ਤਕਨੀਕੀ ਸਿੱਖਿਆ ਦੇ ਭਗਵੇਂਕਰਨ ਦੀ ਨਵੀਂ ਯੋਜਨਾ •ਗੁਰਪ੍ਰੀਤ

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਦੇਸ਼ ਦੀ ਸਿੱਖਿਆ ਨੂੰ ਭਗਵੀਂ ਰੰਗਤ ਵਿੱਚ ਰੰਗਣ ਲੱਗੀ ਭਾਜਪਾ ਤੇ ਰਾਸ਼ਟਰੀ ਸੈਵਸੇਵਕ ਸੰਘ ਦੀ ਜੁੰਡਲੀ ਨੇ ਇਹਨਾਂ ਕੁਕਰਮਾਂ ਵਿੱਚ ਇੱਕ ਹੋਰ ਵਾਧਾ ਕੀਤਾ ਹੈ। ਦੇਸ਼ ਭਰ ਵਿੱਚ ਤਕਨੀਕੀ ਸਿੱਖਿਆ ਦੇ ਸੰਚਾਲਨ ਲਈ ਬਣੀ ਸੰਸਥਾ ‘ਆਲ ਇੰਡੀਆ ਕਾਉਂਸਲ ਫਾਰ ਟੈਕਲੀਨਕਲ ਐਜੂਕੇਸ਼ਨ’ (ਏਆਈਸੀਟੀਈ) ਨੇ ਪਿਛਲੇ ਸਮਿਆਂ ਵਿੱਚ ਇੱਕ ਨਵਾਂ ਫੈਸਲਾ ਲਿਆ ਹੈ। ਇਸ ਫੈਸਲੇ ਮੁਤਾਬਕ ਹੁਣ ਇੰਜਨੀਅਰਿੰਗ ਦੇ ਵਿਦਿਆਰਥੀਆਂ ਦੇ ਪਾਠਕ੍ਰਮ ਵਿੱਚ ਵੇਦਾਂ ਤੇ ਪੁਰਾਣਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਹ ਫੈਸਲਾ 2018-19 ਤੋਂ ਸ਼ੁਰੂ ਹੋ ਰਹੇ ਨਵੇਂ ਅਕਾਦਮਿਕ ਸਾਲ ਤੋਂ ਲਾਗੂ ਕੀਤਾ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਇਸ ਨਾਲ਼ ਵਿਦਿਆਰਥੀ ਰਵਾਇਤੀ ਭਾਰਤੀ ਗਿਆਨ, ਫਲਸਫਾ, ਯੋਗ ਨੂੰ ਜਾਨਣਗੇ ਅਤੇ ਆਧੁਨਿਕ ਵਿਗਿਆਨ ਨੂੰ ਭਾਰਤੀ ਨਜ਼ਰੀਏ ਤੋਂ ਦੇਖਣਾ ਸਿੱਖਣਗੇ। ਮਨੁੱਖੀ ਸ੍ਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੇਦਕਰ ਨੇ ਇਹ ਕਹਿ ਕੇ ਇਸਨੂੰ ਹਰੀ ਝੰਡੀ ਦਿੱਤੀ ਹੈ ਕਿ “ਸੋਧਿਆ ਹੋਇਆ ਸਿਲੇਬਸ ਹਰ ਵਿਦਿਆਰਥੀ ਦਾ ਹੱਕ ਹੈ।”

ਅਸਲ ਵਿੱਚ ਰਾਸ਼ਟਰੀ ਸਵੈਸੇਵਕ ਸੰਘ ਦਾ ਮੁੱਢ ਤੋਂ ਹੀ ਨਿਸ਼ਾਨਾ ਰਿਹਾ ਹੈ ਕਿ ਵਿਦਿਆਰਥੀਆਂ ਨੂੰ ਅਗਾਂਹਵਧੂ, ਵਿਗਿਆਨਕ ਕਦਰਾਂ ਵਾਲ਼ੀ ਸਿੱਖਿਆ ਦੀ ਥਾਂ ਆਪਣੇ ਮਿਥਿਹਾਸ, ਝੂਠਾਂ ਤੇ ਫਿਰਕੂ ਨਫ਼ਰਤ ਵਾਲ਼ੀ ਸਿੱਖਿਆ ਦਿੱਤੀ ਜਾਵੇ ਤਾਂ ਜੋ ਅਜਿਹੀਆਂ ਪੀੜ੍ਹੀਆਂ ਤਿਆਰ ਹੋਣ ਜੋ ਬਚਪਨ ਤੋਂ ਹੀ ਇਹਨਾਂ ਗੱਲਾਂ ਨੂੰ ਸੁਣਦੀ-ਪੜ੍ਹਦੀ ਆਈ ਹੋਵੇ ਤੇ ਇਹਨਾਂ ਉੱਪਰ ਪੂਰੀ ਤਰ੍ਹਾਂ ਯਕੀਨ ਕਰੇ। ਸੰਘ ਦੀਆਂ ਵਿੱਦਿਆ ਭਾਰਤੀ, ਏਕਲ ਵਿਦਿਆਲਿਆ ਮੰਦਰ ਜਿਹੀਆਂ ਸੰਸਥਾਵਾਂ ਵਿੱਚ ਇਸੇ ਕਿਸਮ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇਸ ਸਿੱਖਿਆ ਵਿੱਚ ਮੁਸਲਮਾਨਾਂ, ਇਸਾਈਆਂ ਤੇ ਕਮਿਊਨਿਸਟਾਂ ਨੂੰ ਵਿਦੇਸ਼ੀ ਹਮਲਵਾਰ ਦੱਸਿਆ ਜਾਂਦਾ ਹੈ ਜਿਹਨਾਂ ਨੇ ਭਾਰਤੀ ਸੱਭਿਅਤਾ ਨੂੰ ਤਬਾਹ ਕੀਤਾ ਹੈ। ਮਨੂੰ ਸਿਮ੍ਰਤੀ ਇਹਨਾਂ ਦੇ ਗਿਆਨ ਦਾ ਅਹਿਮ ਗ੍ਰੰਥ ਹੈ ਜਿਸ ਮੁਤਾਬਕ ਜਾਤਪਾਤੀ ਢਾਂਚਾ ਚੰਗੀ ਚੀਜ਼ ਹੈ ਤੇ ਭਾਰਤੀ ਸਮਾਜ ਦੀ ਲੋੜ ਹੈ ਅਤੇ ਔਰਤਾਂ ਨੂੰ ਘਰ ਵਿੱਚ ਪਤੀ ਦੀ ਸੇਵਾ ਕਰਨ ਤੇ ਚੁੱਲ੍ਹਾ-ਚੌਂਕਾ ਸਾਂਭਣ ਦਾ ਹੀ ਕੰਮ ਕਰਨਾ ਚਾਹੀਦਾ ਹੈ ਤੇ ਬਾਹਰ ਨਹੀਂ ਨਿੱਕਲਣਾ ਚਾਹੀਦਾ। ਸੰਘ ਇਹ ਸਿਫਾਰਿਸ਼ ਵੀ ਕਰਦਾ ਹੈ ਕਿ ਪੰਜਵੀ ਤੋਂ ਬਾਅਦ ਮੁੰਡਿਆਂ ਤੇ ਕੁੜੀਆਂ ਲਈ ਵੱਖਰਾ ਪਾਠਕ੍ਰਮ ਹੋਣਾ ਚਾਹੀਦੀ ਹੈ ਜਿਸ ਵਿੱਚ ਮੁੰਡਿਆਂ ਨੂੰ ਹਰ ਤਰ੍ਹਾਂ ਦੀ ਪੜ੍ਹਾਈ ਕਰਵਾਈ ਜਾਣੀ ਚਾਹੀਦੀ ਹੈ ਤੇ ਕੁੜੀਆਂ ਲਈ ਸਿਰਫ ਘਰ ਸਾਂਭਣ ਦੀ ਹੀ ਸਿੱਖਿਆ ਹੋਵੇ। ਸੰਘ ਦੇ ਸਿੱਖਿਆ ਢਾਂਚੇ ਨੂੰ ਹੋਰ ਡੂੰਘਾਈ ਵਿੱਚ ਸਮਝਣ ਲਈ ਕੋਈ ਇਹਨਾਂ ਦੇ ਸਿੱਖਿਆ ਨੀਤੀਘਾੜੇ ਦੀਨਾ ਨਾਥ ਬੱਤਰਾ ਦੀਆਂ ਕਿਤਾਬਾਂ ਪੜ੍ਹ ਸਕਦਾ ਹੈ। ਜਦੋਂ ਵੀ ਕੇਂਦਰ ਵਿੱਚ ਸੰਘ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲ਼ਿਆ ਹੈ ਤਾਂ ਇਸਨੇ ਸਿੱਖਿਆ ਨੂੰ ਆਪਣੀ ਰੰਗਤ ਵਿੱਚ ਢਾਲਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। 1999 ਵਿੱਚ ਵਾਜਪਈ ਦੀ ਗੱਠਜੋੜ ਸਰਕਾਰ ਵੇਲੇ ਵੀ ਅਜਿਹੇ ਯਤਨ ਕਾਫੀ ਕੀਤੇ ਗਏ ਸਨ। ਪਰ 2014 ਵਿੱਚ ਭਾਜਪਾ ਬਹੁਮਤ ਨਾਲ਼ ਕੇਂਦਰੀ ਸੱਤ੍ਹਾ ਵਿੱਚ ਆਈ ਤਾਂ ਉਦੋਂ ਤੋਂ ਸਿੱਖਿਆ ਦੇ ਭਗਵੇਂਕਰਨ ਦੇ ਇਹ ਯਤਨ ਹੋਰ ਤੇਜ਼ ਹੋ ਗਏ ਹਨ। ਸੱਤ੍ਹਾ ਜਿੱਤਣ ਮਗਰੋਂ ਸਿੱਖਿਆ, ਇਤਿਹਾਸ ਤੇ ਵਿਗਿਆਨ ਜਿਹੀਆਂ ਸੰਸਥਾਵਾਂ ਵਿੱਚ ਸੰਘ ਦੀ ਵਿਚਾਰਧਾਰਾ ਵਾਲ਼ੇ ਵਿਅਕਤੀਆਂ ਨੂੰ ਬਿਠਾਇਆ ਗਿਆ ਹੈ। ਜਦੋਂ ਮਨੁੱਖੀ ਸ੍ਰੋਤ ਵਿਕਾਸ ਮੰਤਰੀ ਸਮਿ੍ਰਤੀ ਇਰਾਨੀ ਬਣੀ ਸੀ ਤਾਂ ਉਸਨੇ ਵੀ ਸਿੱਖਿਆ ਨੂੰ “ਹੋਰ ਵੱਧ ਭਾਰਤੀਕਰਨ, ਕੌਮੀਕਰਨ ਤੇ ਅਧਿਆਤਮੀਕਰਨ” ਦੇ ਨਾਮ ’ਤੇ ਸਿੱਖਿਆ ਦੇ ਭਗਵੇਂਕਰਨ ਦੀ ਨਵੇਂ ਸਿਰਿਓਂ ਸ਼ੁਰੂਆਤ ਦਾ ਰਾਹ ਖੋਲ੍ਹ ਦਿੱਤਾ ਸੀ। ਭਾਰਤੀ ਇਤਿਹਾਸ ਖੋਜ ਪ੍ਰੀਸ਼ਦ ਦਾ ਮੁਖੀ ਸੁਦਰਸ਼ਨ ਰਾਓ ਅਤੇ ਫਿਲਮ ਐਂਡ ਟੈਲੀਵਿਜ਼ਨ ਇੰਸੀਚਿਊਟਸ ਆਫ ਇੰਡੀਆ ਦਾ ਮੁਖੀ ਗਜੇਂਦਰ ਚੌਹਾਨ ਨੂੰ ਲਾਉਣ ਦਾ ਵੀ ਇਸੇ ਕਾਰਨ ਵਿਵਾਦ ਰਿਹਾ ਹੈ। 2014 ਬਾਅਦ ਰਾਜਸਥਾਨ ਸਮੇਤ ਵੱਖ-ਵੱਖ ਪਾਠਕ੍ਰਮਾਂ ਵਿੱਚ ਸਿੱਖਿਆ ਨੂੰ ਫਿਰਕੂ ਰੰਗਤ ਦੇਣ ਵਾਲ਼ੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ।

ਤਕਨੀਕੀ ਸਿੱਖਿਆ ਦੇ ਭਗਵੇਂਕਰਨ ਦੀ ਇਹ ਕੋਸ਼ਿਸ਼ ਵੀ ਇਹਨਾਂ ਸਭ ਯਤਨਾ ਦਾ ਹੀ ਅਗਲਾ ਹਿੱਸਾ ਹੈ। ਜਿਸ ਰਵਾਇਤੀ ਭਾਰਤੀ ਗਿਆਨ ਤੇ ਆਧੁਨਿਕ ਵਿਗਿਆਨ ਨੂੰ ਭਾਰਤੀ ਨਜ਼ਰੀਏ ਨਾਲ਼ ਦੇਖਣ ਦੇ ਦਾਅਵੇ ਕੀਤੇ ਜਾ ਰਹੇ ਹਨ ਉਸਦੇ ਕਈ ਨਮੂਨੇ ਪਹਿਲਾਂ ਹੀ ਸਾਹਮਣੇ ਆਏ ਹਨ। 2015 ਦੀ ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ ਦੇ ਕੌਮੀ ਸਮਾਗਮ ਵਿੱਚ ਵੈਦਿਕ ਵਿਗਿਆਨ ਦੇ ਨਾਮ ਉੱਪਰ ਕਿਹਾ ਗਿਆ ਕਿ ਭਾਰਤ ਵਿੱਚ 7000 ਸਾਲ ਪਹਿਲਾਂ 40,000 ਵਰਗ ਫੁੱਟ ਦੇ ਜਹਾਜ ਉੱਡਦੇ ਸਨ ਜੋ ਚਾਰੇ ਦਿਸ਼ਾਵਾਂ ਵਿੱਚ ਉੱਡਦੇ ਸਨ ਤੇ ਗਊ ਦੇ ਮੂਤ ਨਾਲ਼ ਚਲਦੇ ਸਨ। ਇਹ ਜਹਾਜ ਚੰਦ ਤੇ ਹੋਰ ਗ੍ਰਹਿਾਂ ਉੱਪਰ ਵੀ ਚਲੇ ਜਾਂਦੇ ਸਨ। ਤਕਨੀਕੀ ਮੰਤਰੀ ਹਰਸ਼ਵਰਧਨ ਨੇ ਛੁਰਲੀ ਛੱਡੀ ਕਿ ਪਾਈਥਾਗੋਰਸ ਯੂਨਾਨੀਆਂ ਦੀ ਨਹੀਂ ਸਗੋਂ ਭਾਰਤੀਆਂ ਦੀ ਖੋਜ ਹੈ ਜੋ ਅਸੀਂ ਉਹਨਾਂ ਨੂੰ ਦਿੱਤੀ ਹੈ। ਖੁਦ ਪ੍ਰਧਾਨ ਮੰਤਰੀ ਮੋਦੀ ਨੇ ਵੀ “ਵੈਦਿਕ ਵਿਗਿਆਨ” ਦਾ ਨਮੂਨਾ ਦਿੰਦਿਆਂ ਕਿਹਾ ਸੀ ਕਿ ਭਾਰਤ ਵਿੱਚ ਪੁਰਾਤਨ ਵੇਲਿਆਂ ਵਿੱਚ ਹੀ ਸਰਜਰੀ ਹੁੰਦੀ ਸੀ ਤੇ ਗਣੇਸ਼ ਇਸਦਾ ਸਬੂਤ ਹੈ।  ਦੀਨਾ ਨਾਥ ਬੱਤਰਾ ਦੀ ਕਿਤਾਬ ‘ਤੇਜਮਈ ਭਾਰਤ’ ਵਿੱਚ “ਆਧੁਨਿਕ ਵਿਗਿਆਨ ਨੂੰ ਭਾਰਤੀ ਨਜ਼ਰੀਏ ਨਾ’ ਦੇਖਣ” ਦੇ ਕਈ ਨਮੂਨੇ ਹਨ। ਮਿਸਾਲ ਵਜੋਂ ਸਟੈਮ ਸੈੱਲ (ਬੱਚਾ ਪੈਦਾ ਕਰਨ ਦੀ ਮਨਸੂਈ ਵਿਧੀ) ਦੀ ਖੋਜ ਦਾ ਸਿਹਰਾ ਅਮਰੀਕੀਆਂ ਨੂੰ ਜਾਂਦਾ ਹੈ ਪਰ ਇਹ ਖੋਜ ਪਹਿਲਾਂ ਭਾਰਤ ਦੇ ਡਾਕਟਰ ਬਾਲਕਿ੍ਰਸ਼ਨ ਗਣਪਤ ਨੇ ਕੀਤੀ ਤੇ ਉਸਨੇ ਵੀ ਅੱਗੇ ਮਹਾਂਭਾਰਤ ਤੋਂ ਪ੍ਰੇਰਣਾ ਲਈ। ਮਹਾਂਭਾਰਤ ਵਿੱਚ ਕੁੰਤੀ ਦੇ ਪੁੱਤਰ (ਕੌਰਵ) ਇਸੇ ਵਿਧੀ ਰਾਹੀਂ ਪੈਦਾ ਹੋਏ ਸਨ। ਇਸੇ ਕਿਤਾਬ ਮੁਤਾਬਕ ਭਾਰਤੀ ਰਿਸ਼ੀ ਆਪਣੀ ਯੋਗ ਵਿੱਦਿਆ ਨਾਲ਼ “ਦੈਵੀ ਨਜ਼ਰ” ਹਾਸਲ ਕਰ ਲੈਂਦੇ ਸਨ। ਮਹਾਂਭਾਰਤ ‘ਚ ਰਿਸ਼ੀ ਸੰਜੇ ਹਸਤਿਨਾਪੁਰ ਦੇ ਮਹਿਲਾਂ ’ਚ ਬੈਠਾ “ਦੈਵੀ ਨਜ਼ਰ” ਨਾਲ਼ ਅੰਨ੍ਹੇ ਧਿ੍ਰਤਰਾਸ਼ਟਰ ਲਈ ਮਹਾਂਭਾਰਤ ਦੇ ਯੁੱਧ ਦਾ ‘ਸਿੱਧਾ ਪ੍ਰਸਾਰਣ’ ਕਰਦਾ ਸੀ। ਇਸੇ ਤੋਂ ਟੈਲੀਵਿਜ਼ਨ ਦੀ ਖੋਜ ਹੋਈ ਹੈ। ਹੋਰ ਸੁਣੋ, ਭਾਰਤ ਵਿੱਚ ਉਹ ਵੈਦਿਕ ਯੁੱਗ ਵਿੱਚ ਹੀ  ਕਾਰਾਂ ਮੌਜੂਦ ਸਨ ਤੇ ਉਹਨਾਂ ਨੂੰ ‘ਅਨਸ਼ਵ ਰਥ’ ਕਹਿੰਦੇ ਸਨ ਤੇ ਇਹ ਰਥ ਬਾਕੀ ਰਥਾਂ ਦੇ ਉਲਟ ਬਿਨ੍ਹਾਂ ਘੋੜਿਆਂ ਤੋਂ ਚਲਦੇ ਸਨ। ਇੱਕ ਸੰਘੀ “ਵਿਦਵਾਨ” ਨੇ ਤਾਂ ਪੁਰਾਤਨ ਭਾਰਤ ’ਚ ਪ੍ਰਮਾਣੂ ਰਿਐਕਟਰ ਹੀ “ਲੱਭ” ਲਿਆ, ਉੱਤੋਂ ਉਸਦਾ ਦਾਅਵਾ ਹੈ ਕਿ ਪ੍ਰਮਾਣੂ ਰਿਐਕਟਰ ਸ਼ਿਵਲਿੰਗ ਦੀ ਨਕਲ ਕਰਕੇ ਬਣਾਇਆ ਗਿਆ ਹੈ। ਇਸ ਤਰ੍ਹਾਂ ਦੇ ਗਪੌੜਾਂ ਦਾ ਚਿੱਠਾ ਕਾਫੀ ਵੱਡਾ ਹੈ ਤੇ ਹੁਣ ਤਕਨੀਕੀ ਸਿੱਖਿਆ ਵਿੱਚ ਇਹਨਾਂ ਨੂੰ ਬਾਕਾਇਦਾ ਤੌਰ ’ਤੇ ਸ਼ਾਮਲ ਕੀਤਾ ਜਾ ਰਿਹਾ ਹੈ।

ਮਸਲਾ ਇਹ ਨਹੀਂ ਕਿ ਵੇਦ ਤੇ ਪੁਰਾਣ ਕਿਸੇ ਨੂੰ ਪੜ੍ਹਨੇ ਨਹੀਂ ਚਾਹੀਦੇ। ਬੇਸ਼ੱਕ ਇਹ ਪੜ੍ਹੇ ਜਾਣੇ ਚਾਹੀਦੇ ਹਨ ਪਰ ਸਵਾਲ ਹੈ ਕਿ ਕਿਸ ਨਜ਼ਰੀਏ ਨਾਲ਼ ਪੜ੍ਹੇ ਜਾਣ ਤੇ ਇਹਨਾਂ ਦੀ ਵਿਆਖਿਆ ਕਿਵੇਂ ਕੀਤੀ ਜਾਵੇ। ਵੇਦ ਤੇ ਪੁਰਾਣ ਸਾਡੇ ਦੇਸ਼ ਦੀ ਵਿਰਾਸਤ ਦਾ ਹਿੱਸਾ ਹਨ ਤੇ ਇਹ ਉਸ ਵੇਲੇ ਦੇ ਸਮੇਂ ਨੂੰ ਸਮਝਣ ਲਈ ਤੇ ਉਸ ਵੇਲੇ ਦੇ ਇਤਿਹਾਸ ਦੀ ਸਹੀ ਢੰਗ ਨਾਲ਼ ਮੁੜ-ਪੇਸ਼ਕਾਰੀ ਕੀਤੇ ਜਾਣ ਲਈ ਅਹਿਮ ਦਸਤਾਵੇਜ਼ੀ ਸਮੱਗਰੀ ਹਨ। ਪਰ ਰਾਸ਼ਟਰੀ ਸਵੈਸੇਵਕ ਸੰਘ ਜਿਸ ਤਰ੍ਹਾਂ ਵੇਦਾਂ, ਪੁਰਾਣਾ ਦੀ ਵਿਆਖਿਆ ਕਰਦਾ ਹੈ ਉਸਦੇ ਅਧਾਰ ’ਤੇ ਉੱਪਰੋਕਤ ਕੁੱਝ ਨਮੂਨੇ ਸਾਡੇ ਸਾਹਮਣੇ ਹਨ। ਉਂਝ ਵੀ ਤਕਨੀਕੀ ਸਿੱਖਿਆ ਨਾਲ਼ ਇਹਨਾਂ ਦਾ ਸਿੱਧਾ-ਸਿੱਧਾ ਕੋਈ ਸਬੰਧ ਨਹੀਂ ਹੈ। ਭਾਰਤ ਵਿੱਚ ਤਕਨੀਕੀ ਸਿੱਖਿਆ ਦੀਆਂ 3000 ਤੋਂ ਵੱਧ ਸੰਸਥਾਵਾਂ ਹਨ ਜੋ ਹਰ ਸਾਲ ਕਰੀਬ 7 ਲੱਖ ਇੰਜੀਨਿਅਰ ਪੈਦਾ ਕਰਦੀਆਂ ਹਨ। ਇੰਝ ਪਾਠਕ੍ਰਮਾਂ ਦੀ ਇਸ ਨਵੀਂ ਸੋਧ ਰਾਹੀਂ ਹਰ  ਸਾਲ 7,00,000 ਦਿਮਾਗਾਂ ਨੂੰ ਫਿਰਕੂ ਜਹਿਰ  ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅੱਜ ਮਿਥਿਹਾਸ ਤੇ ਵਿਗਿਆਨ ਦੇ ਨਾਮ ’ਤੇ ਬੋਲੇ ਜਾਂਦੇ ਜਿਹੜੇ ਝੂਠਾਂ ਉੱਪਰ ਇੱਕ ਪੜ੍ਹਿਆ-ਲਿਖਿਆ ਵਿਅਕਤੀ ਹੱਸੇਗਾ ਜਦੋਂ ਇਹੀ ਝੂਠ ਸਿਲੇਬਸਾਂ ਵਿੱਚ ਸ਼ਾਮਲ ਕੀਤੇ ਜਾਣਗੇ ਤਾਂ ਉਹ ਇਹਨਾਂ ਨੂੰ ਵੀ ਬਾਕੀ ਵਿਗਿਆਨਕ ਸੱਚਾਈਆਂ ਵਾਂਗ ਮੰਨਣਗੇ ਤੇ ਇਹਨਾਂ ਤੋਂ ਇਨਕਾਰ ਕਰਨ ਵਾਲ਼ੇ ਲੋਕਾਂ ਉੱਪਰ ਹੱਸਣਗੇ।

ਭਾਰਤ ਦੀ ਸੰਕਟਗ੍ਰਸਟ ਹਾਕਮ ਜਮਾਤ ਨੇ ਇਸ ਸੰਕਟ ਦੇ ਦੌਰ ਵਿੱਚ ਜੋ ਫਾਸੀਵਾਦੀ ਬਦਲ ਚੁਣਿਆ ਹੈ ਉਸ ਲਈ ਇਹ ਜਰੂਰੀ ਹੈ ਕਿ ਆਪਣੇ ਵਿਚਾਰਾਂ ਦੇ ਪ੍ਰਚਾਰ ਰਾਹੀਂ ਆਪਣਾ ਵਿਸ਼ਾਲ ਸਮਾਜਿਕ ਅਧਾਰ ਤਿਆਰ ਕਰੇ ਤੇ ਆਮ ਲੋਕਾਂ ਵਿੱਚ ਹਰ ਤਰ੍ਹਾਂ ਦੀ ਵਿਗਿਆਨਕ ਤਰਕਸ਼ੀਲਤਾ  ਤੇ ਸਿਆਸੀ ਸੂਝ ਪੈਦਾ ਹੋਣ ਤੋਂ ਰੋਕੇ ਕਿਉਂਕਿ ਵਿਗਿਆਨ ਤਰਕਸ਼ੀਲਤਾ ਅੱਗੇ ਇਹਨਾਂ ਦੇ ਝੂਠ ਦੇ ਮਹਿਲ ਢਹਿ ਜਾਂਦੇ ਹਨ ਤੇ ਸਿਆਸੀ ਸੂਝ ਅੱਗੇ ਇਹਨਾਂ ਦੇ ਝੂਠੇ ਮਹਿਲਾਂ ਪਿਛਲੇ ਮਨਸ਼ੇ ਸਾਫ ਹੋ ਜਾਂਦੇ ਹਨ। ਇਸ ਕਰਕੇ ਸਿੱਖਿਆ ਦੇ ਭਗਵੇਂਕਰਨ ਰਾਹੀਂ ਨੌਜਵਾਨ ਦਿਮਾਗਾਂ ਨੂੰ ਅਪਾਹਿਜ ਕਰਨ ਤੇ ਆਮ ਲੋਕਾਂ ਨੂੰ ਅੰਧ-ਵਿਸ਼ਵਾਸ਼ਾਂ ਤੇ ਪੱਛੜੀਆਂ ਕਦਰਾਂ-ਕੀਮਤਾਂ ਦੀ ਜਕੜ ਵਿੱਚ ਬੰਨ੍ਹੀ ਰੱਖਣ ਦੇ ਯਤਨ ਕੀਤੇ ਜਾ ਰਹੇ ਹਨ। ਸਿੱਖਿਆ ਉੱਪਰ ਹੋ ਰਹੇ ਇਸ ਹਮਲੇ ਦਾ ਮੋੜਵਾਂ ਜੁਆਬ ਦੇਣਾ ਇਨਕਲਾਬੀ ਵਿਦਿਆਰਥੀ ਲਹਿਰ ਅਤੇ ਲੋਕਪੱਖੀ ਬੁੱਧੀਜੀਵੀਆਂ, ਅਕਾਮੀਸ਼ੀਅਨਾਂ ਲਈ ਅੱਜ ਵੱਡੀ ਚੁਣੌਤੀ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 7, ਅੰਕ 2, 1 ਮਾਰਚ 2018 ਵਿੱਚ ਪ੍ਰਕਾਸ਼ਿਤ