“ਸਪਾਰਟਕਸ” ਜ਼ਿੰਦਗੀ ਪ੍ਰਤੀ ਅਸੀਮ ਇਸ਼ਕ ਤੇ ਸੰਘਰਸ਼ ਦੀ ਅਮਰ ਕਹਾਣੀ —ਸੁਖਪਾਲ ਨਸਰਾਲ਼ੀ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

 ਦਹਿਕਦੇ ਅੰਗਿਆਰਾਂ ਤੇ ਸੌਂਦੇ ਰਹੇ ਨੇ ਲੋਕ।
ਇਸ ਤਰ੍ਹਾਂ ਵੀ ਰਾਤ, ਰੁਸ਼ਨਾਉਂਦੇ ਰਹੇ ਨੇ ਲੋਕ।
ਨਾ ਕਤਲ ਹੋਏ, ਨਾ ਹੋਵਣਗੇ ਇਸ਼ਕ ਦੇ ਗੀਤ ਇਹ,
ਮੌਤ ਦੀ ਸਰਦਲ ਤੇ ਬਹਿ, ਗਾਉਂਦੇ ਰਹੇ ਨੇ ਲੋਕ।
ਨ੍ਹੇਰੀਆਂ ਨੂੰ ਜੇ ਭੁਲੇਖਾ ਹੈ ਹਨੇਰਾ ਪਾਉਣ ਦਾ,
ਨ੍ਹੇਰੀਆਂ ਨੂੰ ਰੋਕ ਵੀ ਪਾਉਂਦੇ ਰਹੇ ਨੇ ਲੋਕ।

—ਪਾਸ਼

ਇਨਕਲਾਬੀ ਕਵੀ ਪਾਸ਼ ਦੀਆਂ ਇਹ ਪੰਕਤੀਆਂ ਉਸ ਵਰਤਾਰੇ ਵੱਲ ਇਸ਼ਾਰਾ ਕਰਦੀਆਂ ਹਨ, ਜੋ ਮਨੁੱਖੀ ਸੱਭਿਅਤਾ ਦੇ ਜਮਾਤੀ ਸਮਾਜ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ, ਅੱਜ ਤੱਕ ਚੱਲਿਆ ਆ ਰਿਹਾ ਹੈ। ਆਦਿ ਕਮਿਊਨ ਤੋਂ ਬਾਅਦ ਜਦੋਂ ਮਨੁੱਖੀ ਸੱਭਿਅਤਾ ਗੁਲਾਮਦਾਰੀ ਯੁੱਗ ਵਿੱਚ ਦਾਖਲ ਹੋਈ, ਜਮਾਤੀ ਵੰਡ ਵਾਲ਼ੇ ਸਮਾਜ ਦਾ ਦੌਰ ਸ਼ੁਰੂ ਹੋਇਆ, ਜੋ ਫਿਰ ਜਾਗੀਰਦਾਰੀ ਯੁੱਗ ਤੋਂ ਲੰਘਦਾ ਹੋਇਆ-ਅੱਜ ਪੂੰਜੀਵਾਦ ਵਿੱਚ ਬਦਲ ਚੁੱਕਿਆ ਹੈ, ਪਰ ਇਹਨਾਂ ਤਿੰਨਾਂ ਸਟੇਜਾਂ ਵਿੱਚਕਾਰ ਹਮੇਸ਼ਾ ਇੱਕ ਖਾਸ ਸਮਾਨਤਾ ਰਹੀ ਹੈ — ਜਮਾਤੀ ਸੰਘਰਸ਼।

ਇਤਿਹਾਸ ਹਮੇਸ਼ਾ ਗਵਾਹ ਰਿਹਾ ਹੈ ਕਿ ਜਿੱਥੇ ਵੀ ਲੁੱਟ-ਖ਼ਸੁੱਟ ਅਤੇ ਜ਼ੁਲਮ ਹੁੰਦਾ ਹੈ ਉੱਥੇ ਇਸ ਦਾ ਟਾਕਰਾ ਵੀ ਹੁੰਦਾ ਹੈ। ਅਤੇ ਲੋਕ ਅੰਗਿਆਰਾਂ ‘ਤੇ ਸੌਂ ਕੇ ਵੀ ਰਾਤਾਂ ਰੁਸ਼ਨਾਉਂਦੇ ਰਹਿੰਦੇ ਨੇ।

ਸਪਾਰਟਕਸ ਵੀ ਅਜਿਹੇ ਰਾਤਾਂ ਰੁਸ਼ਨਾਉਂਣ ਵਾਲ਼ੇ ਜ਼ਿੰਦਗੀ ਦੇ ਆਸ਼ਕਾਂ ਦੀ ਕਹਾਣੀ ਹੈ। ਆਦਿ ਕਮਿਊਨ ਤੋਂ ਬਾਅਦ ਜਦੋਂ ਗੁਲਾਮਦਾਰੀ ਯੁੱਗ ਸ਼ੁਰੂ ਹੋਇਆ, ਸਮਾਜ ਮੁੱਖ ਤੌਰ ‘ਤੇ ਦੋ ਹਿੱਸਿਆ ਵਿੱਚ ਵੰਡਿਆ ਗਿਆ। ਗੁਲਾਮ ਮਾਲਕ ਅਤੇ ਗੁਲਾਮ। ਯੁੱਧ ਵਿੱਚ ਕੈਦ ਕੀਤੇ ਫੌਜੀ ਅਤੇ ਛੋਟੇ-ਮੋਟੇ ਕਬੀਲਿਆਂ ਨੂੰ ਜਿੱਤ ਕੇ ਲੋਕਾਂ ਨੂੰ ਗੁਲਾਮ ਬਣਾਇਆ ਜਾਣ ਲੱਗਿਆ ਤੇ ਉਹਨਾਂ ਨੂੰ ਵੱਡੀਆਂ-ਵੱਡੀਆਂ ਰੋਮ ਵਰਗੀਆਂ ਸੱਭਿਅਤਾਵਾਂ ਉਸਾਰਨ ਦੇ ਕੰਮ ਵਿੱਚ ਸਭ ਤੋਂ ਹੇਠਲੇ ਪੱਧਰ ‘ਤੇ ਲਗਾਇਆ ਜਾਂਦਾ। ਜਾਨਵਰਾਂ ਤੋਂ ਵੀ ਘਟੀਆ ਮਾਹੌਲ ਵਿੱਚ ਰੱਖਿਆ ਜਾਂਦਾ ਤੇ ਬੇਕਿਰਕੀ ਨਾਲ਼ ਮਰਨ ਤੱਕ ਸਖਤ ਤੋਂ ਸਖਤ ਕੰਮ ਲਿਆ ਜਾਂਦਾ। ਉਹਨਾਂ ਸਮਿਆਂ ਵਿੱਚ ਵੀ ਗੁਲਾਮਾਂ ਦੀਆਂ ਕੁਝ ਬਗਾਵਤਾਂ ਹੁੰਦੀਆਂ ਰਹਿੰਦੀਆਂ ਸਨ। ਸਪਾਰਟਕਸ ਦੀ ਕਹਾਣੀ ਵੀ ਅਜਿਹੀ ਇੱਕ ਬਗਾਵਤ ਦੇ ਦੁਆਲੇ ਘੁੰਮਦੀ ਹੈ। ਭਾਵੇਂ ਕਿ ਇਸ ਬਗਾਵਤ ਨੂੰ ਕੁਚਲ ਦਿੱਤਾ ਗਿਆ ਸੀ ਤੇ ਛੇ ਹਜ਼ਾਰ ਤੋਂ ਜ਼ਿਆਦਾ ਗੁਲਾਮਾਂ ਨੂੰ ਸਜ਼ਾ ਵਜੋਂ ਰੋਮ ਤੋਂ ਕੈਪੂਆ ਤੱਕ ਇੱਕ ਸੜਕ ਦੇ ਕਿਨਾਰੇ ‘ਤੇ ਸੂਲੀਆਂ ‘ਤੇ ਟੰਗਿਆ ਗਿਆ। ਪਰ ਇਹ ਵਰਤਾਰਾ ਮਨੁੱਖੀ ਸੱਭਿਅਤਾ ਵਿੱਚ ਇੱਕ ਆਸ ਦੀ ਕਿਰਨ ਬਲਦੀ ਛੱਡ ਗਿਆ, ਜਿਸ ਨੇ ਅੱਗੇ ਚੱਲਕੇ ਇੱਕ ਖ਼ੂਬਸੂਰਤ ਦੁਨੀਆਂ ਸਿਰਜਣ ਦੇ ਸੁਪਨੇ ਲੈਣ ਵਾਲ਼ੇ ਲੋਕਾਂ ਲਈ ਰਾਹ ਦਿਖਾਉਣ ਦਾ ਕੰਮ ਕੀਤਾ।

ਸਪਾਰਟਕਸ ਜਿਹੀ ਮਹਾਨ ਇਨਕਲਾਬੀ ਰਚਨਾ ਕਰਨ ਵਾਲ਼ੇ ਸਾਹਿਤਕਾਰ ਦਾ ਨਾਮ ਹਾਵਰਡ ਫਾਸਟ ਹੈ। ਹਾਵਰਡ ਫਾਸਟ ਅਮਰੀਕਾ ਦੇ ਇੱਕ ਪ੍ਰਗਤੀਵਾਦੀ ਲੇਖਕ ਸਨ ਜਿਹਨਾਂ ਨੇ 70 ਦੇ ਕਰੀਬ ਨਾਵਲ ਅਤੇ ਕੁਝ ਕਹਾਣੀਆਂ ਤੇ ਦੋ ਦਰਜਨ ਦੇ ਕਰੀਬ ਹੋਰ ਵੀ ਕਿਤਾਬਾਂ ਦੀ ਰਚਨਾ ਕੀਤੀ। ਉਹਨਾਂ ਦਾ ਜਨਮ 11 ਨਵੰਬਰ 1914 ਨੂੰ ਨਿਊਯਾਰਕ ਵਿਖੇ ਹੋਇਆ। ਉਹ ਇੱਕ ਗਰੀਬ ਮਜ਼ਦੂਰ ਪਰਿਵਾਰ ਨਾਲ਼ ਸਬੰਧ ਰੱਖਦੇ ਸਨ। ਬਚਪਨ ਤੋਂ ਹੀ ਰੋਜ਼ ਰੋਟੀ ਕਮਾਉਣ ਲਈ ਉਹਨਾਂ ਨੂੰ ਮਜ਼ਦੂਰੀ ਕਰਨੀ ਪਈ। 21 ਸਾਲ ਦੀ ਉਮਰ ਤੱਕ ਉਹਨਾਂ ਨੇ ਅਖਬਾਰ ਵੰਡਣ, ਫਰਸ਼ ਸਾਫ਼ ਕਰਨ ਤੇ ਕਾਰਖਾਨਿਆਂ ਵਿੱਚ ਕੰਮ ਕਰਨ ਤੱਕ ਹਰ ਤਰ੍ਹਾਂ ਦੀ ਮਜ਼ਦੂਰੀ ਕੀਤੀ। ਆਪਣੇ ਬਾਰੇ ਉਹ ਕਿਹਾ ਕਰਦੇ ਸਨ, ”ਮੈਂ ਖੁਦ-ਪੜ੍ਹਿਆ ਇਨਸਾਨ ਹਾਂ। ਹੋ ਸਕਦਾ ਹੈ, ਸਾਹਿਤ ਸਿਰਜਣ ਦੀ ਕੁਝ ਕੁਦਰਤੀ ਸਮਰੱਥਾ ਮੇਰੇ ਅੰਦਰ ਰਹੀ ਹੋਵੇ, ਪਰ ਲਿਖਦਿਆਂ-ਲਿਖਦਿਆਂ ਸਿੱਖਿਆ ਹੈ।” 1954 ਵਿੱਚ ਉਹਨਾਂ ਨੂੰ ਉਹਨਾਂ ਦੇ ਸਾਹਿਤਕ ਅਤੇ ਸਮਾਜਿਕ ਯੋਗਦਾਨ ਬਦਲੇ ‘ਸਟਾਲਿਨ ਅਮਨ ਪੁਰਸਕਾਰ’ ਨਾਲ਼ ਸਨਮਾਨਿਤ ਕੀਤਾ ਗਿਆ। ਸਪੇਨ ਜੰਗ ਵਿੱਚ ਕਿਸੇ ਮਾਮਲੇ ਨਾਲ਼ ਜੁੜੇ ਹੋਣ ਕਾਰਨ ਉਹਨਾਂ ਨੂੰ 3 ਮਹੀਨੇ ਦੀ ਜੇਲ੍ਹ ਵੀ ਹੋਈ। ਅਮਰੀਕਾ ਸਰਕਾਰ ਨੇ ਉਸ ਤੋਂ ਬਾਅਦ ਉਹਨਾਂ ਦੀਆਂ ਕਈ ਕਿਤਾਬਾਂ ਉੱਤੇ ਪਾਬੰਦੀ ਲਗਾ ਦਿੱਤੀ।

ਉਹਨਾਂ ਦੀਆਂ ਲਿਖਤਾਂ ਉੱਤੇ ਪਾਬੰਦੀ ਲੱਗੀ ਹੋਣ ਕਰਕੇ ਸਪਾਰਟਕਸ ਨੂੰ ਛਾਪਣ ਲਈ ਕੋਈ ਵੀ ਪ੍ਰਕਾਸ਼ਕ ਅੱਗੇ ਨਹੀਂ ਆਇਆ। ਫਾਸਟ ਤੇ ਉਹਨਾਂ ਦੇ ਕੁਝ ਸਾਥੀਆਂ ਨੇ ਖੁਦ ਹੀ ਨਿੱਜੀ ਤੌਰ ‘ਤੇ ਸਪਾਰਟਕਸ ਨੂੰ ਕਿਤਾਬੀ ਰੂਪ ਵਿੱਚ ਤਿਆਰ ਕਰਵਾਇਆ। 

1956 ਵਿੱਚ ਸੋਵੀਅਤ ਯੂਨੀਅਨ ਵਿੱਚ ਹੋਈ ਪੂੰਜੀਵਾਦੀ ਮੁੜ ਬਹਾਲੀ ਨੇ ਪੂਰੀ ਦੁਨੀਆਂ ਵਿੱਚ ਵਿਚਾਰਧਾਰਕ ਘਚੋਲੇ ਨੂੰ ਜਨਮ ਦਿੱਤਾ। ਇਸ ਘਚੋਲ਼ੇ ਦਾ ਸ਼ਿਕਾਰ ਹਾਵਰਡ ਵਾਸਟ ਵੀ ਹੋਏ। 1956 ਵਿੱਚ ਭਾਵੇਂ ਰਸਮੀ ਤੌਰ ‘ਤੇ ਉਹਨਾਂ ਨੇ ਕਮਿਉਨਿਸਟ ਪਾਰਟੀ ਨੂੰ ਛੱਡ ਦਿੱਤਾ ਪਰ ਫਿਰ ਵੀ ਉਹ ਮਰਦੇ ਦਮ ਤੱਕ ਕਮਿਊਨਿਜ਼ਮ ਨਾਲ ਜੁੜੇ ਰਹੇ। ਇਸ ਬਾਰੇ ਉਹਨਾਂ ਨੇ ਇੱਕ ਵਾਰ ਕਿਹਾ ਸੀ ਕਿ ”ਮੈਂ ਇੱਕ ਖੱਬੇਪੱਖੀ ਹਾਂ, ਖੱਬੇਪੱਖੀ ਹੀ ਪੈਦਾ ਹੋਇਆ ਅਤੇ ਖੱਬੇਪੱਖੀ ਹੀ ਮਰਾਂਗਾਂ।”

12 ਮਾਰਚ 2003 ਨੂੰ ਦੁਨੀਆਂ ਦੇ ਇਸ ਮਹਾਨ ਇਨਕਲਾਬੀ ਤੇ ਪ੍ਰਗਤੀਵਾਦੀ ਸਾਹਿਤਕਾਰ ਨੇ ਸਰੀਰਕ ਤੌਰ ‘ਤੇ ਇਸ ਦੁਨੀਆਂ  ਨੂੰ ਅਲਵਿਦਾ ਕਹਿ ਦਿੱਤਾ। ਪਰ ਉਹਨਾਂ ਦੀਆਂ ਲਿਖਤਾਂ ਅੱਜ ਵੀ ਅਤੇ ਹਮੇਸ਼ਾ ਇਨਸਾਨੀਅਤ ਦੀ ਸੇਵਾ ਕਰਦੀਆਂ ਰਹਿਣਗੀਆਂ ਤੇ ਆਉਣ ਵਾਲੇ ਸਮਿਆਂ ਵਿੱਚ ਸਪਾਰਟਕਸ ਦਾ ਸੁਪਨਾ ਸੱਚ ਕਰਨ ਲਈ ਸੰਘਰਸ਼ਸ਼ੀਲ ਯੋਧਿਆਂ ਲਈ ਪ੍ਰੇਰਨਾ ਸਰੋਤ ਬਣਨਗੀਆਂ।

ਗੁਲਾਮਦਾਰੀ ਯੁੱਗ ਵਿੱਚ ਹੋਈ ਗੁਲਾਮਾਂ ਦੀ ਬਗਾਵਤ ਨੂੰ ਕੇਂਦਰੀ ਥੀਮ ਵਜੋਂ ਵਰਤ ਕੇ ਅਜੋਕੇ ਦੌਰ ਦੀਆਂ ਤਲਖ਼ ਹਕੀਕਤਾਂ ਅਤੇ ਪ੍ਰਸਥਿਤੀਆਂ ਦਾ ਚਿਤਰਨ ਕਰਨ ਲਈ ਇਸ ਨਾਵਲ ਨੂੰ ਲੇਖਕ ਨੇ ਅੱਠ ਹਿੱਸਿਆ ਵਿੱਚ ਵੰਡ ਕੇ ਲਿਖਿਆ ਹੈ। ਹਰ ਹਿੱਸਾ ਇੱਕ ਵੱਡੀ ਕਹਾਣੀ ਵਜੋਂ ਭੂਮਿਕਾ ਨਿਭਾਉਂਦਾ ਹੋਇਆ ਨਾਵਲ ਦੀ ਕਥਾ ਨੂੰ ਅੱਗੇ ਚਲਾਉਂਦਾ ਰਹਿੰਦਾ ਹੈ। ਕਹਾਣੀ, ਪਾਤਰ-ਚੋਣ, ਪ੍ਰਸਥਿਤੀਆਂ ਨੂੰ ਬਿਆਨ ਕਰਨ ਦੀ ਕਲਾ, ਅਜੋਕੇ ਸੰਦਰਭ ਵਿੱਚ ਰੱਖ ਕੇ ਇਤਿਹਾਸ ਨੂੰ ਪੇਸ਼ ਕਰਨ ਦਾ ਵਲ ਅਤੇ ਮਨੋਵਿਗਿਆਨਕ ਤਰੀਕੇ ਨਾਲ ਗੱਲਬਾਤ ਦੁਆਰਾ ਪਾਤਰਾਂ ਦੀ ਮਾਨਸਿਕ ਦਸ਼ਾ ਦੀ ਤਰਜਮਾਨੀ ਕਰਨਾ ਇਸ ਨਾਵਲ ਦੇ ਹਾਸਿਲ ਰਹੇ ਹਨ। 

ਨਾਵਲ ਦੇ ਪਹਿਲੇ ਭਾਗ ਵਿੱਚ ਤਿੰਨ ਪਾਤਰਾਂ ਕਾਇਸ ਕਰਾਸਸ, ਉਸਦੀ ਭੈਣ ਹੈਲਿਨ ਅਤੇ ਉਸਦੀ ਸਹੇਲੀ ਕਲਾਡੀਆ ਵੱਲੋਂ ਰੋਮ ਤੋਂ ਲੈ ਕੇ ਕੈਪੂਆ ਤੱਕ ਦੇ ਸਫ਼ਰ ਨੂੰ ਬਿਆਨ ਕੀਤਾ ਗਿਆ ਹੈ। ਇਹ ਉਹੀ ਸੜਕ ਹੈ ਜਿਸ ਦੇ ਕਿਨਾਰਿਆਂ ਤੇ ਸਪਾਰਟਕਸ ਦੇ 6 ਹਜ਼ਾਰ ਤੋਂ ਵੱਧ ਸਾਥੀਆਂ ਨੂੰ ਸੂਲੀਆਂ ‘ਤੇ ਟੰਗਿਆ ਹੋਇਆ ਹੈ।

ਕਾਇਸ ਰੋਮ ਦੇ ਇੱਕ ਵੱਡੇ ਤੇ ਅਮੀਰ ਘਰਾਣੇ ਨਾਲ਼ ਸਬੰਧਤ ਨੌਜਵਾਨ ਹੈ। ਉਸ ਦੀ ਭੈਣ ਤੇ ਉਸ ਦੀ ਸਹੇਲੀ ਉਸ ਨਾਲ਼ ਕੈਪੂਆ ਤੱਕ ਦਾ ਸਫ਼ਰ ਤੈਅ ਕਰਦੀਆਂ ਹਨ। ਲੇਖਕ ਨੇ ਇਸ ਹਿੱਸੇ ਵਿੱਚ ਅਮੀਰਾਂ ਦਾ ਅਤੇ ਲੋਟੂ ਜਮਾਤ ਦਾ ਗੁਲਾਮਾਂ ਅਤੇ ਗੁਲਾਮ ਬਗਾਵਤ ਪ੍ਰਤੀ ਦ੍ਰਿਸ਼ਟੀਕੋਣ ਬਿਆਨ ਕੀਤਾ ਹੈ। ਕਿਸ ਤਰ੍ਹਾਂ ਉਹ ਲੋਕ ਗੁਲਾਮਾਂ ਨੂੰ ਨਫ਼ਰਤ ਕਰਦੇ ਹਨ ਤੇ ਕਿਸ ਤਰ੍ਹਾਂ ਉਹ ਸੂਲੀ ‘ਤੇ ਲਟਕ ਰਹੇ ਗੁਲਾਮਾਂ ਨੂੰ ਦੇਖ ਕੇ ਮਨ ਹੀ ਮਨ ਤਸੱਲੀ ਦਾ ਪ੍ਰਗਟਾਵਾ ਕਰਦੇ ਹਨ, ਇਸ ਦਾ ਚਿਤਰਨ ਬਹੁਤ ਹੀ ਖੂਬਸੂਰਤੀ ਨਾਲ ਕੀਤਾ ਗਿਆ ਹੈ।

ਰਾਹ ਵਿੱਚ ਇਕ ਜਗ੍ਹਾ ਵਿਲਾ ਸੈਲੇਰੀਆ ਜੋ ਕਿ ਕਾਇਸ ਦੇ ਮਾਮੇ ਦੀ ਜਾਗੀਰ ਹੈ ਉਹ ਇਕ ਰਾਤ ਲਈ ਠਹਿਰਦੇ  ਹਨ। ਜਿੱਥੇ ਉਹਨਾਂ ਦਾ ਸੰਪਰਕ ਗਰਾਕਸ ਜੋ ਕਿ ਇੱਕ ਨੀਤੀਵਾਨ ਹੈ, ਸਿਸਰੋ ਜੋ ਨੌਜਵਾਨ ਲੇਖਕ ਅਤੇ ਨੀਤੀਵਾਨ ਹੈ ਅਤੇ ਕਰਾਸਸ ਜੋ ਇੱਕ ਫੌਜੀ ਜਰਨੈਲ ਹੈ (ਜਿਸਨੇ ਗੁਲਾਮਾਂ ਦੀ ਬਗਾਵਤ ਨੂੰ ਕੁਚਲਿਆ ਸੀ) ਨਾਲ਼ ਹੁੰਦਾ ਹੈ। ਇਹਨਾਂ ਸਾਰਿਆਂ ਦੀਆਂ ਗੱਲਾਬਾਤਾਂ ਰਾਹੀਂ ਲੇਖਕ ਨੇ ਉਸ ਸਮੇਂ ਦੀ ਲੋਟੂ ਜਮਾਤ ਦਾ ਸੰਸਾਰ ਪ੍ਰਤੀ, ਆਪਣੀ ‘ਮਹਾਨ’ ਰੋਮ ਸੱਭਿਅਤਾ ਪ੍ਰਤੀ ਤੇ ਗੁਲਾਮਾਂ ਪ੍ਰਤੀ ਦ੍ਰਿਸ਼ਟੀਕੋਣ ਪੇਸ਼ ਕੀਤਾ ਹੈ। ਪੂਰੇ ਹਿੱਸੇ ਵਿੱਚ ਇਹਨਾਂ ਲੋਕਾਂ ਦੀ ਜੀਵਨ-ਸ਼ੈਲੀ ਨੂੰ ਜਿਸ ਅੰਦਾਜ਼ ਵਿੱਚ ਬਿਆਨ ਕੀਤਾ ਗਿਆ ਹੈ ਉਹ ਲਾਜਵਾਬ ਹੈ। ਰੋਮਨ ਸੱਭਿਅਤਾ ਦੀ ਜਾਣਕਾਰੀ ਬਾਰੇ ਪਾਠਕਾਂ ਨੂੰ ਲੇਖਕ ਦੀ ਸਿਆਣਪ ‘ਤੇ ਕੋਈ ਸ਼ੱਕ ਨਹੀਂ ਰਹਿੰਦਾ ਜਦੋਂ ਉਹ ਉਸ ਸਮੇਂ ਦੇ ਭਵਨ ਨਿਰਮਾਣ ਕਲਾ ਤੋਂ ਲੈ ਕੇ ਹਰ ਛੋਟੀ-ਵੱਡੀ ਚੀਜ਼ ਦਾ ਵਰਣਨ ਕਰਦਾ ਹੈ। ਉਦਾਹਰਣ ਦੇ ਤੌਰ ‘ਤੇ  ”ਵਿਲਾ-ਸੈਲੇਰੀਆ ਦਾ ਇਹ ਕਮਰਾ ਫਿਨੀਸ਼ੀਅਨ ਢੰਗ ਦਾ ਬਣਿਆ ਸੀ ਜਿਸ ਦੀ ਛੱਤ ਖੱਟੇ ਪੀਲੇ ਸ਼ੀਸ਼ੇ ਦੀ ਬਣੀ ਹੋਈ ਸੀ। ਛੁਪ ਰਹੇ ਸੂਰਜ ਦੀ ਸੁਰਮਈ ਰੌਸ਼ਨੀ ਫਰਕ ਤੇ ਤਪਤ ਖੰਡ ਦੇ ਪੌਦਿਆਂ ਅਤੇ ਕਈ ਹੋਰ ਤਰ੍ਹਾਂ ਦੇ ਪੌਦਿਆਂ ਵਿੱਚੋਂ ਲੰਘਦੀ ਹੋਈ ਇੱਕ ਅਜੀਬ ਕਾਲਪਨਿਕ ਨਜ਼ਾਰਾ ਪੇਸ਼ ਕਰ ਰਹੀ ਸੀ।”

ਇਹਨਾਂ ਸਾਰੇ ਪਾਤਰਾਂ ਦੀ ਜੀਵਨ ਸ਼ੈਲੀ ਅਤੇ ਐਸ਼-ਮਸਤੀ ਨਾਲ ਭਰੇ ਜੀਵਨ ਨੂੰ ਪਿੱਠਭੂਮੀ ਵਜੋਂ ਵਰਤ ਕੇ ਉਹਨਾਂ ਦੀਆਂ ਗੱਲਾਬਾਤਾਂ ਦੁਆਰਾ ਮਾਨਸਿਕ ਹਾਲਾਤ ਪੇਸ਼ ਕਰਨ ਦਾ ਬਹੁਤ ਹੀ ਖੂਬਸੂਰਤ ਤਰੀਕਾ ਵਰਤਿਆ ਗਿਆ ਹੈ। ਉਦਾਹਰਣ ਵਜੋਂ ਰਾਤ ਦੇ ਖਾਣੇ ‘ਤੇ ਬੈਠਕੇ ਜਦੋਂ ਉਹ ਗੁਲਾਮ ਬਗਾਵਤ ਬਾਰੇ ਗੱਲਾਂ ਕਰ ਰਹੇ ਹੁੰਦੇ ਹਨ ਤਾਂ ਸਿਸਰੋ ਦਾ ਇਹ ਬਿਆਨ ਉਸ ਸਮੇਂ ਦੀ ਸੱਚਾਈ ਨੂੰ ਹੂ-ਬ-ਹੂ ਪੇਸ਼ ਕਰਦਾ ਹੈ। ”ਉਹ (ਗੁਲਾਮ) ਹਮੇਸ਼ਾ ਸਾਡੇ ਨਾਲ਼ ਰਹਿੰਦੇ ਹਨ, ਅਸੀਂ ਗੁਲਾਮਾਂ ਅਤੇ ਗੁਲਾਮ ਦੌਰ ਦੀ ਨਿਰਾਲੀ ਪੈਦਾਵਾਰ ਹਾਂ। ਜੇ ਤੁਸੀਂ ਸੱਚ-ਪੁੱਛੋ ਤਾਂ ਅਸੀਂ ਰੋਮਨ ਇਹਨਾਂ ਤੋਂ ਹੀ ਬਣੇ ਹਾਂ। ਸਾਡਾ ਮੇਜ਼ਬਾਨ ਇਸ ਮਹਾਨ ਬਾਗਾਤ ਉੱਤੇ ਰਹਿੰਦਾ ਹੈ – ਜਿਸ ਕਰਕੇ ਮੈਨੂੰ ਉਸਤੋਂ ਸਾੜਾ ਹੈ- ਤੇ ਇਹ ਸਭ ਹਜ਼ਾਰ ਗੁਲਾਮਾਂ ਦੀ ਬਖਸ਼ਿਸ਼ ਹੈ। ਕਰਾਸਸ ਦੀ ਰੋਮ ਵਿੱਚ ਚਰਚਾ ਹੈ ਕਿਉਂਕਿ ਉਸਨੇ ਗੁਲਾਮ ਬਗਾਵਤ ਨੂੰ ਦਬਾਇਆ ਹੈ, ਤੇ ਗਰਾਕਸ ਨੂੰ ਗੁਲਾਮ ਮੰਡੀ ਤੋਂ ਆਮਦਨ ਹੈ। …..ਅਤੇ ਉਸ ਨੌਜਵਾਨ- ਕਾਇਸ ਵੱਲ ਇਸ਼ਾਰਾ ਕਰਦਿਆਂ ਤੇ ਮੁਸਕੁਰਾਉਂਦਿਆਂ ਉਸਨੇ ਕਿਹਾ – ਇਹ ਨੌਜਵਾਨ ਮੈਨੂੰ ਸ਼ੱਕ ਹੈ, ਜੋ ਕਿ ਗੁਲਾਮਾਂ ਦੀ ਇੱਕ ਵਿਲੱਖਣ ਪੈਦਾਵਾਰ ਹੈ ਕਿਉਂਕਿ ਮੈਨੂੰ ਯਕੀਨ ਹੈ ਕਿ ਉਹਨਾਂ ਨੇ ਹੀ ਇਸ ਨੂੰ ਖਵਾਇਆ, ਪਾਲਿਆ- ਪੋਸਿਆ, ਤੁਰਾਇਆ-ਫਿਰਾਇਆ ਤੇ ਇਲਾਜ ਕੀਤਾ ਏ…..।” 

ਇਹਨਾਂ ਦੀ ਜ਼ਿੰਦਗੀ ਦਾ ਚਿਤਰਣ ਕਰਦੇ ਸਮੇਂ ਲੇਖਕ ਨੇ ਬਾਖੂਬੀ ਉਹਨਾਂ ਦੀਆਂ ਆਦਤਾਂ, ਧੋਖੇ ਤੇ ਬੇਵਫਾਈਆਂ ਨਾਲ਼ ਭਰੇ ਰਿਸ਼ਤਿਆਂ ਦਾ ਵਰਣਨ ਕੀਤਾ ਹੈ। ਕਾਇਸ ਦਾ ਮਾਮਾ ਉਸ ਦੀ ਭੈਣ ਦੀ ਸਹੇਲੀ ਕਲਾਡੀਆ ‘ਤੇ ਫਿਦਾ ਹੋ ਜਾਂਦਾ ਹੈ ਅਤੇ ਉਸ ਦੀ ਮਾਮੀ ਉਸ ਨਾਲ (ਕਾਇਸ) ਸਬੰਧ ਸਥਾਪਤ ਕਰਨ ਦੀ ਕੋਸ਼ਿਸ਼ ਕਰਦੀ ਹੈ ਜਦਕਿ ਕਾਇਸ ਜੋ ਇੱਕ ਸਮਲਿੰਗੀ ਨੌਜਵਾਨ ਹੈ, ਫੌਜੀ ਜਰਨੈਲ ਕਰਾਸਸ ਨਾਲ ਸਬੰਧ ਸਥਾਪਤ ਕਰਦਾ ਹੈ। ਇਸ ਤਰ੍ਹਾਂ ਲੇਖਕ ਉਸ ਜਮਾਤ ਦੀ ਖੋਖ਼ਲੀ ਤੇ ਬੇਰੰਗੀ ਪਰ ਐਸ਼ੋ-ਇਸ਼ਰਤ ਨਾਲ਼ ਭਰਪੂਰ ਜ਼ਿੰਦਗੀ ਦਾ ਬਾਖੂਬੀ ਚਿਤਰਣ ਕਰਨ ਵਿੱਚ ਸਫ਼ਲ ਹੋਇਆ ਹੈ।

ਨਾਵਲ ਦਾ ਦੂਜਾ ਹਿੱਸਾ ਕਰਾਸਸ ਅਤੇ ਬੇਟੀਏਟਸ ਵਿਚਲੀ ਗੱਲਬਾਤ ‘ਤੇ ਅਧਾਰਿਤ ਹੈ। ਬੇਟੀਏਟਸ ਉਹ ਸਖਸ਼ ਹੈ ਜਿਸਨੇ ਸਪਾਰਟਕਸ ਨੂੰ ਸੋਨੇ ਦੀਆਂ ਖਾਣਾ ਵਿੱਚੋਂ ਖਰੀਦਿਆ ਸੀ ਤੇ ਉਸਨੂੰ ਲੜਾਕਾ ਬਣਾਉਣ ਲਈ ਆਪਣੇ ਸਕੂਲ ਵਿੱਚ ਰੱਖਿਆ ਸੀ। ਉਹਨਾਂ ਸਮਿਆਂ ਵਿੱਚ ਦੋ ਗੁਲਾਮਾਂ ਨੂੰ ਲੜਾਉਣ ਦੀ ਖੇਡ ਪੂਰੀ ਸਿਖਰਾਂ ‘ਤੇ ਸੀ। ਰੋਮਨ ਲੋਕਾਂ ਲਈ ਇਹ ਇੱਕ ਨਸ਼ਾ ਬਣ ਚੁੱਕੀ ਸੀ ਤੇ ਵਪਾਰੀਆਂ ਲਈ ਬਹੁਤ ਵੱਡਾ ਵਪਾਰ। ਬੇਟੀਏਟਸ ਦੇ ਲੜਾਕੂ ਸਕੂਲ ਵਿੱਚ ਹੀ ਸਪਾਰਟਕਸ ਤੇ ਉਸਦੇ ਸਾਥੀਆਂ ਨੇ ਬਗਾਵਤ ਸ਼ੁਰੂ ਕੀਤੀ ਸੀ ਜਿਸ ਨੇ ਰੋਮਨ ਸਾਮਰਾਜ ਦੀਆਂ ਤਿੰਨ ਚੌਥਾਈ ਫੌਜਾਂ ਨੂੰ ਤਬਾਹ ਕਰ ਦਿੱਤਾ ਸੀ। ਤੇ ਫੌਜੀ ਜਰਨੈਲ ਕਰਾਸਸ ਨੂੰ ਇਹੀ ਬਗਾਵਤ ਕੁਚਲਣ ਲਈ ਭੇਜਿਆ ਗਿਆ ਸੀ। ਪਰ ਉਸਨੇ ਕਦੇ ਸਪਰਟਕਸ ਨੂੰ ਵੇਖਿਆ ਤੱਕ ਨਹੀਂ ਸੀ ਇਸ ਲਈ ਉਸਨੇ ਬੇਟੀਏਟਸ ਨੂੰ ਸਪਾਰਟਕਸ ਬਾਰੇ ਕੁਝ ਜਾਣਕਾਰੀ ਲੈਣ ਲਈ ਬੁਲਾਇਆ ਸੀ। ਕਰਾਸਸ ਦੀ ਫੌਜੀ ਤੇ ਡਰਪੋਕ ਮਾਨਸਿਕਤਾ ਨੂੰ ਸਮਝਣ ਲਈ ਕੁਝ ਪੰਕਤੀਆਂ ਹੀ ਕਾਫ਼ੀ ਹਨ। ”……ਤੇ ਮੈਂ ਇਸ ਸੁਪਨੇ ਵਿੱਚ ਅੱਖਾਂ ਉੱਤੇ ਪੱਟੀ ਬੰਨ ਕੇ ਲੜਦਾ ਹਾਂ। ਇਹ ਡਰਾਉਣਾ ਜ਼ਰੂਰ ਹੈ, ਪਰ ਹੈ ਧਿਆਨ ਕਰਨ ਵਾਲਾ।….ਕਈ ਸੁਪਨੇ ਤਾਂ ਜਾਗਦੇ ਹੋਏ ਇਨਸਾਨ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਦਾ ਅਕਸ ਹੀ ਹੁੰਦੇ ਹਨ। ਸਪਾਰਟਕਸ ਨਾ ਜਾਣੀ ਹੋਈ ਚੀਜ਼ ਹੈ। ਮੈਂ ਉਸ ਨਾਲ ਲੜਨ ਜਾਂਦਾ ਹਾਂ, ਮੈਂ ਉਸ ਤੋਂ ਨਾਵਾਕਫ਼ ਹਾਂ। ਅਜਿਹੀ ਗੱਲ ਹੋਰਨਾਂ ਹਾਲਤਾਂ ਵਿੱਚ ਨਹੀਂ ਸੀ। ਕਿਉਂਕਿ ਮੈਂ ਜਾਣਦਾ ਹਾਂ ਗ਼ਾਲ ਕਿਉਂ ਲੜਦੇ ਹਨ, ਮੈਂ ਜਾਣਦਾ ਹਾਂ ਕਿ ਯੂਨਾਨੀ, ਸਪੇਨੀ ਤੇ ਜਰਮਨ ਕਿਉਂ ਲੜਦੇ ਹਨ। ਉਹ ਇੱਕੋ ਜਿਹੇ ਕਾਰਨਾਂ ਕਰਕੇ ਲੜਦੇ ਹਨ।…. ਪਰ ਮੈਂ ਨਹੀਂ ਜਾਣਦਾ ਕਿ ਗੁਲਾਮ ਕਿਉਂ ਲੜਦਾ ਹੈ। ਮੈਂ ਇਹ ਨਹੀਂ ਜਾਣਦਾ ਕਿ ਇਹ ਲੋਕਾਂ ਦੀ ਭੀੜ ਕਿਵੇਂ ਮਗਰ ਲਾ ਲੈਂਦਾ ਹੈ ਅਤੇ ਗੰਦਗੀ ਤੇ ਕੂੜੇ ਕਰਕਟ ਦੇ ਢੇਰ ਨੂੰ ਵਰਤ ਕੇ, ਦੁਨੀਆਂ ਦੀਆਂ ਸਭ ਤੋਂ ਵਧੀਆ ਫੌਜਾਂ ਨੂੰ ਤਬਾਹ ਕਰਦਾ ਹੈ। ਇੱਕ ਫੌਜੀ ਨੂੰ ਬਣਾਉਣ ਵਾਸਤੇ ਪੰਜ ਸਾਲ ਲੱਗਦੇ ਹਨ – ਉਸ ਨੂੰ ਇਹੀ ਸਮਝਾਉਣ ਤੇ ਪੰਜ ਸਾਲ ਲੱਗ ਜਾਂਦੇ ਹਨ ਕਿ ਉਸਦਾ ਜੀਵਨ ਫਜੂਲ ਹੈ, ਤੇ ਸਿਰਫ਼ ਫੌਜ ਹੀ ਇੱਕ ਚੰਗੀ ਚੀਜ਼ ਹੈ ਅਤੇ ਇਹ ਕਿ ਉਸ ਨੂੰ ਹੁਕਮ ਜ਼ਰੂਰ ਮੰਨਣਾ ਚਾਹੀਦਾ ਹੈ, ਕੋਈ ਵੀ ਹੁਕਮ। ਸਿਖਲਾਈ ਦੇ ਦਸ ਸਾਲ, ਹਰ ਰੋਜ਼ ਦਸ ਘੰਟੇ. .. . ਫਿਰ ਵੀ ਇਹਨਾਂ ਗੁਲਾਮਾਂ ਨੇ ਰੋਮ ਦੀਆਂ ਸਭ ਤੋਂ ਚੰਗੀਆਂ ਫੌਜਾਂ ਨੂੰ ਤਬਾਹ ਕੀਤਾ ਹੈ। ਇਹ ਇਸੇ ਕਰਕੇ ਹੈ ਕਿ ਮੈਂ ਤੈਨੂੰ ਕੈਪੂਆ ਤੋਂ ਇੱਥੇ ਆਉਣ ਲਈ ਕਿਹਾ ਹੈ — ਤਾਂ ਕਿ ਮੈਨੂੰ ਸਪਾਰਟਕਸ ਬਾਰੇ ਦੱਸ ਸਕੇਂ। ਇਸ ਤਰ੍ਹਾਂ ਮੈਂ ਆਪਣੀਆਂ ਅੱਖਾਂ ਤੋਂ ਪੱਟੀ ਲਾਹ ਸਕਦਾ ਹਾਂ।”

ਫਿਰ ਬੇਟੀਏਟਸ ਉਸ ਨੂੰ ਸਪਾਰਟਕਸ ਦੀ ਕਹਾਣੀ ਦੱਸਦਾ ਹੈ। ਸਪਾਰਟਕਸ ਗੁਲਾਮਾਂ ਦੀ ਤੀਸਰੀ ਪੀੜੀ ਵਿਚ ਪੈਦਾ ਹੋਇਆ ਗੁਲਾਮ ਹੈ। ਜਦੋਂ ਬੇਟੀਏਟਸ ਉਸ ਨੂੰ ਖਰੀਦਦਾ ਹੈ ਉਹ ਨੂਬੀਆਂ ਦੀਆਂ ਸੋਨੇ ਦੀਆਂ ਖਾਣਾਂ ਵਿੱਚ ਕੰਮ ਕਰਦਾ ਸੀ। ਨੂਬੀਆਂ ਦੀਆਂ ਖਾਣਾਂ ਧਰਤੀ ਉੱਤੇ ਇੱਕ ਨਰਕ ਹਨ। ਇਸ ਬਾਰੇ ਬੇਟੀਏਟਸ ਇਸ ਤਰ੍ਹਾਂ ਬਿਆਨ ਕਰਦਾ ਹੈ। ”ਫਿਰ ਜਾਓ ਇਸ ਮਾਰੂਥਲ ਵਿਚ- ਇਸ ਚਿੱਟੇ ਘੱਟੇ ਵਿੱਚ ਸਖ਼ਤ ਕੰਮ ਕਰੋ। ਤੁਹਾਡੀ ਪਿੱਠ ਉੱਤੇ ਗਰਮੀ ਦੀਆਂ ਭਿਆਨਕ ਲਹਿਰਾਂ ਵਾਰ-ਵਾਰ ਵਜਦੀਆਂ ਹਨ। ਇਹ ਗਰਮੀ ਦੀ ਹੱਦ ਹੈ ਅਤੇ ਅਜੇ ਵੀ ਬੰਦੇ ਨੂੰ ਜਿਊਣ ਦੀ ਆਗਿਆ ਦਿੰਦੀ ਹੈ।…..ਇਸ ਗਰਮ ਅਤੇ ਭਿਆਨਕ ਮਾਰੂਥਲ ਵਿੱਚ ਇੱਕ ਰਸਤਾ ਬਣਾਓ, ਸਮਾਂ ਤੇ ਸਥਾਨ ਡਰਾਉਣੇ ਹੋ ਜਾਣਗੇ। ਪਰ ਤੁਸੀਂ ਚੱਲਣਾ ਜਾਰੀ ਰੱਖਦੇ ਹੋ।……ਨਰਕ ਕੀ ਹੈ? ਨਰਕ ਸ਼ੁਰੂ ਹੋ ਜਾਂਦਾ ਹੈ ਅਤੇ…… ਹੁਣ ਇੱਥੇ ਚੱਲਣਾ, ਸਾਹ ਲੈਣਾ, ਦੇਖਣਾ, ਸੋਚਣਾ, ਡਰਾਉਣਾ ਹੋ ਜਾਂਦਾ ਹੈ।”

ਗੁਲਾਮਾਂ ਦੀ ਜ਼ਿੰਦਗੀ (ਸਿਰਫ਼ ਸਾਹ ਲੈਣਾ) ਨੂੰ ਚਿਤਰਨ ਵਿੱਚ ਲੇਖਕ ਨੇ ਕੋਈ ਕਸਰ ਨਹੀਂ ਛੱਡੀ। ਅਣਮਨੁੱਖੀ ਹਾਲਤਾਂ, ਨੰਗੇ ਸਰੀਰ, ਆਪਣੇ ਹੀ ਮਲ-ਮੂਤਰ ਨਾਲ ਲਿਬੜੇ ਹੋਏ, ਗਲ਼ਾਂ ਤੇ ਪੈਰਾਂ ਵਿੱਚ ਸੰਗਲ, ਲਾਸਾ ਨਾਲ ਭਰੇ ਸਰੀਰ, ਜਖ਼ਮ ਆਦਿ ਵਰਗੇ ਬਿੰਬਾ ਦੀ ਵਰਤੋਂ ਕਰਕੇ ਜਿਸ ਸ਼ਿੱਦਤ ਤੇ ਨਾਜ਼ੁਕਤਾ ਨਾਲ਼ ਇਸ ਮਹੀਨ ਦ੍ਰਿਸ਼ ਨੂੰ ਚਿਤਰਿਆ ਹੈ ਉਹ ਹਾਵਰਡ ਫਾਸਟ ਤੋਂ ਬਿਨਾਂ ਸ਼ਾਇਦ ਹੀ ਕੋਈ ਹੋਰ ਕਰ ਸਕਦਾ। ਸਪਾਰਟਕਸ ਦਾ ਚਿੱਤਰ ਖਿੱਚਦਿਆਂ ਲੇਖਕ ਉਸਨੂੰ ਹੂ-ਬ-ਹੂ ਪਾਠਕ ਦੀਆਂ ਨਜ਼ਰਾਂ ਸਾਹਮਣੇ ਪੇਸ਼ ਕਰ ਦਿੰਦਾ ਹੈ।

”ਲੰਬਾ ਹੈ ਜਾਂ ਨਿੱਕਾ ਕਹਿਣਾ ਮੁਸ਼ਕਿਲ ਹੈ। ਕਿਉਂਕਿ ਸੰਗਲਾਂ ਵਿੱਚ ਬੱਝੇ ਹੋਏ ਆਦਮੀ ਤਣ ਕੇ ਨਹੀਂ ਚੱਲਦੇ, ਪਰ ਸਰੀਰ ਚਾਬੁਕ ਦੇ ਨਿਸ਼ਾਨਾਂ ਨਾਲ ਭਰਿਆ ਹੋਇਆ, ਧੁੱਪ ਨਾਲ ਲੂਸਿਆ ਪਿੰਡਾ, ਖੁਸ਼ਕ ਤੇ ਪਾਣੀ ਤੋਂ ਬਗੈਰ ਹੈ, ਪਰ ਬੇਮਾਸ ਨਹੀਂ। ਕਿਉਂਕਿ ਸਿੱਟੇ ਚੁਣਨ, ਤੂੜੀ ਤੇ ਦਾਣੇ ਵੱਖ ਕਰਨ ਅਤੇ ਥਰੇਸ ਦੀਆਂ ਚੱਟਾਨੀ ਪਹਾੜੀਆਂ ਉੱਤੇ, ਜਿੱਥੇ ਜ਼ਿੰਦਗੀ ਕਦੇ ਵੀ ਸੌਖੀ ਨਹੀਂ ਸੀ ਹੋਈ, ਦੇ ਕਈ ਪੁਸ਼ਤਾਂ ਦੇ ਦੌਰ ਵਿੱਚ ਜੋ ਕੁਝ ਬਚਿਆ ਸੀ ਉਹ ਸਖ਼ਤ ਸੀ ਤੇ ਉਸਦੀ ਜ਼ਿੰਦਗੀ ਉੱਤੇ ਘੁਟਵੀਂ ਪਕੜ ਸੀ। ਕਣਕ ਦੀ ਇੱਕ ਬੁੱਕ, ਜੋ ਉਹ ਰੋਜ਼ ਖਾਂਦਾ ਹੈ ਅਤੇ ਜੌਆਂ ਦੀਆਂ ਖੁਸ਼ਕ ਰੋਟੀਆਂ ਹੀ ਉਸਦੇ ਜਵਾਨ ਸਰੀਰ ਨੂੰ ਜ਼ਿੰਦਾ ਰੱਖਦੀਆਂ ਹਨ। ਧੌਣ ਮੋਟੀ ਤੇ ਪੱਠੇਦਾਰ ਹੈ ਅਤੇ ਇਸ ਉੱਤੇ ਅੱਲੇ ਜਖ਼ਮ ਹਨ ਜਿੱਥੇ ਕਾਂਸੀ ਦਾ ਪਹੀਆ ਰਗੜ ਖਾਂਦਾ ਰਹਿੰਦਾ ਹੈ।……ਚਿਹਰਾ ਚੌੜਾ ਹੈ, ਅਤੇ ਕਿਉਂਕਿ ਨੱਕ ਇੱਕ ਵਾਰ ਕਿਸੇ ਉਵਰਸੀਅਰ ਦੇ ਡੰਡੇ ਨਾਲ ਟੁੱਟ ਗਿਆ ਸੀ। ਇਹ ਵੇਖਣ ਵਿੱਚ ਚੌੜਾ ਲਗਦਾ ਹੈ ਅਤੇ ਕਿਉਂਕਿ ਅੱਖਾਂ ਕਾਲੀਆਂ ਤੇ ਚੌੜੀਆਂ ਹਨ, ਉਹ ਭੇਡ ਵਰਗਾ ਲਗਦਾ ਹੈ।”

ਸਪਾਰਟਕਸ ਦੀ ਬਾਹਰੀ ਦਿੱਖ ਅਤੇ ਅੰਦਰੂਨੀ ਭਾਵਨਾਵਾਂ ਦੀ ਵਜਾ ਨਾਲ਼ ਉਹ ਆਪਣੇ ਸਾਥੀਆਂ ਵਿੱਚ ਹਰਮਨ ਪਿਆਰਾ ਰਹਿੰਦਾ ਹੈ। ਉਸਦੇ ਸਾਥੀ ਉਸਨੂੰ ‘ਬਾਪੂ’ ਕਹਿ ਕੇ ਬੁਲਾਉਂਦੇ ਹਨ। ਤੇ ਉਹ ਨਿੱਕੀ ਜਿਹੀ ਉਮਰ ਵਿੱਚ (21 ਸਾਲ) ਹੀ ਆਪਣੇ ਸਾਥੀਆਂ ਦਾ ਆਗੂ ਬਣ ਜਾਂਦਾ ਹੈ। ਜ਼ਿੰਦਗੀ ਪ੍ਰਤੀ ਉਸ ਵਿੱਚ ਇੱਕ ਅਜੀਬ ਖਿੱਚ ਹੈ। ਉਹ ਜ਼ਿੰਦਗੀ ਨੂੰ ਬਹੁਤ ਪਿਆਰ ਕਰਦਾ ਹੈ। ਅਤੇ ਹਮੇਸ਼ਾ ਆਪਣੇ ਸਾਥੀਆਂ ਦੇ ਮਨੋਬਲ ਨੂੰ ਉੱਚਾ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਕਿਉਂਕਿ ਉਸ ਨੂੰ ਉਮੀਦ ਹੈ ਕਿ ਇੱਕ ਦਿਨ ਅਜਿਹਾ ਸਮਾਂ ਆਵੇਗਾ ਜਦੋਂ ਜ਼ਿੰਦਗੀ ਬਹੁਤ ਖੂਬਸੂਰਤ ਹੋ ਜਾਵੇਗੀ ਤੇ ਸਭ ਆਜ਼ਾਦ ਰਹਿਣਗੇ। ਇਹੀ ਸੁਪਨਾ ਹੈ ਜੋ ਬਚਪਨ ਤੋਂ ਉਸਦੇ ਅੰਦਰ ਪਲ ਰਿਹਾ ਹੈ ਅਤੇ ਹੌਲੀ-ਹੌਲੀ ਜਵਾਨ ਹੁੰਦਾ ਜਾ ਰਿਹਾ ਹੈ।

ਤੀਸਰੇ ਹਿੱਸੇ ਵਿੱਚ ਲੜਾਕੇ ਗੁਲਾਮਾਂ ਦੇ ਦੋ ਜੋੜਿਆਂ ਦੀ ਲੜਾਈ ਦੀ ਕਹਾਣੀ ਨੂੰ ਰੂਪਮਾਨ ਕੀਤਾ ਗਿਆ ਹੈ ਜੋ ਕਾਇਸ ਤੇ ਉਸਦੇ ਦੋਸਤ ਬਰਾਕਸ ਵੱਲੋ ਦੋ ਜੋੜਿਆਂ ਨੂੰ ਮਰਦੇ ਦਮ ਤੱਕ ਲੜਦੇ ਵੇਖਣ ਦੇ ਖਬਤ ਬਾਰੇ ਹੈ। ਇਸ ਹਿੱਸੇ ਵਿੱਚ ਲੇਖਕ ਨੇ ਇਸ ਪੂਰੀ ਖੇਡ ਬਾਰੇ ਤੇ ਰੋਮਨਾਂ ਦੀ ਗੰਧਲੀ ਮਾਨਸਿਕਤਾ ਬਾਰੇ ਲਿਖਦਿਆਂ ਹੋਇਆ ਉਸ ਸਮੇਂ ਦੀਆਂ ਕੁਝ ਤਲਖ ਹਕੀਕਤਾਂ ਤੇ ਘਟਨਾਵਾਂ ‘ਤੇ ਚਾਨਣ ਪਾਇਆ ਹੈ। ਕਾਇਸ ਤੇ ਬਰਾਕਸ ਲੜਨ ਲਈ ਚਾਰ ਗੁਲਾਮਾਂ ਨੂੰ ਚੁਣਦੇ ਹਨ, ਜਿਸ ਵਿੱਚ ਸਪਾਰਟਕਸ ਵੀ ਹੈ। ਦੋ ਗੁਲਾਮ ਲੜਾਈ ਦੌਰਾਨ ਮਾਰੇ ਜਾਂਦੇ ਹਨ ਇੱਕ ਗੁਲਾਮ ਇਸ ਲੜਾਈ ਵਿੱਚ ਸਪਾਰਟਕਸ ਨਾਲ ਲੜਨ ਤੋਂ ਨਾਹ ਕਰ ਦਿੰਦਾ ਹੈ ਅਤੇ ਬਗਾਵਤ ਕਰ ਦਿੰਦਾ ਹੈ। ਪਰ ਉਸ ਨੂੰ ਉੱਥੇ ਹੀ ਖ਼ਤਮ ਕਰ ਦਿੱਤਾ ਜਾਂਦਾ ਹੈ। ਇਹ ਲੜਾਈ ਹੀ ਉਸ ਬਗਾਵਤ ਦਾ ਕਾਰਨ ਬਣਦੀ ਹੈ। ਜਿਸਦੇ ਦੁਆਲੇ ਇਹ ਪੂਰਾ ਨਾਵਲ ਘੁੰਮਦਾ ਹੈ।

ਗੁਲਾਮਾਂ ਦੀ ਮਾਨਸਿਕਤਾ ਤੇ ਉਹਨਾਂ ਦੀ ਦਸ਼ਾ ਨੂੰ ਬਹੁਤ ਹੀ ਮਾਰਮਿਕ ਢੰਗ ਨਾਲ ਚਿਤਰਿਆ ਗਿਆ ਹੈ। ਕਿਤੇ-ਕਿਤੇ ਕੁਝ ਪੰਕਤੀਆਂ ਇਸ ਤਰ੍ਹਾਂ ਦਾ ਅਸਰ ਕਰਦੀਆਂ ਹਨ ਕਿ ਹਰ ਪਾਠਕ ਨੂੰ ਅੰਦਰੋਂ ਝੰਜੋੜ ਦਿੰਦੀਆਂ ਹਨ ਤੇ ਉਸਨੂੰ ਅਜਿਹੇ ਪ੍ਰਬੰਧ ਨਾਲ ਨਫ਼ਰਤ ਕਰਨ ਲਈ ਮਜ਼ਬੂਰ ਕਰ ਦਿੰਦੀਆਂ ਹਨ। ਅਜਿਹੇ ਅਣਮਨੁੱਖੀ ਹਾਲਤਾਂ ਵਿੱਚ ਰਹਿੰਦੇ ਹੋਏ ਵੀ ਗੁਲਾਮਾਂ ਵਿੱਚ ਇੱਕ ਅਜੀਬ ਕਸ਼ਿਸ਼ ਤੇ ਜੀਣ ਪ੍ਰਤੀ ਆਸ ਬਾਕੀ ਰਹਿੰਦੀ ਹੈ। ”ਉਹ ਇਸ ਅਸਲੀਅਤ ਬਾਰੇ ਡੂੰਘੀ ਸੋਚ ਵਿੱਚ ਹੈ ਕਿ ਸਾਰੇ ਆਦਮੀ, ਭਾਵੇਂ ਉਹ ਬਹੁਤ ਹੀ ਨਿਮਾਣੇ ਕਿਉਂ ਨਾ ਹੋਣ, ਪਿਆਰ, ਚਾਹਤ, ਚੁੰਮਣਾ, ਖੇਡ, ਖੁਸ਼ੀ, ਗੀਤ ਅਤੇ ਨਾਚ ਦੀਆਂ ਯਾਦਾਂ ਰੱਖਦੇ ਹਨ ਅਤੇ ਸਾਰੇ ਆਦਮੀ ਮਰਨ ਤੋਂ ਡਰਦੇ ਹਨ। ਇੱਥੋਂ ਤੱਕ ਕਿ ਜਦੋਂ ਜ਼ਿੰਦਗੀ ਫਜੂਲ ਵੀ ਹੋ ਜਾਂਦੀ ਹੈ ਉਹ ਇਸ ਨੂੰ ਚਿੰਬੜੇ ਰਹਿੰਦੇ ਹਨ। ਇੱਥੋਂ ਤੱਕ ਕਿ ਜਦੋਂ ਉਹ ਇੱਕਲੇ ਘਰ ਤੋਂ ਬਹੁਤ ਦੂਰ ਹੁੰਦੇ ਹਨ ਅਤੇ ਘਰ ਮੁੜਨ ਦੀ ਹਰ ਇੱਕ ਆਸ ਮੁੱਕ ਚੁੱਕੀ ਹੁੰਦੀ ਹੈ ਅਤੇ ਹਰ ਤਰ੍ਹਾਂ ਦੇ ਅਪਮਾਨ, ਦਰਦ ਤੇ ਜ਼ੁਲਮ ਦੇ ਅਧੀਨ ਹੁੰਦੇ ਹਨ ਤੇ ਦੂਸਰਿਆ ਦੇ ਮਜ਼ੇ ਲਈ ਲੜਨਾ ਸਿਖਾਏ ਜਾਂਦੇ ਹਨ – ਇਸ ਸਭ ਦੇ ਬਾਵਜੂਦ ਉਹ ਜ਼ਿੰਦਗੀ ਨਾਲ ਚਿੰਬੜੇ ਰਹਿੰਦੇ ਹਨ।”

ਚੌਥੇ ਅਤੇ ਪੰਜਵੇਂ ਹਿੱਸੇ ਵਿੱਚ ਕਹਾਣੀ ਆਪਣੀ ਪੂਰੀ ਰਵਾਨਗੀ ਨਾਲ਼ ਅੱਗੇ ਚਲਦੀ ਹੈ। ਇਸ ਵਿੱਚ ਗੁਲਾਮਾਂ ਦੀ ਬਗਾਵਤ ਨੂੰ ਚਿਤਰਿਆ ਗਿਆ ਹੈ। ਕਿਸ ਤਰ੍ਹਾਂ ਸਪਾਰਟਕਸ ਤੇ ਉਸਦੇ ਸਾਥੀ ਬਗਾਵਤ ਕਰਦੇ ਹਨ, ਕਿਸ ਤਰ੍ਹਾਂ ਉਹ ਰੋਮ ਦੀ ਫੌਜ ਨੂੰ ਤਬਾਹ ਕਰਦੇ ਹਨ ਅਤੇ ਕਿਸ ਤਰ੍ਹਾਂ ਉਹਨਾਂ ਨੂੰ ਰਾਜ (State) ਵਲੋਂ ਕੁਚਲਿਆ ਜਾਂਦਾ ਹੈ। ਇਹ ਹਿੱਸਾ ਨਾਵਲ ਦਾ ਦਿਲ ਹੈ, ਕੇਂਦਰੀ ਥੀਮ ਹੈ। ਇਸ ਨੂੰ ਪਾਠਕਾਂ ਦੁਆਰਾ ਖੁਦ ਹੀ ਪੜ੍ਹਿਆ ਜਾਣਾ ਚਾਹੀਦਾ ਹੈ। ਇਸ ਬਾਰੇ ਲਿਖਕੇ ਪਾਠਕਾਂ ਦੀ ਦਿਲਚਸਪੀ ਖਤਮ ਹੋਣ ਦਾ ਡਰ ਰਹਿੰਦਾ ਹੈ ਅਤੇ ਨਾਵਲ ਨਾਲ ਬੇਇਨਸਾਫ਼ੀ ਹੈ। ਇਹਨਾਂ ਦੋਹਾਂ ਹਿੱਸਿਆ ਵਿੱਚ ਗੁਲਾਮਾਂ ਅਤੇ ਰੋਮਨ ਫੌਜਾਂ ਦਾ ਟਕਰਾਅ, ਗੁਲਾਮਾਂ ਦੀਆਂ ਕੁਰਬਾਨੀਆਂ, ਰਾਜਨੀਤੀ ਤੇ ਫੌਜਾਂ ਦੇ ਜ਼ੁਲਮ ਨੂੰ ਜਿਸ ਖ਼ੂਬਸੂਰਤੀ ਤੇ ਸ਼ਿੱਦਤ ਨਾਲ਼ ਪੇਸ਼ ਕੀਤਾ ਹੈ ਉਸ ਦੀ ਸਾਹਿਤ ਵਿੱਚ ਹੋਰ ਕਿਤੇ ਕੋਈ ਮਿਸਾਲ ਨਹੀਂ ਮਿਲਦੀ। ਚੰਗੀ ਦੁਨੀਆਂ ਬਣਾਉਣ ਵਿੱਚ ਰੁੱਝੇ ਬਹਾਦਰ ਲੋਕਾਂ ਨੂੰ ਮੈਂ ਇਸ ਨਾਵਲ ਤੇ ਖਾਸ ਕਰ ਚੌਥਾ ਤੇ ਪੰਜਵਾ ਹਿੱਸਾ ਪੜ੍ਹਨ ਦੀ ਨਿੱਜੀ ਤੌਰ ‘ਤੇ ਸਿਫ਼ਾਰਸ਼ ਕਰਦਾ ਹਾਂ ਤੇ ਖੁਦ ਪੜ੍ਹਕੇ ਉਸ ਦੌਰ ਦੇ ਵਰਤਾਰੇ ਨੂੰ ਮਹਿਸੂਸ ਕਰ ਸਕਣ ਦੀ ਆਜ਼ਾਦੀ ਵੀ।

ਨਾਵਲ ਦੇ ਛੇਵੇਂ ਹਿੱਸੇ ਵਿੱਚ ਸਪਾਰਟਕਸ ਤੇ ਉਸਦੇ ਸਾਥੀਆਂ ਦੀ ਬਗਾਵਤ ਕੁਚਲੇ ਜਾਣ ਤੋਂ ਬਾਅਦ ਫੜੇ ਗਏ ਡੇਢ ਹਜ਼ਾਰ ਗੁਲਾਮਾਂ ਵਿੱਚੋਂ ਆਖਰੀ ਨੂੰ ਸੂਲੀ ‘ਤੇ ਚੜਾਉਣ ਦੀ ਕਹਾਣੀ ਹੈ। ਬਹੁਤ ਹੀ ਦਰਦਨਾਕ ਤਰੀਕੇ ਨਾਲ਼ ਉਸ ਨੂੰ ਸੂਲੀ ‘ਤੇ ਚੜਾਇਆ ਜਾਂਦਾ ਹੈ ਜਿਸ ਦੀ ਹੂ-ਬ-ਹੂ ਤਸਵੀਰ ਖਿੱਚਣ ਵਿੱਚ ਲੇਖਕ ਪੂਰੀ ਤਰ੍ਹਾਂ ਸਫ਼ਲ ਹੋਇਆ ਹੈ। ਇਸ ਹਿੱਸੇ ਨੂੰ ਪੜ ਲੈਣ ਤੋਂ ਬਾਅਦ ਪਾਠਕ ਆਪਣੇ ਆਪ ਨੂੰ ਵਿਚਲਿਤ ਮਹਿਸੂਸ ਕਰਦਾ ਹੈ। ਪਰ ਨਾਲ਼ ਹੀ ਉਹਨਾਂ ਸੂਰਬੀਰਾਂ ਨੂੰ ਸਲਾਮ ਵੀ, ਜਿਹਨਾਂ ਦੀਆਂ ਲਾਸਾਨੀ ਸ਼ਹਾਦਤਾਂ ਦੁਆਰਾ ਹੀ ਸੰਭਵ ਹੋਇਆ ਹੈ ਕਿ ਮਨੁੱਖਤਾ ਨੇ ਗੁਲਾਮੀ ਦੇ ਕਾਲੇ ਧੱਬੇ ਨੂੰ ਆਪਣੇ ਚਿਹਰੇ ਤੋਂ ਧੋ ਦਿੱਤਾ ਹੈ। ਬੇਸ਼ਕ ਕਿ ਗੁਲਾਮੀ ਅਜੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਉਹ ਆਪਣਾ ਰੂਪ ਬਦਲ ਕੇ ਅੱਜ ਵੀ ਸਾਡੇ ਸਾਹਮਣੇ ਖੜੀ ਹੈ। ਅਜੋਕੇ ਮਜ਼ਦੂਰਾਂ ਦੀਆਂ ਹਾਲਤਾਂ ਵੀ ਉਹਨਾਂ ਗੁਲਾਮਾਂ ਨਾਲੋਂ ਕਿਸੇ ਤਰ੍ਹਾਂ ਵੀ ਵੱਖ ਨਹੀਂ ਹਨ। ਪਰ ਉਹਨਾਂ ਹਜ਼ਾਰਾਂ ਲੋਕਾਂ ਦੀਆਂ ਸ਼ਹਾਦਤਾਂ ਨੇ ਜੋ ਬੀਜ ਬੀਜੇ ਸਨ ਉਹਨਾਂ ਦੇ ਫੁੱਲਾਂ ਦੀਆਂ ਮਹਿਕਾਂ ਅੱਜ ਵੀ ਇੱਕ ਖੂਬਸੂਰਤ ਦੁਨੀਆਂ ਲਈ ਸੰਘਰਸ਼ਸ਼ੀਲ ਅਤੇ ਸਪਾਰਟਕਸ ਦਾ ਸੁਪਨਾ ਪੂਰਾ ਕਰਨ ਵਿੱਚ ਰੁੱਝੇ ਲੋਕਾਂ ਨੂੰ ਪ੍ਰੇਰਨਾ ਦਿੰਦੀਆਂ ਹਨ ਅਤੇ ਹਮੇਸ਼ਾ ਦਿੰਦੀਆਂ ਰਹਿਣਗੀਆਂ।

ਸੂਲੀ ਚੜਾਏ ਜਾਣ ਦਾ ਮਾਰਮਿਕ ਦ੍ਰਿਸ਼ ਜਿਸ ਸ਼ਿੱਦਤ ਨਾਲ਼ ਪੇਸ਼ ਕੀਤਾ ਗਿਆ ਹੈ ਉਹ ਬੇ-ਮਿਸਾਲ ਹੈ। ”ਭਾਵੇਂ ਉੱਪਰ ਖਿੱਚੇ ਜਾਂਦਿਆਂ ਉਸ ਦਾ ਨੰਗਾ ਸਰੀਰ ਮਰੋੜਿਆ ਗਿਆ, ਪਰ ਉਸਦਾ ਚਿਹਰਾ ਅਡੋਲ ਰਿਹਾ। ਰੱਸੇ ਦੇ ਖਿੱਚੇ ਜਾਣ ਵੇਲੇ ਵੀ ਉਸਨੇ ਪੀੜ ਦਾ ਕੋਈ ਇਜ਼ਹਾਰ ਨਹੀਂ ਸੀ ਕੀਤਾ। ਉਹ ਉਸ ਸਮੇਂ ਵੀ ਅਹਿੱਲ ਤੇ ਅਡੋਲ ਲਟਕਿਆ ਰਿਹਾ, ਜਦ ਇੱਕ ਫੌਜੀ ਨੇ ਉਸ ਦੀਆਂ ਬਾਹਾਂ ਦੇ ਥੱਲਿਓ ਦੀ ਛਾਤੀ ਦੁਆਲੇ ਰੱਸੇ ਦਾ ਪਹਿਲਾ ਵਲ ਪਾਇਆ ਤੇ ਸਲੀਬ ਦੇ ਉੱਪਰਲੇ ਪਾਸੇ ਵੱਲ ਗੰਢਾਂ ਦਿੱਤੀਆਂ। ਫਿਰ ਪਹਿਲਾ ਰੱਸਾ ਜ਼ਮੀਨ ਤੇ ਵਾਪਸ ਖਿੱਚ ਲਿਆ ਗਿਆ। ਫਿਰ ਉਸਦੇ ਹੱਥਾਂ ਨੂੰ ਬੰਨ ਰਹੀ ਰੱਸੀ ਨੂੰ ਕੱਟ ਦਿੱਤਾ ਗਿਆ ਤੇ ਦੋਹਾਂ ਫੌਜੀਆਂ ਨੇ ਉਸਦੀਆਂ ਬਾਹਾਂ ਨੂੰ ਉਤਾਂਹ ਖਿੱਚ ਲਿਆ ਤੇ ਫਿਰ ਉਹਨਾਂ ਨੇ ਉਸ ਨੂੰ ਗੁੱਟਾਂ ਦੇ ਨੇੜਿਓ ਸਲੀਬ ਨਾਲ਼ ਬੰਨ ਦਿੱਤਾ। ਜਦ ਤੱਕ ਦੂਜੇ ਫੌਜੀ ਨੇ ਉਸਦੀ ਹਥੇਲੀ ਖੋਲ਼੍ਹ ਕੇ ਉਸ ਵਿੱਚ ਹਥੌੜੇ ਦੀ ਇੱਕੋ ਸੱਟ ਨਾਲ਼ ਕਿੱਲ ਨੂੰ ਲੱਕੜ ਦੇ ਅੰਦਰ ਤੱਕ ਨਹੀਂ ਠੋਕ ਦਿੱਤਾ ਲੜਾਕੇ ਨੇ ਪੀੜ ਦਾ ਪ੍ਰਤੀਕਰਮ ਨਹੀਂ ਦਿਖਾਇਆ। ਉਦੋਂ ਵੀ ਉਸਨੇ ਕੋਈ ਸ਼ਬਦ ਨਹੀਂ ਬੋਲਿਆ। ਨਾ ਹੀ ਉਸਨੇ ਚੀਕ ਮਾਰੀ ਪਰ ਉਸਦਾ ਚਿਹਰਾ ਹੋਰ ਖਿੱਚਿਆ ਗਿਆ ਸੀ। ਉਸ ਦੇ ਸਰੀਰ ਨੇ ਤਿੱਖੇ ਵਲ ਖਾਧੇ ਜਿਸ ਨਾਲ਼ ਉਸਦੇ ਪੱਠੇ ਉੱਭਰ ਆਏ। ਤਿੰਨ ਹੋਰ ਸੱਟਾਂ ਨੇ ਕਿੱਲ ਨੂੰ ਪੰਜ ਇੰਚ ਤੱਕ ਲੱਕੜ ਵਿੱਚ ਖੋਭ ਦਿੱਤਾ ਤੇ ਇੱਕ ਅਖੀਰਲੀ ਸੱਟ ਨਾਲ਼ ਕਿੱਲ ਦੇ ਸਿਰ ਨੂੰ ਮੋੜ ਦਿੱਤਾ ਗਿਆ ਤਾਂ ਕਿ ਹੱਥ ਨਾ ਤਿਲਕ ਸਕੇ। ਫਿਰ ਦੂਸਰੇ ਹੱਥ ਨਾਲ਼ ਵੀ ਇਸੇ ਤਰ੍ਹਾਂ ਕੀਤਾ ਗਿਆ। ਜਿਵੇਂ ਹੀ ਕਿੱਲ ਉਸਦੇ ਹੱਥ ਦੇ ਪੱਠਿਆ ਨੂੰ ਪਾੜਦਾ ਲੰਘਿਆ ਇੱਕ ਵਾਰ ਫਿਰ ਉਸਦਾ ਚਿਹਰਾ ਖਿੱਚਿਆ ਗਿਆ। ਇਸ ਪਿੱਛੋਂ ਉਹ ਪੀੜ ਨਾਲ਼ ਛਟਪਟਾਇਆ। ਪਰ ਫਿਰ ਵੀ ਉਹ ਚੀਕਿਆਂ ਨਹੀਂ ਭਾਵੇਂ ਉਸ ਦੀਆਂ ਅੱਖਾਂ ਵਿੱਚੋਂ ਅੱਥਰੂ ਤੇ ਖੁੱਲੇ ਮੂੰਹ ਵਿੱਚੋਂ ਕੁਝ ਥੁੱਕ ਡਿੱਗੀ। ਹੁਣ ਉਸਦੀ ਛਾਤੀ ਦੁਆਲੇ ਦਾ ਰੱਸਾ ਕੱਟ ਦਿੱਤਾ ਗਿਆ ਤਾਂ ਕਿ ਉਹ ਪੂਰੀ ਤਰ੍ਹਾਂ ਆਪਣੇ ਹੱਥਾਂ ‘ਤੇ ਲਟਕ ਜਾਵੇ, ਸਿਰਫ਼ ਗੁੱਟਾਂ ਦੇ ਨਾਲ਼ ਬੱਝੀ ਰੱਸੀ ਰਹਿਣ ਦਿੱਤੀ ਗਈ ਤਾਂ ਕਿ ਕਿੱਲਾਂ ‘ਤੇ ਬਹੁਤਾ ਭਾਰ ਨਾ ਪਵੇ। …….ਫਿਰ ਲੜਾਕਾ ਬੇਹੋਸ਼ ਹੋ ਗਿਆ।”

ਨਾਵਲ ਦਾ ਸੱਤਵਾਂ ਤੇ ਅੱਠਵਾਂ ਹਿੱਸਾ ਮੁੱਖ ਤੌਰ ‘ਤੇ ਸਪਾਰਟਕਸ ਦੀ ਪਤਨੀ ਵਰੀਨੀਆ ਦੁਆਲੇ ਘੁੰਮਦਾ ਹੈ। ਸਪਾਰਟਕਸ ਦੀ ਮੌਤ ਤੋਂ ਬਾਅਦ ਕਰਾਸਸ ਉਸ ਨੂੰ ਬੰਦੀ ਬਣਾ ਲੈਂਦਾ ਹੈ। ਲੜਾਈ ਵਿੱਚ ਬੇਸ਼ਕ ਕਰਾਸਸ ਸਪਾਰਟਕਸ ਨੂੰ ਹਰਾ ਦਿੰਦਾ ਹੈ, ਪਰ ਮਰ ਕੇ ਵੀ ਸਪਾਰਟਕਸ ਕਰਾਸਸ ਲਈ ਇੱਕ ਹਊਆ ਬਣਿਆ ਰਹਿੰਦਾ ਹੈ, ਤੇ ਕਰਾਸਸ ਕਦੇ ਵੀ ਉਸ ਤੋਂ ਜਿੱਤ ਨਾ ਸਕਿਆ। ਆਪਣੇ ਜ਼ਿਹਨ ਅੰਦਰਲੀ ਇਸ ਭਾਵਨਾ ਤੋਂ ਬਚਣ ਲਈ ਅਤੇ ਕਿਸੇ ਵੀ ਤਰੀਕੇ ਨਾਲ਼ ਸਪਾਰਟਕਸ ਨੂੰ ਬੇਜ਼ਿਤ ਕਰਨ ਦੀ ਕੋਸ਼ਿਸ ਵਿੱਚ ਉਹ ਵਰੀਨੀਆਂ ਨੂੰ ਬੰਦੀ ਬਣਾ ਲੈਂਦਾ ਹੈ ਤੇ ਉਸ ਨੂੰ ਮਜ਼ਬੂਰ ਕਰਦਾ ਹੈ ਕਿ ਉਹ ਸਪਾਰਟਕਸ ਨੂੰ ਭੁੱਲ ਕੇ ਉਸ ਨੂੰ ਪਿਆਰ ਕਰੇ। ਵਰੀਨੀਆਂ ਨੂੰ ਉਹ ਇੱਕ ਸ਼ਹਿਜ਼ਾਦੀ ਵਜੋਂ ਰੱਖਦਾ ਹੈ ਅਤੇ ਆਪਣੀ ਪੂਰੀ ਦੌਲਤ ਨਾਲ਼ ਉਸਨੂੰ ਭਰਮਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ ਵਰੀਨੀਆ ਉਸ ਨੂੰ ਕਦੇ ਵੀ ਸਫ਼ਲ ਨਹੀਂ ਹੋਣ ਦਿੰਦੀ।

ਉਧਰ ਗਰਾਕਸ ਜੋ ਕਿ ਰਾਜਨੀਤਿਕ ਤੌਰ ‘ਤੇ ਸਪਾਰਟਕਸ ਦਾ ਵਿਰੋਧੀ ਹੈ ਪਰ ਦਿਲੋਂ ਉਸਦੀ ਇੱਜ਼ਤ ਕਰਦਾ ਹੈ। ਉਹ ਵਰੀਨੀਆਂ ਨੂੰ ਕਰਾਸਸ ਦੇ ਚੁੰਗਲ ‘ਚੋਂ ਛੁਡਾ ਕੇ ਉਸ ਨੂੰ ਆਜ਼ਾਦ ਕਰ ਦਿੰਦਾ ਹੈ। ਅਤੇ ਇਸ ਤਰ੍ਹਾਂ ਵਰੀਨੀਆ ਸਪਾਰਟਕਸ ਨੂੰ ਦਿੱਤਾ ਆਪਣਾ ਵਚਨ ਕਿ ਉਹ ਕਿਸੇ ਵੀ ਹਾਲਤ ਵਿੱਚ ਜਿਉਂਦੀ ਰਹੇਗੀ ਤੇ ਸੁਪਨੇ ਦੇਖਦੀ ਹੋਈ ਖੂਬਸੂਰਤ ਜ਼ਿੰਦਗੀ ਦੀ ਉਡੀਕ ਕਰੇਗੀ, ਨਿਭਾਉਦੀ ਹੈ।

ਕਹਾਣੀ, ਵਿਸ਼ਾ-ਵਸਤੂ ਅਤੇ ਇੱਕ ਨਾਜ਼ੁਕ ਵਿਸ਼ੇ ਨੂੰ ਅੰਤਾਂ ਦੀ ਖੂਬਸੂਰਤੀ ਅਤੇ ਸ਼ਿੱਦਤ ਨਾਲ਼ ਨਿਭਾ ਸਕਣ ਦੀ ਕਲਾ ਦੇ ਨਾਲ਼-ਨਾਲ਼ ਨਾਵਲ ਵਿੱਚ ਕੁਝ ਹੋਰ ਵੀ ਵਿਸ਼ੇਸ਼ਤਾਈਆਂ ਹਨ, ਜਿਹਨਾਂ ਦਾ ਜ਼ਿਕਰ ਕਰੇ ਬਿਨਾਂ ਇਸ ਲੇਖ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ। ਲੇਖਕ ਨੇ ਘਟਨਾਵਾਂ ਅਤੇ ਪਾਤਰਾਂ ਦਾ ਚਿਤਰਣ ਕਰਦੇ ਸਮੇਂ ਦਵੰਦਵਾਦੀ ਨਜ਼ਰੀਆ ਅਪਣਾਇਆ ਹੈ ਜੋ ਕਿ ਇਸ ਨੂੰ ਆਮ ਆਦਰਸ਼ਵਾਦੀ ਲਿਖਤਾਂ ਤੋਂ ਵੱਖ ਕਰਦਾ ਹੈ। ਉਦਾਹਰਣ ਵਜੋਂ ਜਦੋਂ ਸਪਾਰਟਕਸ ਅਤੇ ਉਸਦੇ ਸਾਥੀ ਰੋਮਨ ਫੌਜ ਦੇ ਕੁਝ ਸਿਪਾਹੀਆਂ ਨੂੰ ਜਿਉਂਦੇ ਫੜ ਲੈਂਦੇ ਹਨ ਤਾਂ ਸਪਾਰਟਕਸ ਉਹਨਾਂ ਨੂੰ ਆਪਸ ਵਿੱਚ ਲੜਾਉਣ ਦਾ ਪ੍ਰਸਤਾਵ ਰੱਖਦਾ ਹੈ, ਜਿਵੇਂ ਕਿ ਉਹਨਾਂ ਦੇ ਮਾਲਿਕ ਗੁਲਾਮਾਂ ਨੂੰ ਲੜਾਇਆ ਕਰਦੇ ਸਨ ਪਰ ਉਸਦਾ ਇੱਕ ਸਾਥੀ ਇਹ ਕਹਿ ਕੇ ਇਸ ਪ੍ਰਸਤਾਵ ਨੂੰ ਠੁਕਰਾ ਦਿੰਦਾ ਹੈ ਕਿ ਜੇਕਰ ਉਹਨਾਂ ਦੀ ਮਾਨਸਿਕਤਾ ਗੰਧਲੀ ਹੈ ਤਾਂ ਜ਼ਰੂਰੀ ਨਹੀਂ ਕਿ ਅਸੀਂ (ਗੁਲਾਮ) ਵੀ ਇਸੇ ਤਰ੍ਹਾਂ ਕਰੀਏ। ਇਸ ਤਰ੍ਹਾਂ ਨਾਵਲ ਵਿੱਚ ਲੇਖਕ ਨੇ ਸਪਾਰਟਕਸ ਦਾ ਚਰਿੱਤਰ-ਚਿਤਰਣ ਕਰਦੇ  ਹੋਏ ਪ੍ਰਚਲਿਤ ਆਦਰਸ਼ਵਾਦੀ ਢੰਗ ਦਾ ਨਿਖੇਧ ਕੀਤਾ ਹੈ। ਇਸੇ ਤਰ੍ਹਾਂ ਗਰਾਕਸ ਦਾ ਸਪਾਰਟਕਸ ਦੀ ਪਤਨੀ ਵਰੀਨੀਆ ਨੂੰ ਕਰਾਸਸ ਦੇ ਚੁੰਗਲ ‘ਚੋਂ ਛੁਡਾ ਕੇ ਆਜ਼ਾਦ ਕਰਨਾ ਵੀ ਕੁਝ ਏਹੋ ਜਿਹਾ ਹੀ ਸੰਕੇਤ ਦਿੰਦਾ ਹੈ।

ਇਸ ਲਿਖਤ ਦੀ ਦੂਸਰੀ ਅਤੇ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਇਸਦੀ ਸਾਰਥਿਕਤਾ। ਲਗਭਗ 2080 ਸਾਲ ਪਹਿਲਾਂ ਦੀਆਂ ਇਤਿਹਾਸਿਕ ਘਟਨਾਵਾਂ ‘ਤੇ ਪਾਤਰਾਂ ਨੂੰ ਪ੍ਰਤੀਕਾਂ ਵਜੋਂ ਵਰਤਦੇ ਹੋਏ ਇਸ ਅੰਦਾਜ਼ ਨਾਲ਼ ਪੇਸ਼ ਕੀਤਾ ਹੈ ਕਿ ਉਹਨਾਂ ਦੀ ਸਾਰਥਿਕਤਾ ਅਜੋਕੇ ਦੌਰ ਵਿੱਚ ਵੀ ਪੂਰੀ ਤਰ੍ਹਾਂ ਬਰਕਰਾਰ ਰਹਿੰਦੀ ਹੈ। ਉਸ ਦੌਰ ਦੇ ਗੁਲਾਮਾਂ ਅਤੇ ਅੱਜ ਦੇ ਮਜ਼ਦੂਰਾਂ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ। ਪਾਤਰਾਂ ਦੀ ਚੋਣ ਕਰਨ ਵੇਲੇ ਵੀ ਬਿਲਕੁਲ ਏਹੀ ਤਰੀਕਾ ਅਪਣਾਇਆ ਗਿਆ ਹੈ। ਸਾਰੇ ਪਾਤਰਾਂ ਦੀ ਚੋਣ ਇਸ ਸੁਚੱਜੇ ਢੰਗ ਨਾਲ਼ ਕੀਤੀ ਗਈ ਹੈ ਕਿ ਉਹ ਉਸ ਸਮੇਂ ਤੋਂ ਅੱਜ ਤੱਕ ਦੇ ਹਰ ਦੌਰ ਵਿੱਚ ਲੋਕਾਂ ਦੇ ਕੁਝ ਖਾਸ ਸਮੂਹਾਂ ਦੀ ਪ੍ਰਤੀਨਿਧਤਾ ਕਰਦੇ ਹਨ। ਜਿਵੇਂ ਕਿ ਸਪਾਰਟਕਸ ਅਤੇ ਉਸਦੇ ਸਾਥੀ ਹਰ ਦੌਰ ਵਿੱਚ ਦੱਬੀ ਜਾਂ ਲੁੱਟੀ ਜਾਣ ਵਾਲ਼ੀ ਜਮਾਤ, ਕ੍ਰਿਆਸ਼ੀਲ ਅਤੇ ਧਾਰਾ ਦੇ ਵਿਰੁੱਧ ਵਹਿਣ ਵਾਲੇ ਵਰਗ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਕਰਾਸਸ ਜਿੱਥੇ ਰਾਜ ਦੀ ਤਰਜਮਾਨੀ ਕਰਦਾ ਹੈ ਉੱਥੇ ਗਰਾਕਸ ਇੱਕ ਅਜਿਹੇ ਵਰਗ ਦੀ ਪ੍ਰਤੀਨਿਧਤਾ ਕਰਦਾ ਹੈ ਜੋ ਰਾਜ ਦਾ ਅੰਗ ਹੁੰਦੇ ਹੋਏ ਵੀ ਉਸਦੀ  ਵਿਰੋਧੀ ਧਿਰ ਨਾਲ਼ ਜ਼ਜ਼ਬਾਤੀ ਸਾਂਝ ਰੱਖਦਾ ਹੈ। ਕਾਇਸ ਨਾਮ ਦੇ ਪਾਤਰ ਦੀ ਚੋਣ ਬਹੁਤ ਹੀ ਖੂਬਸੂਰਤ ਤੇ ਪ੍ਰਤੀਕਾਤਮਕ ਢੰਗ ਨਾਲ਼ ਕੀਤੀ ਗਈ ਹੈ। ਕਾਇਸ ਅਮੀਰ ਖਾਨਦਾਨਾਂ ਦੇ ਵਿਗੜੇ ਹੋਏ ਕਾਕਿਆਂ ਦੀ ਪ੍ਰਤੀਨਿਧਤਾ ਕਰਦਾ ਹੈ ਜੋ ਆਪਣੀ ਸਾਰੀ ਜ਼ਿੰਦਗੀ ਐਸ਼ੋ-ਇਸ਼ਰਤ ਵਿੱਚ ਬਿਤਾਉਣਾ ਚਾਹੁੰਦੇ ਹਨ ਤੇ ਜਿਹਨਾਂ ਦੀ ਰਾਜਨੀਤੀ ਅਤੇ ਜਮਾਤਾਂ ਦੇ ਭੇੜ ਵਿੱਚ ਕੋਈ ਦਿਲਚਸਪੀ ਨਹੀਂ ਹੁੰਦੀ। ਕਾਇਸ ਨੂੰ ਸਮਲਿੰਗੀ  ਦੇ ਰੂਪ ਵਿੱਚ ਪੇਸ਼ ਕਰਨਾ ਵੀ ਕੁਝ ਏਹੋ ਜਿਹਾ ਹੀ ਇਸ਼ਾਰਾ ਕਰਦਾ ਹੈ। ਲੇਖਕ ਦੇ ਸ਼ਬਦਾਂ ਵਿੱਚ ”ਆਮ ਜ਼ਿੰਦਗੀ ਵਿੱਚ ਵੀ, ਉਸ  (ਕਾਇਸ) ਦੇ ਮਨ ਵਿੱਚ ਅਜਿਹੀਆਂ ਗੱਲਾਂ ਘੱਟ ਹੀ ਉਭਰਦੀਆਂ ਜੋ ਕਿਸੇ ਹੋਰ ਨੇ ਉਸ ਨੂੰ ਨਾ ਦੱਸੀਆਂ ਹੁੰਦੀਆਂ ਤੇ ਉਹ ਗੱਲਾਂ ਆਮ ਤੌਰ ‘ਤੇ ਖਾਣੇ ਤੇ ਕਾਮ ਸਬੰਧੀ ਹੁੰਦੀਆਂ। ਇਹ ਇਸ ਕਰਕੇ ਨਹੀਂ ਸੀ ਕਿ ਕਾਇਸ ਕਲਪਨਾ ਨਹੀਂ ਸੀ ਕਰ ਸਕਦਾ ਜਾਂ ਉਹ ਬੇਵਕੂਫ ਸੀ, ਸਗੋਂ ਉਸਦੀ ਜ਼ਿੰਦਗੀ ਹੀ ਅਜਿਹੀ ਸੀ ਜਿਸ ਵਿੱਚ ਕਲਪਨਾਵਾਂ ਤੇ ਮੂਲ ਵਿਚਾਰਾਂ ਦੀ ਕੋਈ ਥਾਂ ਨਹੀਂ ਸੀ।”

ਕੁੱਲ ਮਿਲਾ ਕੇ ਨਾਵਲ ਜ਼ਰੂਰ ਹੀ ਪੜਨਯੋਗ ਹੈ। ਹਰ ਇੱਕ ਇਨਸਾਨ ਨੂੰ ਚਾਹੇ ਉਹ ਸਾਹਿਤ ਪ੍ਰੇਮੀ ਨਾ ਵੀ ਹੋਵੇ ਘੱਟੋ-ਘੱਟ ਇੱਕ ਵਾਰ ਜ਼ਰੂਰ ਹੀ ਪੜ੍ਹਨਾ ਚਾਹੀਦਾ ਹਾ। ਸਾਹਿਤਕ ਸੰਸਾਰ ਦੇ ਆਕਾਸ਼ ‘ਤੇ ਧਰੂ ਤਾਰੇ ਵਾਂਗ ਚਮਕਦਾ ਹੋਇਆ ਇਹ ਨਾਵਲ ਆਉਣ ਵਾਲੀਆਂ ਪੀੜੀਆਂ ਲਈ ਵੀ ਹਮੇਸ਼ਾ ਰਾਹ ਦਿਖਾਵੇ ਦਾ ਕੰਮ ਕਰਦਾ ਰਹੇਗਾ। ਇਸ ਮਹਾਨ, ਅਦੁੱਤੀ ਰਚਨਾ ਲਈ ਹਾਵਰਡ ਫਾਸਟ, ਉਸਦੀ ਮਿਹਨਤ ਤੇ ਲਗਨ ਅਤੇ ਉਸਦੇ ਪਾਤਰਾਂ ਨੂੰ ਸਲਾਮ ਕਰਨਾ ਬਣਦਾ ਹੈ। 

ਲਗਭਗ 56 ਸਾਲਾਂ ਬਾਅਦ ਇਸ ਮਹਾਨ ਲਿਖਤ ਦਾ ਪੰਜਾਬੀ ਵਿੱਚ ਅਨੁਵਾਦ ਹੋਣਾ, ਪੰਜਾਬੀ ਲੇਖਕਾਂ ਤੇ ਪਾਠਕਾਂ ਦੀ ‘ਸਾਹਿਤਕ ਸੂਝ-ਬੂਝ’ ‘ਤੇ ਚੰਗੇਰੇ ਸਾਹਿਤ ਪ੍ਰਤੀ ‘ਅਸੀਮ ਮੋਹ’ ਦਾ ਜਿਉਂਦਾ ਜਾਗਦਾ ਸਬੂਤ ਹੈ। ਫਿਰ ਵੀ ਦੇਰ ਆਇਦ-ਦਰੁਸਤ ਆਏ ਦੇ ਕਹਿਣ ਮੁਤਾਬਕ ਇਸਦਾ ਸਵਾਗਤ ਕਰਨਾ ਬਣਦਾ ਹੈ ਅਤੇ ਇਸ ਸ਼ਲਾਘਾਯੋਗ ਉੱਦਮ ਲਈ ਸ਼ਹੀਦ ਕਾ. ਬਾਬਾ ਬੂਝਾ ਸਿੰਘ ਯਾਦਗਾਰੀ ਪ੍ਰਕਾਸ਼ਨ, ਅਨੁਵਾਦਕ ਸਤਨਾਮ ਅਤੇ ਉਹਨਾਂ ਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ।

ਅੰਤਿਕਾ ਵਜੋਂ ਉਹ ਸ਼ਬਦ ਜੋ ਲੇਖਕ ਨੇ ਨਾਵਲ ਨੂੰ ਸਮਰਪਿਤ ਕਰਦਿਆ ਲਿਖੇ। ”…ਇਹ ਉਹਨਾਂ ਬਹਾਦਰ ਆਦਮੀਆਂ ਤੇ ਔਰਤਾਂ ਦੀ ਕਹਾਣੀ ਹੈ ਜੋ ਬਹੁਤ ਸਮਾਂ ਪਹਿਲਾਂ ਹੋਏ ਅਤੇ ਜਿਹਨਾਂ ਦੇ ਨਾਂ ਕਦੇ ਵੀ ਭੁਲਾਏ ਨਹੀਂ ਗਏ। ਇਸ ਕਹਾਣੀ ਦੇ ਮੁੱਖ ਪਾਤਰਾਂ ਨੇ ਇਨਸਾਨੀ ਉੱਚਤਾ ਨੂੰ ਪਿਆਰਿਆ ਅਤੇ ਚੰਗੀ ਤੇ ਸ਼ਰਾਫ਼ਤ ਭਰੀ ਜ਼ਿੰਦਗੀ ਜੀਵੀ। ਮੈਂ ਇਸ ਨੂੰ ਇਸ ਲਈ ਲਿਖਿਆ ਹੈ ਤਾਂ ਕਿ ਮੇਰੇ ਬੱਚੇ ਤੇ ਦੂਸਰੇ ਜੋ ਇਸ ਨੂੰ ਪੜ੍ਹਨ, ਸਾਡੇ ਆਪਣੇ ਅਸੁਖਾਵੇਂ ਭਵਿੱਖ ਲਈ ਤਾਕਤ ਲੈ ਸਕਣ, ਜ਼ੁਲਮ ਤੇ ਬੁਰਾਈ ਦੇ ਖਿਲਾਫ਼ ਜੱਦੋ-ਜਹਿਦ ਕਰ ਸਕਣ — ਇਸ ਲਈ ਕਿ ਸਾਡੇ ਆਪਣੇ ਸਮੇਂ ਵਿੱਚ ਸਪਾਰਟਕਸ ਦਾ ਸੁਪਨਾ ਸੱਚ ਹੋ ਸਕੇ।”

ਸਪਾਰਟਕਸ ਬਾਰੇ ਲਿਖਣਾ ਬਿਨਾ ਸ਼ੱਕ ਇੱਕ ਬੇਹੱਦ ਮੁਸ਼ਕਿਲ ਕਾਰਜ ਸੀ। ਇਸ ਦੀਆਂ ਘਟਨਾਵਾਂ ਤੇ ਪਾਤਰਾਂ ਬਾਰੇ ਗੱਲ ਕਰਨਾ, ਸੂਰਜ ਨੂੰ ਦੀਵਾ ਦਿਖਾਉਣ ਦੇ ਤੁਲ ਹੈ। ਇਹ ਮਹਿਸੂਸ ਕਰਦਿਆਂ ਕਿ ਇਸ ਲੇਖ ਨੂੰ ਹੋਰ ਵੀ ਬੇਹਤਰ ਢੰਗ ਨਾਲ਼ ਲਿਖਿਆ ਜਾ ਸਕਦਾ ਸੀ ਮੈਂ ਆਪਣੀ ਅਸਮਰੱਥਾ ਪ੍ਰਵਾਨ ਕਰਦੇ ਹੋਏ ਪੰਜਾਬੀ ਦੇ ਇੱਕ ਸ਼ਾਇਰ ਦੀਆਂ ਕੁਝ ਪੰਕਤੀਆਂ ਰਾਹੀਂ ਆਪਣੀ ਮਨੋਦਿਸ਼ਾ ਬਿਆਨ ਕਰਨਾ ਚਾਹਾਂਗਾ।

ਕਦੇ ਸੂਲੀ ਤੇ, ਕਦੇ ਤੰਬੀ ਤੇ।
ਕਦੇ ਆਰੇ ਤੇ, ਕਦੇ ਰੰਬੀ ਤੇ।
ਕਦੇ ਚਰਖੜੀਆਂ ਦੇ ਦੰਦਿਆਂ ਤੇ,
ਕਦੇ ਸੇਜ ਵਿਛਾਉਣੀ ਕੰਢਿਆਂ ਤੇ।
ਕਦੇ ਤਵੀਆਂ ਤੇ, ਕਦੇ ਛਵੀਆਂ ਤੇ। 
ਕਦੇ ਤਲਵਾਰਾਂ ਦੀਆਂ ਨੋਕਾਂ ਤੇ, 
ਕੀ ਲਫ਼ਜਾਂ ਵਿਚ ਬਿਆਨ ਕਰਾਂ। 

 

ਅੰਕ 08-ਅਪ੍ਰੈਲ-ਜੂਨ 09 ਵਿਚ ਪ੍ਰਕਾਸ਼ਿ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s