ਟੀਕੇ ਬਣੇ ਮੌਤ ਦਾ ਸਮਾਨ •ਡਾ.ਅਮਿਰ੍ਤ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸਾਡੇ ਵਿੱਚੋਂ ਕੌਣ ਹੋਵੇਗਾ ਜਿਹੜਾ ਛੋਟੀ ਉਮਰੇ ਸੂਈ ਚੁਭਣ ਦੇ ਦਰਦ ਬਾਰੇ ਸੋਚ ਕੇ ਟੀਕੇ ਤੋਂ ਡਰਦਾ ਨਾ ਹੋਵੇ, ਪਰ ਛੋਟੇ ਹੁੰਦਿਆਂ ਅਸੀਂ ਟੀਕੇ ਤੋਂ ਜਿਸ ਵੀ ਕਾਰਨ ਕਰਕੇ ਡਰਦੇ ਹੋਈਏ, ਇੱਕ ਗੱਲ ਤੈਅ ਹੈ ਕਿ ਵੱਡੇ ਹੋ ਕੇ ਵੀ ਟੀਕੇ ਤੋਂ “ਡਰਨਾ” ਹੀ ਠੀਕ ਹੈ! ਭਾਰਤ ਦੇ ਕਈ ਸੂਬਿਆਂ ਵਿੱਚ ਕਾਲਾ ਪੀਲ਼ੀਆ (ਹੈਪੇਟਾਈਟਸ ਸੀ ਅਤੇ ਬੀ) ਇੱਕ ਵੱਡੀ ਸਿਹਤ ਸਮੱਸਿਆ ਬਣ ਕੇ ਸਾਹਮਣੇ ਆ ਰਿਹਾ ਹੈ। ਇਹਨਾਂ ਸੂਬਿਆਂ ਵਿੱਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਪੂਰਬ-ਉੱਤਰ ਦੇ ਸੂਬੇ ਸ਼ਾਮਲ ਹਨ। ਪੰਜਾਬ ਵਿੱਚ ਕੁਲ ਆਬਾਦੀ ਵਿੱਚੋਂ ਵੱਖ-ਵੱਖ ਅਧਿਐਨਾਂ ਅਨੁਸਾਰ 3.4-5.0% ਆਬਾਦੀ ਇਕੱਲੇ ਹੈਪੇਟਾਈਟਸ-ਸੀ ਲਈ “ਪਾਜ਼ੇਟਿਵ” ਹੈ (ਸਮੁੱਚੇ ਦੇਸ਼ ਲਈ ਇਹ ਔਸਤ 1-1.5% ਤੱਕ ਹੈ) ਅਤੇ ਇਸ ਵਿੱਚੋਂ 75% ਲੋਕੀਂ ਇਸ ਬਿਮਾਰੀ ਤੋਂ ਮਾੜੇ ਰੁਖ਼ ਪ੍ਰਭਾਵਿਤ ਹਨ ਅਤੇ ਦੂਸਰਿਆਂ ਨੂੰ ਬਿਮਾਰੀ ਫੈਲਾ ਸਕਦੇ ਹਨ। ਪੰਜਾਬ ਦੇ ਕੁਝ ਖਿੱਤਿਆਂ ਵਿੱਚ ਤਾਂ ਆਬਾਦੀ ਦਾ ਕਿਤੇ ਵੱਡਾ ਹਿੱਸਾ ਪੀਲ਼ੀਏ ਦੀ ਇਸ ਕਿਸਮ ਲਈ “ਪਾਜ਼ੇਟਿਵ” ਹੈ, ਜਿਵੇਂ ਮਾਲਵੇ ਦੇ ਇੱਕ ਜਿਲ੍ਹਾ ਕੇਂਦਰ ਵਿੱਚ 13% ਆਬਾਦੀ ਹੈਪੇਟਾਈਟਸ-ਸੀ ਲਈ ਪਾਜ਼ੇਟਿਵ ਹੈ। ਇਸੇ ਤਰ੍ਹਾਂ ਹੈਪੇਟਾਈਟਸ-ਬੀ ਅਤੇ ਐਚ.ਆਈ.ਵੀ. ਵੀ ਦੇਸ਼ ਕਈ ਖਿੱਤਿਆਂ ਵਿੱਚ, ਜਿਨ੍ਹਾਂ ਵਿੱਚ ਪੰਜਾਬ ਦੇ ਵੀ ਕਈ ਸ਼ਹਿਰੀ ਤੇ ਪੇਂਡੂ ਇਲਾਕੇ ਸ਼ਾਮਲ ਹਨ, ਬੁਰੀ ਤਰ੍ਹਾਂ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਹਨ।

ਇਹਨਾਂ ਬਿਮਾਰੀਆਂ ਦੇ ਫੈਲਣ ਦੇ ਮੁੱਖ ਕਾਰਨਾਂ ਵਿੱਚ ਨਸ਼ੇ ਦੇ ਟੀਕੇ ਅਤੇ ਖੂਨ ਚੜਾਉਣਾ ਮੰਨਿਆ ਜਾਂਦਾ ਰਿਹਾ ਹੈ, ਪਰ ਹੁਣ ਇਹ ਸਾਹਮਣੇ ਆ ਰਿਹਾ ਹੈ ਕਿ ਅਸੁਰੱਖਿਅਤ ਟੀਕੇ ਇਹਨਾਂ ਬਿਮਾਰੀਆਂ ਖਾਸ ਕਰਕੇ ਹੈਪੇਟਾਈਟਸ-ਸੀ ਅਤੇ ਬੀ, ਦੇ ਫੈਲਣ ਦੀ ਮੁੱਖ ਵਜ੍ਹਾ ਹੋ ਸਕਦੇ ਹਨ ਅਤੇ ਇਹ ਅੰਦਾਜ਼ਾ ਸਿਰਫ਼ ਅੰਦਾਜ਼ਾ ਨਹੀਂ ਹੈ, ਸਗੋਂ ਇਸ ਪਿੱਛੇ ਠੋਸ ਅੰਕੜੇ ਹਨ। ਦੁਨੀਆਂ ਭਰ ਵਿੱਚ ਟੀਕਿਆਂ ਬਾਰੇ ਕੁਝ ਤੱਥ: (ਸ੍ਰੋਤ ਸੰਸਾਰ ਸਿਹਤ ਸੰਗਠਨ)

–  ਪੂਰੀ ਦੁਨੀਆਂ ਵਿੱਚ ਹਰ ਸਾਲ 12 ਅਰਬ ਸਰਿੰਜਾਂ ਵਿਕਦੀਆਂ ਹਨ, ਕਿਉਂਕਿ ਬਹੁਤ ਸਾਰੀਆਂ ਸਰਿੰਜਾਂ ਫਿਰ ਤੋਂ ਵਰਤੀਆਂ ਜਾਂਦੀਆਂ ਹਨ, ਇਸ ਲਈ ਹਰ ਸਾਲ ਲੱਗਣ ਵਾਲ਼ੇ ਟੀਕਿਆਂ ਦੀ ਕੁਲ ਗਿਣਤੀ ਕੁਝ ਜ਼ਿਆਦਾ ਹੀ ਹੋਵੇਗੀ ਅਤੇ ਕੁਲ ਟੀਕਿਆਂ ਵਿੱਚੋਂ ਕਈ ਮੁਲਕਾਂ ਵਿੱਚ 90% ਤੱਕ ਬੇਲੋੜੇ ਹੁੰਦੇ ਹਨ।

–  ਇਹਨਾਂ ਟੀਕਿਆਂ ਵਿੱਚੋਂ 50-94% ਟੀਕੇ ਅਸੁਰੱਖਿਅਤ ਹੁੰਦੇ ਹਨ, ਭਾਵ ਉਹ ਬਿਮਾਰੀ ਫੈਲਾਉਣ ਦਾ ਕਾਰਨ ਬਣ ਸਕਦੇ ਹਨ।

 – ਇਹਨਾਂ ਅਸੁਰੱਖਿਅਤ ਟੀਕਿਆਂ ਕਰਕੇ ਹਰ ਸਾਲ 47 ਲੱਖ ਲੋਕ ਹੈਪੇਟਾਈਟਸ-ਸੀ, 1.6 ਕਰੋੜ ਲੋਕ ਹੈਪੇਟਾਈਟਸ-ਬੀ ਅਤੇ 1.6 ਲੱਖ ਲੋਕ ਐਚ.ਆਈ.ਵੀ. ਦੇ ਸ਼ਿਕਾਰ ਹੁੰਦੇ ਹਨ। ਇਹਨਾਂ ਵਿੱਚੋਂ ਹੈਪੇਟਾਈਟਸ-ਸੀ ਦੀ ਲਾਗ ਸਭ ਤੋਂ ਖਤਰਨਾਕ ਹੈ ਕਿਉਂਕਿ 80% ਲੋਕ ਪੂਰੀ ਜਿੰਦਗੀ ਲਈ ਇਸ ਬਿਮਾਰੀ ਦਾ ਸ਼ਿਕਾਰ ਰਹਿਣਗੇ (ਬਸ਼ਰਤੇ ਕਿ ਉਹਨਾਂ ਦਾ ਇਲਾਜ ਨਹੀਂ ਹੋ ਜਾਂਦਾ) ਅਤੇ ਕਿਉਂਕਿ ਇਸ ਬਿਮਾਰੀ ਦਾ ਸਾਲਾਂ ਤੱਕ ਖੁਦ ਮਰੀਜ਼ ਨੂੰ ਪਤਾ ਨਹੀਂ ਚੱਲਦਾ, ਉਹ ਪਤਾ ਲੱਗਣ ਤੋਂ ਪਹਿਲਾਂ ਹੀ ਕਈ ਵਾਰ ਬਹੁਤ ਨੁਕਸਾਨ ਕਰਵਾ ਚੁੱਕਾ ਹੁੰਦਾ ਹੈ ਅਤੇ ਕਈ ਹੋਰਨਾਂ ਨੂੰ ਬਿਮਾਰੀ ਦੀ ਲਾਗ ਦੇ ਚੁੱਕਾ ਹੁੰਦਾ ਹੈ।

 – ਹਰ ਸਾਲ 13 ਲੱਖ ਲੋਕਾਂ ਦੀ ਮੌਤ ਦਾ ਕਾਰਨ ਅਸੁਰੱਖਿਅਤ ਟੀਕੇ ਬਣਦੇ ਹਨ।

ਅਸੁਰੱਖਿਅਤ ਟੀਕਿਆਂ ਦੇ ਮਾਮਲੇ ਵਿੱਚ ਸਾਰੇ ਤੀਜੀ ਦੁਨੀਆਂ ਦੇਸ਼ਾਂ ਵਾਂਗ ਭਾਰਤ ਦੀ ਹਾਲਤ ਵੀ ਕੁਝ ਚੰਗੀ ਨਹੀਂ ਹੈ, ਸਗੋਂ ਕਈ ਮਾਮਲਿਆਂ ਵਿੱਚ ਬਦਤਰ ਹੀ ਹੈ। ਟੀਕਿਆਂ ਬਾਰੇ ਭਾਰਤ ਦੇ ਅੰਕੜੇ ਇਹ ਗੱਲ ਸਪੱਸ਼ਟ ਕਰ ਦਿੰਦੇ ਹਨ:

– ਦੁਨੀਆਂ ਭਰ ਵਿੱਚ ਲੱਗਣ ਵਾਲ਼ੇ ਕੁਲ ਟੀਕਿਆਂ ਵਿੱਚੋਂ 30% ਭਾਰਤ ਵਿੱਚ ਲੱਗਦੇ ਹਨ ਜਦਕਿ ਭਾਰਤ ਦੀ ਆਬਾਦੀ ਦੁਨੀਆਂ ਦਾ 17% ਹੀ ਹੈ।

– ਭਾਰਤ ਵਿੱਚ ਇੱਕ ਸਾਲ ਵਿੱਚ 3 ਅਰਬ ਤੋਂ ਜ਼ਿਆਦਾ ਟੀਕੇ ਲੱਗਦੇ ਹਨ; ਭਾਰਤ ਵਿੱਚ ਪ੍ਰਤੀ ਵਿਅਕਤੀ ਹਰ ਸਾਲ 3 ਟੀਕੇ ਲੱਗਦੇ ਹਨ, ਜਦਕਿ ਵਿਕਸਤ ਦੇਸ਼ਾਂ ਲਈ ਇਹ ਦਰ ਸਿਰਫ਼ 1 ਹੈ,

ਭਾਵ ਕਿ ਜੇ ਅਸੀਂ ਵਿਕਸਤ ਮੁਲਕਾਂ ਵਿੱਚ ਲੱਗਦੇ ਸਾਰੇ ਟੀਕੇ ਮੈਡੀਕਲ ਵਿਗਿਆਨ ਪੱਖੋਂ ਸਹੀ ਤੇ ਜ਼ਰੂਰੀ ਮੰਨ ਕੇ ਚੱਲੀਏ ਤਾਂ ਵੀ ਭਾਰਤ ਵਿੱਚ ਦੋ-ਤਿਹਾਈ ਟੀਕੇ ਬੇਲੋੜੇ ਲੱਗਦੇ ਹਨ।

– ਭਾਰਤ ਵਿੱਚ ਲੱਗਣ ਵਾਲ਼ੇ ਕੁਲ ਟੀਕਿਆਂ ਵਿੱਚੋਂ ਦੋ-ਤਿਹਾਈ ਅਸੁਰੱਖਿਅਤ ਹੁੰਦੇ ਹਨ (ਕੁਝ ਹੋਰ ਅੰਦਾਜ਼ਿਆਂ ਮੁਤਾਬਕ, ਇੱਥੋਂ ਤੱਕ ਸੰਸਾਰ ਸਿਹਤ ਸੰਗਠਨ ਦੇ ਅੰਦਾਜ਼ਿਆਂ ਮੁਤਾਬਕ ਵੀ, ਇਹ ਪ੍ਰਤੀਸ਼ਤ 94% ਤੱਕ ਹੋ ਸਕਦੀ ਹੈ), ਭਾਵ ਉਹਨਾਂ ਨਾਲ਼ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਇਨਫੈਕਸ਼ਨ ਫੈਲ ਸਕਦੀ ਹੈ।

“ਅਸੁਰੱਖਿਅਤ ਟੀਕੇ” ਦਾ ਅਰਥ ਕੀ ਹੈ? ਅਜਿਹਾ ਟੀਕਾ ਜਿਸ ਨੂੰ ਲਗਾਉਣ ਵੇਲ਼ੇ ਸੂਈ, ਸਰਿੰਜ ਨੂੰ ਇੱਕ ਤੋਂ ਵੱਧ ਵਾਰ ਜਾਂ ਇੱਕ ਤੋਂ ਵੱਧ ਵਿਅਕਤੀਆਂ ਲਈ ਵਰਤਿਆ ਜਾਂਦਾ ਹੈ, ਟੀਕਾ ਲਗਾਉਣ ਲਈ ਲਾਗ-ਰੋਕੂ ਸਾਵਧਾਨੀਆਂ ਨਹੀਂ ਵਰਤੀਆਂ ਜਾਂਦੀਆਂ ਅਤੇ ਟੀਕਾ ਲਗਾਉਣ ਤੋਂ ਬਾਅਦ ਸਰਿੰਜ ਜਾਂ ਸੂਈ ਸਹੀ ਢੰਗ ਨਾਲ਼ ਨਕਾਰਾ ਨਹੀਂ ਕੀਤਾ ਜਾਂਦਾ, ਜਿਸ ਕਰਕੇ ਸਰਿੰਜ ਜਾਂ ਸੂਈ ਕਬਾੜੀਆਂ ਦੇ ਹੱਥ ਲੱਗ ਜਾਂਦੀ ਹੈ ਜਾਂ ਕਿਸੇ ਹੋਰ ਢੰਗ ਨਾਲ਼ ਮਨੁੱਖਾਂ ਦੇ ਸੰਪਰਕ ਵਿੱਚ ਆ ਜਾਂਦੀ ਹੈ।

ਸਭ ਤੋਂ ਪਹਿਲਾਂ ਅਸੀਂ ਬੇਲੋੜੇ ਟੀਕਿਆਂ ਨੂੰ ਦੇਖਦੇ ਹਾਂ। ਅਸਲ ਵਿੱਚ ਬੇਲੋੜੇ ਟੀਕੇ ਲੱਗਣੇ ਰੋਕਣ ਨਾਲ਼ ਹੀ ਕਾਲੇ ਪੀਲ਼ੀਏ ਜਿਹੀਆਂ ਬਿਮਾਰੀਆਂ ਦੇ ਫੈਲਣ ਨੂੰ ਬਹੁਤ ਹੱਦ ਤੱਕ ਘਟਾਇਆ ਜਾ ਸਕਦਾ ਹੈ, ਕਿਉਂਕਿ ਇੱਕ ਤਾਂ ਇਸ ਨਾਲ਼ ਦੋ-ਤਿਹਾਈ ਟੀਕੇ ਵੈਸੇ ਹੀ ਘੱਟ ਹੋ ਜਾਣਗੇ; ਦੂਜਾ, ਬੇਲੋੜੇ ਟੀਕੇ ਹੀ ਮੁੱਖ ਤੌਰ ਉੱਤੇ ਅਸੁਰੱਖਿਅਤ ਟੀਕੇ ਹੁੰਦੇ ਹਨ। ਬੇਲੋੜੇ ਟੀਕੇ ਲੱਗਣ ਪਿੱਛੇ ਇੱਕ ਕਾਰਨ ਤਾਂ ਇਹ ਹੈ ਕਿ ਆਮ ਲੋਕ ਇਸ ਗ਼ਲਤ ਧਾਰਨਾ ਦਾ ਸ਼ਿਕਾਰ ਹਨ ਕਿ ਟੀਕੇ ਨਾਲ਼ ਬਿਮਾਰ ਜਲਦੀ ਠੀਕ ਹੁੰਦਾ ਹੈ, ਟੀਕੇ ਨਾਲ਼ ਦਿੱਤੀ ਗਈ ਦਵਾਈ ਜਲਦੀ ਅਸਰ ਕਰਦੀ ਹੈ, ਇੱਥੋਂ ਤੱਕ ਕਿ ਕਈ ਲੋਕਾਂ ਲਈ ਟੀਕਾ ਲੱਗਣ ਦੀ ਪ੍ਰਕਿਰਿਆ ਹੀ “ਪਹਿਲਾਂ ਨਾਲ਼ੋਂ ਠੀਕ ਮਹਿਸੂਸ” ਕਰਨ ਲਈ ਕਾਫ਼ੀ ਹੁੰਦੀ ਹੈ। ਇਸ ਧਾਰਨਾ ਦੇ ਕਾਰਨ ਆਮ ਕਰਕੇ ਲੋਕ ਡਾਕਟਰਾਂ ਤੋਂ ਟੀਕੇ ਦੀ “ਮੰਗ” ਵੀ ਕਰਦੇ ਹਨ। ਡਾਕਟਰ ਭਾਈਚਾਰਾ ਵੀ ਕੁਝ ਹੱਦ ਤੱਕ ਇਹ ਸਮਝਦਾ ਹੈ ਕਿ ਟੀਕੇ ਲਗਾ ਕੇ ਜਲਦੀ ਇਲਾਜ ਹੋ ਸਕਦਾ ਹੈ ਪਰ ਡਾਕਟਰ ਭਾਈਚਾਰੇ ਲਈ ਟੀਕੇ “ਗੱਡਣ” ਦਾ ਕਾਰਨ ਟੀਕਿਆਂ ਵਿੱਚ ਵਧੇਰੇ ਕਮਾਈ ਹੋਣਾ ਮੁੱਖ ਹੈ। ਜਿਵੇਂ ਕਿਸੇ ਰੋਗਾਣੂ-ਰੋਧੀ ਦਵਾਈ (ਐਂਟੀਬਾਇਓਟਿਕਸ) ਦੀ ਗੋਲੀ ਦੀ ਕੀਮਤ 5-10 ਰੁਪੈ ਹੋਵੇਗੀ ਤਾਂ ਉਸੇ ਡੋਜ਼ ਦੇ ਟੀਕੇ ਦੀ ਕੀਮਤ ਸੌ ਰੁਪੈ ਤੋਂ ਉੱਪਰ ਹੋਵੇਗੀ, ਇਸ ਕਰਕੇ ਕਮਾਈ ਹੋਣ ਦਾ ਮੌਕਾ ਜ਼ਿਆਦਾ ਬਣ ਜਾਂਦਾ ਹੈ। ਆਮ ਲੋਕਾਂ ਦੀਆਂ ਮੈਡੀਕਲ ਵਿਗਿਆਨ ਤੇ ਸਿਹਤ ਸਬੰਧੀ ਗਲਤ ਧਾਰਨਾਵਾਂ ਅਤੇ ਘੱਟ ਜਾਣਕਾਰੀਆਂ ਦਾ ਡਾਕਟਰ ਭਾਈਚਾਰਾ ਰੱਜ ਕੇ ਫਾਇਦਾ ਉਠਾਉਂਦਾ ਹੈ। ਚਾਹੀਦਾ ਤਾਂ ਇਹ ਹੈ ਕਿ ਟੀਕਿਆਂ ਦੇ ਨੁਕਸਾਨ ਅਤੇ ਬਹੁਤੇਰੇ ਮਾਮਲਿਆਂ ਵਿੱਚ ਇਹਨਾਂ ਦੇ ਬੇਲੋੜੇ ਹੋਣ ਬਾਰੇ ਡਾਕਟਰ ਆਮ ਲੋਕਾਂ ਨੂੰ ਸਿੱਖਿਅਤ ਕਰਨ ਅਤੇ ਉਹਨਾਂ ਦੀਆਂ ਗਲਤ ਧਾਰਨਾਵਾਂ ਦੇ ਖਿਲਾਫ਼ ਸੰਘਰਸ਼ ਕਰਨ, ਪਰ ਇੱਥੇ ਉਲਟ ਹੁੰਦਾ ਹੈ, ਉਹ ਵਿਗਿਆਨ ਨੂੰ ਅਗਿਆਨ ਦੇ ਅੱਗੇ ਡੰਡੋਤ ਕਰਨ ਲਗਾ ਦਿੰਦੇ ਹਨ। ਸਿੱਟੇ ਵਜੋਂ ਬਹੁਤ ਮਾਮੂਲੀ ਜਿਹੀਆਂ ਬਿਮਾਰੀਆਂ ਲਈ ਟੀਕੇ ਲੱਗਣੇ ਆਮ ਗੱਲ ਹਨ, ਜਿਵੇਂ ਆਮ ਜਿਹੇ ਖੰਘ-ਜ਼ੁਕਾਮ ਲਈ, ਸਿਰਦਰਦ ਲਈ, ਦਸਤ-ਉਲਟੀਆਂ ਲਈ ਅਤੇ ਹਰ ਤਰ੍ਹਾਂ ਦੇ ਬੁਖਾਰ ਲਈ ਟੀਕੇ “ਰਾਮਬਾਣ” ਵਾਂਗ ਵਰਤੇ ਜਾਂਦੇ ਹਨ ਜਦਕਿ ਇਹਨਾਂ ਮਾਮਲਿਆਂ ਵਿੱਚ ਮੈਡੀਕਲ ਵਿਗਿਆਨ ਅਨੁਸਾਰ ਟੀਕਿਆਂ ਦੀ ਉੱਕਾ ਹੀ ਲੋੜ ਨਹੀਂ ਹੁੰਦੀ। ਰਹਿੰਦੀ-ਖੂੰਹਦੀ ਕਸਰ ਝੋਲਾ-ਛਾਪ ਡਾਕਟਰ ਕੱਢ ਦਿੰਦੇ ਹਨ, ਇਹ ਤਾਂ ਟੀਕਾ “ਗੱਡਣ” ਤੋਂ ਬਿਨਾਂ ਸ਼ਾਇਦ ਹੀ ਕਿਸੇ ਨੂੰ ਜਾਣ ਦਿੰਦੇ ਹੋਣ।

ਜਿੱਥੇ ਟੀਕਿਆਂ ਦੀ ਵਾਕਈ ਲੋੜ ਹੁੰਦੀ ਹੈ, ਉੱਥੇ ਵੀ ਜਿੰਨਾ ਧਿਆਨ ਅਤੇ ਸਾਵਧਾਨੀਆਂ ਰੱਖੇ ਜਾਣ ਦੀ ਲੋੜ ਹੁੰਦੀ ਹੈ, ਉਹ ਨਾ ਰੱਖੇ ਜਾਣਾ ਵੀ ਆਮ ਗੱਲ ਹੈ, ਖਾਸ ਕਰਕੇ ਵਿਕਾਸ਼ਸ਼ੀਲ ਦੇਸ਼ਾਂ ਵਿੱਚ। ਇੱਥੇ ਤਾਂ ਸਭ ਤੋਂ ਪਹਿਲਾਂ ਟੀਕਾ ਲਗਾਉਣ ਲਈ ਵਰਤੀਆਂ ਜਾਣ ਵਾਲੀਆਂ ਸਰਿੰਜਾਂ ਅਤੇ ਸੂਈਆਂ ਦਾ ਪੂਰੀ ਤਰ੍ਹਾਂ ਸੁਰੱਖਿਅਤ ਹੋਣਾ ਹੀ ਅਕਸਰ ਸ਼ੱਕ ਦੇ ਘੇਰੇ ਵਿੱਚ ਹੁੰਦਾ ਹੈ। ਉਸ ਤੋਂ ਬਾਅਦ ਇਹਨਾਂ ਦੀ ਸਿਹਤ ਕਾਮਿਆਂ ਵੱਲੋਂ ਜਿਸ ਢੰਗ ਨਾਲ਼ ਵਰਤੋਂ ਹੁੰਦੀ ਹੈ, ਉਹ ਇੱਕ ਵੱਡਾ ਕਾਰਨ ਹੈ ਹੈਪੇਟਾਈਟਸ-ਸੀ ਅਤੇ ਹੋਰ ਅਜਿਹੀਆਂ ਬਿਮਾਰੀਆਂ ਜਿਹੜੀਆਂ ਸੂਈਆਂ ਆਦਿ ਰਾਹੀਂ ਫੈਲਦੀਆਂ ਹਨ। ਅਸਲ ਵਿੱਚ ਤਕਨੀਕ ਆਪਣੇ-ਆਪ ਵਿੱਚ ਬਿਮਾਰੀਆਂ ਦੇ ਫੈਲਣ ਦਾ ਕਾਰਨ ਨਹੀਂ ਹੈ, ਉਸਨੂੰ ਵਰਤਣ ਵਾਲੇ ਮਨੁੱਖਾਂ ਦੇ ਸਰੋਕਾਰ ਕੀ ਹਨ, ਉਹ ਇਸਨੂੰ ਵਰਤਣ ਵੇਲ਼ੇ ਕਿੰਨੀ ਜ਼ਿੰਮੇਵਾਰੀ ਦੇ ਅਹਿਸਾਸ ਨਾਲ਼ ਭਰੇ ਹੋਏ ਹਨ, ਇਹ ਬਿਮਾਰੀਆਂ ਦੇ ਫੈਲਣ ਦਾ ਮੁੱਖ ਕਾਰਨ ਹੈ। ਮੌਜੂਦਾ ਢਾਂਚੇ ਵਿੱਚ ਕੰਮ ਇੱਕ ਬੋਝ ਹੈ, ਢਿੱਡ ਭਰਨ ਲਈ ਤਨਖਾਹ ਲੈਣ ਖਾਤਰ ਵਜਾਇਆ ਜਾਂਦਾ ਮਜਬੂਰੀ ਦਾ ਢੋਲ ਹੈ, ਇੱਕ ਅਕਾਊ ਪ੍ਰਕਿਰਿਆ ਹੈ ਜਿਸਨੂੰ ਮਨੁੱਖ ਕਿਸੇ ਨਾ ਕਿਸੇ ਤਰੀਕੇ “ਨਿਬੇੜਦਾ” ਹੈ, ਉਸਦੇ ਕੰਮ ਦੇ ਦੂਜੇ ਮਨੁੱਖ ਨੂੰ ਕੀ ਫਾਇਦੇ ਜਾਂ ਨੁਕਸਾਨ ਹੋ ਸਕਦੇ ਹਨ, ਇਹਨਾਂ ਸਵਾਲਾਂ ਬਾਰੇ ਸੋਚਣਾ ਉਸ ਦੀ ਸੋਚ ਦੇ ਦਾਇਰੇ ਤੋਂ ਬਾਹਰ ਹੀ ਰਹਿੰਦਾ ਹੈ। ਬਿਲਕੁਲ ਇਹੀ ਕੁਝ ਟੀਕੇ ਲਗਾਉਣ ਵਾਲੇ ਸਿਹਤ ਕਰਮੀਆਂ ਉੱਤੇ ਵੀ ਲਾਗੂ ਹੁੰਦਾ ਹੈ। ਮਰੀਜ਼ਾਂ ਨਾਲ਼ ਮਨੁੱਖੀ ਸਰੋਕਾਰ ਬਹੁਤ ਹੱਦ ਤੱਕ ਮੈਡੀਕਲ ਕਿੱਤੇ ਵਿੱਚੋਂ ਗਾਇਬ ਹੋ ਚੁੱਕਾ ਹੈ, ਇਸ ਲਈ ਟੀਕੇ ਲਗਾਉਣ ਵੇਲ਼ੇ ਛੋਟੀਆਂ-ਛੋਟੀਆਂ ਸਾਵਧਾਨੀਆਂ ਅੱਖੋਂ ਪਰੋਖੇ ਹੁੰਦੀਆਂ ਹਨ ਅਤੇ ਸਿੱਟੇ ਵਜੋਂ ਟੀਕੇ ਜਾਨ ਦਾ ਖੌਅ ਬਣ ਗਏ ਹਨ।  

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 53, 1 ਮਈ 2016 ਵਿੱਚ ਪਰ੍ਕਾਸ਼ਤ

Advertisements