ਟੀ.ਵੀ ‘ਤੇ ਚੱਲ ਰਿਹਾ ਇੱਕ ਨਵਾਂ ਪਖੰਡ •ਕੁਲਦੀਪ ਪੱਖੋਵਾਲ  

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸਰਮਾਏਦਾਰੀ ਦੀ ਇਹ ਮਜ਼ਬੂਰੀ ਹੈ ਕਿ ਉਹ ਆਪਣੀ ਵਿਚਾਰਧਾਰਾ ਨੂੰ ਸਹੀ ਸਿੱਧ ਕਰਨ ਲਈ ਆਮ ਲੋਕਾਂ ਦੀ ਥੋੜੀ ਜਿਹੀ ਸਹਿਮਤੀ ਲੈਂਦੀ ਹੈ, ਇਹ ਆਪਣੀ ਵਿਚਾਰਧਾਰਾ ਨੂੰ ਕਲਾ ਦੇ ਹਰ ਪੱਖ ਰਾਹੀਂ ਲੋਕਾਂ ਤੱਕ ਲੈ ਕੇ ਜਾਂਦੀ ਹੈ। ਜਿਸ ਕਾਰਨ ਆਮ ਲੋਕ ਜੋ ਆਪਣੀ ਕੋਈ ਵਿਲੱਖਣ ਵਿਚਾਰਧਾਰਾ ਨਹੀਂ ਰੱਖਦੇ ਇਨ੍ਹਾਂ ਦੇ ਝਾਂਸੇ ‘ਚ ਆ ਜਾਂਦੇ ਹਨ। ਇਸ ਤਰ੍ਹਾਂ ਅੱਜ ਦੀਆਂ ਚੱਲ ਰਹੀਆਂ ਗੰਭੀਰ ਸਮੱਸਿਆਵਾਂ ਨੂੰ ਵੀ ਇਹ ਰੁਪਿਆਂ ‘ਚ ਕੈਸ਼ ਕਰਨ ਵਿੱਚ ਲੱਗੀ ਹੋਈ ਹੈ। ਇਸੇ ਤਰ੍ਹਾਂ ਹੀ – ‘ਲਾਇਫ ਓਕੇ’ ‘ਤੇ ਇੱਕ ਨਵਾਂ ਪਖੰਡ ਚੱਲ ਰਿਹਾ ਹੈ ਜੋ ਤਕਰੀਬਨ ਹਰ ਘਰ ਵਿੱਚ ਦੇਖਿਆ ਜਾਦਾ ਹੈ ਜਿਸਦਾ ਨਾਂ ਹੈ “ਸਾਵਧਾਨ ਇੰਡੀਆ” ।

“ਸਾਵਧਾਨ ਇੰਡੀਆ” ਇੱਕ ਅਜਿਹਾ ਸੀਰੀਅਲ ਹੈ ਜੋ ਅੱਜ ਔਰਤਾਂ ‘ਤੇ ਹੋ ਰਹੇ ਜੁਲਮਾਂ ਦੀਆਂ ਕਹਾਣੀਆਂ ਨੂੰ ਬਿਆਨ ਕਰਦਾ ਹੈ। ਆਮ ਬੰਦਾ ਇਹੀ ਕਹੂ ਕਿ ਯਾਰ ਇਹ ਤਾਂ ਬਹੁਤ ਹੀ ਚੰਗੀ ਗੱਲ ਹੈ ਲੋਕਾਂ ਨੂੰ ਸੇਧ ਮਿਲ਼ਦੀ ਹੈ। ਆਉ ਆਪਾਂ ਥੋੜੀ ਇਸ ਸੀਰੀਅਲ ‘ਤੇ ਨਿਗਾਹ ਮਾਰੀਏ। ਮੈਂ ਇਸ ਸੀਰੀਅਲ ਦੀਆਂ ਕਈ ਕਿਸ਼ਤਾਂ ਦੇਖੀਆਂ ਹਨ। ਮੇਰੇ ਅਨੁਸਾਰ ਇਹ ਸੀਰੀਅਲ ਔਰਤਾਂ ‘ਤੇ ਹੋ ਰਹੇ ਭੈੜੇ ਜ਼ੁਲਮਾਂ  (ਬਲਾਤਕਾਰ, ਛੇੜ-ਛਾੜ ਆਦਿ) ਨੂੰ ਸਹੀ ਤਰੀਕੇ ਨਾਲ ਦਿਖਾਉਣਾਂ ਤਾਂ ਦੂਰ ਦੀ ਗੱਲ ਹੈ ਇਹ ਤਾਂ ਸਗੋਂ ਇਹਨਾਂ ਕਹਾਣੀਆਂ ਪੂਰਾ ਮਸਾਲਾ ਲਾ ਕੇ ਬਹੁਤ ਹੀ ਗਲਤ ਤਰੀਕੇ ਨਾਲ਼ ਪੇਸ਼ ਕਰਨ ‘ਚ ਲੱਗਿਆ ਹੋਇਆ ਹੈ। ਇਹ ਤਾਂ ਸਗੋਂ ਇੱਥ ਮੰਨੋਰੰਜਨ ਦੇ ਤੌਰ ‘ਤੇ ਲੋਕਾਂ ਨੂੰ ਇਹ ਸਭ ਦਿਖਾ ਰਹੇ ਹਨ। ਇੱਥੇ ਗੱਲ ਸਮਝਣ ਦੀ ਲੋੜ ਹੈ ਕਿ ਇਹ ਸਭ ਚੈਨਲ ਉਨ੍ਹਾਂ ਧਨਾਢਾਂ, ਕਾਰਪੋਰੇਟ ਘਰਾਣਿਆਂ ਦੇ ਹੀ ਤਾਂ ਨੇ ਜੋ ਇਹ ਚਾਹੁੰਦੇ ਨੇ ਕਿ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਰਹਿਣ ਜੋ ਸਭ ਤੋਂ ਵੱਧ ਉਹ ਆਪ ਕਰਦੇ ਨੇ ਇਸ ਲਈ ਇਹ ਲੋਕ ਪੱਖੀ ਹੋਣ ਇਹ ਗੱਲ ਤਾਂ ਸੋਚੀ ਵੀ ਨਹੀਂ ਜਾ ਸਕਦੀ। ਇਹ ਸਿਰਫ ਲੋਕ ਪੱਖੀ ਹੋਣ ਦਾ ਪਖੰਡ ਹੀ ਕਰ ਸਕਦੇ ਹਨ।

ਦੂਜੀ ਮੁੱਖ ਗੱਲ ਇਹ ਕਿ ਇਹ ਸਾਵਧਾਨ ਇੰਡੀਆ ਵਾਲ਼ੇ ਇਹੋ ਜਿਹੀਆਂ ਘਟਨਾਵਾਂ ਦੇ ਕਾਰਨਾਂ ‘ਤੇ ਕਦੇ ਵੀ ਗੱਲ ਨਹੀਂ ਕਰਦੇ। ਤੀਸਰੀ ਇਹ ਜੋ ਕਹਾਣੀਆਂ ਦਿਖਾਉਦੇ ਹਨ ਉਹ ਸਿਰਫ ਗਰੀਬ ਜਾਂ ਨਿਮਨ ਮੱਧਵਰਗ ਦੀਆਂ ਕਹਾਣੀਆਂ ਹੀ ਹੁੰਦੀਆਂ ਹਨ। ਭਾਵ ਇਹ ਕਿ ਬਾਕੀ ਉੱਪਰਲੇ ਸਾਰੇ ਬੰਦੇ ਜਾਂ ਮੰਤਰੀਆਂ ਸੰਤਰੀਆਂ ਦੇ ਪਰਿਵਾਰ ਤਾਂ ਸਾਫ-ਸੁਥਰੇ ਹਨ, ਉਹ ਇਹੋ-ਜਿਹੀਆਂ ਘਟੀਆ ਹਰਕਤਾਂ ਨਹੀਂ ਕਰਦੇ। ਭਾਵੇਂ ਜੇ ਤੱਥਾਂ ‘ਤੇ ਨਜ਼ਰ ਮਾਰੀਏ ਤਾਂ ਸਭ ਤੋਂ ਘਟੀਆ ਤੇ ਨੀਚ ਤਾਂ ਇਹੀ ਨੇ ਜੋ ਇਹ ਸਭ ਕਰਦੇ ਨੇ ਜਾਂ ਇਹਨਾਂ ਦੇ ਪਾਲੇ ਹੋਏ ਕੁੱਤੇ (ਬਦਮਾਸ਼) ਉਹ ਕਰਦੇ ਨੇ। ਚੌਥੀ ਗੱਲ ਇਹ ਹੈ ਕਿ ਇਹ ਅੰਤ ਵਿੱਚ ਮੁਜ਼ਰਮ ਨੂੰ ਫੜ ਲੈਂਦੇ ਹਨ, ਫੜਦਾ ਕੌਣ ਹੈ  “ਪੁਲਿਸ”। ਇਸ ਗੱਲ ‘ਤੇ ਤਾਂ ਇਹਨਾਂ ‘ਤੇ ਥੁੱਕਣ ਨੂੰ ਹੀ ਜੀਅ ਕਰਦਾ ਹੈ। ਮੇਰੇ ਖਿਆਲ ਨਾਲ਼ ਸਿਰਫ 10% ਹੀ ਉਹ ਘਟਨਾਵਾਂ ਨੇ ਜੋ ਪੁਲਿਸ ਕੋਲ ਦਰਜ਼ ਹੁੰਦੀਆਂ ਹਨ, ਬਾਕੀ ਤਾਂ ਕਦੇ ਵੀ ਪੁਲਿਸ ਲੋਕਾਂ ਦੇ ਦਬਾਅ ਬਿਨਾਂ ਐੱਫਆਈਆਰ ਵੀ ਦਰਜ਼ ਨਹੀਂ ਕਰਦੀ, ਮੁਲਜ਼ਮਾਂ ਨੂੰ ਫੜਨਾਂ ਤਾਂ ਦੂਰ ਦੀ ਗੱਲ ਹੈ। ਮੇਰੇ ਕੋਲ਼ ਕਈ ਉਦਾਹਰਣਾਂ ਆਪਣੇ ਆਲ਼ੇ-ਦੁਆਲ਼ੇ ਦੀਆਂ ਹੀ ਹਨ, ਜਿਨ੍ਹਾਂ ‘ਚ ਪੁਲਿਸ ਤੇ ਪ੍ਰਸਾਸ਼ਨ ਨੇ ਸ਼ਰੇਆਮ ਗੁੰਡਿਆਂ ਨਾਲ਼ ਖੜ੍ਹਕੇ ਉਹਨਾਂ ਦੀ ਮਦਦ ਕੀਤੀ ਹੈ। ਬਾਕੀ 90% ਔਰਤਾਂ ਦੀ ਤਾਂ ਕੋਈ ਸਾਰ ਹੀ ਨਹੀਂ ਕਿ ਉਨਾਂ ਨਾਲ ਕੀ ਹੁੰਦਾ ਹੈ ਜ੍ਹਿਨਾਂ ਨੂੰ ਬਲਾਤਕਾਰ ਤੋਂ ਮਗਰੋਂ ਰੱਸੀ ਨਾਲ਼ ਦਰੱਖਤ ‘ਤੇ ਮਾਰ ਕੇ ਟੰਗ ਦਿੱਤਾ ਜਾਂਦਾ ਹੈ । ਇਹ ਸੀਰੀਅਲ ਇਨ੍ਹਾਂ ਕੁ ਜਿਆਦਾ ਘਟੀਆ ਹੈ ਕਿ ਇਹ ਲੋਕਾਂ ਦੀ ਮਾਨਸਿਕਤਾ ਨੂੰ ਲਗਾਤਾਰ ਖੁੰਢਾ ਕਰ ਰਿਹਾ ਹੈ। ਇਹ ਸਹੀ ਸੇਧ ਦੇਣ ਦੀ ਬਜਾਇ ਲੋਕਾਂ ਦੀਆਂ ਭਾਵਨਾਵਾਂ ਨਾਲ਼ ਖੇਡਿਆ ਜਾ ਰਿਹਾ ਹੈ।

ਬਲਾਤਕਾਰ ਜਿਹੀ ਘਟਨਾ ਜਿਸਨੂੰ ਸੁਣ ਕੇ ਹੀ ਹਰ ਇਨਸਾਨ ਦੇ ਲੂ ਖੜੇ ਹੋ ਜਾਂਦੇ ਹਨ, ਇਹ ਸੀਰੀਅਲ ਇਸ ਤਰ੍ਹਾਂ ਦਿਖਾਉਦਾ ਹੈ ਕਿ ਲੋਕ ਇਸ ਨੂੰ ਨਫਰਤ ਨਹੀਂ ਸਗੋਂ ਦ੍ਰਿਸ਼ਾਂ ਦਾ ਅਨੰਦ ਮਾਣ ਸਕਣ। ਇਹ ਹੈ “ਸਾਵਧਾਨ ਇੰਡੀਆ”। ਅੰਤ ‘ਚ ਮੈਂ ਇਹੀ ਕਹਾਂਗਾ ਕਿ ਦੋਸਤੋਂ ਇਹ ਸਰਕਾਰ, ਮੀਡੀਆ ਜਾਂ ਇਹ ਢਾਂਚਾ ਤੁਹਾਡਾ ਕੁਝ ਸਵਾਰ ਸਕਦਾ ਹੈ ਜਾਂ ਇਸ ਵਿੱਚ ਸਭ ਕੁਝ ਠੀਕ-ਠਾਕ ਹੋ ਸਕਦਾ ਹੈ ਤਾਂ ਇਹ ਆਪਣਾ ਸਭ ਤੋਂ ਵੱਡਾ ਭੁਲੇਖਾ ਹੈ। ਇਸ ਸਭ ਦਾ ਹੱਲ ਤਾਂ ਇੱਕ ਨਵੇਂ ਸਮਾਜ ਵਿੱਚ ਹੀ ਹੋ ਸਕਦਾ ਹੈ ਜਿੱਥੇ ਔਰਤਾਂ ਨੂੰ ਬਰਾਬਰ ਅਧਿਕਾਰ ਤੇ ਉਹਨਾਂ ਨੂੰ ਕੋਈ ਵਸਤੂ ਬਣਾ ਕੇ ਪੇਸ਼ ਨਾ ਕੀਤਾ ਜਾਵੇ। ਇਹੋ ਜਿਹੇ ਸਮਾਜ ਵਿੱਚ ਹੀ ਸਾਡਾ ਭਵਿੱਖ ਹੈ ਮਤਲਬ ਕਿ ਸਮਾਜਵਾਦ ਹੀ ਵਿਗਿਆਨਕ ਤੇ ਸਹੀ ਰਾਹ ਹੈ।              

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 44, ਅਕਤੂਬਰ 2015 ਵਿਚ ਪਰ੍ਕਾਸ਼ਤ

Advertisements