ਉੱਚ-ਉਸਾਰ ‘ਚ ਵਿਰੋਧਤਾਈ •ਮੌਰਿਸ ਕੋਰਨਫ਼ੋਰਥ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਹਰੇਕ ਯੁੱਗ ‘ਚ ਸਮਾਜ ਦੇ ਵਿਚਾਰ ਅਤੇ ਸੰਸਥਾਵਾਂ ਸਮਾਜ ਦੇ ਆਰਥਿਕ ਢਾਂਚੇ ਦੀ ਪੈਦਾਵਾਰ ਹੁੰਦੇ ਹਨ, ਨਤੀਜੇ ਵਜੋਂ ਵਿਚਾਰਾਂ ਅਤੇ ਸੰਸਥਾਵਾਂ ਦੇ ਖੇਤਰ ‘ਚ ਵਿਰੋਧਤਾਈਆਂ ਹਮੇਸ਼ਾ ਪੈਦਾ ਹੁੰਦੀਆਂ ਹਨ, ਕਿਉਂਕਿ ਆਰਥਿਕ ਜੀਵਨ ‘ਚ ਵੀ ਹਮੇਸ਼ਾ ਵਿਰੋਧਤਾਈਆਂ ਪੈਦਾ ਹੁੰਦੀਆਂ ਹਨ। ਇਸ ਤਰ੍ਹਾਂ ਆਧਾਰ ‘ਤੇ ਉਸਰਨ ਵਾਲ਼ਾ ਉੱਚ-ਉਸਾਰ ਕਦੇ ਏਕੀਕ੍ਰਿਤ, ਸਾਰੇ ਅੰਗਾਂ ਤੋਂ ਇੱਕੋ-ਜਿਹਾ, ਸੰਪੂਰਨ ਇਕਾਈ ਨਹੀਂ ਹੁੰਦਾ। ਉਸਦੇ ਤਹਿਤ ਹਮੇਸ਼ਾ ਵਿਰੋਧਤਾਈਆਂ ਹੁੰਦੀਆਂ ਹਨ ਅਤੇ ਉੱਚ-ਉਸਾਰ ਦੇ ਖੇਤਰ ‘ਚ ਹਮੇਸ਼ਾ ਘੋਲ਼ ਚੱਲਦਾ ਰਹਿੰਦਾ ਹੈ। ਜੋ ਵਿਰੋਧਤਾਈਆਂ ਅਤੇ ਘੋਲ਼ ਵਿਚਾਰਾਂ ਤੇ ਸੰਸਥਾਵਾਂ ਦੇ ਖੇਤਰ ‘ਚ, ਉੱਚ-ਉਸਾਰ ਦੇ ਖੇਤਰ ‘ਚ ਪੈਦਾ ਹੁੰਦੇ ਹਨ, ਅੰਤਿਮ ਵਿਸ਼ਲੇਸ਼ਣ ‘ਚ ਆਰਥਿਕ ਜੀਵਨ ਦੇ ਖੇਤਰ ‘ਚ, ਅਧਾਰ ‘ਚ ਚੱਲਣ ਵਾਲ਼ੀਆਂ ਵਿਰੋਧਤਾਈਆਂ ਅਤੇ ਘੋਲ਼ਾਂ ਦੇ ਪ੍ਰਤੀਬਿੰਬ ਹੁੰਦੇ ਹਨ।

ਹਾਸਲ ਆਰਥਿਕ ਅਧਾਰ ਦੇ ਅਨੁਸਾਰ ਉੱਚ-ਉਸਾਰ ਦੇ ਖੇਤਰ ‘ਚ ਖ਼ਾਸ ਤਰ੍ਹਾਂ ਦੇ ਘੋਲ਼ ਅਤੇ ਮੱਤਭੇਦ ਚੱਲਦੇ ਹਨ ਜਿਹਨਾਂ ਰਾਹੀਂ ਉੱਚ-ਉਸਾਰ ਵਿਕਸਿਤ ਹੁੰਦਾ ਹੈ, ਜਿਸਦੇ ਰਾਹੀਂ ਸਮਾਜ ਦਾ ਸਿਆਸੀ ਅਤੇ ਵਿਚਾਰਧਾਰਕ ਜੀਵਨ ਸੰਚਾਲਿਤ ਹੁੰਦਾ ਹੈ। ਨਵੇਂ ਅਧਾਰ ਦੇ ਨਾਲ਼ ਨਵੇਂ ਮੱਤਭੇਦ ਪੁਰਾਣੇ ਮੱਤਭੇਦਾਂ ਦੀ ਥਾਂ ਲੈਂਦੇ ਹਨ। ਇਸ ਤਰ੍ਹਾਂ, ਮਿਸਾਲ ਵਜੋਂ ਵੱਡੇ-ਵੱਡੇ ਮੱਤ-ਭੇਦ ਜੋ ਮੱਧ-ਯੁੱਗ ‘ਚ ਵਿਚਾਰਾਂ ਅਤੇ ਸੰਸਥਾਵਾਂ ‘ਤੇ ਖੜ੍ਹੇ ਹੋਏ, ਅੱਜ ਸਰਮਾਏਦਾਰਾ ਸਮਾਜ ‘ਚ ਬੀਤੇ ਵੇਲ਼ੇ ਦੀ ਗੱਲ ਹੋ ਗਏ ਹਨ। ਸਾਡੇ ਲਈ, ਉਹਨਾਂ ਵਿੱਚੋਂ ਜ਼ਿਆਦਾਤਰ ਦਾ ਹੱਲ ਹੋ ਚੁੱਕਾ ਹੈ ਅਤੇ ਹੁਣ ਸਾਡੇ ਸਾਹਮਣੇ ਵੱਖਰੇ ਮੱਤਭੇਦ ਹਨ। ਜਦ ਸਮਾਜਵਾਦ ਜੇਤੂ ਹੁੰਦਾ ਹੈ, ਸਰਮਾਏਦਾਰੀ ਸਮਾਜ ਦੇ ਪ੍ਰਚਲਿਤ ਮੱਤਭੇਤ ਵੀ ਪਿੱਛੇ ਰਹਿ ਜਾਂਦੇ ਹਨ ਅਤੇ ਨਵੇਂ ਮੱਤਭੇਦ ਜਨਮ ਲੈਂਦੇ ਹਨ।

ਜਦ ਅਧਾਰ ਅਜਿਹਾ ਹੁੰਦਾ ਹੈ, ਜਿਸ ‘ਤੇ ਸਥਿਤ ਸਮਾਜ ਆਪਸ ਵਿਰੋਧੀ ਜਮਾਤਾਂ ‘ਚ ਵੰਡਿਆ ਹੁੰਦਾ ਹੈ ਤਾਂ ਉੱਚ-ਉਸਾਰ ‘ਚ ਮੁੱਖ ਮੱਤਭੇਦ ਉਹ ਹੁੰਦੇ ਹਨ ਜੋ ਅਧਾਰ ‘ਤੇ ਵਿਕਸਿਤ ਹੋਣ ਵਾਲ਼ੇ ਜਮਾਤੀ-ਘੋਲ਼ ਨੂੰ ਪ੍ਰਤੀਬਿੰਬਤ ਕਰਦੇ ਹਨ। ਅਸਲ ‘ਚ ਹਾਕਮ ਅਤੇ ਮਾਲਕ ਜਮਾਤਾਂ ਖੁਦ ਹੀ ਲਗਾਤਾਰ ਵਿਰੋਧਤਾਈਆਂ ਅਤੇ ਮੁਸ਼ਕਿਲਾਂ ‘ਚ ਫਸੇ ਰਹਿੰਦੇ ਹਨ, ਜਿਹਨਾਂ ਦਾ ਪ੍ਰਗਟਾਵਾ ਵਿਚਾਰਧਾਰਕ ਤੇ ਸਿਆਸੀ ਮੱਤਭੇਦ ‘ਚ ਹੁੰਦਾ ਹੈ। ਪਰ ਪ੍ਰਮੁੱਖ ਮੱਤਭੇਦ ਉਹ ਹਨ ਜੋ ਹਾਕਮ ਅਤੇ ਮਾਲਕ ਜਮਾਤਾਂ ਦੇ ਹਤੈਸ਼ੀ ਵਿਚਾਰਾਂ ਤੇ ਸੰਸਥਾਵਾਂ ਦੇ ਵਿਰੋਧ ‘ਚ ਪ੍ਰਗਟ ਕੀਤੇ ਜਾਣ ਵਾਲ਼ੇ ਨਵੇਂ ਮਤਾਂ ਅਤੇ ਨਵੀਂਆਂ ਸੰਸਥਾਵਾਂ ਦੀ ਮੰਗ ‘ਚੋਂ ਜਨਮ ਲੈਂਦੇ ਹਨ। ਉਸੇ ਦੇ ਨਾਲ਼ ਅਤੀਤ ਦੀ ਰਹਿੰਦ-ਖੂੰਹਦ ਦੇ ਰੂਪ ‘ਚ ਜਿਉਂਦੇ ਪੁਰਾਣੇ ਮਤਾਂ ਅਤੇ ਪੁਰਾਣੀਆਂ ਸੰਸਥਾਵਾਂ ਦੇ ਚਿੰਨ੍ਹਾਂ ਨੂੰ ਲੈ ਕੇ ਵੀ ਮੱਤਭੇਦ ਹੁੰਦੇ ਹਨ।

ਇਸ ਤਰ੍ਹਾਂ ਅਧਾਰ ‘ਤੇ ਉੱਚ-ਉਸਾਰ ਦਾ ਲਖਣਾਇਕ ਵਿਕਾਸ ਉਹਨਾਂ ਘੋਲ਼ਾਂ ਅਤੇ ਮੱਤਭੇਦਾਂ ਰਾਹੀਂ ਸੰਪੰਨ ਹੋਇਆ ਵਿਕਾਸ ਹੁੰਦਾ ਹੈ, ਜੋ ਹਾਸਲ ਅਧਾਰ ‘ਤੇ ਜਨਮ ਲੈਣ ਵਾਲ਼ੇ ਆਪਸ-ਵਿਰੋਧੀ ਸਮਾਜਿਕ ਉਦੇਸ਼ਾਂ ਅਤੇ ਹਿੱਤਾਂ ਨੂੰ ਪ੍ਰਤੀਬਿੰਬਤ ਕਰਦੇ ਹਨ। ਵਿਚਾਰ ਅਤੇ ਸਮਾਜਿਕ ਸੰਸਥਾਵਾਂ ਅਜਿਹੇ ਹੀ ਘੋਲ਼ਾਂ ਤੇ ਮੱਤਭੇਦਾਂ ‘ਚੋਂ ਲੰਘ ਕੇ ਸਰੂਪ ਧਾਰਦੇ ਤੇ ਵਿਕਸਿਤ ਹੁੰਦੇ ਹਨ।

ਇਸ ਤਰ੍ਹਾਂ ਕੀ ਸਾਨੂੰ ਇਹ ਕਹਿਣਾ ਚਾਹੀਦਾ ਹੈ ਕਿ ਉੱਚ-ਉਸਾਰ ‘ਚ, ਜੋ ਹਾਸਲ ਆਰਥਿਕ ਅਧਾਰ ਦੇ ਅਨੁਸਾਰ ਹੁੰਦਾ ਹੈ ਉਹ ਮਤ ਵੀ ਜਿਵੇਂ, ਉਹ ਲਗਪਗ ਮਰੇ ਮਤ, ਜੋ ਪਹਿਲੇ ਅਧਾਰ ਦੇ ਅਨੁਸਾਰ ਸਨ ਅਤੇ ਉਭਰ ਰਹੇ ਮਤ, ਜੋ ਨਵੇਂ ਅਧਾਰ ਲਈ ਹੋਣ ਵਾਲ਼ੇ ਘੋਲ਼ ਨੂੰ ਪ੍ਰਤੀਬਿੰਬਤ ਕਰਦੇ ਹਨ ਰਲ਼ੇ-ਮਿਲ਼ੇ ਰਹਿੰਦੇ ਹਨ? ਉਦਾਹਰਣ ਵਜੋਂ ਕੀ ਸਾਨੂੰ ਕਹਿਣਾ ਚਾਹੀਦਾ ਹੈ ਕਿ ਅਪ੍ਰਸੰਗਿਕ ਜਗੀਰੂ ਮਤ ਜਾਂ ਦੂਜੇ ਪਾਸੇ ਸਮਾਜਵਾਦੀ ਮਤ ਸਰਮਾਏਦਾਰਾ ਉੱਚ-ਉਸਾਰ ਦੇ ਹਿੱਸੇ ਹੁੰਦੇ ਹਨ, ਕਿਉਂਕਿ ਸਰਮਾਏਦਾਰਾ ਸਮਾਜ ‘ਚ ਪਹਿਲੇ ਮਤ ਘਿਸੜਦੇ ਹਨ ਅਤੇ ਬਾਅਦਲੇ ਮਤਾਂ ਦਾ ਉਭਾਰ ਹੋ ਜਾਂਦਾ ਹੈ?

ਨਹੀਂ ਇਹ ਕਹਿ ਕੇ ਅਸੀਂ ਖੁਦ ਨੂੰ ਭਰਮਾਵਾਂਗੇ। ਹਾਸਲ ਆਰਥਿਕ ਅਧਾਰ ‘ਤੇ ਖੜ੍ਹੇ ਹੋਣ ਵਾਲ਼ੇ ਉੱਚ-ਉਸਾਰ ‘ਚ ਉਸ ਅਧਾਰ ਦੇ ਅਨੁਸਾਰ ਖ਼ਾਸ ਮਤ ਤੇ ਸੰਸਥਾਵਾਂ, ਉਦਾਹਰਣ ਵਜੋਂ ਜਗੀਰੂ, ਸਰਮਾਏਦਾਰੀ ਜਾਂ ਸਮਾਜਵਾਦੀ ਪੈਦਾਵਾਰੀ ਸਬੰਧਾਂ ਦੇ ਅਨੁਸਾਰ ਲਖਣਾਇਕ ਜਗੀਰੂ, ਸਰਮਾਏਦਾਰਾ ਜਾਂ ਸਮਾਜਵਾਦੀ ਮਤ ਤੇ ਸੰਸਥਾਵਾਂ ਰਲ਼ੇ-ਮਿਲ਼ੇ ਰਹਿੰਦੇ ਹਨ। ਉਹ ਮਤ ਜੋ ਪੁਰਾਣੇ ਆਧਾਰ ਤੋਂ ਟੁੱਟ ਕੇ ਘਿਸੜਦੇ ਰਹਿੰਦੇ ਹਨ, ਜਾਂ ਉਹ ਮਤ, ਜੋ ਨਵੇਂ ਅਧਾਰ ਦੀ ਸਥਾਪਨਾ ਲਈ ਘੋਲ਼ ਦੀ ਤਿਆਰੀ ਕਰਦੇ ਹਨ, ਲੜੀਵਾਰ ਪੁਰਾਣੇ ਉੱਚ-ਉਸਾਰ ਦੀ ਰਹਿੰਦ-ਖੂੰਹਦ ਅਤੇ ਨਵੇਂ ਉੱਚ-ਉਸਾਰ ਦੇ ਉਭਾਰ ਅਤੇ ਰਚਨਾਤਮਕ ਤੱਤ ਹੁੰਦੇ ਹਨ। ਪੁਰਾਣੇ ਉੱਚ-ਉਸਾਰ ਦੀ ਰਹਿੰਦ-ਖੂੰਹਦ ਘਿਸੜਦੀ ਰਹਿੰਦੀ ਹੈ ਅਤੇ ਹਾਸਲ ਅਧਾਰ ‘ਤੇ ਨਵੇਂ ਉੱਚ-ਉਸਾਰ ਦੇ ਰਚਨਾਤਮਕ ਤੱਤ ਉੱਭਰਦੇ ਹਨ, ਕਿਉਂਕਿ ਉਸ ਅਧਾਰ ‘ਤੇ ਉਸਦੀਆਂ ਵਿਰੋਧਤਾਈਆਂ ਕਾਰਨ ਪੁਰਾਣੇ ਅਧਾਰ ਦੇ ਨਾਸ਼ ਦਾ ਘੋਲ਼ ਚੱਲਦਾ ਰਹਿੰਦਾ ਹੈ ਅਤੇ ਨਵੇਂ ਅਧਾਰ ‘ਤੇ ਅੱਗੇ ਥਾਂ ਬਦਲੀ ਲਈ ਵੀ ਘੋਲ਼ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਹਾਸਲ ਆਰਥਿਕ ਅਧਾਰ ਦੇ ਅਨੁਸਾਰ ਵਿਚਾਰਾਂ ਅਤੇ ਸੰਸਥਾਵਾਂ ਦਾ ਉੱਚ-ਉਸਾਰ ਮੱਤਭੇਦਾਂ ‘ਚੋਂ ਲੰਘ ਕੇ ਵਿਕਸਿਤ ਹੁੰਦਾ ਹੈ। ਅਜਿਹੇ ਹੀ ਮੱਤਭੇਦਾਂ ਰਾਹੀਂ ਇਹ ਅੰਤ ਪੁਰਾਣੇ ਅਧਾਰ ਦਾ ਨਾਸ਼ ਕਰਦਾ ਹੈ, ਬਾਅਦ ‘ਚ ਖੁਦ ਉਸਦਾ ਨਾਸ਼ ਹੋ ਜਾਂਦਾ ਹੈ।

ਹੋਰ ਵੀ, ਪੁਰਾਣੇ ਉੱਚ-ਉਸਾਰ ਤੇ ਉਸਦੇ ਅਧਾਰ ਸਹਿਤ ਨਾਸ਼ ਦਾ ਅਰਥ ਇਹ ਬਿਲਕੁਲ ਨਹੀਂ ਲਗਾਇਆ ਜਾਣਾ ਚਾਹੀਦਾ ਕਿ ਸਮਾਜ ਦੇ ਮਤਾਂ ਅਤੇ ਸੰਸਥਾਵਾਂ ‘ਚ ਹਰੇਕ ਵਸਤੂ, ਸਿਆਸੀ, ਕਨੂੰਨ, ਧਰਮ, ਕਲਾ, ਜਾਂ ਦਰਸ਼ਨ ‘ਚ ਹਰੇਕ ਵਸਤੂ ਇੱਕ ਨਿਸ਼ਚਿਤ ਕਾਲ-ਕ੍ਰਮ ‘ਚ ਖਤਮ ਹੋ ਜਾਂਦੀ ਹੈ ਅਤੇ ਇੱਕ ਨਵੀਂ ਸ਼ੁਰੂਆਤ ਹੁੰਦੀ ਹੈ। ਜਿਵੇਂ ਅਸੀਂ ਜਾਣਦੇ ਹਾਂ, ਅਜਿਹਾ ਬਿਲਕੁਲ ਨਹੀਂ ਹੁੰਦਾ। ਪੁਰਾਣੇ ਉੱਚ-ਉਸਾਰ ਦੇ ਨਾਸ਼ ਅਤੇ ਨਵੇਂ ਉੱਚ-ਉਸਾਰ ਦੇ ਗਠਨ ਦਾ ਅਰਥ ਅਸਲ ਇਹ ਹੁੰਦਾ ਹੈ ਕਿ ਉੱਚ-ਉਸਾਰ ਦੇ ਸਾਰੇ ਵਿਭਾਗਾਂ ‘ਚ ਨਵੇਂ ਮਤ ਜਨਮ ਲੈਂਦੇ ਹਨ ਅਤੇ ਪੁਰਾਣੇ ਤ੍ਰਿਸਕਾਰੇ ਜਾਂਦੇ ਹਨ ਅਤੇ ਲੋਪ ਹੋ ਜਾਂਦੇ ਹਨ। ਉਸੇ ਦੇ ਨਾਲ਼ ਮਤਾਂ ਅਤੇ ਸੰਸਥਾਵਾਂ ਦੇ ਅਰਸੇ ‘ਚ ਸਕਾਰਾਤਮਕ ਢੰਗ ਨਾਲ਼ ਹਾਸਲ ਕੀਤੀ ਗਈ ਹਰੇਕ ਵਸਤੂ ਨਵੇਂ ਮਤਾਂ ਅਤੇ ਸੰਸਥਾਵਾਂ ਦੀ ਸ਼ਬਦਾਵਲੀ ‘ਚ ਕਾਇਮ ਰੱਖੀ ਜਾਂਦੀ ਹੈ, ਉਸਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਵਿਕਸਿਤ ਕੀਤਾ ਜਾਂਦਾ ਹੈ।

ਇਸ ਤਰ੍ਹਾਂ, ਉਦਾਹਰਣ ਵਜੋਂ ਯੂਰਪ ‘ਚ ਰੋਮਨ ਕਨੂੰਨ ਦਾ ਬਹੁਤ ਵੱਡਾ ਹਿੱਸਾ ਸਰਮਾਏਦਾਰਾ ਕਨੂੰਨ ਦੇ ਵਿਕਾਸ ‘ਚ ਕਾਇਮ ਰੱਖਿਆ ਗਿਆ ਅਤੇ ਉਸਦੀ ਵਰਤੋਂ ਕੀਤੀ ਗਈ। ਨਵੇਂ ਆਰਥਿਕ ਅਧਾਰ ਦੇ ਉਭਾਰ ਅਤੇ ਪੁਰਾਣੇ ਅਧਾਰ ਦੇ ਪਤਨ ਦਾ ਕਨੂੰਨ ਦੇ ਖੇਤਰ ‘ਚ ਇਹ ਅਰਥ ਨਹੀਂ ਨਿੱਕਲ਼ਿਆ ਕਿ ਸਾਰੇ ਪੁਰਾਣੇ ਕਨੂੰਨਾਂ ਦਾ ਇੱਕ ਝਟਕੇ ‘ਚ ਅੰਤ ਕਰ ਦਿੱਤਾ ਜਾਵੇ ਅਤੇ ਪੂਰੀ ਤਰ੍ਹਾਂ ਨਵੇਂ ਕਨੂੰਨਾਂ ਨਾਲ਼ ਸ਼ੁਰੂਆਤ ਕੀਤੀ ਜਾਵੇ ਅਤੇ ਅਜਿਹਾ ਕਿਉਂ ਹੋਇਆ? ਕਿਉਂਕਿ ਰੋਮਨ ਕਨੂੰਨ ‘ਚ ਅਜਿਹਾ ਬਹੁਤ ਕੁਝ ਸੀ ਜੋ ਮਨੁੱਖ ਦੇ ਸਬੰਧਾਂ ਨੂੰ ਕੇਵਲ ਗ਼ੁਲਾਮ-ਸਮਾਜ ‘ਚ ਹੀ ਨਹੀਂ, ਸਗੋਂ ਵਿਅਕਤੀਗਤ ਜਾਇਦਾਦ ‘ਤੇ ਆਧਾਰਤ ਕਿਸੇ ਜਿਣਸ-ਪੈਦਾਕਾਰ ਸਮਾਜ ‘ਚ ਵੀ ਕੰਟਰੋਲ ਕਰਨ ਲਈ ਮਹੱਤਵਪੂਰਨ ਬਣਾ ਰਿਹਾ।

ਇਸ ਤਰ੍ਹਾਂ, ਉਦਾਹਰਨ ਵਜੋਂ ਇੱਕ ਪਾਸੇ ਯੂਨਾਨੀ ਕਲਾ ‘ਚ ਪ੍ਰਗਟ ਕੁਝ ਨਿਸ਼ਚਿਤ ਮਤ ਗ਼ੁਲਾਮਦਾਰੀ-ਸਮਾਜ ਨਾਲ਼ ਸਬੰਧਿਤ ਸਨ ਅਤੇ ਲੋਪ ਹੋ ਗਏ, ਉਸ ਕਲਾ ਦੀ ਪੈਦਾਵਾਰ ਲੋਪ ਨਹੀਂ ਹੋਈ ਅਤੇ ਉਸਦੇ ਲੋਪ ਹੋਣ ਦੀ ਸੰਭਾਵਨਾ ਵੀ ਨਹੀਂ ਹੈ, ਸਗੋਂ ਉਹਨਾਂ ਨੂੰ ਅੱਜ ਵੀ ਪਸੰਦ ਕੀਤਾ ਜਾਂਦਾ ਹੈ, ਉਹਨਾਂ ਦੀ ਵਰਤੋਂ ਹੁੰਦੀ ਹੈ ਅਤੇ ਕਲਾ ਦੇ ਵਿਕਾਸ ‘ਚ ਸਥਾਈ ਵਿਰਾਸਤ ਤੇ ਪ੍ਰਭਾਵ ਰੱਖਦੇ ਹਨ। ਅਜਿਹਾ ਇਸ ਲਈ ਹੋਇਆ ਕਿ ਯੂਨਾਨੀ ਕਲਾ ਨੇ ਕੇਵਲ ਗ਼ੁਲਾਮਦਾਰੀ-ਸਮਾਜ ‘ਚ ਜੀਵਨ ਅਤੇ ਮਨੁੱਖੀ ਸਬੰਧਾਂ ਦੇ ਖ਼ਾਸ ਪੱਖਾਂ ਨੂੰ ਪ੍ਰਗਟਾਅ ਪ੍ਰਦਾਨ ਨਹੀਂ ਕੀਤਾ, ਸਗੋਂ ਕਿਸੇ ਵੀ ਸਮਾਜ ਦੇ ਜੀਵਨ ਤੇ ਮਨੁੱਖੀ ਸਬੰਧਾਂ ਦੇ ਸੰਸਾਰ-ਵਿਆਪੀ ਪੱਖਾਂ ਦਾ ਇਜ਼ਹਾਰ ਕੀਤਾ ਹੈ। ਅਜਿਹਾ ਇਸ ਲਈ ਹੋਰ ਵੀ ਹੋਇਆ ਕਿ ਯੂਨਾਨੀ ਕਲਾ ਨੇ ਕਲਾਤਮਕ ਤਕਨੀਕ ‘ਚ ਸਥਾਈ ਯੋਗਦਾਨ ਦਿੱਤਾ। ਇਹਨਾਂ ਕਾਰਨਾਂ ਕਰਕੇ ਨੈਮਿਤਕ ਰੂਪ ‘ਚ ਯੂਨਾਨੀ ਕਲਾ ਰੋਮਨ ਕਨੂੰਨ ਦੇ ਮੁਕਾਬਲਤਨ ਜ਼ਿਆਦਾ ਦਿਨਾਂ ਤੱਕ ਟਿਕਾਊ ਰਹੇਗੀ, ਜਦ ਕਿ ਰੋਮਨ ਕਨੂੰਨ ਕਮਿਊਨਿਸਟ ਸਮਾਜ ‘ਚ ਇਤਿਹਾਸਕ ਰੁਚੀ ਦੇ ਵਿਸ਼ੇ ਤੋਂ ਬਿਨਾਂ ਕੁਝ ਵੀ ਨਹੀਂ ਰਹੇਗਾ, ਯੂਨਾਨੀ ਕਲਾ ‘ਚ ਜੀਵੰਤ ਰੁਚੀ ਕਾਇਮ ਰਹੇਗੀ।

ਇਤਿਹਾਸਕ ਪਦਾਰਥਵਾਦ ਬਨਾਮ “ਉਜੱਡ ਮਾਰਕਸਵਾਦ”

ਜੋ ਕੁਝ ਪਹਿਲਾਂ ਕਿਹਾ ਜਾ ਚੁੱਕਾ ਹੈ, ਉਸ ਨਾਲ਼ ਪ੍ਰਮਾਣਿਤ ਹੁੰਦਾ ਹੈ ਕਿ ਕਿਸੇ ਲੋਕ-ਸਮੂਹ ਵਿਸ਼ੇਸ਼ ਦੇ ਕਿਸੇ ਯੁੱਗ-ਵਿਸ਼ੇਸ਼ ਦੇ ਅਸਲ ਇਤਿਹਾਸ ‘ਚ ਜਿਸ ਤਰੀਕਾਕਾਰ ਤੋਂ ਅਧਾਰ ‘ਤੇ ਉੱਚ-ਉਸਾਰ ਵਿਕਸਿਤ ਹੁੰਦਾ ਹੈ, ਉਸਦੀ ਤੇ ਅਧਾਰ ਤੇ ਉੱਚ-ਉਸਾਰ ਦੇ ਵੱਖ-ਵੱਖ ਤੱਤਾਂ ਦੇ ਵਿਕਾਸ ਦੀ ਵਿਆਖਿਆ ਕਿਸੇ ਵੀ ਰੂਪ ‘ਚ ਸੌਖਾ ਵਿਸ਼ਾ ਨਹੀਂ ਹੈ।

ਇਸ ਨਿਯਮ ਦੀ ਕਿ ਸਮਾਜ ਦੇ ਭਾਰੂ ਮਤ ਅਤੇ ਸੰਸਥਾਵਾਂ ਸਮਾਜ ਦੇ ਆਰਥਿਕ ਢਾਂਚੇ ਦੇ ਹਾਸਲ ਸਰੂਪ ਅਨੁਸਾਰ ਹੁੰਦੇ ਹਨ, ਵਿਆਖਿਆ ਮਸ਼ੀਨੀ ਢੰਗ ਨਾਲ਼ ਨਹੀਂ ਕੀਤੀ ਜਾਣੀ ਚਾਹੀਦੀ। ਮਤਾਂ ਅਤੇ ਸੰਸਥਾਵਾਂ ਦਾ ਗੁੰਝਲ਼ਦਾਰ ਉੱਚ-ਉਸਾਰ ਆਪਣੇ-ਆਪ ਜਨਮੀ ਪੈਦਾਵਾਰ ਨਹੀਂ ਹੁੰਦੀ, ਸਗੋਂ ਲੋਕ-ਸਮੂਹ ਦੇ ਸਚੇਤਨ ਹੰਭਲ਼ਿਆਂ ਅਤੇ ਘੋਲ਼ਾਂ ਦਾ ਨਤੀਜਾ ਹੁੰਦੀ ਹੈ। ਇਸ ‘ਚ ਮੁੱਖ ਗੱਲ ਇਹ ਹੈ ਕਿ ਇਹ ਸਚੇਤਨ ਹੰਭਲੇ ਹਾਸਲ ਪੈਦਾਵਾਰੀ-ਸਬੰਧਾਂ ਦੇ, ਜਿਹਨਾਂ ਦੇ ਮਤਹਿਤ ਲੋਕ ਰਹਿੰਦੇ ਹਨ, ਅਧਾਰ ‘ਤੇ ਚੱਲਦੇ ਹਨ। ਆਰਥਿਕ ਗੰਢ-ਜੋੜ ਦੇ ਹਾਸਲ ਸਰੂਪ, ਹਾਸਲ ਜਮਾਤੀ ਢਾਂਚੇ ਅਤੇ ਜਮਾਤੀ-ਸਬੰਧਾਂ ਦੇ ਆਧਾਰ ‘ਤੇ ਬਹੁਤ ਹੀ ਜ਼ਿਆਦਾ ਗੁੰਝਲ਼ਦਾਰ ਪ੍ਰਕਿਰਿਆ ਦੇ, ਜੋ ਵਿਅਕਤੀਆਂ ਦੇ ਸਚੇਤਨ ਹੰਭਲ਼ਿਆਂ ਦਾ ਯੋਗ ਹੁੰਦੀ ਹੈ, ਨਤੀਜੇ ਵਜੋਂ ਮਤ ਬਣਦੇ ਅਤੇ ਸੰਸਥਾਵਾਂ ਸਥਾਪਿਤ ਹੁੰਦੀਆਂ ਹਨ।

ਦੂਜੇ ਅਨੇਕ ਵਿਸ਼ਿਆਂ ਦੇ ਵਾਂਗ ਸਮਾਜ ਦਾ ਅਧਿਐਨ ਉਸਦੇ ਅਸਲ ਗੁੰਝਲ਼ਦਾਰ ਵਿਕਾਸ ਦੇ ਸੰਦਰਭ ਸਹਿਤ ਠੋਸ ਰੂਪ ਨਾਲ਼ ਕੀਤਾ ਜਾਣਾ ਚਾਹੀਦਾ ਹੈ। “ਅਮੂਰਤ ਸੱਚ ਵਰਗੀ ਕੋਈ ਵਸਤੂ ਨਹੀਂ ਹੁੰਦੀ, ਸੱਚ ਹਮੇਸ਼ਾ ਠੋਸ ਸਕਾਰ ਹੁੰਦਾ ਹੈ। ਇਸ ਤਰ੍ਹਾਂ ਨਿਸ਼ਚਿਤ ਰੂਪ ਨਾਲ਼ ਇਹ ਮਾਰਕਸਵਾਦ ਨਹੀਂ ਹੈ, ਠੀਕ ਉਸੇ ਤਰ੍ਹਾਂ ਜਿਵੇਂ ਨਿਸ਼ਚਿਤ ਰੂਪ ਨਾਲ਼ ਵਿਗਿਆਨ ਵੀ ਨਹੀਂ ਹੈ ਕਿ ਨਿਸ਼ਚਿਤ ਆਰਥਿਕ ਦਸ਼ਾਵਾਂ ਦੀ ਵਿਸਥਾਰ ਪੂਰਵਕ ਵਿਆਖਿਆ ਤੋਂ ਇਹ ਸਿੱਟਾ ਕੱਢਣ ਦਾ ਯਤਨ ਕੀਤਾ ਜਾਵੇ ਕਿ ਉਸ ਅਧਾਰ ‘ਤੇ ਉਭਰਨ ਵਾਲ਼ੇ ਉੱਚ-ਉਸਾਰ ਦਾ ਕਿਹੋ-ਜਿਹਾ ਸਰੂਪ ਬਣਨ ਜਾ ਰਿਹਾ ਹੈ ਜਾਂ ਅਧਾਰ ਦੇ ਅਨੁਸਾਰ ਕਿਸੇ ਲੱਛਣ ਨਾਲ਼ ਉੱਚ-ਉਸਾਰ ਦੀ ਹਰੇਕ ਵਿਸਤ੍ਰਿਤ ਵਿਸ਼ੇਸ਼ਤਾ ਨੂੰ ਪਛਾਣਨ ਦਾ ਯਤਨ ਕੀਤਾ ਜਾਵੇ। ਇਸੇ ਉਲਟ ਸਾਨੂੰ ਹਰੇਕ ਸਮਾਜ ਅਤੇ ਹਰੇਕ ਯੁੱਗ ਦੇ ਤੱਥਾਂ ਦੀ ਛਾਣਬੀਣ ਦੁਆਰਾ ਇਹ ਅਧਿਐਨ ਕਰਨ ਦੀ ਲੋੜ ਹੈ ਕਿ ਉੱਚ-ਉਸਾਰ ਉਸ ਸਮਾਜ ਅਤੇ ਉਸ ਯੁੱਗ ‘ਚ, ਅਸਲ ਰੂਪ ‘ਚ ਕਿਵੇਂ ਵਿਕਾਸ ਕਰਦਾ ਹੈ।

ਮਾਰਕਸਵਾਦ ਨੂੰ ਵਿਗਾੜਨ ਵਾਲ਼ੇ ਕੁਝ ਲੋਕਾਂ ਨੇ ਉਹਨਾਂ ‘ਚ ਕੁਝ ਖੁਦ ਨੂੰ “ਮਾਰਕਸਵਾਦੀ” ਕਹਿਣ ਵਾਲ਼ੇ ਅਤੇ ਕੁਝ ਅਜਿਹੇ ਹਨ ਜਿਹਨਾਂ ਨੇ ਮਾਰਕਸਵਾਦ ਦਾ ਖੰਡਨ ਕਰਨ ਲਈ ਉਸਨੂੰ ਮੂਰਖਤਾਪੂਰਨ ਢੰਗ ਨਾਲ਼ ਤੋੜਿਆ-ਮਰੋੜਿਆ ਹੈ ਮਾਰਕਸਵਾਦ ਨੂੰ ਇਹ ਦੱਸਦੇ ਹੋਏ ਪੇਸ਼ ਕੀਤਾ ਹੈ ਕਿ ਸਮਾਜ ‘ਚ ਹਰੇਕ ਵਿਚਾਰ ਅਤੇ ਸੰਸਥਾ ਦਾ ਜਨਮ ਸਿੱਧਾ-ਸਿੱਧਾ ਫੌਰੀ ਆਰਥਿਕ ਲੋੜ ਨਾਲ਼ ਅਤੇ ਉਸ ਲੋੜ ਨੂੰ ਪੂਰਾ ਕਰਨ ਲਈ ਹੁੰਦਾ ਹੈ। ਏਂਗਲਜ਼ ਨੇ ਦੱਸਿਆ ਹੈ ਕਿ ਵਿਗਾੜ ਪਾਉਣ ਵਾਲ਼ੇ ਅਜਿਹੇ ਲੋਕਾਂ ਬਾਰੇ ਮਾਰਕਸ ਟਿੱਪਣੀ ਕਰਦੇ ਹੋਏ ਕਿਹਾ ਕਰਦੇ ਸਨ: “ਜਿੱਥੋਂ ਤੱਕ ਮੈਂ ਸਮਝ ਸਕਿਆ, ਮੈਂ ਹੀ ਮਾਰਕਸਵਾਦੀ ਨਹੀਂ ਹਾਂ।”

ਮਾਰਕਸ ਦੀ ਮੌਤ ਦੇ ਬਾਅਦ ਏਂਗਲਜ਼ ਨੇ ਆਪਣੀ ਚਿੱਠੀ-ਪੱਤਰ ‘ਚ ਜ਼ੋਰ ਦਿੰਦੇ ਹੋਏ ਕਿਹਾ ਸੀ:

“ਇਤਿਹਾਸ ਸਬੰਧੀ ਸਾਡੀ ਧਾਰਣਾ ਵਿਸ਼ੇਸ਼ ਰੂਪ ਨਾਲ਼ ਅਧਿਐਨ ਦੀ ਦਿਸ਼ਾ-ਨਿਰਦੇਸ਼ਕ ਹੈ, ਉਸਾਰੀ ਦਾ ਲੀਵਰ ਨਹੀਂ…। ਸੰਪੂਰਨ ਇਤਿਹਾਸ ਦਾ ਅਧਿਐਨ ਨਵੇਂ ਸਿਰੇ ਤੋਂ ਕੀਤਾ ਜਾਣਾ ਚਾਹੀਦਾ ਹੈ, ਸਮਾਜ ਦੇ ਵੱਖ-ਵੱਖ ਗਠਨਾਂ ਦੀ ਹੋਂਦ ਦੀਆਂ ਦਿਸ਼ਾਵਾਂ ਦੀ ਜਾਂਚ-ਪੜਤਾਲ – ਇਸ ਤੋਂ ਪਹਿਲਾਂ ਕਿ ਉਹਨਾਂ ਤੋਂ ਉਹਨਾਂ ਦੇ ਅਨੁਸਾਰ ਸਿਆਸੀ, ਸ਼ਹਿਰੀ-ਕਨੂੰਨ, ਸੁੰਦਰਤਾ-ਸਬੰਧੀ, ਦਾਰਸ਼ਨਿਕ, ਧਾਰਮਿਕਤ ਆਦਿ ਵਿਚਾਰਾਂ ਨੂੰ ਸਿੱਟੇ ਦੇ ਰੂਪ ‘ਚ ਪ੍ਰਾਪਤ ਕਰਨ ਦਾ ਯਤਨ ਕੀਤਾ ਜਾਵੇ – ਵਿਸਥਾਰ ਨਾਲ਼ ਕੀਤੀ ਜਾਣੀ ਚਾਹੀਦੀ ਹੈ…।”17

ਏਂਗਲਜ਼ ਹਰੇਕ ਮਸਲੇ ‘ਚ ਤਰੀਕਾਕਾਰ ਦੀ ਜਾਂਚ-ਪੜਤਾਲ ਠੋਸ ਤਰੀਕੇ ਨਾਲ਼ ਕਰਨ ਦੀ ਲੋੜ ‘ਤੇ ਵਾਰ-ਵਾਰ ਜ਼ੋਰ ਦਿੰਦੇ ਹਨ ਕਿ ਹਾਸਲ ਆਰਥਿਕ ਵਿਕਾਸ ਦੇ ਅਧਾਰ ‘ਤੇ ਮਤ ਅਤੇ ਸੰਸਥਾਵਾਂ ਕਿਸ ਤਰ੍ਹਾਂ ਜਨਮ ਲੈਂਦੀਆਂ ਹਨ ਅਤੇ ਸਰੂਪ ਗ੍ਰਹਿਣ ਕਰਦੀਆਂ ਹਨ, ਅਤੇ ਇਸ ਲੜੀ ‘ਚ ਸਮਾਜ ਦੇ ਵਿਕਾਸ ਦੇ ਅਗਲੇ ਪੜਾਵਾਂ ‘ਚ ਅਤੇ ਅੰਤ ‘ਚ ਅਰਥਚਾਰੇ ਦੇ ਵਿਕਾਸ ‘ਤੇ ਕਿਹੋ-ਜਿਹਾ ਪ੍ਰਭਾਵ ਪਾਉਂਦੇ ਹਨ।

ਏਂਗਲਜ਼ ਨੇ ਉਹਨਾਂ ਭੁਲੇਖਿਆਂ ਪ੍ਰਤੀ ਖੁੱਲ੍ਹ ਕੇ ਸੁਚੇਤ ਕੀਤਾ ਹੈ, ਜੋ ਕਿ ਉਹਨਾਂ ਦੇ ਅਤੇ ਮਾਰਕਸ ਦੁਆਰਾ ਸਿਧਾਂਤ ਪੇਸ਼ ਕਰਦੇ ਸਮੇਂ ਕਦੇ-ਕਦੇ ਅਪਣਾਏ ਗਏ ਢੰਗਾਂ ਤੋਂ ਪੈਦਾ ਹੋ ਜਾਂਦੇ ਹਨ।

“ਮਾਰਕਸ ਅਤੇ ਮੈਂ ਖੁਦ, ਦੋਵੇਂ ਇਸ ਗੱਲ ਲਈ ਅੰਸ਼ਿਕ ਰੂਪ ‘ਚ ਦੋਸ਼ੀ ਹਾਂ ਕਿ ਨੌਜਵਾਨ-ਲੇਖਕ ਕਦੇ-ਕਦੇ, ਆਰਥਿਕ ਪੱਖ ‘ਤੇ ਜਿੰਨਾ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ, ਉਸ ਤੋਂ ਵੱਧ ਜ਼ੋਰ ਦਿੰਦੇ ਹਨ। ਸਾਨੂੰ ਆਪਣੇ ਵਿਰੋਧੀਆਂ ਦਾ, ਜੋ ਇਸਨੂੰ ਬਿਲਕੁਲ ਮੰਨਦੇ ਨਹੀਂ ਸਨ, ਖੰਡਨ ਕਰਨ ਲਈ ਇਸ ਮੁੱਖ ਸਿਧਾਂਤ ‘ਤੇ ਵੱਧ ਜ਼ੋਰ ਦੇਣਾ ਪਿਆ ਅਤੇ ਸਾਡੇ ਕੋਲ਼ ਹਮੇਸ਼ਾ ਇੰਨਾ ਸਮਾਂ, ਸਥਾਨ ਜਾਂ ਮੌਕਾ ਨਹੀਂ ਹੁੰਦਾ ਸੀ ਕਿ ਆਪਸੀ ਕਿਰਿਆ ‘ਚ ਲੁਕੇ ਦੂਜੇ ਤੱਤਾਂ ਨੂੰ ਉਹਨਾਂ ਦੀ ਢੁੱਕਵੀਂ ਥਾਂ ਦੇ ਕੇ ਪ੍ਰਗਟਾਵੇ ਦਾ ਮੌਕਾ ਦਿੰਦੇ।”

ਏਂਗਲਜ਼ ਅੱਗੇ ਲਿਖਦੇ ਹਨ: “ਪਰ ਜਦ ਇਤਿਹਾਸ ਦੇ ਇੱਕ ਭਾਗ ਨੂੰ ਪੇਸ਼ ਕਰਨ ਦਾ, ਅਰਥਾਤ ਉਸਦੀ ਅਮਲੀ ਵਰਤੋਂ ਦਾ ਵਿਸ਼ਾ ਆਇਆ, ਤਾਂ ਉਹ ਵੱਖ ਵਿਸ਼ਾ ਸੀ, ਅਤੇ ਉੱਥੇ ਕੋਈ ਭੁੱਲ ਸੰਭਵ ਨਹੀਂ ਸੀ।”18

ਉਹ ਦੂਜੀ ਚਿੱਠੀ ‘ਚ ਲਿਖਦੇ ਹਨ: “ਸਭ ਤੋਂ ਪਹਿਲਾਂ ਅਸੀਂ ਬੁਨਿਆਦੀ ਆਰਥਿਕ ਤੱਥਾਂ ਨਾਲ਼ ਸਿਆਸੀ, ਨਿਆਂਇਕ ਅਤੇ ਦੂਜੀਆਂ ਵਿਚਾਰਧਾਰਕ ਧਾਰਣਾਵਾਂ ਦੇ ਪੈਦਾ ਹੋਣ ‘ਤੇ ਅਤੇ ਇਹਨਾਂ ਧਾਰਣਾਵਾਂ ਰਾਹੀਂ ਉੱਭਰਨ ਵਾਲ਼ੀਆਂ ਕਿਰਿਆਵਾਂ ‘ਤੇ ਮੁੱਖ ਤੌਰ ‘ਤੇ ਜ਼ੋਰ ਦਿੱਤਾ ਅਤੇ ਅਜਿਹਾ ਜ਼ੋਰ ਦੇਣ ਲਈ ਅਸੀਂ ਬੱਝੇ ਸਾਂ… ਪਰ ਅਜਿਹਾ ਕਰਦੇ ਸਮੇਂ ਅਸੀਂ ਰਸਮੀ ਪੱਖ ਉਹ ਢੰਗ, ਜਿਸ ਨਾਲ਼ ਇਹਨਾਂ ਧਾਰਣਾਵਾਂ ਦੀ ਉਤਪਤੀ ਹੁੰਦੀ ਹੈ ਵਿਸ਼ਾ-ਵਸਤੂ ਦੇ ਮੁਕਾਬਲੇ ਅਣਦੇਖਿਆ ਕਰ ਦਿੱਤਾ। ਇਸਨੇ ਸਾਡੇ ਵਿਰੋਧੀਆਂ ਨੂੰ ਭੁਲੇਖੇ ਫੈਲਾਉਣ ਦਾ ਸ਼ੁੱਭ ਮੌਕਾ ਦੇ ਦਿੱਤਾ।”19

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – ਅੰਕ 48, ਫਰਵਰੀ 2016 ਵਿਚ ਪਰ੍ਕਾਸ਼ਤ

Advertisements