ਤਿੰਨ ਮਜ਼ਦੂਰਾਂ ਦੀ ਦਰਦਨਾਕ ਮੌਤ ਦੇ ਕਸੂਰਵਾਰ ਗਿਆਨਚੰਦ ਡਾਈਂਗ ਦੇ ਮਾਲਕ ਦੀ ਗ੍ਰਿਫ਼ਤਾਰੀ ਲਈ ਜ਼ੋਰਦਾਰ ਮੁਜ਼ਾਹਰਾ

4

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸਭਨਾਂ ਕਾਰਖਾਨਿਆਂ ਵਿੱਚ ਸੁਰੱਖਿਆ ਦੇ ਢੁਕਵੇਂ ਪ੍ਰਬੰਧਾਂ ਲਈ ਅਵਾਜ਼ ਉਠਾਈ

ਲੰਘੀ 13 ਮਈ ਨੂੰ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਕਾਰਖਾਨਾ ਮਜ਼ਦੂਰ ਯੂਨੀਅਨ ਅਤੇ ਬਿਗੁਲ ਮਜ਼ਦੂਰ ਦਸਤਾ ਦੀ ਅਗਵਾਈ ਵਿੱਚ ਲੁਧਿਆਣੇ ਦੇ ਸਨਅਤੀ ਮਜ਼ਦੂਰਾਂ ਨੇ ਡੀ.ਸੀ. ਦਫਤਰ, ਲੁਧਿਆਣਾ ਵਿਖੇ ਜੋਸ਼ੀਲਾ ਰੋਸ ਮੁਜ਼ਾਹਰਾ ਕੀਤਾ। ਮਿਹਰਬਾਨ, ਲੁਧਿਆਣਾ ਦੀ ਗਿਆਨਚੰਦ ਡਾਈਂਗ (ਗੁਲਸ਼ਨ ਹੌਜ਼ਰੀ) ਵਿੱਚ ਲੰਘੀ 6 ਮਈ ਨੂੰ ਲੱਗੀ ਅੱਗ ਕਾਰਨ ਤਿੰਨ ਮਜ਼ਦੂਰਾਂ ਦੀ ਦਰਦਨਾਕ ਮੌਤ ਦੇ ਕਸੂਰਵਾਰ ਫੈਕਟਰੀ ਮਾਲਕ ‘ਤੇ ਧਾਰਾ 304 ਆਈ.ਪੀ.ਸੀ. ਤਹਿਤ ਕੇਸ ਦਰਜ ਕਰਨ, ਜੇਲ੍ਹ ‘ਚ ਡੱਕਣ, ਮਾਮਲੇ ਨੂੰ ਰਫਾ-ਦਫਾ ਕਰਨ ਦੇ ਦੋਸ਼ੀ ਪੁਲੀਸ ਅਫ਼ਸਰਾਂ ਦੀ ਬਰਖਾਸਤਗੀ, ਕਸੂਰਵਾਰ ਕਿਰਤ ਵਿਭਾਗ ਦੇ ਅਫ਼ਸਰਾਂ ‘ਤੇ ਸਖ਼ਤ ਕਾਰਵਾਈ ਕਰਨ, ਸਾਰੇ ਕਾਰਖਾਨਿਆਂ ਵਿੱਚ ਹਾਦਸਿਆਂ ਨੂੰ ਰੋਕਣ ਲਈ ਸੁਰੱਖਿਆ ਦੇ ਢੁਕਵੇਂ ਪ੍ਰਬੰਧ ਕਰਨ ਦੀ ਮੰਗ ਉਠਾਈ। ਮਜ਼ਦੂਰਾਂ ਨੇ ਕਾਰਖਾਨਿਆਂ ਵਿੱਚ ਪਛਾਣ ਪੱਤਰ, ਈ.ਐਸ.ਆਈ., ਪੱਕੇ ਹਾਜ਼ਰੀ ਕਾਰਡ/ਰਜਿਸਟਰ ਆਦਿ ਸਮੇਤ ਸਾਰੇ ਕਿਰਤ ਕਨੂੰਨ ਲਾਗੂ ਕਰਨ, ਸੁਰੱਖਿਆ ਦੇ ਪ੍ਰਬੰਧਾਂ ਦੀ ਅਣਦੇਖੀ ਕਰਨ ਵਾਲ਼ੇ ਕਾਰਖਾਨਾ ਮਾਲਕਾਂ ਖਿਲਾਫ਼ ਸਖਤ ਕਾਰਵਾਈ ਕਰਨ, ਪੀੜਤ ਪਰਿਵਾਰਾਂ ਨੂੰ ਢੁਕਵਾਂ ਮੁਆਵਜਾ ਦੇਣ ਲਈ ਵੀ ਜ਼ੋਰਦਾਰ ਅਵਾਜ਼ ਉਠਾਈ। ਡੀ.ਸੀ., ਲੁਧਿਆਣਾ ਦੇ ਦਫਤਰ ਵਿੱਚ ਹਾਜ਼ਰ ਨਾ ਹੋਣ ਕਰਕੇ ਏ.ਡੀ.ਸੀ. ਨੇ ਮੰਗ ਪੱਤਰ ਲਿਆ। ਮਜ਼ਦੂਰਾਂ ਦੇ ਜੋਸ਼ੀਲੇ ਮੁਜ਼ਾਹਰੇ ਦਾ ਦਬਾਅ ਹੇਠ ਏ.ਡੀ.ਸੀ. ਨੂੰ ਬਾਹਰ ਆ ਕੇ ਮੰਗ ਪੱਤਰ ਲੈਣਾ ਪਿਆ। ਏ.ਡੀ.ਸੀ. ਨੇ ਮਜ਼ਦੂਰਾਂ ਨੂੰ ਦੋਸ਼ੀਆਂ ਉੱਤੇ ਕਿਸੇ ਵੀ ਪ੍ਰਕਾਰ ਦੀ ਕਾਰਵਾਈ ਕਰਨ ਦਾ ਕੋਈ ਭਰੋਸਾ ਨਹੀਂ ਦਿੱਤਾ। ਏ.ਡੀ.ਸੀ. ਦਾ ਰਵੱਈਆ ਲੁਧਿਆਣਾ ਪ੍ਰਸ਼ਾਸਨ ਦੇ ਮਜ਼ਦੂਰ ਵਿਰੋਧੀ ਨਜ਼ਰੀਏ ਦੀ ਇੱਕ ਵੱਡੀ ਉਦਾਹਰਣ ਹੈ।

6 ਮਈ ਦੀ ਰਾਤ 2 ਵਜੇ ਬੰਟੀ ਝਾਅ, ਸਤੀਸ਼ ਰਾਊਤ ਅਤੇ ਭੋਲਾ ਨਾਂ ਦੇ ਤਿੰਨ ਮਜ਼ਦੂਰ ਉਪਰੋਕਤ ਫੈਕਟਰੀ ਵਿੱਚ ਲੱਗੀ ਅੱਗ ਵਿੱਚ ਝੁਲ਼ਸ ਕੇ ਮਾਰੇ ਗਏ ਸਨ। ਫੈਕਟਰੀ ਦੇ ਜਿਸ ਕਮਰੇ ਵਿੱਚ ਉਹ ਕੰਮ ਕਰ ਰਹੇ ਸਨ ਉੱਥੇ ਬਾਹਰ ਨਿੱਕਲਣ ਦਾ ਇੱਕ ਹੀ ਰਾਹ ਸੀ ਜਿੱਥੋਂ ਭਿਅੰਕਰ ਅੱਗ ਲੱਗੀ ਹੋਣ ਕਾਰਨ ਬਾਹਰ ਨਿੱਕਲਣਾ ਸੰਭਵ ਨਹੀਂ ਸੀ। ਹੰਗਾਮੀ ਹਾਲਤ ਲਈ ਕੋਈ ਰਾਹ ਨਹੀਂ ਸੀ। ਕਾਰਖਾਨੇ ਵਿੱਚ ਅੱਗ ਲੱਗਣ ਤੋਂ ਬਚਾਉਣ ਅਤੇ ਬੁਝਾਉਣ ਦੇ ਪ੍ਰਬੰਧ ਨਹੀਂ ਸਨ।

ਇਸ ਮੌਕੇ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਾਥੀ ਲਖਵਿੰਦਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਜ਼ਦੂਰਾਂ ਦੀ ਮੌਤ ਦਾ ਕਸੂਰਵਾਰ ਸਪੱਸ਼ਟ ਰੂਪ ਵਿੱਚ ਕਾਰਖਾਨੇ ਦਾ ਮਾਲਕ ਹੈ ਜਿਸਨੇ ਮੁਨਾਫੇ ਦੇ ਲਾਲਚ ਵਿੱਚ ਸੁਰੱਖਿਆ ਪ੍ਰਬੰਧਾਂ ਦੇ ਪ੍ਰਬੰਧਾਂ ਦੀ ਅਣਦੇਖੀ ਕੀਤੀ ਹੈ। ਸੁਰੱਖਿਆ ਪ੍ਰਬੰਧਾਂ ਅਤੇ ਹੋਰ ਕਿਰਤ ਕਨੂੰਨਾਂ ਦੇ ਲਾਗੂ ਨਾ ਹੋਣ ਦੇ ਕਸੂਰਵਾਰ ਕਿਰਤ ਵਿਭਾਗ ਦੇ ਅਫ਼ਸਰ ਵੀ ਹਨ। ਪੁਲੀਸ ਨੇ ਸਦਮੇ ਦਾ ਸ਼ਿਕਾਰ ਪੀੜਤ ਪਰਿਵਾਰ ਉੱਤੇ ਸਮਝੌਤੇ ਦਾ ਦਬਾਅ ਪਾ ਕੇ ਮਾਮਲਾ ਰਫਾ-ਦਫਾ ਕਰਨ ਦੀ ਸਾਜਿਸ਼ ਰਚੀ ਹੈ। ਮਾਲਕ ਉੱਤੇ ਧਾਰਾ 304 ਤਹਿਤ ਕਾਰਵਾਈ ਬਣਦੀ ਸੀ ਪਰ ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਉਹਨਾਂ ਕਿਹਾ ਇਸ ਮਾਮਲੇ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਪੀੜਤ ਮਜ਼ਦੂਰਾਂ ਨੂੰ ਇਨਸਾਫ਼ ਮਿਲ਼ ਸਕੇ। ਉਨ੍ਹਾਂ ਕਿਹਾ ਕਿ ਮਾਲਕ ਅਤੇ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨੂੰ ਵੀਹ-ਵੀਹ ਲੱਖ ਰੁਪਏ ਮੁਆਵਜ਼ਾ ਮਿਲਣਾ ਚਾਹੀਦਾ ਹੈ।

ਬਿਗੁਲ ਮਜ਼ਦੂਰ ਦਸਤਾ ਦੇ ਆਗੂ ਵਿਸ਼ਵਨਾਥ ਨੇ ਕਿਹਾ ਲੁਧਿਆਣਾ ਹੀ ਸਗੋਂ ਦੇਸ਼ ਦੇ ਸਾਰੇ ਕਾਰਖਾਨਿਆਂ ਵਿੱਚ ਰੋਜ਼ਾਨਾ ਭਿਆਨਕ ਹਾਦਸੇ ਵਾਪਰਦੇ ਹਨ ਜਿਨ੍ਹਾਂ ਵਿੱਚ ਮਜ਼ਦੂਰਾਂ ਦੀਆਂ ਮੌਤਾਂ ਹੁੰਦੀਆਂ ਹਨ ਤੇ ਅਪਾਹਿਜ ਵੀ ਹੁੰਦੇ ਹਨ। ਮਾਲਕਾਂ ਨੂੰ ਸਿਰਫ਼ ਆਪਣੇ ਮੁਨਾਫੇ ਦੀ ਚਿੰਤਾ ਹੈ। ਮਜ਼ਦੂਰ ਤਾਂ ਉਹਨਾਂ ਲਈ ਸਿਰਫ਼ ਮਸ਼ੀਨਾਂ ਦੇ ਪੁਰਜੇ ਬਣ ਰਹਿ ਗਏ ਹਨ। ਸਾਰੇ ਦੇਸ਼ ਵਿੱਚ ਸਰਮਾਏਦਾਰ ਸੁਰੱਖਿਆ ਸਬੰਧੀ ਨਿਯਮ-ਕਨੂੰਨਾਂ ਸਮੇਤ ਸਾਰੇ ਕਿਰਤ ਕਨੂੰਨਾਂ ਦੀਆਂ ਧੱਜੀਆਂ ਉਡਾ ਰਹੇ ਹਨ। ਸਰਮਾਏਦਾਰਾਂ, ਸਰਕਾਰ, ਕਿਰਤ ਵਿਭਾਗ, ਪੁਲੀਸ-ਪ੍ਰਸ਼ਾਸਨ, ਗੁੰਡਿਆਂ ਦਾ ਨਾਪਾਕ ਗੱਠਜੋੜ ਮਜ਼ਦੂਰਾਂ ਦੇ ਹੱਕਾਂ ਨੂੰ ਕੁਚਲ ਰਿਹਾ ਹੈ। ਉਹਨਾਂ ਕਿਹਾ ਕਿ ਮਜ਼ਦੂਰਾਂ ਨੂੰ ਇਸ ਲੁੱਟ-ਖਸੁੱਟ, ਬੇਇਨਸਾਫੀ ਖਿਲਾਫ਼ ਜ਼ੋਰਦਾਰ ਇੱਕਮੁੱਠਤਾ ਕਾਇਮ ਕਰਨੀ ਪਵੇਗੀ।

ਆਗੂਆਂ ਨੇ ਕਿਹਾ ਕਿ ਜਦੋਂ ਤੋਂ ਕੇਂਦਰ ਵਿੱਚ ਮੋਦੀ ਸਰਕਾਰ ਬਣੀ ਹੈ ਉਦੋਂ ਤੋਂ ਮਜ਼ਦੂਰਾਂ ਦੀ ਹਾਲਤ ਹੋਰ ਵੀ ਭੈੜੀ ਹੋ ਗਈ ਹੈ। ਮੋਦੀ ਸਰਕਾਰ ਇਸ ਤੋਂ ਪਹਿਲੀਆਂ ਸਰਕਾਰਾਂ ਤੋਂ ਵੀ ਤੇਜੀ ਅਤੇ ਸਖਤੀ ਨਾਲ਼ ਮਜ਼ਦੂਰਾਂ ਦੇ ਹੱਕਾਂ ਨੂੰ ਕੁਚਲ ਰਹੀ ਹੈ। ਸਰਮਾਏਦਾਰਾਂ ਨੂੰ ਕਿਰਤ ਕਨੂੰਨਾਂ ਦੀਆਂ ਧੱਜੀਆਂ ਉਡਾਉਣ ਦੀ ਪੂਰੀ ਖੁੱਲ੍ਹ ਮਿਲ਼ ਚੁੱਕੀ ਹੈ ਜਿਸ ਕਾਰਨ ਸਨਅਤੀ ਹਾਦਸਿਆਂ ਵਿੱਚ ਵੀ ਵਾਧਾ ਹੋ ਚੁੱਕਾ ਹੈ।

ਕਾਰਖਾਨਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ, ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਦੇ ਆਗੂ ਘਨਸ਼ਿਆਮ, ਮਹੇਸ਼, ਬਿਗੁਲ ਮਜ਼ਦੂਰ ਦਸਤਾ ਦੇ ਆਗੂ ਵਿਸ਼ਵਨਾਥ, ਨੌਜਵਾਨ ਭਾਰਤ ਸਭਾ ਦੀ ਆਗੂ ਬਲਜੀਤ ਤੋਂ ਇਲਾਵਾ ਮੌਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੇ ਆਗੂ ਹਰਜਿੰਦਰ ਸਿੰਘ, ਵਿਜੇ ਨਾਰਾਇਣ ਆਦਿ ਨੇ ਵੀ ਮੁਜ਼ਾਹਰੇ ਨੂੰ ਸੰਬੋਧਿਤ ਕੀਤਾ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 55, 1 ਜੂਨ 2016 ਵਿੱਚ ਪਰ੍ਕਾਸ਼ਤ

Advertisements