ਟੈਕਸਟਾਈਲ ਮਜ਼ਦੂਰਾਂ ਦੀ ਹੜਤਾਲ ਦੀ ਜਿੱਤ, ਅਹਿਮ ਮੰਗਾਂ ਮੰਨਣ ਲਈ ਮਜ਼ਬੂਰ ਕੀਤਾ

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

14 ਮਈ ਨੂੰ ਸ਼ੁਰੂ ਹੋਈ ਤੇ ਸੱਤ ਦਿਨਾਂ ਤੱਕ ਚੱਲੀ ਆਰ.ਆਰ. ਟੈਕਸਟਾਈਲ (ਰਾਜਕੁਮਾਰ ਰਵਿੰਦਰਕੁਮਾਰ ਟੈਕਸਟਾਈਲ) ਦੇ ਮਜ਼ਦੂਰਾਂ ਦੀ ਹੜਤਾਲ 20 ਮਈ ਨੂੰ ਜਿੱਤ ਹਾਸਲ ਕਰਕੇ ਖਤਮ ਹੋ ਗਈ। ਫੈਕਟਰੀ ਮਾਲਕ ਰਵਿੰਦਰ ਕੁਮਾਰ ਨੇ ਸਹਾਇਕ ਕਿਰਤ ਕਮਿਸ਼ਨਰ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੇ ਆਗੂ ਲਖਵਿੰਦਰ ਅਤੇ ਮਾਲਕਾਂ ਦੀ ਜੱਥੇਬੰਦੀ ਲੁਧਿਆਣਾ ਟੈਕਸਟਾਈਲ ਐਸੋਸਿਏਸ਼ਨ ਦੇ ਪ੍ਰਧਾਨ ਸ਼ਕਤੀ ਜੱਗੀ ਦੀ ਹਾਜ਼ਰੀ ਵਿੱਚ ਮਜ਼ਦੂਰਾਂ ਨਾਲ਼ ਲਿਖਤੀ ਸਮਝੌਤਾ ਕੀਤਾ ਜਿਸ ਵਿੱਚ ਉਸਨੇ ਸਭਨਾਂ ਮਜ਼ਦੂਰਾਂ ਨੂੰ ਕਿਰਤ ਕਨੂੰਨਾਂ ਤਹਿਤ ਈ.ਐਸ.ਆਈ., ਹਾਦਸਿਆਂ ਤੋਂ ਸੁਰੱਖਿਆ ਦੇ ਪ੍ਰਬੰਧ, ਈ.ਪੀ.ਐੱਫ., ਬੋਨਸ, ਛੁੱਟੀਆਂ, ਕਾਰਖਾਨੇ ਵਿੱਚ ਸਾਫ-ਸਫਾਈ, ਪੀਣ ਦੇ ਪਾਣੀ ਦਾ ਢੁੱਕਵਾਂ ਪ੍ਰਬੰਧ ਲਾਗੂ ਕਰਨ ਦੀਆਂ ਮੰਗਾਂ ਮੰਨੀਆਂ ਹਨ। ਇਸਦੇ ਨਾਲ਼ ਹੀ ਲੰਘੀ 18 ਅਪ੍ਰੈਲ ਨੂੰ ਮਾਲਕ ਦੀ ਗਲਤੀ ਕਾਰਨ ਹਾਦਸੇ ਦਾ ਸ਼ਿਕਾਰ ਹੋਏ ਮਜ਼ਦੂਰ ਮੋਹਿਤ ਨੂੰ 25 ਹਜ਼ਾਰ ਰੁਪਏ ਮੁਆਵਜ਼ਾ ਵੀ ਦੇ ਦਿੱਤਾ ਹੈ। ਪਾਵਰਲੂਮ ਮਸ਼ੀਨ ਉੱਤੇ ਡਿਜਾਈਨ ਚੇਨ ਚੜਾਉਂਦੇ ਹੋਏ ਪੌੜੀ ਤੋਂ ਡਿੱਗਣ ਕਾਰਨ ਉਸਦੇ ਪੈਰ ਦੀ ਹੱਡੀ ਟੁੱਟ ਗਈ ਸੀ।

ਅੱਜ ਦੇ ਸਮੇਂ ਵਿੱਚ ਇੱਕ ਛੋਟੇ ਕਾਰਖਾਨੇ ਦੇ ਮਜ਼ਦੂਰਾਂ ਦੀ ਹੜਤਾਲ ਦੀ ਇਸ ਤਰ੍ਹਾਂ ਜਿੱਤ ਹੋਣਾ ਆਪਣੇ-ਆਪ ਵਿੱਚ ਵੱਡੀ ਗੱਲ ਹੈ। ਕੁੱਲ 32 ਮਜ਼ਦੂਰ ਹੜਤਾਲ ‘ਤੇ ਸਨ। ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਦੀ ਇਮਾਨਦਾਰ, ਹਿੰਮਤੀ ਤੇ ਸੂਝਵਾਨ ਅਗਵਾਈ ਹੇਠ ਮਜ਼ਦੂਰਾਂ ਨੇ ਕਾਰਖਾਨਾ ਮਾਲਕ ਖਿਲਾਫ਼ ਤਾਂ ਜ਼ੋਰਦਾਰ ਘੋਲ਼ ਲੜਿਆ ਹੀ, ਇਸਦੇ ਨਾਲ਼ ਹੀ ਇਲਾਕੇ ਵਿੱਚ ਜੋਰਦਾਰ ਪ੍ਰਚਾਰ ਮੁਹਿੰਮ ਵੀ ਚਲਾਈ। ਇੰਡਸਟਰੀਅਲ ਏਰੀਆ-ਏ ਅਜਿਹਾ ਇਲਾਕਾ ਹੈ ਜਿੱਥੇ ਅਨੇਕਾਂ ਵੱਡੇ ਹੌਜ਼ਰੀ, ਟੈਕਸਟਾਈਲ ਤੇ ਹੋਰ ਕਾਰਖਾਨੇ ਸਥਿਤ ਹਨ। ਹੜਤਾਲੀ ਮਜ਼ਦੂਰਾਂ ਨੇ ਪਰਚਿਆਂ, ਨੁੱਕੜ ਸਭਾਵਾਂ, ਪੈਦਲ ਝੰਡਾ ਮਾਰਚਾਂ ਰਾਹੀਂ ਇਲਾਕੇ ਵਿੱਚ ਜ਼ੋਰਦਾਰ ਮੁਹਿੰਮ ਚਲਾਕੇ ਇਲਾਕੇ ਦੇ ਮਜ਼ਦੂਰਾਂ ਨੂੰ ਆਪਣੇ ਘੋਲ਼ ਬਾਰੇ ਦੱਸਿਆ। ਹੋਰਨਾਂ ਕਾਰਖਾਨਿਆਂ ਦੇ ਮਜ਼ਦੂਰਾਂ ਨੂੰ ਵੀ ਇੱਕਮੁੱਠ ਹੋਣ ਦੀ ਅਪੀਲ ਕੀਤੀ। ਉਹਨਾਂ ਦੇ ਘੋਲ਼ ਨੂੰ ਹਮਾਇਤ ਦੇਣ ਦੀ ਅਪੀਲ ਕੀਤੀ। ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਮਜ਼ਦੂਰਾਂ ਲਈ ਇਲਾਕਾਈ ਯੂਨੀਅਨ ਉਸਾਰਨਾ ਅਣਸਰਦੀ ਲੋੜ ਹੈ। ਇਸ ਹੜਤਾਲ ਦੌਰਾਨ ਈ.ਐਸ.ਆਈ.ਸੀ. ਤੇ ਕਿਰਤ ਵਿਭਾਗ ਦੇ ਦਫ਼ਤਰਾਂ ‘ਤੇ ਮੁਜ਼ਾਹਰੇ ਕੀਤੇ ਗਏ। ਇਸ ਮੁਹਿੰਮ ਨੇ ਨਾ ਸਿਰਫ਼ ਸਬੰਧਤ ਕਾਰਖਾਨਾ ਮਾਲਕ, ਕਿਰਤ ਮਹਿਕਮੇ, ਪ੍ਰਸ਼ਾਸਨ ਤੇ ਹੋਰ ਮਾਲਕਾਂ ਉੱਤੇ ਦਬਾਅ ਬਣਾਇਆ (ਜਿਸ ਸਦਕਾ ਹੜਤਾਲੀ ਮਜ਼ਦੂਰਾਂ ਦੀਆਂ ਮੰਗਾਂ ਮੰਨੀਆਂ ਗਈਆਂ ਹਨ) ਸਗੋਂ ਇਲਾਕੇ ਦੇ ਮਜ਼ਦੂਰਾਂ ਨੂੰ ਚੇਤਨ ਕਰਨ ਦਾ ਕੰਮ ਵੀ ਕੀਤਾ ਹੈ।

ਸਨਅਤੀ ਮਜ਼ਦੂਰਾਂ ਦੀ ਇਸ ਜਿੱਤ ਨੇ ਇਹ ਸਾਬਿਤ ਕੀਤਾ ਹੈ ਕਿ ਜੇਕਰ ਹੱਕਾਂ ਦੀ ਪ੍ਰਾਪਤੀ ਦੀ ਤਾਂਘ ਰੱਖਦੇ ਮਜ਼ਦੂਰਾਂ ਕੋਲ਼ ਇੱਕ ਹਿੰਮਤੀ, ਇਮਾਨਦਾਰ ਅਤੇ ਸੂਝਵਾਨ ਲੀਡਰਸ਼ਿਪ ਹੋਵੇ ਤਾਂ ਉਹ ਅੱਜ ਦੇ ਉਦਾਰੀਕਰਨ ਦੇ ਸਮੇਂ ਵਿੱਚ ਵੀ ਆਪਣੀ ਜੁਝਾਰੂ ਇਕਮੁੱਠਤਾ ਦੇ ਦਮ ‘ਤੇ ਅਹਿਮ ਪ੍ਰਾਪਤੀਆਂ ਕਰ ਸਕਦੇ ਹਨ। ਮੌਜੂਦਾ ਸਮੇਂ ਵਿੱਚ ਹਾਲਤ ਇਹ ਹੈ ਕਿ ਬਹੁਤ ਘੱਟ ਕਾਰਖਾਨਿਆਂ ਵਿੱਚ ਮਜ਼ਦੂਰਾਂ ਨੂੰ ਕਿਰਤ ਕਨੂੰਨਾਂ ਤਹਿਤ ਹੱਕ ਮਿਲ਼ਦੇ ਹਨ। ਸਰਕਾਰਾਂ, ਕਿਰਤ, ਈ.ਐਸ.ਆਈ.ਸੀ., ਈ.ਪੀ.ਐਫ., ਪੁਲੀਸ-ਪ੍ਰਸ਼ਾਸਨ ਭਾਵ ਸਾਰੇ ਦਾ ਸਾਰਾ ਸਰਕਾਰੀ ਢਾਂਚਾ ਮਾਲਕਾਂ ਨਾਲ਼ ਖੜਾ ਹੈ ਅਤੇ ਮਜ਼ਦੂਰਾਂ ‘ਤੇ ਜ਼ਬਰ ਢਾਹੁੰਦਾ ਹੈ। ਅਜਿਹੀ ਹਾਲਤ ਵਿੱਚ ਈ.ਐਸ.ਆਈ., ਈ.ਪੀ.ਐਫ., ਸੁਰੱਖਿਆ ਦੇ ਪ੍ਰਬੰਧਾਂ ਲਈ ਮਾਲਕਾਂ ਨੂੰ ਲਿਖਤੀ ਸਮਝੌਤੇ ਲਈ ਮਜ਼ਬੂਰ ਕਰਨਾ ਮਜ਼ਦੂਰਾਂ ਦੇ ਏਕੇ ਦੀ ਅਹਿਮ ਜਿੱਤ ਹੈ। ਲੀਡਰਸ਼ਿਪ ਅਤੇ ਮਜ਼ਦੂਰ ਇਹ ਚੰਗੀ ਤਰਾਂ ਸਮਝਦੇ ਹਨ ਕਿ ਇਸ ਪ੍ਰਾਪਤੀ ਦੀ ਰਾਖੀ ਕਰਨਾ ਇੱਕ ਵੱਡੀ ਚੁਣੌਤੀ ਹੈ ਜਿਸਦਾ ਸਾਹਮਣਾ ਕਰਨ ਲਈ ਉਹ ਤਿਆਰ ਹਨ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 55, 1 ਜੂਨ 2016 ਵਿੱਚ ਪਰ੍ਕਾਸ਼ਤ

Advertisements