ਸੋਸ਼ਲ ਮੀਡੀਆ – ਗੋਬੇਲਜ਼ ਦੀਆਂ ਔਲਾਦਾਂ ਦੇ ਹੱਥ ਲੱਗਾ ਨਵਾਂ ਹਥਿਆਰ •ਨਵਗੀਤ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਨਾਜ਼ੀ ਹਿਟਲਰ ਦਾ ਪ੍ਰਾਪੇਗੰਡਾ ਮੰਤਰੀ, ਗੋਬੇਲਜ਼, ਅਫ਼ਵਾਹਾਂ- ਝੂਠਾਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਇੰਨੀ “ਮੁਹਾਰਤ” ਹਾਸਲ ਕਰ ਗਿਆ ਕਿ ਉਸਦਾ ਨਾਮ ਦੁਨੀਆਂ ਭਰ ਵਿੱਚ ਅਫ਼ਵਾਹਾਂ-ਝੂਠਾਂ ਨੂੰ ਫੈਲਾਉਣ ਵਾਲ਼ਿਆਂ ਲਈ “ਤਖੱਲਸ” ਬਣ ਗਿਆ ਹੈ। ਗੋਬੇਲਜ਼ ਦੇ ਸਮੇਂ ਭਾਸ਼ਣਾਂ ਆਦਿ ਤੋਂ ਇਲਾਵਾ ਵਿਆਪਕ ਰੂਪ ਵਿੱਚ ਅਫ਼ਵਾਹਾਂ ਤੇ ਝੂਠ ਫੈਲਾਉਣ ਲਈ ਰੇਡੀਓ ਅਤੇ ਪ੍ਰਿੰਟ ਮੀਡੀਆ ਹੀ ਸੀ, ਉਸਦੀਆਂ ਆਧੁਨਿਕ ਔਲਾਦਾਂ ਇਸ ਮਾਮਲੇ ਵਿੱਚ ਵਧੇਰੇ “ਵਿਕਸਤ” ਜ਼ਮਾਨੇ ਵਿੱਚ ਕੰਮ ਕਰ ਰਹੀਆਂ ਹਨ। ਇਹਨਾਂ ਕੋਲ ਖਬਰੀ ਚੈਨਲ ਤਾਂ ਹਨ ਹੀ, ਹੁਣ ਇਹਨਾਂ ਕੋਲ ਸੋਸ਼ਲ ਮੀਡੀਆ ਹੈ ਜਿਸ ਵਿੱਚ ਫੇਸਬੁੱਕ, ਵਟਸਐਪ, ਟਵਿੱਟਰ ਸਣੇ ਅਣਗਿਣਤ ਚੈਟਿੰਗ ਐਪਸ ਹਨ। ਇਹ ਸੋਸ਼ਲ ਮੀਡੀਆ ਸਮਾਰਟ ਫੋਨ ਇਸਤੇਮਾਲ ਕਰਨ ਵਾਲਿਆਂ ਦੀ ਜੇਬ ਵਿੱਚ ਹਰ ਸਮੇਂ ਮੌਜੂਦ ਹੈ, ਅਤੇ ਆਧੁਨਿਕ ਸਮੇਂ ਦੀ ਬੇਗਾਨਗੀ ਤੇ ਵਿਹਲੜਪੁਣੇ ਨੇ ਸਮਾਜ ਦੇ ਇੱਕ ਵੱਡੇ ਤਬਕੇ ਲਈ ਤਾਂ ਫੇਸਬੁੱਕ, ਵਟਸਐਪ ਨੂੰ ਜੀਣ ਦਾ ਬਹਾਨਾ ਬਣਾ ਦਿੱਤਾ ਹੈ। ਇਹਨਾਂ ਦੀ ਹਰ ਜਾਣਕਾਰੀ ਦਾ ਸ੍ਰੋਤ ਬੱਸ ਇਹੋ ਦੋ ਚੀਜ਼ਾਂ ਹਨ, ਸ਼ਰਾਬ ਪੀਣ ਦੇ ਤਰੀਕਿਆਂ ਦੀ ਜਾਣਕਾਰੀ ਤੋਂ ਲੈ ਕੇ “ਵਿਗਿਆਨਕ ਜਾਣਕਾਰੀਆਂ” ਹਾਸਲ ਕਰਨ ਤੰਕ ਦਾ ਸ੍ਰੋਤ ਇਹੀ ਹੈ, ਸਿਆਸੀ ਸਰਗਰਮੀ ਤੋਂ ਲੈ ਕੇ ਨਿੱਜੀ ਜੀਵਨ ਸਰਗਰਮੀ ਦਾ ਇਹੀ ਕੇਂਦਰ ਬਿੰਦੂ ਹੈ ਅਤੇ ਇਹੀ ਸ੍ਰੋਤ ਉਹਨਾਂ ਦੀ ਹਰ ਰਾਇ ਬਣਾਉਂਦੇ ਹਨ। ਇਸ ਤੋਂ ਇਲਾਵਾ ਸਮਾਜ ਦਾ ਇੱਕ ਵੱਡਾ ਹਿੱਸਾ ਲਗਾਤਾਰ ਇਸ ਮੀਡੀਆ ਉੱਤੇ ਪੈਂਦੀਆਂ ਫੋਟੋਆਂ, ਵੀਡੀਓ, ਕਾਰਟੂਨ, ਸੱਚੀਆਂ-ਝੂਠੀਆਂ “ਖਬਰਾਂ” ਲਗਾਤਾਰ ਪੜਦਾ ਹੈ, ਉਹ ਖੁਦ ਤਾਂ ਪੜਦਾ ਹੀ ਹੈ, ਇਸ ਦੇ ਨਾਲ਼ ਉਹ ਹੋਰਨਾਂ ਨੂੰ ਵੀ ਉਹੀ ਕੁਝ ਪੜਨ ਲਈ “ਮੈਸੇਜ ਫ਼ਾਰਵਰਡ” ਕਰਦਾ ਹੈ। ਇਹਨਾਂ ਖੂਬੀਆਂ ਕਰਕੇ ਇਸ ਮੀਡੀਆ ਰਾਹੀਂ ਕੋਈ ਵੀ ਅਫ਼ਵਾਹ-ਝੂਠ ਬੜੀ ਤੇਜ਼ੀ ਨਾਲ਼ ਵੱਡੇ ਇਲਾਕੇ ਵਿੱਚ ਫੈਲਾਈ ਜਾ ਸਕਦੀ ਹੈ। ਬਿਲਕੁਲ ਇਸੇ ਖੂਬੀ ਦਾ ਇਸਤੇਮਾਲ ਕਰਨ ਵਿੱਚ ਗੋਬੇਲਜ਼ ਦੀਆਂ ਭਾਰਤੀ ਔਲਾਦਾਂ ਨੇ “ਮੁਹਾਰਤ” ਹਾਸਲ ਕਰ ਲਈ ਹੈ।

 ਸੋਸ਼ਲ ਮੀਡੀਆ ਨੂੰ ਫਾਸੀਵਾਦ ਦੇ ਭਾਰਤੀ ਐਡੀਸ਼ਨਾਂ, ਸੰਘ ਤੇ ਇਸਦੇ ਪਾਰਲੀਮਾਨੀ ਸਿਆਸੀ ਵਿੰਗ ਭਾਜਪਾ (ਅਤੇ ਹੋਰ ਸੈਂਕੜੇ ਗੈਰ-ਪਾਰਲੀਮਾਨੀ ਜਥੇਬੰਦੀਆਂ) ਨੇ ਪੂਰੇ ਯੋਜਨਾਬੱਧ ਢੰਗ ਨਾਲ਼ ਵਰਤਿਆ ਹੈ। ਲੰਘੀਆਂ ਚੋਣਾਂ ਦੌਰਾਨ ਇਕੱਲੇ ਉੱਤਰ ਪ੍ਰਦੇਸ਼ ਵਿੱਚ ਇਸ ਕੰਮ ਲਈ ਭਾਜਪਾ ਤੇ ਸੰਘ ਨੇ 5,000 ਵਲੰਟੀਅਰ ਲਗਾਏ ਹੋਏ ਸਨ ਜਿਹਨਾਂ ਦਾ ਕੰਮ ਲਗਾਤਾਰ ਲੋਕਾਂ ਦੇ ਦਿਮਾਗਾਂ ਨੂੰ ਭਾਜਪਾ ਦੇ ਪ੍ਰਾਪੇਗੰਡੇ ਦੀ ਖ਼ੁਰਾਕ ਦੇਣਾ ਸੀ, 20 ਪੇਸ਼ੇਵਰ ਤਕਨੀਸ਼ੀਅਨਾਂ, ਕਾਰਟੂਨਿਸਟਾਂ, ਡਿਜ਼ਾਈਨਰਾਂ ਦੀ ਟੀਮ ਸੀ ਜਿਸਦਾ ਕੰਮ “ਮਸਾਲਾ” ਤਿਆਰ ਕਰਨਾ ਸੀ ਜਿਸਨੂੰ ਆਪਣੇ ਨੈਟਵਰਕ ਜ਼ਰੀਏ ਫੈਲਾਇਆ ਜਾਂਦਾ। ਇਸ “ਮਸਾਲੇ” ਵਿੱਚ ਫਿਰਕਾਪ੍ਰਸਤੀ, ਝੂਠ, ਅਫ਼ਵਾਹਾਂ, ਵਿਰੋਧੀਆਂ ਉੱਤੇ ਟਿੱਪਣੀਆਂ ਸ਼ਾਮਲ ਹੁੰਦੀਆਂ ਸਨ। ਵੱਡਾ ਸੂਬਾ ਹੋਣ ਕਰਕੇ ਵੱਖ-ਵੱਖ ਇਲਾਕਿਆਂ ਦੀ ਸਥਾਨਕ ਬੋਲੀ, ਮੁਹਾਵਰੇ ਤੇ ਲੋਕ-ਮਾਨਸਿਕਤਾ ਦਾ ਪੂਰਾ ਧਿਆਨ ਰੱਖਿਆ ਜਾਂਦਾ ਸੀ। ਯੂਪੀ ਭਾਜਪਾ ਦੇ ਆਈਟੀ ਸੈੱਲ ਦੇ ਇੰਚਾਰਜ ਜੇਪੀ ਰਾਠੋੜ ਅਨੁਸਾਰ, “ਹਮਾਰੀ ਯੇ ਰਾਜਨੀਤੀ ਥੀ ਕਿ ਚੁਨਾਵ ਸੇ ਪਹਿਲੇ ਵੋਟਰ ਕੇ ਦਿਮਾਗ ਕੋ ਕੈਪਚਰ ਕਰ ਲੋ, ਸੁਬਹ-ਸ਼ਾਮ ਮੈਸੇਜ ਕਰੋ, ਜਬ ਦੇਖੇ ਹਮਾਰਾ ਚੇਹਰਾ ਦੇਖੇ, ਹਮਾਰੀ ਬਾਤ ਸੁਨੇ।” 

(ਸ੍ਰੋਤ-https://www।newslaundry।com/2017/03/17/how-bjps-it-cell-waged-war-and-won-in-up)

ਇਸ ਕੰਮ ਦੀ ਸ਼ੁਰੂਆਤ ਭਾਜਪਾ ਨੇ ਚੋਣਾਂ ਤੋਂ ਛੇ ਮਹੀਨੇ ਪਹਿਲਾਂ ਕਰ ਲਈ ਸੀ ਅਤੇ ਵਟਸਐਪ ਨੂੰ ਇਸ ਵਾਰ ਵਿਸ਼ੇਸ਼ ਸਥਾਨ ਮਿਲ਼ਿਆ। ਕੁਝ ਨੰਬਰਾਂ ਉੱਤੇ “ਮਿਸ ਕਾਲ” ਦੇਣ ਦੀ ਮੁਹਿੰਮ ਚਲਾ ਕੇ 2 ਕਰੋੜ ਨੰਬਰਾਂ ਦਾ ਡੈਟਾਬੇਸ ਇਕੱਠਾ ਕੀਤਾ ਗਿਆ ਅਤੇ 5,000 ਤੋਂ ਉੱਪਰ ਵਟਸਐਪ ਗਰੁੱਪ ਬਣਾਏ ਗਏ ਅਤੇ ਹਜ਼ਾਰਾਂ ਹੋਰ ਵਟਸਐਪ ਗਰੁੱਪਾਂ ਵਿੱਚ ਆਪਣੇ ਬੰਦੇ ਫਿੱਟ ਕੀਤੇ ਗਏ। ਇਸ ਤਾਣੇਬਾਣੇ ਰਾਹੀਂ ਲਗਾਤਾਰ ਪ੍ਰਾਪੇਗੰਡਾ ਚਲਾਇਆ ਗਿਆ। ਫੇਸਬੁੱਕ, ਟਵਿੱਟਰ ਇਸ ਤੋਂ ਅਲੱਗ ਹਨ। 

ਇਹ ਪਹਿਲੀ ਵਾਰ ਨਹੀਂ ਹੈ ਕਿ ਸੰਘ, ਭਾਜਪਾ ਤੇ ਇਸਦੀਆਂ “ਭਰਾਤਰੀ ਜਥੇਬੰਦੀਆਂ” ਸੋਸ਼ਲ ਮੀਡੀਆ ਨੂੰ ਆਪਣੇ ਮਕਸਦ ਲਈ ਵਰਤ ਰਹੀਆਂ ਹਨ। ਮੁਜੱਫ਼ਰਨਗਰ ਦੇ ਦੰਗਿਆਂ ਨੂੰ ਭੜਕਾਉਣ ਲਈ ਤੀਲੀ ਲਾਉਣ ਦਾ ਕੰਮ ਇਸੇ ਸੋਸ਼ਲ ਮੀਡੀਆ ਤੋਂ ਲਿਆ ਗਿਆ ਸੀ। ਦੋ-ਤਿੰਨ ਸਾਲ ਪੁਰਾਣੀ ਪਾਕਿਸਤਾਨ ਵਿੱਚ ਬਣੀ ਵੀਡੀਓ ਕਲਿੱਪ ਨੂੰ ਮੁਜੱਫ਼ਰਨਗਰ ਦੇ ਇਲਾਕੇ ਵਿੱਚ ਮੁਸਲਿਮ ਲੋਕਾਂ ਵੱਲੋਂ ਹਿੰਦੂ ਮੁੰਡਿਆਂ ਨੂੰ ਕੁੱਟਣ ਦੀ ਘਟਨਾ ਬਣਾ ਕੇ ਆਪਣੇ ਨੈਟਵਰਕ ਜ਼ਰੀਏ ਤੇਜ਼ੀ ਨਾਲ਼ ਫੈਲਾਇਆ ਗਿਆ ਅਤੇ ਫਿਰ ਇਸੇ “ਜਾਅਲੀ” ਵੀਡੀਓ ਨੂੰ ਅਧਾਰ ਬਣਾ ਕੇ ਮੁਸਲਮਾਨਾਂ ਖਿਲਾਫ਼ ਜ਼ਹਿਰ ਫੈਲਾਈ ਗਈ ਜਿਸ ਦਾ ਅੰਤ ਭਿਆਨਕ ਦੰਗਿਆਂ ਵਿੱਚ ਨਿਕਲ਼ਿਆ ਜਿਵੇਂ ਸੈਂਕੜੇ ਮੁਸਲਿਮ ਲੋਕ ਮਾਰੇ ਗਏ, ਹਜ਼ਾਰਾਂ ਬੇਘਰ ਹੋਏ ਤੇ ਆਪਣੇ ਹੀ ਦੇਸ਼ ਵਿੱਚ ਸ਼ਰਨਾਰਥੀ ਬਣ ਗਏ। ਪਰ ਧਰਮ ਅਧਾਰਤ ਧਰੁਵੀਕਰਨ ਦੇ ਆਪਣੇ ਮਸਕਦ ਵਿੱਚ ਭਾਜਪਾ ਪੂਰੀ ਤਰਾਂ ਕਾਮਯਾਬ ਰਹੀ ਜਿਸਦਾ ਫਾਇਦਾ ਉਸਨੇ 2014 ਦੀਆਂ ਲੋਕਸਭਾ ਤੇ ਹੁਣ ਅਸੈਂਬਲੀ ਚੋਣਾਂ ਵਿੱਚ ਲਿਆ। ਇਹੋ ਜਿਹੀਆਂ ਕਿੰਨੀਆਂ ਹੀ ਮਿਸਾਲਾਂ ਹਨ। ਇਸੇ ਤਰਾਂ ਮਾਰਚ ਮਹੀਨੇ ਦੇ ਸ਼ੁਰੂ ਵਿੱਚ ਮੈਕਸੀਕੋ ਦੇ ਇੱਕ ਗੈਂਗ ਵੱਲੋਂ ਦੂਜੇ ਗੈਂਗ ਦੇ ਬੰਦੇ ਨੂੰ ਮਾਰਨ ਦੀ ਵੀਡੀਓ ਨੂੰ ਕੇਰਲਾ ਵਿੱਚ ਸੰਘ ਤੇ ਭਾਜਪਾ ਦੇ ਕਾਰਕੁੰਨਾਂ ਉੱਤੇ ਹਮਲੇ ਦੀ ਵੀਡੀਓ ਦੱਸ ਕੇ ਘੁਮਾਇਆ ਗਿਆ ਪਰ ਪੋਲ ਖੁੱਲ ਗਈ। ਅਜਿਹੀਆਂ ਵੀਡੀਓ ਨਾਲ਼ “ਜਿਸ ਹਿੰਦੂ ਕਾ ਖੂਨ ਨਾ ਖ਼ੁਲੇ, ਵੋ ਖੂਨ ਨਹੀਂ ਪਾਨੀ ਹੈ” ਜਿਹੀਆਂ ਭੜਕਾਊ ਕੈਪਸ਼ਨਾਂ ਲਗਾ ਕੇ ਫੈਲਾਇਆ ਜਾਂਦਾ ਹੈ। ਰਾਮਜਸ ਕਾਲਜ ਵਿਵਾਦ ਸਮੇਂ ਗੁਰਮੇਹਰ ਕੌਰ ਦੀ ਕਈ ਮਹੀਨੇ ਪੁਰਾਣੀ ਵੀਡੀਓ ਪੋਸਟ ਨੂੰ ਤਾਜ਼ਾ ਪੋਸਟ ਦੱਸ ਕੇ ਪ੍ਰਚਾਰਿਆ ਗਿਆ ਅਤੇ ਉਸ ਖਿਲਾਫ਼ ਜੋ ਕੁਝ ਲਿਖਿਆ ਗਿਆ, ਉਹ ਸਭ ਨੂੰ ਪਤਾ ਹੀ ਹੈ। 2016 ਦੇ ਸਾਲ ਹੋਲੀ ਦੇ ਦਿਨ ਦਿੱਲੀ ਵਿੱਚ ਇੱਕ ਡੈਂਟਲ ਡਾਕਟਰ ਨੂੰ ਕੁਝ ਲੋਕਾਂ ਨੇ ਕੁੱਟਿਆ ਜਿਸ ਕਾਰਨ ਡਾਕਟਰ ਦੀ ਮੌਤ ਹੋ ਗਈ। ਇਸ ਘਟਨਾ ਨੂੰ ਤੁਰੰਤ ਹੀ ਸੰਘ ਦੀ ‘ਆਨਲਾਈਨ ਸੈਨਾ” ਨੇ ਇੱਕ ਹਿੰਦੂ ਦੀ ਮੁਸਲਿਮ ਭੀੜ ਵੱਲੋਂ ਕੀਤੀ ਹੱਤਿਆ ਦਾ ਝੂਠ ਘੜ ਕੇ ਸੋਸ਼ਲ ਮੀਡੀਆ ਉੱਤੇ ਘੁਮਾਉਣਾ ਸ਼ੁਰੂ ਕਰ ਦਿੱਤਾ। ਚੇਨਈ ਵਿੱਚ ਇੰਫੋਸਿਸ ਵਿੱਚ ਕੰਮ ਕਰਦੀ ਇੱਕ ਨੌਜਵਾਨ ਕੁੜੀ ਦਾ ਕਤਲ ਹੋਇਆ ਤਾਂ ਇਸ ਘਟਨਾ ਨੂੰ ‘ਲਵ ਜਿਹਾਦ’ ਦਾ ਮਾਮਲਾ ਬਣਾ ਦਿੱਤਾ ਗਿਆ। ਇਸ ਮੁਹਿੰਮ ਨੂੰ ਸ਼ੁਰੂ ਕਰਨ ਵਾਲ਼ਾ ਬਾਲੀਵੁੱਡ ਦਾ ‘ਰਿਟਾਇਰ ਸਿੰਗਰ’ ਅਭਿਜੀਤ ਸੀ (ਇਹ “ਸਿੰਗਰ” ਆਪਣੀ ਅਵਾਜ਼ ਕਰਕੇ ਘੱਟ, ਪਾਕਿਸਤਾਨ ਦੇ ਕਲਾਕਾਰਾਂ ਨੂੰ ਭਾਰਤ ਵਿੱਚ ਕੰਮ ਕਰਨ ਤੋਂ ਰੋਕਣ ਦੇ ਪ੍ਰਾਪੇਗੰਡੇ ਲਈ ਜ਼ਿਆਦਾ ਮਸ਼ਹੂਰ ਹੈ), ਜਿਸ ਨੇ ਅਜਿਹਾ ਬਾਕਾਇਦਾ ਆਪਣੇ ਟਵਿੱਟਰ ਅਕਾਉਂਟ ਤੋਂ ਕੀਤਾ। ਕੁਝ ਦਿਨਾਂ ਬਾਅਦ ਹੀ ਇਸ ਮਾਮਲੇ ਵਿੱਚ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਜਿਹੜਾ ਹਿੰਦੂ ਸੀ। ਅਭਿਜੀਤ ਸਣੇ ਅਫ਼ਵਾਹ ਫੈਲਾਉਣ ਵਾਲ਼ੇ ਕਿਸੇ ਵੀ ਵਿਅਕਤੀ ਖਿਲਾਫ਼ ਕੋਈ ਕਾਰਵਾਈ ਨਹੀਂ ਹੋਈ। 2015 ਵਿੱਚ ਉੱਤਰ ਪ੍ਰਦੇਸ਼ ਦੇ ਦਾਦਰੀ ਇਲਾਕੇ ਵਿੱਚ ਗਾਂ ਦਾ ਮਾਸ ਫਰਿੱਜ ਵਿੱਚ ਰੱਖਣ ਦਾ ਝੂਠ ਘੜ ਕੇ ਮੁਹੰਮਦ ਅਖਲਾਕ ਨਾਮ ਦੇ ਇੱਕ ਮੁਸਲਿਮ ਵਿਅਕਤੀ ਦੀ ਸੰਘ ਵੱਲੋਂ ਸ਼ਿਸ਼ਕੇਰੀ ਭੀੜ ਨੇ ਹੱਤਿਆ ਕਰ ਦਿੱਤੀ। ਇਸ ਘਟਨਾ ਤੋਂ ਤੁਰੰਤ ਬਾਅਦ ਸ਼ੋਸ਼ਲ ਮੀਡੀਆ ਖਾਸ ਕਰਕੇ ਟਵਿੱਟਰ ਰਾਹੀਂ ਜਾਅਲੀ ਤਸਵੀਰਾਂ ਫੈਲਾਅ ਕੇ ਫਿਰਕਾਪ੍ਰਸਤ ਜ਼ਹਿਰ ਫੈਲਾਉਣ ਦਾ ਕੰਮ ਕੀਤਾ ਗਿਆ। ਸਭ ਕੁਝ ਸਾਹਮਣੇ ਆ ਜਾਣ ਉੱਤੇ ਵੀ ਇਸ ਕੰਮ ਵਿੱਚ ਸ਼ਾਮਿਲ ਕਿਸੇ ਵਿਅਕਤੀ ਖਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਇਸ ਤਰਾਂ ਕਿੰਨੀਆਂ ਹੀ ਹੋਰ ਮਿਸਾਲਾਂ ਹਨ ਜਿਹੜੀਆਂ ਇਸ ਯੋਜਨਾਬੱਧ ਢੰਗ ਨਾਲ਼ ਅੰਜ਼ਾਮ ਦਿੱਤੇ ਜਾਂਦੇ ਪ੍ਰਾਪੇਗੰਡੇ ਨੂੰ ਦਿਖਾਉਂਦੀਆਂ ਹਨ। ਅਜਿਹਾ ਬਿਲਕੁਲ ਨਹੀਂ ਹੈ ਕਿ ਪੁਲਿਸ ਅਜਿਹੇ ਲੋਕਾਂ ਨੂੰ ਲੱਭ ਨਹੀਂ ਸਕਦੀ, ਇਹਨਾਂ ਵਿੱਚੋਂ ਬਹੁਤ ਸਾਰੇ ਲੋਕ ਤਾਂ ਟਵਿੱਟਰ ਉੱਤੇ “ਵੈਰੀਫਾਈਡ ਅਕਾਉਂਟ” ਚਲਾਉਂਦੇ ਹਨ। (ਵੈਰੀਫਾਈਡ ਅਕਾਉਂਟ ਉਹ ਟਵਿੱਟਰ ਅਕਾਉਂਟ ਹੁੰਦੇ ਹਨ ਜਿਹਨਾਂ ਨੂੰ ਟਵਿੱਟਰ ਅਧਿਕਾਰਤ ਤੌਰ ਉੱਤੇ ਉਹਨਾਂ ਨੂੰ ਚਲਾਉਣ ਵਾਲ਼ੇ ਵਿਅਕਤੀ ਦਾ ਅਕਾਉਂਟ ਕਹਿੰਦਾ ਹੈ, ਇਸ ਅਕਾਉਂਟ ਉੱਤੇ ਖਾਸ ਨੀਲੀ ‘ਟਿੱਕ’ ਲੱਗੀ ਹੁੰਦੀ ਹੈ ਜਿਸ ਤੋਂ ਪਤਾ ਚੱਲਦਾ ਹੈ ਕਿ ਇਸ ਅਕਾਉਂਟ ਦੇ ਜਾਅਲੀਹੋਣ ਦੀ ਕੋਈ ਸੰਭਾਵਨਾ ਨਹੀਂ ਹੈ।) ਪਰ ਭਾਜਪਾ ਦੇ ਕਿਸੇ ਲੀਡਰ ਖਿਲਾਫ਼ ਕੋਈ ਟਿੱਪਣੀ ਕਰਨ ਵਾਲ਼ੇ ਉੱਤੇ ਝੱਟ ਮਾਮਲਾ ਦਰਜ਼ ਹੋ ਜਾਂਦਾ ਹੈ ਤੇ ਗ੍ਰਿਫ਼ਤਾਰੀ ਹੋ ਜਾਂਦੀ ਹੈ।

ਝੂਠ ਅਤੇ ਅਫ਼ਵਾਹਾਂ ਫੈਲਾਉਣ ਦੇ ਨਾਲ਼-ਨਾਲ਼ ਸੰਘ ਦੇ “ਆਨਲਾਈਨ ਗੁੰਡੇ” ਹੋਰ ਕਾਫ਼ੀ “ਕੰਮ” ਕਰਦੇ ਹਨ। ਇਹਨਾਂ ਦੇ ਫਿਰਕਾਪ੍ਰਸਤ ਏਜੰਡੇ ਦਾ ਵਿਰੋਧ ਕਰਨ ਵਾਲ਼ੇ ਕਿਸੇ ਪੱਤਰਕਾਰ। ਵਿਦਵਾਨ, ਲੇਖਕ ਜਾਂ ਕਿਸੇ ਵੀ ਵਿਅਕਤੀ ਨੂੰ ਡਰਾਉਣਾ, ਔਰਤਾਂ ਨੂੰ ਗੈਂਗ-ਰੇਪ ਤੇ ਆਦਮੀਆਂ ਨੂੰ ਏਕੇ-47 ਦੀਆਂ ਗੋਲੀਆਂ ਦੀਆਂ ਧਮਕੀਆਂ ਦੇਣਾ ਅਤੇ ਗਾਲਾਂ ਕੱਢਣੀਆਂ ਇਹਨਾਂ ਦਾ ਇੱਕ ਹੋਰ ਮੁੱਖ ਕੰਮ ਹੈ। ਬਰਖਾ ਦੱਤ, ਦਿਲੀਪ ਸਰਦੇਸਾਈ, ਰਵਿਸ਼ ਕੁਮਾਰ ਜਿਹੇ ਪੱਤਰਕਾਰਾਂ ਤੋਂ ਲੈ ਕੇ ਗੁਰਮੇਹਰ ਕੌਰ ਤੱਕ, ਇਹਨਾਂ ਦੇ ਕੰਮਾਂ ਦੀ ਲੰਬੀ ਸੂਚੀ ਹੈ। ਹੱਦ ਦਰਜੇ ਦੀਆਂ ਘਟੀਆ ਟਿੱਪਣੀਆਂ, ਭਿਆਨਕ ਔਰਤ-ਵਿਰੋਧੀ ਕਿਰਦਾਰ ਇਹਨਾਂ ਗੁੰਡਿਆਂ ਦਾ “ਵਿਸ਼ੇਸ਼ ਚਰਿਤਰ” ਹੈ ਜਿਹਨਾਂ ਨੂੰ ਭਾਜਪਾ ਦੇ ਮੋਹਰੀ ਲੀਡਰ “ਯੋਧੇ” ਕਹਿੰਦੇ ਹਨ। ਇੱਥੋਂ ਤੱਕ ਕਿ ਇਹ “ਗੁੰਡੇ” ਆਪਣੀ ਪਾਰਟੀ ਦੇ ਲੀਡਰ ਨੂੰ ਨਹੀਂ ਬਖਸ਼ਦੇ ਜਿਹੜਾ ਇਹਨਾਂ ਨੂੰ “ਪਾਰਟੀ-ਵਿਰੋਧੀ” ਕਾਰਵਾਈ ਕਰਦਾ ਦਿਖਦਾ ਹੈ, ਜਿਵੇਂ, ਮੇਨਕਾ ਗਾਂਧੀ ਦਾ ਉਸ ਸਮੇਂ ਜੰਮ ਕੇ ਮਜ਼ਾਕ ਉਡਾਇਆ ਗਿਆ ਜਦੋਂ ਉਸਨੇ ਔਰਤਾਂ ਵਿਰੁੱਧ “ਆਨਲਾਈਨ ਗੁੰਡਾਗਰਦੀ” ਵਿਰੋਧ ਹੈਲਪਲਾਈਨ ਸ਼ੁਰੂ ਕਰਨ ਦਾ ਐਲਾਨ ਕੀਤਾ। ਭਾਜਪਾ/ਸੰਘ ਦੇ ਕਿਸੇ “ਆਨਲਾਈਨ ਗੁੰਡੇ” ਖਿਲਾਫ਼ ਕਾਰਵਾਈ ਵਜੋਂ ਜੇ ਅਜਿਹਾ ਕੋਈ ਅਕਾਉਂਟ ਟਵਿੱਟਰ ਜਾਂ ਫੇਸਬੁੱਕ ਵੱਲੋਂ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਉਸਦੇ ਪੱਖ ਵਿੱਚ “ਆਨਲਾਈਨ” ਮੁਹਿੰਮ ਚਲਾਉਂਦੇ ਹਨ। 

ਮੀਡੀਆ, ਇਲੈਕਟ੍ਰਾਨਿਕ ਅਤੇ ਪ੍ਰਿੰਟ ਦੋਵੇਂ, ਆਮ ਲੋਕਾਂ ਦੀ ਰਾਇ ਨੂੰ ਪ੍ਰਭਾਵਿਤ ਕਰਨ, ਉਹਨਾਂ ਦੇ ਵਿਚਾਰਾਂ ਨੂੰ ਘੜਨ, ਉਹਨਾਂ ਲਈ ਜਾਣਕਾਰੀਆਂ ਦਾ ਸ੍ਰੋਤ ਬਣਨ ਅਤੇ ਹਾਕਮ ਜਮਾਤਾਂ ਦੇ ਵਿਚਾਰਾਂ ਦੀ ‘ਹੇਜੇਮਨੀ’ ਕਾਇਮ ਕਰਨ ਦਾ ਹਥਿਆਰ ਹੈ। ਸ਼ੋਸ਼ਲ ਮੀਡੀਆ ਦੇ ਆਉਣ ਨਾਲ਼ ਇਹ ਭੂਮਿਕਾ ਬਹੁਤ ਵਧ ਗਈ ਹੈ। ਮੋਦੀ ਸੈਨਾ, ਹਿੰਦੂ ਸੈਨਾ, ਫੈਨ ਆਫ਼ ਮੋਦੀ, ਜੀਤੇਗੀ ਭਾਜਪਾ ਆਦਿ ਜਿਹੇ ਬਹੁਤ ਸਾਰੇ ਫੇਸਬੁੱਕ-ਟਵਿੱਟਰ ਗਰੁੱਪ, ਅਕਾਉਂਟ ਤਾਂ ਸਿੱਧੇ-ਸਿੱਧੇ ਸੰਘ/ਭਾਜਪਾ ਦੇ ਹਨ, ਜਿਹਨਾਂ ਦਾ ਲੋਕਾਂ ਦੇ ਵਡੇਰੇ ਹਿੱਸੇ ਉੱਤੇ ਉਸ ਤਰਾਂ ਦਾ ਸਿੱਧਾ ਅਸਰ ਨਹੀਂ ਹੁੰਦਾ। ਪਰ ਇਸ ਤੋਂ ਇਲਾਵਾ, ਸੰਘ/ਭਾਜਪਾ ਅਜਿਹੇ ਅਕਾਉਂਟ/ਗਰੁੱਪ/ਪੇਜ਼ ਚਲਾਉਂਦੇ ਹਨ ਜਿਹੜੇ ਪਹਿਲੀ ਨਜ਼ਰ ਤੋਂ ਇਹਨਾਂ ਦੇ ਨਹੀਂ ਲੱਗਦੇ, ਇਹਨਾਂ ਅਕਾਉਂਟ/ਗਰੁੱਪ/ਪੇਜ਼ ਦੀਆਂ ਪੋਸਟਾਂ ਕਿਤੇ ਜ਼ਿਆਦਾ ਪੜੀਆਂ/ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਉਦਾਹਰਨ ਵਜੋਂ, ਫ਼ੌਜ ਦਾ ਨਾਮ ਲੈ ਕੇ ਬਣਾਏ ਅਕਾਉਂਟ/ਪੇਜ਼ ਜਿਵੇਂ ਪ੍ਰਾਊਡ ਆਨ ਇੰਡੀਅਨ ਆਰਮੀ, ਇੰਡੀਅਨ ਆਰਮੀ ਫੈਨ ਕਲੱਬ, ਮੀਡੀਆ ਖਿਲਾਫ਼ ਬਣੇ ਅਕਾਉਂਟ/ਪੇਜ ਜਿਵੇਂ ਸੇ ਨੋ ਟੂ ਪੇਡ ਮੀਡੀਆ, ਇੰਡੀਆ ਅਗੈਂਸਟ ਸੋਲਡ ਮੀਡੀਆ, ਬੀ ਇੰਡੀਅਨ ਬੀ ਪ੍ਰਾਊਡ ਅਤੇ ਇਸ ਤਰਾਂ ਦੇ ਹੀ ਹੋਰ ਕਈ ਤਰਾਂ ਦੇ ਅਕਾਉਂਟ/ਪੇਜ/ਗਰੁੱਪ ਭਾਜਪਾ/ਸੰਘ ਦਾ ਸੋਸ਼ਲ ਮੀਡੀਆ ਸੈੱਲ ਚਲਾਉਂਦਾ ਹੈ। ਇਹਨਾਂ ਦੀਆਂ ਪੋਸਟਾਂ ਤਾਂ ਅਗਾਂਹਵਧੂ ਕਹਾਉਂਦੇ ਲੋਕ ਵੀ ਸਾਂਝੀਆਂ ਕਰਦੇ ਮਿਲ਼ ਜਾਣਗੇ, ਆਮ ਲੋਕਾਂ ਦੀ ਤਾਂ ਗੱਲ ਹੀ ਛੱਡੋ। ਇਹ ਭਾਜਪਾ/ਸੰਘ ਦੇ ਅਧਿਕਾਰਤ ਅਕਾਉਂਟਾਂ/ਪੇਜ਼ਾਂ/ਗਰੁੱਪਾਂ ਨਾਲੋਂ ਕਿਤੇ ਜ਼ਿਆਦਾ ਸਫਾਈ ਨਾਲ਼ “ਕੌਮਵਾਦੀ” ਵਿਚਾਰਾਂ ਦਾ ਪ੍ਰਸਾਰ ਕਰਦੇ ਹਨ। ਇਸ ਤੋਂ ਇਲਾਵਾ ਧਾਰਮਿਕ ਆਸਥਾ, ਦੇਵੀ-ਦੇਵਤਿਆਂ ਤੇ ਧਾਰਮਿਕ ਗ੍ਰੰਥਾਂ ਆਦਿ ਨੂੰ ਅਧਾਰ ਬਣਾ ਕੇ “ਆਨਲਾਈਨ” ਸਰਗਰਮੀ ਕੀਤੀ ਜਾਂਦੀ ਹੈ, ਵਿਗਿਆਨ-ਵਿਰੋਧੀ, ਜਮਹੂਰੀਅਤ-ਵਿਰੋਧੀ, ਆਧੁਨਿਕਤਾ-ਵਿਰੋਧੀ, ਭਾਰਤੀ ਸੱਭਿਆਚਾਰ ਨੂੰ “ਉਚਿਆਉਣ” ਤੇ “ਫ਼ਿਕਰਮੰਦੀ” ਦੀ ਸਰਗਰਮੀ ਕੀਤੀ ਜਾਂਦੀ ਹੈ। ਵਿਅਕਤੀਆਂ ਦਾ ‘ਕਲਟ’ ਖੜਾ ਕਰਨਾ ਵੀ ਭਾਜਪਾ/ਸੰਘ ਦੀ ਆਨਲਾਈਨ ਸਰਗਰਮੀ ਦਾ ਕੰਮ ਹੈ, ਜਿਵੇਂ ਮੋਦੀ ਦਿਨ ਵਿੱਚ 4 ਘੰਟੇ ਸੌਂਦਾ ਹੈ, ਰਾਤ ਭਰ ਮੀਟਿੰਗਾਂ ਕਰਦਾ ਹੈ ਤੇ ਅਜਿਹਾ ਹੀ ਹੋਰ ਕਿੰਨਾ ਕੁਝ ਜਿਸਦਾ ਮਕਸਦ ਮੋਦੀ ‘ਕਲਟ’ ਖੜਾ ਕਰਨਾ ਹੈ, ਅਤੇ ਇਸਦਾ ਪ੍ਰਭਾਵ ਹੁਣ ਸਾਫ਼ ਦਿਖ ਰਿਹਾ ਹੈ। ਬਹੁਤ ਸਾਰੇ ਲੋਕ ਜਿਹੜੇ ਭਾਜਪਾ ਨੂੰ ਵੋਟ ਨਹੀਂ ਦੇਣਾ ਚਾਹੁੰਦੇ, ਮੋਦੀ ਨੂੰ ਵੋਟ ਦਿੰਦੇ ਹਨ!! ਇਹ ਐਵੇਂ ਨਹੀਂ ਸੀ ਕਿ ਮੋਦੀ ਵਾਰਾਨਸੀ ਵਿੱਚ ਤਿੰਨ ਦਿਨ ਗੇੜੇ ਦੇ ਕੇ ਗਿਆ। ਹੁਣ ਇਹੀ ਕੁਝ ਆਦਿੱਤਯਾਨਾਥ ਯੋਗੀ ਦੇ ਮਾਮਲੇ ਵਿੱਚ ਹੋ ਰਿਹਾ ਹੈ, ਹੁਣ ਉਸਦੇ “ਵਿਅਕਤੀਤਵ ਦੇ ਚੰਗੇ ਪੱਖਾਂ” ਨੂੰ ਉਘਾੜਿਆ ਜਾ ਰਿਹਾ ਹੈ ਜਿਸ ਵਿੱਚ ਇਲੈਕਟ੍ਰਾਨਿਕ ਮੀਡੀਆ ਵੀ ਸ਼ਾਮਲ ਹੈ।

ਝੂਠ ਫੜੇ ਜਾਣ ਉੱਤੇ ਸੰਘ, ਭਾਜਪਾ ਅਤੇ ਇਸ ਨਾਲ਼ ਜੁੜੇ ਲੋਕਾਂ ਦਾ ਅਕਸਰ ਇਹ ਕਹਿਣਾ ਹੁੰਦਾ ਹੈ ਕਿ ਉਹਨਾਂ ਦੇ ਪਾਰਟੀ ਮੈਂਬਰ/ਵਰਕਰ ਅਜਿਹਾ ਨਹੀਂ ਕਰਦੇ, ਸਗੋਂ ਕੁਝ ਹੋਰ ਲੋਕ ਜਿਹੜੇ ਇੰਨੇ “ਸਮਝਦਾਰ” ਨਹੀਂ ਹੁੰਦੇ, ਜਾਂ ਜਿਹੜੇ ਉਹਨਾਂ ਨੂੰ “ਬਦਨਾਮ” ਕਰਨਾ ਚਾਹੁੰਦੇ ਹਨ, ਅਜਿਹਾ ਕਰਦੇ ਹਨ; ਪਾਰਟੀ ਜਾਂ ਸੰਗਠਨ ਦਾ ਇਹਨਾਂ ਉੱਤੇ ਕੋਈ ਕੰਟਰੌਲ ਨਹੀਂ ਹੁੰਦਾ, ਇਸ ਲਈ ਸੰਘ ਜਾਂ ਭਾਜਪਾ ਨੂੰ ਦੋਸ਼ ਨਾ ਦਿੱਤਾ ਜਾਵੇ। ਵੈਸੇ ਤਾਂ ਇਸ ਬਾਰੇ ਹੁਣ ਕੋਈ ਸ਼ੱਕ-ਸ਼ੁਬਹਾ ਨਹੀਂ ਰਿਹਾ, ਕਿਉਂਕਿ ਪਿਛਲੇ ਕਈ ਵਰਿਆਂ ਤੋਂ ਸੋਸ਼ਲ ਮੀਡੀਆ ਉੱਤੇ ਨਫ਼ਰਤ ਫੈਲਾਉਣ ਦਾ ਕੰਮ ਕਰਨ ਵਾਲ਼ੇ ਆਪਣੇ ਇੱਕ ਟੱਟੂ ਤਜਿੰਦਰਪਾਲ ਬੱਗਾ ਨੂੰ ਹੁਣ ਭਾਜਪਾ ਨੇ ਮੋਦੀ ਜੀ ਦੇ “ਆਸ਼ੀਰਵਾਦ” ਨਾਲ਼ ਆਪਣਾ “ਪ੍ਰੈੱਸ ਬੁਲਾਰਾ” ਨਿਯੁਕਤ ਕਰ ਦਿੱਤਾ ਹੈ। ਇਸ ਤੋਂ ਇਲਾਵਾ ਭਾਜਪਾ ਦੇ ਸੀਨੀਅਰ ਲੀਡਰ ਜਿਵੇਂ ਵੀਕੇ ਸਿੰਘ, ਦਯਾਸ਼ੰਕਰ ਸਿੰਘ, ਗਿਰੀਰਾਜ ਸਿੰਘ, ਅਨਿਲ ਵਿਜ ਆਦਿ ਆਪਣੇ ਅਧਿਕਾਰਤ ਟਵਿੱਟਰ ਅਕਾਉਂਟਾਂ ਤੋਂ ਸ਼ਰੇਆਮ ਜ਼ਹਿਰ ਉਗਲਦੇ ਹਨ। ਸੋਸ਼ਲ ਮੀਡੀਆ, ਖਾਸ ਕਰਕੇ ਟਵਿੱਟਰ ਉੱਤੇ ਫਿਰਕਾਪ੍ਰਸਤੀ ਤੇ ਨਫ਼ਰਤ ਫੈਲਾਉਣ ਵਾਲ਼ੇ, ਵਿਰੋਧੀਆਂ ਨੂੰ ਬੇਹੱਦ ਨੀਚ ਗਾਲਾਂ ਕੱਢਣ ਵਾਲ਼ੇ ਸਭ ਅਸਲੀ-ਨਕਲੀ “ਟਰੋਲ’ ਪ੍ਰਧਾਨ ਮੰਤਰੀ ਮੋਦੀ ਦੀ ਉਸ ਸੂਚੀ ਵਿੱਚ ਸ਼ਾਮਲ ਹਨ ਜਿਹਨਾਂ ਨੂੰ ਉਹ “ਫਾਲੋ” ਕਰਦੇ ਹਨ, ਭਾਵ ਜਿਹਨਾਂ ਦੀ ਆਨਲਾਈਨ ਸਰਗਰਮੀ ਵਿੱਚ ਪ੍ਰਧਾਨ ਮੰਤਰੀ ਦੀ ਦਿਲਚਸਪੀ ਹੈ। ਇਹਨਾਂ ਵਿੱਚੋਂ ਕੁਝ ਤਾਂ ਮੋਦੀ ਸਾਬ ਨਾਲ਼ ਆਪਣੀ ਫੋਟੋ ਤੱਕ ਚਿਪਕਾ ਕੇ ਰੱਖਦੇ ਹਨ। ਸਾਫ਼ ਹੈ ਕਿ ਸਭ ਕੁਝ ਬਾਕਾਇਦਾ ਨਿਗਰਾਨੀ ਹੇਠ ਹੋ ਰਿਹਾ ਹੈ। ਪਰ ਇਹਨਾਂ ਦੀਆਂ ਪੂਰੀਆਂ ਕਰਤੂਤਾਂ ਤੋਂ ਪਰਦਾ ਕੁਝ ਮਹੀਨੇ ਪਹਿਲਾਂ ਆਈ ਇੱਕ ਕਿਤਾਬ ‘ਮੈਂ ਇੱਕ ਟਰੋਲ ਹਾਂ’ ਨੇ ਚੁੱਕਿਆ ਹੈ। ਇਸਦੀ ਲੇਖਕਾ ਪੱਤਰਕਾਰ ਸਵਾਤੀ ਚਤੁਰਵੇਦੀ ਹੈ ਜਿਸਨੇ ਭਾਜਪਾ/ਸੰਘ ਦੇ ਇਸ ਪ੍ਰਾਪੇਗੰਡਾ ਤੰਤਰ ਵਿੱਚੋਂ ਬਾਹਰ ਆਏ ਜਾਂ ਜੁੜੇ ਹੋਏ ਲੋਕਾਂ ਦੀਆਂ ਮੁਲਾਕਾਤਾਂ ਤੇ ਹੋਰ ਸਬੂਤਾਂ ਦੇ ਅਧਾਰ ਉੱਤੇ ਇਹ ਕਿਤਾਬ ਲਿਖੀ ਹੈ। ਕੁਝ ਮਹੀਨੇ ਪਹਿਲਾਂ ਭਾਜਪਾ ਦੇ ਸੋਸ਼ਲ ਮੀਡੀਆ ਪ੍ਰਾਪੇਗੰਡਾ ਨਾਲ਼ ਜੁੜੀ ਇੱਕ ਕੁੜੀ ਸਾਧਵੀ ਖੋਸਲਾ ਨੇ ਭਾਜਪਾ/ਸੰਘ ਵੱਲੋਂ ਫੈਲਾਈ ਜਾ ਰਹੀ “ਆਨਲਾਈਨ ਨਫ਼ਰਤ” ਦੇ ਢੰਗ-ਤਰੀਕਿਆਂ ਦਾ ਪਰਦਾਫ਼ਾਸ਼ ਕੀਤਾ। 

ਭਾਜਪਾ ਦੇ ਸੋਸ਼ਲ ਮੀਡੀਆ ਸੈੱਲ (ਜਿਸ ਦਾ ਅਧਿਕਾਰਤ ਨਾਮ ‘ਨੈਸ਼ਨਲ ਡਿਜ਼ੀਟਲ ਅਪਰੇਸ਼ਨਜ਼ ਸੈਂਟਰ’ ਹੈ) ਦਾ ਮੁੱਖ ਦਫ਼ਤਰ 11, ਅਸ਼ੋਕਾ ਰੋਡ ਦਿੱਲੀ ਵਿਖੇ ਹੈ। ਇਸ ਦਾ ਮੁਖੀ ਅਰਵਿੰਦ ਗੁਪਤਾ ਹੈ। ਸੋਸ਼ਲ ਮੀਡੀਆ ਦੇ ਸੈੱਲ ਵਿੱਚ ਹਰ ਦਿਨ ਲਈ ‘ਵਾਇਰਲ’ ਕਰਨ ਲਈ ‘ਹੈਸ਼ਟੈਗ’ ਬਣਾਏ ਜਾਂਦੇ ਹਨ, ਵਟਸਐਪ ਲਈ ‘ਮਸਾਲਾ’ ਬਣਾਇਆ ਜਾਂਦਾ ਹੈ, ਫੇਸਬੁੱਕ ਲਈ ਪੋਸਟਾਂ ਲਿਖੀਆਂ ਜਾਂਦੀਆਂ ਹਨ, ਵਿਅਕਤੀ ਟਾਰਗੈੱਟ ਕੀਤੇ ਜਾਂਦੇ ਹਨ ਅਤੇ ਫ਼ਿਰ ਇਹਨਾਂ ਨੂੰ ਆਪਣੇ “ਆਨਲਾਈਨ” ਕਾਮਿਆਂ ਤੇ ਗੁੰਡਿਆਂ ਨੂੰ ਸਪਲਾਈ ਕੀਤਾ ਜਾਂਦਾ ਹੈ। ਸੰਘ ਨੇ ਇੰਟਰਨੈੱਟ ਤੇ ਸੋਸ਼ਲ ਮੀਡੀਆ ਦੀ ਅਹਿਮੀਅਤ ਬਾਕੀ ਪਾਰਟੀਆਂ ਨਾਲੋਂ ਕਿਤੇ ਪਹਿਲਾਂ ਸਮਝ ਲਈ ਸੀ। ਭਾਜਪਾ ਦੀ ਵੈੱਬਸਾਈਟ 1995 ਵਿੱਚ ਬਣ ਗਈ ਸੀ, ਜਦਕਿ ਕਾਂਗਰਸ ਨੇ ਇਹ ਕੰਮ 2005 ਵਿੱਚ ਕੀਤਾ। ਮੋਦੀ 2009 ਵਿੱਚ ਟਵਿੱਟਰ ਉੱਤੇ ਪਹੁੰਚ ਚੁੱਕਾ ਸੀ, 2005 ਵਿੱਚ ਉਸਨੇ ਨਿੱਜੀ ਵੈੱਬਸਾਈਟ ਬਣਾ ਲਈ ਸੀ। ਇੰਟਰਨੈੱਟ ਤੇ ਸੋਸ਼ਲ ਮੀਡੀਆ ਨੂੰ ਇੱਕ ਹਥਿਆਰ ਵਜੋਂ ਵਰਤਣ ਦੀ ਸਮਝ ਵਿਕਸਤ ਕਰਨ ਵਾਲ਼ਿਆਂ ਵਿੱਚ ਸੰਘ ਦਾ ਮੋਹਰੀ ਲੀਡਰ ਰਾਮਮਾਧਵ ਮੁੱਖ ਹੈ ਜਿਹੜਾ ਖੁਦ ਇੱਕ ਆਈਟੀ ਇੰਜੀਨੀਅਰ ਹੈ। ਉਸਨੇ ਅਤੇ ਬੰਗਲੋਰ ਵਿੱਚ ਸੰਘ ਨਾਲ਼ ਜੁੜੇ ਕੁਝ ਹੋਰ ਆਈਟੀ ਇੰਜਨੀਅਰਾਂ ਨੇ 90ਵਿਆਂ ਵਿੱਚ ਇਸ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਸੰਘ ਦੇ ਮੁਖੀਆਂ ਨੂੰ ਇਸ ਲਈ ਮਨਾਇਆ। 2001 ਵਿੱਚ ਸੰਘ ਨੇ “ਆਈਟੀ ਸ਼ਾਖਾਵਾਂ” ਦੀ ਸ਼ੁਰੂਆਤ ਕੀਤੀ। ਰਾਮ ਮਾਧਵ ਤੇ ਨਾਲ਼ਦਿਆਂ ਨੇ ਜਗਾ-ਜਗਾ ਆਈਟੀ ਸ਼ਾਖਾਵਾਂ ਕਾਇਮ ਕੀਤੀਆਂ। ਕੰਪਿਊਟਰ ਦੀ ਵਰਤੋਂ ਸਿਖਾਉਣ ਤੋਂ ਲੈ ਕੇ ਵਿਕਸਤ ਆਈਟੀ ਸਿਖ਼ਲਾਈ ਦੇਣ ਲਈ ਕੈਂਪ ਲਗਾਏ ਅਤੇ ਘੁੰਮ-ਘੁੰਮ ਕੇ ਵਲੰਟੀਅਰ ਤਿਆਰ ਕੀਤੇ। ਆਈਟੀ ਸ਼ਾਖਾਵਾਂ ਅੱਜ ਵੀ ਜਾਰੀ ਹਨ ਅਤੇ ਸੰਘ ਦੇ ਕੰਮਾਂ ਵਿੱਚੋਂ ਇੱਕ ਅਹਿਮ ਕੰਮ ਹੈ। ਸੋਸ਼ਲ ਮੀਡੀਆ ਸਰਗਰਮੀ ਲਈ ਭਾਜਪਾ/ਸੰਘ ਵੱਲੋਂ ਕਈ ਤਰੀਕਿਆਂ ਨਾਲ਼ “ਸਟਾਫ਼” ਭਰਤੀ ਕੀਤਾ ਜਾਂਦਾ ਹੈ। ਇੱਕ ਹਿੱਸਾ ਪਾਰਟੀ/ਸੰਘ ਨਾਲ਼ ਜੁੜੇ ਲੋਕਾਂ ਦਾ ਹੈ ਜਿਹੜੇ ਆਈਟੀ ਸ਼ਾਖਾਵਾਂ ਵਿੱਚੋਂ ਸਿਖਲਾਈ ਹਾਸਲ ਕਰਦੇ ਹਨ। ਇੱਕ ਹਿੱਸਾ ‘ਤਨਖਾਹਦਾਰ” ਮੁਲਾਜ਼ਮਾਂ ਦਾ ਹੈ ਜਿਹੜੇ ਕਿਸੇ ਹੋਰ ਆਈਟੀ ਕੰਪਨੀ ਵਿੱਚ ਕੰਮ ਕਰਨ ਵਾਂਗ ਆਪੋ-ਆਪਣੀ ਸ਼ਿਫਟ ਸਮੇਂ ਕੰਮ ਕਰਨ ਆਉਂਦੇ ਹਨ ਤੇ ਚਲੇ ਜਾਂਦੇ ਹਨ। ਇੱਕ ਹੋਰ ਹਿੱਸਾ ਸਮੇਂ-ਸਮੇਂ ਉੱਤੇ ਪਾਰਟੀ/ਮੋਦੀ ਤੋਂ “ਪ੍ਰੇਰਤ” ਹੋ ਕੇ “ਦੇਸ਼ਹਿਤ” ਵਿੱਚ ਵਲੰਟੀਅਰ ਸੇਵਾ ਕਰਨ ਆਉਂਦਾ ਹੈ। ਇਸ ਤੋਂ ਇਲਾਵਾ ਇੱਕ ਹੋਰ ਵੱਡਾ ਹਿੱਸਾ ਆਪਣੇ ਘਰਾਂ-ਦਫ਼ਤਰਾਂ ਵਿੱਚ ਬੈਠਾ ਇਹਨਾਂ ਲਈ ਕੰਮ ਕਰਦਾ ਹੈ। ਭਾਜਪਾ/ਸੰਘ ਦਾ ਆਈਟੀ ਸੈੱਲ ਲਗਾਤਾਰ ਲੋਕਾਂ ਦੀ ਆਨਲਾਈਨ ਸਰਗਰਮੀ ਦੇਖਦਾ ਹੈ, ਜਿਹੜੇ ਲੋਕ ਇਹਨਾਂ ਨੂੰ ਆਪਣੇ “ਕੰਮ” ਦੇ ਲੱਗਦੇ ਹਨ ਉਹਨਾਂ ਨਾਲ਼ ਵੱਖ-ਵੱਖ ਢੰਗਾਂ ਰਾਹੀਂ ਸੰਪਰਕ ਕੀਤਾ ਜਾਂਦਾ ਹੈ। ਅਜਿਹਾ ਇੱਕ ਢੰਗ ਘਰ-ਘਰ ਜਾ ਕੇ ਮਿਲ਼ਣਾ ਹੈ, ਜਿਵੇਂ ਪਿੱਛੇ ਜਿਹੇ ਗੁੜਗਾਓਂ (ਹੁਣ ਗੁਰੂਗ੍ਰਾਮ) ਵਿੱਚ “ਘਰ-ਘਰ ਜਾ ਕੇ ਮਿਲ਼ਣ ਦੀ ਮੁਹਿੰਮ” ਚਲਾਈ ਗਈ। ਇਹਨਾਂ ਘਰ ਬੈਠੇ ਲੋਕਾਂ ਨੂੰ “ਪੇਅ-ਰੋਲ’ ਉੱਤੇ ਰੱਖ ਕੇ ਪ੍ਰਚਾਰ-ਪ੍ਰਸਾਰ ਲਈ ਕੰਮ ਦਿੱਤਾ ਜਾਂਦਾ ਹੈ। ਵਧੇਰੇ ਵਿਸਥਾਰ ਲਈ ਸਵਾਤੀ ਚਤੁਰਵੇਦੀ ਦੀ ਕਿਤਾਬ ਪੜੀ ਜਾ ਸਕਦੀ ਹੈ।

ਇਸ ਤਰਾਂ ਸੋਸ਼ਲ ਮੀਡੀਆ ਅੱਜ ਯੁੱਧ ਦਾ ਅਖਾੜਾ ਬਣ ਚੁੱਕਾ ਹੈ, ਵਿਚਾਰਧਾਰਕ ਹੇਜੇਮਨੀ ਕਾਇਮ ਕਰਨ ਤੋਂ ਲੈ ਕੇ ਦੰਗੇ ਭੜਕਾਉਣ ਵਿੱਚ ਇਸਦੀ ਅਹਿਮ ਭੂਮਿਕਾ ਬਣ ਗਈ ਹੈ। ਪਰ ਅਜੇ ਵੀ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਨੂੰ ਵਿਹਲੜਪੁਣੇ ਦਾ ਅੱਡਾ ਸਮਝਦੇ ਹਨ, ਜਾਂ ਬਣਾਈ ਰੱਖਦੇ ਹਨ। ਸੋਸ਼ਲ ਮੀਡੀਆ ਲੋਕਾਂ ਨੂੰ ਉਸ ਤੋਂ ਵੀ ਕਿਤੇ ਵਧੇਰੇ ਵੇਗ ਨਾਲ਼ ਪ੍ਰਭਾਵਿਤ ਕਰਦਾ ਹੈ ਜਿਸ ਵੇਗ ਨਾਲ਼ ਟੀਵੀ, ਸਿਨੇਮਾ, ਅਖ਼ਬਾਰ ਪ੍ਰਭਾਵਿਤ ਕਰਦੇ ਹਨ। ਸਮਾਰਟ ਫੋਨਾਂ ਦੀ ਵੱਧ ਰਹੀ ਗਿਣਤੀ ਸੋਸ਼ਲ ਮੀਡੀਆ ਦੀ ਅਹਿਮੀਅਤ ਹੋਰ ਵਧਾਵੇਗੀ। ਪਰ ਇਸਦਾ ਅਰਥ ਇਹ ਵੀ ਨਹੀਂ ਹੈ ਕਿ ਸੋਸ਼ਲ ਮੀਡੀਆ ਹੀ ਇੱਕੋ-ਇੱਕ ਪ੍ਰਚਾਰ ਤਰੀਕਾ ਜਾਂ ਸਭ ਤੋਂ ਅਹਿਮ ਪ੍ਰਚਾਰ ਤਰੀਕਾ ਬਣ ਗਿਆ, ਸੋਸ਼ਲ ਮੀਡੀਆ ਵੀ ਤਾਂ ਹੀ ਅਸਰਦਾਰ ਹੈ ਜੇ ਜ਼ਮੀਨੀ ਸਰਗਰਮੀ ਹੈ, ਲੋਕਾਂ ਵਿੱਚ ਅਧਾਰ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 6, 1 ਤੋਂ 15 ਮਈ, 2017 ਵਿੱਚ ਪ੍ਰਕਾਸ਼ਤ

 

Advertisements