ਸਿਸਟਮ – 1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

(ਇਹ ਕਥਾ-ਟੁਕੜੇ ਏਦੁਆਰਦੋ ਗੇਲੀਆਨੋ ਦੀ ਕਿਤਾਬ ‘ਪਿਆਰ ਅਤੇ ਜੰਗ ਦੇ ਦਿਨ ਅਤੇ ਰਾਤਾਂ’ (Days and Nights of Love and War) ਵਿੱਚੋਂ ਲਏ ਗਏ ਹਨ। ਸਾਰੇ ਕਥਾ-ਟੁਕੜੇ ‘ਸਿਸਟਮ’ ਦੇ ਸਿਰਲੇਖ ਹੇਠ ਹੀ ਦਰਜ ਹਨ ਅਤੇ ਕਿਤਾਬ ਵਿੱਚ ਅਲੱਗ-ਅਲੱਗ ਜਗਾਂ ਹਨ, ਇਹਨਾਂ ਨੂੰ ਨੰਬਰ ਮੈਂ ਆਪਣੇ ਕੋਲੋਂ ਦਿੱਤੇ ਹਨ।)

ਮੈਂ ਚੌਦਾਂ ਜਾਂ ਪੰਦਰਾਂ ਵਰਿਆਂ ਦਾ ਹੋਵਾਂਗਾ ਤੇ ਮੈਂ ਇੱਕ ਬੈਂਕ ਵਿੱਚ ਚਪੜਾਸੀ ਵਜੋਂ ਕੰਮ ਕਰਦਾ ਸਾਂ। ਸਾਰਾ ਦੁਪਹਿਰਾ ਮੈਂ ਆਪਣੀਆਂ ਬਾਹਾਂ ਵਿੱਚ ਫਾਈਲਾਂ ਦਾ ਪਹਾੜ ਚੁੱਕ ਪੌੜੀਆਂ ਵਿੱਚ ਹੇਠ-ਉੱਤੇ ਭੱਜਦਾ ਰਹਿੰਦਾ। ਮੈਂ ਘੰਟੀਆਂ, ਬੱਤੀਆਂ ਜਾਂ ਆਵਾਜ਼ਾਂ ਦੇ ਇਸ਼ਾਰੇ ਅਤੇ ਸੱਦੇ ਲਈ ਕਿਸੇ ਛੋਟੇ ਸਿਪਾਹੀ ਵਾਂਗ ਇੱਕ ਕੋਨੇ ਵਿੱਚ ਖੜਾ ਰਹਿੰਦਾ।

ਸਭ ਤੋਂ ਉੱਪਰਲੀ ਮੰਜ਼ਿਲ ‘ਤੇ ਹਰ ਸ਼ੁੱਕਰਵਾਰ ਬੈਂਕ ਦੇ ਡਾਇਰੈਕਟਰਾਂ ਦੇ ਬੋਰਡ ਦੀ ਮੀਟਿੰਗ ਹੁੰਦੀ ਸੀ। ਮੀਟਿੰਗਾਂ ਦੌਰਾਨ ਡਾਇਰੈਕਟਰ ਕਈ-ਕਈ ਵਾਰ ਕੌਫ਼ੀ ਪੀਂਦੇ ਸਨ। ਮੈਂ ਕੌਫ਼ੀ ਬਣਾਉਣ ਲਈ ਰਸੋਈ ਵੱਲ ਭੱਜਦਾ। ਜੇ ਉੱਥੇ ਕੋਈ ਮੇਰੇ ਆਸ-ਪਾਸ ਨਾ ਹੁੰਦਾ ਤਾਂ ਮੈਂ ਉਹਨਾਂ ਨੂੰ ਜਲਾਬ ਲਾਉਣ ਲਈ ਕੌਫ਼ੀ ਨੂੰ ਉਬਾਲਾ ਦੇ ਦਿੰਦਾ।

ਇੱਕ ਸ਼ੁੱਕਰਵਾਰ ਜਦੋਂ ਮੈਂ ਹਮੇਸ਼ਾਂ ਦੀ ਤਰਾਂ ਟ੍ਰੇਅ ਲੈ ਕੇ ਆਇਆ ਤਾਂ ਦੇਖਿਆ ਕਿ ਵੱਡਾ ਕਮਰਾ ਲੱਗਭੱਗ ਖਾਲੀ ਸੀ। ਲਾਲ-ਭੂਰੇ ਰੰਗ ਦੇ ਮੇਜ਼ ਉੱਤੇ ਫਾਈਲਾਂ ਪੂਰੀ ਤਰਤੀਬ ਨਾਲ ਰੱਖੀਆਂ ਹੋਈਆਂ ਸਨ, ਹਰੇਕ ਉੱਤੇ ਇੱਕ-ਇੱਕ ਡਾਇਰੈਕਟਰ ਦਾ ਨਾਮ ਲਿਖਿਆ ਹੋਇਆ ਸੀ, ਅਤੇ ਮੇਜ਼ ਦੁਆਲ਼ੇ ਕੁਰਸੀਆਂ ਖਾਲੀ ਸਨ। ਸਿਰਫ਼ ਸ਼੍ਰੀਮਾਨ ਅਲਕੋਰਟਾ ਆਪਣੀ ਜਗਾ ਬੈਠਾ ਸੀ। ਮੈਂ ਉਸ ਨੂੰ ਕੌਫ਼ੀ ਲਈ ਕਿਹਾ ਤੇ ਉਸ ਨੇ ਕੋਈ ਜਵਾਬ ਨਾ ਦਿੱਤਾ। ਉਸ ਨੇ ਆਪਣੀ ਐਨਕ ਲਗਾ ਰੱਖੀ ਸੀ ਅਤੇ ਇੱਕ ਕਾਗਜ਼ ਉੱਤੇ ਲਿਖੀ ਲਿਖਤ ਨੂੰ ਪੜ ਰਿਹਾ ਸੀ। ਉਸ ਨੇ ਇਸਨੂੰ ਕਈ ਵੇਰਾਂ ਪੜਿਆ। ਮੈਂ ਉਸ ਦੇ ਪਿੱਛੇ ਚੁੱਪਚਾਪ ਖੜਾ ਉਸ ਦੀ ਗਰਦਨ ਦੁਆਲੇ ਬਣੀਆਂ ਗੁਲਾਬੀ ਮਾਸ ਦੀਆਂ ਸਿਲਵਟਾਂ ਨੂੰ ਦੇਖਦਾ ਰਿਹਾ ਅਤੇ ਉਸ ਦੇ ਹੱਥਾਂ ਉੱਤੇ ਪਈਆਂ ਝੁਰੜੀਆਂ ਨੂੰ ਗਿਣਦਾ ਰਿਹਾ। ਪੱਤਰ ਵਿੱਚ ਉਸ ਦੇ ਅਸਤੀਫ਼ੇ ਦੀ ਇਬਾਰਤ ਸੀ। ਉਸ ਨੇ ਦਸਤਖਤ ਕੀਤੇ, ਆਪਣੀ ਐਨਕ ਉਤਾਰੀ ਅਤੇ ਆਪਣੀਆਂ ਜੇਬਾਂ ਵਿੱਚ ਆਪਣੇ ਹੱਥ ਪਾਕੇ ਆਸਮਾਨ ਵੱਲ ਦੇਖਦੇ ਹੋਏ ਆਪਣੀ ਜਗਾ ਬੈਠਾ ਰਿਹਾ। ਮੈਂ ਖੰਘਿਆ, ਦੁਬਾਰਾ ਫਿਰ ਖੰਘਿਆ ਪਰ ਮੈਂ ਜਿਵੇਂ (ਉਸ ਲਈ) ਕੋਈ ਹੋਂਦ ਹੀ ਨਹੀਂ ਰੱਖਦਾ ਸੀ। ਕੌਫ਼ੀ ਦੇ ਕੱਪਾਂ ਨਾਲ ਲੱਦੀ ਟ੍ਰੇਅ ਚੁੱਕੀ-ਚੁੱਕੀ ਮੇਰੀਆਂ ਬਾਹਾਂ ਆਕੜਨ ਲੱਗੀਆਂ ਸਨ।

ਜਦੋਂ ਮੈਂ ਫਾਈਲਾਂ ਚੁੱਕਣ ਅਤੇ ਉਹਨਾਂ ਨੂੰ ਸੈਕਟਰੀਏਟ ਵਿੱਚ ਲਿਜਾਣ ਲਈ ਵਾਪਿਸ ਆਇਆ ਤਾਂ ਸ਼੍ਰੀਮਾਨ ਅਲਕੋਰਟਾ ਜਾ ਚੁੱਕਾ ਸੀ। ਮੈਂ ਦਰਵਾਜ਼ਾ ਬੰਦ ਕੀਤਾ ਅਤੇ ਜਿਵੇਂ ਕਿ ਮੈਂ ਹਮੇਸ਼ਾਂ ਕਰਦਾ ਹੁੰਦਾ ਸੀ, ਫਾਈਲਾਂ ਨੂੰ ਇੱਕ-ਇੱਕ ਕਰਕੇ ਖੋਲ ਕੇ ਦੇਖਣ ਲੱਗਾ। ਹਰੇਕ ਫਾਈਲ ਵਿੱਚ ਇੱਕ ਅਸਤੀਫ਼ਾ ਪਿਆ ਸੀ ਬਿਲਕੁਲ ਓਦਾਂ ਦਾ, ਜਿਹੋ-ਜਿਹਾ ਸ਼੍ਰੀਮਾਨ ਅਲਕੋਰਟਾ ਨੇ ਵਾਰ-ਵਾਰ ਪੜਿਆ ਸੀ ਤੇ ਦਸਤਖਤ ਕੀਤਾ ਸੀ।  ਸਾਰੇ ਅਸਤੀਫਿਆਂ ਉੱਤੇ ਦਸਤਖਤ ਕੀਤੇ ਹੋਏ ਸਨ।

ਆਉਂਦੇ ਮੰਗਲਵਾਰ ਡਾਇਰੈਕਟਰਾਂ ਦੇ ਬੋਰਡ ਨੇ ਵਿਸ਼ੇਸ਼ ਮੀਟਿੰਗ ਸੱਦੀ। ਸ਼੍ਰੀਮਾਨ ਅਲਕੋਰਟਾ ਨੂੰ ਨਹੀਂ ਬੁਲਾਇਆ ਗਿਆ ਸੀ। ਡਾਇਰੈਕਟਰਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ: ਪਹਿਲਾ, ਲੰਘੇ ਸ਼ੁੱਕਰਵਾਰ ਨੂੰ ਦਿੱਤੇ ਗਏ ਅਸਤੀਫਿਆਂ ਨੂੰ ਵਾਪਿਸ ਲੈਣ ਦਾ; ਅਤੇ ਦੂਜਾ, ਸ਼੍ਰੀਮਾਨ ਅਲਕੋਰਟਾ ਦਾ ਅਸਤੀਫ਼ਾ ਮਨਜ਼ੂਰ ਕਰ ਲੈਣ ਦਾ, ਉਸ ਵੱਲੋਂ ਦਿੱਤੀਆਂ ਗਈਆਂ ਸੇਵਾਵਾਂ ਦਾ ਧੰਨਵਾਦ ਕਰਦੇ ਹੋਏ ਅਤੇ ਅਫ਼ਸੋਸ ਜਤਾਉਂਦੇ ਹੋਏ ਕਿ ਨਵੀਆਂ ਜ਼ਿੰਮੇਵਾਰੀਆਂ ਉਸ ਦੀਆਂ ਅਨਮੋਲ ਯੋਗਤਾਵਾਂ ਉੱਤੇ ਬੋਝ ਬਣ ਰਹੀਆਂ ਸਨ।

ਮੈਂ ਇਹ ਮਤੇ ਕਾਰਵਾਈ ਰਿਪੋਰਟ ਵਿੱਚ ਉਸ ਸਮੇਂ ਪੜਾਂ ਜਦੋਂ ਉਹਨਾਂ ਨੇ ਮੈਨੂੰ ਇਹਨਾਂ ਨੂੰ ਜਨਰਲ ਮੈਨੇਜਰ ਦੇ ਦਫ਼ਤਰ ਲੈ ਕੇ ਜਾਣ ਲਈ ਕਿਹਾ।

”ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 8, 1 ਤੋਂ 15 ਜੂਨ 2017 ਵਿੱਚ ਪ੍ਰਕਾਸ਼ਿਤ

Advertisements