… ਤੇ ਹੁਣ ਫਿਰਕੂ ਬੁਜਦਿਲਾਂ ਵੱਲੋਂ ਪ੍ਰੋ. ਕਲਬੁਰਗੀ ਦਾ ਕਤਲ

images

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਭਾਰਤੀ ਸਮਾਜ ਦੀ ਪੋਰ-ਪੋਰ ਵਿੱਚ ਜਹਿਰ ਵਾਂਗ ਫੈਲਾ ਰਹੀਆਂ ਫਿਰਕੂ ਤਾਕਤਾਂ ਨੇ ਬੀਤੀ 30 ਅਗਸਤ ਨੂੰ ਇੱਕ ਹੋਰ ਅਗਾਂਹਵਧੂ ਲੇਖਕ ਪ੍ਰੋ. ਐੱਮ. ਐੱਮ. ਕਲਬੁਰਗੀ ਨੂੰ ਉਹਨਾਂ ਦੇ ਘਰ ਸਾਹਮਣੇ ਗੋਲ਼ੀ ਮਾਰਕੇ ਕਤਲ ਕਰ ਦਿੱਤਾ। ਕੰਨੜ ਦੇ ਪ੍ਰਸਿੱਧ ਲੇਖਕ, ਕੰਨੜ ਯੂਨੀਵਰਸਿਟੀ ਦੇ ਵੀ.ਸੀ. ਰਹਿ ਚੁੱਕੇ ਅਤੇ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਤ ਪ੍ਰੋ.ਐਮ.ਐਮ.ਕਲਬੁਰਗੀ ਨੇ ਆਪਣੀ ਲੇਖਣੀ ਰਾਹੀਂ ਸਮਾਜ ਵਿਚ ਫੈਲੇ, ਅੰਧ-ਵਿਸ਼ਵਾਸਾਂ, ਜਾਤ-ਪਾਤ ਅਤੇ ਹਿੰਦੁਵਾਦੀ ਕੱਟੜਪੰਥ ਨੂੰ ਨਿਸ਼ਾਨਾ ਬਣਾਇਆ ਜਿਸ ਕਾਰਨ ਉਹ ਫਿਰਕੂ ਤਾਕਤਾਂ ਦੀ ਅੱਖ ਵਿੱਚ ਰੜਕ ਜਹੇ ਸਨ। ਇਸ ਤਰ੍ਹਾਂ ਭਾਰਤ ਵਿਚਲੀਆਂ ਹਿੰਦੂਤਵੀ ਫਿਰਕੂ ਤਾਕਤਾਂ ਨੇ ਬੁਜ਼ਦਿਲੀ ਭਰੇ ਕਾਰਨਾਮਿਆਂ ਵਿੱਚ ਇੱਕ ਹੋਰ ਕਾਰਨਾਮਾ ਜੋੜ ਲਿਆ ਹੈ। ਇਸਦੇ ਨਾਲ਼ ਹੀ ਭਾਰਤ ਵਿੱਚ ਵਿਗਿਆਨਕ, ਅਗਾਂਹਵਧੂ, ਜਮਹੂਰੀ ਤੇ ਤਰਕਸ਼ੀਲ ਵਿਚਾਰਾਂ ਦੀ ਲਹਿਰ ਨੂੰ ਇੱਕ ਹੋਰ ਧੱਕਾ ਲੱਗਿਆ ਹੈ। ਇਹ ਕਤਲ ਸਭਨਾਂ ਅਗਾਂਹਵਧੂ, ਜਮਹੂਰੀ, ਤਰਕਸ਼ੀਲ ਤੇ ਇਨਕਲਾਬੀ ਤਾਕਤਾਂ ਲਈ ਇੱਕ ਵੰਗਾਰ ਬਣਿਆ ਹੈ।

ਭਾਰਤ ਦੇ ਸਿਆਸੀ ਮਹੌਲ ਤੋਂ ਜਾਣੂ ਹਰ ਵਿਅਕਤੀ ਪਿਛਲੇ ਸਾਲ ਫਿਰਕੂ ਤਾਕਤਾਂ ਵੱਲੋਂ ਨਰਿੰਦਰ ਡਾਬੋਲਕਰ ਤੇ ਇਸ ਸਾਲ ਕਾ. ਗੋਬਿੰਦ ਪਾਨਸਰੇ ਦੇ ਕਤਲ ਤੋਂ ਜਾਣੂ ਹੈ। ਮੌਜੂਦਾ ਸੰਸਾਰ ਵਿਆਪੀ ਆਰਥਿਕ ਸੰਕਟ ਦੇ ਮਹੌਲ ਵਿੱਚ ਭਾਰਤ ਵਿੱਚ ਫਿਰਕੂ-ਫਾਸੀਵਾਦ ਦੇ ਦਿਨੋਂ-ਦਿਨ ਵਧ ਰਹੇ ਖਤਰੇ ਬਾਰੇ ਕਾਫੀ ਕੁੱਝ ਲਿਖਿਆ ਜਾ ਰਿਹਾ ਹੈ। ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣਨ ਮਗਰੋਂ ਰਾਸ਼ਟਰੀ ਸਵੈਸੇਵਕ ਸੰਘ ਦੀ ਅਗਵਾਈ ਹੇਠ ਸੰਘੀ ਗੁੰਡਿਆਂ ਵੱਲੋਂ ਦੇਸ਼ ਭਰ ਵਿੱਚ ਫਿਰਕੂ ਜ਼ਹਿਰ ਫੈਲਾਉਣ ਦੀਆਂ ਘਟਨਾਵਾਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ ਤੇ ਫਿਰਕਾਪ੍ਰਸਤ ਤਾਕਤਾਂ ਹਰ ਖੇਤਰ ਵਿੱਚ ਦਿਨੋਂ-ਦਿਨ ਵਧੇਰੇ ਸਰਗਰਮ ਹੋ ਰਹੀਆਂ ਹਨ। ਦੇਸ਼ ਭਰ ਦੇ ਪਿੰਡਾਂ, ਸ਼ਹਿਰਾਂ, ਗਲ਼ੀਆਂ, ਮੁਹੱਲਿਆਂ ਵਿੱਚ ਸੰਘ ਦੀਆਂ ਸ਼ਾਖਾਵਾਂ ਤੇ ਸੰਸਥਾਵਾਂ ਦਾ ਜਾਲ਼ ਤੇਜੀ ਨਾਲ਼ ਫੈਲਦਾ ਜਾ ਰਿਹਾ ਹੈ ਜਿਨ੍ਹਾਂ ਦੀ ਪਹੁੰਚ ਬੱਚਿਆਂ ਤੋਂ ਲੈ ਕੇ ਬਜੁਰਗਾਂ ਤੱਕ ਹੈ। ਫਿਰਕੂ ਏਜੰਡੇ ਤਹਿਤ ਹੀ ਲਵ ਜਿਹਾਦ, ਘਰ-ਵਾਪਸੀ, ਯੋਗ ਦਿਵਸ ਅਤੇ ਬੀਫ ਉੱਤੇ ਪਾਬੰਦੀ ਜਿਹੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਸਿੱਖਿਆ, ਵਿਗਿਆਨ, ਇਤਿਹਾਸ ਅਤੇ ਸਿਨੇਮਾ ਨਾਲ਼ ਜੁੜੀਆਂ ਸੰਸਥਾਵਾਂ ਉੱਪਰ ਸੰਘ ਦੇ ਨੁਮਾਇੰਦੇ ਬਿਠਾਏ ਜਾ ਰਹੇ ਹਨ। ਲੋਕਾਂ ਵਿੱਚ ਧਾਰਮਿਕ ਵੰਡੀਆਂ ਤੇ ਫਿਰਕੂ ਹਿੰਸਾ ਦੀਆਂ ਘਟਨਾਵਾਂ ਵਧ ਰਹੀਆਂ ਹਨ। ਅਗਾਂਹਵਧੂ, ਜਮਹੂਰੀ ਤੇ ਤਰਕਸ਼ੀਲ ਲੇਖਕਾਂ, ਬੁੱਧੀਜੀਵੀਆਂ ਤੇ ਪੱਤਰਕਾਰਾਂ ਦੇ ਕਤਲ, ਉਹਨਾਂ ਨੂੰ ਚੁੱਪ ਕਰਵਾਉਣ ਦੀਆਂ ਕੋਸ਼ਿਸ਼ਾਂ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਸ਼ ਵਿੱਚ ਪਲ਼ ਰਹੀ ਇਸ ਸਮੁੱਚੀ ਫਿਰਕੂ ਸਿਆਸਤ ਦਾ ਹੀ ਅੰਗ ਹਨ।

ਇਤਿਹਾਸ ਗਵਾਹ ਹੈ ਕਿ ਸਭ ਫਿਰਕੂ, ਫਾਸੀਵਾਦੀ ਤਾਕਤਾਂ ਹਰ ਤਰ੍ਹਾਂ ਦੇ ਵਿਗਿਆਨਕ, ਅਗਾਂਹਵਧੂ ਤੇ ਜਮਹੂਰੀ ਵਿਚਾਰਾਂ ਦੀਆਂ ਵਿਰੋਧੀ ਹੁੰਦੀਆਂ ਹਨ। ਆਪਣੇ ਵਿਰੁੱਧ ਇਹ ਨਾ ਤਾਂ ਕਿਸੇ ਵੀ ਵਿਚਾਰ ਨੂੰ ਸਹਿਣ ਕਰ ਸਕਦੇ ਹਨ ਤੇ ਨਾ ਹੀ ਵਿਰੋਧੀ ਦੇ ਤਰਕਾਂ ਤੇ ਦਲੀਲਾਂ ਅੱਗੇ ਟਿਕ ਸਕਣ ਦੀ ਔਕਾਤ ਇਹਨਾਂ ਵਿੱਚ ਹੁੰਦੀ ਹੈ। ਇਸ ਲਈ ਵਿਰੋਧੀਆਂ ਦਾ ਕਤਲੇਆਮ ਤਾਂ ਇਹਨਾਂ ਫਾਸੀਵਾਦੀਆਂ ਦੀ ਆਮ ਕਾਇਰਾਨਾ ਨੀਤੀ ਹੈ। ਹਿਟਲਰ ਦੇ ਸਮੇਂ ਆਇਨਸਟੀਨ ਵਰਗੇ ਵਿਗਿਆਨੀ ਅਤੇ ਬ੍ਰੈਖ਼ਤ ਵਰਗੇ ਕਲਾਕਾਰ, ਕਵੀ ਤੇ ਨਾਟਕਕਾਰ ਆਦਿ ਨੂੰ ਆਪਣਾ ਜਰਮਨੀ ਦੇਸ਼ ਛੱਡਣਾ ਪਿਆ। ਸਪੇਨ ਦੇ ਫਾਸੀਵਾਦੀਆਂ ਨੇ ਲੋਰਕਾ ਵਰਗੇ ਕਵੀ ਦਾ ਕਤਲ ਕੀਤਾ। ਸਾਡੇ ਦੇਸ਼ ਵਿੱਚ ਵੀ ਖਾਲਿਸਤਾਨੀਆਂ ਹੱਥੋਂ ਪਾਸ਼, ਜੈਮਲ ਪੱਡਾ ਵਰਗੇ ਕਵੀ ਦਾ ਕਤਲ, ਡਾ. ਰਵੀ ਵਰਗੇ ਵਿਦਵਾਨ ਦਾ ਕਤਲ ਇਹਨਾਂ ਦੇ ਕਾਰਿਆਂ ਦੀਆਂ ਕੁਝ ਉਦਾਹਰਨਾਂ ਹਨ। ਮੌਜੂਦਾ ਸਮੇਂ ਭਾਰਤ ਵਿੱਚ ਹੋਏ ਇਹਨਾਂ ਤਿੰਨ ਵੱਡੇ ਕਤਲਾਂ ਤੋਂ ਬਿਨਾਂ ਅਨੇਕਾਂ ਲੇਖਕਾਂ, ਬੁੱਧੀਜੀਵੀਆਂ, ਪੱਤਰਕਾਰਾਂ ਤੇ ਸਮਾਜਕ ਕਾਰਕੁੰਨਾਂ ਨੂੰ ਚੁੱਪ ਕਰਾਉਣ ਲਈ ਸਾਜਿਸ਼ਾਂ ਘੜਨਾ, ਉਹਨਾਂ ਨੂੰ ਜਾਨੋਂ ਮਾਰਨ ਦੀਆਂ ਅਨੇਕਾਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਤਾਮਿਲ ਲੇਖਕ ਪੇਰੂਮਲ ਮੁਰੂਗਨ ਵੱਲੋਂ ਲਿਖਣਾ ਛੱਡਣ ਦਾ ਐਲਾਨ ਸਾਡੇ ਸਾਹਮਣੇ ਹੈ। ਪ੍ਰੋ. ਕਲਬੁਰਗੀ ਦੇ ਕਤਲ ਮਗਰੋਂ ਕੇ.ਐੱਸ. ਭਗਵਾਨ ਸਮੇਤ ਅਨੇਕਾਂ ਲੇਖਕਾਂ ਨੂੰ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ। ਇਸ ਦਹਿਸ਼ਤ ਦੇ ਮਹੌਲ ਵਿੱਚ ਕਈ ਲੇਖਕ, ਪੱਤਰਕਾਰ ਤੇ ਬੁੱਧੀਜੀਵੀ ਫਿਰਕੂ ਤਾਕਤਾਂ ਵਿਰੁੱਧ ਲਿਖਣਾ ਛੱਡ ਚੁੱਕੇ ਹਨ। ਹਿੰਦੀ ਦੇ ਨਿਊਜ਼ ਚੈਨਲ ਐੱਨ.ਡੀ.ਟੀ.ਵੀ. ਦੇ ਪ੍ਰਸਿੱਧ  ਪੱਤਰਕਾਰ, ਨਿਊਜ਼ ਐਂਕਰ ਰਵੀਸ਼ ਕੁਮਾਰ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।

ਭਾਵੇਂ ਇਹਨਾਂ ਸਭ ਲੇਖਕਾਂ, ਬੁੱਧੀਜੀਵੀਆਂ ਦੀ ਹਰ ਗੱਲ ਨਾਲ਼ ਸਾਡੀ ਸਹਿਮਤੀ ਨਾ ਹੋਵੇ ਤਾਂ ਵੀ ਉਹਨਾਂ ਨੂੰ ਆਪਣੇ ਵਿਚਾਰ ਪ੍ਰਗਟਾਉਣ ਦੀ ਅਜ਼ਾਦੀ ਦੇਣੀ ਚਾਹੀਦੀ ਹੈ। ਸਾਨੂੰ ਉਹਨਾਂ ਦੇ ਵਿਚਾਰਾਂ ਦੇ ਪ੍ਰਗਟਾਵੇ ਦੀ ਇਸ ਅਜ਼ਾਦੀ ਦੀ ਹਮਾਇਤ ਕਰਨੀ ਚਾਹੀਦੀ ਹੈ ਤੇ ਇਸ ਅਜ਼ਾਦੀ ਨੂੰ ਖੋਹੇ ਜਾਣ ਦੇ ਹਰ ਹੱਲੇ ਦਾ ਵਿਰੋਧ ਕਰਨਾ ਚਾਹੀਦਾ ਹੈ। ਹਰ ਵਿਰੋਧੀ ਵਿਚਾਰ ਦਾ ਜੁਆਬ ਦਲੀਲ ਨਾਲ਼ ਦਿੱਤਾ ਜਾਣਾ ਚਾਹੀਦਾ ਹੈ। ਪਰ ਇਹਨਾਂ ਫਿਰਕੂ ਤਾਕਤਾਂ ਤੋਂ ਕੋਈ ਅਜਿਹੀ ਉਮੀਦ ਨਹੀਂ ਰੱਖੀ ਜਾ ਸਕਦੀ ਕਿਉਂਕਿ ਇਹਨਾਂ ਦੀ ਸਮੁੱਚੀ ਤਾਕਤ ਝੂਠ, ਫਰੇਬ, ਮਿਥਿਹਾਸ, ਅੰਨ੍ਹੀ ਸ਼ਰਧਾ ਤੇ ਗੈਰ-ਵਿਗਿਆਨਕਤਾ ‘ਤੇ ਅਧਾਰਤ ਹੁੰਦੀ ਹੈ। ਇਸ ਲਈ ਸਭ ਫਿਰਕੂ ਤੇ ਪਿਛਾਖੜੀ ਤਾਕਤਾਂ ਵੀ ਜਾਣਦੀਆਂ ਹਨ ਕਿ ਕਿਸੇ ਸੰਜੀਦਾ ਬਹਿਸ-ਵਟਾਂਦਰੇ, ਤਰਕ ਤੇ ਦਲੀਲਬਾਜੀ ਦਾ ਮਤਲਬ ਉਹਨਾਂ ਦੀ ਮੌਤ ਹੈ। ਇਹਨਾਂ ਫਿਰੂਕ ਤਾਕਤਾਂ ਨੇ ਹਰ ਹੀਲੇ ਮਰਨਾ ਹੀ ਹੈ, ਪਰ ਇਹ ਲੋਕਾਂ ਦੇ ਪਛੜੇਵੇਂ, ਅਗਿਆਨਤਾ, ਗੈਰ-ਤਰਕਸ਼ੀਲਤਾ ਅਤੇ ਸਮਾਜ ਵਿੱਚ ਫੈਲੇ ਗੈਰ-ਜਮਹੂਰੀ ਸੱਭਿਆਚਾਰ, ਕਦਰਾਂ-ਕੀਮਤਾਂ ਦਾ ਫਾਇਦਾ ਲੈ ਕੇ ਆਪਣੀ ਮੌਤ ਨੂੰ ਕੁੱਝ ਸਮੇਂ ਲਈ ਟਾਲਦੀਆਂ ਰਹਿੰਦੀਆਂ ਹਨ। ਇਹ ਆਪਣੀ ਮੌਤ ਨੂੰ ਜਿੰਨਾ ਟਾਲ਼ਦੇ ਹਨ ਉਨੀ ਹੀ ਇਹਨਾਂ ਵਿੱਚ ਵਧੇਰੇ ਬੌਖਲਾਹਟ, ਬੁਜ਼ਦਿਲੀ ਵਧਦੀ ਜਾਂਦੀ ਹੈ। ਆਪਣੀ ਮੌਤ ਤੋਂ ਡਰਦੇ ਹੋਏ ਇਹ ਜੋ ਹੱਕ, ਸੱਚ ਦੀਆਂ ਲਿਖਣ ਵਾਲ਼ਿਆਂ ਨੂੰ ਮੌਤ ਵੰਡਦੇ ਹਨ ਉਸ ਨਾਲ ਇਹਨਾਂ ਦੀ ਮੌਤ ਹੋਰ ਨੇੜੇ ਹੁੰਦੀ ਜਾਂਦੀ ਹੈ। ਲੋਕਾਂ ਵਿਚਲੇ ਧਾਰਮਿਕ ਅੰਧਵਿਸ਼ਵਾਸਾਂ, ਪਛੜੇਵੇਂ, ਅਗਿਆਨਤਾ ਦੇ ਸਿਰ ਉੱਤੇ ਖੜੀਆਂ ਸਭ ਪਿਛਾਖੜੀ ਲਹਿਰਾਂ ਨੇ ਪੂਰੇ ਮਨੁੱਖੀ ਇਤਿਹਾਸ ਵਿੱਚ ਕਦੇ ਵੀ ਵਿਗਿਆਨਕ ਵਿਚਾਰਾਂ ਨਾਲ ਸਿੱਧੇ ਮੱਥੇ ਟੱਕਰਨ ਦੀ ਜ਼ੁਰਅੱਤ ਨਹੀਂ ਵਿਖਾਈ। ਮੱਧਯੁੱਗ ਵਿੱਚ ਵੀ ਇਹਨਾਂ ਨੇ ਬਰੂਨੋ ਨੂੰ ਸਾੜਿਆ ਪਰ ਸੱਚ ਆਪਣੀ ਥਾਂ ਅਟੱਲ ਰਿਹਾ। ਕਾਪਰਨਿਕਸ ਤੇ ਗੈਲੀਲੀਓ ਨੂੰ ਵੀ ਚੁੱਪ ਕਰਵਾਇਆ ਗਿਆ ਪਰ ਤਾਂ ਵੀ ਧਰਤੀ ਨੇ ਸੂਰਜ ਦੁਆਲ਼ੇ ਘੁੰਮਣਾ ਜਾਰੀ ਰੱਖਿਆ। ਇਹ ਫਿਰਕੂ ਤਾਕਤਾਂ ਅੱਜ ਵੀ ਭਾਵੇ ਜਿੰਨੇ ਮਰਜ਼ੀ ਡਾਬੋਲਕਰ, ਕਲਬੁਰਗੀ ਵਰਗਿਆਂ ਦੇ ਕਤਲ ਕਰ ਲੈਣ ਪਰ ਵਿਗਿਆਨ ਤੇ ਸੱਚਾਈ ਨੂੰ ਕਦੇ ਦਬਾਇਆ ਨਹੀਂ ਜਾ ਸਕੇਗਾ। ਉਹਨਾਂ ਦੀ ਕਟਾਰ ਧੜ ਨਾਲੋਂ ਸਿਰ ਲਾਹ ਸਕਦੀ ਹੈ ਪਰ ਵਿਚਾਰ ਉਹਨਾਂ ਦਾ ਮੂੰਹ ਚਿੜਾਉਂਦੇ ਹੋਏ ਬਚੇ ਰਹਿੰਦੇ ਹਨ ਤੇ ਹੋਰ ਮਜ਼ਬੂਤ ਹੁੰਦੇ ਜਾਂਦੇ ਹਨ।

ਭਾਵੇਂ ਅੰਤ ਨੂੰ ਭਾਰਤ ਦੀਆਂ ਇਹਨਾਂ ਫਿਰਕੂ ਤਾਕਤਾਂ ਨੇ ਵੀ ਇਤਿਹਾਸ ਦੀਆਂ ਸਭ ਫਾਸੀਵਾਦੀ, ਪਿਛਾਖੜੀ ਤਾਕਤਾਂ ਵਾਂਗ ਇਤਿਹਾਸ ਦੇ ਕੂੜੇਦਾਨ ਵਿੱਚ ਦਫਨ ਹੋਣਾ ਹੈ, ਪਰ ਇਤਿਹਾਸ ਵਾਂਗ ਹੀ ਉਹਨਾਂ ਦਾ ਇਹ ਸਫਰ ਆਪਣੇ-ਆਪ ਨੇਪਰੇ ਨਹੀਂ ਚੜ੍ਹਨ ਲੱਗਾ। ਅੱਜ ਫੇਰ ਵਿਗਿਆਨ, ਤਰਕਸ਼ੀਲਤਾ ਤੇ ਜਮਹੂਰੀਅਤ ਉੱਤੇ ਡਟਵਾਂ ਪਹਿਰਾ ਦੇਣ ਤੇ ਮਨੁੱਖਤਾ ਦੀ ਬਿਹਤਰੀ ਵਿੱਚ ਯਕੀਨ ਰੱਖਣ ਵਾਲ਼ੇ ਲੋਕਾਂ ਨੂੰ ਇੱਕਜੁੱਟ ਤਾਕਤ ਰਾਹੀਂ ਇਹਨਾਂ ਦਾ ਮੂੰਹ ਭੰਨਣਾ ਪਵੇਗਾ। ਇਹ ਫਿਰਕੂ ਤਾਕਤਾਂ ਜਿੰਨੇ ਵੱਡੇ ਪੱਧਰ ‘ਤੇ ਜਥੇਬੰਦ ਹੋਕੇ ਜ਼ੋਰਦਾਰ ਹੱਲਾ ਬੋਲ ਰਹੀਆਂ ਹਨ, ਇਸ ਮਹੌਲ ਵਿੱਚ ਦੇਸ਼ ਦੀਆਂ ਅਗਾਂਹਵਧੂ, ਜਮਹੂਰੀ ਤੇ ਇਨਕਲਾਬੀ ਤਾਕਤਾਂ ਦਾ ਫਿਰਕੂ ਤਾਕਤਾਂ ਵਿਰੁੱਧ ਇੱਕ ਸਾਂਝਾ ਦੇਸ਼ ਵਿਆਪੀ ਮੋਰਚਾ ਸਮੇਂ ਦੀ ਅਣਸਰਦੀ ਲੋੜ ਹੈ। ਅਜਿਹੇ ਜੁਝਾਰੂ ਤੇ ਫੌਲਾਦੀ ਮੋਰਚੇ ਸਦਕਾ ਹੀ ਇਸ ਵਧੇ ਰਹੇ ਫਿਰਕੂ-ਫਾਸੀਵਾਦ ਦੇ ਖਤਰੇ ਨੂੰ ਨੱਥ ਪਾ ਕੇ ਵਿਗਿਆਨ ਤੇ ਸੱਚਾਈ ਦੀ ਜਿੱਤ ਯਕੀਨੀ ਬਣਾਈ ਜਾ ਸਕਦੀ ਹੈ। ਸਾਨੂੰ ਉਮੀਦ ਹੈ ਕਿ ਅੱਜ ਦੀ ਮਨੁੱਖਤਾ ਦੇ ਜੁਝਾਰੂ ਯੋਧੇ ਇਸ ਵੰਗਾਰ ਨੂੰ ਪ੍ਰਵਾਨ ਕਰਦੇ ਹੋਏ ਇਸ ਲੜਾਈ ਨੂੰ ਅੱਗੇ ਵਧਾਉਣਗੇ ਤੇ ਮਨੁੱਖਤਾ ਆਪਣੇ ਮੱਥੇ ਤੋਂ ਇਹ ਗੰਦਗੀ ਹੂੰਝਦੀ ਹੋਈ ਬਿਹਤਰ ਭਵਿੱਖ ਵੱਲ ਅੱਗੇ ਵਧੇਗੀ। ਇਤਿਹਾਸ ਤੇ ਵਿਗਿਆਨ ਇਸ ਗੱਲ ਦੀ ਸ਼ਾਹਦੀ ਭਰਦੇ ਹਨ ਕਿ ਮਨੁੱਖਤਾ ਦੇ ਭਵਿੱਖ ਦਾ ਇਹੋ ਇੱਕੋ-ਇੱਕ ਅਟੱਲ ਰਾਹ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 44, ਅਕਤੂਬਰ 2015 ਵਿਚ ਪਰ੍ਕਾਸ਼ਤ

Advertisements