”ਸਵੱਛ ਭਾਰਤ ਅਭਿਆਨ” ਪੇਸ਼ਾਵਰ ਭੰਡ ਦਾ ਨਵਾਂ ਤਮਾਸ਼ਾ -ਨਵਕਰਨ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਤਰ੍ਹਾਂ-ਤਰ੍ਹਾਂ ਦੇ ਲੋਕ ਲੁਭਾਉਣੇ ਨਾਅਰੇ ਦੇ ਕੇ ਮੋਦੀ ਦੀ ਅਗਵਾਈ ਵਿੱਚ ਭਾਜਪਾ ਸੱਤ੍ਹਾ ਵਿੱਚ ਆ ਤਾਂ ਗਈ ਪਰ ਹੁਣ ਉਸਨੂੰ ਆਪਣਾ ਲੋਕ ਵਿਰੋਧੀ ਚਿਹਰਾ ਛੁਪਾ ਸਕਣਾ ਦਿਨੋ-ਦਿਨ ਵਧੇਰੇ ਮੁਸ਼ਕਲ ਹੁੰਦਾ ਜਾ ਰਿਹਾ ਹੈ। ਜੀਵਨ ਰੱਖਿਅਕ ਦਵਾਈਆਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ, ਮਜਦੂਰਾਂ ਦੇ ਸੰਵਿਧਾਨਕ ਹੱਕਾਂ ਨੂੰ ਸੁੰਗੇੜਨਾ ਅਤੇ ਦੇਸ਼ੀ-ਵਿਦੇਸ਼ੀ ਲੁਟੇਰਿਆਂ ਨੂੰ ਭਾਰਤੀ ਕਿਰਤੀ ਲੋਕਾਂ ਦੀ ਖੁੱਲੀ ਲੁੱਟ ਦਾ ਸੱਦਾ ਦੇਣ ਨਾਲ਼ ਕਿਨ੍ਹਾਂ ਦੇ ਚੰਗੇ ਦਿਨ ਆਉਣਗੇ ਤੇ ਕਿਨ੍ਹਾਂ ਦੇ ਮਾੜੇ, ਇਹ ਲੋਕਾਂ ਤੋਂ ਲੁਕਿਆ ਨਹੀਂ ਰਿਹਾ। ਇਸੇ ਲਈ ਮੋਦੀ ਸਰਕਾਰ ਤਰ੍ਹਾਂ-ਤਰ੍ਹਾਂ ਦੇ ਢੋਂਗ ਰਚਦੀ ਰਹਿੰਦੀ ਹੈ ਜਿਸ ਨਾਲ਼ ਉਹ ਲੋਕਾਂ ਨੂੰ ਕੁਝ ਸਮਾਂ ਹੋਰ ਉਲ਼ਝਾਈ ਰੱਖ ਸਕੇ। ਪਿੱਛੇ ਜਿਹੇ ਸ਼ੁਰੂ ਕੀਤਾ ਗਿਆ ”ਸਵੱਛ ਭਾਰਤ ਅਭਿਆਨ” ਵੀ ਇਹਨਾਂ ਹੀ ਡਰਾਮਿਆਂ ਦੀ ਹੀ ਇੱਕ ਤਾਜ਼ਾ ਉਦਾਹਰਨ ਹੈ। 2 ਅਕਤੂਬਰ ਨੂੰ ਗਾਂਧੀ ਜਯੰਤੀ ਮੌਕੇ ਮੋਦੀ ਨੇ ਇਸ ਅਭਿਆਨ ਦੀ ਸ਼ੁਰੂਆਤ ਕੀਤੀ ਅਤੇ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਜੇਕਰ ਉਹ ਇੱਕ ਹਫਤੇ ਵਿੱਚ ਦੋ ਘੰਟੇ ਇਹ ਸਫਾਈ ਮੁਹਿੰਮ ਚਲਾਉਣ ਤਾਂ 2 ਅਕਤੂਬਰ 2019 ਤੱਕ ਸਾਰੇ ਭਾਰਤ ਵਿੱਚ ਕਿਤੇ ਵੀ ਗੰਦਗੀ ਨਹੀਂ ਬਚੇਗੀ। ਇਸਦੇ ਨਾਲ਼ ਹੀ ਉਸਨੇ ਸਰਕਾਰੀ ਅਫਸਰਾਂ, ਲੀਡਰਾਂ ਅਤੇ ਹੋਰ ਮੁਲਾਜਮਾਂ ਨੂੰ ਇਹ ਹੁਕਮ ਦਿੱਤਾ ਕਿ ਉਹ ਆਪਣੇ ਦਫ਼ਤਰ ਆਦਿ ਵਿੱਚ ਥੋੜਾ-ਬਹੁਤਾ ਝਾੜੂ ਫੇਰ ਦੇਣ। ਬਸ ਫੇਰ ਕੀ ਸੀ ਮੀਡੀਆ ਨੂੰ ਡੰਗ ਸਾਰਨ ਜੋਗੀ ਖ਼ਬਰ ਮਿਲ਼ ਗਈ ਤੇ ਉਹ ਜਿਉਂ ਇਹਦੇ ਪਿੱਛੇ ਪਿਆ, ਅਖੇ ਮੋਦੀ ਤਾਂ ਦੇਸ਼ ਦੀ ਜੂਨ ਹੀ ਬਦਲ ਦੇਵੇਗਾ।

ਅਸਲ ਵਿੱਚ ਮੋਦੀ ਦਾ ਭਾਰਤ ਦੀ ਗੰਦਗੀ ਸਾਫ ਕਰਨ ਦਾ ਕੋਈ ਇਰਾਦਾ ਨਹੀਂ। ਜੇਕਰ ਇਰਾਦਾ ਹੈ ਤਾਂ ਲੋਕਾਂ ਨੂੰ ਮੂਰਖ਼ ਬਣਾਉਣਾ ਤੇ ਆਪਣੇ ਮਾਲਕਾਂ ਯਾਨੀ ਅਮੀਰਾਂ ਦੀ ਸੇਵਾ ਕਰਨੀ। ਇੱਕ ਪਾਸੇ ਤਾਂ ਮੋਦੀ ਕਿਰਤ ਕਨੂੰਨਾਂ ਵਿੱਚ ਸੋਧ ਕਰਕੇ ਮਜ਼ਦੂਰਾਂ ਨੂੰ ਮਾਲਕਾਂ ਦੀ ਲੁੱਟ ਸਾਹਮਣੇ ਨਿਹੱਥਾ ਕਰਨ ਦੀ ਕੋਈ ਕਸਰ ਨਹੀਂ ਛੱਡ ਰਿਹਾ ਤਾਂ ਕੀ ਇਸਦਾ ਸਿੱਟਾ ਮਜ਼ਦੂਰਾਂ ਦੀ ਹਾਲਤ ਦੇ ਹੋਰ ਨਿਘਰਣ ਵਿੱਚ ਨਹੀਂ ਨਿੱਕਲ਼ੇਗਾ? ਫਿਰ ਇਹਨਾਂ ਮਜਦੂਰਾਂ ਦੀ ਰਿਹਾਇਸ਼ੀ ਹਾਲਤ ਚੰਗੀ ਹੋਣ ਦੇ ਦਰਵਾਜੇ ਕੀ ਮੋਦੀ ਖੁਦ ਨਹੀਂ ਬੰਦ ਕਰ ਰਿਹਾ? ਕਿਸੇ ਵੀ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਆਮ ਲੋਕਾਂ ਦੀ ਆਰਥਿਕ ਹਾਲਤ ਬਿਹਤਰ ਹੋਣ ਤੋਂ ਹੀ ਹੋਣੀ ਚਾਹੀਦੀ ਹੈ। ਜਦ ਤੱਕ ਦੇਸ਼ ਦੀ ਦੋ-ਤਿਹਾਈ ਅਬਾਦੀ ਵੀਹ ਰੁਪਏ ਰੋਜ਼ਾਨਾ ‘ਤੇ ਬਸਰ ਕਰਦੀ ਹੈ ਤਦ ਤੱਕ ਉਹ ਝੁੱਗੀਆਂ ਝੌਂਪੜੀਆਂ ਵਿੱਚ ਹੀ ਦਿਨ-ਕਟੀ ਕਰਨ ਲਈ ਬੰਧਕ ਹੈ। ਫੈਕਟਰੀਆਂ ਦੇ ਮਾਲਕ ਗੰਦਗੀ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਕਰਦੇ। ਕਿਉਂਕਿ ਇਸ ਦੇ ਇੰਤਜਾਮ ਦੀ ਸਿਰਦਰਦੀ ਚੁੱਕਣ ਬਾਰੇ ਤਾਂ ਤਦ ਸੋਚਣ ਜੇਕਰ ਉਹਨਾਂ ਨੂੰ ਮੁਨਾਫਾ ਬਟੋਰਨ ਤੋਂ ਵਿਹਲ ਮਿਲ਼ੇ! ਇਸੇ ਕਰਕੇ ਜ਼ਿਆਦਾਤਰ ਸੱਨਅਤੀ ਸ਼ਹਿਰਾਂ ਅਤੇ ਮਜ਼ਦੂਰ ਇਲਾਕਿਆਂ ਦੇ ਹਾਲਾਤ ਨਰਕ ਵਰਗੇ ਬਣੇ ਪਏ ਹਨ। ਗੰਦੇ ਪਾਣੀ ਦੇ ਛੱਪੜ ਮਜ਼ਦੂਰ ਬਸਤੀਆਂ ਦਾ ਅਨਿੱਖੜਵਾਂ ਹਿੱਸਾ ਬਣ ਚੁੱਕੇ ਹਨ। ਇਹਨਾਂ ਤੋਂ ਪੈਦਾ ਹੋਣ ਵਾਲ਼ੀਆਂ ਬਿਮਾਰੀਆਂ ਦਾ ਸ਼ਿਕਾਰ ਉਸ ਇਲਾਕੇ ਵਿੱਚ ਵਸਦੇ ਗਰੀਬਾਂ ਨੂੰ ਹੋਣਾ ਪੈਂਦਾ ਹੈ। ਪਰ ਇਹਨਾਂ ਇਲਾਕਿਆਂ ਦੀ ਸਫਾਈ ਵੱਲ ਪ੍ਰਸ਼ਾਸ਼ਨ ਕੋਈ ਧਿਆਨ ਨਹੀਂ ਦਿੰਦਾ। ਇੱਕ ਅੰਕੜੇ ਮੁਤਾਬਕ ਭਾਰਤੀ ਸ਼ਹਿਰ ਸਲਾਨਾ 68 ਅਰਬ ਟਨ ਕਚਰਾ ਪੈਦਾ ਕਰਦੇ ਹਨ ਜਿਸ ਵਿੱਚੋਂ ਕੇਵਲ ਇੱਕ-ਤਿਹਾਈ ਕਚਰੇ ਦੀ ਸਾਫ਼-ਸਫਾਈ ਦਾ ਹੀ ਪ੍ਰਬੰਧ ਹੈ ਤੇ ਬਾਕੀ ਬਚਿਆ ਸੜਕਾਂ-ਨਾਲ਼ਿਆਂ ਵਿੱਚ ਤਰਦਾ ਰਹਿੰਦਾ ਹੈ। ਪਾਠਕ ਇਹ ਅੰਦਾਜਾ ਸਹਿਜੇ ਹੀ ਲਾ ਸਕਦੇ ਹਨ ਕਿ ਨਾਬਰਾਬਰੀ ਅਤੇ ਅਨਿਆਂ ‘ਤੇ ਟਿਕੇ ਇਸ ਢਾਂਚੇ ਵਿੱਚ ਪ੍ਰਸ਼ਾਸ਼ਨ ਪਹਿਲ ਦੇ ਆਧਾਰ ‘ਤੇ ਕਿਹੜੇ ਇਲਾਕੇ ਦੀ ਸਫਾਈ ਦਾ ਪ੍ਰਬੰਧ ਕਰਦਾ ਹੋਵੇਗਾ? ਉਲਟਾ ਅਮੀਰ ਇਲਾਕਿਆਂ ਵਿੱਚੋਂ ਵੀ ਗੰਦ ਚੁਗ ਕੇ ਗਰੀਬ ਇਲਾਕਿਆਂ  ਦੇ ਆਸ-ਪਾਸ ਡੰਪ ਕਰ ਦਿੱਤਾ ਜਾਂਦਾ ਹੈ। ਸਾਰੇ ਸ਼ਹਿਰਾਂ ਦਾ ਇਹੋ ਹਾਲ ਹੈ। ਇਹੋ ਹਾਲ ਗੰਦੇ ਪਾਣੀ ਦੇ ਨਿਕਾਸ ਦਾ ਹੈ। ਭਾਰਤ ਦੇ 5161 ਸ਼ਹਿਰਾਂ ਵਿੱਚੋਂ 4861 ਸ਼ਹਿਰਾਂ ਵਿੱਚ ਸੀਵਰੇਜ ਦਾ ਕੋਈ ਪ੍ਰਬੰਧ ਨਹੀਂ ਹੈ। ਹੁਣ ਜੇ ਸ਼ਹਿਰੀ ਇਲਾਕਿਆਂ ਦਾ ਇਹ ਹਾਲ ਹੈ ਤਾਂ ਪਿੰਡਾਂ ਅਤੇ ਦੂਰ-ਦਰਾਜ ਇਲਾਕਿਆਂ ਦਾ ਕੀ ਹਾਲ ਹੋਵੇਗਾ?

ਇਸ ਗੰਦਗੀ ਦੀ ਵਜ੍ਹਾ ਮੁਨਾਫੇ ‘ਤੇ ਟਿਕਿਆ ਇਹ ਸਮਾਜਕ ਆਰਥਕ ਢਾਂਚਾ ਹੈ ਜੋ ਬਹੁਤੇਰੀ ਅਬਾਦੀ ਨੂੰ ਜੀਣ ਦੇ ਹੱਕ ਤੋਂ ਵੀ ਵਾਂਝੇ ਰੱਖਦਾ ਹੈ। ਕੋਈ ਆਖ ਸਕਦਾ ਹੈ ਕਿ ਗੰਦਗੀ ਲਈ ਅਨਪੜ੍ਹ ਲੋਕ ਜ਼ਿੰਮੇਵਾਰ ਹਨ ਜੋ ਜਗ੍ਹਾ–ਜਗ੍ਹਾ ਥੁੱਕਦੇ ਰਹਿੰਦੇ ਹਨ ਕਿਤੇ ਵੀ ਥਾਂ ‘ਤੇ ਪਿਸ਼ਾਬ ਕਰ ਦਿੰਦੇ ਹਨ। ਇਹ ਗੱਲ ਠੀਕ ਹੈ ਪਰ ਅਸਲ ਸਵਾਲ ਇਹ ਬਣਦਾ ਹੈ ਕਿ ਇਹਨਾਂ ਲੋਕਾਂ ਦੇ ਸੱਭਿਆਚਾਰਕ ਪਛੜੇਵੇਂ ਦਾ ਕੀ ਕਾਰਨ ਹੈ? ਇਸਦਾ ਜਿੰਮੇਵਾਰ ਵੀ ਇਹ ਢਾਂਚਾ ਹੈ ਜੋ ਬਹੁਗਿਣਤੀ ਦੀ ਜ਼ਿੰਦਗੀ ਨੂੰ ਰੋਟੀ ਦੇ ਹੀ ਲਾਲੇ ਪਾਈ ਰੱਖਦਾ ਹੈ।

ਇੱਕ ਹੋਰ ਅਹਿਮ ਗੱਲ ਇਹ ਹੈ ਕਿ ਮੋਦੀ ਜਿਹੜਾ ਡਰਾਮਾ ਕਰ ਰਿਹਾ ਹੈ ਉਹ ਇਤਿਹਾਸ ਦੀ ਕੋਈ ਨਿਵੇਕਲੀ ਘਟਨਾ ਨਹੀਂ। ਲੋਕ-ਪੱਖੀ ਹੋਣ ਦਾ ਇਹ ਢੋਂਗ ਮੋਦੀ ਨੇ ਆਪਣੇ ਬਦਨਾਮ ਉਸਤਾਦ ਹਿਟਲਰ ਤੋਂ ਹੀ ਸਿੱਖਿਆ ਹੈ। ਵੈਸੇ ਤਾਂ ਸਰਮਾਏਦਾਰਾ ਸਿਆਸਤ ਦੀਆਂ ਸਾਰੀਆਂ ਧਾਰਾਵਾਂ ਹੀ ਲੋਕ ਲੁਭਾਉਣੇ ਨਾਅਰੇ ਦੇ ਕੇ ਲੋਕਾਂ ਨੂੰ ਵਰਗਲ਼ਾਉਂਦੀਆਂ ਰਹਿੰਦੀਆਂ ਹਨ ਪਰ ਫਾਸੀਵਾਦ ਸੰਕਟਗ੍ਰਸਤ ਸਰਮਾਏਦਾਰੀ ਦੀ ਸਿਆਸਤ ਹੋਣ ਨਾਤੇ ਅਜਿਹੇ ਨਾਅਰਿਆਂ, ਚਿੰਨ੍ਹਾਂ ਅਤੇ ਪ੍ਰਤੀਕਾਂ ‘ਤੇ ਵਿਸ਼ੇਸ਼ ਜ਼ੋਰ ਦਿੰਦਾ ਹੈ। ਪਰ ਮੋਦੀ ਸਰਕਾਰ ਚਾਹੇ ਕੁਝ ਵੀ ਕਰ ਲਵੇ, ਚਾਹੇ ਮੀਡੀਆ ਦੀ ਮਦਦ ਨਾਲ਼ ਜਿੰਨਾ ਮਰਜੀ ਰੌਲ਼ਾ ਪਾ ਲਵੇ ਪਰ ਲੋਕਾਂ ਦੇ ਜੀਵਨ ਹਾਲਾਤ ਉਹਨਾਂ ਨੂੰ ਲਗਾਤਾਰ ਸੱਚਾਈ ਤੋਂ ਵਾਕਫ ਕਰਦੇ ਰਹਿੰਦੇ ਹਨ। ਅਸਲੀ ਗੰਦਗੀ ਇਹ ਨਿਜ਼ਾਮ ਹੈ ਤੇ ਸਮਾਂ ਆ ਗਿਆ ਹੈ ਕਿ ਇਸਨੂੰ ਇਸਦੀ ਬਣਦੀ ਜਗ੍ਹਾ ਯਾਨੀ ਇਤਿਹਾਸ ਦੇ ਕੂੜੇਦਾਨ ਵਿੱਚ ਪਹੁੰਚਾ ਦਿੱਤਾ ਜਾਵੇ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 35, ਦਸੰਬਰ 2014 ਵਿਚ ਪਰ੍ਕਾਸ਼ਤ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s