ਟੈਕਸਟਾਇਲ ਹੌਜ਼ਰੀ ਕਾਮਗਾਰ ਯੂਨਿਅਨ ਦਾ ਚੌਥਾ ਡੈਲੀਗੇਟ ਇਜਲਾਸ ਕੀਤਾ ਗਿਆ

ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ

ਲੰਘੀ 4 ਅਗਸਤ ਨੂੰ ਲੁਧਿਆਣਾ ਦੇ ਸੱਨਅਤੀ ਮਜ਼ਦੂਰਾਂ ਦੀ ਜਥੇਬੰਦੀ ਟੈਕਸਟਾਇਲ ਹੌਜ਼ਰੀ ਕਾਮਗਾਰ ਯੂਨਿਅਨ ਦਾ ਚੌਥਾ ਡੈਲੀਗੇਟ ਇਜਲਾਸ ਕੀਤਾ ਗਿਆ। ਜਿਸ ਬਾਰੇ ਮਜ਼ਦੂਰ ਬਸਤੀਆਂ ਅਤੇ ਕਾਰਖਾਨਿਆਂ ਵਿੱਚ ਪਰਚੇ ਵੰਡ ਕੇ ਤੇ ਪੋਸਟਰ ਲਗਾ ਕੇ ਪ੍ਰਚਾਰ ਕੀਤਾ ਗਿਆ ਸੀ। ਇਜਲਾਸ ਵਿੱਚ ਵੱਖ-ਵੱਖ ਕਾਰਖਾਨਿਆਂ ਤੋਂ ਚੁਣੇ ਹੋਏ ਡੈਲੀਗੇਟਾਂ ਨੇ ਹਿੱਸਾ ਲਿਆ। ਡੈਲੀਗੇਟਾਂ ਨੇ ਜਥੇਬੰਦੀ ਦੇ ਕੰਮ ਸੁਚਾਰੂ ਢੰਗ ਨਾਲ਼ ਚਲਾਉਣ ਲਈ ਜਮਹੂਰੀ ਤਰੀਕੇ ਨਾਲ਼ ਨਵੀਂ ਆਗੂ ਕਮੇਟੀ ਦੀ ਚੋਣ ਕੀਤੀ। 11 ਮੈਂਬਰੀ ਕਮੇਟੀ ਵਿੱਚ ਰਾਜਵਿੰਦਰ ਨੂੰ ਪ੍ਰਧਾਨ, ਤਾਜ਼-ਮੁਹੰਮਦ ਨੂੰ ਉਪ-ਪ੍ਰਧਾਨ, ਗੁਰਦੀਪ ਨੂੰ ਜਨਰਲ ਸਕੱਤਰ, ਧਰਮੇਸ਼ ਨੂੰ ਸਕੱਤਰ, ਬਲਜੀਤ ਤੇ ਛੋਟੇਲਾਲ ਨੂੰ ਖਜ਼ਾਨਚੀ, ਘਣਸ਼ਿਆਮ ਨੂੰ ਪ੍ਰਚਾਰ ਸਕੱਤਰ, ਧਰਮਿੰਦਰ, ਧਰਮਿੰਦਰ ਪਾਸਵਾਨ, ਰਵਿੰਦਰ ਤੇ ਪ੍ਰਮੋਦ ਨੂੰ ਕਮੇਟੀ ਮੈਂਬਰ ਚੁਣਿਆ ਗਿਆ।

ਰਾਜਵਿੰਦਰ ਵੱਲੋਂ ਸਿਆਸੀ ਤੇ ਜਥੇਬੰਦਕ ਰਿਪੋਰਟ ਪੜ੍ਹੀ ਗਈ। ਉਹਨਾਂ ਕਿਹਾ ਕਿ ਦੁਨੀਆਂ ਭਰ ’ਚ ਛਾਈ ਆਰਥਕ ਮੰਦੀ ਕਾਰਨ ਨਾ ਸਿਰਫ ਭਾਰਤ ਸਗੋਂ ਸਾਰੀ ਦੁਨੀਆਂ ਦੇ ਮਜ਼ਦੂਰਾਂ ਦਾ ਜੀਵਨ ਦੁਸ਼ਵਾਰ ਹੋ ਰਿਹਾ ਹੈ। ਵੱਖ-ਵੱਖ ਦੇਸ਼ਾਂ ਵਿੱਚ ਲੁੱਟ-ਜ਼ਬਰ ਦੇ ਸਤਾਏ ਕਿਰਤੀਆਂ ਦੀਆਂ ਲੋਕ ਲਹਿਰਾਂ ਉੱਠ ਰਹੀਆਂ ਹਨ ਅਤੇ ਲੋਕਾਂ ਦੇ ਸੰਘਰਸ਼ਾਂ ਨੂੰ ਕੁਚਲਣ ਲਈ ਸੱਤ੍ਹਾਧਾਰੀ ਹਾਕਮਾਂ ਨੇ ਆਪਣੇ ਦੰਦ ਹੋਰ ਤਿੱਖੇ ਕਰ ਲਏ ਹਨ। ਕਿਰਤੀ-ਮਜ਼ਦੂਰ ਅਬਾਦੀ ਵਿਰੋਧੀ ਅਨੇਕਾਂ ਕਨੂੰਨ ਪਾਸ ਕੀਤੇ ਜਾ ਰਹੇ ਹਨ। ਭਾਰਤੀ ਹਾਕਮਾਂ ਨੇ ਪਿਛਲੇ ਸਮੇਂ ਦੌਰਾਨ ਜੀ.ਐਸ.ਟੀ ਅਤੇ ਨੋਟ-ਬੰਦੀ ਜਰੀਏ ਨਾ ਸਿਰਫ ਕਿਰਤੀ-ਮਜ਼ਦੂਰ ਅਬਾਦੀ ’ਤੇ ਆਰਥਕ ਹੱਲਾ ਕੀਤਾ ਹੈ ਸਗੋਂ ਲੋਕਾਂ ਦੇ ਹੱਕੀ ਘੋਲਾਂ ਨੂੰ ਦਬਾਉਣ ਦੇ ਮਨਸ਼ੇ ਨਾਲ਼ ਕਈ ਕਾਲ਼ੇ ਕਨੂੰਨ ਵੀ ਬਣਾ ਦਿੱਤੇ ਹਨ। ਭਾਰਤੀ ਸੱਤ੍ਹਾ ਤੇ ਕਾਬਜ ਸੰਘੀ ਫਾਸੀਵਾਦੀ ਮੋਦੀ ਸਰਕਾਰ ਨੇ ਆਮ ਲੋਕਾਂ ਦਾ ਧਿਆਨ ਰੋਟੀ-ਰੁਜ਼ਗਾਰ ਦੇ ਮਸਲਿਆਂ ਤੋਂ ਭੜਕਾ ਕੇ ਧਰਮ-ਜਾਤਾਂ ਤੇ ਇਲਾਕੇ ਦੇ ਅਧਾਰ ’ਤੇ ਲੋਕਾਂ ਅੰਦਰ ਪਾੜ ਪਾਉਣ ਦੀਆਂ ਹੋਸ਼ੀਆਂ ਚਾਲਾਂ ਤੇਜ ਕਰ ਦਿੱਤੀਆਂ ਹਨ। ਪੁਲਵਾਮਾ ਹਮਲੇ ਬਹਾਨੇ ਹਿੰਦ-ਪਾਕ ਯੁੱਧ ਜਹੇ ਮੁੱਦਿਆਂ ਓਹਲੇ ਲੋਕਾਂ ਦੇ ਬਾਕੀ ਸਾਰੇ ਦੁੱਖ-ਦਰਦ ਲਕੋ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਇਹ ਬਹੁਤ ਚਣੌਤੀਪੂਰਨ ਸਮਾਂ ਹੈ ਅਤੇ ਅਜਿਹੇ ਸਮੇਂ ਸਾਡੀ ਜਥੇਬੰਦੀ ਨੂੰ ਹੋਰ ਵਧੇਰੇ ਊਰਜਾ ਅਤੇ ਨਿਸ਼ਠਾ ਨਾਲ਼ ਮਜ਼ਦੂਰਾਂ ਦੀ ਲਾਮਬੰਦੀ ਦਾ ਕੰਮ ਤੇਜ ਕਰਨਾ ਪਵੇਗਾ। ਇਸ ਵੇਲੇ ਉਹਨਾਂ ਪਿਛਲੇ ਸਮੇਂ ਦੌਰਾਨ ਜਥੇਬੰਦੀ ਵੱਲੋਂ ਹੱਥ ਲਏ ਗਏ ਕੰਮਾਂ, ਪ੍ਰਾਪਤੀਆਂ ਤੇ ਕਮੀਆਂ ਦਾ ਭਰਵਾਂ ਵਿਸ਼ਲੇਸ਼ਣ ਕੀਤਾ ਗਿਆ ਅਤੇ ਭਵਿੱਖ ਦੀਆਂ ਚੁਣੌਤੀਆਂ ਅਤੇ ਕੰਮਾਂ ਉੱਤੇ ਨੁਕਤਾਵਾਰ ਗੱਲ ਰੱਖੀ ਗਈ। ਇਸ ਤੋਂ ਬਾਅਦ ਇਜਲਾਸ ਵਿੱਚ ਸ਼ਾਮਿਲ ਡੈਲੀਗੇਟਾਂ ਨੇ ਰਿਪੋਰਟ ’ਤੇ ਭਰਵੀਂ ਵਿਚਾਰ-ਚਰਚਾ ਕੀਤੀ।

ਇਸ ਮੌਕੇ ਭਰਾਤਰੀ ਜਥੇਬੰਦੀਆਂ ਕਾਰਖਾਨਾ ਮਜ਼ਦੂਰ ਯੂਨੀਅਨ ਵੱਲੋਂ ਸਾਥੀ ਕਿ੍ਰਸ਼ਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਸਾਥੀ ਬਿੰਨੀ ਨੇ ਵਧਾਈ ਦਿੱਤੀ। ਇਸ ਸਮੇਂ ਕਿਰਤ ਕਨੂੰਨਾਂ ਵਿੱਚ ਸੋਧਾਂ, ਸਰਕਾਰੀ ਅਦਾਰਿਆਂ ਦਾ ਨਿੱਜੀਕਰਨ, ਯੂ.ਏ.ਪੀ.ਏ. ਵਰਗੇ ਖਤਰਨਾਕ ਕਨੂੰਨ, ਧਾਰਮਿਕ ਘੱਟ-ਗਿਣਤੀਆਂ ’ਤੇ ਹਮਲੇ ਅਤੇ ਕਸ਼ਮੀਰੀ ਲੋਕਾਂ ’ਤੇ ਜ਼ਬਰ ਦੇ ਵਿਰੋਧ ’ਚ ਮਤੇ ਪਾਸ ਕੀਤੇ ਗਏ।

ਸ਼ਾਮ ਨੂੰ ਹੋਈ ਮਜ਼ਦੂਰ ਸਭਾ ਵਿੱਚ ਯੂਨਿਅਨ ਦੀ ਨਵੀਂ ਆਗੂ ਕਮੇਟੀ ਦਾ ਐਲਾਨ ਕੀਤਾ ਗਿਆ। ਇਸ ਸਮੇਂ ਟੈਕਸਟਾਇਲ-ਹੌਜ਼ਰੀ ਕਾਮਗਾਰ ਯੂਨਿਅਨ ਦੇ ਪ੍ਰਧਾਨ ਰਾਜਵਿੰਦਰ ਨੇ ਸਰਕਾਰ ਦੀਆਂ ਮਜ਼ਦੂਰ-ਗਰੀਬ ਵਿਰੋਧੀ ਨੀਤੀਆਂ ਦੀ ਨਿੰਦਿਆ ਕੀਤੀ। ਉਹਨਾਂ ਨੇ ਕਿਰਤ-ਕਨੂੰਨਾਂ ਵਿੱਚ ਸੋਧਾਂ ਵਾਪਿਸ ਕਰਵਾਉਣ ਤੇ ਕਾਰਖਾਨਿਆਂ ਵਿੱਚ ਸਖ਼ਤੀ ਨਾਲ਼ ਕਿਰਤ-ਕਨੂੰਨ ਲਾਗੂ ਕਰਵਾਉਣ ਲਈ ਮਜ਼ਦੂਰ ਜਮਾਤ ਦੀ ਵਿਸ਼ਾਲ ਲਾਮਬੰਦੀ ’ਤੇ ਜ਼ੋਰ ਦਿੱਤਾ। ਸਭਾ ਵਿੱਚ ਇਨਕਲਾਬੀ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ। ਮੰਚ-ਸੰਚਾਲਨ ਬਲਜੀਤ ਕੌਰ ਨੇ ਕੀਤਾ। 

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 8, ਅੰਕ 14, 1 ਸਤੰਬਰ 2019 ਵਿੱਚ ਪਰ੍ਕਾਸ਼ਿਤ