ਸੁੰਦਰਤਾ ਦੇ ਕਾਰੋਬਾਰ ਦਾ ਬਦਸੂਰਤ ਚਿਹਰਾ •ਰਜਿੰਦਰ ਸਿੰਘ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਝਾਰਖੰਡ ਦੀ ਇੱਕ ਨਹਿਰ ਜ਼ਿਆਦਾ ਗਰਮੀ ਪੈਣ ਕਰਕੇ ਸੁੱਕ ਚੁੱਕੀ ਹੈ, ਬਸ ਕਿਤੇ-ਕਿਤੇ ਟੋਇਆਂ ਵਿੱਚ ਪਾਣੀ ਬਾਕੀ ਹੈ, ਜਿਹੜੀ ਹੁਣ ਕਿਸੇ ਪਿੰਡ ਦੇ ਛੱਪੜ ਵਾਂਗ ਲਗਦੀ ਹੈ। ਜਿਆਦਾ ਧੁੱਪ ਪੈਣ ਕਰਕੇ ਮਿੱਟੀ ਸੁੱਕ ਕੇ ਫਟ ਚੁੱਕੀ ਹੈ, ਖੁੱਲੀਆਂ ਤ੍ਰੇੜਾ ਦਿਖਾਈ ਦਿੰਦਿਆਂ ਹਨ, ਪਰ ਕਿਤੇ-ਕਿਤੇ ਟੋਏ ਨਾਲ਼ ਪਾਣੀ ਹੋਣ ਕਾਰਨ ਦਲਦਲੀ ਜਹੀ ਥਾਂ ਬਣੀ ਹੋਈ ਹੈ। ਬਾਰਾਂ-ਬਾਰਾਂ ਤੇਰਾਂ-ਤੇਰਾਂ ਸਾਲ ਦੇ ਬੱਚੇ ਕਿਸੇ ਸੋਟੀ-ਡੰਡੇ ਦਾ ਸਹਾਰਾ ਲੈ ਕੇ ਤੇ ਕੁੱਝ ਆਪਣੇ ਸਹਾਰੇ ਛੋਟੇ-ਛੋਟੇ ਲਿਫਾਫੇ ਲੈ ਕੇ ਇਸ ਸੁੱਕ ਚੁੱਕੀ ਨਹਿਰ ਵਿੱਚੋਂ ਮੱਛੀਆਂ ਲੱਭ ਰਹੇ ਨੇ। ਜਦੋਂ ਕੋਈ ਮੂਧਾ ਹੋ ਕੇ ਉਠਦਾ ਤਾਂ ਸਰੀਰ ਤੋਂ ਗਾਰੇ ਦੀ ਪਤੀ ਜਹੀ ਧਾਰ ਹੇਠਾ ਨੁਚੜਦੀ ਹੈ। ਕਿਤੇ-ਕਿਤੇ ਕੋਈ ਹਵਾ ਦਾ ਬੁੱਲਾ ਫੱਟ ਚੁੱਕੇ ਬੁੱਲਾਂ ਨਾਲ਼ ਟਕਰਾਉਂਦਾ ਹੋਇਆ ਜਿਉਂਦੇ ਹੋਣ ਦਾ ਅਹਿਸਾਸ ਕਰਵਾਉਂਦਾ ਹੈ। ਢਲਦੇ ਸੂਰਜ ਦੀ ਰੋਸ਼ਨੀ ਕਾਲੇ ਪਿੰਡੇ ਉੱਤੇ ਪੈਂਦੀ ਹੈ ਤਾਂ ਕਿਤੇ ਕਿਤੇ ਭੂਸਲਾਪਣ ਚਮਕਦਾ ਹੈ। ਨਾਲ਼ ਦੀ ਸੜਕ ਉੱਤੇ ਮੋਟਰ ਗੱਡੀਆਂ ਅੰਨੇ ਵਾਹ ਭੱਜੀਆਂ ਜਾ ਰਹੀਆਂ ਨੇ , ਪਰ ਕਿਸੇ ਦਾ ਵੀ ਇਸ ਪਾਸੇ ਧਿਆਨ ਨਹੀਂ ਹੈ। ਇਹ ਗੰਦੇ ਨਾਲ਼ੇ ਵਿੱਚੋਂ ਮੱਛੀਆਂ ਮਾਰਦੇ ਬੱਚੇ ਕੋਣ ਨੇ?

ਆਓ ਮੈਂ ਤੁਹਾਨੂੰ ਇੱਕ ਖੂਹ ਨੁਮਾ ਖਾਈ ਵਿੱਚ ਲੈ ਚਲਦਾ ਹਾਂ, ਜਿੱਥੇ ਇਹ ਬੱਚੇ ਕੁਝ ਕੁਝ ਘੰਟਿਆਂ ਲਈ ਦਫਨ ਹੋ ਜਾਂਦੇ ਨੇ , ਜੇ ਕਿਸਮਤ ਫੁੱਟੀ ਹੋਈ ਤਾਂ ਹਮੇਸਾ ਲਈ ਵੀ ਦਫਨ ਹੋ ਜਾਂਦੇ ਨੇ। ਇਹਨਾਂ ਦੇ ਸਿਰਾਂ ਉੱਤੇ ਲਾਈਟਾਂ ਲੱਗੀਆਂ ਨੇ ਜਿਵੇਂ ਪੁਰਾਤਨ ਕਥਾਵਾਂ ਵਿੱਚ ਯੂਨੀਕੋਰਨ ਹੁੰਦਾ। ਬੱਚੇ ਪਿਓ ਨੂੰ ਆਰਾਮ ਦਵਾਉਣ ਲਈ ਵਾਰੀ ਸਿਰ ਉਸ ਡੂੰਘੀ ਖੱਡ ਵਿੱਚ ਹੇਠਾ ਉਤਰ ਜਾਂਦੇ ਹਨ ਤੇ ਉਥੋਂ ਕੱਚ ਦੇ ਟੁਕੜਿਆਂ ਜਿਹੀ ਕੋਈ ਧਾਤ ਛੋਟੀਆਂ ਛੋਟੀਆਂ ਬਾਲਟੀਆਂ ਵਿੱਚ ਪਾ ਉੱਪਰ ਘੱਲਦੇ ਹਨ , ਜਿਹਨਾਂ ਨੂੰ ਉਸ ਖਾਈ ਦੇ ਕਿਨਾਰੇ ਖੜਾ ਕੋਈ ਬੱਚਾ ਫੜਦਾ ਹੈ, ਜਿਹੜਾ ਖਾਈ ਦੇ ਕਿਨਾਰੇ ਡੰਡਿਆਂ ਨਾਲ਼ ਬਣੀ ਹੋਈ ਪੌੜੀ ਨੁਮਾ ਰਚਨਾ ਉੱਤੇ ਖੜਾ ਹੈ। ਇਹ ਕਿਹੜੀ ਚੀਜ਼ ਹੈ, ਜੋ ਓਸ ਕਾਲੀ ਹਨੇਰੀ ਖਾਈ ਵਿੱਚੋਂ ਬਾਹਰ ਆ ਰਹੀ ਹੈ? ਇਹ ਜਵਾਕਾਂ ਦੇ ਖੂਨ ਨਾਲ਼ ਪੁਣੀ ਹੋਈ ਤੁਹਾਡਾ ਚਿਹਰੇ ਦੀ ਬਨਾਉਟੀ ਸੁੰਦਰਤਾਂ ਹੈ ਜਨਾਬ! ਇਹ ਅਬਰਕ ਹੈ ਜਿਹੜਾ ਸਭ ਤਰਾਂ ਦੇ ਸੁੰਦਰਤਾਂ ਉਦਪਾਦਾ ਵਿੱਚ ਵਰਤਿਆ ਜਾਂਦਾ ਹੈ। ਇਹ ਹੈ ਤੁਹਾਡੀ ਬਨਾਉਟੀ ਸੁੰਦਰਤਾਂ ਦਾ ਅਸਲੀ ਰੂਪ ਤੇ ਘਨਾਉਣਾ ਰੂਪ, ਮੇਕਅੱਪ ਦਾ ਅਧਾਰ-ਬਾਲ ਮਜ਼ਦੂਰੀ!

ਅਬਰਕ ਉਦਯੋਗ ਵਿੱਚ ਬਾਲ ਮਜ਼ਦੂਰੀ – ਅਬਰਕ ਦੀ ਪੈਦਾਵਾਰ ਵਿੱਚ ਕਾਫ਼ੀ ਭਾਰਾ ਹਿੱਸਾ ਬਾਲ ਮਜ਼ਦੂਰਾਂ ਦਾ ਹੈ, ਜਿਹੜੇ ਅਬਰਕ ਦੀਆਂ ਗੈਰ-ਕਨੂੰਨੀ ਖਾਣਾ ਵਿੱਚ ਕੰਮ ਕਰਦੇ ਹਨ। ਇਹ ਖਾਣਾ ਝਾਰਖੰਡ ਦੇ ਉਤਰ ਤੇ ਬਿਹਾਰ ਦੇ ਪੂਰਬੀ ਹਿੱਸੇ ਵਿੱਚ ਪਾਈਆਂ ਜਾਂਦੀਆਂ ਹਨ। ਜਿਸ ਦੇ ਤਿੰਨ ਮੁੱਖ ਤਿੰਨ ਸ਼ਹਿਰ ਹਨ, ਝਾਰਖੰਡ ਵਿੱਚ ਕੋਦਰਮਾ ਤੇ ਗਿਰੀਦੀਹ ਅਤੇ ਬਿਹਾਰ ਦਾ ਨਵਾਦਾ ਮੁੱਖ ਹੈ। ਇਥੋਂ ਹੀ ਦੁਨੀਆਂ ਦੀਆਂ ਵੱਡੀਆਂ ਨਾਮੀ ਕੰਪਨੀਆਂ ਅਬਰਕ ਬਹੁਤ ਘੱਟ ਕੀਮਤ ਉੱਤੇ ਪ੍ਰਾਪਤ ਕਰਦੀਆਂ ਹਨ, ਜਿਥੋਂ ਬਾਲ ਮਜ਼ਦੂਰੀ ਤੇ ਲੁੱਟ ਉੱਤੇ ਟਿਕੀ ਅਬਰਕ ਦੀ ਪੈਦਾਵਾਰ ਅਤੇ ਤੁਹਾਡੀ ਬਨਾਉਟੀ ਸੁੰਦਰਤਾ ਦੀ ਸ਼ੁਰੂਆਤ ਹੁੰਦੀ ਹੈ। ਇਹ ਖਾਣਾ ਅੱਡੋ ਅੱਡ ਤਰਾਂ ਦੀਆਂ ਹਨ , ਸਧਾਰਣ ਟੋਏ ਤੋਂ ਲੈਕੇ 10 ਮੀਟਰ ਡੂੰਘੀਆਂ ਖਾਣਾ ਹਨ, ਜਿਹੜੀ ਸੁਰੰਗਾਂ ਦੇ ਪੂਰੇ ਢਾਂਚੇ ਨਾਲ਼ ਜੁੜੀਆਂ ਹੋਈਆਂ ਹਨ। ਇਥੇ ਕਾਨੂੰਨੀ ਖਾਣਾਂ ਥੋੜੀਆਂ ਹਨ, ਜਿਹਨਾਂ ਵਿੱਚੋਂ ਅਬਰਕ ਕੱਡਣ ਦੀ ਕਨੂੰਨੀ ਮਨਾਹੀ ਹੈ ਪਰ ਗੈਰ-ਕਾਨੂੰਨੀ ਖਾਣਾਂ ਦਾ ਪੂਰਾ ਜਾਲ ਵਿਛਿਆ ਹੋਇਆ ਹੈ, ਜਿੱਥੇ ਕਿ ਗਰੀਬਾਂ ਦੀ ਇੱਕ ਭਾਰੀ ਅਬਾਦੀ ਕੰਮ ਕਰਦੀ ਹੈ, ਜਿਹਨਾਂ ਕੋਲ ਕੋਈ ਜ਼ਮੀਨ ਨਹੀਂ ਹੈ ਤੇ ਨਾ ਹੀ ਗੁਜ਼ਾਰੇ ਦਾ ਹੋਰ ਕੋਈ ਸਾਧਨ ਹੈ। ਜਿਹਨਾਂ ਵਿੱਚ ਬੱਚਿਆ ਦੀ ਬਹੁਤਾਤ ਹੈ। ਬਾਲ ਮਜ਼ਦੂਰੀ ਇੱਥੇ ਆਮ ਜਾਣੀ ਜਾਂਦੀ ਹੈ, ਬਾਲ ਮਜ਼ਦੂਰੀ ਇਥੇ ਨਾ ਤਾਂ ਫੈਕਟਰੀ ਮਾਲਕਾਂ ਵਲੋਂ (ਜਿਹੜੇ ਅਬਰਕ ਨਿਰਯਾਤ ਕਰਦੇ ਹਨ) ਅਤੇ ਨਾ ਹੀ ਇਹਨਾਂ ਦੇ ਵਿਚਕਾਰਲੇ ਵਿਚੋਲਿਆਂ ਵੱਲੋਂ ਨਕਾਰੀ ਗਈ ਹੈ। ਇਥੇ ਸਭ ਤੋਂ ਭਿਅੰਕਰ ਕਿਸਮ ਦੀ ਬਾਲ ਮਜ਼ਦੂਰੀ ਹੁੰਦੀ ਹੈ ਜਿੱਥੇ ਨਾ ਤਾਂ ਬੱਚਿਆਂ ਦੀ ਕੋਈ ਸਿਹਤ ਦਾ ਧਿਆਨ ਹੁੰਦਾ ਹੈ ਨਾ ਹੀ ਕੰਮ ਦੀਆਂ ਹਾਲਤਾਂ ਦਾ। ਬੱਚਿਆਂ ਨੂੰ ਜ਼ਮੀਨ ਅੰਦਰ ਖਤਰਨਾਕ ਸੰਦਾਂ ਨਾਲ਼ ਕੰਮ ਕਰਨਾ ਪੈਂਦਾ ਹੈ ਅਤੇ ਜਿਹੜੇ ਵਿੱਚ ਭਾਰੀ ਢੋਆ-ਢੁਆਈ ਸ਼ਾਮਲ ਹੈ।

ਹੇਠਾ ਅਸੀਂ ਕੁਝ ਨੁਕਤਿਆਂ ਵਿੱਚ ਇਹਨਾਂ ਬੱਚਿਆ ਦੀ ਉਮਰ, ਕੰਮ ਦੀ ਵੰਡ ਅਤੇ ਕਮਾਈ ਵਾਲ ਝਾਤ ਮਾਰਦੇ ਹਾਂ।

ਕੰਮ ਦੀ ਵੰਡ :

•ਛੋਟੇ ਮੁੰਡੇ ਛੈਣੀ ਅਤੇ ਹਥੌੜਾ ਲੈਕੇ ਛੋਟੀਆਂ ਮਘੋਰੇ ਨੁਮਾਂ ਖਾਣਾਂ ਵਿੱਚ ਵੜਦੇ ਹਨ ਤੇ ਕੰਮ ਕਰਦੇ ਹਨ। 

•ਵੱਡੇ ਮੁੰਡੇ ਵੀ ਛੈਣੀ ਅਤੇ ਹਥੌੜੇ ਨਾਲ਼ ਖਾਣਾਂ ਵਿੱਚ ਕੰਮ ਕਰਦੇ ਹਨ ਅਤੇ ਅਬਰਕ ਨੂੰ ਖਾਣਾਂ ਤੋਂ ਉਸ ਥਾਂ ਉੱਤੇ ਪੁੱਜਦਾ ਕਰਦੇ ਹਨ ਜਿੱਥੇ ਇਹਨੂੰ ਅੱਡ ਕੀਤਾ ਜਾਂਦਾ ਹੈ।

•ਛੋਟੀਆਂ ਕੁੜੀਆਂ ਅਬਰਕ ਅੱਡ ਕਰਦੀਆਂ ਹਨ।

•ਵੱਡੀਆਂ ਕੁੜੀਆਂ ਅਬਰਕ ਨੂੰ ਖਾਣਾਂ ਤੋਂ ਅੱਡ ਕਰਨ ਵਾਲੀ ਥਾਂ ਉੱਤੇ ਲੈਕੇ ਜਾਂਦੀਆਂ ਹਨ।

ਉਮਰ

•ਸੰਜੇ ਕੁਮਾਰ ਜੋ ਕਿ ਸਟੇਟ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਿਲਡਰੰਨ ਰਾਇਟਸ ਦਾ ਮੈਂਬਰ ਹੈ ਦੇ ਮੁਤਾਬਕ 8 ਸਾਲ ਦੀ ਉਮਰ ਤੱਕ ਦੇ ਬੱਚੇ ਖਾਣਾਂ ਵਿੱਚ ਕੰਮ ਕਰਦੇ ਹਨ।

•ਡਾਨਵਾਚ ਦੀ ਰਿਪੋਰਟ ਮੁਤਾਬਕ 5 ਸਾਲ ਤੱਕ ਦੇ ਬੱਚੇ ਖਾਣਾਂ ਵਿੱਚ ਕੰਮ ਕਰਦੇ ਹਨ।

 •ਅਬਰਕ ਨੂੰ ਹੋਰ ਚਟਾਨਾਂ ਦੇ ਹਿੱਸਿਆ ਤੋਂ ਅੱਡ ਕਰਨ ਦੇ ਕੰਮ ਵਿੱਚ 3 ਤੋਂ 5 ਸਾਲ ਦੇ ਬੱਚੇ ਲੱਗੇ ਆਮ ਦੇਖੇ ਜਾ ਸਕਦੇ ਹਨ।

ਸਮਾਂ

•ਕੰਮ ਦੀਆਂ ਸ਼ਿਫਟਾਂ ਸਰਦੀਆਂ ਵਿੱਚ 7 ਤੋਂ 8 ਘੰਟੇ ਅਤੇ ਗਰਮੀਆਂ ਵਿੱਚ 8 ਤੋਂ 9 ਘੰਟੇ ਲੰਮੀਆਂ ਹੁੰਦੀਆਂ ਹਨ। ਕੰਮ ‘ਤੇ ਆਉਣ ਅਤੇ ਜਾਣ ਲਈ ਇਹਨਾਂ ਨੂੰ ਕਈ ਕਿਲੋਮੀਟਰ ਸਫਰ ਤੈਅ ਕਰਨਾ ਪੈਂਦਾ ਹੈ ਅਤੇ ਹਰੇਕ 15 ਕਿਲੋ ਤੱਕ ਅਬਰਕ ਨਾਲ਼ ਲੈਕੇ ਜਾਂਦਾ ਹੈ। ਜਿਹੜਾ ਅੱਗੇ ਵਿਚੋਲਿਆਂ ਕੋਲ ਵੇਚਿਆ ਜਾਂਦਾ ਹੈ।
 

•ਖਾਣਾਂ ਵਿੱਚ 5 ਤੋਂ 6 ਦਿਨ ਕੰਮ ਹੁੰਦਾ ਹੈ। ਐਤਵਾਰ ਕੰਮ ਬੰਦ ਹੁੰਦਾ ਹੈ, ਕਦੇ-ਕਦੇ ਸੋਮਵਾਰ ਵੀ ਕੰਮ ਬੰਦ ਹੁੰਦਾ ਹੈ
ਕਮਾਈ

•ਇੱਕ ਕਿੱਲੋ ਅਬਰਕ 5 ਰੁਪਏ ਤੋਂ 10 ਰੁਪਏ ਕਿੱਲੋ ਵੇਚਿਆ ਜਾਂਦਾ ਹੈ।

•ਇੱਕ ਆਮ ਬੰਦੇ ਦੀ ਕਮਾਈ ਇੱਕ ਦਿਨ 50 ਰੁਪਏ ਤੋਂ ਲੈਕੇ 200 ਰੁਪਏ ਹੈ , ਇਹਦੇ ਵਿੱਚ ਵੀ ਕਈ ਕਈ ਦਿਨ ਅਜਿਹੇ ਹੁੰਦੇ ਹਨ ਜਿਹਨਾਂ ਵਿੱਚ ਕੁਝ ਵੀ ਹੱਥ ਨਹੀਂ ਲਗਦਾ, ਕੁੱਲ ਮਿਲਾ ਕੇ ਮਹੀਨੇ ਦੀ ਕਮਾਈ ਤਿੰਨ ਤੋਂ ਚਾਰ ਹਜ਼ਾਰ ਵਿਚਕਾਰ ਹੈ। ਬੱਚੇ ਕੀ ਕਮਾ ਲੈਂਦੇ ਹੋਣਗੇ ਇਹਦਾ ਅੰਦਾਜ਼ਾ ਮਜ਼ਦੂਰਾਂ ਦੀ ਕਮਾਈ ਤੋਂ ਲਗਾਇਆ ਜਾ ਸਕਦਾ ਹੈ।

ਇਥੇ ਬਹੁਗਿਣਤੀ ਬੱਚੇ ਸਕੂਲ ਨਹੀਂ ਜਾਂਦੇ। ਜਿਆਦਾਤਰ ਵਿੱਚੋ ਜਿਹੜੇ ਜਾਂਦੇ ਵੀ ਹਨ , ਕੁਝ ਸਾਲ ਸਕੂਲ ਵਿੱਚ ਜਾਣ ਤੋਂ ਬਾਅਦ ਸਕੂਲ ਛੱਡ ਜਾਂਦੇ ਹਨ ਅਤੇ ਖਾਣਾਂ ਵਿੱਚ ਕੰਮ ਕਰਨ ਲੱਗ ਜਾਂਦੇ ਹਨ। ਨਾ ਹੀ ਇਥੇ ਕੰਮ ਕਰਦੇ ਮਜ਼ਦੂਰਾਂ ਦੀ ਜ਼ਿਆਦਾਤਰ ਆਬਾਦੀ ਪੜੀ ਲਿਖੀ ਹੈ, ਇਹ ਆਮ ਰੁਝਾਨ ਹੈ ਕਿ ਸਾਰਾ ਟੱਬਰ ਖਾਣਾਂ ਵਿੱਚ ਹੀ ਕੰਮ ਕਰਦਾ ਹੈ। ਇਥੇ ਕੰਮ ਕਰਦੀ ਕਾਫੀ ਅਬਾਦੀ ਗਰੀਬ ਦਲਿਤਾਂ ਦੀ ਹੈ, ਜਿਹਨਾਂ ਕੋਲ ਕੋਈ ਪੱਕਾ ਰੁਜ਼ਗਾਰ ਨਹੀਂ ਹੈ, ਜਿਹੜੇ ਅਬਰਕ ਦੀਆਂ ਖਾਣਾਂ ਤੋਂ ਇਲਾਵਾਂ ਕਦੇ ਖੇਤਾਂ, ਉਸਾਰੀ ਦੇ ਕੰਮ ਵੀ ਕਰਦੇ ਹਨ।

ਖੁਦਾਈ ਤੋਂ ਫੈਕਟਰੀ ਤੱਕ ਵਿਚੋਲਿਆਂ ਦੀ ਭੂਮਿਕਾ  ਜੇਕਰ ਝਾਰਖੰਡ ਦੀ ਗੱਲ ਕੀਤੀ ਜਾਵੇਂ ਤਾਂ ਇਥੇ ਨਾਂਹ ਦੇ ਬਰਾਬਰ ਕਨੂੰਨੀ ਖਾਣਾਂ ਹਨ। ਅਬਰਕ ਦੀ ਖੁਦਾਈ ਕਰਦੇ ਮਜ਼ਦੂਰਾਂ ਤੋਂ ਲੈਕੇ ਇਸ ਨੂੰ ਫੈਕਟਰੀ ਤੱਕ ਪਹੁੰਚਾਉਣ ਵਿੱਚ ਵਿਚੋਲਿਆਂ ਦੀ ਖਾਸ ਭੂਮਿਕਾ ਹੈ। ਜ਼ਿਆਦਾਤਰ ਖੁਦਾਈ ਗੈਰ-ਕਨੂੰਨੀ ਹੋਣ ਕਾਰਨ ਇਹ ਵਿਚੋਲੇ ਕਿਰਤ ਦੀ ਲੁੱਟ ਵਿੱਚੋਂ ਹਿੱਸਾ ਵਸੂਲਣ ਵਾਲੇ ਹਨ। ਗੈਰ-ਕਾਨੂੰਨੀ ਖਾਣਾਂ ਵਿੱਚੋਂ ਨਿਕਲਣ ਵਾਲਾ ਅਬਰਕ ਇਹਨਾਂ ਲੋਕਾਂ ਨੂੰ ਹੀ ਵੇਚਿਆਂ ਜਾਂਦਾ ਹੈ, ਜਿਹੜਾ ਇਹ ਅੱਗੇ ਸਿੱਧ ਫੈਕਟਰੀ ਮਾਲਕਾਂ ਨੂੰ ਵੇਚਿਆ ਜਾਂਦਾ ਹੈ ਜਾਂ ਕਈ ਵਾਰ ਸਿੱਧ ਖਰੀਦਣ ਵਾਲ਼ੀਆਂ ਪਾਰਟੀਆਂ ਨੂੰ ਵੇਚ ਦਿੱਤਾ ਜਾਂਦਾ ਹੈ। ਫੈਕਟਰੀ ਮਾਲਕ (ਜਾਂ ਵਿਚੋਲੇ ਵੀ) ਖਰੀਦੇ ਗਏ ਅਬਰਕ ਨੂੰ ਹੱਥੀ ਮਜ਼ਦੂਰਾਂ ਤੋਂ ਜਾਂ ਮਸ਼ੀਨਾਂ ਤੋਂ ਸਾਫ਼ ਸਫਾਈ ਕਰਵਾ ਕੇ ਦੁਨੀਆਂ ਦੀਆਂ ਨਾਮੀ ਕੰਪਨੀਆਂ ਨੂੰ ਵੇਚਦੇ ਹਨ। ਬਾਲ ਮਜ਼ਦੂਰੀ ਦੇ ਨਾਂ ਉੱਤੇ ਇਹਨਾਂ ਕੰਪਨੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਤਰਾਂ ਇਹ ਪਤਾ ਨਹੀਂ ਲਗਾਇਆ ਜਾ ਸਕਦਾ ਕਿ ਕਿਹੜਾ ਅਬਰਕ ਬਾਲ ਮਜ਼ਦੂਰਾਂ ਵਲੋਂ ਪੈਦਾ ਕੀਤਾ ਗਿਆ ਹੈ ਤੇ ਕਿਹੜਾ ਮਜ਼ਦੂਰਾਂ ਵਲੋਂ। ਅਸਲ ਵਿੱਚ ਇਹ ਕੰਪਨੀਆਂ ਇਸ ਗੱਲ ਦਾ ਸਿਰਫ ਢੋਂਗ ਹੀ ਰਚਦੀਆਂ ਹਨ, ਜਦ ਕਿ ਇਥੇ ਸਭ ਨੂੰ ਪਤਾ ਹੈ ਕਿ ਜ਼ਿਆਦਾਤਰ ਅਬਰਕ ਦੀ ਪੈਦਾਵਰ ਵਿੱਚ ਬਾਲ ਮਜ਼ਦੂਰ ਸ਼ਾਮਲ ਹੁੰਦੇ ਹਨ। ਇਹ ਕੰਪਨੀਆਂ ਖੁਦ ਅਬਰਕ ਸਸਤੇ ਤੋਂ ਸਸਤੇ ਭਾਅ ਉੱਤੇ ਖਰੀਦਣਾ ਚਾਹੁੰਦੀਆਂ ਹਨ ਤੇ ਉਹਦੇ ਲਈ ਬਾਲ ਮਜ਼ਦੂਰੀ ਇਹਨਾਂ ਲਈ ਬਹੁਤ ਹੀ ਉਪਯੋਗੀ ਹੁੰਦੀ ਹੈ, ਕਿਉਂ ਜੋ ਇਸ ਨਾਲ਼ ਸਸਤਾ ਅਬਰਕ ਇਹਨਾਂ ਕੰਪਨੀਆਂ ਨੂੰ ਮੁਹਾਈਆ ਹੁੰਦਾ ਹੈ।

ਫਾਰਮਾ ਦੀ ਕੈਮੀਕਲ ਕੰਪਨੀ ‘ਮਰਕ’ ਇਸ ਖਿੱਤੇ ਵਿੱਚ ਅਬਰਕ ਦੀ ਇੱਕ ਵੱਡੀ ਖਰੀਦਦਾਰ ਹੈ, ਨਾਲ਼ ਹੀ ਇਸ ਦੀ ਭਾਈਵਾਲ ਇੱਕ ਚੀਨੀ ਕੰਪਨੀ ‘ਕੁੰਚੀ’ ਇਸ ਦੇ ਬਰਾਬਰ ਦੀ ਅਬਰਕ ਦੀ ਖਰੀਦਦਾਰ ਕੰਪਨੀ ਹੈ। ਅਤੇ ਇਸ ਤੋਂ ਅੱਗੇ ਇਹਨਾਂ ਦੋਵਾਂ ਕੰਪਨੀਆਂ ਤੋਂ ਮਾਲ ਖਰੀਦਣ ਵਾਲੀ ਨਾਮੀ ਕਾਸਮੈਟਿਕ ਫ੍ਰੇਂਚ ਕੰਪਨੀ ਲੋਰੇਲ ਹੈ। ਡਾਨਵਾਚ ਦੀ ਇੱਕ ਰਿਪੋਰਟ ਮੁਤਾਬਕ ਝਾਰਖੰਡ ਅਤੇ ਬਿਹਾਰ ਦੇ ਇਸ ਪੂਰੇ ਗੈਰ-ਕਾਨੂੰਨੀ ਖਾਣ ਖੇਤਰ ਦੀਆਂ ਤਿੰਨ ਵੱਡੀਆਂ ਫੈਕਟਰੀਆਂ ਹਨ, ਮੋਦੀ ਮੀਕਾ ਇੰਟਰਪ੍ਰਾਜੀਜ, ਮਾਉਟ ਹਿੱਲਜ਼ ਇੰਡਸਟਰੀ ਅਤੇ ਆਈ ਸੀ ਆਰ ਮੀਕਾ। ਇਹ ਤਿੰਨੇ ਕੰਪਨੀਆਂ ਦਾ ਜਿਆਦਾਤਰ ਮਾਲ ਬਾਲ ਮਜ਼ਦੂਰਾਂ ਰਾਹੀਂ ਤਿਆਰ ਹੁੰਦਾ ਹੈ ਜੋ ਕਿ ਅੱਗੇ ਇਹ ਕੁੰਚੀ ਨੂੰ ਵੇਚਿਆ ਜਾਂਦਾ ਹੈ। ਕੁਚੀ ਦੇ ਮਾਲ ਦੀ ਸਭ ਤੋਂ ਵੱਡੀ ਖਰੀਦਦਾਰ ਲੋਰੇਲ ਹੈ, ਇਥੇਂ ਸਿੱਧ ਹੁੰਦਾ ਹੈ ਕਿ ਇਹਨਾਂ ਸੁੰਦਰਤਾ ਉਤਪਾਦਾਂ ਪਿੱਛੇ ਬਾਲ ਮਜ਼ਦੂਰਾਂ ਦੀ ਇੱਕ ਪੂਰੀ ਫੋਜ ਖੜੀ ਹੈ ਜੋ ਕਿ ਆਪਣੀ ਚਮੜੀ ਗਲਾ ਕੇ ਕਿਸੇ ਹੋਰ ਲਈ ਗਲੇ-ਸੜੇ ਸੱਭਿਆਚਾਰ ਦਾ ਕੱਚਾ ਮਾਲ ਬਣਦੀ ਹੈ।

ਲੋਰੇਲ ਨੂੰ ਬਾਲ ਮਜ਼ਦੂਰਾਂ ਦੀ ਫ਼ਿਕਰ –  ਅਬਰਕ ਦੇ ਇਸ ਖਿੱਤੇ ਦੇ ਵੱਡੇ ਘਾਗ ਕਹਿੰਦੇ ਨੇ ਕਿ ਇਹਨਾਂ ਨੂੰ ਬਚਪਨ ਦੀ “ਫ਼ਿਕਰ” ਹੈ! ਲੋਰੇਲ ਦਾ ‘ਨੈਤਿਕਤਾ ਦਾ ਵਪਾਰ ਕੋਡ’ ਕਹਿੰਦਾ ਹੈ “ਜੇਕਰ ਕੋਈ ਬਾਲ ਮਜਦੂਰੀ ਦਾ ਮਾਮਲਾ ਧਿਆਨ ਵਿੱਚ ਆਉਂਦਾ ਹੈ, ਤਾਂ ਠੇਕੇਦਾਰ/ਉਪ ਠੇਕੇਦਾਰ ਇਹ ਗੱਲ ਯਕੀਨੀ ਬਣਾਵੇ ਕਿ ਬੱਚਾ ਸਕੂਲ ਵਾਪਸ ਜਾਵੇ। ਇਹਦੇ ਵਿੱਚ, ਜੇ ਲੋੜ ਹੋਵੇ, ਉਸਦੇ ਪਰਿਵਾਰ ਲਈ ਵੱਖਰੀ ਆਮਦਨ ਦਾ ਪ੍ਰਬੰਧ ਕਰਨਾ ਅਤੇ ਉਸ ਬੱਚੇ/ਬੱਚੀ ਦੀ ਯੋਗ ਉਮਰ ਹੋਣ ‘ਤੇ ਉਸਨੂੰ ਮੁੜ-ਨਿਯੁਕਤੀ ਦੀ ਪੇਸ਼ ਕਰਨੀ ਸ਼ਾਮਲ ਹੈ”। ਹੁਣ ਲੋਰੇਲ ਦੇ ਇਸ ਵਪਾਰ ਕੋਡ ਨੂੰ ਫੋਲਿਆ ਜਾਵੇਂ ਤਾਂ ਇਹ ਸਿਰਫ ਤੇ ਸਿਰਫ ਝੂਠ ਦਾ ਇੱਕ ਪੁਲੰਦਾ ਹੈ। ਜਿਥੇ ਬੱਚਿਆ ਨੂੰ ਇਹ 7 ਤੋਂ 8 ਘੰਟੇ ਰੋਜ਼ਾਨਾ ਜਿਉਂਣ ਲਈ ਕੰਮ ਕਰਨਾ ਪੈ ਰਿਹਾ ਹੈ ਉਥੇ ਉਹਨਾਂ ਤੇ ਉਹਨਾਂ ਦੇ ਪਰਿਵਾਰ ਲਈ ਸਕੂਲ ਇੱਕ ਸੁਪਨਾ ਹੀ ਹੈ ਜਿਹਨੇ ਕਦੇ ਪੂਰਾ ਨਹੀਂ ਹੋਣਾ। ਝਾਰਖੰਡ ਦੀ ਇੱਕ ਐਨਜੀਓ ਮੁਤਾਬਕ ਇੱਥੇ ਦੀਆਂ ਖਾਣਾਂ ਵਿਚ 5,000 ਤੋਂ ਵੱਧ ਬੱਚੇ ਕੰਮ ਕਰਦੇ ਹਨ। ਹੁਣ ਇਹਨਾਂ ਬੱਚਿਆ ਲਈ ਇਸ ਵਾਪਰ ਕੋਡ ਦਾ ਕੀ ਅਰਥ ਹੈ! ਇਹ ਵਾਪਰ ਕੋਡ ਸੁੱਧ ਬਾਲ ਮਜ਼ਦੂਰਾਂ ਦੀ ਲੁੱਟ ਉੱਤੇ ਮਿੱਟੀ ਪਾਉਣ ਦਾ ਇੱਕ ਯਤਨ ਮਾਤਰ ਹੈ। ਜੇਕਰ ਇਸ ਕੰਪਨੀ ਦੇ ਵਪਾਰ ਉੱਤੇ ਨਜ਼ਰ ਮਾਰੀਏ ਤਾਂ ਇਸਦਾ 2016 ਵਿਚ ਇਸਦਾ ਸੁੱਧ ਮੁਨਾਫਾ 2,583.7 ਕਰੋੜ ਸੀ। ਲੋਰੇਲ ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਕਾਸਮੈਟਿਕ ਕੰਪਨੀ ਹੈ। ਜਿਹੜੀ ਕਿ 27 ਕੌਮਾਂਤਰੀ ਸੁੰਦਰਤਾ  ਉਦਪਾਦਾਂ ਦੀ ਮਾਲਕ ਹੈ। ਇਹ ਉਹੀ ਨਾਮੀ ਬ੍ਰੈਡ ਹਨ ਜਿਹਨਾਂ ਦਾ ਇਸਤੇਮਾਲ ਖਾਂਦੇ ਪੀਂਦੇ ਮੱਧਵਰਗ ਦਾ ਇੱਕ ਹਿੱਸਾ ਅਤੇ ਸਰਮਾਏਦਾਰ ਬੜੇ ਮਾਣ ਨਾਲ਼ ਕਰਦੇ ਹਨ, ਜਿਹਨਾਂ ਦਾ ਟੀਵੀ ਤੋਂ ਲੈਕੇ ਇੰਟਰਨੈਟ ਮਸ਼ਹੂਰੀਆਂ ਤੱਕ ਧੂਆਂ-ਧਾਰ ਪ੍ਰਚਾਰ ਹੁੰਦਾ ਹੈ, ਇਹ ਉਹੀ ਬ੍ਰੈਡ ਜਿਹਨਾਂ ਨੂੰ ਬਣਾਉਣ ਲਈ ਜੋ ਬਚਪਨ ਜਿਹਨੂੰ ਸਕੂਲਾਂ ਵਿਚ ਹੋਣਾ ਚਾਹੀਦਾ  ਹੈ ਪਰ ਜਿਹੜਾ ਰੋਟੀ ਦੇ ਦੋ ਕਾਲੇ ਟੁਕੜਿਆਂ ਲਈ ਖਾਣਾਂ ਵਿੱਚ ਹੱਡ ਗਲਾ ਰਿਹਾ ਹੈ !

ਸੁੰਦਰਤਾ ਉਦਪਾਦਾਂ ਦਾ ਲਗਾਤਾਰ ਵੱਧ ਰਿਹਾ ਕਾਰੋਬਾਰ  

ਕਾਸਮੈਟਿਕ ਉਦਪਾਦਾ ਦਾ ਇਹ ਕਾਰੋਬਾਰ ਲਗਾਤਾਰ ਵੱਧ-ਫੁਲ ਰਿਹਾ ਹੈ , ਇਸ ਕਾਰੋਬਾਰ ਵਿੱਚ 180 ਬਿਲੀਅਨ ਸਲਾਨਾਂ ਵਾਧਾ ਹੋ ਰਿਹਾ ਹੈ ਜਿਸ ਦੀ ਕਿ ਔਸਤਨ ਸਲਾਨਾਂ ਵਾਧਾ ਦਰ 4 ਤੋਂ 5 ਫੀਸਦੀ ਹੈ। ਯੁਰੋਪ ਤੋਂ ਬਾਅਦ ਏਸ਼ੀਆ ਅਤੇ ਲਾਤੀਨੀਂ ਅਮਰੀਕਾ ਵਿੱਚ ਇਹ ਕਾਰੋਬਾਰ ਬੜੀ ਤੇਜੀ ਨਾਲ਼ ਪੈਰ ਪਸਾਰ ਰਿਹਾ ਹੈ। ਤੇ ਇਸ ਕਾਰੋਬਾਰ ਦੇ ਵਧਣ ਨਾਲ਼ ਬਾਲ ਮਜਦੂਰੀ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੋ ਸਰਮਾਏਦਾਰ ਤਾਂ ਸਸਤੇ ਤੋਂ ਸਸਤੇ ਮਜਦੂਰ ਚਾਹੁੰਦੇ ਹਨ ਤੇ ਉਹ ਇਹਨਾਂ ਬਾਲ ਮਜਦੂਰਾਂ ਦੇ ਰੂਪ ਵਿੱਚ ਖਾਣਾਂ ਵਿੱਚ ਆਸਾਨੀ ਨਾਲ਼ ਉਪਲਬਧ ਹਨ। ਇਹ ਇਸ ਕਰੂਰ ਢਾਂਚੇ ਦੀ ਇੱਕ ਝਲਕ ਮਾਤਰ ਹੈ ਜਿਹੜਾ ਮਜ਼ਦੂਰਾਂ ਦਾ ਖੂਨ ਪੀ ਹੀ ਜਿਉਂਦਾ ਰਹਿ ਸਕਦਾ ਹੈ।  ਤੇ ਇਹ ਉਹਨਾਂ ਸੌ ਕਾਰਨਾਂ ਵਿੱਚੋਂ ਇੱਕ ਕਾਰਨ ਹੈ ਜਿਸ ਕਰਕੇ ਇਸ ਢਾਂਚੇ ਨੂੰ ਤਬਾਹ ਕਰਕੇ ਇੱਕ ਨਵਾਂ ਲੁੱਟ ਜਬਰ ਅਤੇ ਬੇਇਨਸਾਫੀ ਰਹਿਤ ਅਧਾਰਤ ਢਾਂਚਾ ਉਸਾਰਿਆ ਜਾਣਾ ਇਸ ਸਮੇਂ ਦੀ ਲੋੜ ਹੈ।
 

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 12, 1 ਅਗਸਤ 2017 ਵਿੱਚ ਪ੍ਰਕਾਸ਼ਿਤ

Advertisements