇ ਹਨ।

ਉਦਾਹਰਨ ਵਜੋਂ ‘ਦਿ ਏਟੀਨਥ ਬਰੂਮੇਰ ਆਫ਼ ਲੂਈ ਬੋਨਾਪੋਰਟ’ ‘ਚ ਉਹ ਵਿਸਥਾਰ ‘ਚ ਦਿਖਾਉਂਦੇ ਹਨ ਕਿ ਫਰਾਂਸਿਸੀ ਸਮਾਜ ‘ਚ 19ਵੀਂ ਸਦੀ ਦੇ ਅੱਧ ‘ਚ ਖ਼ਾਸ ਮਤ ਅਤੇ ਸੰਸਥਾਵਾਂ, ਸਿਆਸੀ ਦਲ, ਸਿਆਸੀ ਟਕਰਾਅ ਅਤੇ ਵਿਚਾਰਾਂ ਦੀਆਂ ਪ੍ਰਵ੍ਰਿਤੀਆਂ ਨਿਸ਼ਚਿਤ ਆਰਥਿਕ ਅਤੇ ਜਮਾਤੀ-ਸਬੰਧਾਂ ਦੇ ਆਧਾਰ ‘ਤੇ ਕਿਵੇਂ ਉਭਰੇ, ਅਤੇ ਸਿਆਸਤ ਤੇ ਵਿਚਾਰਧਾਰਾ ਦੇ ਖੇਤਰਾਂ ‘ਚ ਉਸਦੇ ਸਿੱਟੇ ਵਜੋਂ ਛਿੜੇ ਘੋਲ਼ਾਂ ਨੇ ਫਰਾਂਸਿਸੀ ਅਰਥਚਾਰੇ ਅਤੇ ਵੱਖ-ਵੱਖ ਜਮਾਤਾਂ ਦੀ ਹੋਣੀ ਨੂੰ ਕਿਵੇਂ ਪ੍ਰਭਾਵਿਤ ਕੀਤਾ।

ਸਿਆਸੀ ਅਤੇ ਵਿਚਾਰਧਾਰਕ ਪੱਖਾਂ, ਉਹਨਾਂ ਦੇ ਆਧਾਰ ਅਤੇ ਪ੍ਰਭਾਵ ਦੀ ਅਜਿਹੀ ਵਿਸਥਾਰਤ ਸਮਝ ਅਸਲ ਵਿਹਾਰਕ ਨੀਤੀ ਤੈਅ ਕਰਨ ਦੀ ਨਜ਼ਰ ਤੋਂ ਮੌਜੂਦਾ ਹਾਲਤ ਦੇ ਵਿਸ਼ਲੇਸ਼ਣ ‘ਚ ਬੇਹੱਦ ਮਹੱਤਵਪੂਰਨ ਹੈ। ਮਿਸਾਲ ਵਜੋਂ ਅਸੀਂ ਕਿਸੇ ਖਾਸ ਹਾਲਤ ‘ਚ ਕੇਵਲ ਆਰਥਿਕ ਵਿਸ਼ਲੇਸ਼ਣ ਦੇ ਆਧਾਰ ‘ਤੇ, ਉਹ ਭਾਵੇਂ ਕਿੰਨਾ ਵੀ ਸਹੀ ਕਿਉਂ ਨਾ ਹੋਵੇ, ਮਜ਼ਦੂਰ ਜਮਾਤ ਦੀ ਲਹਿਰ ਲਈ ਨੀਤੀ ਨਹੀਂ ਤਿਆਰ ਕਰ ਸਕਦੇ। ਵਿਹਾਰਕ ਨੀਤੀ ਨਿਸ਼ਚਿਤ ਕਰਨ ‘ਚ ਸਾਰੇ ਮੌਜੂਦਾ ਸਿਆਸੀ ਪੱਖਾਂ ਦਾ, ਉਹਨਾਂ ਦੀ ਸੰਪੂਰਨ ਗੁੰਝਲਤਾ ਸਹਿਤ, ਅਤੇ ਵਿਚਾਰਾਂ ਦੀਆਂ ਵੱਖ-ਵੱਖ ਪ੍ਰਵ੍ਰਿਤੀਆਂ ਦਾ ਅਧਿਐਨ ਕਰਨਾ ਅਤੇ ਇਹ ਨਿਸ਼ਚਿਤ ਤੌਰ ‘ਤੇ ਗਿਆਤ ਕਰਨਾ ਕਿ ਇਹ ਕਿਸ ਤਰ੍ਹਾਂ ਆਰਥਿਕ ਪਰਿਸਥਿਤੀ ਨੂੰ ਕੇਵਲ ਪ੍ਰਤੀਬਿੰਬਤ ਨਹੀਂ, ਸਗੋਂ ਪ੍ਰਭਾਵਿਤ ਵੀ ਕਰਦੇ ਹਨ, ਲਾਜ਼ਮੀ ਹੈ। ਕਿਉਂਕਿ, ਵਿਦਮਾਨ ਆਰਥਿਕ ਹਾਲਤਾਂ ‘ਚ ਸਿਆਸੀ ਸਰਗਰਮੀ ਅਤੇ ਵਿਚਾਰਧਾਰਕ ਘੋਲ਼ ਵੀ ਆਮ ਤੌਰ ਆਰਥਿਕ ਵਿਕਾਸ ਦੇ ਅਗਲੇ ਦੌਰ ਅਤੇ ਵੱਖ-ਵੱਖ ਜਮਾਤਾਂ ਤੇ ਸੰਪੂਰਨ ਅਰਥਚਾਰੇ ਦੀ ਹੋਣੀ ਨੂੰ ਪ੍ਰਭਾਵਿਤ ਕਰਨ ‘ਚ ਫੈਸਲਾਕੁਨ ਸਿੱਧ ਹੁੰਦੇ ਹਨ।

ਟਿੱਪਣੀਆਂ
1. ਉਹੀ : ਭੂਮਿਕਾ –  ਏਂਗਲਜ਼, ਸਮਾਜਵਾਦ : ਯੂਟੋਪੀਆਈ ਅਤੇ ਵਿਗਿਆਨਕ, ਭੂਮਿਕਾ
2. ਮਾਰਕਸ : ਕ੍ਰਿਟੀਕ ਆਫ਼ ਪੋਲੀਟੀਕਲ ਇਕੋਨੋਮੀ, ਮੁੱਖਬੰਧ
3. ਰਾਇਟ ਆਨਰੇਬਿਲ ਐਚ.ਏ.ਐਲ ਫਿਸ਼ਰ : ਹਿਸਟਰੀ ਆਫ਼ ਯੂਰੋਪ, ਮੁੱਖਬੰਧ
4. ਲੈਨਿਨ : ਵੱਟ ਦਿ “ਫਰੈਂਡਸ ਆਫ਼ ਪੀਪੁਲ” ਆਰ ਐਂਡ ਹਾਓ ਦੇਅ
ਫਾਇਟ ਸੋਸ਼ਲ ਡੈਮੋਕ੍ਰੈਟਸ, ਪਾਠ 1
5. ਉਹੀ
6. ਮਾਰਕਸ ਤੇ ਏਂਗਲਜ਼ : ਦਿ ਜਰਮਨ ਆਇਡੀਔਲੋਜੀ, ਭਾਗ-1, 1
7. ਮਾਰਕਸ : ਪਹਿਲਾਂ ਪੇਸ਼ ਅੰਸ਼ ‘ਚ
8. ਲੈਨਿਨ : ਵੱਟ ਦਿ “ਫਰੈਂਡਸ ਆਫ਼ ਪੀਪੁਲ” ਆਰ ਐਂਡ ਹਾਓ ਦੇਅ
ਫਾਇਟ ਸੋਸ਼ਲ ਡੈਮੋਕ੍ਰੈਟਸ, ਪਾਠ 1
9. ਉਹੀ
10. ਸਤਾਲਿਨ : ਕਨਸਰਨਿੰਗ ਮਾਰਕਸਿਜ਼ਮ ਇਨ ਲਿੰਗੁਇਸਟਿਕਸ
11. ਮਾਰਕਸ ਤੇ ਏਂਗਲਜ਼ : ਦਿ ਮੈਨੀਫੈਸਟੋ ਆਫ਼ ਦਿ ਕਮਿਊਨਿਸਟ ਪਾਰਟੀ, ਪਾਠ 2
12. ਸਤਾਲਿਨ : ਪਹਿਲਾਂ ਪੇਸ਼ ਅੰਸ਼ ‘ਚ
13. ਉਹੀ
14. ਉਹੀ
15. ਉਹੀ
16. ਏਂਗਲਜ਼ : ਸੀ. ਸ਼ਿਮਟ ਦੇ ਨਾਂ ਚਿੱਠੀ, 5 ਅਗਸਤ, 1890
17. ਉਹੀ
18. ਏਂਗਲਜ਼ : ਜੇ. ਬਲਾਕ ਦੇ ਨਾਂ ਚਿੱਠੀ, 21 ਸਿਤੰਬਰ, 1890
19. ਏਂਗਲਜ਼ : ਐਫ਼. ਮੇਹਰਿੰਗ ਦੇ ਨਾਂ ਚਿੱਠੀ, 14 ਜੁਲਾਈ, 1893
20. ਉਹੀ
21. ਏਂਗਲਜ਼ : ਜੇ. ਬਲਾਕ ਦੇ ਨਾਂ ਚਿੱਠੀ, 21 ਸਿਤੰਬਰ 1890
22. ਏਂਗਲਜ਼ : ਐਚ. ਸ਼ਟਾਰਕੇਨਬਰਗ ਦੇ ਨਾਂ ਚਿੱਠੀ, 25 ਜਨਵਰੀ, 1894
23. ਏਂਗਲਜ਼ : ਲੁਡਵਿਗ ਫਿਊਰਬਾਖ਼, ਪਾਠ 4
24. ਏਂਗਲਜ਼ : ਸੀ. ਸ਼ਿਮਟ ਦੇ ਨਾਂ ਚਿੱਠੀ, 21 ਅਕਤੂਬਰ, 1890
25. ਉਹੀ

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – ਅੰਕ 49, 1 ਮਾਰਚ 2016 ਵਿਚ ਪਰ੍ਕਾਸ਼ਤ

Advertisements