ਤੈਅਸ਼ੁਦਾ ਵਿਆਹ ਔਰਤਾ ਦੀ ਗੁਲਾਮੀ ਦਾ ਹੀ ਇੱਕ ਸੰਦ ਹੈ •ਬਿੰਨੀ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਜਦੋਂ ਅਸੀਂ ਔਰਤ ਸ਼ਬਦ ਨੂੰ ਯਾਦ ਕਰਦੇ ਹਾਂ ਤਾਂ ਨਿਸ਼ਚਿਤ ਹੀ ਪਰਿਵਾਰ, ਜੁੰਮੇਵਾਰੀ, ਇੱਜਤ, ਵਿਆਹ, ਰੀਤੀ ਰਿਵਾਜ , ਵਾਰਸ, ਸੰਸਕਾਰ ਆਦਿ ਇਹ ਸੱਭ ਉਸ ਨਾਲ਼ ਜੋੜ ਦਿੱਤਾ ਜਾਂਦਾ ਹੈ। ਯਾਨੀ ਕਿ ਪਿੱਤਰਸੱਤਾ ਦਾ ਭਾਰ ਔਰਤ ਸ਼ਬਦ ਨਾਲ਼ ਹੀ ਢੋਹ ਦਿੱਤਾ ਜਾਂਦਾ ਹੈ। ਜਿਸ ਦੀ ਬਿਨਾਂ ਸ਼ਰਤ ਪਾਲਣਾ ਕਰਨੀ ਉਸ ਦਾ ਉਦੇਸ਼ ਬਣਾ ਦਿੱਤਾ ਜਾਂਦਾ ਹੈ। ਤੈਅਸ਼ੁਦਾ ਵਿਆਹ ਵੀ ਇਸੇ ਪਿੱਤਰਸੱਤਾ ਨੂੰ ਬਣਾਏ ਰੱਖਣ ਦਾ ਇੱਕ ਢੰਗ ਹੈ। ਇਹ ਵਿਆਹ ਔਰਤਾਂ ਨੂੰ ਪੂਰਨ ਤੌਰ ‘ਤੇ ਗੁਲਾਮ ਬਣਾਈ ਰੱਖਣ ਵਾਲ਼ਾ ਰਵਾਇਤੀ ਢਾਂਚਾ ਹੈ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤ ਮਨੁੱਖੀ ਵਿਕਾਸ ਸਰਵੇ ਦੀ ਇੱਕ ਰਿਪੋਰਟ ਮੁਤਾਬਕ ਜਿਸਨੇ ਕਿ ਮੇਰੀਲੈਂਡ ਯੁਨੀਵਰਸਿਟੀ ਤੇ ਨੈਸ਼ਨਲ ਕਾਉਂਸਿਲ ਫਾਰ ਅਪਲਾਈਡ ਇਕਨਾਮਿਕ ਰਿਸਰਚ ਦੁਆਰਾ 2004-2005 ਤੇ 2011-2012 ‘ਚ ਇੱਕ ਸਰਵੇਖਣ ਕੀਤਾ ਹੈ ਜਿਸ ‘ਚ ਦੱਸਿਆ ਗਿਆ ਹੈ ਕਿ ਭਾਰਤ ‘ਚ ਸਿਰਫ 5 ਫੀਸਦੀ ਔਰਤਾਂ ਹੀ ਆਪਣਾ ਵਿਆਹ ਆਪਣੀ ਮਰਜ਼ੀ ਨਾਲ਼ ਕਰਵਾਉਂਦੀਆਂ ਹਨ। ਇਸ ਦਾ ਮਤਲਬ ਇਹ ਹੋਇਆ ਕਿ 95 ਫੀਸਦੀ ਔਰਤਾਂ ਅੱਜ ਵੀ ਗੁਲਾਮੀ ਦੀ ਜ਼ਿੰਦਗੀ ਹੀ ਜੀ ਰਹੀਆਂ ਹਨ।

ਤੱਥਾਂ ਤੋਂ ਦੇਖਿਆ ਜਾਵੇ ਤਾਂ ਭਾਰਤ ‘ਚ ਤੈਅਸ਼ੁਦਾ ਵਿਆਹ ਨੂੰ ਵੱਡੇ ਪੱਧਰ ਤੇ ਮਾਨਤਾ ਦਿੱਤੀ ਜਾ ਰਹੀ ਹੈ। ਸੰਖੇਪ ‘ਚ ਗੱਲ ਕਰੀਏ ਤਾਂ ਤੈਅਸ਼ੁਦਾ ਵਿਆਹ ਦਾ ਔਰਤਾਂ ‘ਤੇ ਇਹ ਭਾਰ ਇਤਿਹਾਸ ਨੇ ਨਿੱਜੀ ਜਾਇਦਾਦ ਦੇ ਹੋਂਦ ਵਿੱਚ ਆਉਣ ਨਾਲ਼ ਪਾਇਆ ਕਿਉਂਕਿ ਇਤਿਹਾਸ ‘ਚ ਜਾਇਦਾਦ ਦੀ ਮਾਲਕੀ ਮਰਦਾਂ ਦੇ ਹਿੱਸੇ ਆਈ ਸੀ ਤੇ ਉਸ ਨੂੰ ਜਾਇਦਾਦ ਲਈ ਜਾਇਜ ਵਾਰਸ ਚਾਹੀਦਾ ਹੁੰਦਾ ਸੀ ਜਿਸ ਲਈ ਜਰੂਰੀ ਸੀ ਕਿ ਉਸ ਦੀ ਔਰਤ ਵਫਾਦਾਰ ਰਹੇ ਤੇ ਔਰਤ ਦੇ ਵਫਾਦਾਰ ਰਹਿਣ ਲਈ ਮਰਦ ਨੂੰ ਔਰਤ ਨੂੰ ਗੁਲਾਮ ਬਣਾਏ ਰੱਖਣਾ ਜਰੂਰੀ ਸੀ ਤਾਂ ਕਿ ਉਹ ਜਾਇਜ ਵਾਰਸ ਦੇ ਸਕੇ। ਭਾਰਤ ਵਰਗੇ ਪਛੜੇ ਹੋਏ ਦੇਸ਼ਾਂ ‘ਚ ਇਹ ਜਗੀਰੂ ਕਦਰਾਂ ਕੀਮਤਾਂ ਦੀ ਅਜੇ ਵੀ ਸਖ਼ਤੀ ਨਾਲ਼ ਪਾਲਣਾ ਕੀਤੀ ਜਾਂਦੀ ਹੈ। ਇੱਥੇ ਵਿਆਹ ਅੱਜ ਵੀ ਤੈਅਸ਼ੁਦਾ ਸਮਝੋਤਾ ਹੁੰਦਾ ਹੈ। ਵਿਆਹ ਨੂੰ ਔਰਤ ਦੀ ਹੋਣੀ ਦੱਸਿਆ ਜਾਂਦਾ ਹੈ। ਖਾਸ ਕਰਕੇ ਜਵਾਨ ਆਦਮੀ ਦੇ ਮੁਕਾਬਲੇ ਜਵਾਨ ਔਰਤ ਨੂੰ ਉਹਦੀ ਲੰਘਦੀ ਉਮਰ ਦਾ ਖਿਆਲ ਰੱਖਣਾ ਪੈਂਦਾ ਹੈ ਤੇ ਜਵਾਨੀ ਢਲਣ ਤੋਂ ਪਹਿਲਾਂ ਹੀ ਉਸਨੂੰ ਕਿਸੇ ਮਰਦ ਦਾ ਗੁਲਾਮ ਬਣਾ ਦਿੱਤਾ ਜਾਂਦਾ ਹੈ। ਅੋਰਤ ਦਾ ਵਿਆਹ ਸਮਾਜ ਲਈ ਇੱਕ ਲਾਜ਼ਮੀ ਸ਼ਰਤ ਹੈ। ਵਿਆਹ ਤੋਂ ਬਾਅਦ ਅੋਰਤ ਦਾ ਧਰਮ, ਜਾਤ ਜਾਂ ਕਿਹਾ ਜਾਵੇ ਸੱਭ ਕੁੱਝ ਆਦਮੀ ਦਾ ਹੋ ਜਾਂਦਾ ਹੈ। ਉਹਦਾ ਅਤੀਤ ਉਹਨੂੰ ਭੁੱਲਣਾ ਪੈਂਦਾ ਹੈ। ਉਹਦੇ ਸਾਰੇ ਫੈਸਲੇ ਹੱਕ ਹੁਣ ਉਸਦਾ ਤੈਅਸ਼ੁਦਾ ਵਿਆਹ ਹੀ ਤੈਅ ਕਰਦਾ ਹੈ। ਭਾਰਤ ਮਨੁੱਖੀ ਵਿਕਾਸ ਸਰਵੇ ਦੀ ਰਿਪੋਰਟ ਮੁਤਾਬਕ ਭਾਰਤ ‘ਚ 80% ਔਰਤਾਂ ਨੂੰ ਅਪਣੇ ਦਵਾ ਇਲਾਜ ਲਈ ਆਪਣੇ ਘਰਵਾਲੇ ਜਾਂ ਘਰ ਦੇ ਕਿਸੇ ਵੱਡੇ ਤੋਂ ਇਜਾਜਤ ਲੈਣੀ ਪੈਂਦੀ ਹੈ ਤੇ ਇਸੇ ਵਿਆਹ ਦੀ ਤਿਆਰੀ ਲਈ ਕੁੜੀਆਂ ਨੂੰ ਬਚਪਨ ਤੋਂ ਹੀ ਸਿੱਖਿਅਤ ਕੀਤਾ ਜਾਂਦਾ ਹੈ। ਉਹਦੇ ਬੋਲਣ-ਚਾਲਣ, ਖਾਣ-ਪੀਣ, ਪਹਿਨਣ ਸਬੰਧੀ, ਪੜਨ-ਲਿਖਣ ਸੱਭ ਕੁਝ ਇੱਕ ਵਿਆਹ ਦੀ ਤਿਆਰੀ ਨੂੰ ਧਿਆਨ ‘ਚ ਰੱਖ ਕੇ ਹੀ ਕੀਤਾ ਜਾਂਦਾ ਹੈ। ਉਹਦੀ ਅਜ਼ਾਦੀ ਨੂੰ ਇਹ ਕਹਿ ਕੇ ਖੋਹ ਲਿਆ ਜਾਂਦਾ ਹੈ ਕਿ ਵਿਆਹ ਤੋਂ ਬਾਅਦ ਉਹ ਕੁੱਝ ਵੀ ਕਰਨ ਲਈ ਅਜ਼ਾਦ ਹਨ ਤੇ ਇਸ ਤਿਆਰੀ ਦੇ ਸਿੱਟੇ ਵਜੋਂ ਔਰਤਾਂ ਅਪਣੀ ਜ਼ਿੰਦਗੀ ਦੀ ਮਾਲਕੀ ਵਿਆਹ ਨਾਂ ਦੀ ਪ੍ਰੰਪਰਾ ਲਈ ਇੱਕ ਮਰਦ ਨੂੰ ਭੇਂਟ ਕਰਨ ਲਈ ਤਿਆਰ ਹੋ ਜਾਂਦੀਆਂ ਹਨ।

ਭਾਰਤ ਵਰਗੇ ਪੱਛੜੇ ਦੇਸ਼ ‘ਚ ਵਿਆਹ ਦੋ ਮਨੁੱਖਾ ਦਾ ਨਹੀਂ ਸਗੋਂ ਦੋ ਜਾਇਦਾਦਾਂ ਜਾਂ ਬੱਸ ਇੱਕ ਭੋਗ ਦੀ ਵਸਤੂ ਜੋ ਵਾਰਸ ਦੇਣ ਦੇ ਲਾਇਕ ਹੋਵੇ ਯਾਨੀ ਦੋ ਮਾਸ ਦੇ ਟੁਕੜਿਆਂ ਦਾ ਆਪਸ ਵਿੱਚ ਸਬੰਧ ਹੁੰਦਾ ਹੈ। ਜੇ ਵਾਰਸ ਦੇਣ ਲਾਇਕ ਨਹੀਂ ਹੁੰਦੀ ਤਾਂ ਉਸ ਨੂੰ ਬਾਂਝ ਕਹਿਕੇ ਸਮਾਜ ਤੋਂ ਨਕਾਰ ਦਿੱਤਾ ਜਾਂਦਾ ਹੈ। ਇਸੇ ਲਈ ਤਾਂ ਭਾਰਤ ‘ਚ ਅੱਜ ਵੀ 64% ਔਰਤਾਂ ਨੇ ਵਿਆਹ ਤੋਂ ਪਹਿਲਾਂ ਆਪਣੇ ਹੋਣ ਵਾਲ਼ੇ ਘਰਵਾਲੇ ਦਾ ਮੂੰਹ ਤੱਕ ਨਹੀਂ ਦੇਖਿਆ ਹੁੰਦਾ। ਪਰ ਅੱਜ ਮਨੁੱਖੀ ਸਮਾਜ ਦੇ ਜਿਸ ਵਿਕਾਸ ਦੇ ਪੜਾਅ ‘ਤੇ ਅਸੀਂ ਪਹੁੰਚ ਚੁੱਕੇ ਹਾਂ ਉੱਥੇ ਵਿਆਹ ਦੋ ਅਜ਼ਾਦ ਮਨੁੱਖਾਂ ਦਾ ਨਿੱਜੀ ਰਿਸ਼ਤਾ ਹੋਣਾ ਚਾਹੀਦਾ ਹੈ। ਇਹ ਬਿਨਾਂ ਕਿਸੇ ਜਾਇਦਾਦ ਦੇ ਸਮਝੋਤੇ ਜਾਂ ਦਬਾਅ ਤੋਂ ਦੋ ਲੋਕਾਂ ਦਾ ਆਪਸ ‘ਚ ਸਬੰਧ ਹੋਣਾ ਚਾਹੀਦਾ ਹੈ ਤੇ ਰਿਸ਼ਤਾ ਨਾ ਬਣਾਏ ਰੱਖ ਸਕਣ ਦੀ ਹਾਲਤ ‘ਚ ਉਹ ਇਹ ਰਿਸ਼ਤਾ ਤੋੜ ਵੀ ਸਕਦੇ ਹਨ। ਪਰ ਭਾਰਤੀ ਸਮਾਜ ‘ਚ ਅਜ਼ਾਦ ਪਿਆਰ ਇੱਕ ਅਪਰਾਧ ਮੰਨਿਆ ਜਾਂਦਾ ਹੈ। ਪ੍ਰੇਮ ਵਿਆਹ ਲਈ ਮਨੁੱਖਾਂ ਦਾ ਕਤਲ ਤੁਹਾਨੂੰ ਭਾਰਤ ‘ਚ ਆਮ ਹੀ ਸੁਣਨ ਨੂੰ ਮਿਲ਼ ਸਕਦਾ ਹੈ। ਹਰ ਸਾਲ 5000 ਤੋਂ ਵੱਧ ਨੌਜਵਾਨ ਅਣਖ ਪਿੱਛੇ ਕਤਲ ਕੀਤੇ ਜਾਂਦੇ ਹਨ। ਰਾਜਸਥਾਨ ( 0.8%), ਪੰਜਾਬ (1.14%), ਬਿਹਾਰ (1.19%) ਰਾਜ  ਔਰਤਾਂ ਦੇ ਪ੍ਰੇਮ ਵਿਆਹ ਕਰਾਉਣ ਲਈ ਭਾਰਤ ‘ਚ ਸੱਭ ਤੋਂ ਪਛੜੇ ਹੋਏ ਜਾਣੇ ਜਾਂਦੇ ਹਨ ਤੇ ਰਿਸ਼ਤਾ ਤੋੜਣ ਦੇ ਮਾਮਲੇ ‘ਚ ਔਰਤਾਂ ਨੂੰ ਉਮਰ ਭਰ ਲਈ ਧੱਬਾ ਲੱਗ ਜਾਂਦਾ ਹੈ। ਜਿਸ ਨੂੰ ਮੁੜ ਰਿਸ਼ਤੇ ‘ਚ ਆਉਣ ਦਾ ਮਾਮਲਾ ਵੀ ਬੜਾ ਗੰਭੀਰ ਮੰਨਿਆ ਜਾਂਦਾ ਹੈ। ਉਸ ਔਰਤ ਨੂੰ ਸਮਾਜ ਚਰਿਤਰਹੀਣ ਦਾ ਦਰਜਾ ਦੇ ਦਿੰਦਾ ਹੈ। ਇਹਨਾਂ ਪਛੜੇ ਸਮਾਜਾਂ ‘ਚ ਔਰਤਾਂ ਦਾ ਅੱਜ ਵੀ ਭੇਡਾਂ ਵਾਂਗ ਸਮਝੋਤਾ ਕੀਤਾ ਜਾਂਦਾ ਹੈ ਜਿਸ ਦਾ ਅਧਾਰ ਲਾਜ਼ਮੀ ਤੌਰ ‘ਤੇ ਪਿਆਰ ਤਾਂ ਨਹੀਂ ਹੁੰਦਾ। ਕਿਸੇ ਵੀ ਅਣਜਾਣ ਵਿਅਕਤੀ ਨਾਲ਼ ਤੁਹਾਨੂੰ ਸਾਰੀ ਜ਼ਿੰਦਗੀ ਲੰਘਾਉਣੀ ਪੈਂਦੀ ਹੈ।

ਕਿਹਾ ਜਾ ਸਕਦਾ ਹੈ ਕਿ ਤੈਅਸ਼ੁਦਾ ਵਿਆਹ ਅੱਜ ਅੋਰਤਾਂ ਨੂੰ ਗੁਲਾਮ ਬਣਾਈ ਰੱਖਣ ਦਾ ਇੱਕ ਯੋਗ ਸੰਦ ਬਣਿਆ ਹੋਇਆ ਹੈ। ਇਹ ਦੋ ਮਨੁੱਖਾਂ ਦਾ ਰਿਸ਼ਤਾ ਨਹੀਂ ਸਗੋਂ ਸਮਝੋਤਾ ਹੁੰਦਾ ਹੈ ਜਿਸ ‘ਚ ਜ਼ਿਆਦਾ ਕੁਰਬਾਨੀ ਅੋਰਤ ਨੂੰ ਹੀ ਕਰਨੀ ਪੈਂਦੀ ਹੈ। ਔਰਤਾਂ ਜੋ ਕਿ ਮਨੁੱਖੀ ਸਮਾਜ ਦਾ ਅੱਧਾ ਹਿੱਸਾ ਹਨ ਜਿਸ ਤੋਂ ਬਿਨਾਂ ਸਮਾਜ ਅੱਗੇ ਵਿਕਾਸ ਨਹੀਂ ਕਰ ਸਕਦਾ ਉਹਨਾਂ ਨੂੰ ਇਸ ਗੁਲਾਮੀ ਭਰੀ ਜ਼ਿੰਦਗੀ ‘ਚੋਂ ਬਾਹਰ ਕੱਢਣਾ ਲਾਜ਼ਮੀ ਹੈ। ਉਹਨਾਂ ਨੂੰ ਚੁੱਲੇ ਚੌਂਕੇ, ਅਖੌਤੀ ਇੱਜਤ ਦੇ ਡਰ ਨੂੰ ਤਿਆਗ ਕੇ ਸਮਾਜ ‘ਚ ਆਪਣਾ ਸਮਾਜਕ ਤੇ ਆਰਥਿਕ ਅਧਾਰ ਖੜਾ ਕਰਨਾ ਚਾਹੀਦਾ ਹੈ। ਅੱਜ ਸਮਾਜ ਨੂੰ ਜਗੀਰੂ ਕਦਰਾਂ ਕੀਮਤਾਂ ਦੇ ਵਾਹਕ ਨਹੀਂ ਬਨਣਾ ਚਾਹੀਦਾ ਸਗੋਂ ਇਹਨਾਂ ਮੂਲ ਮਾਨਤਾਵਾਂ ਨੂੰ ਗੰਭੀਰਤਾ ਨਾਲ਼ ਸੱਟ ਮਾਰਨੀ ਚਾਹੀਦੀ ਹੈ। ਅੱਜ ਔਰਤਾਂ ਨੂੰ ਮਨੁੱਖ ਵਾਂਗ ਜੀਣ ਦਾ ਹੱਕ ਹਾਸਲ ਕਰਨਾ ਪਵੇਗਾ ਤੇ ਇਸ ਲਈ ਲਗਾਤਾਰ ਸੰਘਰਸ਼ ਕਰਨ ਦੀ ਲੋੜ ਹੈ। ਔਰਤਾਂ ਦੇ ਹਿੱਸੇ ਜੋ ਟੱਬਰ, ਚੁੱਲੇ ਚੌਂਕੇ, ਬੱਚਿਆਂ ਦੇ ਪਾਲਣ ਪੋਸ਼ਣ ਦਾ ਭਾਰ ਆਇਆ ਹੈ ਉਸ ਨੂੰ ਸਮਾਜ ਨੂੰ ਵੰਡ ਕੇ ਚੁੱਕਣਾ ਚਾਹੀਦਾ ਹੈ ਤਾਂ ਕਿ ਔਰਤ ਸਮਾਜਿਕ ਕੰਮਾਂ ‘ਚ ਵੀ ਬਰਾਬਰ ਦਾ ਹਿੱਸਾ ਪਾ ਸਕੇ। ਪਰ ਅਸੀਂ ਅੱਜ ਜਿਸ ਸਰਮਾਏਦਾਰੀ ਪ੍ਰਬੰਧ ‘ਚ ਰਹਿ ਰਹੇ ਹਾਂ ਉਹ ਲੁੱਟ ਅਧਾਰਤ ਢਾਂਚਾ ਹੈ ਜਿੱਥੇ ਕਿਰਤ ਦਾ ਪੂਰਾ ਸਮਾਜੀਕਰਨ ਸੰਭਵ ਨਹੀਂ ਹੈ ਇਸ ਲਈ ਜਗੀਰੂ ਕਦਰਾਂ ਕੀਮਤਾਂ ਦੀ ਪੈਰਵੀ ਇਹ ਢਾਂਚਾ ਵੀ ਕਰਦਾ ਹੈ ਤੇ ਔਰਤਾਂ ਦੀ ਜਗੀਰੂ ਕਦਰਾਂ ਕੀਮਤਾਂ ਤੋਂ ਮੁਕਤੀ ਇਹਨਾਂ ਅੱਗੇ ਕੋਈ ਏਜੰਡਾ ਨਹੀਂ ਹੈ। ਅੱਜ ਔਰਤਾਂ ਨੂੰ ਨਾ ਸਿਰਫ ਅਪਣੀ ਜ਼ਿੰਦਗੀ ਦੇ ਫੈਸਲੇ ਆਪ ਲੈਣ ਦੇ ਯੋਗ ਹੋਣ, ਮਨੁੱਖੀ ਹੱਕ ਹਾਸਲ ਕਰਨ ਤੱਕ ਹੀ ਸੀਮਤ ਨਹੀਂ ਹੋਣਾ ਚਾਹੀਦਾ ਸਗੋਂ ਇਸ ਗਲੇ ਸੜੇ ਮੁਸ਼ਕ ਮਾਰਦੇ ਸਮਾਜ ਜਿਸ ਲਈ ਮਨੁੱਖਤਾ ਦੀ ਅੱਧੀ ਅਬਾਦੀ ਵਸਤੂ ਤੋਂ ਬਿਨਾਂ ਕੁੱਝ ਵੀ ਨਹੀਂ ਹੈ, ਉਸ ਨੂੰ ਚੰਗਾ ਸਮਾਜ ਯਾਨੀ ਮਨੁੱਖਾਂ ਲਾਇਕ ਰਹਿਣ ਵਾਲ਼ਾ ਸਮਾਜ ਬਣਾਉਣ ਲਈ ਵੀ ਸੰਘਰਸ਼ ਦਾ ਹਿੱਸਾ ਬਣਨਾ ਪਵੇਗਾ। 

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਸੰਯੁਕਤ ਅੰਕ 4-5, 1 ਤੋਂ 15 ਅਤੇ 16 ਤੋਂ 30 ਅਪ੍ਰੈਲ, 2017 ਵਿੱਚ ਪ੍ਰਕਾਸ਼ਤ

Advertisements