ਉੱਚ-ਸਿੱਖਿਆ ਦੇ ਭਗਵੇਂਕਰਨ ਦੀਆਂ ਤੇਜ ਹੁੰਦੀਆਂ ਕੋਸ਼ਿਸ਼ਾਂ •ਗੁਰਪ੍ਰੀਤ

5

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਬੀਤੀ 25-26 ਮਾਰਚ ਨੂੰ ਦਿੱਲੀ ਯੂਨੀਵਰਸਿਟੀ ਦੇ ਮਹਾਰਾਜਾ ਅਗਰਸੇਨ ਇੰਸੀਚਿਊਟ ਆਫ ਟੈਕਨਾਲਜੀ ਐਂਡ ਮੈਨੇਜਮੈਂਟ ਵਿੱਚ ‘ਗਿਆਨ ਸੰਗਮ’ ਦੇ ਨਾਮ ‘ਤੇ ਦੋ ਦਿਨਾਂ ਦੀ ਇੱਕ ਵਰਕਸ਼ਾਪ ਲੱਗੀ ਜਿਸ ਵਿੱਚ ਕੁੱਲ 721 ਜਣੇ ਪਹੁੰਚੇ ਹੋਏ ਸਨ। ਇਹਨਾਂ ਵਿੱਚ 20 ਕੇਂਦਰੀ ਅਤੇ 31 ਸੂਬਾਈ ਯੂਨੀਵਰਸਿਟੀਆਂ ਦੇ ਉੱਪ-ਕੁਲਪਤੀ ਤੇ ਸਿੱਖਿਆ ਜਗਤ ਨਾਲ਼ ਜੁੜੇ ਹੋਰ ਵਿਦਵਾਨ ਤੇ ਅਕਾਦਮੀਸ਼ੀਅਨ ਪਹੁੰਚੇ ਹੋਏ ਸਨ। ਇਸ ਵਰਕਸ਼ਾਪ ਵਿੱਚ ਉੱਚ-ਸਿੱਖਿਆ ਵਿੱਚ “ਅਸਲ ਕੌਮੀ ਪੱਖ” ਸ਼ਾਮਲ ਕੀਤੇ ਜਾਣ, ਜਾਂ ਕਹਿ ਲਵੋ ਉੱਚ-ਸਿੱਖਿਆ ਦੇ “ਅਸਲ ਭਾਰਤੀਕਰਨ” ਕਰਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਜੇ ‘ਅਸਲ ਕੌਮੀ ਪੱਖ’ ਅਤੇ ‘ਸਿੱਖਿਆ ਦੇ ਭਾਰਤੀਕਰਨ’ ਸ਼ਬਦ ਤੋਂ ਤੁਹਾਨੂੰ ਇਸ ਵਿੱਚ ਸਿੱਖਿਆ ਦੇ ਭਗਵੇਂਕਰਨ ਜਿਹੀ ਬੋਅ ਆ ਰਹੀ ਹੈ ਤਾਂ ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਸਗੋਂ ਇੱਥੇ ਇਹੋ ਕੁੱਝ ਹੀ ਹੋਇਆ ਹੈ। ਅਸਲ ‘ਚ ਇਹ ਵਰਕਸ਼ਾਪ ‘ਪ੍ਰਾਂਜਨ ਪ੍ਰਵਾਹ’ ਨਾਮੀ ਸੰਸਥਾ ਵੱਲੋਂ ਆਯੋਜਿਤ ਕੀਤੀ ਗਈ ਸੀ ਜੋ ਕਿ ਰਾਸ਼ਟਰੀ ਸਵੈਸੇਵਕ ਸੰਘ ਦਾ ਹੀ ਇੱਕ ਅੰਗ ਹੈ। ਇਸ ਵਰਕਸ਼ਾਪ ਵਿੱਚ ਰਾਸ਼ਟਰੀ ਸਵੈਸੇਵਕ ਸੰਘ ਦਾ ਮੁਖੀ ਮੋਹਨ ਭਾਗਵਤ ਮੁੱਖ ਬੁਲਾਰੇ ਵਜੋਂ ਪਹੁੰਚਿਆ ਹੋਇਆ ਸੀ। ਇਸ ਕਰਕੇ ਇਸ ਵਰਕਸ਼ਾਪ ਵਿੱਚ ਸਿੱਖਿਆ ਦੇ ਭਗਵੇਂਕਰਨ ਸਬੰਧੀ ਬੌਧਿਕ ਮਸ਼ਕਾਂ ਕੀਤੇ ਜਾਣ ਤੋਂ ਬਿਨਾਂ ਹੋਰ ਉਮੀਦ ਵੀ ਕੀ ਕੀਤੀ ਜਾ ਸਕਦੀ ਹੈ। ਮੋਹਨ ਭਾਗਵਤ ਤੋਂ ਬਿਨਾਂ ਇਸ ਵਿੱਚ ਹੋਰ ਕਈ ਸੰਘੀ ਵਿਦਵਾਨ ਤੇ ਸੰਘ ਵੱਲੋਂ ਭਾਜਪਾ ਦੀ ਹਕੂਮਤ ਬਣਨ ਦਾ ਲਾਹਾ ਲੈਂਦਿਆਂ ਭਾਰਤੀ ਇਤਿਹਾਸ ਖੋਜ ਪ੍ਰੀਸ਼ਦ ਉੱਪਰ ਬਿਠਾਏ ਸੁਦਰਸ਼ਨ ਰਾਓ ਜਿਹੇ “ਵਿਦਵਾਨ” ਵੀ ਪਹੁੰਚੇ ਹੋਏ ਸਨ ਜਿਹੜੇ ਇਤਿਹਾਸ ਸਬੰਧੀ ਵਿਦਵਤਾ ਪੱਖੋਂ ਤਾਂ ਕੋਰੇ ਹਨ, ਬਸ ਉਹਨਾਂ ਦਾ ਇੱਕੋ-ਇੱਕ ਗੁਣ ਹੈ ਕਿ ਉਹ ਸੰਘ ਦੇ ਨੇੜਲੇ ਹਨ ਤੇ ਉਹਨਾਂ ਦੀ ਫਿਰਕੂ ਭਾਸ਼ਾ ਵਿੱਚ ਇਤਿਹਾਸਕਾਰੀ ਕਰਨੀ ਜਾਣਦੇ ਹਨ।

ਇਸ ਸਮਾਗਮ ਵਿੱਚ ਸਿਰਫ ਖਾਸ ਤੌਰ ‘ਤੇ ਸੱਦੇ ਹੋਏ ਨੁਮਾਇੰਦਿਆਂ ਨੂੰ ਹੀ ਸ਼ਾਮਲ ਹੋਣ ਦਿੱਤਾ ਗਿਆ ਇਸ ਕਰਕੇ ਇੱਥੇ ਹੋਈ ਚਰਚਾ ਦਾ ਬਹੁਤ ਥੋੜਾ ਹਿੱਸਾ ਹੀ ਉਹਨਾਂ ਵੱਲੋਂ ਮੀਡੀਆ ‘ਚ ਦਿੱਤੇ ਬਿਆਨਾਂ ਰਾਹੀਂ ਬਾਹਰ ਆਇਆ ਹੈ। ‘ਪ੍ਰਾਂਜਨ ਪ੍ਰਵਾਹ’ ਦੇ ਕਨਵੀਨਰ ਨੰਦ ਕੁਮਾਰ ਦਾ ਕਹਿਣਾ ਸੀ ਕਿ ਪੂਰੇ ਸੰਸਾਰ ਵਿੱਚ ਇਸ ਵੇਲ਼ੇ ਕੌਮਵਾਦ ਦਾ ਮੁੜ-ਉਭਾਰ ਹੋ ਰਿਹਾ ਹੈ। ਸਾਡੇ ਬੁੱਧੀਜੀਵੀਆਂ ਨੂੰ ਵੀ ਸਿੱਖਿਆ ਦਾ ਕੌਮੀਕਰਨ ਕਰਨ ਲਈ ਇਕੱਠੇ ਹੋਣਾ ਚਾਹੀਦਾ ਹੈ। ਇਸ ਵਰਕਸ਼ਾਪ ਵਿੱਚ ਉੱਚ-ਸਿੱਖਿਆ ਵਿੱਚ ਕਲਾ, ਸੱਭਿਆਚਾਰ, ਨਾਗਰਿਕ ਸ਼ਾਸ਼ਤਰ, ਮੈਨੇਜਮੈਂਟ, ਵਿਗਿਆਨ, ਪੱਤਰਕਾਰੀ, ਮੀਡੀਆ, ਕਨੂੰਨ ਅਤੇ ਅਰਥ-ਸ਼ਾਸਤਰ ਜਿਹੇ ਵਿਸ਼ਿਆਂ ਦਾ ਭਾਰਤੀਕਰਨ ਕੀਤੇ ਜਾਣ ਦੀ ਲੋੜ ਅਤੇ ਇਹਨਾਂ ਨੂੰ ਸ਼ੁੱਧ ਕੌਮੀ ਪੱਖ ਤੋਂ ਸੋਧੇ ਜਾਣ ਨੂੰ ਵਿਚਾਰਿਆ ਗਿਆ। ਇਸਦੇ ਨਾਲ਼ ਹੀ ਇਸ ਵਰਕਸ਼ਾਪ ਵਿੱਚ ਖੱਬੀ ਵਿਚਾਰਧਾਰਾ ਦੇ ਕੈਂਪਸਾਂ ਵਿੱਚ ਦਾਖਲ ਹੋਣ ਉੱਪਰ ਚਿੰਤਾ ਵੀ ਪ੍ਰਗਟਾਈ ਗਈ ਤੇ ਇਸਨੂੰ ਕੈਂਪਸਾਂ ਵਿੱਚੋਂ ਬਾਹਰ ਧੱਕਣ ਸਬੰਧੀ ਵੀ ਬੌਧਿਕ ਮਸ਼ਕਾਂ ਕੀਤੀਆਂ ਗਈਆਂ। ਮੋਹਨ ਭਾਗਵਤ ਅਧੀਨ ਇਕੱਠੇ ਹੋਏ ਇਹਨਾਂ ਬੁੱਧੀਜੀਵੀਆਂ ਦਾ ਕਹਿਣਾ ਸੀ ਕਿ ਅਕਾਦਮਿਕ ਖੇਤਰ ਵਿੱਚ ਕਈ ਪੋਸਟਾਂ ਵਿਰੋਧੀ ਵਿਚਾਰਧਾਰਾ ਵਾਲ਼ਿਆਂ ਨੇ ਮੱਲ਼ੀਆਂ ਹੋਈਆਂ ਹਨ ਜੋ ਕਿ ਖਤਰਨਾਕ ਹੈ। ਇੱਥੇ ਦੱਸਦੇ ਜਾਈਏ ਕਿ ਇਹਨਾਂ ਲਈ ‘ਵਿਰੋਧੀ ਵਿਚਾਰਧਾਰਾ’ ਦਾ ਮਤਲਬ ਹੈ ਵਿਗਿਆਨਕ, ਜਮਹੂਰੀਅਤ ਪੱਖੀ ਅਤੇ ਮਾਰਕਸਵਾਦੀ ਵਿਚਾਰਧਾਰਾ। ਮੋਹਨ ਭਾਗਵਤ ਨੇ ਵੀ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਕੈਂਪਸਾਂ ਵਿੱਚ ਫੈਲ ਰਿਹਾ ਹੜਤਾਲਾਂ ਦਾ ਸੱਭਿਆਚਾਰ ਭਾਰਤ ਦੇ “ਅਸਲ ਸੱਭਿਆਚਾਰ” ਦਾ ਹਿੱਸਾ ਨਹੀਂ ਹੈ। 

ਭਾਜਪਾ ਦੇ ਸੱਤਾ ਵਿੱਚ ਆਉਂਣ ਤੋਂ ਬਾਅਦ ਸਿੱਖਿਆ ਦੇ ਭਗਵੇਂਕਰਨ ਦਾ ਜੋ ਹਮਲਾ ਤੇਜ ਹੋਇਆ ਹੈ ਇਹ ਸਮਾਗਮ ਉਸ ਹਮਲੇ ਨੂੰ ਹੋਰ ਤੇਜ ਕੀਤੇ ਜਾਣ ਦਾ ਸੰਕੇਤ ਹੈ। ਮੋਦੀ ਦੇ ਗੱਦੀ ਸੰਭਾਲਣ ਮਗਰੋਂ ਇਤਿਹਾਸ, ਵਿਗਿਆਨ, ਸਿੱਖਿਆ, ਕਲਾ, ਪ੍ਰਕਾਸ਼ਨ ਤੇ ਸਿਨੇਮਾ ਨਾਲ਼ ਜੁੜੀਆਂ ਜ਼ਿਆਦਾਤਰ ਸਰਕਾਰੀ ਸੰਸਥਾਵਾਂ ਉੱਪਰ ਸੰਘ ਦੇ ਵਿਦਵਾਨਾਂ ਨੂੰ ਬਿਠਾ ਦਿੱਤਾ ਗਿਆ ਹੈ। ਸਿੱਖਿਆ ਦੇ ਇਸ ਭਗਵੇਂਕਰਨ ਰਾਹੀਂ ਗੈਰ-ਵਿਗਿਆਨ ਤੇ ਫਿਰਕੂ ਨਫਰਤ ਫੈਲਾਉਣ ਵਾਲ਼ੀ ਮਨਘੜਤਾਂ ਨੂੰ ਸਿਲੇਬਸਾਂ ਵਿੱਚ ਸ਼ਾਮਲ ਕਰਕੇ ਗੁਲਾਮ ਮਾਨਸਿਕਤਾ ਤੇ ਫਿਰਕੂ ਨਫਰਤ ਨਾਲ਼ ਭਰੀ ਹੋਈ ਪੀੜੀ ਤਿਆਰ ਕੀਤੀ ਜਾਵੇਗੀ। 

ਸਿੱਖਿਆ ਉੱਪਰ ਭਗਵੇਂਕਰਨ ਦਾ ਇਹ ਹਮਲਾ ਦੋ ਹੋਰ ਹਮਲਿਆਂ ਨਾਲ਼ ਵੀ ਜੁੜਿਆ ਹੋਇਆ ਹੈ। ਇਹਨਾਂ ਵਿੱਚੋਂ ਪਹਿਲਾ ਹਮਲਾ ਸਿੱਖਿਆ ਦੇ ਨਿੱਜੀਕਰਨ ਦਾ ਹੈ ਜਿਸ ਤਹਿਤ ਸਿੱਖਿਆ ਨੂੰ ਪੂਰੀ ਤਰਾਂ ਵਪਾਰ ਬਣਾ ਦਿੱਤਾ ਗਿਆ ਹੈ ਤੇ ਸਿੱਖਿਆ ਦਿਨੋਂ-ਦਿਨ ਮਹਿੰਗੀ ਹੋ ਰਹੀ ਹੈ ਤੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ। ਦੂਜਾ ਹਮਲਾ ਵਿੱਦਿਅਕ ਸੰਸਥਾਵਾਂ ਵਿੱਚੋਂ ਵਿਦਿਆਰਥੀਆਂ ਦੇ ਜਥੇਬੰਦ ਹੋਣ, ਆਪਣੇ ਵਿਚਾਰ ਪ੍ਰਗਟਾਉਣ ਦੀ ਅਜ਼ਾਦੀ ਆਦਿ ਜਿਹੀ ਜਮਹੂਰੀ ਸਪੇਸ ਨੂੰ ਕੁਚਲ ਕੇ ਵਿਦਿਆਰਥੀਆਂ ਨੂੰ ਜਥੇਬੰਦ ਹੋਣੋਂ ਰੋਕਣ ਦੇ ਰੂਪ ਵਿੱਚ ਹੋ ਰਿਹਾ ਹੈ। ਇਹ ਬਿਨਾਂ ਗੱਲੋਂ ਨਹੀਂ ਹੈ ਕਿ ਅੱਜ ਜਿਹੜੇ ਕਾਲਜਾਂ, ਯੂਨੀਵਰਸਿਟੀਆਂ ਵਿੱਚ ਵਿਦਿਆਰਥੀ ਜਥੇਬੰਦ ਹਨ ਉੱਥੇ ਹੀ ਯੂਨੀਵਰਸਿਟੀ/ਕਾਲਜ ਪ੍ਰਸ਼ਾਸ਼ਨ, ਸਰਕਾਰ ਅਤੇ ਰਾਸ਼ਟਰੀ ਸਵੈਸੇਵਕ ਸੰਘ ਦੇ ਵਿਦਿਆਰਥੀ ਵਿੰਗ ਏਬੀਵੀਪੀ ਦੇ ਗੱਠਜੋੜ ਰਾਹੀਂ ਇਸ ਜਥੇਬੰਦ ਤਾਕਤ ਉੱਪਰ ਹਮਲੇ ਕੀਤੇ ਜਾ ਰਹੇ, ਇਸਨੂੰ ਬਦਨਾਮ ਕੀਤਾ ਜਾ ਰਿਹਾ ਹੈ ਤੇ ਆਮ ਵਿਦਿਆਰਥੀਆਂ ਦੇ ਮਨਾਂ ਵਿੱਚ ਦਹਿਸ਼ਤ ਪੈਦਾ ਕੀਤੀ ਜਾ ਰਹੀ ਹੈ। ਅਸਲ ਵਿੱਚ ਜਿਸ ਤਰਾਂ ਸਿੱਖਿਆ ਦਾ ਨਿੱਜੀਕਰਨ, ਵਪਾਰੀਕਰਨ ਤੇ ਭਗਵਾਂਕਰਨ ਹੋ ਰਿਹਾ ਹੈ ਉਸਦਾ ਚੇਤੰਨ ਵਿਦਿਆਰਥੀਆਂ ਵੱਲੋਂ ਵਿਰੋਧ ਕੀਤੇ ਜਾਣਾ ਅਟੱਲ ਹੈ ਤੇ ਇਸ ਵਿਰੋਧ ਦੀ ਅਵਾਜ ਨੂੰ ਕੁਚਲਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਵਿਰੋਧ ਦੀ ਅਵਾਜ (ਜੋ ਕਿ ਸਿੱਖਿਆ ਦੇ ਹੱਕ ਦੀ ਅਵਾਜ ਵੀ ਹੈ) ਨੂੰ “ਵਿਦੇਸ਼ੀ ਸੱਭਿਆਚਾਰ” ਅਤੇ “ਖੱਬੀ ਵਿਚਾਰਧਾਰਾ ਦਾ ਪ੍ਰਭਾਵ” ਕਹਿ ਕੇ ਇਹਨਾਂ ਸੰਘੀਆਂ ਨੂੰ ਤ੍ਰੇਲੀਆਂ ਆ ਰਹੀਆਂ ਹਨ।

ਇਸ ਸਮਾਗਮ ਵਿੱਚ ਜੋ ਚਰਚਾ ਕੀਤੀ ਗਈ ਹੈ ਉਸ ਜਿੰਨਾ ਮਹੱਤਵਪੂਰਨ ਮਸਲਾ ਇਸ ਸਮਾਗਮ ਦੀ ਸਮੁੱਚੀ ਬਣਤਰ ਦਾ ਹੈ। ਇਹ ਸਮਾਗਮ ਕੋਈ ਸਰਕਾਰੀ ਸਮਾਗਮ ਨਹੀਂ ਸੀ ਤੇ ਨਾ ਹੀ ਮੋਹਨ ਭਾਗਵਤ ਅਕਾਦਮਿਕ ਜਗਤ ਦੀ ਕੋਈ ਪ੍ਰਤਿਭਾਵਾਨ ਜਾ ਵਿਦਵਾਨ ਹਸਤੀ ਹੈ। ਦੇਸ਼ ਦੀਆਂ ਨਾਮੀ ਯੂਨੀਵਰਸਿਟੀਆਂ ਦੇ ਉਪ-ਕੁਲਪਤੀ ਤੇ ਨਾਮੀ ਅਕਾਦਮੀਸ਼ੀਅਨ ਨੂੰ ਇੱਕ ਗੈਰ-ਸਰਕਾਰੀ, ਫਿਰਕੂ ਅਤੇ ਅਪਰਾਧੀ ਕਿਸਮ ਦੀ ਸੰਸਥਾ (ਰਾਸ਼ਟਰੀ ਸਵੈਸੇਵਕ ਸੰਘ) ਦਾ ਮੁਖੀ, ਜਿਹਦੀ ਅਦਾਕਮਿਕ ਯੋਗਤਾ ਫੁੱਟੀ ਕੌਡੀ ਦੀ ਵੀ ਨਹੀਂ, ਕੀ ਮੱਤਾਂ ਦੇ ਸਕਦਾ ਹੈ? ਇਸ ਵਰਕਸ਼ਾਪ ਦੀ ਸਮੁੱਚੀ ਬਣਤਰ ਇਹ ਵਿਖਾਉਂਦੀ ਹੈ ਕਿ ਨਾ ਸਿਰਫ ਸਰਕਾਰ ਰਾਸ਼ਟਰੀ ਸਵੈਸੇਵਕ ਸੰਘ ਦੇ ਹੱਥਾਂ ‘ਚ ਖੇਡਦੀ ਹੈ ਸਗੋਂ ਮੋਹਨ ਭਾਗਵਤ ਅੱਗੇ ਨੱਕ ਰਗੜਨ ਆਏ ਉੱਪ-ਕੁਲਪਤੀਆਂ ਤੇ ਅਕਾਦਮੀਸ਼ੀਅਨ ਇਹ ਵੀ ਵਿਖਾਉਂਦੇ ਹਨ ਕਿ ਸੰਘ ਸਿੱਖਿਆ ਦੀਆਂ ਸਰਕਾਰੀ ਸੰਸਥਾਵਾਂ ਤੋਂ ਬਿਨਾਂ ਯੂਨੀਵਰਸਿਟੀਆਂ, ਕਾਲਜਾਂ ਦੇ ਪ੍ਰਾਸ਼ਸ਼ਨ ਅੰਦਰ ਵੀ ਕਿਸ ਹੱਦ ਤੱਕ ਘੁੱਸਪੈਠ ਕਰ ਚੁੱਕਾ ਹੈ। ਮਤਲਬ ਕਾਲਜਾਂ, ਯੂਨੀਵਰਸਿਟੀ ‘ਚ ਬੈਠਾ ਦੇਸ਼ ਦੇ ਇੱਕ ਵੱਡੇ ਬੌਧਿਕ ਤਬਕੇ ਨੇ ਕੱਟੜਪੰਥੀ ਰਾਸ਼ਟਰੀ ਸਵੈਸੇਵਕ ਸੰਘ ਅਤੇ ਸਿੱਖਿਆ ਦੇ ਭਗਵੇਂਕਰਨ ਆਦਿ ਦਾ ਵਿਰੋਧ ਤਾਂ ਕੀ ਕਰਨਾ ਸਗੋਂ ਉਹ ਤਾਂ ਖੁਦ ਇਹਨਾਂ ਪਾਪਾਂ ਵਿੱਚ ਭਾਈਵਾਲ ਹੈ। ਇਸ ਵਰਕਸ਼ਾਪ ਵਿੱਚ ਸ਼ਾਮਲ ਹੋਏ 720 ਉੱਪ-ਕੁਲਪਤੀਆਂ, ਅਕਾਦਮੀਸ਼ੀਅਨਾਂ ਤੋਂ ਬਿਨਾਂ ਬਾਕੀ ਅਕਾਦਮੀਸ਼ੀਅਨਾਂ, ਪ੍ਰੋਫੈਸਰਾਂ ਆਦਿ ਵਿੱਚੋਂ ਵੀ ਕੋਈ ਅਜਿਹੀ ਜਿਕਰਯੋਗ ਅਵਾਜ ਨਹੀਂ ਸੁਣੀ ਗਈ ਜੋ ਇਸ ਵਰਕਸ਼ਾਪ ਵਿੱਚ ਵਿਚਾਰੇ ਗਏ ਸਿੱਖਿਆ ਵਿਰੋਧੀ ਅਤੇ ਨਿਰੋਲ ਫਿਰਕੂ ਏਜੰਡਿਆਂ ਦਾ ਜੋਰਦਾਰ ਵਿਰੋਧ ਕਰਦੀ ਹੋਵੇ ਅਤੇ ਮੋਹਨ ਭਾਗਵਤ ਨੂੰ ਸਵਾਲ ਕਰਦੀ ਹੋਵੇ ਕਿ ਉਸਨੂੰ ਇਹ ਮੱਤਾਂ ਦੇਣ ਦਾ ਕੀ ਹੱਕ ਹੈ।

ਇਹ ਦੋ ਦਿਨਾਂ ਵਰਕਸ਼ਾਪ ਉੱਚ-ਸਿੱਖਿਆ ਦੇ ਭਗਵੇਂਕਰਨ ਦੀ ਦਿਸ਼ਾ ਵੱਲ਼ ਮਹਿਜ ਮੁੱਢਲਾ ਕਦਮ ਹੈ ਤੇ ਸੰਘ ਦੀ ਫਿਰਕੂ ਯੋਜਨਾ ਦਾ ਅਗਲਾ ਲੰਮਾ ਸਫਰ ਅਜੇ ਬਾਕੀ ਹੈ ਜੋ ਜਲਦੀ ਹੀ ਸਾਹਮਣੇ ਆਵੇਗਾ। ਸਿੱਖਿਆ ਦੇ ਭਗਵੇਂਕਰਨ ਦੀ ਮੁਹਿੰਮ ਨੂੰ ਸੰਘ ਕਾਫੀ ਤੇਜੀ ਨਾਲ਼ ਅੱਗੇ ਵਧਾ ਰਿਹਾ ਤੇ ਇਸ ਵਿੱਚ ਉਹ ਕਈ ਪੜਾਅ ਪੂਰੇ ਵੀ ਕਰ ਚੁੱਕਾ ਹੈ। ਮੌਜੂਦਾ ਮਹੌਲ ਤੋਂ ਇਹ ਅੰਦਾਜਾ ਲਾਉਣਾ ਔਖਾ ਨਹੀਂ ਕਿ ਭਵਿੱਖ ਦਾ ਸਮਾਂ ਵਿੱਦਿਅਕ ਢਾਂਚੇ, ਵਿਦਿਆਰਥੀਆਂ, ਸਮਾਜ ਦੇ ਬੌਧਿਕ ਤਬਕੇ ਅਤੇ ਸਮੁੱਚੇ ਸਮਾਜ ਨਾਲ਼ ਹੋਰ ਹਨੇਰਗਰਦੀ ਵਾਲਾ ਹੋਵੇਗਾ। ਅੱਜ ਸਿੱਖਿਆ ਦੇ ਭਗਵੇਂਕਰਨ ਦੀ ਜੋ ਬਾਂਸਰੀ ਨੀਰੋ ਵਜਾ ਰਹੇ ਹਨ ਉਸ ਅੱਗੇ ਤਨਖਾਹਾਂ ਦੇ ਰੂਪ ਵਿੱਚ ਮੋਟੀਆਂ ਰਿਸ਼ਵਤਾਂ ਖਾਣ ਵਾਲੇ ਯੂਨੀਵਰਸਿਟੀਆਂ, ਕਾਲਜਾਂ ਤੇ ਅਕਾਦਮਿਕ ਖੇਤਰ ਦੇ ਹੋਰ ਜ਼ਿਆਦਾਤਰ ਬੌਧਿਕ ਦਿੱਗਜ ਜਾਂ ਤਾਂ ਚੂਹਿਆਂ ਵਾਂਗ ਖੁੱਡਾਂ ਅੰਦਰ ਚੁੱਪ-ਚਾਪ ਵੜਕੇ ਬਿੜਕਾਂ ਲੈ ਰਹੇ ਹਨ ਜਾਂ ਫੇਰ ਉਹ ਬਾਂਸਰੀ ਦੀ ਧੁਨ ਉੱਪਰ ਨੱਚਣ ਲੱਗੇ ਹੋਏ ਹਨ। ਅਜਿਹੇ ਮਹੌਲ ਵਿੱਚ ਸਿੱਖਿਆ ਉੱਪਰ ਪਲਣ ਵਾਲ਼ੇ ਇਸ ਤਬਕੇ ਤੋਂ ਇਹ ਉਮੀਦ ਘੱਟ ਹੀ ਰੱਖੀ ਜਾ ਸਕਦੀ ਹੈ ਕਿ ਉਹ ਸਿੱਖਿਆ ਦੀ ਰਾਖੀ ਲਈ ਅੱਗੇ ਆਵੇਗਾ। ਇਸ ਬੌਧਿਕ ਤਬਕੇ ਵਿੱਚ ਬਹੁਤ ਥੋੜੇ ਸੰਵੇਦਨਸ਼ੀਲ, ਇਮਾਨਦਾਰ ਤੇ ਦਲੇਰ ਲੋਕ ਹੀ ਅੱਗੇ ਆਉਣਗੇ, ਪਰ ਇਸ ਹਮਲੇ ਨੂੰ ਮੁੱਖ ਤੌਰ ‘ਤੇ ਊਰਜਾਵਾਨ, ਸੁਪਨਸ਼ੀਲ ਤੇ ਵਿਵੇਕਸ਼ੀਲ ਵਿਦਿਆਰਥੀਆਂ ਨੂੰ ਹੀ ਟੱਕਰਨਾ ਪਵੇਗਾ। ਉਹਨਾਂ ਨੂੰ ਫਿਰਕੂ-ਫਾਸੀਵਾਦੀਆਂ ਦੇ ਸਿੱਖਿਆ ਉੱਪਰ ਇਸ ਹਮਲੇ ਦੀ ਲੜਾਈ ਨੂੰ ਫਿਰਕੂ-ਫਾਸੀਵਾਦੀਆਂ ਦੇ ਆਮ ਕਿਰਤੀ ਲੋਕਾਂ ਉੱਪਰ ਹੋ ਰਹੇ ਹੋਰ ਹਮਲਿਆਂ ਦੀ ਲੜਾਈ ਨਾਲ ਜੋੜਨਾ ਪਵੇਗਾ ਤੇ ਇਸਦੇ ਇਰਧ-ਗਿਰਧ ਹੋਰ ਤਾਕਤਾਂ ਨੂੰ ਜਥੇਬੰਦ ਕਰਨਾ ਪਵੇਗਾ। ਕੁੱਲ ਮਿਲ਼ਾ ਕੇ ਇੱਕ ਬਹੁਤ ਵੱਡੀ ਚੁਣੌਤੀ ਇਨਕਲਾਬੀ ਵਿਦਿਆਰਥੀ ਲਹਿਰ ਤੇ ਚਿੰਤਨਸ਼ੀਲ ਵਿਦਿਆਰਥੀਆਂ ਅੱਗੇ ਖੜੀ ਹੋ ਰਹੀ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਸੰਯੁਕਤ ਅੰਕ 4-5, 1 ਤੋਂ 15 ਅਤੇ 16 ਤੋਂ 30 ਅਪ੍ਰੈਲ, 2017 ਵਿੱਚ ਪ੍ਰਕਾਸ਼ਤ

Advertisements