ਸਵਾ ਲੱਖ ਰਾਮ ਮੰਦਰਾਂ ਬਹਾਨੇ ਫਿਰਕੂ ਵੰਡੀਆਂ ਪਾਉਣ ਦੀ ਇੱਕ ਹੋਰ ਸਾਜਿਸ਼ •ਗੁਰਪ੍ਰੀਤ

3

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਭਾਰਤ ਨੂੰ ਲਗਾਤਾਰ ਹਿੰਦੂ ਰੰਗਤ ਵਿੱਚ ਰੰਗਣ ਦੀਆਂ ਕੋਸ਼ਿਸ਼ਾਂ ਤੇਜ ਹੋ ਰਹੀਆਂ ਹਨ। ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦੇ ਦੋ ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਰਾਸ਼ਟਰੀ ਸਵੈਸੇਵਕ ਸੰਘ ਨੇ ਆਪਣੇ ਵੱਖੋ-ਵੱਖਰੇ ਵਿੰਗਾਂ ਰਾਹੀਂ ਫਿਰਕੂ ਹਿੰਸਾ ਭੜਕਾਉਣ ਅਤੇ ਆਪਣੇ ਹਿੰਦੂਤਵੀ ਰਾਸ਼ਟਰਵਾਦ ਨੂੰ ਫੈਲਾਉਣ ਦੀਆਂ ਇੰਨੀਆਂ ਜ਼ਿਆਦਾ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ ਕਿ ਉਹਨਾਂ ਦੀ ਗਿਣਤੀ ਕਰਨੀ ਵੀ ਔਖੀ ਹੈ। ਭਾਰਤ ਵਿੱਚ ਘਰ ਵਾਪਸੀ, ਮੁਸਲਮਾਨਾਂ ਦੀ ਅਬਾਦੀ ਵਧਣ ਦੇ ਝੂਠ, ਲਵ ਜਿਹਾਦ, ਯੋਗ ਦਿਵਸ, ਗਊ ਰੱਖਿਆ ਜਿਹੀਆਂ ਅਨੇਕਾਂ ਮੁਹਿੰਮਾਂ ਚਲਾਈਆਂ ਗਈਆਂ ਹਨ ਜਿਨ੍ਹਾਂ ਨੇ ਲੋਕਾਂ ਵਿਚਲੀਆਂ ਫਿਰਕੂ ਵੰਡਾਂ ਨੂੰ ਮਜਬੂਤ ਕਰਨ ਤੇ ਹਿੰਦੂ ਰਾਸ਼ਟਰਵਾਦ ਨੂੰ ਫੈਲਾਉਣ ਵਿੱਚ ਕਾਫ਼ੀ ਯੋਗਦਾਨ ਪਾਇਆ ਹੈ। ਇਹਨਾਂ ਦੇ ਨਾਲ਼-ਨਾਲ਼ ਵੱਖਰੇ ਧਰਾਤਲ ‘ਤੇ ਸਿੱਖਿਆ, ਵਿਗਿਆਨ, ਕਲਾ, ਇਤਿਹਾਸ ਆਦਿ ਨਾਲ ਜੁੜੀਆਂ ਸੰਸਥਾਵਾਂ ਉੱਪਰ ਕੱਟੜ ਹਿੰਦੂਤਵ ਦੇ ਏਜੰਡੇ ਨਾਲ ਸਹਿਮਤੀ ਰੱਖਣ ਵਾਲੇ ਲੋਕਾਂ ਨੂੰ ਬਿਰਾਜਮਾਨ ਕਰਕੇ ਸਮੁੱਚੀ ਸਿੱਖਿਆ, ਇਤਿਹਾਸ, ਵਿਗਿਆਨ ਤੇ ਕਲਾ ਨੂੰ ਭਗਵੀਂ ਰੰਗਤ ਵਿੱਚ ਰੰਗਿਆ ਜਾ ਰਿਹਾ ਹੈ। ਤੀਜੇ ਧਰਾਤਲ ‘ਤੇ ਵੱਖ-ਵੱਖ ਰੂਪਾਂ ਵਿੱਚ ਧਾਰਮਿਕ ਘੱਟਗਿਣਤੀਆਂ ਖਿਲਾਫ਼ ਹਿੰਸਾ ਜਾਰੀ ਹੈ। ਮੋਦੀ ਦੇ ਆਉਣ ਤੋਂ ਬਾਅਦ ਦੇਸ਼ ਵਿੱਚ ਕਿਤੇ ਨਾ ਕਿਤੇ ਕਿਸੇ ਧਾਰਮਿਕ ਘੱਟਗਿਣਤੀ (ਖਾਸ ਤੌਰ ‘ਤੇ ਮੁਸਲਮਾਨਾਂ) ਨੂੰ ਕੁੱਟਣ, ਜਾਨੋਂ ਮਾਰਨ, ਧਮਕਾਉਣ, ਘਰ, ਦੁਕਾਨਾਂ ਆਦਿ ਸਾੜਨ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਚੌਥੇ ਧਾਰਤਲ ‘ਤੇ ਇਸ ਹਿੰਦੂਤਵੀ ਫਾਸੀਵਾਦ ਦਾ ਵਿਰੋਧ ਕਰਨ ਤੇ ਲੋਕਾਂ ਦੇ ਹੱਕਾਂ ਦੀ ਗੱਲ ਕਰਨ, ਲੋਕਾਂ ਨੂੰ ਲਾਮਬੰਦ, ਜਥੇਬੰਦ ਕਰਨ ਵਾਲ਼ੀਆਂ ਇਨਕਲਾਬੀ, ਜਮਹੂਰੀ ਤਾਕਤਾਂ ਉੱਪਰ ਹੱਲਾ ਬੋਲਿਆ ਜਾ ਰਿਹਾ ਹੈ। ਪ੍ਰੋ. ਕਲਬੁਰਗੀ ਵਰਗਿਆਂ ਦੇ ਕਤਲ, ਲੇਖਕਾਂ, ਬੁੱਧੀਜੀਵੀਆਂ ਨੂੰ ਧਮਕੀਆਂ, ਆਪਣੇ ਹੱਕਾਂ ਲਈ ਲੜਦੇ ਵਿਦਿਆਰਥੀਆਂ, ਮਜਦੂਰਾਂ ਉੱਪਰ ਹਮਲੇ, ਝੂਠੇ ਮੁਕੱਦਮੇ ਦੀਆਂ ਅਨੇਕਾਂ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ। ਇਹ ਸਭ ਦੇਸ਼ ਵਿੱਚ ਵਧ ਰਹੇ ਫਾਸੀਵਾਦੀ ਮਹੌਲ ਦੇ ਪ੍ਰਗਟਾਵੇ ਹਨ।

ਆਪਣੀਆਂ ਇਹਨਾਂ ਕੋਸ਼ਿਸ਼ਾਂ ਦੀ ਲੜੀ ਵਿੱਚ ਹਿੰਦੂ ਫਾਸੀਵਾਦੀ ਇੱਕ ਹੋਰ ਵੱਡਾ ਕਦਮ ਚੁੱਕਣ ਜਾ ਰਹੇ ਹਨ। ਰਾਸ਼ਟਰੀ ਸਵੈਮਵੇਕ ਦੇ ਅਹਿਮ ਅੰਗ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਦੇਸ਼ ਭਰ ਵਿੱਚ ਸਵਾ ਲੱਖ ਰਾਮ ਮੰਦਰ ਉਸਾਰੇ ਜਾਣਗੇ ਅਤੇ ਇਹਨਾਂ ਮੰਦਰਾਂ ਦਾ ਨੀਂਹ ਪੱਥਰ 7 ਤੋਂ 19 ਅਪ੍ਰੈਲ ਤੱਕ ਰਾਮ ਨੌਮੀ ਮੌਕੇ ਰੱਖਿਆ ਜਾਵੇਗਾ। ਇੰਨੇ ਵੱਡੇ ਪੱਧਰ ‘ਤੇ ਰਾਮ ਮੰਦਰ ਉਸਾਰਨ ਦੇ ਮਨਸ਼ੇ ਸਮਝਣੇ ਔਖੇ ਨਹੀਂ ਹਨ। ਸਭ ਤੋਂ ਪਹਿਲਾਂ ਤਾਂ ਦੇਸ਼ ਭਰ ਵਿੱਚ ਇਹਨਾਂ ਮੰਦਰਾਂ ਦੇ ਨਾਮ ‘ਤੇ ਲੋਕਾਂ ਵਿੱਚ ਹਿੰਦੂਤਵ ਨੂੰ ਹੋਰ ਉਭਾਰਿਆ ਜਾਵੇਗਾ, ਉਹਨਾਂ ਵਿੱਚ ਅੰਨ੍ਹਾ ਹਿੰਦੂ ਰਾਸ਼ਟਰਵਾਦ ਤੇ ਧਾਰਮਿਕ ਘੱਟ-ਗਿਣਤੀਆਂ ਖਿਲਾਫ ਨਫ਼ਰਤ ਫੈਲਾਈ ਜਾਵੇਗੀ। ਇਸਦਾ ਦੂਜਾ ਵੱਡਾ ਫ਼ਾਇਦਾ ਵੱਖ-ਵੱਖ ਸੂਬਿਆਂ ਵਿੱਚ ਹੋਣ ਵਾਲੀਆਂ 2016 ਤੇ 2017 ਦੀਆਂ ਚੋਣਾਂ ਵਿੱਚ ਭਾਜਪਾ ਦੇ ਵੋਟ ਬੈਂਕ ਦੇ ਰੂਪ ਵਿੱਚ ਵੀ ਹੋਣਾ ਹੈ। ਇਸਦਾ ਤੀਜਾ ਫ਼ਾਇਦਾ ਅਯੁੱਧਿਆ ਵਿੱਚ ਰਾਮ ਮੰਦਰ ਉਸਾਰਨ ਨਾਲ ਜੁੜਿਆ ਹੋਇਆ ਹੈ। 1992 ਵਿੱਚ ਵੱਡੇ ਕਤਲੇਆਮ ਰਾਹੀਂ ਇਹਨਾਂ ਹਿੰਦੂਤਵੀਆਂ ਵੱਲੋਂ ਅਯੁੱਧਿਆ ਵਿਖੇ ਬਾਬਰੀ ਮਸਜਿਦ ਢਾਹੁਣ ਦੇ ਨਾਲ-ਨਾਲ ਲੋਕਾਂ ਵਿੱਚ ਧਰਮ ਅਧਾਰਤ ਵੱਡਾ ਪਾੜਾ ਪੈਦਾ ਕੀਤਾ ਗਿਆ ਸੀ। ਹੁਣ ਉਹੀ ਕੱਟੜ ਹਿੰਦੂਤਵੀ ਤਾਕਤਾਂ ਉਸ ਥਾਂ ‘ਤੇ ਰਾਮ ਮੰਦਰ ਨੂੰ ਉਸਾਰਨਾ ਚਾਹੁੰਦੀਆਂ ਹਨ। ਅਯੁੱਧਿਆ ਦੇ ਇਸ ਰਾਮ ਮੰਦਰ ਨੂੰ ਇੱਕ ਲੰਮੀ ਗਿਣੀ-ਮਿੱਥੀ ਯੋਜਨਾ ਤਹਿਤ ਉਸਾਰਿਆ ਜਾਵੇਗਾ। ਜਿਵੇਂ ਬਾਬਰੀ ਮਸਜਿਦ ਢਾਹੁਣ ਤੋਂ ਪਹਿਲਾਂ ਅਡਵਾਨੀ ਨੇ ਦੇਸ਼ ਦੇ ਵੱਡੇ ਹਿੱਸੇ ਵਿੱਚ ਰੱਥ ਯਾਤਰਾ ਕੱਢਦੇ ਹੋਏ ਲੋਕਾਂ ਵਿੱਚ ਰਾਮ ਮੰਦਰ ਦੇ ਨਾਂ ‘ਤੇ ਫਿਰਕੂ ਜ਼ਹਿਰ ਫੈਲਾਇਆ ਸੀ ਉਸੇ ਤਰ੍ਹਾਂ ਅਯੁੱਧਿਆ ਵਿੱਚ ਰਾਮ ਮੰਦਰ ਬਣਾਉਣ ਤੋਂ ਪਹਿਲਾਂ ਇਸ ਨਾਲ ਸਬੰਧਤ ਵੱਡੀਆਂ ਮੁਹਿੰਮਾਂ ਚਲਾਈਆਂ ਜਾਣਗੀਆਂ ਜਿਸ ਤਹਿਤ ਲੋਕਾਂ ਵਿੱਚ ਧਾਰਮਿਕ ਭਾਵਨਾਵਾਂ ਭੜਕਾਉਂਦੇ ਹੋਏ ਅਯੁੱਧਿਆ ਵਿੱਚ ਰਾਮ ਮੰਦਰ ਉਸਾਰਨ ਦੀ ਸਹਿਮਤੀ ਲਈ ਜਾਵੇਗੀ ਤੇ ਉਹਨਾਂ ਅੰਦਰ ਫਿਰਕੂ ਜ਼ਹਿਰ ਹੋਰ ਤੂੜ ਕੇ ਭਰਿਆ ਜਾਵੇਗਾ। ਹੁਣ ਸਵਾ ਲੱਖ ਰਾਮ ਮੰਦਰ ਬਣਾਉਣਾ ਇਸੇ ਮੁਹਿੰਮ ਦਾ ਹਿੱਸਾ ਹੈ ਜਿਸ ਨੇ ਅੰਤ ਨੂੰ ਅਯੁੱਧਿਆ ਵਿੱਚ ਰਾਮ ਮੰਦਰ ਉਸਾਰਨ ‘ਤੇ ਹੀ ਪੁੱਜਣਾ ਹੈ।

ਇਹ ਸਵਾ ਲੱਖ ਮੰਦਰ ਬਣਾਉਣੇ ਸਿਰਫ ਪਹਿਲੇ ਗੇੜ ਦੀ ਯੋਜਨਾ ਹੈ। ਅਗਲੇ ਗੇੜ ਦੀ ਯੋਜਨਾ ਵਿੱਚ ਦੇਸ਼ ਦੇ 9 ਲੱਖ ਪਿੰਡਾਂ ਵਿੱਚ ਰਾਮ ਮੰਦਰ ਬਣਾਉਣ ਦੀ ਯੋਜਨਾ ਹੈ। ਇਸ ਤੋਂ ਬਿਨਾਂ 20 ਨਵੰਬਰ ਨੂੰ ਦੇਸ਼ ਨੂੰ ਇੱਕ “ਹਿੰਦੂ ਰਾਸ਼ਟਰ” ਬਣਾਉਣ ਲਈ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਇੱਕ ਹਿੰਦੂ ਏਕਤਾ ਯਾਤਰਾ ਕੱਢੇ ਜਾਣ ਦੀ ਵੀ ਯੋਜਨਾ ਹੈ। ਇੰਨੀ ਵੱਡੀ ਗਿਣਤੀ ਵਿੱਚ ਰਾਮ ਮੰਦਰ ਉਸਾਰਨ ਦੀ ਇਹ ਨਵੀਂ ਸਾਜਿਸ਼ ਵਿਖਾਉਂਦੀ ਹੈ ਕਿ ਇਹ ਫਾਸੀਵਾਦੀ ਤਾਕਤਾਂ ਕਿੰਨੇ ਵੱਡੇ ਪੱਧਰ ‘ਤੇ ਅਤੇ ਕਿੰਨੇ ਜਥੇਬੰਦ ਤੇ ਯੋਜਨਾਬੱਧ ਢੰਗ ਨਾਲ ਕੰਮ ਕਰ ਰਹੀਆਂ ਹਨ। ਇਸ ਤੋਂ ਦੇਸ਼ ਦੀਆਂ ਇਨਕਲਾਬੀ, ਜਮਹੂਰੀ ਤਾਕਤਾਂ ਨੂੰ ਸਮਝਣਾ ਚਾਹੀਦਾ ਹੈ ਕਿ ਫਾਸੀਵਾਦ ਦੀ ਇਸ ਚੁਣੌਤੀ ਨਾਲ ਸਿੱਝਣ ਲਈ ਕਿੰਨੀ ਮਜਬੂਤੀ, ਦ੍ਰਿੜਤਾ ਨਾਲ਼ ਤੇ ਕਿੰਨੇ ਵਿਆਪਕ ਪੱਧਰ ‘ਤੇ ਕੰਮ ਕੀਤੇ ਜਾਣ ਦੀ ਲੋੜ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 51, 1 ਅਪ੍ਰੈਲ 2016

 

 

Advertisements