ਉੱਚ ਉਸਾਰ ਦੀ ਕਾਇਆਪਲਟੀ •ਮੌਰਿਸ ਕੋਰਨਫ਼ੋਰਥ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਉਹਨਾਂ ਇਨਕਲਾਬੀ ਵਕਫ਼ਿਆਂ ‘ਚ, ਜਦ ਪੈਦਾਵਾਰ ਦੀਆਂ ਪਦਾਰਥਕ ਤਾਕਤਾਂ ਦਾ ਪੈਦਾਵਾਰ ਦੇ ਮੌਜੂਦਾ ਸਬੰਧਾਂ ਨਾਲ਼ ਟਕਰਾਅ ਹੁੰਦਾ ਹੈ, ਸੰਪੂਰਨ ਉੱਚ-ਉਸਾਰ, ਜੋ ਜਾਇਦਾਦ ਦੇ ਮੌਜੂਦਾ ਸਰੂਪਾਂ ਦੇ ਆਧਾਰ ‘ਤੇ ਵਿਕਸਿਤ ਹੋਇਆ ਸੀ, ਅਤੇ ਜਿਸਨੇ ਉਸ ਆਧਾਰ ਦਾ ਉਦੇਸ਼ ਪੂਰਾ ਕੀਤਾ ਸੀ, ਥਰਥਰਾਉਣ ਲੱਗਦਾ ਹੈ। ਅਜਿਹੇ ਵਕਫ਼ਿਆਂ ‘ਚ ਜਾਇਦਾਦ ਸਬੰਧ, ਜਿਹਨਾਂ ਨੇ ਪੈਦਾਵਾਰ ਦੀਆਂ ਪਦਾਰਥਕ ਤਾਕਤਾਂ ਦੇ ਵਿਕਾਸ ਦੇ ਸਰੂਪ ਵਜੋਂ ਸੇਵਕ ਦੀ ਭੂਮਿਕਾ ਨਿਭਾਈ ਸੀ, ਉਹਨਾਂ ਦੀਆਂ ਬੇੜੀਆਂ ਬਣ ਜਾਂਦੇ ਹਨ। ਅਤੇ ਸਮਾਜਿਕ ਚੇਤਨਾ ਦੇ ਖੇਤਰ ‘ਚ, ਉੱਚ-ਉਸਾਰ ਦੇ ਖੇਤਰ ‘ਚ ਇਹ ਤੱਥ ਖੁਦ ਨੂੰ, ਸਮਾਜ ਦੇ ਭਾਰੂ ਮੱਤਾਂ ਅਤੇ ਸੰਸਥਾਵਾਂ ਨੂੰ ਬੇੜੀਆਂ, ਦੂਜੇ ਸ਼ਬਦਾਂ ‘ਚ, ਵੇਲ਼ਾ ਵਿਹਾ ਚੁੱਕੀ, ਦਮਨਕਾਰੀ, ਅਨਿਆਂਪੂਰਨ ਮਿੱਥ ਮੰਨਣ ਵਾਲ਼ੀ ਸਮਾਜਕ ਚੇਤਨਾ ਦੇ ਰੂਪ ‘ਚ ਪ੍ਰਗਟਾਉਂਦਾ ਹੈ। ਉਸ ਸਮੇਂ ਨਵੇਂ ਇਨਕਲਾਬੀ ਵਿਚਾਰਾਂ ਦਾ ਉਭਾਰ ਹੁੰਦਾ ਹੈ।

ਮਾਰਕਸ ਅਤੇ ਏਂਗਲਜ਼ ਨੇ ਲਿਖਿਆ ਹੈ: “ਜਦ ਲੋਕ-ਸਮੂਹ ਉਹਨਾਂ ਵਿਚਾਰਾਂ ਦੀ ਚਰਚਾ ਕਰਦੇ ਹਨ, ਜਿਹਨਾਂ ਨਾਲ਼ ਸਮਾਜ ਦਾ ਇਨਕਲਾਬੀਕਰਨ ਹੁੰਦਾ ਹੈ, ਉਹ ਬਿਨਾਂ ਕਿਸੇ ਸ਼ੱਕ ਤੋਂ ਇਸ ਤੱਥ ਨੂੰ ਪ੍ਰਗਟਾਉਂਦੇ ਹਨ, ਕਿ ਪੁਰਾਣੇ ਸਮਾਜ ਦੇ ਅੰਦਰ ਨਵੇਂ ਸਮਾਜ ਦੇ ਤੱਤ ਪੈਦਾ ਹੋ ਚੁੱਕੇ ਹਨ ਅਤੇ ਇਹ ਕਿ ਪੁਰਾਣੇ ਵਿਚਾਰਾਂ ਦੇ ਖ਼ਾਤਮੇ ਦੀ ਰਫ਼ਤਾਰ ਹੋਂਦ ਦੀਆਂ ਪੁਰਾਣੀਆਂ ਤਾਕਤਾਂ ਦੇ ਖ਼ਾਤਮੇ ਦੇ ਬਰਾਬਰ ਹੁੰਦੀ ਹੈ।”10

“ਇਨਕਲਾਬੀ ਵਿਚਾਰਾਂ ਦੀ ਹੋਂਦ ਇਨਕਲਾਬੀ ਜਮਾਤ ਦੀ ਹੋਂਦ ਦੀ ਪੂਰਵ-ਸੂਚਨਾ ਹੁੰਦੀ ਹੈ।”11

ਜਮਾਤੀ ਘੋਲ਼, ਜਿਸਦੇ ਰਾਹੀਂ ਸਮਾਜਿਕ ਕਾਇਆਪਲਟੀ ਹੁੰਦੀ ਹੈ, ਪੈਦਾਵਾਰੀ ਸਬੰਧਾਂ ਦੇ ਢਾਂਚੇ ਦੇ ਤਹਿਤ ਵੱਖ-ਵੱਖ ਪੱਧਰਾਂ ‘ਚ ਮੌਜੂਦ ਜਮਾਤਾਂ ਵਿਚਾਲੇ ਆਰਥਿਕ ਹਿੱਤਾਂ ਦੇ ਟਕਰਾਅ ‘ਤੇ ਅਧਾਰਿਤ ਹੁੰਦਾ ਹੈ। ਹਰੇਕ ਜਮਾਤ ਆਪਣੇ ਨਿੱਜੀ ਆਰਥਿਕ ਹਿੱਤ ਲਈ ਘੋਲ਼ ਕਰਦੀ ਹੈ। ਇਸ ਦੀ ਬੁਨਿਆਦ ਆਰਥਿਕ ਹੁੰਦੀ ਹੈ। ਪਰ ਇਹ ਘੋਲ਼ ਸਿਆਸਤ ਅਤੇ ਕਾਨੂੰਨ, ਧਰਮ ਅਤੇ ਦਰਸ਼ਨ, ਸਾਹਿਤ ਤੇ ਕਲਾ ਦੇ ਖੇਤਰਾਂ ‘ਚ ਚੱਲਦਾ ਅਤੇ ਲੜਿਆ ਜਾਂਦਾ ਹੈ। ਇਹ ਘੋਲ਼ ਕੇਵਲ ਇੱਕ ਜਮਾਤ ਦੁਆਰਾ ਦੂਜੀ ਜਮਾਤ ਦੇ ਵਿਰੁੱਧ ਆਰਥਿਕ ਦਬਾਅ ਪਾਉਣ ਅਤੇ ਇੱਕ ਜਮਾਤ ਦੁਆਰਾ ਦੂਜੀ ਜਮਾਤ ਨੂੰ ਜ਼ਬਰ ਤੇ ਹਿੰਸਾ ਰਾਹੀਂ ਦਬਾਉਣ ਨਾਲ਼ ਹੀ ਨਹੀਂ ਚੱਲਦਾ, ਤੇ ਲੜਿਆ ਜਾਂਦਾ, ਸਗੋਂ ਵਿਚਾਰਾਂ ਦੇ ਘੋਲ਼ ਰਾਹੀਂ ਵੀ ਚੱਲਦਾ ਹੈ, ਜਿਸ ‘ਚ ਸਮਾਜ ਦੀਆਂ ਸਾਰੀਆਂ ਜਮਾਤਾਂ ਦੀਆਂ ਪ੍ਰਵਿਰਤੀਆਂ ਪ੍ਰਗਟ ਹੁੰਦੀਆਂ ਹਨ।

ਏਂਗਲਜ਼ ਨੇ ਲਿਖਿਆ ਹੈ: “ਸਾਰੇ ਇਤਿਹਾਸਕ ਘੋਲ਼, ਭਾਵੇਂ ਉਹ ਸਿਆਸੀ, ਧਾਰਮਿਕ, ਦਾਰਸ਼ਨਿਕ ਜਾਂ ਕਿਸੇ ਦੂਜੇ ਵਿਚਾਰਧਾਰਕ ਖੇਤਰ ‘ਚ ਚੱਲਦੇ ਹੋਣ, ਅਸਲ ‘ਚ ਕੇਵਲ ਸਮਾਜਿਕ ਜਮਾਤਾਂ ਦੇ ਘੋਲ਼ ਦਾ ਵੱਧ-ਘੱਟ ਪ੍ਰਗਟਾਅ ਹੁੰਦੇ ਹਨ। ਉਹਨਾਂ ਜਮਾਤਾਂ ਦੀ ਹੋਂਦ ਅਤੇ ਉਹਨਾਂ ਵਿਚਾਲੇ ਟਕਰਾਅ ਮੋੜਵੇਂ ਰੂਪ ‘ਚ ਉਹਨਾਂ ਦੀ ਆਰਥਿਕ ਹਾਲਤ ਦੇ ਵਿਕਾਸ ਦੇ ਪੱਧਰ ਤੋਂ ਤੈਅ ਹੁੰਦਾ ਹੈ।”12

ਇਸ ਤਰ੍ਹਾਂ ਜਿਵੇਂ ਪੈਦਾਵਾਰੀ-ਸਬੰਧਾਂ ਅਤੇ ਚੇਤਨਾ ਦੇ ਅਨੁਸਾਰੀ ਸਰੂਪਾਂ ਵਿਚਾਲੇ ਫ਼ਰਕ ਹੁੰਦਾ ਹੈ, ਉਸੇ ਤਰ੍ਹਾਂ ਘੋਲ਼ ਕਰ ਰਹੀਆਂ ਵਿਰੋਧੀ ਜਮਾਤਾਂ ਦੇ ਪਦਾਰਥਕ ਆਰਥਿਕ ਹਿੱਤਾਂ ਦੇ ਜਿਹਨਾਂ ਲਈ ਉਹ ਘੋਲ਼ ਕਰ ਰਹੇ ਹੁੰਦੇ ਹਨ, ਵਿਚਾਲੇ ਅਤੇ ਉਹਨਾਂ ਜਮਾਤਾਂ ਦੇ ਉਦੇਸ਼ਾਂ ਅਤੇ ਸਵਾਲਾਂ ਜਿਹਨਾਂ ‘ਤੇ ਉਹ ਘੋਲ਼ ਕਰਦੇ ਹਨ ਵਿਚਾਲੇ ਵੀ ਫ਼ਰਕ ਹੁੰਦਾ ਹੈ। ਪਰ ਜਦ ਘੋਲ਼ ਦਾ ਫੈਸਲਾਕੁੰਨ ਪਲ਼ ਆਉਂਦਾ ਹੈ, ਲੁਕੇ-ਛਿਪੇ ਆਰਥਿਕ ਹਿੱਤ ਅਤੇ ਉਦੇਸ਼ ਹਮੇਸ਼ਾ ਖੁੱਲ੍ਹ ਕੇ ਮੈਦਾਨ ‘ਚ ਆ ਜਾਂਦੇ ਹਨ।

ਮਾਰਕਸ ਨੇ ਲਿਖਿਆ ਹੈ: “ਜਿਵੇਂ ਨਿੱਜੀ ਜੀਵਨ ‘ਚ ਜੋ ਕੁੱਝ ਮਨੁੱਖ ਆਪਣੇ ਬਾਰੇ ਸੋਚਦਾ ਅਤੇ ਕਹਿੰਦਾ ਹੈ, ਅਤੇ ਜੋ ਕੁਝ ਉਹ ਸੱਚਮੁੱਚ ਹੁੰਦਾ ਅਤੇ ਕਰਦਾ ਹੈ, ਵਿਚਾਲੇ ਫ਼ਰਕ ਹੁੰਦਾ ਹੈ; ਠੀਕ ਇਸੇ ਤਰ੍ਹਾਂ ਇਤਿਹਾਸਕ ਘੋਲ਼ ‘ਚ ਪਾਰਟੀਆਂ ਦੇ ਅਸਲ ਹਿੱਤਾਂ ਅਤੇ ਉਹਨਾਂ ਦੇ ਨਾਅਰਿਆਂ ਤੇ ਕਲਪਨਾਵਾਂ, ਉਹਨਾਂ ਦੀ ਆਪਣੇ ਬਾਰੇ ਧਾਰਣਾ ਅਤੇ ਉਹਨਾਂ ਦੀ ਅਸਲੀਅਤ ਵਿਚਲਾ ਫ਼ਰਕ ਸਮਝਿਆ ਜਾਣਾ ਚਾਹੀਦਾ ਹੈ… ਇਸ ਤਰ੍ਹਾਂ ਇੰਗਲੈਂਡ ਦੇ ਟੋਰੀ ਬਹੁਤ ਪਹਿਲਾਂ ਤੋਂ ਸੋਚਦੇ ਸਨ ਕਿ ਉਹ ਰਾਜਸ਼ਾਹੀ, ਚਰਚ ਅਤੇ ਅੰਗਰੇਜ਼ਾਂ ਦੇ ਪੁਰਾਣੇ ਸੰਵਿਧਾਨ ਦੀ ਸੁੰਦਰਤਾ ਪ੍ਰਤੀ ਉਤਸ਼ਾਹੀ ਸਨ, ਪਰ ਖ਼ਤਰੇ ਦੇ ਦਿਨ ਨੇ ਉਹਨਾਂ ਤੋਂ ਇਹ ਸਵੈ-ਪ੍ਰਵਾਨਗੀ ਪ੍ਰਗਟਾਅ ਹੀ ਲਈ ਕਿ ਉਹ ਕੇਵਲ ‘ਜ਼ਮੀਨੀ ਲਗਾਨ’ ਬਾਰੇ ‘ਚ ਉਤਸ਼ਾਹੀ ਸਨ।”13

ਜਦ ਜਮਾਤੀ ਘੋਲ਼ ਦੇ ਸਿੱਟੇ ਵਜੋਂ ਪੁਰਾਣੀ ਹਾਕਮ ਜਮਾਤ ਪੁੱਟ ਕੇ ਸੁੱਟੀ ਜਾਂਦੀ ਹੈ ਤਾਂ “ਆਰਥਿਕ ਆਧਾਰ ਦੇ ਬਦਲਾਅ ਨਾਲ਼ ਸੰਪੂਰਨ ਵਿਸ਼ਾਲ ਉੱਚ-ਉਸਾਰ ਵੱਧ-ਘੱਟ ਤੀਖਣਤਾ ਨਾਲ਼ ਕਾਇਆਪਲਟ ਹੋ ਜਾਂਦਾ ਹੈ।”14

ਆਰਥਿਕ ਖੇਤਰ ਅਤੇ ਬੁਨਿਆਦੀ ਸਮਾਜਿਕ ਸਬੰਧਾਂ ‘ਚ ਉੱਥਲ-ਪੁੱਥਲ ਸਮਾਜ ਦੇ ਅਨੁਸਾਰੀ ਵਿਚਾਰਾਂ ਅਤੇ ਸੰਸਥਾਵਾਂ ਦੇ ਸੰਪੂਰਨ ਖੇਤਰ ‘ਚ, ਸਮਾਜਿਕ ਚੇਤਨਾ ਦੇ ਸੰਪੂਰਨ ਖੇਤਰ ‘ਚ ਵੀ ਲਾਜ਼ਮੀ ਰੂਪ ਨਾਲ਼ ਉੱਥਲ-ਪੁੱਥਲ ਦੀ ਸਿਰਜਣਾ ਕਰਦਾ ਹੈ।

ਮਤਾਂ ਅਤੇ ਸੰਸਥਾਵਾਂ ਦੇ ਉੱਚ-ਉਸਾਰ ‘ਚ ਪੁਰਾਣੇ ‘ਤੇ ਨਵੇਂ ਦੀ ਜਿੱਤ ਓਨੀ ਹੀ ਲਾਜ਼ਮੀ ਹੈ ਜਿੰਨੀ ਪੈਦਾਵਾਰੀ ਸਬੰਧਾਂ ਦੇ ਸਮਾਜਿਕ ਅਧਾਰ ‘ਚ। ਪੁਰਾਣੇ ਸਬੰਧਾਂ ਨੂੰ ਤਬਾਹ ਕਰਨ ਅਤੇ ਨਵੇਂ ਸਬੰਧਾਂ ਨੂੰ ਰੂਪ ਦੇਣ ਅਤੇ ਮਜ਼ਬੂਤ ਕਰਨ ਲਈ ਮਤਾਂ ਅਤੇ ਸੰਸਥਾਵਾਂ ਦੀ ਉਸੇ ਅਨੁਸਾਰ ਕਾਇਆਪਲਟੀ ਲਾਜ਼ਮੀ ਹੁੰਦੀ ਹੈ। ਪੈਦਾਵਾਰੀ ਪ੍ਰਕਿਰਿਆ ‘ਚ ਹਾਸਲ ਕੀਤੇ ਗਏ ਵਿਕਾਸ ਨੂੰ, ਸਮਾਜ ਦੀ ਅਗਾਂਹਵਧੂ ਪੁਲਾਂਘ ਨੂੰ ਨਿਖੇਧ ਦੀ ਕੇਵਲ ਇਸੇ ਪ੍ਰਕਿਰਿਆ ਦੁਆਰਾ ਪੱਕੇ ਪੈਰੀਂ ਕੀਤਾ ਜਾ ਸਕਦਾ ਹੈ ਅਤੇ ਇੱਕ ਪੜਾਅ ਅੱਗੇ ਵਧਾਇਆ ਜਾ ਸਕਦਾ ਹੈ।

ਮਾਰਕਸ ਨੇ ਲਿਖਿਆ ਹੈ: “ਮਨੁੱਖ ਆਪਣੀ ਜਿੱਤੀ ਹੋਈ ਵਸਤੂ ਦਾ ਕਦੇ ਤਿਆਗ ਨਹੀਂ ਕਰਦੇ। ਪਰ ਇਸਦਾ ਇਹ ਅਰਥ ਨਹੀਂ ਕਿ ਉਹ ਉਸ ਸਮਾਜਿਕ ਸਰੂਪ ਨੂੰ ਕਦੇ ਨਹੀਂ ਤਿਆਗਦੇ, ਜਿਸ ‘ਚ ਉਹ ਨਿਸ਼ਚਿਤ ਪੈਦਾਵਾਰੀ ਤਾਕਤਾਂ ਪ੍ਰਾਪਤ ਕਰ ਚੁੱਕੇ ਹੁੰਦੇ ਹਨ। ਇਸਦੇ ਉਲਟ, ਇਸ ਲਈ ਕਿ ਉਹ ਹਾਸਲ ਨਤੀਜਿਆਂ ਤੋਂ ਵਾਂਝੇ ਨਾ ਹੋਣ ਜਾਣ ਅਤੇ ਸੱਭਿਅਤਾ ਦੇ ਫਲ਼ਾਂ ਨੂੰ ਗਵਾ ਨਾ ਬੈਠਣ, ਉਹ ਉਸ ਪਲ਼ ਤੋਂ, ਜਦ ਉਹਨਾਂ ਦੀਆਂ ਆਪਸੀ ਕਿਰਿਆਵਾਂ ਦਾ ਸਰੂਪ ਹਾਸਲ ਪੈਦਾਵਾਰੀ ਤਾਕਤਾਂ ਦੇ ਅਨੁਸਾਰ ਨਹੀਂ ਰਹਿ ਜਾਂਦਾ, ਆਪਣੇ ਸਾਰੇ ਰਵਾਇਤੀ ਰੂਪਾਂ ਨੂੰ ਬਦਲਣ ਲਈ ਬੱਝੇ ਹੁੰਦੇ ਹਨ।”15

ਜਦ ਇਹ ਤਬਦੀਲੀ ਵਾਪਰਦੀ ਹੈ, ਤਾਂ “ਸੱਭਿਅਤਾ ਦੇ ਸਾਰੇ ਫਲ਼” ਜਿਹਨਾਂ ਨੂੰ ਅਤੀਤ ‘ਚ ਹਾਸਲ ਕੀਤਾ ਗਿਆ ਸੀ, ਕਾਇਮ ਰਹਿੰਦੇ ਹਨ। ਉਹਨਾਂ ਨੂੰ ਨਵੇਂ ਸਮਾਜਿਕ ਰੂਪਾਂ ਦੁਆਰਾ ਕਾਇਮ ਰੱਖਿਆ ਜਾਂਦਾ ਹੈ, ਜਦ ਕਿ ਉਹ ਪੁਰਾਣੇ ਸਮਾਜਿਕ ਸਰੂਪਾਂ ਦੇ ਪਤਨ ਅਤੇ ਖਤਮ ਹੋਣ ਦੀ ਪ੍ਰਕਿਰਿਆ ‘ਚ ਨਸ਼ਟ ਅਤੇ ਲੋਪ ਹੁੰਦੇ ਹਨ। ਇਸ ਤਰ੍ਹਾਂ, ਕੇਵਲ ਹਾਸਲ ਪੈਦਾਵਾਰੀ ਤਾਕਤਾਂ ਨੂੰ ਨਹੀਂ, ਸਗੋਂ ਸੱਭਿਆਚਾਰ ‘ਚ ਹਾਸਲ ਕੀਤੇ ਗਏ ਸਾਰੇ ਵਿਕਾਸਾਂ ਨੂੰ ਬਰਕਰਾਰ ਰੱਖਿਆ ਜਾਂਦਾ ਹੈ ਅਤੇ ਨਵੇਂ ਢੰਗਾਂ ਨਾਲ਼ ਉਹਨਾਂ ਨੂੰ ਅੱਗੇ ਵਧਾਇਆ ਜਾਂਦਾ ਹੈ।

ਅਸੀਂ ਇਸ ਤੱਥ ਨੂੰ ਅੱਜ ਦੇ ਜ਼ਮਾਨੇ ‘ਚ ਪ੍ਰਮਾਣਿਤ ਕਰ ਸਕਦੇ ਹਾਂ। ਸਰਮਾਏਦਾਰੀ ਕਾਲ਼ ਦੌਰਾਨ ਹਾਸਲ ਸੱਭਿਆਚਾਰ ਦੀ ਪੂਰੀ ਵਿਰਾਸਤ ਸਰਮਾਏਦਾਰੀ ਦੇ ਪਤਨ ਦੇ ਦੌਰ ‘ਚ ਖ਼ਤਰੇ ‘ਚ ਪੈ ਗਈ ਹੈ। ਸਮਾਜਵਾਦ ਦੇ ਲਈ ਘੋਲ਼ ‘ਚ ਇਸ ਨੂੰ ਅਪਣਾਇਆ ਜਾ ਰਿਹਾ ਹੈ, ਕਾਇਮ ਰੱਖਿਆ ਜਾ ਰਿਹਾ ਹੈ ਅਤੇ ਅੱਗੇ ਵਧਾਇਆ ਜਾ ਰਿਹਾ ਹੈ।

ਸੰਸਥਾਵਾਂ, ਵਿਚਾਰ ਅਤੇ ਜਮਾਤਾਂ

ਇਸ ਤਰ੍ਹਾਂ ਆਧਾਰ ਅਤੇ ਉੱਚ-ਉਸਾਰ ਦੇ ਮਾਰਕਸਵਾਦੀ ਸਿਧਾਂਤ ‘ਚੋਂ ਕਿਹੜੇ-ਕਿਹੜੇ ਪ੍ਰਮੁੱਖ ਸਿੱਟੇ ਕੱਢੇ ਜਾ ਸਕਦੇ ਹਨ?

ਪਹਿਲਾ ਸਿੱਟਾ ਇਹ ਹੈ ਕਿ ਜੇਕਰ ਭਾਰੂ ਮਤ ਅਤੇ ਸੰਸਥਾਵਾਂ ਇੱਕ ਨਿਸ਼ਚਿਤ ਆਰਥਿਕ ਢਾਂਚੇ ਦੀ ਪੈਦਾਵਾਰ ਹੁੰਦੇ ਹਨ, ਤਾਂ ਅਜਿਹੇ ਮਤ ਅਤੇ ਸੰਸਥਾਵਾਂ, ਨਿਸ਼ਚਿਤ ਸਮਾਜਿਕ ਢਾਂਚੇ, ਜਿਸਦੇ ਉਹ ਅਨੁਸਾਰ ਹੁੰਦੇ ਹਨ, ਤੋਂ ਜ਼ਿਆਦਾ ਪਵਿੱਤਰ ਤੇ ਤਬਦੀਲੀ-ਵਿਹੂਣੇ ਨਹੀਂ ਹੁੰਦੇ। ਉਹ ਨਾ ਤਾਂ ਸਦੀਵੀ ਸੱਚ ਨੂੰ ਪ੍ਰਗਟਾਉਂਦੇ ਹਨ ਅਤੇ ਨਾ ਹੀ ਮਨੁੱਖੀ ਜਥੇਬੰਦੀ ਦੇ ਲਾਜ਼ਮੀ ਅਤੇ ਅਲੰਘ ਸਰੂਪਾਂ ਨੂੰ। ਉਹ ਕੇਵਲ ਸਮਾਜ ਦੇ ਹਾਸਲ ਢਾਂਚੇ ਦੇ ਅਨੁਸਾਰ ਹਿੱਤਾਂ ਅਤੇ ਨਜ਼ਰੀਏ ਨੂੰ ਪ੍ਰਗਟਾਉਂਦੇ ਹਨ। ਅਤੇ ਜਮਾਤਾਂ ‘ਚ ਵੰਡੇ ਸਮਾਜ ‘ਚ ਇਹ ਨਜ਼ਰੀਆ ਅਤੇ ਇਹ ਹਿੱਤ ਭਾਰੂ ਲੋਟੂ ਜਮਾਤ ਦੇ ਨਜ਼ਰੀਏ ਅਤੇ ਹਿੱਤਾਂ ਤੋਂ ਬਿਨਾਂ ਹੋਰ ਕੁਝ ਨਹੀਂ ਹੁੰਦੇ।

ਉਦਾਹਰਨ ਵਜੋਂ ਪੁਰਾਤਨ ਯੂਨਾਨੀਆਂ ਨੂੰ ਸਿਖਾਇਆ ਜਾਂਦਾ ਸੀ ਕਿ ਉਹਨਾਂ ਦੇ ਕਾਨੂੰਨ ਦੈਵੀ ਤਾਕਤਾਂ ਦੁਆਰਾ ਪ੍ਰੇਰਿਤ ਨੀਤੀ-ਘਾੜਿਆਂ ਨੇ ਬਣਾਏ ਸਨ। ਅਤੇ ਇਸ ਲਈ ਉਹ ਕਾਨੂੰਨ ਪਵਿੱਤਰ ਸਮਝੇ ਜਾਂਦੇ ਸਨ, ਕਿਉਂਕਿ ਉਹਨਾਂ ਨੂੰ ਦੈਵੀ-ਤਾਕਤਾਂ ਦੁਆਰਾ ਪ੍ਰੇਰਿਤ “ਮਹਾਂਪੁਰਖਾਂ” ਦੀ ਰਚਨਾ ਕਹਿ ਕੇ ਪੇਸ਼ ਕੀਤਾ ਜਾਂਦਾ ਸੀ। ਪਰ ਮਾਰਕਸਵਾਦ ਦਿਖਾਉਂਦਾ ਹੈ ਕਿ ਇਹ ਕਾਨੂੰਨ ਅਸਲ ‘ਚ ਗ਼ੁਲਾਮਦਾਰੀ ਸਮਾਜ ਦੇ ਕਾਨੂੰਨ ਸਨ ਜੋ ਅਜਿਹੇ ਸਮਾਜ ਦੇ ਸ਼ਹਿਰੀਆਂ ਦੇ ਖ਼ਾਸ-ਅਧਿਕਾਰਾਂ, ਹੱਕਾਂ ਅਤੇ ਫ਼ਰਜਾਂ ਨੂੰ ਪਰਿਭਾਸ਼ਿਤ ਕਰਦੇ ਸਨ ਅਤੇ ਧਨਵਾਨ ਜਮਾਤਾਂ ਦੀ ਜਾਇਦਾਦ ਦੀ ਰੱਖਿਆ ਕਰਦੇ ਸਨ। ਉਹ ਇੱਕ ਨਿਸ਼ਚਿਤ, ਇਤਿਹਾਸਕ ਰੂਪ ਨਾਲ਼ ਉਸਰੇ ਆਰਥਿਕ ਅਤੇ ਜਮਾਤੀ-ਹਿੱਤਾਂ ਦਾ ਪ੍ਰਗਟਾਵਾ ਸਨ।

ਇਸੇ ਤਰ੍ਹਾਂ ਅੱਜ ਸਾਨੂੰ ਦੱਸਿਆ ਜਾਂਦਾ ਹੈ ਕਿ ਗ੍ਰੇਟ ਬ੍ਰਿਟੇਨ ਅਤੇ ਸੰਯੁਕਤ ਰਾਜ ਅਮਰੀਕਾ ਦੀਆਂ ਰਾਜਕੀ ਸੰਸਥਾਵਾਂ ਈਸਾਈ ਆਦਰਸ਼ਾਂ, ਪੱਛਮੀ ਕਦਰਾਂ, ਵਿਅਕਤੀਗਤ ਅਜ਼ਾਦੀ ਦੇ ਸੰਕਲਪ ਆਦਿ ਦੀ ਪ੍ਰਾਪਤੀ ਦੇ ਰੂਪ ਵਿੱਚ ਹੋਂਦ ‘ਚ ਆਈਆਂ ਹਨ। ਇਸ ਲਈ ਉਹਨਾਂ ਸੰਸਥਾਵਾਂ ਅਤੇ ਵਿਚਾਰਾਂ ਨੂੰ, ਜਿਹਨਾਂ ਨਾਲ਼ ਉਹ ਸਬੰਧਿਤ ਹਨ, ਪਵਿੱਤਰ ਦੱਸ ਕੇ ਪੇਸ਼ ਕੀਤਾ ਜਾਂਦਾ ਹੈ, ਠੀਕ ਉਸੇ ਤਰ੍ਹਾਂ, ਜਿਵੇਂ ਅਤੀਤ ‘ਚ ਬਿਲਕੁਲ ਹੀ ਵੱਖਰੇ ਵਿਚਾਰਾਂ ਅਤੇ ਸੰਸਥਾਵਾਂ ਨੂੰ ਪਵਿੱਤਰ ਕਹਿ ਕੇ ਪੇਸ਼ ਕੀਤਾ ਜਾਂਦਾ ਸੀ। ਪਰ ਮਾਰਕਸਵਾਦ ਦਿਖਾਉਂਦਾ ਹੈ ਕਿ ਇਹ ਸੰਸਥਾਵਾਂ ਅਸਲ ‘ਚ ਸਰਮਾਏਦਾਰਾ ਸਮਾਜ ਦੀਆਂ ਸੰਸਥਾਵਾਂ ਹਨ, ਜੋ ਸਰਮਾਏਦਾਰਾ ਆਰਥਿਕ ਢਾਂਚੇ ‘ਤੇ ਅਧਾਰਿਤ ਹੈ ਅਤੇ ਹਾਕਮ ਸਰਮਾਏਦਾਰ ਜਮਾਤ ਦੇ ਹਿੱਤਾਂ ਨੂੰ ਪ੍ਰਗਟਾਉਂਦੀਆਂ ਹਨ। ਈਸਾਈ ਆਦਰਸ਼, ਪੱਛਮੀ ਕਦਰਾਂ, ਨਿੱਜੀ ਅਜ਼ਾਦੀ ਦਾ ਸੰਕਲਪ ਅਸਲ ‘ਚ ਸਰਮਾਏਦਾਰਾ ਆਦਰਸ਼, ਸਰਮਾਏਦਾਰਾ ਕਦਰਾਂ ਅਤੇ ਨਿੱਜੀ ਅਜ਼ਾਦੀ ਦਾ ਸਰਮਾਏਦਾਰਾ ਸੰਕਲਪ ਹੀ ਹੈ।

ਮਾਰਕਸਵਾਦ ਇਸ ਤਰ੍ਹਾਂ, ਸਥਾਪਤ ਸੰਸਥਾਵਾਂ ਅਤੇ ਵਿਚਾਰਾਂ ਦੇ ਆਰਥਿਕ, ਜਮਾਤੀ ਆਧਾਰ ਦੇ ਵੱਲ ਧਿਆਨ ਦਵਾਉਂਦੇ ਹੋਏ ਸਾਨੂੰ ਸਿਖਾਉਂਦਾ ਹੈ ਕਿ ਕਿਸੇ ਸੰਸਥਾ ਅਤੇ ਕਿਸੇ ਵਿਚਾਰ ਨੂੰ “ਪਵਿੱਤਰ” ਨਹੀਂ ਸਮਝਣਾ ਚਾਹੀਦਾ।

ਲੈਨਿਨ ਨੇ ਲਿਖਿਆ ਹੈ: “ਲੋਕ ਸਿਆਸਤ ‘ਚ ਧੋਖੇ ਅਤੇ ਸਵੈ-ਧੋਖੇ ਦੇ ਸ਼ਿਕਾਰ ਤਦ ਤੱਕ ਬਣਦੇ ਰਹਿਣਗੇ ਜਦ ਤੱਕ ਉਹ ਕਿਸੇ ਨੈਤਿਕ, ਧਾਰਮਿਕ, ਸਿਆਸੀ ਅਤੇ ਸਮਾਜਿਕ ਨਾਅਰਿਆਂ, ਐਲਾਨਾਂ ਅਤੇ ਵਾਦਾਂ ਪਿੱਛੇ ਘੋਲ਼ ਕਰ ਰਹੀਆਂ ਜਮਾਤਾਂ ਵਿੱਚੋਂ ਇੱਕ ਜਾਂ ਦੂਜੀ ਜਮਾਤ ਦੇ ਹਿੱਤਾਂ ਨੂੰ ਲੱਭਣਾ ਨਹੀਂ ਸਿੱਖਣਗੇ। ਸੁਧਾਰਾਂ ਅਤੇ ਵਿਕਾਸਾਂ ਦੇ ਹਮਾਇਤੀ ਪੁਰਾਤਨ ਪੱਖੀਆਂ ਦੁਆਰਾ ਤਦ ਤੱਕ ਮੂਰਖ ਬਣਾਏ ਜਾਂਦੇ ਰਹਿਣਗੇ, ਜਦ ਤੱਕ ਉਹ ਇਹ ਮਹਿਸੂਸ ਨਹੀਂ ਕਰਨਗੇ ਕਿ ਹਰੇਕ ਪੁਰਾਣੀ ਸੰਸਥਾ, ਉਹ ਭਾਵੇਂ ਜਿੰਨੀ ਵੀ ਵਿਵੇਕ-ਰਹਿਤ ਅਤੇ ਗਲ਼ੀ-ਸੜੀ ਦਿਖਾਈ ਦਿੰਦੀ ਹੋਵੇ, ਹਾਕਮ ਜਮਾਤਾਂ ਦੇ ਇਸ ਜਾਂ ਉਸ ਧੜੇ ਦੁਆਰਾ ਹੋਂਦ ‘ਚ ਰੱਖੀ ਜਾਂਦੀ ਹੈ। ਅਤੇ ਇਹਨਾਂ ਜਮਾਤਾਂ ਦੇ ਵਿਰੋਧ ਨੂੰ ਤੋੜਣ ਦਾ ਕੇਵਲ ਇੱਕ  ਰਾਹ ਹੈ ਅਤੇ ਉਹ ਰਾਹ ਉਸੇ ਸਮਾਜ ‘ਚ ਲੱਭਣਾ ਹੋਵੇਗਾ ਜੋ ਸਾਡੇ ਚੁਫ਼ੇਰੇ ਸਥਿਤ ਹੈ, ਘੋਲ਼ ਲਈ ਉਹਨਾਂ ਤਾਕਤਾਂ ਨੂੰ ਸਿੱਖਿਅਤ ਕਰਨਾ ਅਤੇ ਜਥੇਬੰਦ ਕਰਨਾ ਹੋਵੇਗਾ ਜੋ ਆਪਣੀ ਸਮਾਜਿਕ ਸਥਿਤੀ ਕਾਰਨ ਪੁਰਾਤਨ ਦਾ ਜੜ੍ਹਨਾਸ਼ ਕਰਨ ਅਤੇ ਨਵੇਂ ਨੂੰ ਕਾਇਮ ਕਰਨ ਲਈ ਲੋੜੀਂਦੀ ਤਾਕਤ ਉਸਾਰ ਸਕਦੀਆਂ ਹਨ ਅਤੇ ਜਿਹਨਾਂ ਨੂੰ ਅਜਿਹੀ ਉਸਾਰੀ ਕਰਨੀ ਹੀ ਪਵੇਗੀ।”16

ਜਦ ਮੌਜੂਦਾ ਸਮਾਜਿਕ ਢਾਂਚੇ ਤੋਂ ਅਸੰਤੁਸ਼ਟ ਜਮਾਤਾਂ ਉਸ ਖ਼ਿਲਾਫ਼ ਘੋਲ਼ ਛੇੜਣਾ ਸ਼ੁਰੂ ਕਰਦੀਆਂ ਹਨ, ਤਾਂ ਉਸੇ ਸਮੇਂ ਹੀ ਖੁਦ ਨੂੰ ਉਹਨਾਂ ਸੰਸਥਾਵਾਂ, ਕਾਨੂੰਨਾਂ, ਰਿਵਾਜਾਂ, ਸਿਧਾਂਤਾਂ ਅਤੇ ਮਤਾਂ ਦੇ ਸੰਪੂਰਨ ਸਮੂਹ ਦੇ ਮੁਕਾਬਲੇ ਟਕਰਾਅ ਦੀ ਹਾਲਤ ‘ਚ ਪਾਉਂਦੇ ਹਨ ਜੋ ਮੌਜੂਦਾ ਢਾਂਚੇ ਦੀ ਰੱਖਿਆ ਕਰਨ ਅਤੇ ਉਸਦੇ ਪ੍ਰਤੀ ਵਿਰੋਧ ਦਾ ਦਮਨ ਕਰਨ ‘ਚ ਸਹਾਇਕ ਹੁੰਦੇ ਹਨ।

ਉਦਾਹਰਨ ਲਈ ਇਸ ਤਰ੍ਹਾਂ, ਉਸੇ ਪਲ ਤੋਂ, ਜਦ ਬ੍ਰਿਟਿਸ਼ ਮਜ਼ਦੂਰਾਂ ਨੇ ਜ਼ਿਆਦਾ ਮਜ਼ਦੂਰੀ ਅਤੇ ਕੰਮ ਦੇ ਘੰਟੇ ਘਟਾਉਣ ਦੀ ਮੰਗ ਨੂੰ ਲੈ ਕੇ ਜਥੇਬੰਦ ਹੋਣਾ ਸ਼ੁਰੂ ਕੀਤਾ, ਉਹਨਾਂ ਨੂੰ ਦਮਨਕਾਰੀ ਸੰਸਥਾਵਾਂ ਦੁਆਰਾ ਪਾਸ ਕੀਤੇ ਗਏ ਦਮਨਕਾਰੀ ਕਾਨੂੰਨਾਂ ਦੇ ਮੁਕਾਬਲੇ ਆਹਮਣੇ-ਸਾਹਮਣੇ ਦੇ ਘੋਲ਼ ‘ਚ ਉਲਝਣਾ ਪਿਆ; ਅਤੇ ਉਹਨਾਂ ਦੀਆਂ ਮੰਗਾਂ ਠੁਕਰਾ ਦਿੱਤੀਆਂ ਗਈਆਂ। ਉਹਨਾਂ ਦਾ ਪਾਰਲੀਮੈਂਟ ਨਾਲ਼ ਟਕਰਾਅ ਹੋਇਆ, ਜਿੱਥੋਂ ਉਹਨਾਂ ਨੂੰ ਉਹਨਾਂ ਕਾਨੂੰਨਾਂ ਦੁਆਰਾ ਜੋ ਮਾਲਕਾਂ ਦੀ ਰੱਖਿਆ ਕਰਦੇ ਸਨ, ਉਹਨਾਂ ਮਤਾਂ ਦੁਆਰਾ, ਜੋ ਗ਼ਰੀਬ ਦੀ ਕਿਸੇ ਵੀ ਜਥੇਬੰਦੀ ਦੀ ਨਿੰਦਿਆ ਕਰਦੇ ਹੋਏ ਧਨਾਢਾਂ ਦੇ ਮੁਨਾਫ਼ੇ ਨੂੰ ਪ੍ਰਵਾਨਗੀ ਦਿੰਦੇ ਸਨ, ਬਾਹਰ ਕੀਤਾ ਗਿਆ ਸੀ।

ਇਸ ਤਰ੍ਹਾਂ ਪਹਿਲੇ ਪੜਾਅ ‘ਚ ਅੰਗਰੇਜ਼ ਸਰਮਾਏਦਾਰ ਜਮਾਤ ਦਾ ਕਿੰਗ ਚਾਰਲਸ ਪਹਿਲੇ ਦੀ ਰਾਜਸ਼ਾਹੀ ਸੱਤ੍ਹਾ ਨਾਲ਼ ਘੋਲ਼ ਹੋਇਆ ਸੀ। ਸਰਮਾਏਦਾਰ ਜਮਾਤ ਦਾ ਜ਼ਿਆਦਾ ਵਿਸਥਾਰ ਸ਼ਾਹੀ ਅਜਾਰੇਦਾਰੀਆਂ ਅਤੇ ਟੈਕਸਾਂ ਦੁਆਰਾ ਰੋਕ ਦਿੱਤਾ ਗਿਆ, ਅਤੇ ਜਦ ਉਹਨਾਂ ਨੇ ਮੰਗ ਕੀਤੀ ਕਿ ਇਹਨਾਂ ਰੋਕਾਂ ਨੂੰ ਹਟਾ ਦਿੱਤਾ ਜਾਵੇ, ਉਸੇ ਪਲ਼ ਉਹਨਾਂ ਦਾ ਹਕੂਮਤ ਅਤੇ ਕਾਨੂੰਨ, ਦੋਵਾਂ ਨਾਲ਼ ਘੋਲ਼ ਸ਼ੁਰੂ ਹੋ ਗਿਆ। ਚਰਚ ਦੇ ਪਾਦਰੀਆਂ ਅਤੇ ਵਿਦਵਾਨਾਂ ਨੇ ਇਹ ਦੋਸ਼ ਲਾ ਕੇ ਉਹਨਾਂ ਨੂੰ ਦੋਸ਼ੀ ਠਹਿਰਾਇਆ ਕਿ ਉਹ “ਰਾਜਿਆਂ ਦੇ ਦੈਵੀ ਅਧਿਕਾਰਾਂ” ਦੀ ਉਲੰਘਣਾ ਕਰ ਰਹੇ ਸਨ।

ਆਮ ਤੌਰ ‘ਤੇ, ਉਸ ਜਮਾਤ ਨੂੰ, ਜੋ ਆਪਣੇ ਪਦਾਰਥਕ ਆਰਥਿਕ ਹਿੱਤਾਂ ਦੀ ਸਿੱਧੀ ਲਈ ਹਾਕਮ ਜਮਾਤ ਵਿਰੁੱਧ ਖੜ੍ਹੀ ਹੁੰਦੀ ਹੈ, ਹਮੇਸ਼ਾ ਸਥਾਪਿਤ ਸੰਸਥਾਵਾਂ ਅਤੇ ਸਥਾਪਿਤ ਵਿਚਾਰਾਂ ਦਾ ਵਿਰੋਧ ਝੱਲਣਾ ਪੈਂਦਾ ਹੈ। ਜਮਾਤੀ ਘੋਲ਼ ਦਾ ਪੂਰਾ ਇਤਿਹਾਸ ਸਿੱਧ ਕਰਦਾ ਹੈ ਕਿ ਕਿਸੇ ਸਮਾਜ ਦੇ ਭਾਰੂ, ਸਥਾਪਿਤ ਵਿਚਾਰ ਅਤੇ ਸੰਸਥਾਵਾਂ ਉਸ ਸਮਾਜ ਦੇ ਆਰਥਿਕ ਢਾਂਚੇ ਅਤੇ ਇਸ ਤਰ੍ਹਾਂ ਹਾਕਮ ਜਮਾਤ ਦੇ ਹਿੱਤਾਂ ਦੀ ਰੱਖਿਆ ਅਤੇ ਹਮਾਇਤ ਦੀ ਭੂਮਿਕਾ ਨਿਭਾਉਂਦੀਆਂ ਹਨ।

ਇਸ ਤਰ੍ਹਾਂ ਮਾਰਕਸਵਾਦ ਸਾਨੂੰ ਸਾਰੇ ਐਲਾਨਾਂ ਅਤੇ ਸਿਧਾਂਤਾਂ, ਸਾਰੀਆਂ ਸੰਸਥਾਵਾਂ ਅਤੇ ਨੀਤੀਆਂ ਪਿੱਛੇ ਚਾਲਕ ਤਾਕਤ ਦੇ ਰੂਪ ‘ਚ ਜਮਾਤ, ਆਰਥਿਕ ਹਿੱਤਾਂ ਨੂੰ ਖੋਜਣਾ ਸਿਖਾਉਂਦਾ ਹੈ। ਇਹ ਸਾਨੂੰ ਉਹਨਾਂ ਮਤਾਂ ਅਤੇ ਸੰਸਥਾਵਾਂ ਦਾ ਜੋ ਮਜ਼ਦੂਰ ਜਮਾਤ ਦੇ ਖ਼ਿਲਾਫ਼ ਸਰਮਾਏਦਾਰ ਜਮਾਤ ਦੀ ਸੇਵਾ ਕਰਦੇ ਹਨ – ਆਦਰ ਕਰਨ ਦਾ ਨਹੀਂ, ਸਗੋਂ ਵਿਰੋਧ ਕਰਨ ਦੀ ਅਤੇ ਨਵੇਂ ਵਿਚਾਰਾਂ ਤੇ ਕਾਇਆਪਲਟੀ ਦੀਆਂ ਸੰਸਥਾਵਾਂ ਜੋ ਸਰਮਾਏਦਾਰਾਂ ਦੀ ਤਾਕਤ ਤੋੜਣ ਅਤੇ ਉਹਨਾਂ ਦੇ ਵਿਰੋਧ ‘ਤੇ ਜਿੱਤ ਪ੍ਰਾਪਤ ਕਰਨ ਅਤੇ ਸਮਾਜਵਾਦੀ ਸਮਾਜ ਸਥਾਪਿਤ ਕਰਨ ਲਈ ਮਜ਼ਦੂਰ ਜਮਾਤ ਦੀ ਅਗਵਾਈ ‘ਚ ਸਾਰੇ ਕਿਰਤੀ ਲੋਕ-ਸਮੂਹਾਂ ਦੀ ਵਿਸ਼ਾਲ ਇੱਕਜੁੱਟਤਾ ਨੂੰ ਜਥੇਬੰਦ ਅਤੇ ਪ੍ਰੇਰਿਤ ਕਰਨ ‘ਚ ਸਹਾਇਕ ਹੋਣਗੀਆਂ, ਲਈ ਘੋਲ਼ ਕਰਨ ਦੀ ਸਿੱਖਿਆ ਦਿੰਦਾ ਹੈ।

ਅਤੇ ਇਸ ਤਰ੍ਹਾਂ, ਅਧਾਰ ਅਤੇ ਉੱਚ-ਉਸਾਰ ਦੇ ਮਾਰਕਸਵਾਦੀ ਸਿਧਾਂਤ ‘ਚੋਂ ਨਿਕਲਣ ਵਾਲ਼ਾ ਦੂਜਾ ਸਿੱਟਾ ਸਮਾਜ ਦੀ ਕਾਇਆਪਲਟੀ ‘ਚ ਨਵੇਂ ਇਨਕਲਾਬੀ ਵਿਚਾਰਾਂ ਅਤੇ ਨਵੀਆਂ ਸੰਸਥਾਵਾਂ ਦੀ ਮਹਾਨ ਅਤੇ ਫੈਸਲਾਕੁੰਨ ਭੂਮਿਕਾ ਨਾਲ਼ ਸਬੰਧਿਤ ਹੈ।

ਟਿੱਪਣੀਆਂ

10. ਮਾਰਕਸ ਤੇ ਏਂਗਲਜ਼ : ਮੈਨੀਫੈਸਟੋ ਆਫ਼ ਦਿ ਕਮਿਊਨਿਸਟ ਪਾਰਟੀ, ਪਾਠ 2
11. ਮਾਰਕਸ ਤੇ ਏਂਗਲਜ਼: ਜਰਮਨ ਆਇਡੀਔਲੋਜ਼ੀ, ਭਾਗ 1, 1
12. ਏਂਗਲਜ਼: ਮਾਰਕਸ ਕੀ ‘ਏਟੀਨਥ ਬਰੂਮੇਰ ਆਫ਼ ਲੂਈ ਬੋਨਾਪਰਟ’ ਦੇ ਤੀਜੇ  ਜਰਮਨ ਐਡੀਸ਼ਨ ਦੀ ਭੂਮਿਕਾ
13. ਮਾਰਕਸ : ਦਿ ਏਟੀਨਥ ਬਰੂਮੇਰ ਆਫ਼ ਲੂਈ ਬੋਨਾਪਰਟ, ਪਾਠ 3
14. ਮਾਰਕਸ  : ਕ੍ਰਿਟੀਕ ਆਫ਼ ਪੋਲੀਟੀਕਲ ਇਕੋਨੋਮੀ, ਭੂਮਿਕਾ
15. ਮਾਰਕਸ  : ਅਨੇਨਕੋਵ ਦੇ ਨਾਂ ਚਿੱਠੀ, 28 ਦਸੰਬਰ, 1846
16. ਲੈਨਿਨ : ਥ੍ਰੀ ਸੋਰਸੇਜ਼ ਐਂਡ ਥ੍ਰੀ ਕੰਪੋਨੈਂਟ ਪਾਰਟਸ ਆਫ਼ ਮਾਰਕਸਿਜ਼ਮ

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 52, 16 ਅਪ੍ਰੈਲ 2016

Advertisements