ਤੇਜੀ ਨਾਲ਼ ਫੈਲ ਰਹੀ ਕੁਪੋਸ਼ਣ ਦੀ ਸਮੱਸਿਆ •ਸਿਕੰਦਰ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਹੈਰਾਨੀ ਦੀ ਗੱਲ ਹੈ ਕਿ ਅਸੀਂ 21ਵੀ ਸਦੀ ਵਿੱਚ (ਜਿੱਥੇ ਤਕਨੀਕ ਨੇ ਕਈ ਵੱਡੇ ਮੀਲ ਪੱਥਰ ਤੈਅ ਕਰ ਲਏ ਹਨ ਤੇ ਪੈਦਾਵਾਰ ਲੋੜਾਂ ਤੋਂ ਵੱਧ ਹੈ) ਕੁਪੋਸ਼ਣ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ। ਇਹ ਸਮੱਸਿਆ ਭਾਰਤ ਵਿੱਚ ਤਾ ਵਧ ਹੀ ਰਹੀ ਹੈ ਪਰ ਪੰਜਾਬ ਵਿੱਚ ਤਾਂ ਹੋਰ ਵੀ ਤੇਜ਼ੀ ਨਾਲ਼ ਮਾਸੂਮਾਂ ਨੂੰ ਆਪਣੇ ਕਲਾਵੇ ਵਿੱਚ ਲੈ ਰਹੀ ਹੈ।

ਕੌਮੀ ਪਰਿਵਾਰਕ ਸਿਹਤ ਸਰਵੇ (2015-16) ਦੀ ਹਾਲ ਹੀ ਵਿੱਚ ਜਾਰੀ ਹੋਈ ਰਿਪੋਰਟ ਅਨੁਸਾਰ ਕੁਪੋਸ਼ਣ ਕਾਰਨ ਭਾਰਤ ਵਿੱਚ 21 ਫ਼ੀਸਦੀ ਬੱਚਿਆਂ ਦਾ ਆਪਣੇ ਕੱਦ ਦੇ ਮੁਤਾਬਕ ਭਾਰ ਘੱਟ ਪਾਇਆ ਗਿਆ ਹੈ। 2005-06 ‘ਚ ਇਹ ਅੰਕੜਾ 19.8 ਫ਼ੀਸਦੀ ਸੀ ਤੇ ਇੱਕ ਦਹਾਕੇ ਵਿੱਚ ਹੀ 1 ਫ਼ੀਸਦੀ ਤੋਂ ਵੀ ਉੱਪਰ ਵਧਿਆ ਹੈ। ਹਰੇਕ 5 ਬੱਚਿਆਂ ਵਿੱਚਂੋ 1 ਕੁਪੋਸ਼ਣ ਦੀ ਮਾਰ ਹੇਠ ਹੈ। ਪਰ ਪੰਜਾਬ ਵਿੱਚ ਹਾਲਤ ਇਸ ਤੋਂ ਵੀ ਬਦਤਰ ਹੋ ਰਹੀ ਹੈ। ਇੱਥੇ ਕੁਪੋਸ਼ਣ ਦੀ ਦਰ 2005-06 ‘ਚ 9.2 ਫ਼ੀਸਦੀ ਤੋਂ ਵਧ ਕੇ 2015-16 ਵਿੱਚ 15.6 ਫ਼ੀਸਦੀ ‘ਤੇ ਪਹੁੰਚ ਚੁੱਕੀ ਹੈ ਭਾਵ ਕਿ ਦਹਾਕੇ ਵਿੱਚ ਹੀ 6 ਫ਼ੀਸਦੀ ਵਧ ਚੁੱਕੀ ਹੈ। ਇਹ ਅੰਕੜੇ ਸਿਰਫ਼ ਇੱਥੋਂ ਦੀਆ ਸਰਕਾਰਾਂ ਦੀ ਪੋਲ ਨਹੀਂ ਖੋਲਦੇ ਸਗੋਂ ਇਸ ਸਮੁੱਚੇ ਸਰਮਾਏਦਾਰਾ ਢਾਂਚੇ ਦਾ ਲੋਕ ਵਿਰੋਧੀ ਕਿਰਦਾਰ ਪੇਸ਼ ਕਰਦੇ ਹਨ। ਇਹ ਉਹਨਾਂ ਸਿਆਸਤਦਾਨਾਂ, ਬੁੱਧੀਜੀਵੀਆਂ ਦੇ ਮੂੰਹ ‘ਤੇ ਵੀ ਚਪੇੜ ਹੈ ਜੋ ਪੰਜਾਬ ਨੂੰ ਸੋਨੇ ਦੀ ਚਿੜੀ ਅਤੇ ਸਭ ਤੋਂ ਖੁਸ਼ਹਾਲ ਸੂਬੇ ਦਾ ਤਗਮਾ ਦਿੰਦੇ ਨਹੀਂ ਥੱਕਦੇ ।

ਪੰਜਾਬ ਸਰਕਾਰ ਨੇ ਇਸ ਸਮੱਸਿਆ ਦੇ ਹੱਲ ਲਈ ਜਣੇਪੇ ਤੋਂ ਬਾਅਦ ਗਰਭਵਤੀ ਮਹਿਲਾਵਾਂ ਨੂੰ ਤਿੰਨ ਦਿਨ ਤੱਕ ਮੁਫ਼ਤ ਭੋਜਨ ਮੁਹਈਆ ਕਰਵਾਉਣ ਲਈ ਸਕੀਮ ਚਲਾਈ ਸੀ। ਉਂਝ ਤਾਂ ਕੀ ਕਿਸੇ ਨੂੰ ਸਿਰਫ਼ ਤਿੰਨ ਦਿਨ ਵਧੀਆ ਖਾਣਾ ਦੇ ਕਿ ਉਸ ਦੇ ਬੱਚਿਆਂ ਨੂੰ ਕੁਪੋਸ਼ਣ ਤੋਂ ਨਹੀਂ ਬਚਾਇਆ ਜਾ ਸਕਦਾ? ਪਰ ਸਰਕਾਰ ਨੇ ਇਸ ਸਮੱਸਿਆ ਪ੍ਰਤੀ ਹੋਰ ਸੰਜ਼ੀਦਗੀ ਤਾਂ ਕੀ ਦਿਖਾਉਣੀ ਸੀ ਇਹ ਸਕੀਮ ਵੀ ਆਰਥਿਕ ਸੰਕਟ ਦਾ ਸ਼ਿਕਾਰ ਹੋ ਗਈ (ਇਸ ਸਮੇਂ ਸਰਮਾਏਦਾਰਾਂ ਨੂੰ ਜਾਂਦੀਆਂ ਰਿਆਇਤਾਂ ਹੀ ਇਸ ਸੰਕਟ ਤੋਂ ਬਚੀਆਂ ਹਨ)।

ਅਸਲ ਵਿੱਚ ਇਸ ਸਮੱਸਿਆ ਦੀਆਂ ਜੜਾਂ ਇਸ ਸਰਮਾਏਦਾਰਾ ਢਾਂਚੇ ਅੰਦਰ ਸਮੋਈਆਂ ਹਨ। ਪੂਰੇ ਸੰਸਾਰ ਵਿੱਚ 56 ਲੱਖ ਬੱਚੇ ਕੁਪੋਸ਼ਣ ਕਰਕੇ ਮਰਦੇ ਹਨ ਅਤੇ  14.6 ਕਰੋੜ ਬੱਚਿਆਂ ਦਾ ਭਾਰ ਆਪਣੇ ਕੱਦ ਮੁਤਾਬਕ ਘੱਟ ਹੈ । ਭਾਰਤ ਵਿੱਚ ਤਾਂ 70 ਫ਼ੀਸਦੀ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਇਹ ਸਮੱਸਿਆ ਵੀ ਗਰੀਬੀ ਨਾਲ਼ ਹੀ ਜੁੜੀ ਹੋਈ ਹੈ। ਇਹ ਢਾਂਚਾ ਇਸ ਸਮੱਸਿਆ ਲਈ ਓਨੀ ਹੀ ਰਾਹਤ ਦੇ ਸਕਦਾ ਹੈ ਜਿੰਨਾਂ ਊਂਠ ਦੇ ਮੂੰਹ ‘ਚ ਜੀਰਾ ਦੇ ਕੇ ਉਸਨੂੰ ਰਜਾਇਆ ਜਾ ਸਕਦਾ ਹੈ। ਆਕਸਫੈਮ ਦੀ ਰਿਪੋਰਟ ਮੁਤਾਬਕ ਸੰਸਾਰ ਦੇ ਸਭ ਤੋਂ ਅਮੀਰ 57 ਵਿਅਕਤੀਆਂ ਕੋਲ ਬਾਕੀ 70 ਫ਼ੀਸਦੀ ਅਬਾਦੀ ਦੇ ਬਰਾਬਰ ਦੌਲਤ ਹੈ। ਇਹਨਾਂ ਦੀ ਦੌਲਤ ਦੇ ਮੀਨਾਰਾਂ ਹੇਠ ਇਹ ਹਨੇਰਾ ਲਗਾਤਾਰ ਪਸਰ ਰਿਹਾ ਹੈ ਤੇ ਹੋਰ ਸੰਘਣਾ ਹੁੰਦਾ ਜਾ ਰਿਹਾ ਹੈ। ਅਜਿਹੇ ਵਿੱਚ ਜਿੱਥੇ ਲਗਾਤਾਰ ਅਮੀਰੀ ਗਰੀਬੀ ਦਾ ਪਾੜਾ ਵਧ ਰਿਹਾ ਹੈ ਤਾਂ ਗਰੀਬ ਆਦਮੀ ਕੁਪੋਸ਼ਣ ਤੋਂ ਕਿਸ ਤਰਾਂ ਬਚ ਸਕਦਾ ਹੈ? ਇੱਕ ਅਜਿਹੇ ਪ੍ਰਬੰਧ ਵਿੱਚ ਜਿੱਥੇ ਪੈਦਾਵਾਰ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਹੋਵੇਗੀ ਨਾ ਕਿ ਮੁਨਾਫ਼ੇ ਨੂੰ ਉੱਥੇ ਹੀ ਗਰੀਬ ਮਾਸੂਮ ਬੱਚੇ ਤੰਦਰੁਸਤ ਸਿਹਤ ਦੇ ਮਾਲਕ ਬਣ ਸਕਦੇ ਹਨ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਸਾਲ 6, ਅੰਕ 3, 16 ਤੋਂ 31 ਮਾਰਚ, 2017 ਵਿੱਚ ਪ੍ਰਕਾਸ਼ਤ

 

Advertisements