ਸੁੱਚੇ ਸੂਰਮੇ ਦੀ “ਸੂਰਮਗਤੀ” ‘ਤੇ ਮੁੜ ਵਿਚਾਰ •ਕੁਲਦੀਪ

4

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸੁੱਚੇ-ਸੂਰਮੇ ਦੀ ਕਥਾ ਖ਼ਾਸ ਤੌਰ ‘ਤੇ ਜਗੀਰੂ ਯੁੱਗ ਦੀ ਘੋਰ ਔਰਤ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦੀ ਹੈ ਜਦ ਔਰਤ ਨੂੰ ਪਤੀ ਦੀ ਦਾਸੀ ਸਮਝਿਆ ਜਾਂਦਾ ਸੀ ਜੋ ਹਰ ਸਾਹ ਮਰਦ ਦੀ ਇੱਛਾ ਨਾਲ਼ ਲੈਂਦੀ ਸੀ। ਜੇਕਰ ਔਰਤ ਮਰਦ ਦੀ ਮਰਜੀ ਖ਼ਿਲਾਫ਼ ਕਦੇ ਬੇਰੰਗ ਜ਼ਿੰਦਗੀ ‘ਚ ਆਪਣੀ ਮਰਜੀ ਦਾ ਰੰਗ ਭਰਨ ਦਾ ਯਤਨ ਕਰਦੀ ਸੀ ਤਾਂ ਆਮ ਤੌਰ ‘ਤੇ ਉਸਨੂੰ ਅਣਖ ਦੇ ਨਾਂ ‘ਤੇ ਕਤਲ ਕਰ ਦਿੱਤਾ ਜਾਂਦਾ ਸੀ। ਅਜਿਹੇ ਦੁਖਾਂਤਾਂ ਨਾਲ਼ ਸਬੰਧਿਤ ਹੀਰ-ਰਾਂਝਾ, ਸੋਹਣੀ-ਮਹੀਵਾਲ, ਮਿਰਜ਼ਾ-ਸਾਹਿਬਾਂ ਆਦਿ ਅਨੇਕ ਕਿੱਸੇ ਸਾਡੇ ਸਮਾਜ ‘ਚ ਚੱਲਦੇ ਆ ਰਹੇ ਹਨ ਜੋ ਉਸ ਦੌਰ ਦੀ ਬਰਬਰਤਾ ਦਾ ਦਸਤਾਵੇਜ਼ ਹਨ ਕਿ ਕਿਵੇਂ ਇਨਸਾਨ ਆਪਣੀ ਮਰਜੀ ਨਾਲ਼ ਸਾਹ ਵੀ ਨਹੀਂ ਲੈ ਸਕਦਾ ਸੀ। ਖ਼ਾਸ ਤੌਰ ‘ਤੇ ਔਰਤਾਂ ਦੀ ਤਾਂ ਹਰ ਧੜਕਣ ‘ਤੇ “ਅਣਖ” ਨਾਮੀ ਦੈਂਤ ਦੇ ਡਰਾਉਣੇ ਪਹਿਰੇ ਸਨ। ਸਾਡੇ ਪੰਜਾਬ ਵਿੱਚ ਵੀ ਕੁੜੀ ਨੂੰ ਪਿਓ ਦੀ “ਪੱਗ ਦੀ ਲਾਜ” ਰੱਖਣ ਦੀਆਂ ਨਸੀਹਤਾਂ ਭਰੇ ਹਜ਼ਾਰਾਂ ਟੱਪੇ, ਬੋਲੀਆਂ ਤੇ ਗੀਤ ਮਿਲਦੇ ਹਨ। ਅਜਿਹੇ ਬਰਬਰ ਸਮਾਜ ਵਿੱਚ ਜਦ ਕੋਈ ਅਬਲਾ ਆਪਣੀ ਮਰਜ਼ੀ ਨਾਲ਼ ਆਪਣਾ ਜੀਵਨ ਸਾਥੀ ਚੁਣਨ ਦਾ ਫੈਸਲਾ ਲੈਂਦੀ ਤਾਂ ਕੋਈ ਸੁੱਚੇ ਜਿਹਾ “ਅਣਖੀ, ਸੂਰਮਾ” ਉਸਦਾ ਬਰਬਰ ਕਤਲ ਕਰਕੇ “ਸੂਰਮਗਤੀ” ਦਾ ਭਾਗੀ ਬਣਦਾ ਸੀ। ਅਜਿਹੇ “ਸੂਰਮਗਤੀ” ਦੇ ਕਿੱਸੇ ਜਗੀਰੂ ਯੁੱਗ ‘ਚ ਔਰਤ-ਮਰਦ ਦੇ ਰਿਸ਼ਤੇ ਦੀ ਆਮ ਨੈਤਿਕਤਾ ਦਾ ਪ੍ਰਗਟਾਵਾ ਸਨ। ਪਰ ਨੈਤਿਕਤਾ ਕੋਈ ਠਹਿਰੀ ਹੋਈ ਚੀਜ਼ ਨਹੀਂ ਹੁੰਦੀ ਜੋ ਕਿਸੇ ਯੁੱਗ ਵਿਸ਼ੇਸ਼ ਦੇ ਦਿਸਹੱਦਿਆਂ ਅੰਦਰ ਗਤੀਸ਼ੀਲ ਹੁੰਦੀ ਹੈ। ਯੁੱਗ ਬਦਲਣ ਨਾਲ਼ ਨੈਤਿਕਤਾ ਦੇ ਮਿਆਰ ਵੀ ਬਦਲ ਜਾਂਦੇ ਹਨ। ਜਗੀਰੂ ਦੌਰ ਵਿੱਚ ਔਰਤ ਦੁਆਰਾ ਵਿਆਹ ਤੋਂ ਪਹਿਲਾਂ ਆਪਣੇ ਪਿਤਾ-ਭਰਾ ਦੇ ਹੁਕਮ ਹੇਠ ਰਹਿਣਾ, ਮੱਝ-ਗਾਂ ਵਾਂਗ ਜਿੱਥੇ ਵੀ ਉਸਦਾ ਪਿਓ ਜਾਂ ਵਡੇਰੇ ਉਸਦਾ ਰੱਸਾ ਕਿਸੇ ਨੂੰ ਵੀ ਫੜਾ ਦਿੰਦੇ ਤਾਂ ਉਸਨੂੰ ਪਿਓ ਦੀ ਪੱਗ ਦੀ “ਲਾਜ” ਰੱਖਣੀ ਹੀ ਪੈਂਦੀ ਸੀ। ਫਿਰ ਵਿਆਹ ਤੋਂ ਬਾਅਦ ਆਪਣੇ ਪਤੀ ਪ੍ਰਤੀ ਵਫ਼ਾਦਾਰ ਰਹਿਣਾ, ਅੰਤ ‘ਚ ਪੁੱਤਰ ਦੀ ਮਤਹਿਤੀ ਆਦਿ, ਔਰਤ-ਮਰਦ ਦੇ ਰਿਸ਼ਤੇ ਵਿਚਲੀ ਆਮ ਨੈਤਿਕਤਾ ਸੀ, ਭਾਵੇਂ ਕਿ ਪਤੀ ਕਈ-ਕਈ ਔਰਤਾਂ ਰੱਖ ਸਕਦਾ ਸੀ। ਪਰ ਇਹ ਉਸ ਯੁੱਗ ਦੀ ਨੈਤਿਕਤਾ ਸੀ ਜੋ ਉਸ ਸਮਾਜ ਦੀਆਂ ਖ਼ਾਸ ਪਦਾਰਥਕ ਹਾਲਤਾਂ ਦੀ ਉਪਜ ਸੀ। ਸੰਸਾਰ ਪੱਧਰ ‘ਤੇ ਵੱਖ-ਵੱਖ ਢੰਗਾਂ ਜਾਂ ਰਾਹਾਂ ਰਾਹੀਂ ਹੋਏ ਸਰਮਾਏਦਾਰਾ ਵਿਕਾਸ ਨਾਲ਼ ਜਦ ਜਗੀਰੂ ਪ੍ਰਬੰਧ ਢਹਿ-ਢੇਰੀ ਹੋਇਆ ਤਾਂ ਇਸ ਨਾਲ਼ ਸਬੰਧਿਤ ਰਿਸ਼ਤੇ-ਨਾਤੇ ਦੀ ਨੈਤਿਕਤਾ ਵੀ ਤਾਰ-ਤਾਰ ਹੋਣ ਲੱਗੀ। ਇਸਦੀ ਥਾਂ ਅਜ਼ਾਦੀ, ਬਰਾਬਰੀ, ਨਿੱਜਤਾ ਆਦਿ ਨੇ ਲੈ ਲਈ। ਹੁਣ ਜੀਵਨ ਸਾਥੀ ਚੁਣਨ ਦਾ ਸਵਾਲ ਮਨੁੱਖ ਦੀ ਨਿੱਜਤਾ ਦਾ ਸਵਾਲ ਬਣ ਗਿਆ ਕਿ ਇਨਸਾਨ ਉਸ ਨਾਲ਼ ਹੀ ਵਿਆਹ ਜਾਂ ਸਰੀਰਕ ਸਬੰਧ ਬਣਾ ਸਕਦਾ ਹੈ ਜਿਸਨੂੰ ਉਹ ਪਿਆਰ ਕਰਦਾ ਹੈ ਅਤੇ ਜੇਕਰ ਦੋ ਇਨਸਾਨਾਂ ‘ਚ ਲਗਾਅ ਨਹੀਂ ਰਹਿੰਦਾ ਜਾਂ ਇੱਕ ਕਿਸੇ ਹੋਰ ਨੂੰ ਪਸੰਦ ਕਰਦਾ ਹੈ ਤਾਂ ਉਹ ਸਬੰਧ ਤੋੜ ਕੇ ਨਵਾਂ ਬਣਾ ਸਕਦੇ ਹਨ, ਜਿੱਥੋਂ ਤਲਾਕ ਦਾ ਸੰਕਲਪ ਆਇਆ। ਇਹ ਔਰਤ-ਮਰਦ ਦੇ ਵਿਆਹਿਕ ਜਾਂ ਪ੍ਰੇਮ ਸਬੰਧੀ ਰਿਸ਼ਤੇ ਦੀ ਬੁਰਜੂਆ ਨੈਤਿਕਤਾ ਸੀ, ਭਾਵੇਂ ਇਸਦੀ ਅਜ਼ਾਦੀ, ਬਰਾਬਰੀ ਤੇ ਨਿੱਜਤਾ ਵੀ ਨਿੱਜੀ ਜਾਇਦਾਦ ਦੇ ਨਿਯਮਾਂ ਦੇ ਘੇਰੇ ਤੱਕ ਹੀ ਸੀਮਿਤ ਸੀ। ਪਰ ਜਗੀਰੂ ਨੈਤਿਕਤਾ ਦੇ ਮੁਕਾਬਲਤਨ ਇਹ ਇੱਕ ਅਗਾਂਹਵਧੂ ਚੀਜ਼ ਸੀ। ਭਾਰਤ ਵਰਗੇ ਦੇਸ਼ਾਂ ਵਿੱਚ ਸਰਮਾਏਦਾਰੀ ਦੇ ਧੀਮੇ ਵਿਕਾਸ ਕਰਕੇ ਇਹ ਸੰਕਲਪ ਬਹੁਤ ਦੀ ਵਿਗੜੇ-ਭੱਦੇ ਰੂਪ ਵਿੱਚ ਆਇਆ।  ਜਿੱਥੇ ਇੱਕ ਪਾਸੇ ਭਾਰਤ ਦੇ ਮਹਾਂ-ਨਗਰਾਂ ਵਿੱਚ ਪਿਆਰ-ਵਿਆਹ, ਲਿਵ-ਇੰਨ-ਰਿਲੇਸ਼ਨਸ਼ਿਪ ਵਰਗੇ ਸੰਕਲਪ ਪ੍ਰਚਲਿਤ ਹੋਏ ਹਨ ਤਾਂ ਉੱਥੇ ਦੂਜੇ ਪਾਸੇ ਸੁੱਚੇ ਸੂਰਮੇ ਦੀ “ਸੂਰਮਗਤੀ” ਦੇ ਜਗੀਰੂ ਦੌਰ ਦੀਆਂ ਗਲੀਆਂ-ਸੜੀਆਂ ਕਦਰਾਂ-ਕੀਮਤਾਂ ਦੇ ਵਾਹਕ ਕਿੱਸਿਆਂ ਦੇ ਹੋਕੇ ਕੁਲਵਿੰਦਰ ਬਿੱਲਾ, ਰਣਜੀਤ ਬਾਵਾ, ਸਤਿੰਦਰ ਸਰਤਾਜ, ਗੁਰਵਿੰਦਰ ਬਰਾੜ, ਜੇਜ਼ੀ ਬੀ ਆਦਿ ਗਾਇਕਾਂ ਰਾਹੀਂ ਫਿਰ ਸੁਣਨ ਨੂੰ ਮਿਲ ਰਹੇ ਹਨ। ਇਹ ਕਿਉਂ ਹੋ ਰਿਹਾ ਹੈ? ਇਸਦੇ ਇਤਿਹਾਸਕ ਕਾਰਨ ਕੀ ਹਨ? ਅਜਿਹੀਆਂ ਚੀਜਾਂ ਜੋ ਇਤਿਹਾਸ ਦੇ ਕੂੜੇਦਾਨ ‘ਚ ਚਲੀਆਂ ਗਈਆਂ ਨੇ, ਕਿਉਂ ਉਹਨਾਂ ਨੂੰ ਉੱਥੋਂ ਕੱਢ ਕੇ ਫਿਰ ਲਿਸ਼ਕਾ ਕੇ ਪੇਸ਼ ਕੀਤਾ ਜਾ ਰਿਹਾ ਹੈ? ਇਹਨਾਂ ਸਵਾਲਾਂ ਨੂੰ ਧਿਆਣ ‘ਚ ਰੱਖ ਕੇ ਅੱਜ ਅਸੀਂ “ਸੁੱਚੇ-ਸੂਰਮੇ” ਦੀ “ਸੂਰਮਗਤੀ” ‘ਤੇ ਮੁੜ ਵਿਚਾਰ ਕਰਨ ਬਾਰੇ ਸੋਚਿਆ।

ਸੁੱਚੇ ਸੂਰਮੇ ਦੀ ਪੰਜਾਬ ਦੇ ਮਾਲਵਾ ਖਿੱਤੇ (ਸਮਾਂ ਲਗਪਗ 19ਵੀਂ ਸਦੀ ਦਾ ਪਿਛਲਾ ਅੱਧ ਤੇ ਵੀਹਵੀਂ ਸਦੀ ਦਾ ਪਹਿਲਾ ਅੱਧ) ਨਾਲ਼ ਸਬੰਧਿਤ ਇੱਕ ਦੰਤ ਕਥਾ ਚੱਲਦੀ ਆ ਰਹੀ ਹੈ । ਪਰ ਮੁੱਖ ਤੌਰ ‘ਤੇ ਪੰਜਾਬੀ ਸਾਹਿਤ ਤੇ ਕਲਾ – ਖ਼ਾਸ ਤੌਰ ‘ਤੇ ਗੀਤਾਂ – ਵਿੱਚ ਵੀਂਹਵੀ ਸਦੀ ਦੇ ਪਹਿਲੇ ਅੱਧ ਤੋਂ ਉਸਦੀ ਚਰਚਾ ਇੱਕ ਅਜਿਹੇ “ਅਣਖੀ-ਸੂਰਮੇ” ਵਜੋਂ ਹੁੰਦੀ ਆ ਰਹੀ ਹੈ ਜਿਸਨੇ ਆਪਣੀ ਭਰਜਾਈ ਨੂੰ ਅਨੈਤਿਕ ਸਬੰਧਾਂ ਕਰਕੇ ਉਸਦੇ ਪ੍ਰੇਮੀ ਘੁੱਕਰ ਸਮੇਤ ਮਾਰ ਦਿੱਤਾ ਸੀ। ਭਾਵੇਂ ਕਿ ਇਸਦੇ ਨਾਲ਼ ਇੱਕ ਇਹ ਕਥਾ ਵੀ ਚੱਲਦੀ ਹੈ ਕਿ ਘੁੱਕਰ ਨੇ ਸੁੱਚੇ ਦੀ ਭਾਬੀ ਬਲਵੀਰੋ ਨਾਲ਼ ਜਬਦਸਤੀ ਕੀਤੀ ਸੀ ਪਰ ਪਹਿਲੀ ਕਥਾ ਹੀ ਜ਼ਿਆਦਾਤਰ ਗੀਤਾਂ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਇਸ ‘ਚ ਔਰਤ ਦੇ ਕਿਰਦਾਰ ‘ਤੇ ਚਿੱਕੜ ਉਛਾਲੀ ਕਰਕੇ ਮਰ ਰਹੀ ਜਗੀਰੂ-ਅੰਹਿ ਨੂੰ ਖੁਰਾਕ ਦੇਣੀ ਜ਼ਿਆਦਾ ਸੰਭਵ ਹੈ। ਇਸ ਤੋਂ ਬਾਅਦ ਸੁੱਚਾ ਘੁੱਕਰ ਤੇ ਬਲਵੀਰੋ ਦਾ ਕਤਲ ਕਰਦਾ ਹੈ ਤੇ ਡਾਕੂ ਬਣ ਜਾਂਦਾ ਹੈ ਤੇ ਅਖ਼ੀਰ ਫਾਹੇ ਲਾ ਦਿੱਤਾ ਜਾਂਦਾ ਹੈ। ਇਸ ਮੱਧਯੁਗੀ ਗਲੀ-ਸੜੀ “ਅਣਖੀ” ਨੈਤਿਕਤਾ ਦਾ ਗੁਣਗਾਣ ਪੰਜਾਬੀ ਗਾਇਕੀ ਵਿੱਚ ਬਾਬੂ ਰਜ਼ਬ ਅਲੀ ਤੋਂ ਲੈ ਕੇ ਹੋ ਰਿਹਾ ਹੈ। ਸਗੋਂ ਅੱਜ ਇੱਕ ਵਾਰ ਫਿਰ ਸੁੱਚੇ ਸੂਰਮੇ ਦੀ “ਸੂਰਮਗਤੀ” ਦਾ ਗੁਣਗਾਣ ਕਰਨ ਵਿੱਚ ਕੁਲਵਿੰਦਰ ਬਿੱਲਾ, ਜੇਜ਼ੀ ਬੀ ਆਦਿ ਵਰਗੇ ਕਲਾਕਾਰ ਤਾਂ ਸ਼ਾਮਲ ਹਨ ਹੀ, ਸਗੋਂ “ਸੂਫ਼ੀ” ਗਾਇਕ ਸਤਿੰਦਰ ਸਰਤਾਜ ਵੀ “ਸੂਫ਼ੀਆਨਾ ਖੁਮਾਰੀ” ਕੁਝ ਸਮੇਂ ਲਈ ਭੁਲਾ ਕੇ ਸੁੱਚੇ ਸੂਰਮੇ ਦੀ “ਸੂਰਮਗਤੀ” ਦੀ ਤੂਤਕੀ ਵਜਾਉਣ ‘ਚ ਮਸਤ ਹੋ ਜਾਂਦਾ ਹੈ। ਹਾਲ ਹੀ ਵਿੱਚ ‘ਸ਼ਿਵ ਦੀ ਕਿਤਾਬ ਵਰਗੀ’ ਗੀਤ ਰਾਹੀਂ ਚਰਚਾ ‘ਚ ਆਏ ਗਾਇਕ ਗੁਰਵਿੰਦਰ ਬਰਾੜ (ਇਸਦੇ ਇਸ ਗੀਤ ਨੂੰ ਬਹੁਤ ਸਾਰੇ ਅਖੌਤੀ ਅਗਾਂਹ-ਵਧੂ ਬੁੱਧੀਜੀਵੀਆਂ ਨੇ ਬਹੁਤ ਸਲਾਹਿਆ ਸੀ) ਵੀ ਫਿਰ ਸੁੱਚੇ ਦੀ “ਸੂਰਮਗਤੀ” ਗਾਉਣ ਦੀ ਚੂਹਾ ਦੌੜ ‘ਚੋਂ ਕਿਵੇਂ ਪਿੱਛੇ ਰਹਿ ਸਕਦਾ ਸੀ। ਭਾਵੇਂ ਕਿ ਇਸ ਨਾਲ਼ ਗੁਰਵਿੰਦਰ ਬਰਾੜ ਦੇ ਪ੍ਰਸ਼ੰਸਕਾਂ ਨੂੰ ਸ਼ਾਇਦ ਕੁਝ ਝਟਕਾ ਲੱਗਾ ਜਿਹਨਾਂ ਨੂੰ ਗੁਰਵਿੰਦਰ ਬਰਾੜ ‘ਚ “ਪਾਸ਼” ਦੇ ਦਰਸ਼ਨ ਹੋ ਰਹੇ ਸਨ। ਇਸ ਤੋਂ ਬਿਨਾਂ ਅਸ਼ਵੀਰ, ਕੁਲਦੀਪ ਮੰਨੂ, ਜੰਟੀ ਹੀਰਾ, ਦੀਪ ਧਾਲੀਵਾਲ ਆਦਿ ਲੰਡੀ-ਬੁੱਚੀ ਗਾਇਕਾਂ ਨੇ ਸੁੱਚੇ ਦੀ “ਸੂਰਮਗਤੀ” ਬਾਰੇ ਗਾਇਆ ਹੈ। ਇਹਨਾਂ ਵਿੱਚੋਂ ਜ਼ਿਆਦਾਤਰ ਗੀਤ 2014-15 ਦੌਰਾਨ ਆਏ ਹਨ।

ਅਜਿਹਾ ਕਿਉਂ ਹੋ ਰਿਹਾ ਹੈ? ਅਸੀਂ ‘ਲਲਕਾਰ’ ਦੇ ਬਹੁਤ ਸਾਰੇ ਲੇਖਾਂ ਵਿੱਚ ਭਾਰਤੀ ਸਰਮਾਏਦਾਰਾ ਵਿਕਾਸ ਬਾਰੇ ਲਿਖ ਚੁੱਕੇ ਹਾਂ ਕਿ ਇੱਥੇ ਜਗੀਰਦਾਰੀ ਤੋਂ ਸਰਮਾਏਦਾਰਾ ਵਿਕਾਸ ਜਗੀਰਦਾਰੀ ਨੂੰ ਇਨਕਲਾਬੀ ਢੰਗ ਨਾਲ਼ ਤਬਾਹ ਨਾ ਕਰਕੇ ਉਸਦੇ ਨਾਲ਼ ਗੰਢ-ਤੁੱਪ ਕਰਕੇ ਹੋਇਆ ਹੈ ਜਿਸ ਕਰਕੇ ਅੱਜ ਜਗੀਰੂ ਮਾਨਸਿਕਤਾ ਜਿਵੇਂ ਪਿੱਤਰਸੱਤਾ, ਔਰਤ ਵਿਰੋਧੀ ਮਾਨਸਿਕਤਾ, ਅੰਧ-ਵਿਸ਼ਵਾਸ ਆਦਿ ਵੱਡੇ ਪੱਧਰ ‘ਤੇ ਸਾਡੇ ਸਮਾਜ ਵਿੱਚ ਪਈ ਹੈ। ਹੁਣ ਜਿਵੇਂ-ਜਿਵੇਂ ਸਰਮਾਏਦਾਰਾ ਵਿਕਾਸ ਹੋ ਰਿਹਾ ਹੈ ਤਾਂ ਆਪਣੇ ਆਮ ਨਿਯਮ ਕਰਕੇ ਸਰਮਾਏਦਾਰਾ ਮੁਕਾਬਲਾ ਵੱਡੇ ਪੱਧਰ ‘ਤੇ ਛੋਟੇ ਮਾਲਕਾਂ ਨੂੰ ਤਬਾਹ ਕਰ ਰਿਹਾ ਹੈ। ਅਜਿਹੀ ਟੁੱਟ-ਬਣ ਵਿੱਚੋਂ ਆਮ ਤੌਰ ‘ਤੇ ਲੋਕ ਅਤੀਤਮੁਖੀ ਹੋ ਜਾਂਦੇ ਹਨ। ਜੋ ਲੋਕ ਜਾਇਦਾਦਵਾਨ ਤੋਂ ਜਾਇਦਾਦ-ਵਿਹੂਣਿਆਂ ‘ਚ ਬਦਲ ਜਾਂਦੇ ਹਨ ਉਹਨਾਂ ਨੂੰ ਅਤੀਤ ਦਾ ਸੰਸਾਰ ਚੰਗਾ ਲੱਗਦਾ ਹੈ ਜਦ ਉਹਨਾਂ ਕੋਲ ਜਾਇਦਾਦ ਹੁੰਦੀ ਸੀ। ਤਾਂ ਸੁਭਾਵਿਕ ਹੀ ਅਤੀਤ ਦੀਆਂ ਕਦਰਾਂ-ਕੀਮਤਾਂ ਪ੍ਰਤੀ ਵੀ ਲੋਕਾਂ ਦਾ ਸੁਚੇਤ ਜਾਂ ਅਚੇਤ ਇੱਕ ਹੇਰਵਾ ਪੈਦਾ ਹੁੰਦਾ ਹੈ ਜੋ ਸੰਕਟਾਂ ਦੇ ਸਮੇਂ ਹੋਰ ਗੰਭੀਰ ਹੋ ਜਾਂਦਾ ਹੈ। ਗ਼ਰੀਬੀ, ਬੇਰੁਜਗਾਰੀ, ਭੁੱਖਮਰੀ ਆਦਿ ਵਧਦੀ ਹੈ। ਜੋ ਕੁਝ ਜਗੀਰੂ ਢਾਂਚੇ ‘ਚ ਦੱਬਿਆ-ਘੁੱਟਿਆ ਚੱਲ ਰਿਹਾ ਹੁੰਦਾ ਹੈ ਸਰਮਾਏਦਾਰੀ ‘ਚ ਸ਼ਰੇਆਮ ਸਾਹਮਣੇ ਆ ਜਾਂਦਾ ਹੈ। ਹਰ ਭਾਈਚਾਰਕ ਰਿਸ਼ਤਿਆਂ ‘ਚ ਨੰਗੇ-ਚਿੱਟੇ ਸਰਮਾਏ ਦੇ ਸਬੰਧ ਸਥਾਪਿਤ ਹੁੰਦੇ ਹਨ। ਮਨੁੱਖ ਦਾ ਮਨੁੱਖ ਤੋਂ ਵਿਸ਼ਵਾਸ ਉੱਠਦਾ ਹੈ, ਰਿਸ਼ਤਿਆਂ ‘ਚ ਬੇਵਫਾਈ ਵੱਧਦੀ ਹੈ, ਬੇਗਾਨਗੀ ਵੱਧਦੀ ਹੈ। ਆਪਣਿਆਂ ਦੀ ਭੀੜ ਵਿੱਚ ਇਨਸਾਨ ਇਕੱਲਾ-ਇਕੱਲਾ ਮਹਿਸੂਸ ਕਰਦਾ ਹੈ। ਉਸਨੂੰ ਹਰ ਸਮੇਂ ਲੁੱਟੇ ਦਾ ਡਰ ਸਤਾਉਂਦਾ ਹੈ ਆਦਿ। ਸਰਮਾਏ ਦੀ ਗਤੀ ਹਰ ਇਨਸਾਨੀ ਜ਼ਜਬੇ ਨੂੰ ਝੰਜੋੜ ਦਿੰਦੀ ਹੈ। ਅਜੋਕੇ ਦੌਰ ‘ਚ ਇੱਕ ਵਾਰ ਫਿਰ ਅਜਿਹੇ ਗੀਤਾਂ ਦੀ ਭਰਮਾਰ ਹੋਣਾ ਇਸੇ ਹੇਰਵੇ ਦਾ ਹੀ ਪ੍ਰਤੌਅ ਹੈ। ਇਸ ਕਰਕੇ ਅੱਜ ਅਸੀਂ ਆਮ ਹੀ ਲੋਕਾਂ ਮੂੰਹੋਂ ਇਹ ਵਾਕ ਸੁਣਦੇ ਰਹਿੰਦੇ ਹਾਂ ਕਿ ‘ਬੀਤੇ ਵੇਲ਼ੇ ਚੰਗੇ ਸੀ’, ‘ਛੋਟਿਆਂ ਨੂੰ ਵੱਡਿਆਂ ਦੀ ਲੱਜ ਸੀ’, ‘ਲੋਕਾਂ ‘ਚ ਸਹਿਚਾਰ ਸੀ’, ‘ ਸਬਰ, ਸੰਤੋਖ ਸੀ’ ਆਦਿ-ਆਦਿ। ਪਰ ਬੀਤੇ ‘ਤੇ ਹੰਝੂ ਕੇਰਨ ਨਾਲ਼ ਸਮੱਸਿਆ ਹੱਲ ਨਹੀਂ ਹੁੰਦੀ ਜਿਵੇਂ ਬਿਮਾਰ ਬੰਦੇ ਨੂੰ ਰੋ ਕੇ ਠੀਕ ਨਹੀਂ ਕੀਤਾ ਜਾ ਸਕਦਾ।

ਦੂਜਾ ਸੁੱਚੇ ਦੀ “ਸੂਰਮਗਤੀ” ਦੇ ਸੋਹਲੇ ਬੇਲੋੜੇ, ਬੇਤੁਕੇ ਤੇ ਗ਼ਲਤ ਵੀ ਹਨ। ਪਹਿਲੀ ਗੱਲ ਤਾਂ ਕਿਸੇ ਨੂੰ ਆਪਣਾ ਜੀਵਨ ਸਾਥੀ ਚੁਣਨ ਦੇ ਦੋਸ਼ ‘ਚ ਜਾਨੋ ਮਾਰ ਦੇਣਾ ਅੱਜ ਦੇ ਸਮਾਜ ਵਿੱਚ ਵੈਸੇ ਹੀ ਵਹਿਸ਼ੀ ਦਰਿੰਦਗੀ ਮੰਨਿਆ ਜਾਂਦਾ ਹੈ ਅਤੇ ਇੱਥੋਂ ਤੱਕ ਕਿ ਬੁਰਜੂਆ ਕਨੂੰਨ ਜਿਸਦੀ ਸਜ਼ਾ ਦਿੰਦਾ ਹੈ। ਦੂਜਾ ਬੁਰਜੂਆ ਕਨੂੰਨ ਵੀ ਮਨੁੱਖ ਦੀ ਜੀਵਨ ਸਾਥੀ ਚੁਣਨ ਦੀ ਨਿੱਜੀ ਅਜ਼ਾਦੀ ਦਾ ਹਮਾਇਤ ਕਰਦਾ ਹੈ। ਇਸ ਅਨੁਸਾਰ ਕੋਈ ਵੀ ਬਾਲਗ ਮੁੰਡਾ ਜਾਂ ਕੁੜੀ ਆਪਣਾ ਜੀਵਨ ਸਾਥੀ ਖੁਦ ਚੁਣ ਸਕਦੇ ਹਨ। ਭਾਵ ਅੱਜ ਦੇ ਅਜੋਕੇ ਆਧੁਨਿਕ ਬੁਰਜੂਆ ਸਮਾਜ ਵਿੱਚ ਵੀ ਇਸ ਸਮਾਜ ਦਾ ਕਨੂੰਨ ਕਿਸੇ ਵੀ ਇਨਸਾਨ ਨੂੰ ਇਹ ਹੱਕ ਨਹੀਂ ਦਿੰਦਾ ਕਿ ਉਹ ਉਸਨੂੰ ਕੇਵਲ ਇਸ ਕਰਕੇ ਵਹਿਸ਼ੀ ਢੰਗ ਨਾਲ਼ ਮਾਰ ਦੇਵੇ ਕਿ ਉਹਨੇ ਆਪਣੀ ਮਰਜ਼ੀ ਦਾ ਜੀਵਨ ਸਾਥੀ ਚੁਣਿਆ। ਅੱਜ ਦੇ ਔਰਤ-ਮਰਦ ਦੇ ਰਿਸ਼ਤੇ  ਨੈਤਿਕਤਾ ਦਾ ਅੱਜ ਇਹੋ ਪੈਮਾਨਾ ਹੋ ਸਕਦਾ ਹੈ ਕਿ ਜੇਕਰ ਦੋ ਇਨਸਾਨਾਂ ‘ਚ ਨਹੀਂ ਨਿਭਦੀ ਤਾਂ ਉਹ ਸਬੰਧ ਤੋੜ ਕੇ ਨਵਾਂ ਸਬੰਧ ਬਣਾਉਣ ਲਈ ਅਜ਼ਾਦ ਹਨ ਅਤੇ ਇਹ ਉਹਨਾਂ ਦਾ ਜਮਹੂਰੀ ਹੱਕ ਤੇ ਨਿੱਜੀ ਜੀਵਨ ਦਾ ਮਸਲਾ ਹੈ। ਇਸ ਵਿੱਚ ਕਿਸੇ ਦੂਜੇ ਨੂੰ ਦਖਲ ਦੇਣ ਦਾ ਕੋਈ ਹੱਕ ਨਹੀਂ ਹੈ। ਇਸ ਸਮਾਜ ‘ਚ ਇੰਨੀ ਗੱਲ ‘ਤੇ ਕਿਸੇ ਨੂੰ ਜਾਨੋ ਮਾਰ ਦੇਣਾ ਇੱਕ ਤਾਂ ਜ਼ੁਰਮ ਹੈ ਤੇ ਦੂਜਾ ਇਹ ਬਰਬਰਤਾ, ਦਰਿੰਦਗੀ, ਪਸ਼ੂਪੁਣੇ ਦਾ ਚਿੰਨ੍ਹ ਹੈ ਜਿਸਦਾ ਜਿੰਨਾ ਹੋ ਸਕੇ ਮਜਾਕ ਉਡਾਇਆ ਜਾਵੇ ਅਤੇ ਮਜਾਕ ਇੰਨਾ ਉਡਾਇਆ ਜਾਵੇ ਕਿ ਕੋਈ ਕਿਸੇ ਇਨਸਾਨ ਦੇ ਨਿੱਜੀ ਮਸਲੇ ‘ਚ ਦਖਲ ਦੇਣ ਦੀ ਹਿੰਮਤ ਨਾ ਕਰੇ ਅਤੇ ਸੁੱਚੇ “ਸੂਰਮੇ” ਦੀ “ਸੂਰਮਗਤੀ” ਬਾਰੇ ਲਿਖਣ ਦੇ ਤਾਂ ਖਿਆਲ ਤੋਂ ਵੀ ਲੇਖਕ ਕੰਬ ਜਾਵੇ। ਨਾ ਕਿ ਅਜਿਹੀ ਘਟੀਆਂ, ਘਿਨੌਣੀਆਂ, ਗੰਦੀਆਂ, ਔਰਤ ਵਿਰੋਧੀ, ਕਦਰਾਂ-ਕੀਮਤਾਂ ਜੋ ਇਨਸਾਨ ਨੂੰ ਇਨਸਾਨ ਹੋਣ ਦਾ ਹੱਕ ਦੇਣ ਤੋਂ ਵੀ ਮੁਨਕਰ ਨੇ – ਦਾ ਗੁਣਗਾਨ ਕੀਤਾ ਜਾਵੇ ਜਿਵੇਂ ਅੱਜ ਸੁੱਚੇ  ਦੀ “ਸੂਰਮਗਤੀ” ਨੂੰ ਪੇਸ਼ ਕੀਤਾ ਜਾ ਰਿਹਾ ਹੈ। ਕਲਾ ਕਿਰਤ ਤੇ ਕਲਾਕਾਰਾਂ ਨੂੰ ਵੀ ਚਾਹੀਦਾ ਹੈ ਕਿ “ਅਣਖ”, “ਇੱਜਤ” ਵਰਗੇ ਗੰਦੇ-ਭੱਦੇ ਵਿਸ਼ੇਸ਼ਣਾਂ ਦੀ ਪੇਸ਼ਕਾਰੀ ਇੰਨੇ ਤਿਰਸਕਾਰ ਭਾਵ ਨਾਲ਼ ਕਰਨ ਕਿ ਲੋਕਾਂ ਨੂੰ ਅਜਿਹੇ ਸ਼ਬਦਾਂ ਤੋਂ ਚਿੜ ਆਉਣ ਲੱਗੇ। ਜਿਵੇਂ ਪੰਜਾਬੀ ਸੱਭਿਆਚਾਰ ‘ਚ “ਅਣਖ” ਨਾਮੀ ਸ਼ਬਦ ਦਾ ਜਿੰਨਾ ਮਜ਼ਾਕ ਉਡਾਇਆ ਜਾਵੇ ਥੋੜ੍ਹਾ ਹੈ ਜਿਸ ਕਰਕੇ ਲੱਖਾਂ ਬੇਗੁਨਾਹ ਔਰਤਾਂ ਦੇ ਹੁਣ ਤੱਕ ਕਤਲ ਹੋ ਚੁੱਕੇ ਹਨ ਤੇ ਹਾਲੇ ਵੀ ਜਾਰੀ ਹਨ।

ਕਲਾ-ਕਿਰਤ ‘ਚ ਬੀਤੇ ਦੀ ਕਿਸੇ ਘਟਨਾ ਦੀ ਪੇਸ਼ਕਾਰੀ ਵਰਤਮਾਨ ‘ਚ ਹੋ ਸਕਦੀ ਹੈ ਜੇਕਰ ਉਹ ਵਰਤਮਾਨ ਦੀਆਂ ਵਿਰੋਧਤਾਈਆਂ ਨੂੰ ਸਮਝਣ ‘ਚ ਮਦਦ ਕਰੇ ਜਾਂ ਇਤਿਹਾਸ ਦੇ ਕਿਸੇ ਵਿਸ਼ੇਸ਼ ਕਾਲਖੰਡ ਤੇ ਉਸਦੀਆਂ ਵਿਰੋਧਤਾਈਆਂ ਨੂੰ ਸਮਝਣ ‘ਚ ਸਹਾਈ ਹੋਵੇ ਜਾਂ ਬੀਤੇ ਦੀਆਂ ਬੁਰਾਈਆਂ ਜੋ ਜਿਉਂਦਿਆਂ ਗਲ ਮਰੇ ਸੱਪ ਵਾਂਗ ਪਈਆਂ ਹਨ ਉਹਨਾਂ ‘ਤੇ ਹਮਲਾ ਕਰਨ ਨਾ ਕਿ ਉਹਨਾਂ ਦਾ ਗੁਣਗਾਨ ਕਰਨ। ਪਰ ਅਜਿਹੀਆਂ ਊਲ-ਜਲੂਲ ਚੀਜਾਂ ਜੋ ਇਤਿਹਾਸ ਦੇ ਕੂੜੇਦਾਨ ‘ਚ ਚਲੀਆਂ ਗਈਆਂ ਹਨ ਅਤੇ ਉਹਨਾਂ ਦਾ ਮਹੱਤਵ ਦੱਬੇ ਮੁਰਦੇ ਪੱਟਣ ਤੋਂ ਵੱਧ ਕੁਝ ਨਹੀਂ। ਕਿਉਂਕਿ ਕਿਸੇ ਸਮੇਂ ਦੇ ਸਮਾਜ ਦਾ ਯਥਾਰਥਵਾਦੀ ਚਿਤਰਨ ਕਿਸੇ ਕਲਾ-ਕਿਰਤ ‘ਚ ਹੋਣਾ ਕਲਾਤਮਕ ਸੁਹਜ ਰੱਖਣ ਦੇ ਨਾਲ਼-ਨਾਲ਼ ਇੱਕ ਇਤਿਹਾਸਕ ਦਸਤਾਵੇਜ਼ ਵੀ ਬਣਦਾ ਹੈ। ਹੁਣ ਕੋਈ ਕਲਾਕਾਰ ਬਿਨਾਂ ਕਿਸੇ ਆਲੋਚਨਾਤਮਕ ਵਿਵੇਕ ਦੇ ਬੀਤੇ ‘ਤੇ ਹੰਝੂ ਕੇਰੀ ਜਾਵੇ ਤਾਂ ਉਸਦਾ “ਰੱਬ” ਹੀ ਰਾਖਾ! ਪਰ ਜੇਕਰ ਬੀਤੇ ਦੀ ਕਿਸੇ ਘਟਨਾ ਜਾਂ ਪੱਖ ਦਾ ਵਰਤਮਾਨ ਵਿੱਚ ਵਰਣਨ ਵਾਰ-ਵਾਰ ਹੋ ਰਿਹਾ ਹੈ ਤਾਂ ਇਸਦਾ ਸੰਦਰਭ ਲਾਜ਼ਮੀ ਹੀ ਵਰਤਮਾਨ ਨਾਲ਼ ਜੁੜਦਾ ਹੈ। ਜਿਵੇਂ ਸੁੱਚੇ ਸੂਰਮੇ ਦੀ “ਸੂਰਮਗਤੀ” ਦੇ ਕਿੱਸੇ ਵੀ ਸਾਡੇ ਸਮਾਜ ਦੇ ਧੀਮੇ ਸਰਮਾਏਦਾਰਾ ਵਿਕਾਸ ਦੀ ਹਾਮੀ ਭਰਦੇ ਹਨ ਜਿੱਥੇ ਸੱਭਿਆਚਾਰਕ ਪੱਧਰ ‘ਤੇ ਭਾਰੂ ਜਗੀਰੂ ਕਦਰਾਂ-ਕੀਮਤਾਂ ਪਸਰੀਆਂ ਹੋਈਆਂ ਹਨ। ਅੱਜ ਕਲਾ ਦਾ ਮੁੱਖ ਕੰਮ ਅਜਿਹੀਆਂ ਘਟੀਆ ਤੇ ਅਣ-ਮਨੁੱਖੀ ਕਦਰਾਂ-ਕੀਮਤਾਂ ਦੇ ਵਿਰੋਧ ‘ਚ ਬੇਬਾਕੀ ਨਾਲ਼ ਸਟੈਂਡ ਲੈਣਾ ਹੈ, ਇਹਨਾਂ ਤੁੱਛਤਾਵਾਂ ‘ਤੇ ਕਟਾਕਸ਼ ਕਰਨਾ ਹੈ। ਅੱਜ ਦੇ ਸਮਾਜ ਵਿੱਚ ਜੇਕਰ ਕੋਈ ਕਲਾ ਜਾਂ ਕਲਾ ਦਾ ਕੋਈ ਰੂਪ ਬੀਤੇ ਦੀ ਇਸ ਸੜਾਂਦ ਦੀ ਪੇਸ਼ਕਾਰੀ ਵਧਾਅ-ਚੜਾਅ ਕੇ ਕਰਦਾ ਹੈ ਤਾਂ ਉਹ ਸਮਾਜ ‘ਚ ਸੜਾਂਦ ਖਲਾਰਣ ਤੋਂ ਵੱਧ ਕੁਝ ਨਹੀਂ ਕਰੇਗਾ। ਕਿਉਂਕਿ ਅੱਜ ਦੀਆਂ ਸਮੱਸਿਆਵਾਂ ਦਾ ਹੱਲ ਬੀਤੇ ਦੀ ਰਾਖ ‘ਚੋਂ ਨਹੀਂ ਸਗੋਂ ਭਵਿੱਖ ਦੀ ਜਮੀਨ ਤਿਆਰ ਕਰਨ ‘ਚ ਹੈ। ਇਹ ਕੰਮ ਨੂੰ ਹੁਣ ਭਵਿੱਖ ਦੀ ਵਾਹਕ ਜਮਾਤ ਮਜ਼ਦੂਰ ਜਮਾਤ ਹੀ ਆਪਣੇ ਹੱਥ ਲਵੇਗੀ ਕਿਉਂਕਿ ਸਰਮਾਏਦਾਰੀ ਨੇ ਜੋ ਇਤਿਹਾਸ ‘ਚ ਸਿਰਜਣਾ ਸੀ ਸਿਰਜ ਦਿੱਤਾ। ਹੁਣ ਇਸ ਤੋਂ ਅਜਿਹੇ ਘਟੀਆ ਲੱਚਰਪੁਣੇ ਤੋਂ ਵੱਧ ਉਮੀਦ ਵੀ ਨਹੀਂ ਕੀਤੀ ਜਾ ਸਕਦੀ। ਮਜ਼ਦੂਰ ਜਮਾਤ ਹੀ ਅਜਿਹੀਆਂ ਜਗੀਰੂ ਪ੍ਰੇਤ ਰੂਹਾਂ ਨੂੰ ਇਹਨਾਂ ਦੀ ਅਸਲ ਥਾਂ ਦਿਖਾਵੇਗੀ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 50, 16 ਮਾਰਚ 2016 ਵਿਚ ਪਰ੍ਕਾਸ਼ਤ

Advertisements