ਠੰਢੀ ਰਾਤ ‘ਚ ਮਘਦਾ ਤਾਰਾ – ਫ਼ਿਦੇਲ ਕਾਸਤਰੋ

5

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਉਹ ਸਖਸ਼ ਚਲਾ ਗਿਆ
ਜਿਹੜਾ ਸਾਨੂੰ ਰੋਜ਼ ਇੱਕ ਸਿਤਾਰਾ ਦਿੰਦਾ ਹੁੰਦਾ ਸੀ
– ਪਾਬਲੋ ਨੇਰੂਦਾ

ਲਾਤੀਨੀ ਅਮਰੀਕਾ ਵਿੱਚ ਅਮਰੀਕੀ ਸਾਮਰਾਜ ਖਿਲਾਫ਼ ਪਹਿਲੀ ਸਫ਼ਲ ਬਗਾਵਤ ਦੀ ਅਗਵਾਈ ਕਰਨ ਵਾਲ਼ਾ ਅਤੇ ਅਮਰੀਕਾ ਤੋਂ ਸਿਰਫ਼ 90 ਮੀਲ ਦੂਰ ਇੱਕ ਛੋਟੇ ਜਿਹੇ ਮੁਲਕ ਵਿੱਚ ਸਾਮਰਾਜੀਆਂ ਖਿਲਾਫ਼ ਅੱਧੀ ਸਦੀ ਤੱਕ ਮੋਰਚਾ ਖੋਲ੍ਹੀ ਰੱਖਣ ਵਾਲ਼ਾ ਫ਼ਿਦੇਲ ਕਾਸਤਰੋ ਬੀਤੇ 26 ਨਵੰਬਰ ਦੇ ਦਿਨ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਦੁਨੀਆਂ ਭਰ ਵਿੱਚ ਕਿਰਤੀ ਲੋਕਾਈ ਅਤੇ ਮਨੁੱਖਤਾ ਦੇ ਬਿਹਤਰ ਭਵਿੱਖ ਲਈ ਲੜ ਰਹੇ ਲੋਕਾਂ ਨੇ ਸੇਜਲ ਅੱਖਾਂ ਨਾਲ਼ ਉਸਨੂੰ ਵਿਦਾਈ ਦਿੱਤੀ ਹੈ। ਇਹ ਫ਼ਿਦੇਲ ਹੀ ਸੀ ਜਿਸਦੀ ਅਗਵਾਈ ਵਿੱਚ ਇੱਕ ਛੋਟਾ ਜਿਹਾ ਮੁਲਕ ਸੰਸਾਰ ਵਿੱਚ ਛਾਇਆ ਰਿਹਾ। ਇਸ ਮੁਲਕ ਨੇ ਨਾ ਸਿਰਫ਼ ਅਨੇਕਾਂ ਦੇਸ਼ਾਂ ਵਿੱਚ ਬਸਤੀਵਾਦੀਆਂ ਖਿਲਾਫ਼ ਚੱਲ ਰਹੇ ਅਜ਼ਾਦੀ ਦੇ ਘੋਲਾਂ ਦੀ ਮਦਦ ਕੀਤੀ, ਸਗੋਂ ਆਮ ਲੋਕਾਂ ਲਈ ਸਿਹਤ ਅਤੇ ਸਿੱਖਿਆ ਦੇ ਬੇਮਿਸਾਲ ਢਾਂਚੇ ਕਾਇਮ ਕੀਤੇ।

ਲਾਤੀਨੀ ਅਮਰੀਕਾ ਵਿੱਚ ਸਪੇਨੀਆਂ ਦੀ ਬਸਤੀ ਬਣਨ ਵਾਲ਼ੇ ਦੇਸ਼ਾਂ ਵਿੱਚੋਂ ਕਿਊਬਾ ਪਹਿਲੇ ਦੇਸ਼ਾਂ ਵਿੱਚੋਂ ਸੀ। ਸਪੇਨੀ ਬਸਤੀਵਾਦ ਦੇ ਖਿਲਾਫ਼ ਅਜ਼ਾਦੀ ਦੀ ਵੱਡੀ ਲਹਿਰ 1895-98 ਦੇ ਸਾਲਾਂ ਦੌਰਾਨ ਚੱਲੀ। ਇਸ ਲਹਿਰ ਦੀ ਅਗਵਾਈ ਕਿਊਬਾ ਦੇ ਕੌਮੀ ਨਾਇਕ ਜੋਸ ਮਾਰਤੀ ਦੇ ਹੱਥਾਂ ਵਿੱਚ ਸੀ ਜਿਹੜਾ ਬਾਅਦ ਵਿੱਚ ਨਾ ਸਿਰਫ਼ ਕਿਊਬਾ ਵਿੱਚ, ਸਗੋਂ ਪੂਰੇ ਲਾਤੀਨੀ ਅਮਰੀਕਾ ਵਿੱਚ ਸਾਈਮਨ ਬੋਲੀਵਾਰ ਵਾਂਗ ਇੱਕ ਲੋਕ ਨਾਇਕ ਬਣ ਗਿਆ। ਸੁਭਾਵਿਕ ਹੀ ਫ਼ਿਦੇਲ ਦਾ ਨਾਇਕ ਵੀ ਜੋਸ ਮਾਰਤੀ ਹੀ ਬਣਿਆ। ਇਸ ਜੰਗੇ-ਅਜ਼ਾਦੀ ਦੌਰਾਨ ਹੀ ਜੋਸ ਮਾਰਤੀ ਸ਼ਹੀਦ ਹੋ ਗਿਆ। ਉੱਧਰ ਅਮਰੀਕਾ ਨੇ ਬਾਗੀਆਂ ਦੀ ਮਦਦ ਦੇ ਨਾਮ ਹੇਠ ਇਸ ਲੜਾਈ ਵਿੱਚ ਦਖ਼ਲਅੰਦਾਜ਼ੀ ਕੀਤੀ ਅਤੇ ਲੋਕ-ਲਹਿਰ ਨੂੰ ਧੋਖਾ ਦਿੰਦੇ ਹੋਏ ਕਿਊਬਾ ਉੱਤੇ ਆਪਣਾ ਕਬਜ਼ਾ ਕਾਇਮ ਕਰ ਲਿਆ। 1898-1902 ਤੱਕ ਅਮਰੀਕੀ ਫੌਜ ਨੇ ਕਿਊਬਾ ਉੱਤੇ ਕਬਜ਼ਾ ਬਣਾਈ ਰੱਖਿਆ। ਇਸ ਤੋਂ ਬਾਅਦ 1902 ਵਿੱਚ ਜਦੋਂ ਕਿਊਬਾ ਨੂੰ ਗਣਰਾਜ ਬਣਾਉਣ ਦਾ ਐਲਾਨ ਹੋਇਆ ਤਾਂ ਅਮਰੀਕਾ ਕਿਊਬਾ ਦੇ ਨਵੇਂ ਸੰਵਿਧਾਨ ਵਿੱਚ ਪਲੈੱਟ ਸਮਝੌਤੇ ਤਹਿਤ ਸੋਧਾਂ ਕਰਵਾਉਣ ਵਿੱਚ ਕਾਮਯਾਬ ਹੋ ਗਿਆ। ਇਹਨਾਂ ਸੋਧਾਂ ਨਾਲ਼ ਅਮਰੀਕਾ ਨੂੰ ਕਿਊਬਾ ਵਿੱਚ ਅਮਰੀਕੀ ਲੋਕਾਂ ਦੇ ਜੀਵਨ ਜਾਂ ਜਾਇਦਾਦ ਨੂੰ ਖਤਰੇ ਦਾ ਅਧਾਰ ਬਣਾ ਕੇ ਕਿਊਬਾ ਵਿੱਚ ਦਖਲਅੰਦਾਜੀ ਕਰਨ ਦਾ ਹੱਕ ਮਿਲ ਗਿਆ ਅਤੇ ਨਾਲ਼ ਹੀ ਅਮਰੀਕੀ ਸਰਮਾਏਦਾਰਾਂ ਦਾ ਪੱਖੀ ਆਰਥਕ-ਕਾਨੂੰਨੀ ਪ੍ਰਬੰਧ ਕਾਇਮ ਕਰਨ ਦਾ ਮੌਕਾ ਮਿਲ ਗਿਆ ਤੇ ਕਿਊਬਾ ਅਮਰੀਕਾ ਦੀ ਨਵ-ਬਸਤੀ ਬਣ ਗਿਆ। ਇਸੇ ਸਮਝੌਤੇ ਅਧੀਨ ਕਿਊਬਾ ਨੂੰ ਗੁਆਟਾਨਾਮੋ ਬੇਅ ਅਮਰੀਕੀ ਜਲਸੈਨਾ ਨੂੰ ਅੱਡਾ ਬਣਾਉਣ ਲਈ ਦੇਣਾ ਪਿਆ ਜਿਹੜਾ ਅੱਜ ਤੱਕ ਅਮਰੀਕੀ ਕਬਜ਼ੇ ਹੇਠ ਹੈ। ਗਣਰਾਜ ਬਣਨ ਤੋਂ ਬਾਅਦ ਕਿਊਬਾ ਵਿੱਚ ਹਰ ਵਾਰ ਚੋਣਾਂ ਹੋਣ ਤੋਂ ਬਾਅਦ ਅਮਰੀਕਾ ਵੱਲੋਂ ਫੌਜੀ ਦਖਲਅੰਦਾਜ਼ੀ ਹੁੰਦੀ ਰਹੀ, ਕਦੇ ਚੋਣਾਂ ਦੇ ਤਮਾਸ਼ੇ ਰਾਹੀਂ ਤੇ ਕਦੇ ਸਿੱਧਾ ਤਖਤਾਪਲਟ ਕਰਕੇ ਅਮਰੀਕਾ ਦੇ ਕੱਠਪੁਤਲੀ ਤਾਨਾਸ਼ਾਹ ਕਿਊਬਾ ਉੱਤੇ ਰਾਜ ਕਰਦੇ ਰਹੇ।

1950ਵਿਆਂ ਤੱਕ ਅਮਰੀਕੀ ਸਰਮਾਇਆ ਕਿਊਬਾ ਦੀਆਂ ਜਨਤਕ ਸੇਵਾਵਾਂ ਦੇ 80% ਹਿੱਸੇ ਉੱਤੇ, 90% ਖਾਣਾਂ ਉੱਤੇ, ਲੱਗਭੱਗ ਸਾਰੀਆਂ ਤੇਲ ਰਿਫਾਇਨਰੀਆਂ ਉੱਤੇ, 90% ਪਸ਼ੂਧਨ ਉੱਤੇ ਅਤੇ ਗੰਨੇ ਦੀ ਖੇਤੀ (ਜਿਹੜੀ ਕਿ ਕਿਊਬਾ ਦੀ ਮੁੱਖ ਫਸਲ ਸੀ) ਦੇ 80% ਹਿੱਸੇ ਉੱਤੇ ਕਾਬਜ਼ ਹੋ ਚੁੱਕਾ ਸੀ। ਕੋਈ ਵੀ ਲੋਕ-ਪੱਖੀ ਸਰਕਾਰ ਬਣਨ ਦੀ ਕਿਸੇ ਵੀ ਕੋਸ਼ਿਸ਼ ਨੂੰ ਅਮਰੀਕਾ ਆਪਣੀ ਫੌਜੀ ਜਾਬਰ ਤਾਕਤ ਨਾਲ਼ ਦਬਾ ਦਿੰਦਾ। ਸਿੱਟੇ ਵਜੋਂ ਕਿਊਬਾ ਦੇ ਲੋਕਾਂ ਵਿੱਚ ਅਮਰੀਕੀ ਸਾਮਰਾਜ ਪ੍ਰਤੀ ਵਿਆਪਕ ਰੋਸ ਤੇ ਨਫ਼ਰਤ ਸੀ। ਇਸੇ ਮਾਹੌਲ ਵਿੱਚ 1926 ਵਿੱਚ ਫ਼ਿਦੇਲ ਦਾ ਜਨਮ ਹੋਇਆ। ਉਸਦਾ ਪਿਤਾ ਇੱਕ ਜ਼ਮੀਨ-ਮਾਲਕ ਕਿਸਾਨ ਸੀ ਤੇ ਇਸਾਈ ਧਰਮ ਨੂੰ ਮੰਨਦਾ ਸੀ। ਫ਼ਿਦੇਲ ਨੂੰ ਬਚਪਨ ਵਿੱਚ ਹੀ ਇਸਾਈ ਧਰਮ ਧਾਰਨ ਕਰਵਾਇਆ ਗਿਆ ਤੇ ਉਸਨੂੰ ਇਸਾਈ ਸਕੂਲਾਂ ਵਿੱਚ ਪੜ੍ਹਨੇ ਪਾਇਆ ਗਿਆ ਅਤੇ 1945 ਵਿੱਚ ਕਾਨੂੰਨ ਦੀ ਪੜ੍ਹਾਈ ਕਰਨ ਲਈ ਫ਼ਿਦੇਲ ਹਵਾਨਾ ਯੂਨੀਵਰਸਿਟੀ ਵਿੱਚ ਪਹੁੰਚ ਚੁੱਕਾ ਸੀ। ਯੂਨੀਵਰਸਿਟੀ ਪਹੁੰਚ ਕੇ ਫ਼ਿਦੇਲ ਵਿਦਿਆਰਥੀ ਸਿਆਸਤ ਵਿੱਚ ਹਿੱਸਾ ਲੈਣ ਲੱਗਾ।

ਯੂਨੀਵਰਸਿਟੀ ਦੇ ਮਾਹੌਲ ਵਿੱਚ ਹਿੰਸਾ ਤੇ ਗੈਂਗ-ਕਲਚਰ ਭਾਰੂ ਸੀ। ਉਸ ਸਮੇਂ ਤੱਕ ਫ਼ਿਦੇਲ ਸਾਮਰਾਜ-ਵਿਰੋਧੀ ਬਣ ਚੁੱਕਾ ਸੀ ਅਤੇ ਉਹ ਕੈਰੀਬੀਆਈ ਦੇਸ਼ਾਂ ਵਿੱਚ ਅਮਰੀਕੀ ਦਖ਼ਲਅੰਦਾਜ਼ੀ ਅਤੇ ਸਰਕਾਰਾਂ ਦੇ ਭ੍ਰਿਸ਼ਟਾਚਾਰ ਦਾ ਜਨਤਕ ਖੰਡਨ ਕਰਨ ਲੱਗਾ ਸੀ। ਉਸ ਨੇ ‘ਇਮਾਨਦਾਰੀ, ਸ਼ਿਸ਼ਟਾਚਾਰ, ਇਨਸਾਫ਼’ ਨਾਮ ਦੇ ਬੈਨਰ ਹੇਠ ਹਵਾਨਾ ਯੂਨੀਵਰਸਿਟੀ ਦੀ ਸਟੂਡੈਂਟ ਫੈਡਰੇਸ਼ਨ ਦੀ ਪ੍ਰਧਾਨਗੀ ਚੋਣ ਲੜੀ ਪਰ ਹਾਰ ਗਿਆ। ਇਸੇ ਦੌਰਾਨ ਉਹ ਯੂਨੀਵਰਸਿਟੀ ਕਮੇਟੀ ਫ਼ਾਰ ਡੈਮੋਕ੍ਰੇਸੀ ਇਨ ਡੋਮਿਨਿਕ ਰੀਪਬਲਿਕ ਦਾ ਪ੍ਰਧਾਨ ਬਣ ਗਿਆ। ਨਵੰਬਰ, 1946 ਵਿੱਚ ਸਰਕਾਰ ਦੇ ਭ੍ਰਿਸ਼ਟਾਚਾਰ ਖਿਲਾਫ਼ ਦਿੱਤੇ ਉਸਦੇ ਭਾਸ਼ਣ ਕਾਰਨ ਅਖਬਾਰਾਂ ਵਿੱਚ ਉਸਨੂੰ ਅੱਛੀ-ਖਾਸੀ ਜਗ੍ਹਾ ਮਿਲੀ। ਉਧਰ ਸਰਕਾਰ ਨੇ ਗੈਂਗ-ਲੀਡਰਾਂ ਨੂੰ ਪੁਲਿਸ ਦੇ ਅਹੁਦੇ ਬਖਸ਼ਣੇ ਸ਼ੁਰੂ ਕਰ ਦਿੱਤੇ ਜਿਸ ਤੋਂ ਭੜਕ ਕੇ ਵਿਦਿਆਰਥੀ ਹਿੰਸਾ ਉੱਤੇ ਉਤਾਰੂ ਹੋ ਗਏ। ਸਰਕਾਰ ਨੇ ਵਿਦਿਆਰਥੀ ਲਹਿਰ ਨੂੰ ਦਬਾਉਣਾ ਸ਼ੁਰੂ ਕਰ ਦਿੱਤਾ। ਕਾਸਤਰੋ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਲੱਗੀਆਂ ਤੇ ਯੂਨੀਵਰਸਿਟੀ ਛੱਡਣ ਲਈ ਕਿਹਾ ਗਿਆ ਪਰ ਕਾਸਤਰੋ ਨੇ ਜਵਾਬ ਵਿੱਚ ਹਥਿਆਰ ਰੱਖਣੇ ਸ਼ੁਰੂ ਕਰ ਦਿੱਤੇ ਅਤੇ ਉਸ ਨੇ ਆਪਣੀ ਰੱਖਿਆ ਲਈ ਆਪਣੇ ਸਾਥੀਆਂ ਦਾ ਇੱਕ ਹਥਿਆਰਬੰਦ ਦਸਤਾ ਬਣਾ ਲਿਆ।

ਡੋਮਿਨਿਕ ਰੀਪਬਲਿਕ ਵਿੱਚ ਅਮਰੀਕਾ ਦੇ ਪਿੱਠੂ ਰਾਫ਼ੇਲ ਟਰੂਜ਼ਿਲੋ ਦੀ ਤਾਨਾਸ਼ਾਹ ਸਰਕਾਰ ਸਥਾਪਤ ਸੀ। ਕਿਊਬਾ ਦੇ ਜਮਹੂਰੀਅਤਪਸੰਦਾਂ ਤੇ ਕਿਊਬਾ ਵਿੱਚ ਡੋਮਿਨਿਕ ਰੀਪਬਲਿਕ ਦੇ ਦੇਸ਼ ਨਿਕਾਲੇ ਦੇ ਸ਼ਿਕਾਰ ਲੜਾਕਿਆਂ ਨੇ ਰਾਫ਼ੇਲ ਟਰੂਜ਼ਿਲੋ ਦੀ ਸਰਕਾਰ ਦਾ ਤਖਤਾਪਲਟ ਕਰਨ ਲਈ ਹਥਿਆਰਬੰਦ ਗਰੁੱਪ ਬਣਾਇਆ। ਫ਼ਿਦੇਲ ਇਸ ਹਥਿਆਰਬੰਦ ਗਰੁੱਪ ਨੂੰ ਕਾਇਮ ਕਰਨ ਵਾਲ਼ਾ ਮੁੱਖ ਦਿਮਾਗ ਸੀ। ਜੁਲਾਈ, 1947 ਵਿੱਚ 1,200 ਲੜਾਕਿਆਂ ਦਾ ਇਹ ਗਰੁੱਪ ਡੋਮਿਨਿਕ ਰੀਪਬਲਿਕ ਜਾਣ ਲਈ ਰਵਾਨਾ ਹੋਣ ਹੀ ਵਾਲ਼ਾ ਸੀ ਕਿ ਅਮਰੀਕੀ ਦਬਾਅ ਹੇਠ ਕਿਊਬਾ ਦੀ ਸਰਕਾਰ ਨੇ ਗ੍ਰਿਫਤਾਰੀਆਂ ਆਰੰਭ ਦਿੱਤੀਆਂ। ਫ਼ਿਦੇਲ ਗ੍ਰਿਫਤਾਰੀ ਤੋਂ ਬਚ ਕੇ ਹਵਾਨਾ ਵਾਪਿਸ ਆ ਗਿਆ। ਇਸੇ ਦੌਰਾਨ ਸਰਕਾਰੀ ਸੁਰੱਖਿਆ ਦਸਤਿਆਂ ਨੇ ਇੱਕ ਵਿਦਿਆਰਥੀ ਨੂੰ ਗੋਲੀ ਮਾਰ ਦਿੱਤੀ, ਇਸ ਦੇ ਜਵਾਬ ਵਿੱਚ ਇੱਕ ਵਾਰ ਫਿਰ ਵਿਦਿਆਰਥੀ ਲਹਿਰ ਨੇ ਜ਼ੋਰ ਫੜ ਲਿਆ। ਫ਼ਿਦੇਲ ਕਾਸਤਰੋ ਇਸ ਲਹਿਰ ਦੇ ਮੋਹਰੀ ਆਗੂਆਂ ਵਿੱਚੋਂ ਸੀ। 1948 ਵਿੱਚ ਫ਼ਿਦੇਲ ਦੀ ਅਗਵਾਈ ਵਿੱਚ ਕਿਊਬਾ ਦਾ ਇੱਕ ਵਿਦਿਆਰਥੀ ਗਰੁੱਪ ਕੋਲੰਬੀਆ ਗਿਆ। ਇਸੇ ਦੌਰਾਨ ਕੋਲੰਬੀਆ ਵਿੱਚ ਇੱਕ ਖੱਬੇ-ਪੱਖੀ ਆਗੂ ਦਾ ਕਤਲ ਹੋ ਗਿਆ ਜਿਸਦੇ ਵਿਰੋਧ ਵਿੱਚ ਕੋਲੰਬੀਆ ਵਿੱਚ ਵਿਆਪਕ ਰੋਸ-ਵਿਖਾਵੇ ਹੋਏ। ਫ਼ਿਦੇਲ ਤੇ ਉਸਦੇ ਸਾਥੀ ਵੀ ਇਹਨਾਂ ਰੋਸ-ਵਿਖਾਵਿਆਂ ਵਿੱਚ ਸ਼ਾਮਲ ਰਹੇ ਪਰ ਇਹ ਉਭਾਰ ਬਹੁਤਾ ਅੱਗੇ ਨਾ ਗਿਆ ਤੇ ਫ਼ਿਦੇਲ ਵੀ ਵਾਪਸ ਹਵਾਨਾ ਆ ਗਿਆ।

ਕਿਊਬਾ ਵਿੱਚ ਉਸ ਸਮੇਂ ਦੋ ਮੁੱਖ ਪਾਰਟੀਆਂ ਸਨ – ਕਿਊਬਨ ਰੈਵੋਲੂਸ਼ਨਰੀ ਪਾਰਟੀ ਅਤੇ ਪਾਪੂਲਰ ਸੋਸ਼ਲਿਸਟ ਪਾਰਟੀ। 1946 ਵਿੱਚ ਇਹਨਾਂ ਪਾਰਟੀਆਂ ਦੇ ਭ੍ਰਿਸ਼ਟਾਚਾਰ ਤੇ ਸਮਝੌਤਾਪ੍ਰਸਤੀ ਤੋਂ ਅੱਕੇ ਕੁਝ ਲੋਕਾਂ ਨੇ ਆਰਥੋਡਾਕਸ ਪਾਰਟੀ ਕਾਇਮ ਕੀਤੀ। 1948 ਦੀਆਂ ਚੋਣਾਂ ਵਿੱਚ ਇਸ ਪਾਰਟੀ ਦਾ ਆਗੂ ਏਡੋਆਰਦੋ ਛਿਬਾ ਪ੍ਰਧਾਨਗੀ ਦੀ ਚੋਣ ਹਾਰ ਗਿਆ ਪਰ ਉਸਦੀ ਹਰਮਨਪਿਆਰਤਾ ਵਧਦੀ ਗਈ। ਫ਼ਿਦੇਲ ਵੀ ਇਸ ਪਾਰਟੀ ਵਿੱਚ ਸ਼ਾਮਿਲ ਹੋ ਗਿਆ। 1952 ਵਿੱਚ ਨਵੀਆਂ ਚੋਣਾਂ ਦਾ ਐਲਾਨ ਹੋਇਆ ਜਿਹਨਾਂ ਵਿੱਚ ਫ਼ਿਦੇਲ ਵੀ ਇਸ ਪਾਰਟੀ ਵੱਲੋਂ ਉਮੀਦਵਾਰ ਸੀ। ਚੋਣ-ਪ੍ਰਚਾਰ ਚੱਲ ਹੀ ਰਿਹਾ ਸੀ ਕਿ ਅਮਰੀਕਾ ਦੀ ਸ਼ਹਿ ਉੱਤੇ ਜਨਰਲ ਫੁਲਜੇਨਿਕੋ ਬਤਿਸਤਾ ਨੇ ਰਾਜਪਲਟਾ ਕਰ ਦਿੱਤਾ ਅਤੇ ਘੋਰ ਸੱਜੇ-ਪੱਖੀ ਹਕੂਮਤ ਕਾਇਮ ਕਰ ਲਈ। ਫ਼ਿਦੇਲ ਨੇ ਇਸਦਾ ਹਥਿਆਰਬੰਦ ਟਾਕਰਾ ਕਰਨ ਦੀ ਯੋਜਨਾ ਬਣਾਈ ਅਤੇ ‘ਦ ਮੂਵਮੈਂਟ’ ਨਾਮ ਹੇਠ ਗੁਪਤ ਜਥੇਬੰਦੀ ਕਾਇਮ ਕਰ ਲਈ। ਜੁਲਾਈ, 1953 ਵਿੱਚ ਫ਼ਿਦੇਲ ਅਤੇ ਉਸਦੇ 120 ਦੇ ਕਰੀਬ ਹੋਰ ਸਾਥੀਆਂ, ਜਿਨ੍ਹਾਂ ਵਿੱਚ ਫ਼ਿਦੇਲ ਦਾ ਛੋਟਾ ਭਾਈ ਰਾਉਲ ਕਾਸਤਰੋ ਵੀ ਸੀ, ਨੇ ਮੋਨਕੌਂਦਾ ਫੌਜੀ ਬੈਰੇਕ ਉੱਤੇ ਹਮਲਾ ਕਰ ਦਿੱਤਾ। ਪਰ ਇਹ ਯਤਨ ਅਸਫ਼ਲ ਰਿਹਾ, ਬਹੁਤ ਸਾਰੇ ਇਨਕਲਾਬੀ ਹਮਲੇ ਦੌਰਾਨ ਮਾਰੇ ਗਏ ਅਤੇ ਰਹਿੰਦੇ ਗ੍ਰਿਫਤਾਰ ਕਰ ਲਏ ਗਏ। ਫ਼ਿਦੇਲ ਸਮੇਤ 122 ਵਿਅਕਤੀਆ ਉੱਤੇ ਮੁਕੱਦਮੇ ਚਲਾਏ ਗਏ। ਮੁਕੱਦਮੇ ਦੌਰਾਨ ਫ਼ਿਦੇਲ ਆਪਣਾ ਸੰਸਾਰ-ਪ੍ਰਸਿੱਧ ਭਾਸ਼ਣ ‘ਇਤਿਹਾਸ ਮੈਨੂੰ ਸਹੀ ਸਾਬਿਤ ਕਰੇਗਾ’ ਦਿੱਤਾ। ਫ਼ਿਦੇਲ ਨੂੰ 15 ਸਾਲ ਦੀ ਕੈਦ ਦੀ ਸਜ਼ਾ ਹੋਈ। ਜੇਲ੍ਹ ਦੌਰਾਨ ਹੀ ਫ਼ਿਦੇਲ ਨੇ ਆਪਣੀ ਜਥੇਬੰਦੀ ਦਾ ਨਾਮ ਬਦਲ ਕੇ ਮੋਨਕੌਂਦਾ ਫੌਜੀ ਬੈਰੇਕ ਹਮਲੇ ਦੀ ਯਾਦ ਵਿੱਚ ’26 ਜੁਲਾਈ ਲਹਿਰ’ ਕਰ ਦਿੱਤਾ ਅਤੇ ਫਿਰ ਤੋਂ ਸੰਘਰਸ਼ ਖੜਾ ਕਰਨ ਦੇ ਯਤਨ ਸ਼ੁਰੂ ਕਰ ਦਿੱਤੇ। 1955 ਵਿੱਚ ਤਾਨਾਸ਼ਾਹ ਬਤਿਸਤਾ ਨੇ ਆਮ ਲੋਕਾਂ ਵਿੱਚ ਆਪਣੀ ਸਾਖ਼ ਸੁਧਾਰਨ ਦੇ ਯਤਨਾਂ ਵਜੋਂ ਬਹੁਤ ਸਾਰੇ ਸਿਆਸੀ ਕੈਦੀਆਂ ਨੂੰ ਜੇਲ੍ਹਾਂ ਵਿੱਚੋਂ ਰਿਹਾ ਕੀਤਾ ਜਿਸ ਵਿੱਚ ਕਾਸਤਰੋ ਵੀ ਸ਼ਾਮਿਲ ਸੀ। ਜੇਲ੍ਹ ਵਿੱਚੋਂ ਰਿਹਾ ਹੋ ਕੇ ਫ਼ਿਦੇਲ ਆਪਣੇ ਸਾਥੀਆਂ ਸਮੇਤ ਮੈਕਸੀਕੋ ਚਲਾ ਗਿਆ। ਇੱਥੇ ਹੀ ਉਹਨਾਂ ਨੂੰ ਅਰਜਨਟੀਨਾ ਦਾ ਡਾਕਟਰ ‘ਅਰਨੈਸਤੋ ਚੇ ਗੁਵੇਰਾ’ ਮਿਲਿਆ ਜਿਹੜਾ ਅੱਗੇ ਜਾ ਕੇ ਕਿਊਬਾ ਦੇ ਇਨਕਲਾਬ ਦਾ ਅਹਿਮ ਆਗੂ ਬਣਿਆ। ਮੈਕਸੀਕੋ ਦੇ ਆਪਣੇ ਕੁਝ ਮਹੀਨਿਆਂ ਦੇ ਕਿਆਮ ਵਿੱਚ ਹੀ ਫ਼ਿਦੇਲ ਨੇ 80 ਦੇ ਕਰੀਬ ਇਨਕਲਾਬੀਆਂ ਦਾ ਹਥਿਆਰਬੰਦ ਗਰੁੱਪ ਕਾਇਮ ਕਰ ਲਿਆ। ਇੱਕ ਛੋਟੀ ਕਿਸ਼ਤੀ ‘ਗ੍ਰਾਨਮਾ’ ਰਾਹੀਂ ਸਾਰੇ ਜਣੇ ਕਿਊਬਾ ਵੱਲ ਠਿਲ੍ਹ ਪਏ। ਕਿਊਬਾ ਦੇ ਤੱਟ ਤੋਂ ਕੁਝ ਦੂਰ ਹੀ ਉਹਨਾਂ ਦਾ ਟਾਕਰਾ ਬਤਿਸਤਾ ਦੇ ਲੜਾਕੇ ਜਹਾਜ਼ਾਂ ਨਾਲ਼ ਹੋਇਆ। ਅੱਧਿਓਂ ਵੱਧ ਇਨਕਲਾਬੀ ਮਾਰੇ ਗਏ ਅਤੇ ਬਾਕੀ ਬਚੇ ਕਿਵੇਂ-ਨ-ਕਿਵੇਂ ਤੱਟ ਉੱਤੇ ਪਹੁੰਚਣ ਵਿੱਚ ਕਾਮਯਾਬ ਹੋ ਗਏ। ਉਹ ਕਈ ਟੋਲੀਆਂ ਵਿੱਚ ਵੰਡੇ ਗਏ ਅਤੇ ਸੀਏਰਾ ਮੈਸਤਰਾ ਦੇ ਸੰਘਣੇ ਜੰਗਲਾਂ ਵਿੱਚ ਪਹੁੰਚ ਗਏ। ਟੋਲੀਆਂ ਇੰਨੀਆਂ ਛੋਟੀਆਂ ਸਨ, ਕਿ ਫ਼ਿਦੇਲ ਦੇ ਕਹਿਣ ਅਨੁਸਾਰ, “ਸਾਡੀ ਫ਼ੌਜ ਵਿੱਚ ਤਿੰਨ ਬੰਦੇ ਸਨ ਅਤੇ ਮੈਂ ਤਿੰਨਾਂ ਵਿੱਚੋਂ ਇੱਕ ਸਭ ਦਾ ਕਮਾਂਡਰ-ਇਨ-ਚੀਫ਼ ਸੀ।” ਬਤਿਸਤਾ ਨੇ ਕਿਊਬਾ ਦੇ ਲੋਕਾਂ ਅੰਦਰ ਦਹਿਸ਼ਤ ਪਾਉਣ ਲਈ ਝੂਠੀ ਖ਼ਬਰ ਫੈਲਾ ਦਿੱਤੀ ਕਿ ਫ਼ਿਦੇਲ ਤੇ ਉਸਦੇ ਸਾਥੀਆਂ ਨੂੰ ਫ਼ੌਜ ਨੇ ਖਤਮ ਕਰ ਦਿੱਤਾ ਹੈ। ਹੌਲੀ-ਹੌਲੀ ਉਹਨਾਂ ਨੇ ਸਥਾਨਕ ਲੋਕਾਂ ਨਾਲ਼ ਰਾਬਤਾ ਕਾਇਮ ਕਰ ਲਿਆ ਅਤੇ ਸਾਰੀਆਂ ਟੋਲੀਆਂ ਫਿਰ ਇਕੱਠੀਆਂ ਹੋ ਗਈਆਂ। ਪੱਤਰਕਾਰਾਂ ਨਾਲ਼ ਸੰਪਰਕ ਕਰਕੇ ਫ਼ਿਦੇਲ ਨੇ ਕੁਝ ਮੁਲਾਕਾਤਾਂ ਅਖਬਾਰਾਂ ਵਿੱਚ ਛਪਵਾਈਆਂ। ਫਿਰ ਉਹਨਾਂ ਨੇ ਫ਼ੌਜ ਦੀਆਂ ਚੌਕੀਆਂ ਉੱਤੇ ਛੋਟੇ-ਛੋਟੇ ਹਮਲੇ ਕੀਤੇ। ਹੁਣ ਕਿਊਬਾ ਵਿੱਚ ਲੋਕਾਂ ਅੰਦਰ ਇਹ ਗੱਲ ਘੁੰਮ ਚੁੱਕੀ ਸੀ ਕਿ ਇਨਕਲਾਬੀ ਨਾ ਸਿਰਫ਼ ਜ਼ਿੰਦਾ ਹਨ, ਸਗੋਂ ਉਹ ਬਤਿਸਤਾ ਦੀਆਂ ਫੌਜਾਂ ਦਾ ਟਾਕਰਾ ਵੀ ਕਰ ਰਹੇ ਹਨ। ਦਿਨੋਂ-ਦਿਨ ਕਿਊਬਾ ਅੰਦਰ ਫ਼ਿਦੇਲ ਕਾਸਤਰੋ ਦੀ ਹਮਾਇਤ ਵਧਦੀ ਜਾ ਰਹੀ ਸੀ। 1958 ਦੇ ਦੂਸਰੇ ਅੱਧ ਵਿੱਚ ਇਨਕਲਾਬੀ ਚੋਖੀ ਤਾਕਤ ਇਕੱਠੀ ਕਰ ਚੁੱਕੇ ਸਨ, ਉੱਧਰ ਦੂਜੇ ਪਾਸੇ ਬਤਿਸਤਾ ਦਾ ਵਿਰੋਧ ਲਗਾਤਾਰ ਵਧ ਰਿਹਾ ਸੀ। ਇਨਕਲਾਬੀਆਂ ਨੇ ਆਪਣੇ ਇਲਾਕੇ ਵਿੱਚੋਂ ਨਿਕਲ ਕੇ ਬਤਿਸਤਾ ਦਾ ਤਖਤਾਪਲਟ ਕਰਨ ਲਈ ਮੁਹਿੰਮ ਵਿੱਢ ਦਿੱਤੀ। 31 ਦਸੰਬਰ, 1958 ਦੀ ਅੱਧੀ ਰਾਤ ਨੂੰ ਅਮਰੀਕਾ ਦਾ ਪਿੱਠੂ ਫੁਲਜੇਨਿਕੋ ਬਤਿਸਤਾ ਦੇਸ਼ ਛੱਡ ਕੇ ਭੱਜ ਨਿਕਲਿਆ। ਫ਼ਿਦੇਲ ਦੀ ਅਗਵਾਈ ਵਿੱਚ “ਬਾਗੀ” ਰਾਜਧਾਨੀ ਹਵਾਨਾ ਵਿੱਚ ਦਾਖ਼ਲ ਹੁੰਦੇ ਹਨ। ਦੇਸ਼ ਦੀ ਪੂਰੀ ਲੋਕਾਈ ਨੇ ਉਹਨਾਂ ਦਾ ਸੁਆਗਤ ਕੀਤਾ।

ਇਨਕਲਾਬ ਤੋਂ ਬਾਅਦ ਕਿਊਬਾ ਵਿੱਚ ਅਮਰੀਕੀ ਸਰਮਾਏਦਾਰਾਂ ਨੂੰ ਪਛਾੜਨ ਦਾ ਕੰਮ ਸ਼ੁਰੂ ਹੋਇਆ, ਅਤੇ ਦੂਜੇ ਪਾਸੇ ਅਮਰੀਕਾ ਵੱਲੋਂ ਫ਼ਿਦੇਲ ਨੂੰ ਮਾਰਨ, ਕਿਊਬਾ ਵਿੱਚ ਫਿਰ ਤੋਂ ਰਾਜਪਲਟਾ ਕਰਨ ਅਤੇ ਆਪਣੀ ਕੱਠਪੁਤਲੀ ਹਕੂਮਤ ਕਾਇਮ ਕਰਨ ਲਈ ਕੋਸ਼ਿਸ਼ਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਕਿਊਬਾ ਉੱਤੇ ਸਿੱਧੇ ਫੌਜੀ ਹਮਲੇ ਦੀ ਕੋਸ਼ਿਸ਼ ਕੀਤੀ ਗਈ ਪਰ 1961 ਵਿੱਚ ਅਜਿਹੀਆਂ ਕੋਸ਼ਿਸ਼ਾਂ ਨੂੰ ‘ਬੇਅ ਆਫ਼ ਪਿਗਜ਼’ ਹਮਲੇ ਦੌਰਾਨ ਫੈਸਲਾਕੁੰਨ ਹਾਰ ਮਿਲੀ। ਕਿਊਬਾ ਉੱਤੇ ਵਪਾਰਕ ਪਾਬੰਦੀਆਂ ਥੋਪ ਦਿੱਤੀਆਂ ਗਈਆਂ ਜਿਹੜੀਆਂ ਅੱਜ ਤੱਕ ਜਾਰੀ ਹਨ। ਪਰ ਇਸਦੇ ਬਾਵਜੂਦ ਕਿਊਬਾ ਵਿੱਚ ਸਰਮਾਏਦਾਰਾਂ ਦੀ ਖੁੱਲ੍ਹੀ ਲੁੱਟ ਦੀ ਮੁੜ-ਬਹਾਲੀ ਖਿਲਾਫ਼ ਫ਼ਿਦੇਲ ਤੇ ਉਸਦੀ ਪਾਰਟੀ ਡਟੀ ਰਹੀ। ਭਾਵੇਂ ਕਿਊਬਾ ਨੂੰ ਬੇਹੱਦ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਪਰ ਤਾਂ ਵੀ ਉਹਨਾਂ ਦੀ ਦ੍ਰਿੜ੍ਹਤਾ ਕਰਕੇ ਕਿਊਬਾ ਨੇ ਕਈ ਖੇਤਰਾਂ, ਜਿਵੇਂ ਸਿੱਖਿਆ ਤੇ ਸਿਹਤ, ਵਿੱਚ ਲਾਮਿਸਾਲ ਪ੍ਰਾਪਤੀਆਂ ਹਾਸਲ ਕੀਤੀਆਂ। ਇਨਕਲਾਬ ਤੋਂ ਬਾਅਦ ਪੂਰੇ ਕਿਊਬਾ ਨੂੰ ਸਾਖਰ ਕਰਨ ਦਾ ਪ੍ਰੋਗਰਾਮ ਤਿਆਰ ਕੀਤਾ ਗਿਆ ਤੇ 2-3 ਸਾਲਾਂ ਵਿੱਚ ਹੀ ਕਿਊਬਾ ਵਿੱਚੋਂ ਅਨਪੜ੍ਹਤਾ ਮਿਟ ਚੁੱਕੀ ਸੀ। ਕਿਊਬਾ ਵਿੱਚ ਅੱਜ 99.8% ਲੋਕ ਸਾਖਰ ਹਨ, 94% ਲੋਕ ਮੈਟ੍ਰਿਕ ਤੱਕ ਪੜ੍ਹਾਈ ਕਰਦੇ ਹਨ ਜੋ ਕਿ ਆਪਣੇ-ਆਪ ਵਿੱਚ ਲਾਮਿਸਾਲ ਹੈ। ਸਿਹਤ ਦੇ ਖੇਤਰ ਦੀ ਗੱਲ ਕਰੀਏ ਤਾਂ ਡਾਕਟਰ-ਅਬਾਦੀ ਅਨੁਪਾਤ 1:170 ਹੈ, ਪਹਿਲੇ ਇੱਕ ਸਾਲ ਵਿੱਚ ਬੱਚਿਆਂ ਦੀ ਮੌਤ ਦਰ 4.2 ਹੈ ਜੋ ਕਿ ਸੰਸਾਰ ਵਿੱਚ ਸਭ ਤੋਂ ਘੱਟ ਹੈ (ਭਾਰਤ ਦੇ “ਪੜ੍ਹੇ-ਲਿਖਿਆਂ” ਦੇ “ਸੁਫਨਿਆਂ ਦੇ ਖੂਹ” ਅਮਰੀਕਾ ਤੋਂ ਵੀ ਘੱਟ!), ਜਣੇਪੇ ਸਮੇਂ ਮਾਂਵਾਂ ਦੇ ਮਰਨ ਦੀ ਗੱਲ ਕਿਊਬਾ ਵਿੱਚ ਸੋਚਣਾ ਲੱਗਭੱਗ ਅਸੰਭਵ ਹੈ! ਔਸਤ ਉਮਰ 78 ਸਾਲ ਹੈ, ਜਦਕਿ ਕਿਊਬਾ ਦੇ ਬਿਲਕੁਲ ਨਾਲ਼ ਲੱਗਦੇ ਹੈਤੀ ਵਿੱਚ ਇਹ 50 ਸਾਲ ਵੀ ਮੁਸ਼ਕਿਲ ਨਾਲ਼ ਹੈ (ਭਾਵੇਂ ਹੈਤੀ ਵਿੱਚ ਅਮਰੀਕਾ ਵੱਲੋਂ ਸਪਾਂਸਰ ਕੀਤੀ ਹੋਈ ਲੋਕਤਾਂਤਰਿਕ ਸਰਕਾਰ ਹੈ!)। ਕਿਊਬਾ ਆਪਣੀ ਕੁੱਲ ਘਰੇਲੂ ਆਮਦਨ ਦਾ 16% ਸਿਹਤ ਉੱਤੇ ਖਰਚਦਾ ਹੈ, ਭਾਰਤ ਦੀ ਬੇਸ਼ਰਮ ਸਰਕਾਰ ਲਈ ਇਹ ਮਸੀਂ 1% ਹੈ! ਸਾਰੇ ਨਾਗਰਿਕਾਂ ਲਈ ਸਿਹਤ ਸੇਵਾਵਾਂ ਮੁਫ਼ਤ ਹਨ। ਕਿਊਬਾ ਦੇ 30,000 ਡਾਕਟਰ ਅਫਰੀਕਾ, ਲਾਤੀਨੀ ਅਮਰੀਕਾ ਤੇ ਏਸ਼ੀਆ ਦੇ ਗਰੀਬ ਦੇਸ਼ਾਂ ਵਿੱਚ ਸੇਵਾਵਾਂ ਦੇ ਰਹੇ ਹਨ। ਕਿਊਬਾ ਵਿੱਚ ਇਸ ਸਮੇਂ ਗਰੀਬ ਮੁਲਕਾਂ ਦੇ 11,000 ਵਿਦਿਆਰਥੀ ਡਾਕਟਰੀ ਦੀ ਪੜ੍ਹਾਈ ਕਰ ਰਹੇ ਹਨ, ਉਹ ਵੀ ਮੁਫ਼ਤ! ਹੋਰ ਕਿੰਨਾ ਕੁਝ ਲਿਖਿਆ ਜਾ ਸਕਦਾ ਹੈ। ਕਿਊਬਾ ਨੂੰ ਹੈਤੀ ਬਣਾਉਣ ਲਈ ਅਮਰੀਕਾ ਲਗਾਤਾਰ ਯਤਨ ਕਰਦਾ ਰਿਹਾ ਹੈ, ਫ਼ਿਦੇਲ ਕਾਸਤਰੋ ਨੂੰ ਕਤਲ ਕਰਨ ਲਈ 600 ਤੋਂ ਵੱਧ ਕੋਸ਼ਿਸ਼ਾਂ ਹੋਈਆਂ ਪਰ ਉਹ ਆਪਣੇ ਲੋਕਾਂ ਦੇ ਪੱਖ ਵਿੱਚ ਡਟਿਆ ਰਿਹਾ।

ਅਮਰੀਕੀ ਸਾਮਰਾਜ ਖਿਲਾਫ਼ ਦ੍ਰਿੜ੍ਹ ਪੈਂਤੜੇ ਅਤੇ ਕਿਊਬਾ ਵਿੱਚ ਬਹੁਤ ਸਾਰੇ ਸੁਧਾਰਾਂ, ਤੀਜੀ ਦੁਨੀਆਂ ਦੇ ਦੇਸ਼ਾਂ ਦੀ ਪਹਿਲਾਂ ਉਹਨਾਂ ਦੇ ਅਜ਼ਾਦੀ ਸੰਘਰਸ਼ਾਂ ਦੌਰਾਨ ਫੌਜੀ ਮਦਦ ਅਤੇ ਫਿਰ ਹਰ ਸੰਭਵ ਤਕਨੀਕੀ, ਵਿਗਿਆਨਕ ਅਤੇ ਮਨੁੱਖੀ ਮਦਦ ਕਰਨ ਸਦਕਾ ਕਿਊਬਾ ਤੇ ਖੁਦ ਫ਼ਿਦੇਲ ਦੁਨੀਆਂ ਭਰ ਵਿੱਚ ਲੁੱਟ-ਖਸੁੱਟ ਖਿਲਾਫ਼ ਲੜਾਈ ਲੜ ਰਹੇ ਲੋਕਾਂ ਲਈ ਪ੍ਰੇਰਨਾਸ੍ਰੋਤ ਬਣਿਆ ਰਿਹਾ ਤੇ ਰਹੇਗਾ। ਪਰ ਇਸ ਸਭ ਕੁਝ ਦੇ ਬਾਵਜੂਦ ਫ਼ਿਦੇਲ ਕਾਸਤਰੋ ਦੀਆਂ ਵਿਚਾਰਧਾਰਕ ਤੇ ਸਿਆਸੀ ਗੜਬੜੀਆਂ ਕਾਫ਼ੀ ਸਨ। ਸਭ ਤੋਂ ਵੱਡੀ ਗੜਬੜੀ ਇਹ ਰਹੀ ਕਿ ਫ਼ਿਦੇਲ ਦੀ ਅਗਵਾਈ ਹੇਠ ਕਿਊਬਾ ਸੋਵੀਅਤ ਯੂਨੀਅਨ ਦਾ ਇੱਕ ਕਿਸਮ ਦਾ ਅਧੀਨ-ਮੁਲਕ ਅਤੇ ਖਰੁਸ਼ਚੇਵ ਦੇ ਸੋਧਵਾਦੀ “ਸੋਵੀਅਤ-ਸਮਾਜਵਾਦ” ਦਾ ਪ੍ਰਚਾਰਕ ਬਣ ਗਿਆ। 1963 ਵਿੱਚ ਜਦੋਂ ਦੁਨੀਆਂ ਭਰ ਵਿੱਚ ਇਨਕਲਾਬੀ ਪਾਰਟੀਆਂ ਚੀਨ ਦੀ ਕਮਿਊਨਿਸਟ ਪਾਰਟੀ ਦੀ ਅਗਵਾਈ ਹੇਠ ਖਰੁਸ਼ਚੇਵ ਦੇ ਸੋਧਵਾਦ ਖਿਲਾਫ਼ ਲੜ ਰਹੇ ਸਨ, ਤਾਂ ਫ਼ਿਦੇਲ ਨੇ ਖਰੁਸ਼ਚੇਵ ਦਾ ਪੱਖ ਲਿਆ ਜਿਸਨੇ ਫ਼ਿਦੇਲ ਦੇ ਆਮ ਲੋਕਾਂ ਵਿੱਚ ਕੱਦ ਕਰਕੇ ਸੋਧਵਾਦੀਆਂ ਦਾ ਬਹੁਤ ਫਾਇਦਾ ਕੀਤਾ, ਤੇ ਅੱਜ ਤੱਕ ਅਜਿਹਾ ਹੋ ਰਿਹਾ ਹੈ। ਭਾਵੇਂ ਇਸ ਦੇ ਕਾਰਨ ਕੁਝ ਵੀ ਹੋਣ, ਪਰ ਇਹ ਫ਼ਿਦੇਲ ਦੀ ਗੰਭੀਰ ਗੜਬੜ ਸੀ। ਇਸੇ ਗੜਬੜ ਕਾਰਨ ਸੋਵੀਅਤ-ਸੋਧਵਾਦੀਆਂ ਦੀ ਲਾਗ ਕਿਊਬਾ ਨੂੰ ਵੀ ਲੱਗੀ। ਆਪਣੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਫ਼ਿਦੇਲ ਦੀ ਅਗਵਾਈ ਹੇਠਲੀ ਕਿਊਬਾ ਦੀ ਕਮਿਊਨਿਸਟ ਪਾਰਟੀ ਕਿਊਬਾ ਵਿੱਚ ਸਮਾਜਵਾਦ ਉਸਾਰਨ ਦੇ ਪ੍ਰੋਜੈਕਟ ਵੱਲ ਬਹੁਤਾ ਅੱਗੇ ਨਾ ਵਧ ਸਕੀ। ਇਹਨਾਂ ਗੜਬੜੀਆਂ ਦੇ ਬਾਵਜੂਦ ਫ਼ਿਦੇਲ ਦੀ ਲੋਕਾਂ ਨੂੰ ਦੇਣ ਤੋਂ ਕੋਈ ਇਨਕਾਰ ਨਾ ਕੱਲ੍ਹ ਕੀਤਾ ਜਾ ਸਕਦਾ ਸੀ, ਤੇ ਨਾ ਹੀ ਅੱਜ ਕੀਤਾ ਜਾ ਸਕਦਾ ਹੈ। ਸਾਮਰਾਜੀ ਮੀਡੀਆ ਤੇ ਬੁੱਧੀਜੀਵੀ ਫ਼ਿਦੇਲ ਦੇ ਜਿਉਂਦੇ ਵੀ ਉਸ ਉੱਤੇ ਬੇਹੱਦ ਹੋਛੇ ਇਲਜ਼ਾਮ ਲਾਉਂਦੇ ਰਹੇ ਹਨ, ਉਸ ਦੀ ਮੌਤ ਉੱਤੇ ਡਾਲਰਾਂ ਦੇ ਸਿਰ ਉੱਤੇ ਪਲਣ ਵਾਲ਼ੇ ਇਹਨਾਂ ਘ੍ਰਿਣਤ ਕੀੜਿਆਂ ਨੇ ਫਿਰ ਕੁਝ ਲੇਰਾਂ ਮਾਰੀਆਂ ਹਨ। ਫ਼ਿਦੇਲ ਕਿਰਤੀ ਲੋਕਾਂ ਦੇ ਦਿਲ ਵਿੱਚ ਸਦਾ ਵਸਿਆ ਰਹੇਗਾ!

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 20-21, ਸਾਲ 5, 1 ਦਸੰਬਰ ਤੇ 16 ਦਸੰਬਰ 2016 (ਸੰਯੁਕਤ ਅੰਕ)  ਵਿੱਚ ਪ੍ਰਕਾਸ਼ਤ

 

Advertisements