ਤੰਬਾਕੂ, ਕੈਂਸਰ ਅਤੇ ਮੁਨਾਫ਼ਾ •ਨਵਗੀਤ

5

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਦੁਨੀਆਂ ਭਰ ਵਿੱਚ ਹਰ ਸਾਲ 15 ਲੱਖ ਲੋਕ ਫੇਫੜਿਆਂ ਦੇ ਕੈਂਸਰ ਨਾਲ਼ ਮਰ ਜਾਂਦੇ ਹਨ ਅਤੇ ਇਹਨਾਂ ਮੌਤਾਂ ਦੀ ਗਿਣਤੀ ਅਗਲੇ ਕੁਝ ਸਾਲਾਂ ਤੱਕ 20 ਲੱਖ ਸਲਾਨਾ ਤੋਂ ਵੀ ਜ਼ਿਆਦਾ ਵਧਣ ਦੇ ਅਸਾਰ ਹਨ। ਇਹਨਾਂ ਸਾਰੀਆਂ ਮੌਤਾਂ ਦਾ ਕਾਰਨ ਸਿਗਰਟਾਂ-ਬੀੜੀਆਂ ਦੇ ਰੂਪ ਵਿੱਚ ਤੰਬਾਕੂ ਹੈ ਕਿਉਂਕਿ ਤੰਬਾਕੂ ਦੇ ਧੂੰਏ ਵਿੱਚ ਅਜਿਹੇ ਰਸਾਇਣ ਹੁੰਦੇ ਹਨ ਜਿਹੜੇ ਕੈਂਸਰ ਦਾ ਕਾਰਨ ਬਣਦੇ ਹਨ। ਫੇਫੜਿਆਂ ਦੇ ਕੈਂਸਰ ਤੋਂ ਬਿਨਾਂ ਸਿਗਰਟਾਂ-ਬੀੜੀਆਂ ਦਾ ਧੂੰਆਂ ਫੇਫੜਿਆਂ ਦੀ ਇੱਕ ਹੋਰ ਬਿਮਾਰੀ ‘ਸੀਓਪੀਡੀ’ ਦਾ ਵੀ ਮੁੱਖ ਕਾਰਨ ਹੈ। ਫੇਫੜਿਆਂ ਦੇ ਕੈਂਸਰ ਤੋਂ ਇਲਾਵਾ ਤੰਬਾਕੂ ਕਾਰਨ ਹੋਣ ਵਾਲੀਆਂ ਫੇਫੜਿਆਂ ਦੀਆਂ ਹੋਰਨਾਂ ਬਿਮਾਰੀਆਂ ਨਾਲ਼ ਹਰ ਸਾਲ 30 ਲੱਖ ਦੇ ਕਰੀਬ ਜਾਨਾਂ ਜਾਂਦੀਆਂ ਹਨ। ਫੇਫੜਿਆਂ ਤੋਂ ਇਲਾਵਾ ਦੂਜੇ ਅੰਗਾਂ ਵਿੱਚ ਕੈਂਸਰ ਪੈਦਾ ਹੋਣ ਵਿੱਚ ਤੰਬਾਕੂ ਦੀ ਭੂਮਿਕਾ ਹੈ। ਭਾਰਤ ਵਿੱਚ ਮੂੰਹ ਦਾ ਕੈਂਸਰ ਇੱਕ ਵੱਡੀ ਸਮੱਸਿਆ ਬਣ ਚੁੱਕਾ ਹੈ, ਅਤੇ ਇਸਦਾ ਲੱਗਭੱਗ ਇੱਕੋ-ਇੱਕ ਕਾਰਨ ਤੰਬਾਕੂ ਹੈ। ਤੰਬਾਕੂਨੋਸ਼ੀ ਕੈਂਸਰ ਦਾ ਕਾਰਨ ਹੈ, ਇਹ ਜਾਣਕਾਰੀ ਹਾਸਲ ਹੋਇਆਂ ਨੂੰ ਭਾਰਤ ਦੀ ਅਜ਼ਾਦੀ ਵਾਂਗ 70 ਸਾਲ ਤੋਂ ਉੱਪਰ ਹੋ ਚੁੱਕੇ ਹਨ। ਸਿਹਤ ਵਿਗਿਆਨ ਨਾਲ਼ ਜੁੜੇ ਕਿਸੇ ਵੀ ਵਿਅਕਤੀ ਲਈ ਇਹ ਇੱਕ ਆਮ ਗਿਆਨ ਦੀ ਗੱਲ ਬਣ ਚੁੱਕੀ ਹੈ ਪਰ ਇਸਦਾ ਸਫ਼ਰ ਇੰਨਾ ਅਸਾਨ ਨਹੀਂ ਰਿਹਾ। ਤੰਬਾਕੂ ਕਾਰਪੋਰੇਟਾਂ ਵੱਲੋਂ ਇਸ ਜਾਣਕਾਰੀ ਨੂੰ ਦਬਾਉਣ, ਝੁਠਲਾਉਣ ਅਤੇ ਸ਼ੱਕ ਦੇ ਘੇਰੇ ਵਿੱਚ ਲਿਆਉਣ ਲਈ ਹਰ ਹਰਬਾ ਵਰਤਿਆ ਗਿਆ।

ਤੰਬਾਕੂ ਦੀ ਇੱਕ ਵਪਾਰਕ ਫਸਲ ਵਜੋਂ ਪੈਦਾਵਾਰ ਅਮਰੀਕਾ ਵਿੱਚ 17ਵੀਂ ਸਦੀ ਵਿੱਚ ਸ਼ੁਰੂ ਹੁੰਦੀ ਹੈ ਅਤੇ 18ਵੀਂ ਸਦੀ ਦੇ ਅਖੀਰ ਤੱਕ ਇਸ ਦੀ ਵਰਤੋਂ ਅਮਰੀਕਾ ਤੋਂ ਯੂਰਪ ਵਿੱਚ ਪਹੁੰਚਦੀ ਹੈ। ਇਹ 19ਵੀਂ ਸਦੀ ਸੀ ਜਿਸ ਵਿੱਚ ਤੰਬਾਕੂ ਦੀ ਵਿੱਕਰੀ ਵਿੱਚ ਤੇਜ਼ੀ ਨਾਲ਼ ਵਾਧਾ ਹੁੰਦਾ ਹੈ ਅਤੇ ਇਸ ਸਦੀ ਦੇ ਦੂਜੇ ਅੱਧ ਵਿੱਚ ਕਈ ਵੱਡੀਆਂ ਤੰਬਾਕੂ-ਕੰਪਨੀਆਂ ਹੋਂਦ ਵਿੱਚ ਆਉਂਦੀਆਂ ਹਨ। ਤੰਬਾਕੂ ਦੀ ਵਿਕਰੀ ਵਿੱਚ ਇਹ ਵਾਧਾ 20ਵੀਂ ਸਦੀ ਵਿੱਚ ਜਾਰੀ ਰਹਿੰਦਾ ਹੈ। ਦੂਜੇ ਪਾਸੇ, 18ਵੀਂ ਸਦੀ ਤੱਕ ਮੈਡੀਕਲ ਵਿਗਿਆਨ ਲਈ ਫੇਫੜਿਆਂ ਦੇ ਕੈਂਸਰ ਨਾਮ ਦੀ ਕੋਈ ਬਿਮਾਰੀ ਦੀ ਕੋਈ ਹੋਂਦ ਨਹੀਂ ਸੀ, ਇੱਥੋਂ ਤੱਕ ਕਿ 1900 ਈਸਵੀ ਤੱਕ ਵੀ 140 ਕੁ ਕੇਸ ਹੀ ਮੈਡੀਕਲ ਵਿਗਿਆਨ ਦੀ ਜਾਣਕਾਰੀ ਵਿੱਚ ਸਨ, ਪਰ ਇਸ ਤੋਂ ਬਾਅਦ ਇਹਨਾਂ ਮਾਮਲਿਆਂ ਵਿੱਚ ਤੇਜ਼ੀ ਨਾਲ਼ ਵਾਧਾ ਹੁੰਦਾ ਹੈ। 1898 ਵਿੱਚ ਇੱਕ ਮੈਡੀਕਲ ਵਿਦਿਆਰਥੀ ਨੇ ਪਹਿਲੀ ਵਾਰ ਤੰਬਾਕੂ ਦੇ ਫੇਫੜਿਆਂ ਦੇ ਕੈਂਸਰ ਨਾਲ਼ ਜੁੜੇ ਹੋਣ ਦੀ ਗੱਲ ਕੀਤੀ। ਉਸਨੇ ਇਹ ਸੁਝਾਇਆ ਕਿ ਤੰਬਾਕੂ ਸੱਨਅਤ ਵਿੱਚ ਕੰਮ ਕਰਦੇ ਮਜ਼ਦੂਰਾਂ ਵਿੱਚ ਫੇਫੜਿਆਂ ਦੇ ਕੈਂਸਰ ਦਾ ਕਾਰਨ ਤੰਬਾਕੂ ਦੀ ਧੂੜ ਹੈ। 1920ਵਿਆਂ ਵਿੱਚ ਹੀ ਤੰਬਾਕੂਨੋਸ਼ੀ ਦੇ ਕੈਂਸਰ ਨਾਲ਼ ਜੁੜੇ ਹੋਣ ਦੇ ਅਨੁਮਾਨ ਸ਼ੁਰੂ ਹੋ ਗਏ ਅਤੇ ਇਸ ਦਹਾਕੇ ਦੇ ਅੰਤ ਤੱਕ ਜਰਮਨ ਵਿਗਿਆਨੀਆਂ ਨੇ ਲੱਗਭੱਗ ਸਿੱਧ ਕਰ ਦਿੱਤਾ ਕਿ ਤੰਬਾਕੂਨੋਸ਼ੀ ਫੇਫੜਿਆਂ ਦੇ ਕੈਂਸਰ ਦਾ ਕਾਰਨ ਹੈ। ਇਸ ਦੇ ਸਿੱਟੇ ਵਜੋਂ ਨਾਜ਼ੀਆਂ ਨੂੰ ਇਤਿਹਾਸ ਦੀ ਪਹਿਲੀ “ਸਿਗਰਟਨੋਸ਼ੀ ਵਿਰੋਧੀ ਮੁਹਿੰਮ” ਚਲਾਉਣ ਦਾ ਮੌਕਾ ਮਿਲਿਆ। ਇਸ ਮੁਹਿੰਮ ਦੀ “ਪ੍ਰਸੰਸਾ ਕਰਦੇ ਹੋਏ” ਅਕਸਰ ਨਾਜ਼ੀਆਂ ਬਾਰੇ ਕੁਝ ਨਰਮੀ ਨਾਲ਼ ਸੋਚਣ ਦੀਆਂ “ਬੇਨਤੀਆਂ” ਹੁੰਦੀਆਂ ਰਹਿੰਦੀਆਂ ਹਨ। ਅਜਿਹਾ ਕਰਦੇ ਹੋਏ ਉਹ ਇਹ ਭੁੱਲ ਜਾਂਦੇ ਹਨ ਕਿ “ਤੰਬਾਕੂ-ਵਿਰੋਧੀ ਮੁਹਿੰਮ” ਪਿੱਛੇ ਨਾਜ਼ੀਆਂ ਦਾ ਮਕਸਦ ਲੋਕਾਂ ਦੀ ਸਿਹਤ ਸੰਭਾਲ ਦੀ ਚਿੰਤਾ ਨਹੀਂ, ਸਗੋਂ “ਆਰੀਅਨ ਨਸਲ” ਦੇ ਸ਼ੁੱਧ “ਬੱਚੇ” ਪੈਦਾ ਕਰਨ ਦਾ ਖਬਤ ਸੀ! ਪਿਛਲੀ ਸਦੀ ਦੇ ਤੀਜੇ-ਚੌਥੇ ਦਹਾਕੇ ਵਿੱਚ ਜਰਮਨ ਵਿਗਿਆਨੀਆਂ ਦੇ ਕੱਢੇ ਗਏ ਨਤੀਜਿਆਂ ਦੀ ਦੂਜੀ ਸੰਸਾਰ ਜੰਗ ਤੋਂ ਬਾਅਦ ਬ੍ਰਿਟੇਨ ਅਤੇ ਅਮਰੀਕਾ ਦੇ ਵਿਗਿਆਨੀਆਂ ਨੇ ਵੀ ਪੁਸ਼ਟੀ ਕਰ ਦਿੱਤੀ ਅਤੇ 1950 ਤੱਕ ਇਸ ਵਿੱਚ ਕਿਸੇ ਕਿਸਮ ਦੇ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹਿ ਗਈ ਸੀ ਕਿ ਫੇਫੜਿਆਂ ਦੇ ਕੈਂਸਰ ਦਾ ਕਾਰਨ ਤੰਬਾਕੂਨੋਸ਼ੀ ਦਾ ਧੂੰਆ ਹੈ। ਪਰ ਇਸ ਜਾਣਕਾਰੀ ਦਾ ਵਿਆਪਕ ਫੈਲਾਅ ਹੋਣਾ ਤੰਬਾਕੂ ਕੰਪਨੀਆਂ ਲਈ ਮੌਤ ਸਮਾਨ ਸੀ ਜਿਸਦਾ ਅੰਦਾਜ਼ਾ ਇਹਨਾਂ ਕੰਪਨੀਆਂ ਦੇ ਮਾਲਕਾਂ ਨੂੰ ਹੋ ਚੁੱਕਾ ਸੀ। ਜਿਵੇਂ-ਜਿਵੇਂ ਇਹ ਜਾਣਕਾਰੀ ਲੋਕਾਂ ਦੇ ਵਧੇਰੇ ਵੱਡੇ ਦਾਇਰੇ ਵਿੱਚ ਪਹੁੰਚਣ ਲੱਗੀ, ਤੰਬਾਕੂ ਦੀ ਵਿੱਕਰੀ ਤੇਜ਼ੀ ਨਾਲ਼ ਥੱਲੇ ਆਈ। ਤੰਬਾਕੂ ਕਾਰਪੋਰੇਸ਼ਨਾਂ ਨੇ ਇਸ ਨੂੰ “1954 ਐਮਰਜੈਂਸੀ” ਦਾ ਨਾਮ ਦਿੱਤਾ।

ਇਸ “ਸੰਕਟ” ਨਾਲ਼ ਨਜਿੱਠਣ ਲਈ 14 ਦਸੰਬਰ, 1953 ਨੂੰ ਅਮਰੀਕਾ ਦੀਆਂ ਛੇ ਤੰਬਾਕੂ ਕਾਰਪੋਰੇਟਾਂ ਦੇ ਮਾਲਕ “ਉੱਦਮੀਆਂ” ਨੇ ਮੀਟਿੰਗ ਕੀਤੀ ਜਿਸ ਵਿੱਚ ਇਸ ਜਾਣਕਾਰੀ ਨੂੰ ਫੈਲਣ ਤੋਂ ਰੋਕਣ ਲਈ ਵੱਡੀ ਰਣਨੀਤੀ ਉਲੀਕੀ ਗਈ। ਰਾਬਰਟ ਪ੍ਰੋਕਟਰ ਦੇ ਸ਼ਬਦਾਂ ਵਿੱਚ, ਇਸ ਯੋਜਨਾਬੰਦੀ ਦਾ ਉਦੇਸ਼ “ਅਗਿਆਨਤਾ ਦੀ ਸਿਰਜਣਾ” ਕਰਨਾ ਸੀ। ਵਿਗਿਆਨਕ, ਸਿਆਸੀ, ਸਰਕਾਰੀ ਵਿਭਾਗਾਂ ਅਤੇ ਜਨਤਕ ਸਪੇਸ, ਹਰ ਖੇਤਰ ਵਿੱਚ ਇਸ ਖੋਜ ਨੂੰ ਝੁਠਲਾਉਣ ਲਈ ਯੋਜਨਾ ਬਣਾਈ ਗਈ। 1954 ਵਿੱਚ ਤੰਬਾਕੂ ਕਾਰਪੋਰੇਟਾਂ ਨੇ “ਤੰਬਾਕੂ ਸੱਨਅਤ ਖੋਜ ਕੌਂਸਲ” ਦੀ ਸਥਾਪਨਾ ਕੀਤੀ। ਕਹਿਣ ਨੂੰ ਇਹ ਇੱਕ “ਵਿਗਿਆਨਕ ਖੋਜ ਕਾਰਜ” ਕਰਨ ਵਾਲੀ ਸੰਸਥਾ ਸੀ, ਪਰ ਇਸਦਾ ਅਸਲ ਮਕਸਦ “ਚਿੰਗਾੜੀ ਨੂੰ ਭਾਂਬੜ ਬਣਨ ਤੋਂ ਪਹਿਲਾਂ ਹੀ ਬੁਝਾ ਦੇਣ” ਦਾ ਸੀ। ਇਸ ਖੋਜ ਸੰਸਥਾ ਦੇ ਨਾਮ ਹੇਠ ਕਰੋੜਾਂ ਡਾਲਰ ਇਹ “ਸਿੱਧ” ਕਰਨ ਲਈ ਖਰਚ ਕੀਤੇ ਗਏ ਕਿ ਤੰਬਾਕੂ ਦਾ ਸਿਹਤ ਉੱਤੇ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ। ਅਜਿਹਾ ਕਰਨ ਲਈ ਵਿਗਿਆਨਕ ਖੋਜ ਨੂੰ ਸ਼ੱਕ ਦੇ ਘੇਰੇ ਵਿੱਚ ਖੜ੍ਹਾ ਕਰਨ ਦਾ ਤਰੀਕਾ ਅਪਣਾਇਆ ਗਿਆ। 1969 ਵਿੱਚ ਲੀਕ ਹੋਏ ਇੱਕ ਗੁਪਤ ਦਸਤਾਵੇਜ਼ ਵਿੱਚ ਕਿਹਾ ਗਿਆ ਹੈ – “ਸ਼ੱਕ ਸਾਡੀ ਉਪਜ਼ ਹੈ। ਮਜਬੂਤ ਵਿਗਿਆਨਕ ਖੋਜ ਬਾਰੇ ਭਰਮ ਫੈਲਾਓ ਅਤੇ ਲੋਕ ਇਹ ਤੈਅ ਨਹੀਂ ਕਰ ਸਕਣਗੇ ਕਿ ਕਿਸ ਦਾ ਯਕੀਨ ਕੀਤਾ ਜਾਵੇ।” ਇਹਨਾਂ ਦਸਤਾਵੇਜ਼ਾਂ ਤੋਂ ਇਹ ਵੀ ਜ਼ਾਹਿਰ ਹੁੰਦਾ ਹੈ ਕਿ ਸੰਸਥਾ ਦੇ “ਵਿਗਿਆਨੀਆਂ” ਨੂੰ ਵੀ ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਫੇਫੜਿਆਂ ਦੇ ਕੈਂਸਰ ਦਾ ਕਾਰਨ ਤੰਬਾਕੂ ਦਾ ਧੂੰਆ ਹੈ ਪਰ ਕਾਰਪੋਰੇਟਾਂ ਦੇ ਡਾਲਰਾਂ ਨੇ ਉਹਨਾਂ ਦੀ ਹਰੇਕ “ਭਾਵਨਾ” ਉੱਤੇ ਕਾਬੂ ਪਾ ਲਿਆ। ਤੰਬਾਕੂ ਦੇ ਕੈਂਸਰ ਨਾਲ਼ ਜੁੜੇ ਹੋਣ ਨੂੰ ਸਿੱਧ ਕਰਦੇ ਮੈਡੀਕਲ-ਵਿਗਿਆਨਕ ਖੋਜ-ਪੱਤਰਾਂ ਦੇ ਜਵਾਬ ਵਿੱਚ ਤਰ੍ਹਾਂ-ਤਰ੍ਹਾਂ ਦੇ “ਖੋਜ-ਪੱਤਰ” ਲਿਖਵਾਏ ਗਏ ਜਿਹਨਾਂ ਦਾ ਮਕਸਦ ਇਹ “ਦਿਖਾਉਣਾ” ਸੀ ਕਿ ਅਜੇ ਵਿਗਿਆਨਕ ਸਬੂਤ ਇੰਨੇ ਪੁਖਤਾ ਨਹੀਂ ਹਨ ਕਿ ਤੰਬਾਕੂ ਦੇ ਕੈਂਸਰ ਨਾਲ਼ ਸਬੰਧ ਨੂੰ ਬਿਨਾਂ-ਸ਼ੱਕ ਸਿੱਧ ਕੀਤਾ ਜਾ ਸਕੇ। ਬਹੁਤ ਸਾਰੇ “ਸਰਵੇ” ਕਰਵਾਏ ਗਏ ਜਿਹਨਾਂ ਵਿੱਚ ਆਮ ਡਾਕਟਰਾਂ ਅਤੇ ਲੋਕਾਂ ਤੋਂ ਸਵਾਲ ਪੁੱਛੇ ਗਏ। ਜਿਹੜੇ ਡਾਕਟਰ ਵਿਗਿਆਨਕ ਖੋਜ-ਕਾਰਜ਼ ਨਾਲ਼ ਜੁੜੇ ਹੋਣ ਦੀ ਥਾਂ ਮਰੀਜ਼ਾਂ ਨੂੰ ਦੇਖ ਕੇ ਕਮਾਈ ਕਰਨ ਤੱਕ ਸੀਮਤ ਹੁੰਦੇ ਹਨ, ਉਹਨਾਂ ਦੇ ਕਹੇ ਨੂੰ ਵਿਗਿਆਨਕ ਸਬੂਤ ਬਣਾ ਕੇ ਪੇਸ਼ ਕੀਤਾ ਗਿਆ। ਵਿਗਿਆਨਕ ਲੇਖਣ ਦਾ ਫ਼ਰਜ਼ੀ ਕਿਸਮ ਦੇ ਲੇਖਕਾਂ ਦੀਆਂ “ਪਾਪੂਲਰ” ਕਿਤਾਬਾਂ (ਅਕਸਰ ਅਜਿਹੀਆਂ ਕਿਤਾਬਾਂ “ਬੈਸਟਸੈਲਰ” ਦੀ ਕੈਟੇਗਰੀ ਵਿੱਚ ਆਉਂਦੀਆਂ ਹਨ) ਰਾਹੀਂ ਟਾਕਰਾ ਕੀਤਾ ਗਿਆ। ਕਿਉਂਕਿ ਵਿਗਿਆਨਕ ਲੇਖਾਂ ਦਾ ਪਾਠਕ ਦਾਇਰਾ ਉਸ ਖਾਸ ਵਿਗਿਆਨ ਦੇ ਲੋਕਾਂ ਤੱਕ, ਉਹ ਵੀ ਜ਼ਿਆਦਾਤਰ ਉਸ ਖਾਸ ਵਿਗਿਆਨ ਦੇ ਖੋਜ-ਕਾਰਜ਼ ਨਾਲ਼ ਜੁੜੇ ਲੋਕਾਂ ਤੱਕ ਹੀ ਸੀਮਤ ਹੁੰਦਾ ਹੈ, ਇਸ ਲਈ ਵਿਗਿਆਨਕ ਲਿਖਤਾਂ ਦਾ ਪ੍ਰਭਾਵ ਵਿਆਪਕ ਹੋਣ ਲਈ ਸਮਾਂ ਲੱਗਦਾ ਹੈ ਜਦਕਿ “ਪਾਪੂਲਰ” ਕਿਤਾਬਾਂ ਆਦਿ ਝੱਟਪਟ ਵੱਡੇ ਪਾਠਕ ਵਰਗ ਤੱਕ ਆਪਣੀ ਪਹੁੰਚ ਬਣਾ ਲੈਂਦੀਆਂ ਹਨ। ਇਸ ਲਈ “ਪਾਪੂਲਰ” ਕਿਤਾਬਾਂ ਨੇ ਵਿਗਿਆਨਕ ਜਾਣਕਾਰੀ ਦੇ ਪ੍ਰਭਾਵ ਨੂੰ ਘਟਾਉਣ ਵਿੱਚ ਅੱਛੀ-ਖਾਸੀ ਭੂਮਿਕਾ ਨਿਭਾਈ। ਵਿਗਿਆਨਕ ਖੋਜ-ਪੱਤਰਾਂ ਵਿੱਚ ਮਾਮੂਲੀ ਘਾਟ/ਗਲਤੀ ਨੂੰ ਵੱਡਾ ਬਣਾ ਕੇ ਪੇਸ਼ ਕੀਤਾ ਗਿਆ ਅਤੇ ਉਸ ਨੂੰ ਅਧਾਰ ਬਣਾ ਕੇ ਸਮੁੱਚੀ ਖੋਜ ਉੱਤੇ ਸਵਾਲੀਆ ਨਿਸ਼ਾਨ ਲਗਾਉਂਦੇ ਹੋਏ “ਹੋਰ ਖੋਜ ਦੀ ਲੋੜ ਹੋਣ” ਦਾ ਰੌਲਾ-ਘਚੋਲਾ ਪਾਇਆ ਗਿਆ। ਤੰਬਾਕੂ ਸੱਨਅਤ ਦੇ ਕਰਤੇ-ਧਰਤਿਆਂ ਨੂੰ ਪਤਾ ਸੀ ਕਿ ਉਹ ਬਹਿਸ ਵਿੱਚ ਜਿੱਤ ਨਹੀਂ ਸਕਦੇ, ਬਹਿਸ ਵਿੱਚ ਜਿੱਤਣਾ ਉਹਨਾਂ ਦਾ ਮਕਸਦ ਹੈ ਵੀ ਨਹੀਂ ਸੀ, ਉਹਨਾਂ ਦਾ ਮਕਸਦ ਵਿਵਾਦ ਖੜ੍ਹਾ ਕਰਨਾ ਹੀ ਸੀ ਜਿਸ ਵਿੱਚ ਉਹ ਬਾਖੂਬੀ ਕਾਮਯਾਬ ਰਹੇ।
ਇੱਕ ਪਾਸੇ ਜਿੱਥੇ ਵਿਗਿਆਨਕ ਖੋਜਾਂ ਬਾਰੇ ਸ਼ੱਕ ਖੜੇ ਕੀਤੇ ਗਏ, ਉੱਥੇ ਦੂਜੇ ਪਾਸੇ ਇਸ਼ਤਿਹਾਰਬਾਜ਼ੀ ਤੇ ਪ੍ਰਾਪੇਗੰਡਾ ਫਿਲਮਾਂ, ਪੋਸਟਰਾਂ ਰਾਹੀਂ ਲੋਕਾਂ ਨੂੰ “ਤੁਅੱਸਬ ਮੁਕਤ” ਕਰਨ ਦੀ ਮੁਹਿੰਮ ਚਲਾਈ ਗਈ। ਜਿਵੇਂ-ਜਿਵੇਂ ਵਿਗਿਆਨਕ ਹਲਕਿਆਂ ਵੱਲੋਂ ਫੇਫੜਿਆਂ ਦੇ ਕੈਂਸਰ ਤੇ ਹੋਰ ਬਿਮਾਰੀਆਂ ਨਾਲ਼ ਤੰਬਾਕੂ ਦੇ ਸਬੰਧ ਬਾਰੇ ਵਧੇਰੇ ਅਵਾਜ਼ ਉੱਠਦੀ ਗਈ, ਉਵੇਂ-ਉਵੇਂ ਤੰਬਾਕੂ ਦੇ “ਪੱਖ” ਵਿੱਚ ਮੁਹਿੰਮ ਵੀ ਤਿੱਖੀ ਹੁੰਦੀ ਗਈ। ਇੱਥੋਂ ਤੱਕ ਕਿ “ਸਮੋਕਿੰਗ ਐਂਡ ਹੈਲਥ: ਦ ਨੀਡ  ਟੂ ਨੋਅ” ਦੇ ਨਾਮ ਹੇਠ ਪ੍ਰਾਪੇਗੰਡਾ ਫਿਲਮ ਨੂੰ ਵੱਡੇ ਪੱਧਰ ਉੱਤੇ ਦਿਖਾਇਆ ਗਿਆ। ਨਤੀਜ਼ੇ ਵਜੋਂ, 1953-54 ਵਿੱਚ ਤੰਬਾਕੂ ਦੀ ਵਿੱਕਰੀ ਵਿੱਚ ਜਿਹੜੀ ਗਿਰਾਵਟ ਆਈ ਸੀ, ਉਹ ਤਾਂ ਰੁਕੀ ਹੀ, ਸਗੋਂ 1960ਵਿਆਂ ਦੇ ਪਹਿਲੇ ਸਾਲਾਂ ਤੱਕ ਸਿਗਰਟਾਂ ਤੇ ਹੋਰ ਤੰਬਾਕੂ ਉਤਪਾਦਾਂ ਦੀ ਵਿੱਕਰੀ ਪਹਿਲਾਂ ਨਾਲੋਂ ਵੀ ਵਧੇਰੇ ਹੋ ਰਹੀ ਸੀ। 1982 ਦੇ ਸਾਲ ਵਿੱਚ ਇਹ ਵਿੱਕਰੀ ਰਿਕਾਰਡਤੋੜ ਰਹੀ।

ਇਹਨਾਂ ਹੱਥਕੰਡਿਆਂ ਤੋਂ ਇਲਾਵਾ, ਤੰਬਾਕੂ ਬਾਰੇ ਸਰਕਾਰ ਦੀਆਂ ਨੀਤੀਆਂ ਨੂੰ ਪ੍ਰਭਾਵਿਤ ਕਰਨ ਲਈ ਲਾਬਿੰਗ ਅਤੇ “ਜਨਤਕ ਲਾਮਬੰਦੀ” ਦਾ ਪ੍ਰਭਾਵ ਖੜਾ ਕਰਨ ਦੀਆਂ ਕੋਸ਼ਿਸ਼ਾਂ ਵੀ ਹੋਈਆਂ। 1950 ਤੱਕ ਜਿਹੜੀ ਖੋਜ਼ ਪੂਰੀ ਤਰ੍ਹਾਂ ਸਪੱਸ਼ਟ ਸੀ, ਉਸ ਬਾਰੇ ਅਮਰੀਕਾ ਦੀ ਸਰਕਾਰ ਨੇ ਅਧਿਕਾਰਤ ਤੌਰ ਉੱਤੇ ਪੁਸ਼ਟੀ ਕਰਨ ਲਈ 14 ਸਾਲ ਲਗਾ ਦਿੱਤੇ। 1964 ਵਿੱਚ ਆ ਕੇ “ਸਰਜਨ ਜਨਰਲ ਰਿਪੋਰਟ” ਵਿੱਚ ਇਹ ਮੰਨਿਆ ਗਿਆ ਕਿ ਆਦਮੀਆਂ ਵਿੱਚ ਤੰਬਾਕੂ ਕਾਰਨ ਫੇਫੜਿਆਂ ਦਾ ਕੈਂਸਰ ਹੁੰਦਾ ਹੈ। ਤੰਬਾਕੂ ਕਾਰਪੋਰੇਸ਼ਨਾਂ ਵੱਲੋਂ ਇਹ ਰੌਲਾ ਪਾਇਆ ਗਿਆ ਕਿ ਤੰਬਾਕੂ ਸੱਨਅਤ ਬਹੁਤ ਲੋਕਾਂ ਨੂੰ ਰੁਜ਼ਗਾਰ ਦਿੰਦੀ ਹੈ, ਜੇ ਉਸ ਦੇ ਮੁਨਾਫ਼ਿਆਂ ਨੂੰ ਹਾਨੀ ਪਹੁੰਚਦੀ ਹੈ ਤਾਂ ਬਹੁਤ ਸਾਰੇ ਲੋਕਾਂ ਦਾ ਰੁਜ਼ਗਾਰ ਚਲਾ ਜਾਵੇਗਾ। ਇਹ ਵੀ ਤਰਕ ਦਿੱਤਾ ਗਿਆ ਕਿ ਤੰਬਾਕੂ ਸੱਨਅਤ ਸਰਕਾਰ ਨੂੰ ਬਹੁਤ ਵੱਡੀ ਮਾਤਰਾ ਵਿੱਚ ਟੈਕਸ ਤਾਰਦੀ ਹੈ। ਬਿਲਕੁਲ ਉਵੇਂ ਹੀ, ਜਿਵੇਂ ਇੱਥੇ ਕੁਝ ਲੋਕ ਤਰਕ ਦਿੰਦੇ ਹਨ ਕਿ ਸ਼ਰਾਬ ਦੀ ਸੱਨਅਤ ਤੋਂ ਸਰਕਾਰ ਨੂੰ ਆਮਦਨ ਹੁੰਦੀ ਹੈ! ਹੋਰ ਤਾਂ ਹੋਰ, ਫਰਾਂਸੀਸੀ ਇਨਕਲਾਬ ਦੇ ਆਦਰਸ਼ਾਂ ਨੂੰ ਤੰਬਾਕੂ ਸੱਨਅਤ ਦੀ ਸੇਵਾ ਵਿੱਚ ਲਗਾਇਆ ਗਿਆ। ਸਰਕਾਰ ਦੀ ਤੰਬਾਕੂ ਸੱਨਅਤ ਨੂੰ ਨਿਯਮਤ ਕਰਨ, ਜਨਤਕ ਥਾਵਾਂ ਉੱਤੇ ਤੰਬਾਕੂਨੋਸ਼ੀ ਉੱਤੇ ਰੋਕ ਲਾਉਣ ਦੇ ਕਦਮਾਂ ਨੂੰ “ਮਨੁੱਖ ਦੀ ਵਿਅਕਤੀਗਤ ਅਜ਼ਾਦੀ” ਉੱਤੇ ਹਮਲਾ ਗਰਦਾਨਿਆ ਗਿਆ। “ਤੰਬਾਕੂਨੋਸ਼ਾਂ ਦੇ ਹੱਕਾਂ ਦੀ ਰਾਖੀ ਵਿੱਚ” ਖੜੇ ਕੀਤੇ ਗਏ ਅਤੇ ਤੰਬਾਕੂ ਸੱਨਅਤ ਨਾਲ਼ ਜੁੜੇ ਕਿਸਾਨਾਂ, ਮਜ਼ਦੂਰਾਂ ਤੇ ਹੋਰ ਮੁਲਾਜ਼ਮਾਂ ਦੀਆਂ “ਜਥੇਬੰਦੀਆਂ” ਖੜੀਆਂ ਕਰਕੇ ਜਨਤਕ ਹਮਾਇਤ ਦੇ ਪ੍ਰਪੰਚ ਰਚੇ ਗਏ। ਅੱਗੋਂ ਸਰਕਾਰ ਤਾਂ ਪਹਿਲਾਂ ਹੀ ਮੋਮ ਦਾ ਬੁੱਤ, ਝੱਟ ਪਿਘਲ ਗਈ। 1980 ਦੇ ਦਹਾਕੇ ਵਿੱਚ ਸਰਕਾਰਾਂ ਤੰਬਾਕੂ ਸੱਨਅਤ ਉੱਤੇ ਕਿਸੇ ਕਿਸਮ ਦੀ ਨੱਥ ਪਾਉਣ, ਤੰਬਾਕੂ ਬਾਰੇ ਪ੍ਰਭਾਵਕਾਰੀ ਜਨਸਿਹਤ ਨੀਤੀ ਬਣਾਉਣ ਤੋਂ ਟਾਲਾ ਵੱਟਦੀਆਂ ਰਹੀਆਂ। ਪਰ ਹੁਣ ਗੱਲ ਇੱਥੇ ਤੱਕ ਪਹੁੰਚ ਚੁੱਕੀ ਸੀ ਕਿ ਵਿਗਿਆਨਕ ਖੋਜ ਨੇ ਇਹ ਵੀ ਸਿੱਧ ਕਰ ਦਿੱਤਾ ਕਿ ਤੰਬਾਕੂਨੋਸ਼ੀ ਦਾ ਧੂੰਆ ਨਾ ਸਿਰਫ ਸਿਗਰਟ ਪੀਣ ਵਾਲ਼ੇ ਅੰਦਰ, ਸਗੋਂ ਉਸ ਲਾਗੇ ਬੈਠੇ ਆਮ ਲੋਕਾਂ ਲਈ ਵੀ ਕੈਂਸਰ ਦਾ ਸੱਦਾ ਹੈ। ਸਿੱਟੇ ਵਜੋਂ ਸਰਕਾਰ ਉੱਤੇ ਵੀ ਦਬਾਅ ਵਧਣ ਲੱਗਾ। ਫੇਫੜਿਆਂ ਦੇ ਕੈਂਸਰ ਦੇ ਵਧ ਰਹੇ ਮਾਮਲਿਆਂ ਨੇ ਲੋਕਾਂ ਨੂੰ ਵੈਸੇ ਹੀ ਦਿਖਾ ਦਿੱਤਾ ਕਿ ਵਿਗਿਆਨ ਸਹੀ ਹੈ, ਤੰਬਾਕੂ ਸੱਨਅਤ ਦੇ ਮਾਲਕਾਂ ਦੇ ਪਾਲਤੂ ਨਹੀਂ। ਸਿੱਟੇ ਵਜੋਂ 1980ਵਿਆਂ ਦੇ ਅੱਧ ਤੋਂ ਬਾਅਦ ਅਮਰੀਕਾ ਅਤੇ ਵਿਕਸਤ ਯੂਰਪੀ ਦੇਸ਼ਾਂ ਵਿੱਚ ਤੰਬਾਕੂਨੋਸ਼ਾਂ ਦੀ ਗਿਣਤੀ ਘਟਣ ਲੱਗ ਪਈ। ਤੰਬਾਕੂ ਸੱਨਅਤਾਂ ਦੇ ਮੁਨਾਫ਼ੇ ਘਟਣ ਕਾਰਨ ਸਰਕਾਰ ਨੇ 1993 ਵਿੱਚ ਸਿਗਰਟ ਉਤਪਾਦਕਾਂ ਉੱਤੇ “ਵਾਧੂ” ਟੈਕਸ ਬੰਦ ਕਰ ਦਿੱਤੇ।

ਅਮਰੀਕਾ ਤੇ ਪੱਛਮੀ ਯੂਰਪੀ ਦੇਸ਼ਾਂ ਵਿੱਚ ਬਿਜਨੈੱਸ ਘਟਣ ਕਾਰਨ ਤੰਬਾਕੂ ਕੰਪਨੀਆਂ ਨੇ ਵਿਕਾਸਸ਼ੀਲ ਦੇਸ਼ਾਂ ਦਾ ਰੁਖ਼ ਕਰ ਲਿਆ। ਇਸ ਸਮੇਂ ਚਾਰ ਵੱਡੀਆਂ ਤੰਬਾਕੂ ਕਾਰਪੋਰੇਟ ਹਨ – ਫਿਲਿਪ ਮੌਰਿਸ, ਬ੍ਰਿਟਿਸ਼ ਅਮੇਰੀਕਨ ਤੰਬਾਕੂ, ਜਾਪਾਨ ਤੰਬਾਕੂ ਅਤੇ ਚਾਈਨਾ ਨੈਸ਼ਨਲ ਤੰਬਾਕੂ ਕਾਰਪੋਰੇਸ਼ਨ। ਇਹਨਾਂ ਦਾ 70% ਤੋਂ ਵਧੇਰੇ ਬਿਜ਼ਨੈੱਸ ਹੁਣ ਅਫਰੀਕਾ ਤੇ ਏਸ਼ੀਆ, ਲਾਤੀਨੀ ਅਮਰੀਕਾ ਤੇ ਪੂਰਬੀ ਯੂਰਪੀ ਦੇਸ਼ਾਂ ਵਿੱਚ ਹੈ। ਜਦੋਂ ਦੁਨੀਆਂ ਦੇ ਗਰੀਬ ਲੋਕਾਂ ਨੂੰ ਵਿੱਕਰੀ ਵਾਸਤੇ ਨਿਸ਼ਾਨਾ ਬਣਾਉਣ ਬਾਰੇ ਬ੍ਰਿਟਿਸ਼ ਅਮੇਰੀਕਨ ਤੰਬਾਕੂ ਦੇ ਇੱਕ ਮੈਨੇਜਰ ਤੋਂ ਪੁੱਛਿਆ ਗਿਆ ਤਾਂ ਉਸਦਾ ਜਵਾਬ ਸੀ, “ਇੱਕ ਵਧ-ਫੁੱਲ ਰਹੇ ਬਜ਼ਾਰ ਨੂੰ ਅੱਖੋ ਪਰੋਖੇ ਕਰਨਾ ਬੇਵਕੂਫ਼ੀ ਹੋਵੇਗੀ। ਮੈਂ ਨੈਤਿਕ ਸਵਾਲਾਂ ਦਾ ਜਵਾਬ ਨਹੀਂ ਦੇ ਸਕਦਾ। ਅਸੀਂ ਬਿਜ਼ਨੈੱਸ ਕਰਦੇ ਹਾਂ ਜਿਹਨਾਂ ਨੇ ਸ਼ੇਅਰ-ਧਾਰਕਾਂ ਨੂੰ ਖੁਸ਼ ਕਰਨਾ ਹੈ।” ਇਹ ਪੂਰੀ ਸਟੀਕ ਪੁਸ਼ਟੀ ਹੈ ਕਿ ਸਰਮਾਏਦਾਰੀ ਅਧੀਨ ਪੈਦਾਵਾਰ ਦੇ ਕੇਂਦਰ ਵਿੱਚ ਮਨੁੱਖਤਾ ਹੈ ਜਾਂ ਮੁਨਾਫ਼ਾ। ਜਿਹੜੇ ਹੱਥਕੰਡੇ ਅਮਰੀਕਾ ਤੇ ਪੱਛਮੀ ਯੂਰਪੀ ਦੇਸ਼ਾਂ ਵਿੱਚ ਆਪਣਾਏ ਗਏ, ਉਹਨਾਂ ਨੂੰ ਹੁਣ ਇਹਨਾਂ ਮੁਲਕਾਂ ਵਿੱਚ ਦੁਹਰਾਇਆ ਜਾ ਰਿਹਾ ਹੈ। ਇਹਨਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਤਾਂ ਉਹ ਹੋਰ ਵੀ ਵਧੇਰੇ ਕਾਬੂ ਹੇਠ ਰੱਖਦੇ ਹਨ। ਅਰਜ਼ਨਟੀਨਾ ਦੀ ਮਿਸਾਲ ਸਾਡੇ ਸਾਹਮਣੇ ਹੈ। 30 ਸਤੰਬਰ, 1992 ਨੂੰ ਅਰਜ਼ਨਟੀਨਾ ਦੀ ਪਾਰਲੀਮੈਂਟ ਨੇ ਜਨਤਕ ਥਾਵਾਂ ਉੱਤੇ ਤੰਬਾਕੂ ਦੇ ਇਸਤੇਮਾਲ ਅਤੇ ਇਸ਼ਤਿਹਾਰਬਾਜ਼ੀ ਉੱਤੇ ਪਾਬੰਦੀ ਲਗਾਉਣ ਦਾ ਬਿਲ ਪਾਸ ਕਰ ਦਿੱਤਾ। ਤੁਰੰਤ ਫਿਲਿਪ ਮੌਰਿਸ ਕਾਰਪੋਰੇਸ਼ਨ ਦੁਆਰਾ ਮੀਡੀਆ ਹਾਊਸਾਂ ਦੇ ਮਾਲਕਾਂ, ਖਿਡਾਰੀਆਂ, ਇਸ਼ਤਿਹਾਰਬਾਜ਼ੀ ਨਾਲ਼ ਜੁੜੀਆਂ ਕੰਪਨੀਆਂ ਤੇ ਹੋਰ ਵੱਡੀਆਂ ਹਸਤੀਆਂ ਨੂੰ ਨਾਲ਼ ਲੈ ਕੇ ਇਹ ਮਹੌਲ ਸਿਰਜਿਆ ਗਿਆ ਕਿ ਰਾਸ਼ਟਰਪਤੀ ਦੁਆਰਾ ਇਸ ਬਿਲ ਨੂੰ ਵੀਟੋ ਕਰਨਾ ਹੀ ਸਹੀ ਸਿਆਸੀ ਫੈਸਲਾ ਹੋਵੇਗਾ। 1 ਅਕਤੂਬਰ ਤੋਂ 15 ਅਕਤੂਬਰ ਦਰਮਿਆਨ ਅਖਬਾਰਾਂ ਵਿੱਚ ਇਸ ਮਸਲੇ ਬਾਰੇ 125 ਲੇਖ ਛਪੇ ਜਿੰਨ੍ਹਾਂ ਵਿੱਚੋਂ 105 ਤੰਬਾਕੂ ਸੱਨਅਤ ਦੇ ਪੱਖ ਵਿੱਚ ਸਨ। 13 ਅਕਤੂਬਰ ਨੂੰ ਰਾਸ਼ਟਰਪਤੀ ਨੇ ਬਿਲ ਨੂੰ ਵੀਟੋ ਕਰ ਦਿੱਤਾ।

ਇਹ ਸਿਲਸਿਲਾ ਕਿਸੇ ਨਾ ਕਿਸੇ ਰੂਪ ਵਿੱਚ ਅੱਜ ਤੱਕ ਜਾਰੀ ਹੈ। ਅਜੇ ਪਿਛਲੇ ਸਾਲ ਹੀ ਬੀਬੀਸੀ ਦੀ ਇੱਕ ਰਿਪੋਰਟ ਨੇ ਤੰਬਾਕੂ ਕਾਰਪੋਰੇਟਾਂ ਅਤੇ ਸਿਆਸੀ ਤੇ ਸਰਕਾਰੀ ਹਲਕਿਆਂ ਵਿੱਚ ਚੱਲਦੇ ਲੈਣ-ਦੇਣ ਤੇ ਰਿਸ਼ਵਤਖੋਰੀਆਂ ਬਾਰੇ ਰਿਪੋਰਟ ਪੇਸ਼ ਕੀਤੀ ਹੈ। ਸਭ ਕੁਝ ਪਤਾ ਹੋਣ ਦੇ ਬਾਵਜੂਦ, ਫੇਫੜਿਆਂ ਦੇ ਕੈਂਸਰ ਤੇ ਤੰਬਾਕੂ ਕਰਕੇ ਫੇਫੜਿਆਂ ਦੀਆਂ ਹੋਰ ਬਿਮਾਰੀਆਂ ਕਾਰਨ ਜਿਹੜਾ ਮਨੁੱਖੀ ਜਾਨਾਂ ਅਤੇ ਮਨੁੱਖੀ ਤੇ ਆਰਥਿਕ  ਸਾਧਨਾਂ ਦਾ ਨੁਕਸਾਨ ਹੋ ਰਿਹਾ ਹੈ, ਉਸ ਦੇ ਬਾਵਜੂਦ ਤੰਬਾਕੂ ਦੀ ਪੈਦਾਵਾਰ ਨੂੰ ਰੋਕਣ ਤੇ ਆਮ ਲੋਕਾਂ ਨੂੰ ਇਸ ਸਬੰਧੀ ਸਿੱਖਿਅਤ ਕਰਨ, ਤੰਬਾਕੂ ਦੀ ਲਤ ਛੱਡਣ ਵਿੱਚ ਉਹਨਾਂ ਦੀ ਮਦਦ ਕਰਨ ਦੀ ਥਾਂ ਸਿਗਰਟਾਂ ਬਣਾਉਣ ਲਈ ਵਧੇਰੇ ਵਿਕਸਤ ਮਸ਼ੀਨਾਂ ਦੀ ਖੋਜ ਰੋ ਰਹੀ ਹੈ। ਨਵੀਆਂ ਮਸ਼ੀਨਾਂ ਪ੍ਰਤੀ ਮਿੰਟ 20,000 ਸਿਗਰਟਾਂ ਬਣਾਉਂਦੀਆਂ ਹਨ ਤੇ ਅਜਿਹੀਆਂ ਮਸ਼ੀਨਾਂ ਨਾਲ਼ ਲੈੱਸ ਇੱਕ ਫੈਕਟਰੀ ਸਾਲ ਵਿੱਚ 90 ਬਿਲੀਅਨ ਸਿਗਰਟਾਂ ਬਣਾਉਂਦੀ ਹੈ। ਇਹ ਤਾਂ ਸਪੱਸ਼ਟ ਹੀ ਹੈ ਕਿ ਕੰਪਨੀਆਂ ਇਸ ਲਈ ਹੀ ਇੰਨੀ ਵੱਡੀ ਪੱਧਰ ਉੱਤੇ ਪੈਦਾਵਾਰ ਦਾ ਵਿਸਤਾਰ ਕਰ ਰਹੀਆਂ ਹਨ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਨੇੜ-ਭਵਿੱਖ ਵਿੱਚ ਉਹਨਾਂ ਦੇ ਬਿਜ਼ਨੈੱਸ ਨੂੰ ਕੋਈ ਖਤਰਾ ਨਹੀਂ ਹੈ। ਸਾਫ਼ ਹੈ ਕਿ ਵਿਗਿਆਨ ਦਾ ਕੋਈ ਕਦਮ, ਕੋਈ ਵੀ ਖੋਜ ਸਰਮਾਏਦਾਰਾਂ ਦੇ ਮੁਨਾਫ਼ੇ ਦੇ ਰਾਹ ਵਿੱਚ ਰੋੜਾ ਬਣਦਾ ਹੈ, ਉਸ ਨੂੰ ਦਫ਼ਨ ਕਰਨ ਲਈ ਸਰਮਾਏਦਾਰ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।

ਇਹ ਵੀ ਵਿਡੰਬਨਾ ਹੈ ਕਿ ਜੇ ਵਿਗਿਆਨ ਦਾ ਇੱਕ ਖੇਤਰ ਤੰਬਾਕੂਨੋਸ਼ੀ ਦੇ ਖਤਰਿਆਂ ਬਾਰੇ ਦੱਸ ਰਿਹਾ ਹੈ ਤਾਂ ਦੂਜਾ ਖੇਤਰ ਇਸ ਤੋਂ ਛੁਟਕਾਰਾ ਪਾਉਣ ਲਈ ਸਹੀ ਰਸਤੇ ਦੀ ਭਾਲ ਦੇ ਮਸਲੇ ਨੂੰ ਭਟਕਾਅ ਰਿਹਾ ਹੈ। ਬਾਕੀ ਨਸ਼ਿਆਂ ਦੀ ਸਮੱਸਿਆ ਵਾਂਗ ਤੰਬਾਕੂਨੋਸ਼ੀ ਦੀ ਆਦਤ ਨੂੰ ਵਿਅਕਤੀਗਤ ਕਮਜ਼ੋਰੀ ਜਾਂ ਸਮੱਸਿਆ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਸਦੇ ਇਲਾਜ਼ ਲਈ ਦਵਾਈਆਂ, ਈ-ਸਿਗਰਟਾਂ ਆਦਿ ਰਾਹੀਂ ਇਲਾਜ ਦੀ ਗੱਲ ਤੁਰਦੀ ਹੈ ਜਦਕਿ ਇਹ ਇੱਕ ਸਮਾਜਿਕ-ਸਿਆਸੀ ਸਮੱਸਿਆ ਹੈ। ਰਾਬਰਟ ਪ੍ਰੋਕਟਰ ਦੇ ਸ਼ਬਦਾਂ ਵਿੱਚ, “ਜੇ ਸਿਗਰਟਾਂ ਕੈਂਸਰ ਦਾ ਕਾਰਨ ਹਨ, ਉਹ ਮਸ਼ੀਨਾਂ ਜਿਹੜੀਆਂ ਸਿਗਰਟਾਂ ਬਣਾਉਂਦੀਆਂ ਹਨ, ਉਹ ਇਸ਼ਤਿਹਾਰਬਾਜ਼ੀ ਦੀਆਂ ਕੰਪਨੀਆਂ ਜਿਹੜੀਆਂ ਕੈਂਸਰ ਪੈਦਾ ਕਰਨ ਵਾਲ਼ੇ ਰਸਾਇਣਾਂ ਨੂੰ ਸਜਾ-ਫਬਾ ਕੇ ਪੇਸ਼ ਕਰਦੀਆਂ ਹਨ, ਉਹ ਦੁਕਾਨਾਂ ਜਿਹੜੀਆਂ ਸਿਗਰਟਾਂ ਵੇਚਦੀਆਂ ਹਨ ਅਤੇ ਉਹ ਲੋਕ ਜਿਹੜੇ ਬਿਗ-ਤੰਬਾਕੂ ਦੇ ਮਾਲਕ ਹਨ ਤੇ ਉਹ ਸਿਆਸਤਦਾਨ ਜਿਹੜੇ ਇਹਨਾਂ ਤੋਂ ਰਿਸ਼ਵਤ ਖਾਂਦੇ ਹਨ, ਉਹ ਮਾਹਿਰ ਜਿਹੜੇ ਤੰਬਾਕੂ-ਕੰਪਨੀਆਂ ਦੇ ਪੱਖ ਵਿੱਚ ਅਦਾਲਤਾਂ ਵਿੱਚ ਜਾ ਕੇ ਗਵਾਹੀ ਦਿੰਦੇ ਹਨ, ਸਭ ਦੇ ਸਭ ਕੈਂਸਰ ਦਾ ਕਾਰਨ ਹਨ।” ਬਿਮਾਰੀ ਦੇ ਖਾਤਮੇ ਲਈ ਸਾਨੂੰ ਇਹਨਾਂ ਸਭ ਦਾ ਇਲਾਜ ਕਰਨਾ ਪਵੇਗਾ।

ਸ੍ਰੋਤ:
1. History of the discovery of cigarette-lung cancer link: evidentiary traditions, corporate denial, global tolli Robert N Procter। 2012।
2. Tobacco industry tactics for resisting public policy on health। Yussuf Saloojee @Elif dagli, bulletin of WHO, 2000।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 24, ਸਾਲ 5, 1 ਤੋਂ 15 ਫਰਵਰੀ 2017 ਵਿੱਚ ਪ੍ਰਕਾਸ਼ਤ

 

Advertisements