ਟੈਸਟ ਹੀ ਟੈਸਟ : ਪਹਿਲਾਂ ਟੀ.ਈ.ਟੀ ਤੇ ਫਿਰ ਲੈਕਚਰਾਰ ਲੱਗਣ ਲਈ ਟੈਸਟ •ਕੁਲਦੀਪ ਪੱਖੋਵਾਲ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਲਈ ਜਿਨ੍ਹਾਂ ਕੋਲ ਵੱਡੀਆਂ-ਵੱਡੀਆਂ ਡਿਗਰੀਆਂ ਨੇ ਤੇ ਉਹ ਵੀ ਮਹਿੰਗੀਆਂ-ਮਹਿੰਗੀਆਂ, ਸਭ ਲਈ ਟੈਸਟ ਹੀ ਟੈਸਟ ਖੋਲ੍ਹੇ ਹੋਏ ਨੇ ਨੌਕਰੀਆਂ ਲਈ। ਪਰ ਨੌਕਰੀ ਕੋਈ ਨਹੀਂ ਦੇਣੀ, ਜੇ ਤੁਸੀਂ ਕਰਨੀ ਵੀ ਚਾਹੁੰਦੇ ਹੋ ਤਾਂ ਪ੍ਰਾਈਵੇਟ ਕਰੋ 4 ਜਾਂ 5 ਹਜ਼ਾਰ ਵਾਲ਼ੀ, ਸਰਕਾਰੀ ਦੀ ਝਾਕ ਨਾ ਕਰੋ। ਬਸ ਟੈਸਟ ਦੀ ਫੀਸ ਭਰੀ ਚੱਲੋ ਤੇ ਸਾਡੀ ਕਮਾਈ ਕਰਾਈ ਚਲੋ।

ਪੰਜਾਬ ਸਰਕਾਰ ਨੇ ਪਹਿਲਾਂ ਕਿੰਨੀ ਹੀ ਵਾਰ ਟੀ.ਈ.ਟੀ (ਅਧਿਆਪਕ ਯੋਗਤਾ ਟੈਸਟ) ਤੋਂ ਕਰੋੜਾਂ, ਅਰਬਾਂ ਰੁਪਏ ਕਮਾ ਲਏ ਹਨ ਪਰ ਪਾਸ ਸਿਰਫ਼ 2-3% ਹੀ ਕੀਤੇ ਨੇ ਤੇ ਉਨ੍ਹਾਂ ‘ਚੋਂ ਵੀ ਅਜੇ ਤੱਕ ਬਹੁਤਿਆਂ ਨੂੰ ਨੌਕਰੀ ਨਹੀਂ ਮਿਲੀ। ਲੰਘੀ 20 ਫਰਵਰੀ, 2016 ਨੂੰ ਪੰਜਾਬ ਸਰਕਾਰ ਨੇ ਲੈਕਚਰਾਰ ਲੱਗਣ ਲਈ ਟੈਸਟ ਲਿਆ ਸੀ। ਜਿਸਦੀ ਫੀਸ 600 ਰੁਪਏ ਸੀ। ਇਹ ਟੈਸਟ ਲਈ ਮਾਸਟਰ ਡਿਗਰੀ ਤੇ ਬੀ.ਐੱਡ. ਜ਼ਰੂਰੀ ਸੀ। ਇਹ ਟੈਸਟ ਤਕਰੀਬਨ 90 ਹਜ਼ਾਰ ਲੋਕਾਂ ਨੇ ਦਿੱਤਾ ਤੇ ਇਸ ਦੀਆਂ ਕੁੱਲ ਪੋਸਟਾਂ ਕੇਵਲ 400 ਦੇ ਕਰੀਬ ਸਨ। ਮਤਲਬ ਸਾਫ਼ ਸੀ ਕਿ ਸਿਰਫ਼ ਟੈਸਟ ਦੇ ਕੇ ਆਪਣਾ ਫਰਜ਼ ਨਿਭਾਉ ਤੇ ਆਪਣੇ ਘਰ ਨੂੰ ਜਾਓ। ਇਸ ਟੈਸਟ ਦਾ ਨਤੀਜਾ ਵੀ ਆ ਗਿਆ ਹੈ ਤੇ ਇਹ ਕੋਈ ਨਵੀਂ ਗੱਲ ਨਹੀਂ ਕਿ ਨਤੀਜਾ ਫਿਰ 1-2%  ਆਇਆ ਹੈ। ਇਸਦਾ ਮਤਲਬ ਤਾਂ ਸਾਫ਼ ਹੈ ਕਿ ਭਾਈ ਆਪਣਾ ਕੋਈ ਹੋਰ ਕੰਮ ਕਰੋ, ਅਸੀਂ ਸਰਕਾਰੀ ਨੌਕਰੀ ਨਹੀਂ ਦੇ ਸਕਦੇ। ਹੋਰ ਤਾਂ ਹੋਰ ਇਸ ਟੈਸਟ ਦੇ ਦੋ ਪੇਪਰ ਹੋਏ ਸਨ। ਤੇ ਜ਼ਿਆਦਾਤਰ ਉਮੀਦਵਾਰਾਂ ਦਾ ਇੱਕ ਪੇਪਰ ਲੁਧਿਆਣੇ ਤੇ ਦੂਜਾ ਅੰਮ੍ਰਿਤਸਰ ਸੀ। ਮਤਲਬ ਸਾਫ਼ ਸੀ ਕਿ ਪਹਿਲਾਂ ਤਾਂ ਇਸ ਤੋਂ ਹੀ ਤੰਗ ਆ ਕੇ ਬਹੁਤੇ ਲੋਕ ਤਾਂ ਪੇਪਰ ਦੇਣ ਜਾਣਗੇ ਹੀ ਨਹੀਂ ਤੇ ਲੋਕ ਸਾਡੇ ‘ਤੇ ਤਾਂ ਨਹੀਂ ਦੋਸ਼ ਲਗਾਉਣਗੇ, ਜਿਹੜੇ ਗਏ ਵੀ ਉਹਨਾਂ ਦਾ ਲਗਭਗ 2000 ਦੇ ਕਰੀਬ ਖਰਚ ਹੋਇਆ। ਜਿਹੜੇ ਇਹ ਟੈਸਟ ਲੈਂਦੇ ਵੀ ਨੇ ਉਨ੍ਹਾਂ ਦੀ ਕੋਈ ਪੁੱਛ-ਪੜਤਾਲ ਨਹੀਂ ਕਿ ਕਿਹੜਾ ਉੱਤਰ ਠੀਕ ਹੈ ਕਿਹੜਾ ਠੀਕ ਨਹੀਂ ਤੇ ਕਿਵੇਂ ਠੀਕ ਹੈ, ਕਿਵੇਂ ਗ਼ਲਤ। ਬੱਸ ਇਹਨਾਂ ਸਰਕਾਰਾਂ ਦੀ ਮਰਜ਼ੀ ਹੈ ਜੋ ਮਰਜ਼ੀ ਕਰਨ।

ਹਰ ਕਦਮ ‘ਤੇ ਟੈਸਟ ਨੌਜਵਾਨਾਂ ਨਾਲ਼ ਸਰਾਸਰ ਧੱਕਾ ਹੈ। ਕਿਉਂਕਿ ਅਸੀ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਸਕੂਲਾਂ ਕਾਲਜਾਂ ਤੋਂ ਡਿਗਰੀਆਂ ਪ੍ਰਾਪਤ ਕੀਤੀਆਂ ਹਨ ਤਾਂ ਹੁਣ ਫਿਰ ਦੁਬਾਰਾ ਕਿਉਂ ਅਸੀਂ ਟੈਸਟ ਦਈਏ। ਜੇ ਟੈਸਟ ਹੋਣਾ ਹੀ ਹੈ ਤਾਂ ਇਨ੍ਹਾਂ ਡਿਗਰੀਆਂ ‘ਚ ਦਾਖ਼ਲੇ ਤੋਂ ਪਹਿਲਾਂ ਹੋਵੇ, ਬਾਅਦ ‘ਚ ਇਸਦਾ ਕੀ ਮਤਲਬ? ਚਾਹੇ ਟੀ.ਈ.ਟੀ. ਹੋਵੇ ਜਾਂ ਲੈਕਚਰਾਰ ਦਾ ਟੈਸਟ ਜਾਂ ਕੋਈ ਵੀ ਹੋਰ ਟੈਸਟ ਇਹ ਸਭ ਸਰਕਾਰ ਇਸ ਲਈ ਲੈ ਰਹੀ ਹੈ ਕਿਉਂਕਿ ਇਸਦਾ ਕੋਈ ਵਿਰੋਧ ਨਹੀਂ ਹੋ ਰਿਹਾ ਤੇ ਨਾ ਹੀ ਅੱਜ ਤੱਕ ਇਹਨਾਂ ਪੇਪਰਾਂ ਦਾ ਬਾਈਕਾਟ ਹੋਇਆ ਹੈ। ਕਈ ਲੋਕ ਲੜ ਵੀ ਰਹੇ ਹਨ ਜਿਵੇਂ ਟੀ.ਈ.ਟੀ. ਵਗੈਰਾ ਪਰ ਜੇ ਆਪਾਂ ਸਭ ਇਕੱਠੇ ਹੋ ਕੇ ਲੜਾਂਗੇ ਤਾਂ ਹੀ ਸਰਕਾਰਾਂ ਦੇ ਸਿਰ ‘ਤੇ ਜੂੰ ਸਰਕੂ, ਨਹੀਂ ਤਾਂ ਉਹਨਾਂ ਨੂੰ ਪਤਾ ਵੀ ਨੀਂ ਲੱਗਦਾ ਕਿ ਅੱਜ ਕੋਈ ਧਰਨਾ ਵੀ ਸੀ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 51, 1 ਅਪ੍ਰੈਲ 2016