ਤੇਜ਼ੀ ਨਾਲ਼ ਵਧਦੀ ਗ਼ਰੀਬੀ-ਮਹਿੰਗਾਈ ਦੀ ਮਾਰ ਹੇਠ ਰੂਸ ਦੇ ਕਿਰਤੀ ਲੋਕ •ਰਣਬੀਰ

8

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸਮਾਜਵਾਦੀ ਸੋਵੀਅਤ ਰੂਸ ਵਿੱਚ ਲੋਕਾਂ ਨੇ ਅਥਾਹ ਸੁੱਖ-ਸਹੂਲਤਾਂ ਮਾਣੀਆਂ ਸਨ। ਸੰਨ 1917 ਦੇ ਮਜ਼ਦੂਰ ਇਨਕਲਾਬ ਤੋਂ ਬਾਅਦ ਉੱਸਰੇ ਸਮਾਜਵਾਦੀ ਪ੍ਰਬੰਧ ਵਿੱਚ ਅਮੀਰੀ-ਗ਼ਰੀਬੀ ਦਾ ਪਾੜਾ ਲਗਾਤਾਰ ਘਟਦਾ ਗਿਆ ਸੀ। ਲੋਕਾਂ ਨੂੰ ਖ਼ੁਰਾਕ, ਰੁਜ਼ਗਾਰ, ਰਿਹਾਇਸ਼, ਦਵਾ-ਇਲਾਜ, ਸਿੱਖਿਆ, ਅਰਾਮ, ਮਨੋਰੰਜਨ, ਬਿਜਲੀ, ਪਾਣੀ, ਅਵਾਜਾਈ ਆਦਿ ਨਾਲ਼ ਸਬੰਧਤ ਵਡੇਰੇ ਹੱਕ ਹਾਸਲ ਹੋਏ ਸਨ। ਸੰਨ 1956 ਵਿੱਚ ਸੋਵੀਅਤ ਯੂਨੀਅਨ ਵਿੱਚ ਸਰਮਾਏਦਾਰਾ ਮੁੜਬਹਾਲੀ ਹੋਈ। ਸੰਨ 1991 ਤੱਕ ਸਮਾਜਵਾਦ ਦੇ ਬੁਰਕੇ ਹੇਠ ਸਰਮਾਏਦਾਰਾ ਪ੍ਰਬੰਧ ਕਾਇਮ ਰਿਹਾ। ਇਸਤੋਂ ਬਾਅਦ ਇਹ ਬੁਰਕਾ ਵੀ ਲਹਿ ਗਿਆ ਤੇ ਇਸ ਦੇਸ਼ ਵਿੱਚ ਨੰਗੇ-ਚਿੱਟੇ ਰੂਪ ਵਿੱਚ ਸਰਮਾਏਦਾਰਾ ਪ੍ਰਬੰਧ ਸਾਹਮਣੇ ਆ ਗਿਆ। ਸਰਮਾਏਦਾਰਾ ਪ੍ਰਬੰਧ ਅਧੀਨ ਲੋਕਾਂ ਦੀ ਹਾਲਤ ਲਗਾਤਾਰ ਵਿਗੜਦੀ ਗਈ ਹੈ। ਲੋਕਾਂ ਤੋਂ ਵੱਡੇ ਪੱਧਰ ‘ਤੇ ਸਹੂਲਤਾਂ ਖੋਹ ਲਈਆਂ ਗਈਆਂ। ਅੱਜ ਜੋ ਰੂਸ ਵਿੱਚ ਵਾਪਰ ਰਿਹਾ ਹੈ ਉਸਦੀ ਇੱਕ ਝਲਕ ਹੇਠਾਂ ਪਾਠਕਾਂ ਨਾਲ਼ ਸਾਂਝੀ ਕਰ ਰਿਹਾ ਹਾਂ।

ਸਰਮਾਏਦਾਰਾ ਪ੍ਰਬੰਧ ਨਾਲ਼ ਅਟੁੱਟ ਰੂਪ ਵਿੱਚ ਬੱਝੇ ਆਰਥਿਕ ਸੰਕਟ ਕਿਰਤੀ ਲੋਕਾਂ ਦੇ ਸਾਹ ਸੂਤ ਛੱਡਦੇ ਹਨ। ਇਹੋ ਕੁੱਝ ਅੱਜ ਰੂਸ ਵਿੱਚ ਵਾਪਰ ਰਿਹਾ ਹੈ। ਪੂਰੇ ਸੰਸਾਰ ਵਿੱਚ ਕਾਇਮ ਸਰਮਾਏਦਾਰਾ ਪ੍ਰਬੰਧ ਮੌਜੂਦਾ ਸਮੇਂ ਵਿੱਚ ਗੰਭੀਰ ਆਰਥਿਕ ਮੰਦੀ ਨਾਲ਼ ਜੂਝ ਰਿਹਾ ਹੈ। ਰੂਸ ਦਾ ਅਰਥਚਾਰਾ ਵੀ ਗੰਭੀਰ ਮੰਦੀ ਨਾਲ਼ ਗ੍ਰਸਤ ਹੈ। ਸਰਮਾਏਦਾਰਾਂ ਤੇ ਉਹਨਾਂ ਦੀਆਂ ਮੈਨੇਜਿੰਗ ਕਮੇਟੀਆਂ ‘ਸਰਕਾਰਾਂ’ ਵੱਲੋਂ ਆਰਥਿਕ ਮੰਦੀ ਦਾ ਬੋਝ ਮਜ਼ਦੂਰਾਂ-ਕਿਰਤੀਆਂ ‘ਤੇ ਲੱਦਣਾ ਹਰ ਦੇਸ਼ ਵਿੱਚ ਲਾਗੂ ਹੁੰਦਾ ਹੈ। ਰੂਸ ਵਿੱਚ ਵੀ ਇਹੋ ਹੋ ਰਿਹਾ ਹੈ ਜਿਸ ਕਾਰਨ ਲੋਕ ਹੱਦੋਂ ਵੱਧ ਬਦਹਾਲ ਹਨ।

ਸਰਕਾਰੀ ਏਜੰਸੀ ਰੋਸਤਾਤ ਦੀ ਸਤੰਬਰ 2015 ਦੀ ਇੱਕ ਰਿਪੋਰਟ ਮੁਤਾਬਿਕ ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ਦੌਰਾਨ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੀ ਅਬਾਦੀ ਦੀ ਗਿਣਤੀ ਵਧਕੇ 2 ਕਰੋੜ 17  ਲੱਖ ਹੋ ਗਈ ਸੀ। ਪਿਛਲੇ ਸਾਲ ਦੇ ਮੁਕਾਬਲੇ ਇਹ ਗਿਣਤੀ 15 ਫ਼ੀਸਦੀ ਵਧੇਰੇ ਸੀ। ਮਾਸਕੋ ਟਾਈਮਜ਼ ਨਾਂ ਦੇ ਇੱਕ ਰੂਸੀ ਅਖ਼ਬਾਰ ਦਾ ਕਹਿਣਾ ਸੀ ਕਿ ਸਰਕਾਰੀ ਅੰਕੜੇ ਅਧੂਰੇ ਹਨ, ਕਿ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਰੂਸੀ ਲੋਕਾਂ ਦੀ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੈ।

ਲੰਘੀ 6 ਅਪ੍ਰੈਲ ਨੂੰ ਸੰਸਾਰ ਬੈਂਕ ਵੱਲੋਂ ਵੀ ਇੱਕ ਰਿਪੋਰਟ ਜਾਰੀ ਹੋਈ ਹੈ। ਇਹ ਰਿਪੋਰਟ ਵੀ ਰੂਸ ਦੀ ਉਪਰੋਕਤ ਸਰਕਾਰੀ ਰਿਪੋਰਟ ਨਾਲ਼ ਮਿਲਦੀ ਜੁਲਦੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਰੂਸ ਵਿੱਚ 1998-99 ਦੇ ਆਰਥਿਕ ਸੰਕਟ ਤੋਂ ਬਾਅਦ ਗ਼ਰੀਬੀ ਵਧਣ ਦੀ ਦਰ ਇਸ ਸਮੇਂ ਸਭ ਤੋਂ ਤੇਜ਼ ਹੈ। ਸੰਨ 2014 ਵਿੱਚ ਗ਼ਰੀਬੀ ਰੇਖਾ ਤੋਂ ਹੇਠਲੀ ਅਬਾਦੀ ਦੀ  ਗਿਣਤੀ 1 ਕਰੋੜ 61 ਲੱਖ ਸੀ। ਸੰਨ 2015 ਵਿੱਚ ਇਹ ਵਧ ਕੇ 1 ਕਰੋੜ 92 ਲੱਖ ਹੋ ਗਈ। ਜਿਸ ਰਫ਼ਤਾਰ ਨਾਲ਼ ਰੂਸ ਵਿੱਚ ਗ਼ਰੀਬੀ ਵਧ ਰਹੀ ਹੈ ਉਸ ਮੁਤਾਬਿਕ ਸੰਸਾਰ ਬੈਂਕ ਨੇ ਸੰਨ 2016 ਲਈ ਅੰਦਾਜ਼ਾ ਲਾਇਆ ਹੈ ਕਿ ਇਸ ਸਾਲ ਦੇ ਅੰਤ ਤੱਕ 2 ਕਰੋੜ 3 ਲੱਖ ਰੂਸੀ ਲੋਕ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹੋਣਗੇ। ਇਹ ਗਿਣਤੀ ਰੂਸ ਦੀ ਲਗਭਗ 14 ਫ਼ੀਸਦੀ ਬਣਦੀ ਹੈ।

ਰੂਸ ਦੀ ਸਰਕਾਰੀ ਏਜੰਸੀ ਰੋਸਤਾਤ ਮੁਤਾਬਿਕ ਪਿਛਲੇ ਇੱਕ ਸਾਲ ਦੌਰਾਨ ਲੋਕਾਂ ਦੀ ਅਸਲ ਆਮਦਨ 4 ਫ਼ੀਸਦੀ ਡਿੱਗ ਗਈ ਹੈ। ਰੂਸੀ ਵਿੱਤ ਵਿਭਾਗ ਮੁਤਾਬਿਕ ਇਸ ਦੇਸ਼ ਵਿੱਚ ਖੁਦਰਾ ਵਪਾਰ ਸਾਲ 2014 ਦੇ ਮੁਕਾਬਲੇ ਸਾਲ 2015 ਵਿੱਚ 10 ਫ਼ੀਸਦੀ ਹੇਠਾਂ ਆ ਗਿਆ ਹੈ। ਇਹ ਹੁਣ 1970 ਦੇ ਪੱਧਰ ਤੋਂ ਵੀ ਹੇਠਾਂ ਆ ਗਿਆ ਹੈ। ਲੋਕ ਖ਼ੁਰਾਕੀ ਚੀਜ਼ਾਂ ‘ਤੇ ਵੀ ਹੁਣ ਪਹਿਲਾਂ ਨਾਲ਼ੋਂ ਕਾਫ਼ੀ ਘੱਟ ਖਰਚ ਕਰ ਰਹੇ ਹਨ। ਅਜਿਹਾ ਤਾਂ ਰੂਸ ਵਿੱਚ 1998-99 ਦੇ ਆਰਥਿਕ ਸੰਕਟ ਦੌਰਾਨ ਵੀ ਵੇਖਣ ਵਿੱਚ ਨਹੀਂ ਆਇਆ ਸੀ। ਰੂਸ ਵਿੱਚ ਮਹਿੰਗਾਈ ਤੇਜ਼ੀ ਨਾਲ਼ ਵਧ ਰਹੀ ਹੈ। ਖਪਤਕਾਰੀ ਕੀਮਤਾਂ 2015 ਵਿੱਚ ਪਿਛਲੇ ਸਾਲ ਦੇ ਮੁਕਾਬਲੇ 15 ਫ਼ੀਸਦੀ ਤੋਂ ਵੀ ਵਧੇਰੇ ਵਧੀਆਂ ਹਨ।

ਲਵਾਡਾ ਸੈਂਟਰ ਨਾਂ ਦੀ ਇੱਕ ਗ਼ੈਰ-ਸਰਕਾਰੀ ਸੰਸਥਾ ਵੱਲੋਂ ਕਰਵਾਏ ਗਏ ਸਰਵੇਖਣ ਦੇ ਅਧਾਰ ‘ਤੇ ਸਤੰਬਰ 2015 ਵਿੱਚ ਜਾਰੀ ਹੋਈ ਰਿਪੋਰਟ ਮੁਤਾਬਿਕ ਰੂਸ ਦੀ 80 ਫ਼ੀਸਦੀ ਅਬਾਦੀ ਵਧ ਰਹੀਆਂ ਕੀਮਤਾਂ ਤੋਂ ਬੇਹੱਦ ਦੁਖੀ ਹੈ ਅਤੇ ਲਗਭਗ 40 ਫ਼ੀਸਦੀ ਲੋਕ ਬੇਰੁਜ਼ਗਾਰੀ ਕਰਕੇ ਪ੍ਰੇਸ਼ਾਨ ਹਨ।

ਇੱਕ ਪਾਸੇ ਤਾਂ ਆਮ ਰੂਸੀ ਕਿਰਤੀ ਲੋਕ ਦਿਨ-ਬ-ਦਿਨ ਵਧੇਰੇ ਤੋਂ ਵਧੇਰੇ ਬਦਹਾਲੀ ਦੇ ਟੋਏ ਵਿੱਚ ਧੱਕੇ ਜਾ ਰਹੇ ਹਨ ਦੂਜੇ ਪਾਸੇ ਮੁੱਠੀ ਭਰ ਸਰਮਾਏਦਾਰਾਂ ਕੋਲ਼ ਦੌਲਤ ਲਗਾਤਾਰ ਵਧਦੀ ਜਾ ਰਹੀ ਹੈ। ਸੰਨ 2000 ਵਿੱਚ ਰੂਸ ਦੀ ਉੱਪਰਲੀ ਸਭ ਤੋਂ ਅਮੀਰ ਧਨਾਢ ਅਬਾਦੀ ਇਸ ਦੇਸ਼ ਦੀ ਲਗਭਗ 77 ਫ਼ੀਸਦੀ ਦੌਲਤ ਦੀ ਮਾਲਕ ਸੀ। ਇਸ ਅਬਾਦੀ ਦਾ ਇਹ ਹਿੱਸਾ ਸੰਨ 2014 ਤੱਕ ਵਧਕੇ ਲਗਭਗ 85 ਫ਼ੀਸਦੀ ਹੋ ਚੁੱਕਾ ਸੀ। ਇਸ ਤੋਂ ਬਾਅਦ ਵੀ ਰੂਸ ਵਿੱਚ ਅਮੀਰੀ-ਗ਼ਰੀਬੀ ਦਾ ਪਾੜਾ ਲਗਾਤਾਰ ਵਧਦਾ ਗਿਆ ਹੈ।

ਅਮੀਰੀ-ਗ਼ਰੀਬੀ ਦਾ ਪਾੜਾ, ਮਹਿੰਗਾਈ, ਬੇਰੁਜ਼ਗਾਰੀ ਵਧਣ ਕਾਰਨ ਰੂਸ ਵਿੱਚ ਲੋਕਾਂ ਵੱਲੋਂ ਇਕਮੁੱਠ ਵਿਰੋਧ ਵੀ ਵਧਦਾ ਗਿਆ ਹੈ। ਹੜਤਾਲਾਂ, ਮੁਜ਼ਾਹਰਿਆਂ ਵਿੱਚ ਜਿੱਥੇ ਲੋਕਾਂ ਦੀ ਗਿਣਤੀ ਵਧੀ ਹੈ ਉੱਥੇ ਤਾਲਮੇਲਵੀਆਂ ਸਰਗਰਮੀਆਂ ਵੱਡੇ ਖੇਤਰਾਂ ਵਿੱਚ ਫੈਲੀਆਂ ਹਨ। ਮਾਸਕੋ ਜਿਹੇ ਵੱਡੇ ਸ਼ਹਿਰਾਂ ਦੇ ਨਾਲ਼-ਨਾਲ਼ ਛੋਟੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਲੋਕਾਂ ਦੇ ਘੋਲ਼ ਉੱਠ ਰਹੇ ਹਨ। ਸਰਮਾਏਦਾਰਾ ਪ੍ਰਬੰਧ ਤੋਂ ਰੂਸ ਦੇ ਆਮ ਲੋਕ ਅੱਕ ਚੁੱਕੇ ਹਨ ਤੇ ਉਹ ਇਸਦਾ ਖ਼ਾਤਮਾ ਚਾਹੁੰਦੇ ਹਨ। ਅੱਧੇ ਤੋਂ ਵੀ ਵਧੇਰੇ ਰੂਸੀ ਲੋਕ ਖੁੱਲ੍ਹ ਕੇ ਕਹਿ ਰਹੇ ਹਨ ਕਿ ਉਹ ਸਮਾਜਵਾਦੀ ਅਰਥਚਾਰੇ ਦੀ ਮੁੜਬਹਾਲੀ ਚਾਹੁੰਦੇ ਹਨ। ਮਹਾਨ ਲੈਨਿਨ-ਸਤਾਲਿਨ ਦੇ ਇਸ ਦੇਸ਼ ਦੇ ਲੋਕਾਂ ਦਾ ਸੁਫ਼ਨਾ ਕਦ ਪੂਰਾ ਹੁੰਦਾ ਹੈ ਇਹ ਤਾਂ ਆਉਣ ਵਾਲ਼ਾ ਸਮਾਂ ਹੀ ਦੱਸੇਗਾ, ਪਰ ਇਸਤੋਂ ਬਿਨਾਂ ਰੂਸੀ ਲੋਕਾਂ ਦੀ ਬਿਹਤਰੀ ਸੰਭਵ ਨਹੀਂ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 53, 1 ਮਈ 2016 ਵਿੱਚ ਪਰ੍ਕਾਸ਼ਤ

Advertisements