ਰਾਜ ਅਤੇ ਇਨਕਲਾਬ
ਮੁੱਢ-ਕਦੀਮੀ ਕਮਿਊਨਿਜ਼ਮ ਦੇ ਖਤਮ ਹੋਣ ਤੋਂ ਲੈ ਸਮਾਜਵਾਦ ਦੀ ਜਿੱਤ ਤੱਕ ਸਮਾਜ ਹਮੇਸ਼ਾਂ ਲੋਟੂਆਂ ਤੇ ਲੁਟੀਂਦਿਆਂ ਵਿਚਾਲ਼ੇ ਵੰਡਿਆ ਰਿਹਾ ਹੈ। ਲੋਟੂਆਂ ਦਾ ਇੱਕ ਛੋਟਾ ਜਿਹਾ ਸਮੂਹ ਲੋਕਾਈ ਦੀ ਪਿੱਠ ਉੱਤੇ ਬੋਝ ਬਣ ਕੇ ਜੀਣ ਵਿੱਚ ਸਫ਼ਲ ਹੋ ਗਿਆ ਹੈ। ਲੁਟੇਰੀ ਜਮਾਤ ਨੇ ਲੁਟੀਂਦੇ ਲੋਕਾਂ ਦੇ ਵਿਰੋਧ ਨੂੰ ਦਬਾਇਆ ਹੈ ਅਤੇ ਇਸ ਨੇ ਆਪਣੇ ਲੁੱਟ ਦੇ ਤਰੀਕੇ ਨੂੰ ਲੁੱਟ ਦੇ ਹੋਰ ਤਰੀਕੇ ਅਪਣਾਉਣ ਵਾਲ਼ੀਆਂ ਵਿਰੋਧੀ ਲੁਟੇਰੀਆਂ ਜਮਾਤਾਂ ਦੀ ਚੁਣੌਤੀ ਤੋਂ ਵੀ ਬਚਾਇਆ ਹੈ।
ਪਰ ਇਹ ਕਿਵੇਂ ਸੰਭਵ ਹੋਇਆ ਕਿ ਇੱਕ ਛੋਟੇ ਜਿਹੇ ਸਮੂਹ ਨੇ ਵਿਸ਼ਾਲ ਬਹੁਗਿਣਤੀ ਉੱਤੇ ਆਪਣੀ ਹਕੂਮਤ ਕਾਇਮ ਕਰ ਲਈ ਅਤੇ ਉਸਨੂੰ ਬਰਕਰਾਰ ਰੱਖਿਆ?
ਇਹ ਸਿਰਫ਼ ਇਸ ਲਈ ਸੰਭਵ ਹੋ ਸਕਿਆ ਕਿਉਂਕਿ ਇਸ ਛੋਟੇ ਜਿਹੇ ਸਮੂਹ ਦੇ ਹੱਥਾਂ ਵਿੱਚ ਤੇ ਕੰਟਰੋਲ ਵਿੱਚ ਬਾਕੀ ਸਮਾਜ ਉੱਤੇ ਦਾਬਾ ਰੱਖਣ ਲਈ ਇੱਕ ਵਿਸ਼ੇਸ਼ ਜਥੇਬੰਦੀ ਰਹੀ ਹੈ। ਇਹ ਜਥੇਬੰਦੀ ਰਾਜ ਹੈ।
ਰਾਜ ਸਮੁੱਚਾ ਸਮਾਜ ਨਹੀਂ ਹੁੰਦਾ ਸਗੋਂ ਸਮਾਜ ਦੇ ਅੰਦਰ ਦਾਬੇ ਅਤੇ ਜਬਰ ਦੀ ਤਾਕਤ ਵਾਲ਼ੀ ਇੱਕ ਵਿਸ਼ੇਸ਼ ਜਥੇਬੰਦੀ ਹੁੰਦੀ ਹੈ ਜਿਹੜੀ ਵਿਦਮਾਨ ਸਮਾਜਿਕ ਢਾਂਚੇ ਨੂੰ ਬਰਕਰਾਰ ਅਤੇ ਸੁਰੱਖਿਅਤ ਰੱਖਣ ਵਿੱਚ ਮਦਦ ਕਰਦੀ ਹੈ। ਰਾਜ ਦਾ ਰੂਪ ਚਾਹੇ ਜਿਹੋ-ਜਿਹਾ ਮਰਜ਼ੀ ਹੋਵੇ – ਚਾਹੇ ਉਹ ਇੱਕ ਵਿਅਕਤੀ ਦੀ ਤਾਨਾਸ਼ਾਹੀ ਹੋਵੇ, ਫੌਜੀ ਤਾਨਾਸ਼ਾਹੀ ਜਾਂ ਜਮਹੂਰੀਅਤ ਆਦਿ ਹੋਵੇ, ਇਸਦੇ ਸਭ ਤੋਂ ਪ੍ਰਮੁੱਖ ਹਿੱਸਿਆਂ ਵਿੱਚ ਉਹ ਸਾਧਨ ਆਉਂਦੇ ਹਨ ਜਿੰਨ੍ਹਾਂ ਦੁਆਰਾ ਉਹ ਸਮਾਜ ਦੇ ਵਿਸ਼ਾਲ ਹਿੱਸੇ ਉੱਤੇ ਦਾਬਾ ਰੱਖਦੇ ਹਨ। ਦਾਬੇ ਦਾ ਕੰਮ ਹਥਿਆਰਬੰਦ ਆਦਮੀਆਂ ਦੀਆਂ ਟੁਕੜੀਆਂ ਜਿਵੇਂ ਫੌਜ, ਪੁਲਿਸ ਆਦਿ ਦੇ ਜ਼ਰੀਏ ਕੀਤਾ ਜਾਂਦਾ ਹੈ। ਠੋਸ ਸਾਧਨਾਂ – ਹਥਿਆਰਾਂ, ਮਜ਼ਬੂਤ ਇਮਾਰਤਾਂ, ਜੇਲ੍ਹਾਂ, ਕੈਦਖਾਨਿਆਂ ਤੇ ਸਲਾਖਾਂ ਰਾਹੀਂ ਅਤੇ ਜ਼ਬਰ ਕਰਨ ਵਾਲ਼ੇ ਤੇ ਮੌਤ ਤੱਕ ਪਹੁੰਚਾਉਣ ਵਾਲ਼ੇ ਯੰਤਰਾਂ ਰਾਹੀਂ ਦਾਬੇ ਦਾ ਇਹ ਕੰਮ ਪੂਰਾ ਕੀਤਾ ਜਾਂਦਾ ਹੈ। ਰਾਜ ਦੇ ਹੱਥਾਂ ਵਿੱਚ ਪ੍ਰਸ਼ਾਸ਼ਨ ਦਾ ਤੰਤਰ ਲਾਜ਼ਮੀ ਰੂਪ ਵਿੱਚ ਹੁੰਦਾ ਹੈ ਅਤੇ ਰਾਜ ਦੇ ਅਧਿਕਾਰੀਆਂ ਦੀ ਇੱਕ ਪੂਰੀ ਪਲਟਨ ਹੁੰਦੀ ਹੈ। ਰਾਜ ਨਿਆਂ-ਪੱਧਤੀ ਵੀ ਵਿਕਸਤ ਕਰਦਾ ਹੈ, ਇਹ ਪੱਧਤੀ ਕਨੂੰਨ ਦੀ ਵਿਆਖਿਆ ਕਰਦੀ ਹੈ ਅਤੇ ਉਸਨੂੰ ਹਰਕਤ ਵਿੱਚ ਲਿਆਉਣ ਦਾ ਨਿਰਣਾ ਕਰਦੀ ਹੈ। ਰਾਜ ਮਨੁੱਖਾਂ ਉੱਤੇ ਸਰੀਰਕ ਜਬਰ ਦਾ ਹੀ ਸਾਧਨ ਨਹੀਂ ਹੈ, ਸਗੋਂ ਵਿਚਾਰਧਾਰਕ ਤੇ ਪ੍ਰਚਾਰ ਏਜੰਸੀਆਂ ਦੇ ਅਲੱਗ-ਅਲੱਗ ਢੰਗਾਂ ਨੂੰ ਮਾਨਸਿਕ ਜਬਰ ਲਈ ਵੀ ਇਸਤੇਮਾਲ ਕਰਦਾ ਹੈ।
ਅਜਿਹੀ ਵਿਸ਼ੇਸ਼ ਜਥੇਬੰਦੀ ਦੀ ਲੋੜ ਉਸੇ ਸਮੇਂ ਪੈਦਾ ਹੋਈ ਜਦੋਂ ਸਮਾਜ ਵਿਰੋਧੀ ਜਮਾਤਾਂ ਵਿੱਚ ਵੰਡਿਆ ਗਿਆ। ਉਸ ਸਮੇਂ ਤੋਂ ਲੈ ਕੇ ਅੱਗੇ ਤੱਕ ਸਮਾਜ ਦੇ ਅੰਦਰ ਇੱਕ ਵਿਸ਼ੇਸ਼ ਸੱਤ੍ਹਾ ਦੇ ਰੂਪ ਵਿੱਚ ਰਾਜ ਜ਼ਰੂਰੀ ਹੋ ਗਿਆ ਜਿਹੜਾ ਸਮਾਜਿਕ ਵਿਰੋਧਾਂ ਤੋਂ ਸਮਾਜ ਨੂੰ ਖਿੰਡ ਜਾਣ ਤੇ ਖਤਮ ਹੋ ਜਾਣ ਤੋਂ ਬਚਾਉਣ ਲਈ ਲੋੜੀਂਦੇ ਹੱਕਾਂ ਤੇ ਤਾਕਤ ਨਾਲ਼ ਲੈੱਸ ਹੁੰਦਾ ਹੈ।
ਏਂਗਲਜ਼ ਲਿਖਦੇ ਹਨ, “ਰਾਜ ਮੁੱਢਕਦੀਮੀ ਸਮੇਂ ਤੋਂ ਹੀ ਮੌਜੂਦ ਨਹੀਂ ਰਿਹਾ ਹੈ… ਅਜਿਹੇ ਸਮੇਂ ਵੀ ਸਨ ਜਦੋਂ ਇਸ ਤੋਂ ਬਿਨਾਂ ਹੀ ਕੰਮ ਚੱਲਦਾ ਸੀ, ਓਨਾਂ ਦੌਰਾਂ ਵਿੱਚ ਰਾਜਸੱਤ੍ਹਾ ਦੀ ਕੋਈ ਕਲਪਨਾ ਹੀ ਨਹੀਂ ਕਰ ਸਕਦਾ ਸੀ। ਆਰਥਿਕ ਵਿਕਾਸ ਦੇ ਇੱਕ ਨਿਸ਼ਚਿਤ ਪੜਾਅ ਉੱਤੇ ਆ ਕੇ ਜਦੋਂ ਜਮਾਤਾਂ ਦੇ ਹੋਂਦ ਵਿੱਚ ਆਉਣ ਕਰਕੇ ਸਮਾਜ ਵਿੱਚ ਵੰਡ ਪੈਦਾ ਹੋ ਗਈ, ਇਸ ਵੰਡ ਕਾਰਨ ਹੀ ਰਾਜ ਜ਼ਰੂਰੀ ਹੋ ਗਿਆ।”8
ਹੋਰ ਅੱਗੇ: “… ਕਿਉਂਕਿ ਰਾਜ ਦਾ ਉਦੈ ਜਮਾਤੀ-ਵਿਰੋਧਾਂ ਨੂੰ ਕਾਬੂ ਵਿੱਚ ਰੱਖਣ, ਸਗੋਂ ਜਮਾਤਾਂ ਵਿਚਾਲ਼ੇ ਸੰਘਰਸ਼ ਦੀ ਗੰਭੀਰ ਸਥਿਤੀ ਵਿੱਚ ਉਹਨਾਂ ਨੂੰ ਕਾਬੂ ਵਿੱਚ ਰੱਖਣ ਦੀ ਜ਼ਰੂਰਤ ਵਿੱਚੋਂ ਹੋਇਆ, ਇਸ ਲਈ ਆਮ ਕਰਕੇ ਸਭ ਤੋਂ ਤਾਕਤਵਰ, ਆਰਥਿਕ ਸੱਤ੍ਹਾਧਾਰੀ ਜਮਾਤ ਦਾ ਰਾਜ ਹੀ ਆਪਣੇ ਸਾਧਨਾਂ ਰਾਹੀਂ ਸਿਆਸੀ ਹਾਕਮ ਜਮਾਤ ਬਣ ਜਾਂਦਾ ਹੈ ਅਤੇ ਇਸ ਤਰ੍ਹਾਂ ਦੱਬੀ-ਕੁਚਲੀ ਜਮਾਤ ਨੂੰ ਹੋਰ ਵਧੇਰੇ ਦਬਾ ਕੇ ਰੱਖਣ ਤੇ ਉਸਦੀ ਲੁੱਟ ਕਰਨ ਲਈ ਨਵੇਂ ਸਾਧਨ ਹਾਸਲ ਕਰ ਲੈਂਦਾ ਹੈ। …। ਸੱਭਿਅਕ ਸਮਾਜ ਦੀ ਕੇਂਦਰੀ ਕੜੀ ਰਾਜ ਹੈ ਜੋ ਨਿਰਵਿਵਾਦ ਰੂਪ ਵਿੱਚ ਸਾਰੇ ਦੌਰਾਂ ਵਿੱਚ ਹਾਕਮ ਜਮਾਤ ਦਾ ਰਾਜ ਹੁੰਦਾ ਹੈ।”9
ਲੈਨਿਨ ਨੇ ਲਿਖਿਆ ਹੈ, “ਰਾਜ ਜਮਾਤੀ ਹਕੂਮਤ ਦਾ ਸੰਦ, ਇੱਕ ਜਮਾਤ ਦੁਆਰਾ ਦੂਜੀ ਜਮਾਤ ਦੇ ਦਾਬੇ ਦਾ ਸੰਦ ਹੈ।”10
ਜਿਵੇਂ ਕਿ ਅਸੀਂ ਦੇਖਿਆ ਹੈ, ਸਮਾਜਿਕ ਵਿਕਾਸ ਦੇ ਹਰੇਕ ਪੜਾਅ ਵਿੱਚ ਪੈਦਾਵਾਰੀ ਸਬੰਧਾਂ ਦਾ ਇੱਕ ਖਾਸ ਰੂਪ ਸਮਾਜਿਕ ਆਰਥਿਕ-ਢਾਂਚੇ ਵਿੱਚ ਪ੍ਰਧਾਨ ਹੋ ਜਾਂਦਾ ਹੈ ਅਤੇ ਇਸਦੇ ਅਨੁਸਾਰੀ ਜਮਾਤ ਸਮਾਜਿਕ ਪੈਦਾਵਾਰ ਵਿੱਚ ਪ੍ਰਮੁੱਖ ਸਥਾਨ ਹਾਸਲ ਕਰ ਲੈਂਦੀ ਹੈ। ਉਹ ਇਸ ਸਥਾਨ ਨੂੰ ਉਸੇ ਹੱਦ ਤੱਕ ਹੀ ਹਾਸਲ ਕਰ ਸਕਦੀ ਤੇ ਬਰਕਰਾਰ ਰੱਖਦੀ ਹੈ ਜਿੱਥੋਂ ਤੱਕ ਉਹ ਆਪਣੇ ਨਿੱਜੀ ਹਿਤਾਂ ਨੂੰ ਬਾਕੀ ਸਮਾਜ ਦੇ ਹਿਤਾਂ ਦੇ ਖਿਲਾਫ਼ ਥੋਪ ਸਕਦੀ ਹੈ ਅਤੇ ਉਹ ਆਪਣੇ ਨਿੱਜੀ ਹਿਤਾਂ ਨੂੰ ਉਸੇ ਹੱਦ ਤੱਕ ਥੋਪ ਸਕਦੀ ਹੈ ਜਿੱਥੋਂ ਤੱਕ ਉਹ ਰਾਜ ਉੱਤੇ ਆਪਣਾ ਕੰਟ੍ਰੋਲ ਕਾਇਮ ਕਰ ਸਕਦੀ ਅਤੇ ਬਰਕਰਾਰ ਰੱਖਦੀ ਹੈ। ਇਸ ਤਰ੍ਹਾਂ ਹਰੇਕ ਦੌਰ ਵਿੱਚ, ਜਦੋਂ ਤੱਕ ਸਮਾਜ ਪਰਸਪਰ ਵਿਰੋਧੀ ਜਮਾਤਾਂ ਵਿੱਚ ਵੰਡਿਆ ਰਹਿੰਦਾ ਹੈ, ਇੱਕ ਵਿਸ਼ੇਸ਼ ਜਮਾਤ ਰਾਜਸੱਤ੍ਹਾ ਉੱਤੇ ਕਾਬਜ਼ ਰਹਿੰਦੀ ਹੈ ਅਤੇ ਖੁਦ ਨੂੰ ਹਾਕਮ ਜਮਾਤ ਦੇ ਰੂਪ ਵਿੱਚ ਕਾਇਮ ਕਰ ਲੈਂਦੀ ਹੈ। ਗੁਲਾਮ ਸਮਾਜ ਵਿੱਚ ਗੁਲਾਮ-ਮਾਲਕ, ਜਗੀਰੂ ਸਮਾਜ ਵਿੱਚ ਜਗੀਰਦਾਰ ਅਤੇ ਸਰਮਾਏਦਾਰਾ ਸਮਾਜ ਵਿੱਚ ਸਰਮਾਏਦਾਰ ਇਸ ਸਥਿਤੀ ਨੂੰ ਹਾਸਲ ਕਰਦੇ ਹਨ ਅਤੇ ਜਦੋਂ ਸਰਮਾਏਦਾਰੀ ਦਾ ਅੰਤ ਹੁੰਦਾ ਹੈ, ਮਜ਼ਦੂਰ ਜਮਾਤ ਹਾਕਮ ਜਮਾਤ ਬਣ ਜਾਂਦੀ ਹੈ।
ਜਦੋਂ ਮਜ਼ਦੂਰ ਜਮਾਤ ਹਾਕਮ ਜਮਾਤ ਬਣਦੀ ਹੈ, ਲੁਟੇਰਿਆਂ ਦਾ ਛੋਟਾ ਜਿਹਾ ਸਮੂਹ ਲੁੱਟੇ ਜਾਂਦਿਆਂ ਦੇ ਵਿਸ਼ਾਲ ਸਮੂਹ ਉੱਤੇ ਹਕੂਮਤ ਨਹੀਂ ਕਰਦਾ, ਸਗੋਂ ਵਿਸ਼ਾਲ ਸਮੂਹ ਦੀ ਹਕੂਮਤ ਛੋਟੇ ਜਿਹੇ ਸਮੂਹ ਉੱਤੇ ਕਾਇਮ ਹੁੰਦੀ ਹੈ। ਮਜ਼ਦੂਰ ਜਮਾਤ ਦਾ ਉਦੇਸ਼ ਸਭ ਤਰ੍ਹਾਂ ਦੀ ਲੁੱਟ ਨੂੰ ਖਤਮ ਕਰਨਾ ਹੁੰਦਾ ਹੈ ਅਤੇ ਇਸ ਤਰ੍ਹਾਂ ਸਭ ਤਰ੍ਹਾਂ ਦੇ ਜਮਾਤੀ-ਵਿਰੋਧਾਂ ਨੂੰ ਖਤਮ ਕਰਨਾ ਹੁੰਦਾ ਹੈ। ਜਦੋਂ ਅੰਤ ਵਿੱਚ ਪੂਰੀ ਦੁਨੀਆਂ ਵਿੱਚ ਮਨੁੱਖ ਦੁਆਰਾ ਮਨੁੱਖ ਦੀ ਸਭ ਤਰ੍ਹਾਂ ਦੀ ਲੁੱਟ ਖਤਮ ਹੋ ਜਾਵੇਗੀ ਤਾਂ ਰਾਜ ਦੀ ਜਾਬਰ ਤਾਕਤ ਦੀ ਲੋੜ ਨਹੀਂ ਰਹੇਗੀ ਅਤੇ ਅਖੀਰ ਵਿੱਚ ਰਾਜ ਖੁਦ-ਬ-ਖੁਦ ਲੋਪ ਜੋ ਜਾਵੇਗਾ।
ਜਮਾਤੀ ਸੰਘਰਸ਼ਾਂ ਦੇ ਇਤਿਹਾਸ ਵਿੱਚ ਹਰੇਕ ਹਾਕਮ-ਲੁਟੇਰੀ ਜਮਾਤ ਨੇ ਪੈਦਾਵਾਰ ਦੇ ਮੌਜੂਦ ਸਬੰਧਾਂ ਅਤੇ ਮੌਜੂਦ ਜਾਇਦਾਦ ਸਬੰਧਾਂ ਦੀ ਸਦਾ ਰੱਖਿਆ ਕੀਤੀ ਹੈ ਕਿਉਂਕਿ ਇਸਦੇ ਸੁਰੱਖਿਅਤ ਰਹਿਣ ਉੱਤੇ ਹੀ ਉਸਦੀ ਜਾਇਦਾਦ, ਉਸਦਾ ਪ੍ਰਭਾਵ ਤੇ ਫਲਸਰੂਪ ਇੱਕ ਜਮਾਤ ਦੇ ਰੂਪ ਵਿੱਚ ਉਸਦੀ ਹੋਂਦ ਨਿਰਭਰ ਕਰਦੀ ਹੈ। ਉਹ ਇਹਨਾਂ ਦੀ ਰੱਖਿਆ ਕਰਨ ਵਿੱਚ ਸਫ਼ਲ ਰਹਿੰਦੀ ਹੈ ਕਿਉਂਕਿ ਉਸਨੇ ਰਾਜਸੱਤ੍ਹਾ ਨੂੰ ਆਪਣੇ ਹੱਥਾਂ ਵਿੱਚ ਰੱਖਿਆ ਹੈ। ਕਿਸੇ ਵੀ ਹਾਕਮ-ਲੁਟੇਰੀ ਜਮਾਤ ਨੇ ਕਦੇ ਆਪਣੀ ਇੱਛਾ ਨਾਲ਼ ਰਾਜਸੱਤ੍ਹਾ ਦਾ ਤਿਆਗ ਨਹੀਂ ਕੀਤਾ ਅਤੇ ਸੱਤ੍ਹਾ ਖੋਹੇ ਜਾਣ ਤੋਂ ਬਾਅਦ ਪੂਰੀ ਤਾਕਤ ਨਾਲ਼ ਸਿਰਤੋੜ ਸੰਘਰਸ਼ ਤੋਂ ਕਦੇ ਪਿੱਛੇ ਨਹੀਂ ਹਟੀ ਅਤੇ ਸੱਤ੍ਹਾ ਨੂੰ ਮੁੜ-ਹਾਸਲ ਕਰਨ ਲਈ ਕੋਈ ਵੀ ਸਾਧਨ ਵਰਤੇ ਬਿਨਾਂ ਨਹੀਂ ਛੱਡਿਆ। ਇਸ ਹਿਸਾਬ ਨਾਲ਼ ਪੈਦਾਵਾਰ ਦੇ ਵਿਦਮਾਨ ਸਬੰਧਾਂ ਨੂੰ ਉਲਟਾਉਣਾ ਹਾਕਮ ਜਮਾਤ ਦੀ ਰਾਜਸੱਤ੍ਹਾ ਨੂੰ ਉਲਟਾਕੇ ਹੀ ਸੰਭਵ ਹੈ।
ਸਿੱਟੇ ਵਜੋਂ, ਹਾਕਮ ਜਮਾਤ ਦੇ ਵਿਰੋਧ ਵਿੱਚ ਖੜੀਆਂ ਹੋਣ ਵਾਲ਼ੀਆਂ ਸਾਰੀਆਂ ਜਮਾਤਾਂ, ਜਿਹਨਾਂ ਦੇ ਹਿਤ ਪੈਦਾਵਾਰ ਦੇ ਵਿਦਮਾਨ ਸਬੰਧਾਂ ਦੇ ਖਾਤਮੇ, ਪੈਦਾਵਾਰ ਦੇ ਨਵੇਂ ਸਬੰਧਾਂ ਦੀ ਸਥਾਪਨਾ ਅਤੇ ਪੈਦਾਵਾਰੀ ਤਾਕਤਾਂ ਦੇ ਹੋਰ ਵਧੇਰੇ ਵਿਕਾਸ ਨਾਲ਼ ਜੁੜੇ ਹੁੰਦੇ ਹਨ, ਹਾਕਮ ਜਮਾਤ ਦੇ ਵਿਰੁੱਧ ਸੰਘਰਸ਼ ਵਿੱਚ ਖੁਦ ਨੂੰ ਸ਼ਾਮਲ ਕਰ ਲੈਂਦੀਆਂ ਹਨ ਅਤੇ ਆਖਰ ਵਿੱਚ ਹਾਕਮ ਜਮਾਤ ਦੇ ਖਿਲਾਫ਼ ਉੱਠ ਖੜੀਆਂ ਹੁੰਦੀਆਂ ਹਨ ਅਤੇ ਉਸਦੀ ਸੱਤ੍ਹਾ ਨੂੰ ਤਬਾਹ ਕਰ ਦਿੰਦੀਆਂ ਹਨ।
ਮਾਰਕਸ ਅਤੇ ਏਂਗਲਜ਼ ਨੇ ਲਿਖਿਆ ਹੈ, “ਹਰੇਕ ਜਮਾਤੀ ਸੰਘਰਸ਼ ਸਿਆਸੀ ਸੰਘਰਸ਼ ਹੁੰਦਾ ਹੈ।”11 ਠੀਕ ਉਸੇ ਤਰ੍ਹਾਂ ਜਿਵੇਂ ਅੰਤਿਮ ਨਿਚੋੜ ਵਿੱਚ ਸਾਰੇ ਸਿਆਸੀ ਸੰਘਰਸ਼ ਜਮਾਤਾਂ ਵਿਚਾਲ਼ੇ ਸੰਘਰਸ਼ਾਂ ਨੂੰ ਪ੍ਰਗਟ ਕਰਦੇ ਹਨ, ਇਸ ਲਈ ਜਮਾਤੀ ਸੰਘਰਸ਼ ਨੂੰ ਸਦਾ ਰਾਜ ਭਾਵ ਸਿਆਸੀ ਮਸਲਿਆਂ ਨੂੰ ਪ੍ਰਭਾਵਿਤ ਕਰਨ ਵਾਲ਼ੇ ਸੰਘਰਸ਼ ਦੇ ਰੂਪ ਵਿੱਚ ਤੇ ਇਨਕਲਾਬੀ ਦੌਰਾਂ ਵਿੱਚ ਰਾਜਸੱਤ੍ਹਾ ਲਈ ਸੰਘਰਸ਼ ਦੇ ਰੂਪ ਵਿੱਚ ਪ੍ਰਗਟ ਹੋਣਾ ਚਾਹੀਦਾ ਹੈ।
ਸਮਾਜ ਦੇ ਆਰਥਿਕ ਢਾਂਚੇ ਵਿੱਚ ਫੈਸਲਾਕੁੰਨ ਇਨਕਲਾਬੀ ਬਦਲਾਵਾਂ ਦਾ ਉਦੈ ਅਤੇ ਉਹਨਾਂ ਲਈ ਰਸਤੇ ਦੀ ਤਿਆਰੀ ਅਜਿਹੀ ਆਰਥਿਕ ਪ੍ਰਕਿਰਿਆ ਜੋ ਮਨੁੱਖਾਂ ਦੀ ਇੱਛਾ ਤੋਂ ਅਜ਼ਾਦ ਹੁੰਦੀ ਹੈ ਤੇ ਪੈਦਾਵਾਰੀ ਤਾਕਤਾਂ ਦੇ ਵਿਕਾਸ ਅਤੇ ਸਿੱਟੇ ਵਜੋਂ, ਨਵੀਆਂ ਪੈਦਾਵਾਰੀ ਤਾਕਤਾਂ ਦੇ ਨਾਲ਼ ਵਿਦਮਾਨ ਪੈਦਾਵਾਰੀ ਸਬੰਧਾਂ ਨਾਲ਼ ਅਣਮੇਲ਼ ਹੋਣ ਕਰਕੇ ਹੁੰਦੀ ਹੈ। ਪ੍ਰੰਤੂ ਅਜਿਹੇ ਬਦਲਾਅ ਬਾਹਰੀ ਤੌਰ ‘ਤੇ ਸਿਆਸੀ ਸੰਘਰਸ਼ਾਂ ਦੇ ਰੂਪ ਵਿੱਚ ਪੈਦਾ ਹੁੰਦੇ ਹਨ। ਕਿਉਂਕਿ ਚਾਹੇ ਜੋ ਸਵਾਲ ਉਠਾਏ ਜਾਣ, ਸੰਘਰਸ਼ ਜੋ ਵੀ ਰੂਪ ਅਖਤਿਆਰ ਕਰੇਗਾ, ਅੰਤ ਵਿੱਚ ਇਹੀ ਤਰੀਕੇ ਹਨ ਜਿਹਨਾਂ ਨਾਲ਼ ਮਨੁੱਖ ਆਰਥਿਕ ਤੇ ਜਮਾਤੀ ਸੰਘਰਸ਼ਾਂ ਪ੍ਰਤੀ ਸੁਚੇਤ ਹੋ ਜਾਂਦੇ ਹਨ ਅਤੇ ਲੜਾਈ ਲੜ ਕੇ ਇਸਦਾ ਨਿਪਟਾਰਾ ਕਰਦੇ ਹਨ।
ਇਸ ਤਰ੍ਹਾਂ ਰਾਜ ਅਤੇ ਸਿਆਸੀ ਸੱਤ੍ਹਾ ਦਾ ਇੱਕ ਜਮਾਤ ਹੱਥੋਂ ਨਿੱਕਲ਼ ਕੇ ਦੂਜੀ ਜਮਾਤ ਦੇ ਹੱਥਾਂ ਵਿੱਚ ਚਲੇ ਜਾਣਾ ਸਮਾਜਿਕ ਇਨਕਲਾਬ ਹੁੰਦਾ ਹੈ। “ਸੱਤ੍ਹਾ ਦਾ ਸਵਾਲ ਹਰੇਕ ਇਨਕਲਾਬ ਦਾ ਬੁਨਿਆਦੀ ਸਵਾਲ ਹੁੰਦਾ ਹੈ।”12
ਇਨਕਲਾਬ ਦਾ ਅਰਥ ਹਾਕਮ ਜਮਾਤ ਜਿਹੜੀ ਵਿਦਮਾਨ ਸਬੰਧਾਂ ਦੀ ਰੱਖਿਆ ਕਰਦੀ ਹੈ, ਨੂੰ ਉਲਟਾਉਣਾ ਹੁੰਦਾ ਹੈ ਅਤੇ ਇਨਕਲਾਬ ਦਾ ਅਰਥ ਸੱਤ੍ਹਾ ਉੱਤੇ ਉਸ ਜਮਾਤ ਦਾ ਕਬਜ਼ਾ ਹੁੰਦਾ ਹੈ ਜਿਹੜੀ ਪੈਦਾਵਾਰ ਦੇ ਨਵੇਂ ਸਬੰਧਾਂ ਦੀ ਕਾਇਮੀ ਚਾਹੁੰਦੀ ਹੈ।
ਹਰੇਕ ਇਨਕਲਾਬ ਇਸ ਤਰ੍ਹਾਂ ਵਿਦਮਾਨ ਜਾਇਦਾਦ ਦੇ ਸਬੰਧਾਂ ਉੱਤੇ ਪੂਰੀ ਤਾਕਤ ਨਾਲ਼ ਵਾਰ ਕਰਦਾ ਹੈ ਅਤੇ ਜਾਇਦਾਦ ਦੇ ਇੱਕ ਰੂਪ ਨੂੰ ਦੂਜੇ ਰੂਪ ਦੇ ਪੱਖ ਵਿੱਚ ਤਬਾਹ ਕਰਨ ਵਿੱਚ ਜੁਟ ਜਾਂਦਾ ਹੈ।
ਮਾਰਕਸ ਅਤੇ ਏਂਗਲਜ਼ ਨੇ ਲਿਖਿਆ ਹੈ, “ਵਿਦਮਾਨ ਜਾਇਦਾਦ ਸਬੰਧਾਂ ਦਾ ਖਾਤਮਾ ਕਮਿਊਨਿਜ਼ਮ ਦਾ ਹੀ ਕੋਈ ਵਿਸ਼ੇਸ਼ ਲੱਛਣ ਬਿਲਕੁਲ ਨਹੀਂ ਹੁੰਦਾ। ਅਤੀਤ ਦੇ ਸਾਰੇ ਜਾਇਦਾਦ ਦੇ ਸਬੰਧ ਇਤਿਹਾਸਕ ਹਾਲਤਾਂ ਵਿੱਚ ਬਦਲਾਅ ਦੇ ਸਿੱਟੇ ਵਜੋਂ ਇਤਿਹਾਸਕ ਬਦਲਾਅ ਦੇ ਅਧੀਨ ਰਹੇ ਹਨ। ਮਿਸਾਲ ਵਜੋਂ, ਫਰਾਂਸੀਸੀ ਇਨਕਲਾਬ ਨੇ ਸਰਮਾਏਦਾਰਾ ਜਾਇਦਾਦ ਦੇ ਪੱਖ ਵਿੱਚ ਜਗੀਰੂ ਜਾਇਦਾਦ ਸਬੰਧਾਂ ਦਾ ਖਾਤਮਾ ਕੀਤਾ। ਕਮਿਊਨਿਜ਼ਮ ਦਾ ਵਿਸ਼ੇਸ਼ ਲੱਛਣ ਵਿਆਪਕ ਰੂਪ ਵਿੱਚ ਜਾਇਦਾਦ ਦਾ ਖਾਤਮਾ ਨਹੀਂ ਸਗੋਂ ਸਰਮਾਏਦਾਰਾ ਜਾਇਦਾਦ ਦਾ ਖਾਤਮਾ ਹੈ।”13
ਤਰੱਕੀ ਅਤੇ ਲੁੱਟ
ਅਤੀਤ ਦੇ ਮਹਾਨ ਇਨਕਲਾਬੀ ਬਦਲਾਵਾਂ ਨੇ ਇੱਕ ਲੋਟੂ ਜਮਾਤ ਦੀ ਥਾਂ ਦੂਜੀ ਲੋਟੂ ਜਮਾਤ ਨੂੰ ਲੈਂਦੇ – ਗੁਲਾਮ-ਮਾਲਕਾਂ ਦੀ ਥਾਂ ਜਗੀਰਦਾਰਾਂ ਨੂੰ ਅਤੇ ਜਗੀਰਦਾਰਾਂ ਦੀ ਥਾਂ ਸਰਮਾਏਦਾਰਾਂ ਨੂੰ – ਅਤੇ ਇਸ ਤਰ੍ਹਾਂ ਲੁੱਟ ਦੇ ਇੱਕ ਢੰਗ ਦੀ ਥਾਂ ਲੁੱਟ ਦੇ ਦੂਜੇ ਢੰਗ ਨੂੰ ਲੈਂਦੇ ਦੇਖਿਆ ਹੈ।
ਇਸ ਪ੍ਰਕਿਰਿਆ ਦੌਰਾਨ ਲੁਟੇਰਿਆਂ ਦੇ ਵਿਰੁੱਧ ਸੰਘਰਸ਼ ਵਿੱਚ ਲੁੱਟੇ ਜਾ ਰਹੇ ਲੋਕਾਂ ਦੀ ਇਨਕਲਾਬੀ ਊਰਜਾ ਨੇ ਇੱਕ ਲੋਟੂ ਜਮਾਤ ਨੂੰ ਤਬਾਹ ਕਰਨ ਵਿੱਚ ਸਹਾਇਤਾ ਕੀਤੀ ਹੈ ਤਾਂ ਕਿ ਉਸ ਦੀ ਥਾਂ ਦੂਜੀ ਲੋਟੂ ਜਮਾਤ ਆ ਸਕੇ। ਉਹਨਾਂ ਦਾ ਸੰਘਰਸ਼ ਪੁਰਾਣੇ ਢੰਗ ਨੂੰ ਤੋੜਕੇ ਨਵਾਂ ਤੇ ਉਚੇਰਾ ਢੰਗ ਕਾਇਮ ਕਰਨ ਵਿੱਚ ਸਹਾਇਕ ਸਿੱਧ ਹੋਇਆ ਭਾਵੇਂ ਕਿ ਉਹ ਵੀ ਜਮਾਤੀ-ਲੁੱਟ ਦਾ ਹੀ ਢੰਗ ਸੀ।
ਇਸ ਤਰ੍ਹਾਂ ਗੁਲਾਮ-ਮਾਲਕਾਂ ਖਿਲਾਫ਼ ਗੁਲਾਮਾਂ ਦੇ ਸੰਘਰਸ਼ ਨੇ ਗੁਲਾਮਦਾਰੀ ਨੂੰ ਖਤਮ ਕਰਨ ਪਰ ਉਸਦੀ ਥਾਂ ਜਗੀਰੂ ਢਾਂਚਾ ਕਾਇਮ ਕਰਨ ਵਿੱਚ ਸਹਾਇਤਾ ਕੀਤੀ। ਜਗੀਰਦਾਰਾਂ ਖਿਲਾਫ਼ ਭੂ-ਗੁਲਾਮਾਂ ਦੇ ਸੰਘਰਸ਼ ਨੇ ਜਗੀਰਦਾਰੀ ਨੂੰ ਖਤਮ ਕਰਨ ਪਰ ਉਸ ਦੀ ਥਾਂ ਸਰਮਾਏਦਾਰੀ ਨੂੰ ਕਾਇਮ ਕਰਨ ਵਿੱਚ ਮਦਦ ਕੀਤੀ।
ਪੂਰੀ ਮਨੁੱਖੀ ਤਰੱਕੀ ਦਾ ਮੂਲ ਮਨੁੱਖ ਦਾ ਕੁਦਰਤ ਉੱਤੇ ਵਧਦਾ ਕੰਟਰੋਲ, ਪੈਦਾਵਾਰ ਦੀਆਂ ਸਮਾਜਿਕ ਤਾਕਤਾਂ ਦੇ ਵਾਧੇ ਵਿੱਚ ਹੁੰਦਾ ਹੈ। ਕੁਦਰਤ ਉੱਤੇ ਆਪਣਾ ਕੰਟਰੋਲ ਵਧਾਉਣ ਵਿੱਚ ਮਨੁੱਖ ਨਾ ਸਿਰਫ਼ ਆਪਣੀਆਂ ਪਦਾਰਥਕ ਲੋੜਾਂ ਦੀ ਪੂਰਤੀ ਹਾਸਲ ਕਰਦੇ ਹਨ ਸਗੋਂ ਆਪਣੇ ਵਿਚਾਰਾਂ ਨੂੰ ਵਿਸਤਾਰ ਦਿੰਦੇ ਹਨ, ਗਿਆਨ ਨੂੰ ਵਧੇਰੇ ਪੂਰਨ ਬਣਾਉਂਦੇ ਹਨ ਅਤੇ ਆਪਣੀਆਂ ਅਲੱਗ-ਅਲੱਗ ਸਮਰੱਥਾਵਾਂ ਨੂੰ ਵਿਕਸਤ ਕਰਦੇ ਹਨ।
ਪਰ ਇਸ ਤਰੱਕੀ ਦਾ ਅੰਤਰਵਿਰੋਧੀ ਖਾਸਾ ਰਿਹਾ ਹੈ। ਜਿਵੇਂ ਜਿਵੇਂ ਮਨੁੱਖ ਨੇ ਕੁਦਰਤ ਉੱਤੇ ਕੰਟਰੋਲ ਕੀਤਾ ਹੈ, ਉਸੇ ਤਰ੍ਹਾਂ ਮਨੁੱਖ ਨੇ ਮਨੁੱਖ ਉੱਤੇ ਜਬਰ ਤੇ ਲੁੱਟ ਵੀ ਕੀਤੀ ਹੈ। ਤਰੱਕੀ ਦੇ ਲਾਭ ਇੱਕ ਪਾਸੇ ਇਕੱਠੇ ਹੁੰਦੇ ਰਹੇ, ਮਿਹਨਤ ਤੇ ਪਸੀਨਾ ਦੂਜੇ ਪਾਸੇ। ਤਰੱਕੀ ਦੇ ਹਰੇਕ ਨਵੇਂ ਪੜਾਅ ਨੇ ਨਾ ਸਿਰਫ਼ ਲੁੱਟ ਦੇ ਨਵੇਂ ਢੰਗਾਂ ਨੂੰ ਜਨਮ ਦਿੱਤਾ, ਸਗੋਂ ਹਰੇਕ ਅਗਲੇਰਾ ਪੜਾਅ ਆਉਣ ਨਾਲ਼ ਵਧੇਰੇ ਤੋਂ ਵਧੇਰੇ ਲੋਕ ਲੁੱਟ ਦਾ ਸ਼ਿਕਾਰ ਹੋਣ ਲੱਗੇ।
“ਕਿਉਂਕਿ ਸੱਭਿਅਤਾ ਇੱਕ ਜਮਾਤ ਦੁਆਰਾ ਦੂਜੀ ਜਮਾਤ ਦੀ ਲੁੱਟ ਉੱਤੇ ਟਿਕੀ ਹੋਈ ਹੈ, ਇਸਦਾ ਸਮੁੱਚਾ ਵਿਕਾਸ ਲਗਾਤਾਰ ਵਿਰੋਧਤਾਈ ਵਿੱਚੋਂ ਹੋ ਕੇ ਲੰਘਦਾ ਹੈ। ਪੈਦਾਵਾਰ ਵਿੱਚ ਹਰ ਇੱਕ ਅਗਲੇਰਾ ਕਦਮ ਲੁਟੀਂਦੀ ਵਿਸ਼ਾਲ ਬਹੁਗਿਣਤੀ ਜਮਾਤ ਦੀ ਪੋਜੀਸ਼ਨ ਪੱਖੋਂ ਇੱਕ ਪਿੱਛੇ ਵੱਲ ਕਦਮ ਹੁੰਦਾ ਹੈ। ਕਿਸੇ ਨੂੰ ਚਾਹੇ ਜੋ ਵੀ ਲਾਭ ਹੋਵੇ, ਦੂਜਿਆਂ ਨੂੰ ਲਾਜ਼ਮੀ ਨੁਕਸਾਨ ਪਹੁੰਚਾਉਂਦਾ ਹੈ। ਇੱਕ ਜਮਾਤ ਦੀ ਹਰੇਕ ਨਵੀਂ ਅਜ਼ਾਦੀ ਦੂਸਰੀ ਜਮਾਤ ਦੀ ਨਵੀਂ ਲੁੱਟ ਦੇ ਰੂਪ ਵਿੱਚ ਵਾਪਰਦੀ ਹੈ।”14
ਇਸ ਤਰ੍ਹਾਂ ਤਰੱਕੀ ਦਾ ਹਰੇਕ ਪੜਾਅ ਆਮ ਕਿਰਤੀ ਲੋਕਾਂ ਦੀ ਕੀਮਤ ਉੱਤੇ ਹਾਸਲ ਕੀਤਾ ਜਾਂਦਾ ਹੈ। ਪਹਿਲੀਆਂ ਵੱਡੀਆਂ ਪੁਲਾਂਘਾਂ ਨੇ ਉਹਨਾਂ ਜਤਨਾਂ ਦੇ ਨਤੀਜਿਆਂ ਦੇ ਫਲਸਰੂਪ ਗੁਲਾਮੀ ਨੂੰ ਜਨਮ ਦਿੱਤਾ ਅਤੇ ਗੁਲਾਮੀ ਦੇ ਸਾਧਨ ਰਾਹੀਂ ਉਸ ਤਰੱਕੀ ਨੂੰ ਅੱਗੇ ਵਧਾਇਆ ਜਾ ਸਕਦਾ ਸੀ। ਆਧੁਨਿਕ ਸਨਅਤ ਦੇ ਜਨਮ ਅਤੇ ਵਿਕਾਸ ਨੇ ਛੋਟੇ-ਪੈਦਾਕਾਰਾਂ ਦੀ ਥੋਕ ਵਿੱਚ ਬਰਬਾਦੀ, ਕਿਸਾਨਾਂ ਦੀ ਵੱਡੀ ਗਿਣਤੀ ਦਾ ਜ਼ਮੀਨ ਤੋਂ ਹੱਥ ਧੋ ਬਹਿਣਾ, ਬਸਤੀਆਂ ਦੀ ਲੁੱਟ ਅਤੇ ਲੁੱਟ ਦੇ ਅਨੇਕਾਂ ਤਰੀਕਿਆਂ ਨਾਲ਼ ਵਧਣ ਜਿਹੇ ਨਤੀਜੇ ਪੈਦਾ ਕੀਤੇ।
ਅਜਿਹਾ ਹੁੰਦੇ ਹੋਏ ਵੀ ਆਧੁਨਿਕ ਸਨਅਤ ਦੇ ਉਦੈ ਨੇ ਪੈਦਾਵਾਰ ਦੀਆਂ ਤਾਕਤਾਂ ਨੂੰ ਉਸ ਹੱਦ ਤੱਕ ਵਧਾ ਦਿੱਤਾ ਜਿਸਦੀ ਪਹਿਲਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਇਹ ਤਾਕਤ ਪਹਿਲੀ ਵਾਰ ਆਦਮੀ ਨੂੰ ਸਰੀਰਕ ਮਿਹਨਤ ਨਾਲ਼ ਥਕਾ ਕੇ ਨਿਢਾਲ਼ ਕੀਤੇ ਬਿਨਾਂ ਹਰੇਕ ਲਈ ਬਹੁਤਾਤ ਵਿੱਚ ਪੈਦਾਵਾਰ ਕਰਦੀ ਹੋਈ ਵਿਦਮਾਨ ਹੈ। ਅਤੀਤ ਦੀਆਂ ਪੈਦਾਵਾਰੀ ਤਾਕਤਾਂ ਇੰਨੀਆਂ ਸੀਮਤ ਸਨ ਕਿ ਸਮਾਜ ਦੇ ਛੋਟੇ ਜਿਹੇ ਸੁਵਿਧਾ-ਪ੍ਰਾਪਤ ਸਮੂਹ ਨੂੰ ਛੱਡ ਕੇ ਕਿਸੇ ਵੀ ਹੋਰ ਵਿਅਕਤੀ ਲਈ ਆਰਾਮ ਦੀਆਂ ਘੜੀਆਂ ਪੈਦਾ ਕਰਨਾ ਅਸੰਭਵ ਸੀ। ਪਰ ਹੁਣ ਉਹ ਹਾਲਤਾਂ ਨਹੀਂ ਰਹਿ ਗਈਆਂ।
ਸਿਰਫ਼ ਇਸੇ ਕਾਰਨ ਅਜਿਹਾ ਸਮਾਂ ਆ ਗਿਆ ਹੈ ਜਦੋਂ ਕਿਰਤੀ ਲੋਕਾਂ ਨੇ ਉਹ ਸਥਿਤੀ ਹਾਸਲ ਕਰ ਲਈ ਹੈ ਕਿ ਉਹ ਖੁਦ ਹਕੂਮਤ ਕਰ ਸਕਦੇ ਹਨ ਅਤੇ ਸਮਾਜ ਦੇ ਵਿਆਪਕ ਪ੍ਰਬੰਧ ਤੇ ਸੰਚਾਲਨ ਨੂੰ ਆਪਣੇ ਹੱਥਾਂ ਵਿੱਚ ਲੈ ਸਕਦੇ ਹਨ। ਬੀਤੇ ਵੇਲ਼ੇ ਵਿੱਚ ਗੁਲਾਮ ਤੇ ਭੂ-ਗੁਲਾਮ ਆਪਣੇ ਹਾਕਮਾਂ ਖਿਲਾਫ਼ ਵਾਰ-ਵਾਰ ਬਗਾਵਤ ਕਰਦੇ ਸਨ ਪਰ ਉਹ ਖੁਦ ਪੈਦਾਵਾਰ ਦੀ ਕਮਾਨ ਸੰਭਾਲਣ ਦੇ ਸਮਰੱਥ ਨਹੀਂ ਸਨ। ਸਮਾਜਿਕ ਮਾਮਲਿਆਂ ਦੇ ਪ੍ਰਬੰਧ ਲਈ ਉਹਨਾਂ ਨੂੰ ਦੂਜਿਆਂ ਦੇ ਮੂੰਹ ਵੱਲ ਦੇਖਣਾ ਪੈਂਦਾ ਸੀ। ਕਿਉਂਕਿ ਪੈਦਾਵਾਰ ਦੀ ਪ੍ਰਣਾਲ਼ੀ ਦਾ ਖਾਸਾ ਹੀ ਅਜਿਹਾ ਸੀ ਕਿ ਉਹਨਾਂ ਨੂੰ ਸਾਰਾ ਸਮਾਂ ਮਿਹਨਤ ਵਿੱਚ ਲੱਗੇ ਰਹਿਣਾ ਪੈਂਦਾ ਸੀ, ਇਸ ਲਈ ਉਹਨਾਂ ਨੂੰ ਹਕੂਮਤ ਦਾ ਕੰਮ ਚਲਾਉਣ ਲਈ ਛੋਟੇ ਜਿਹੇ ਸੁਵਿਧਾ-ਪ੍ਰਾਪਤ ਤੇ ਸਿੱਖਿਅਤ ਤਬਕੇ ਵੱਲ ਦੇਖਣਾ ਪੈਂਦਾ ਸੀ।
ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ ਕਿ ਲੋਟੂ ਤੇ ਲੁੱਟੀਆਂ ਜਾ ਰਹੀਆਂ ਜਮਾਤਾਂ ਵਿੱਚ ਸਮਾਜ ਦੀ ਵੰਡ ਕਿਰਤ ਵੰਡ ਦਾ ਸਿੱਟਾ ਸੀ ਅਤੇ ਹਾਕਮਾਂ ਤੇ ਮਹਿਕੂਮਾਂ ਵਿਚਾਲ਼ੇ ਫ਼ਰਕ ਨਤੀਜਿਆਂ ਦੀ ਅਗਲੀ ਕੜੀ ਸੀ। ਪੈਦਾਵਾਰ ਵਿਕਾਸ ਦੇ ਨਾਲ਼ ਸਮਾਜ ਦੇ ਵਿਆਪਕ ਹਿਤਾਂ ਦੀ ਸੁਰੱਖਿਆ ਸਬੰਧੀ ਅਨੇਕਾਂ ਕੰਮ ਲਾਜ਼ਮੀ ਰੂਪ ਵਿੱਚ ਸਮਾਜ ਦੇ ਇੱਕ ਵਿਸ਼ੇਸ਼ ਸਮੂਹ ਦੇ ਕੰਮ ਬਣ ਗਏ। ਏਂਗਲਜ਼ ਨੇ ਲਿਖਿਆ ਹੈ, “ਸਮਾਜ ਨਾਲ਼ ਜੁੜੇ ਸਮਾਜਿਕ ਕਾਰਜਾਂ ਦਾ ਇਹ ਨਿਖੇੜਾ ਸਮੇਂ ਨਾਲ਼ ਵਧਦਾ ਗਿਆ ਅਤੇ ਇੱਕ ਦਿਨ ਅਜਿਹਾ ਆਇਆ ਜਦੋਂ ਉਹ ਸਮਾਜ ਉੱਤੇ ਸੱਤ੍ਹਾ ਦੇ ਰੂਪ ਵਿੱਚ ਬਦਲ ਗਿਆ।”15
ਇਸ ਦੇ ਫਲਸਰੂਪ ਲੋਕਾਈ ਦੇ ਵਿਸ਼ਾਲ ਹਿੱਸੇ ਅਜਿਹੀ ਹਾਲਤ ਵਿੱਚ ਧੱਕ ਦਿੱਤੇ ਗਏ ਜਿੱਥੇ ਉਹਨਾਂ ਨੂੰ ਪੂਰੀ ਤਰ੍ਹਾਂ ਸਖਤ ਮਿਹਨਤ ਵਿੱਚ ਲੱਗੇ ਰਹਿਣਾ ਪੈਂਦਾ ਸੀ ਅਤੇ ਸਮਾਜਿਕ ਅਗਵਾਈ ਤੇ ਪ੍ਰਬੰਧ ਚਲਾਉਣ ਦੇ ਕੰਮਾਂ ਨੂੰ ਮਾਲਕ ਜਮਾਤ ਨੇ ਆਪਣੇ ਹੱਥਾਂ ਵਿੱਚ ਲੈ ਲਿਆ।
“ਕਿਰਤ ਵਿੱਚ ਪੂਰੀ ਤਰ੍ਹਾਂ ਡੁੱਬੀ ਵਿਸ਼ਾਲ ਬਹੁਗਿਣਤੀ ਦੇ ਨਾਲ਼-ਨਾਲ਼ ਇੱਕ ਅਜਿਹੀ ਜਮਾਤ ਵਿਕਸਤ ਹੋਈ ਜਿਹੜੀ ਸਿੱਧੀ ਪੈਦਾਵਾਰੀ ਕਿਰਤ ਤੋਂ ਮੁਕਤ ਸੀ, ਜਿਹੜੀ ਸਮਾਜ ਦੇ ਆਮ ਕੰਮ-ਕਾਰ ਜਿਵੇਂ ਕਿਰਤ ਦੀ ਦੇਖ-ਰੇਖ, ਰਾਜ ਦੇ ਮਾਮਲੇ, ਕਨੂੰਨੀ ਮਸਲੇ, ਕਲਾ, ਵਿਗਿਆਨ ਆਦਿ ਦਾ ਪ੍ਰਬੰਧ ਕਰਦੀ ਸੀ। ਇਸ ਤਰ੍ਹਾਂ ਦੀ ਵੰਡ ਦਾ ਨਿਯਮ ਹੀ ਜਮਾਤਾਂ ਵਿੱਚ ਵੰਡ ਦੇ ਮੂਲ ਵਿੱਚ ਪਾਇਆ ਜਾਂਦਾ ਹੈ।”16
ਅਤੇ ਸਿੱਟੇ ਵਜੋਂ “ਜਿੱਥੇ ਆਮ ਕਿਰਤੀ ਲੋਕ ਆਪਣੀ ਲਾਜ਼ਮੀ ਕਿਰਤ ਵਿੱਚ ਇੰਨੇ ਰੁੱਝੇ ਹੋਏ ਸਨ ਕਿ ਉਹਨਾਂ ਕੋਲ ਸਮਾਜ ਦੇ ਸਰਵਜਨਕ ਮਾਮਲਿਆਂ ਜਿਵੇਂ ਕਿਰਤ ਦੀ ਦੇਖ-ਰੇਖ, ਰਾਜ ਦੇ ਮਾਮਲੇ, ਕਾਨੂੰਨੀ ਮਸਲੇ, ਕਲਾ, ਵਿਗਿਆਨ ਆਦਿ ਨੂੰ ਦੇਖਣ ਦਾ ਸਮਾਂ ਨਹੀਂ ਸੀ, ਉਸ ਹੱਦ ਤੱਕ ਇਹ ਜ਼ਰੂਰੀ ਸੀ ਕਿ ਇੱਕ ਅਜਿਹਾ ਵਿਸ਼ੇਸ਼ ਤਬਕਾ ਹੋਣਾ ਚਾਹੀਦਾ ਹੈ ਜਿਹੜਾ ਪ੍ਰਤੱਖ ਕਿਰਤ ਤੋਂ ਮੁਕਤ ਹੋਵੇ ਅਤੇ ਜੋ ਇਹਨਾਂ ਮਾਮਲਿਆਂ ਦਾ ਪ੍ਰਬੰਧ ਦੇਖੇ।” ਅਤੇ ਇਸ ਤਰ੍ਹਾਂ ਇਸ ਤਬਕੇ ਨੇ “ਆਪਣੇ ਲਾਭ ਲਈ ਕਿਰਤੀ ਆਮ ਲੋਕਾਂ ਉੱਤੇ ਕੰਮ ਦਾ ਵਧੇਰੇ ਤੋਂ ਵਧੇਰੇ ਬੋਝ ਲੱਦਣ ਵਿੱਚ ਕੋਈ ਕਸਰ ਨਹੀਂ ਛੱਡੀ।”
ਏਂਗਲਜ਼ ਨੇ ਨਿਚੋੜ ਦੇ ਤੌਰ ‘ਤੇ ਕਿਹਾ, “ਪੈਦਾਵਾਰੀ ਤਾਕਤਾਂ ਵਿੱਚ ਵੱਡੇ ਪੈਮਾਨੇ ਦੀ ਸਨਅਤ ਕਾਰਨ ਹੋਣ ਵਾਲ਼ੇ ਜਬਰਦਸਤ ਵਾਧੇ ਨਾਲ਼ ਹੀ ਇਹ ਸੰਭਵ ਹੁੰਦਾ ਹੈ ਕਿ … ਹਰੇਕ ਵਿਅਕਤੀਗਤ ਮੈਂਬਰ ਦੇ ਕਿਰਤ ਵਿੱਚ ਲੱਗਣ ਵਾਲ਼ੇ ਸਮੇਂ ਨੂੰ ਇਸ ਹੱਦ ਤੱਕ ਸੀਮਤ ਕਰ ਦਿੱਤਾ ਜਾਵੇ ਕਿ ਉਹਨਾਂ ਸਾਰਿਆਂ ਕੋਲ਼ ਦੇ ਵਿਆਪਕ ਮਾਮਲਿਆਂ – ਸਿਧਾਂਤਕ ਤੇ ਵਿਹਾਰਕ – ਦੋਵਾਂ ਵਿੱਚ ਹਿੱਸਾ ਲੈਣ ਲਈ ਕਾਫ਼ੀ ਸਮਾਂ ਹੋਵੇ। ਅਜਿਹੀ ਸਥਿਤੀ ਵਿੱਚ ਆ ਕੇ ਹੀ ਕਿਸੇ ਹਾਕਮ ਤੇ ਲੋਟੂ ਜਮਾਤ ਦੀ ਲੋੜ ਖਤਮ ਹੁੰਦੀ ਹੈ।”17
ਮੌਜੂਦਾ ਸਦੀ ਦੇ ਆਰੰਭ ਤੱਕ (ਭਾਵ 20ਵੀਂ ਸਦੀ ਦੇ ਆਰੰਭ ਤੱਕ – ਅਨੁ) ਸਰਮਾਏਦਾਰੀ ਸਾਮਰਾਜ ਦੇ ਪੱਧਰ ਤੱਕ ਵਿਕਸਤ ਹੋ ਚੁੱਕੀ ਸੀ ਜਦੋਂ ਕੁਝ ਦੈਂਤਾਕਾਰ ਅਜਾਰੇਦਾਰਾਂ ਨੇ ਪੂਰੀ ਦੁਨੀਆਂ ਨੂੰ ਆਪਣੇ ਵਿੱਚ ਵੰਡ ਲਿਆ। ਸਮੁੱਚੀ ਲੋਕਾਈ ਉਹਨਾਂ ਦੀ ਗੁਲਾਮ ਬਣ ਗਈ। ਸਿਰਫ਼ ਕੁਝ ਹੱਥਾਂ ਵਿੱਚ ਹੱਦੋਂ ਵੱਧ ਜਾਇਦਾਦ ਤੇ ਸੱਤ੍ਹਾ ਕੇਂਦਰਿਤ ਹੋ ਗਈ। ਕੁਝ ਲੋਕਾਂ ਦੀ ਜਾਇਦਾਦ ਤੇ ਸੱਤ੍ਹਾ ਅਤੇ ਬਾਕੀ ਬਹੁਗਿਣਤੀ ਦੀ ਬੇਵਸੀ ਤੇ ਗਰੀਬੀ ਵਿਚਾਲ਼ੇ ਪਾੜਾ ਇੰਨਾ ਤਿੱਖਾ ਤੇ ਸਪੱਸ਼ਟ ਹੋ ਗਿਆ ਜਿੰਨਾ ਪਹਿਲਾਂ ਕਦੇ ਨਾ ਸੀ ਅਤੇ ਨਾ ਹੀ ਇੰਨੇ ਸੰਸਾਰਵਿਆਪੀ ਪੈਮਾਨੇ ਉੱਤੇ ਇਹ ਸਾਹਮਣੇ ਆਇਆ ਸੀ। ਪਰ ਇਹੀ ਸਮਾਂ ਲੋਕਾਈ ਲਈ ਢੁੱਕਵਾਂ ਸੀ ਕਿ ਅਖੀਰ ਉਸਨੇ ਪਹਿਲਕਦਮੀ ਆਪਣੇ ਹੱਥਾਂ ਵਿੱਚ ਲੈ ਲਈ। ਸਾਮਰਾਜਵਾਦ ਸਮਾਜਵਾਦੀ ਇਨਕਲਾਬਾਂ ਦਾ ਯੁੱਗ ਹੈ, ਇੱਕ ਬਿਲਕੁਲ ਵੱਖਰੇ ਕਿਸਮ ਦੇ ਇਨਕਲਾਬਾਂ ਦਾ ਯੁੱਗ ਹੈ ਜਿਹੜਾ ਲੁੱਟ ਨੂੰ ਖਤਮ ਕਰਦਾ ਹੈ ਅਤੇ ਜਮਾਤੀ-ਵਿਰੋਧਾਂ ਤੋਂ ਮੁਕਤ ਸਮਾਜ ਦੀ ਨੀਂਹ ਰੱਖਦਾ ਹੈ।
ਵੱਡੇ ਪੈਮਾਨੇ ਉੱਤੇ ਆਧੁਨਿਕ ਸਨਅਤ ਦੀ ਸਮਾਜੀਕ੍ਰਿਤ ਪੈਦਾਵਾਰ ਨੂੰ ਸਥਾਪਤ ਕਰਕੇ ਸਰਮਾਏਦਾਰੀ ਨੇ ਅਜਿਹੀਆਂ ਹਾਲਤਾਂ ਦੀ ਸਿਰਜਣਾ ਕੀਤੀ ਹੈ ਜਿੰਨ੍ਹਾਂ ਅਧੀਨ ਪਹਿਲੀ ਵਾਰ ਸਮਾਜ ਦੇ ਸਾਰੇ ਮੈਂਬਰਾਂ ਲਈ ਨਾ ਕੇਵਲ ਲਗਾਤਾਰ ਉੱਚੇ ਹੁੰਦੇ ਜੀਵਨ ਪੱਧਰ ਨੂੰ ਹਾਸਲ ਕਰਨਾ ਸੰਭਵ ਹੈ ਸਗੋਂ ਉਹਨਾਂ ਦੀਆਂ ਸਾਰੀਆਂ ਸਮਰੱਥਾਵਾਂ ਦੇ ਪੂਰਨ, ਨਿਰਵਿਘਨ ਵਿਕਾਸ ਦੀਆਂ ਸੰਭਾਵਨਾਵਾਂ ਵੀ ਪੈਦਾ ਹੋ ਗਈਆਂ ਹਨ। ਅਤੇ ਇਸਨੇ ਮਜ਼ਦੂਰ ਜਮਾਤ ਦੇ ਰੂਪ ਵਿੱਚ ਇੱਕ ਲੁੱਟੀ ਜਾਂਦੀ ਜਮਾਤ ਨੂੰ ਪੈਦਾ ਕੀਤਾ ਹੈ ਜਿਹੜੀ ਵੱਡ-ਪੱਧਰੀ ਸਨਅਤ ਦੀ ਉਪਜ ਹੋਣ ਕਰਕੇ ਸਮਾਜ ਦਾ ਪ੍ਰਬੰਧ ਤੇ ਅਗਵਾਈ ਆਪਣੇ ਹੱਥਾਂ ਵਿੱਚ ਲੈਣ ਲਈ ਪੂਰੀ ਤਰ੍ਹਾਂ ਸਮਰੱਥ ਹੈ। ਸਨਅਤ ਦੀ ਤਰੱਕੀ ਹੀ ਅਜਿਹੀਆਂ ਹਾਲਤਾਂ ਸਿਰਜਦੀ ਹੈ ਜਿੰਨ੍ਹਾਂ ਅਧੀਨ ਮਜ਼ਦੂਰ ਜਮਾਤ ਦੀ ਨਾ ਸਿਰਫ਼ ਗਿਣਤੀ ਤੇ ਜਥੇਬੰਦੀ ਵਿੱਚ ਵਾਧਾ ਹੁੰਦਾ ਹੈ ਸਗੋਂ ਉਹ ਪੈਦਾਵਾਰ ਦੀ ਵਾਗਡੋਰ ਸੰਭਾਲਣ ਦੀ ਜ਼ਿੰਮੇਵਾਰੀ ਉਠਾਉਣ ਲਈ ਵੀ ਖੁਦ ਨੂੰ ਸਿੱਖਿਅਤ ਕਰਦੀ ਹੈ।
ਇਸ ਤਰ੍ਹਾਂ ਅਸੀਂ ਇਸ ਸਿੱਟੇ ਉੱਤੇ ਪੁੱਜਦੇ ਹਾਂ ਕਿ “ਜਮਾਤੀ ਸੰਘਰਸ਼ ਦਾ ਇਤਿਹਾਸ ਵਿਗਾਸ ਦੀ ਇੱਕ ਲੜੀ ਸਿਰਜਦਾ ਹੈ ਜਿਸ ਵਿੱਚ ਹੀ ਵਰਤਮਾਨ ਸਮੇਂ ਦਾ ਅਜਿਹਾ ਦੌਰ ਆਇਆ ਹੈ ਜਿੱਥੇ ਆਕੇ ਲੁੱਟੀ ਤੇ ਦੱਬੀ-ਕੁਚਲ਼ੀ ਮਜ਼ਦੂਰ ਜਮਾਤ ਲੋਟੂ ਤੇ ਹਾਕਮ ਸਰਮਾਏਦਾਰ ਜਮਾਤ ਦੀ ਸੱਤ੍ਹਾ ਤੋਂ ਆਪਣੀ ਮੁਕਤੀ ਓਨਾ ਚਿਰ ਹਾਸਲ ਨਹੀਂ ਕਰ ਸਕਦੀ ਜਿੰਨਾ ਚਿਰ ਉਹ ਉਸੇ ਸਮੇਂ ਹੀ ਵਿਸ਼ਾਲ ਸਮਾਜ ਨੂੰ ਹਰ ਤਰ੍ਹਾਂ ਦੀ ਲੁੱਟ, ਦਾਬੇ, ਜਮਾਤੀ ਭੇਦਭਾਵ ਤੇ ਜਮਾਤੀ ਸੰਘਰਸ਼ਾਂ ਤੋਂ ਸਦਾ ਲਈ ਮੁਕਤ ਨਹੀਂ ਕਰ ਦਿੰਦੀ।”18
ਸਮਾਜਵਾਦੀ ਇਨਕਲਾਬ
ਸਮਾਜਿਕ ਵਿਕਾਸ ਦੇ ਨਿਯਮਾਂ ਦੇ ਪਦਾਰਥਵਾਦੀ ਸਿਧਾਂਤ ਦਾ ਮੁੱਖ ਨਿਚੋੜ ਸਮਾਜਵਾਦੀ ਇਨਕਲਾਬ ਦੀ ਲੋੜ ਨੂੰ ਰੇਖਾਂਕਿਤ ਕਰਦਾ ਹੈ ਅਤੇ ਇਤਿਹਾਸ ਦਾ ਪਦਾਰਥਵਾਦੀ ਸਿਧਾਂਤ ਇਹ ਸਪੱਸ਼ਟ ਕਰਦਾ ਹੈ ਕਿ ਸਮਾਜਵਾਦ ਨੂੰ ਕਿੰਨ੍ਹਾਂ ਤਾਕਤਾਂ ਨੂੰ ਆਪਣੇ ਨਾਲ਼ ਜੋੜਨਾ ਚਾਹੀਦਾ ਹੈ ਅਤੇ ਸਮਾਜਵਾਦ ਦੀ ਜਿੱਤ ਕਿਵੇਂ ਹਾਸਲ ਕੀਤੀ ਜਾ ਸਕਦੀ ਹੈ।
ਸਮਾਜਵਾਦੀ ਇਨਕਲਾਬ ਦਾ ਰੂਪ ਮਨੁੱਖੀ ਇਤਿਹਾਸ ਦੇ ਅਤੀਤ ਦੇ ਹਰੇਕ ਇਨਕਲਾਬ ਬਦਲਾਅ ਤੋਂ ਵੱਖਰਾ ਹੁੰਦਾ ਹੈ। ਹਰੇਕ ਇਨਕਲਾਬ ਵਿੱਚ ਸਮਾਜ ਦਾ ਆਰਥਿਕ ਢਾਂਚਾ ਬਦਲ ਜਾਂਦਾ ਹੈ। ਪਹਿਲਾਂ ਦੇ ਹਰੇਕ ਬਦਲਾਅ ਦਾ ਨਤੀਜਾ ਲੁੱਟ ਦੇ ਨਵੇਂ ਢੰਗ ਦੇ ਜਨਮ ਅਤੇ ਮਜ਼ਬੂਤੀਕਰਨ ਦੇ ਰੂਪ ਵਿੱਚ ਨਿੱਕਲ਼ਿਆ ਹੈ। ਦੂਜੇ ਪਾਸੇ, ਸਮਾਜਵਾਦੀ ਇਨਕਲਾਬ ਮਨੁੱਖ ਦੁਆਰਾ ਮਨੁੱਖ ਦੀ ਸਭ ਤਰ੍ਹਾਂ ਦੀ ਲੁੱਟ ਨੂੰ ਹਮੇਸ਼ਾਂ-ਹਮੇਸ਼ਾਂ ਲਈ ਖਤਮ ਕਰ ਦਿੰਦਾ ਹੈ।
ਹਰੇਕ ਇਨਕਲਾਬ ਵਿੱਚ ਇੱਕ ਨਵੀਂ ਜਮਾਤ ਹਾਕਮ ਜਮਾਤ ਦੇ ਰੂਪ ਵਿੱਚ ਸੱਤ੍ਹਾ ਵਿੱਚ ਆਉਂਦੀ ਹੈ। ਪਹਿਲਾਂ ਦੇ ਹਰੇਕ ਇਨਕਲਾਬ ਦੌਰਾਨ ਸੱਤ੍ਹਾ ਇੱਕ ਲੁਟੇਰੀ ਜਮਾਤ, ਸਮਾਜ ਦੀ ਇਕ ਛੋਟੇ ਜਿਹੇ ਘੱਟਗਿਣਤੀ ਸਮੂਹ ਦੇ ਹੱਥਾਂ ਵਿੱਚ ਆਉਂਦੀ ਰਹੀ ਹੈ। ਦੂਜੇ ਪਾਸੇ, ਸਮਾਜਵਾਦੀ ਇਨਕਲਾਬ ਵਿੱਚ ਸੱਤ੍ਹਾ ਆਮ ਕਿਰਤੀ ਲੋਕਾਂ ਦੇ ਆਗੂ ਮਜ਼ਦੂਰ ਜਮਾਤ ਦੇ ਹੱਥਾਂ ਵਿੱਚ, ਭਾਵ ਵਿਸ਼ਾਲ ਬਹੁਗਿਣਤੀ ਦੇ ਹੱਥਾਂ ਵਿੱਚ ਆਉਂਦੀ ਹੈ। ਇਸ ਸੱਤ੍ਹਾ ਦੀ ਵਰਤੋਂ ਕਿਸੇ ਲੁਟੇਰੀ ਜਮਾਤ ਦੇ ਵਿਸ਼ੇਸ਼-ਅਧਿਕਾਰਾਂ ਨੂੰ ਮਜ਼ਬੂਤ ਕਰਨ ਲਈ ਨਹੀਂ, ਸਗੋਂ ਅਜਿਹੇ ਸਾਰੇ ਵਿਸ਼ੇਸ਼-ਅਧਿਕਾਰਾਂ ਨੂੰ ਖਤਮ ਕਰਨ ਲਈ ਅਤੇ ਸਾਰੇ ਜਮਾਤੀ-ਵਿਰੋਧਾਂ ਨੂੰ ਖਤਮ ਕਰਨ ਲਈ ਹੁੰਦੀ ਹੈ।
ਜਿਸ ਸਮੇਂ ਤੋਂ ਜਮਾਤੀ-ਸਮਾਜ ਸ਼ੁਰੂ ਹੋਇਆ ਹੈ, ਹਰੇਕ ਇਨਕਲਾਬ ਉਸ ਹੱਦ ਤੱਕ ਮੁਕਤੀ ਦਾ ਇੱਕ ਕਦਮ ਰਿਹਾ ਹੈ ਜਿਸ ਹੱਦ ਉਸਨੇ ਸਮਾਜ ਨੂੰ ਜਮਾਤੀ-ਦਾਬੇ ਤੋਂ ਕਿਸੇ ਨਾ ਕਿਸੇ ਰੂਪ ਵਿੱਚ ਨਿਜ਼ਾਤ ਦਿਵਾਈ ਹੈ। ਇਸ ਹੱਦ ਤੱਕ ਹਰੇਕ ਇਨਕਲਾਬ ਦਾ ਖਾਸਾ ਹਰਮਨਪਿਆਰਾ ਰਿਹਾ ਹੈ। ਪ੍ਰੰਤੂ ਅਤੀਤ ਦੇ ਹਰੇਕ ਇਨਕਲਾਬ ਵਿੱਚ ਦਾਬੇ ਦੇ ਇੱਕ ਰੂਪ ਦੇ ਖਾਤਮੇ ਤੋਂ ਬਾਅਦ ਉਸ ਦੇ ਸਥਾਨ ਉੱਤੇ ਦਾਬੇ ਦਾ ਦੂਜਾ ਰੂਪ ਆ ਗਿਆ। ਲੋਕਾਈ ਦੀ ਊਰਜਾ ਦਾਬੇ ਦੇ ਪੁਰਾਣੇ ਢੰਗ ਨੂੰ ਖਤਮ ਕਰਨ ਵਿੱਚ ਲੱਗਦੀ ਰਹੀ। ਜਿੱਥੋਂ ਤੱਕ ਨਵੇਂ ਢੰਗ ਦਾ ਸਵਾਲ ਹੈ, ਜਿਸਨੇ ਪੁਰਾਣੇ ਢੰਗ ਦੀ ਥਾਂ ਲਈ ਹੁੰਦੀ ਹੈ, ਉਹ ਨਵੇਂ ਲੋਟੂਆਂ ਦੀ ਦੇਖ-ਰੇਖ ਵਿੱਚ ਖੜਾ ਹੁੰਦਾ ਹੈ ਜਿਹਨਾਂ ਨੇ ਲੋਕਾਂ ਉੱਤੇ ਜਬਰ ਦੇ ਨਵੇਂ ਰੂਪ ਥੋਪਣ ਨੂੰ ਲਾਜ਼ਮੀ ਤੌਰ ‘ਤੇ ਆਪਣਾ ਕੰਮ ਬਣਾ ਲਿਆ। ਦੂਜੇ ਪਾਸੇ ਸਮਾਜਵਾਦੀ ਇਨਕਲਾਬ ਵਿੱਚ ਲੋਕ ਨਾ ਸਿਰਫ਼ ਪੁਰਾਣੇ ਢੰਗ ਨੂੰ ਖਤਮ ਕਰਦੇ ਹਨ ਸਗੋਂ ਉਹ ਨਵੇਂ ਢੰਗ ਦੇ ਖੁਦ ਉਸਰੱਈਏ ਵੀ ਬਣਦੇ ਹਨ।
ਜਦੋਂ ਸਮਾਜਵਾਦ ਦੀ ਜਿੱਤ ਹੁੰਦੀ ਹੈ, ਕਿਸੇ ਜਮਾਤ, ਕਿਸੇ ਕੌਮ, ਕਿਸੇ ਵੀ ਲੋਕਾਈ ਨੂੰ ਕਿਸੇ ਦੂਜੇ ਦੁਆਰਾ ਲੁੱਟ ਦਾ ਸ਼ਿਕਾਰ ਬਣਾਉਣ ਦੇ ਮਕਸਦ ਨਾਲ਼ ਦਬਾ ਕੇ ਨਹੀਂ ਰੱਖਿਆ ਜਾਂਦਾ। ਜਬਰ ਤੇ ਦਾਬੇ ਦਾ ਜੋ ਕਦਮ ਸਮਾਜਵਾਦੀ ਇਨਕਲਾਬ ਵਿੱਚ ਉਠਾਇਆ ਜਾਂਦਾ ਹੈ, ਉਸਦਾ ਨਿਸ਼ਾਨਾ ਲੋਟੂਆਂ ਦਾ ਛੋਟਾ ਜਿਹਾ ਸਮੂਹ ਹੁੰਦਾ ਹੈ ਤਾਂ ਕਿ ਦੇਸ਼ ਅੰਦਰ ਹਾਰ ਚੁੱਕੀ ਲੋਟੂ ਜਮਾਤ ਨੂੰ ਸੱਤ੍ਹਾ ਵਿੱਚ ਵਾਪਸ ਆਉਣ ਅਤੇ ਬਾਹਰੀ ਤਾਕਤਾਂ ਦੁਆਰਾ ਸਾਜਿਸ਼ ਤੇ ਹਮਲੇ ਨੂੰ ਰੋਕਿਆ ਜਾ ਸਕੇ। ਦੇਸ਼ ਦੇ ਅੰਦਰ ਜਮਾਤੀ-ਵਿਰੋਧ ਜਿਵੇਂ-ਜਿਵੇਂ ਘੱਟ ਹੁੰਦੇ ਜਾਂਦੇ ਹਨ, ਸਮਾਜਵਾਦੀ ਰਾਜ ਦੀਆਂ ਦਾਬਾਕਾਰੀ ਤਾਕਤਾਂ ਨੂੰ ਉਸੇ ਨਿਸਬਤ ਵਿੱਚ ਅੰਦਰੂਨੀ ਮਾਮਲਿਆਂ ਦੀ ਬਜਾਏ ਬਾਹਰ ਵੱਲ ਮੋੜ ਦਿੱਤਾ ਜਾਂਦਾ ਹੈ। ਸੋਵੀਅਤ ਸੰਘ ਵਿੱਚ ਵਿਰੋਧੀ ਜਮਾਤਾਂ ਦਾ ਫਰਕ ਮੱਠਾ ਹੋ ਜਾਣ ਤੋਂ ਬਾਅਦ ਸਤਾਲਿਨ ਨੇ ਲਿਖਿਆ ਸੀ: “ਹੁਣ ਦੇਸ਼ ਵਿੱਚ ਸਾਡੇ ਰਾਜ ਦੀ ਮੁੱਖ ਜ਼ਿੰਮੇਵਾਰੀ ਅਮਨਪੂਰਵਕ ਆਰਥਿਕ ਜਥੇਬੰਦੀ ਅਤੇ ਸੱਭਿਆਚਾਰਕ ਸਿੱਖਿਆ ਦੇ ਕਾਰਜ ਨੂੰ ਪੂਰਾ ਕਰਨਾ ਹੈ। ਜਿੱਥੋਂ ਤੱਕ ਸਾਡੀ ਫੌਜ, ਸਜ਼ਾ ਦੇਣ ਵਾਲ਼ੀਆਂ ਸੰਸਥਾਵਾਂ ਅਤੇ ਖ਼ੁਫ਼ੀਆ ਸੇਵਾ ਦਾ ਸਬੰਧ ਹੈ, ਉਸਦੀ ਧਾਰ ਦੇਸ਼ ਦੇ ਅੰਦਰ ਵੱਲ ਨੂੰ ਨਹੀਂ ਰਹਿ ਗਈ ਹੈ ਸਗੋਂ ਉਸਨੂੰ ਬਾਹਰ ਵੱਲ, ਬਾਹਰੀ ਦੁਸ਼ਮਣਾਂ ਦੇ ਖਿਲਾਫ਼ ਮੋੜ ਦਿੱਤਾ ਗਿਆ ਹੈ।”19
ਅੰਤ ਵਿੱਚ ਜਦੋਂ (ਤੇ ਕੇਵਲ ਉਦੋਂ ਹੀ) ਸਾਰੇ ਦੇਸ਼ਾਂ ਵਿੱਚ ਲੁੱਟ ਦਾ ਮੂਲੋਂ ਨਾਸ਼ ਹੋ ਜਾਵੇਗਾ ਅਤੇ ਕਿਤੇ ਵੀ ਲੋਟੂ ਜਮਾਤਾਂ ਦੇ ਕਿਸੇ ਗੁੱਟ ਦਾ ਕੋਈ ਖਤਰਾ ਨਹੀਂ ਰਹਿ ਜਾਵੇਗਾ, ਜਦੋਂ ਸਮਾਜਵਾਦ ਸਾਰੀ ਦੁਨੀਆਂ ਵਿੱਚ ਜਿੱਤ ਜਾਵੇਗਾ, ਉਸ ਸਮੇਂ ਜਬਰ ਤੇ ਦਾਬੇ ਦੇ ਸਾਰੇ ਨਿਸ਼ਾਨ ਮਿਟ ਜਾਣਗੇ। ਜਿਵੇਂ ਕਿ ਏਂਗਲਜ਼ ਨੇ ਕਿਹਾ ਹੈ, ਜਬਰ ਦਾ ਵਿਸ਼ੇਸ਼ ਸੰਦ ਰਾਜ ਆਖਿਰਕਾਰ “ਮੁਰਝਾ ਕੇ ਸੁੱਕ ਜਾਵੇਗਾ।” ਸੁਭਾਵਿਕ ਹੈ ਕਿ ਕੇਂਦਰੀਕ੍ਰਿਤ ਪ੍ਰਬੰਧ ਤੇ ਪ੍ਰਸ਼ਾਸ਼ਨਿਕ ਤੰਤਰ ਵੱਡੇ ਪੈਮਾਨੇ ਉੱਤੇ ਮੌਜੂਦ ਰਹੇਗਾ। ਪੈਦਾਵਾਰ ਨਿਯੰਤਰਿਤ ਹੋਵੇਗੀ, ਸਿਹਤ, ਸਿੱਖਿਆ ਤੇ ਦੂਜੀਆਂ ਸੇਵਾਵਾਂ ਜਥੇਬੰਦ ਕੀਤੀਆਂ ਜਾਣਗੀਆਂ। ਪ੍ਰੰਤੂ ਦਾਬਾ ਜਾਂ ਜਬਰ ਨਹੀਂ ਰਹੇਗਾ, ਇਸ ਤਰ੍ਹਾਂ ਸਮਾਜ ਵਿੱਚ ਵਿਸ਼ੇਸ਼ ਦਾਬਾਕਾਰੀ ਤੇ ਜਾਬਰ ਜਥੇਬੰਦੀ “ਰਾਜ” ਨਹੀਂ ਰਹੇਗੀ। “ਵਿਅਕਤੀਆਂ ਦੀ ਹਕੂਮਤ ਦੀ ਥਾਂ ਮਾਮਲਿਆਂ ਦਾ ਪ੍ਰਸ਼ਾਸ਼ਨ ਤੇ ਪੈਦਾਵਾਰ ਦੀ ਪ੍ਰਕਿਰਿਆ ਦੀ ਦੇਖ-ਰੇਖ ਚੱਲੇਗੀ।”20
ਸਰਮਾਏਦਾਰੀ ਤੋਂ ਸਮਾਜਵਾਦ ਵਿੱਚ ਤਬਦੀਲੀ ਦੀ ਲਾਜ਼ਮੀ ਸ਼ਰਤ ਸੱਤ੍ਹਾ ਉੱਤੇ ਮਜ਼ਦੂਰ ਜਮਾਤ ਦਾ ਕਬਜ਼ਾ, ਦੂਜੇ ਸ਼ਬਦਾਂ ਵਿੱਚ ਸਰਮਾਏਦਾਰ ਜਮਾਤ ਦੀ ਜਮਾਤੀ ਹਕੂਮਤ ਦਾ ਖ਼ਾਤਮਾ ਅਤੇ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦੀ ਕਾਇਮੀ ਹੋਣੀ ਚਾਹੀਦੀ ਹੈ।
ਕਿਰਤੀ ਲੋਕਾਈ ਸਮਾਜਵਾਦ ਦੀ ਉਸਾਰੀ ਕਰੇ, ਸਮਾਜਵਾਦੀ ਜਾਇਦਾਦ ਦੇ ਪੱਖ ਵਿੱਚ ਸਰਮਾਏਦਾਰਾ ਜਾਇਦਾਦ ਦਾ ਅੰਤ ਹੋਵੇ, ਇਸ ਉਦੇਸ਼ ਦੀ ਪ੍ਰਾਪਤੀ ਲਈ ਸਰਮਾਏਦਾਰਾ ਰਾਜ ਦੀ ਥਾਂ ਸਮਾਜਵਾਦੀ ਰਾਜ ਲਵੇਗਾ।
ਮਜ਼ਦੂਰ ਜਮਾਤ ਦੀ ਅਗਵਾਈ ਵਿੱਚ ਅਤੇ ਉਸਦੇ ਹੱਥਾਂ ਵਿੱਚ ਸੱਤ੍ਹਾ ਆ ਜਾਣ ਨਾਲ਼ ਕਿਰਤੀ ਲੋਕਾਈ ਦੀ ਜ਼ਿੰਮੇਵਾਰੀ ਪੈਦਾਵਾਰ ਦੇ ਸਾਧਨਾਂ ਵਿੱਚ ਸਰਮਾਏਦਾਰਾ ਜਾਇਦਾਦ ਦਾ ਖਾਤਮਾ, ਹਾਰੀ ਹੋਈ ਸਰਮਾਏਦਾਰ ਜਮਾਤ ਦੇ ਵਿਰੋਧ ਨੂੰ ਦਬਾਉਣਾ, ਸਮੁੱਚੇ ਸਮਾਜ ਦੇ ਲਾਭ ਲਈ ਜਥੇਬੰਦ ਪੈਦਾਵਾਰ ਦੀ ਕਾਇਮੀ ਅਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਸਾਰੇ ਰੂਪਾਂ ਦਾ ਖਾਤਮਾ ਕਰਨਾ ਹੁੰਦਾ ਹੈ।
ਇਤਿਹਾਸਕ ਪਦਾਰਥਵਾਦ ਦੇ ਪ੍ਰਮੁੱਖ ਨਿਚੋੜਾਂ ਦਾ ਸਾਰ ਪੇਸ਼ ਕਰਦੇ ਹੋਏ ਮਾਰਕਸ ਨੇ ਲਿਖਿਆ ਹੈ:
“ਆਧੁਨਿਕ ਸਮਾਜ ਵਿੱਚ ਜਮਾਤਾਂ ਦੀ ਹੋਂਦ ਅਤੇ ਉਹਨਾਂ ਵਿਚਾਲ਼ੇ ਸੰਘਰਸ਼ ਦੀ ਖੋਜ ਦਾ ਸਿਹਰਾ ਮੈਨੂੰ ਨਹੀਂ ਜਾਂਦਾ। ਮੇਰੇ ਤੋਂ ਬਹੁਤ ਪਹਿਲਾਂ ਬੁਰਜੂਆ ਇਤਿਹਾਸਕਾਰਾਂ ਨੇ ਜਮਾਤਾਂ ਦੇ ਸੰਘਰਸ਼ ਦੇ ਇਤਿਹਾਸਕ ਵਿਕਾਸ ਦਾ ਅਤੇ ਬੁਰਜੂਆ ਅਰਥਸ਼ਾਸ਼ਤਰੀਆਂ ਨੇ ਜਮਾਤਾਂ ਦੀ ਆਰਥਿਕ ਬਣਤਰ ਦਾ ਵਰਣਨ ਕੀਤਾ ਹੈ। ਮੈਂ ਜੋ ਨਵਾਂ ਕੀਤਾ ਹੈ, ਉਹ ਇਹ ਸਿੱਧ ਕਰਨਾ ਹੈ:
(1) ਕਿ ਜਮਾਤਾਂ ਦੀ ਹੋਂਦ ਸਿਰਫ਼ ਪੈਦਾਵਾਰ ਦੇ ਵਿਕਾਸ ਦੇ ਵਿਸ਼ੇਸ਼ ਇਤਿਹਾਸਕ ਪੜਾਵਾਂ ਨਾਲ਼ ਬੰਨ੍ਹੀ ਹੁੰਦੀ ਹੈ।
(2) ਕਿ ਜਮਾਤੀ ਸੰਘਰਸ਼ ਲਾਜ਼ਮੀ ਰੂਪ ਵਿੱਚ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਵੱਲ ਲੈ ਜਾਂਦਾ ਹੈ।
(3) ਕਿ ਇਹ ਤਾਨਾਸ਼ਾਹੀ ਸਾਰੀਆਂ ਜਮਾਤਾਂ ਦੇ ਖਾਤਮੇ ਅਤੇ ਜਮਾਤ-ਰਹਿਤ ਸਮਾਜ ਦੀ ਸਥਾਪਨਾ ਦੀ ਪ੍ਰਕਿਰਿਆ ਵਿੱਚ ਖੁਦ ਨੂੰ ਖਤਮ ਕਰਦੀ ਹੈ।”21
ਹਵਾਲ਼ੇ
8. ਏਂਗਲਜ਼, ਟੱਬਰ, ਨਿੱਜੀ ਜਾਇਦਾਦ ਤੇ ਰਾਜ ਦੀ ਉਤਪਤੀ, ਪਾਠ 9
9. ਉਪਰੋਕਤ
10. ਲੈਨਿਨ, ਰਾਜ ਅਤੇ ਇਨਕਲਾਬ, ਪਾਠ 1
11. ਮਾਰਕਸ ਅਤੇ ਏਂਗਲਜ਼, ਕਮਿਊਨਿਸਟ ਮੈਨੀਫੈਸਟੋ, ਪਾਠ 1
12. ਲੈਨਿਨ, ਸਲੋਗਨਾਂ ਬਾਰੇ
13. ਮਾਰਕਸ ਅਤੇ ਏਂਗਲਜ਼, ਕਮਿਊਨਿਸਟ ਮੈਨੀਫੈਸਟੋ, ਪਾਠ 1
14. ਏਂਗਲਜ਼, ਟੱਬਰ, ਨਿੱਜੀ ਜਾਇਦਾਦ ਤੇ ਰਾਜ ਦੀ ਉਤਪਤੀ, ਪਾਠ 9
15. ਏਂਗਲਜ਼, ਐਂਟੀ-ਡਿਹੂਰਿੰਗ, ਭਾਗ 2, ਪਾਠ 4
16. ਏਂਗਲਜ਼, ਸਮਾਜਵਾਦ, ਯੂਟੋਪੀਆਈ ਤੇ ਵਿਗਿਆਨਕ, ਪਾਠ 3
17. ਏਂਗਲਜ਼, ਐਂਟੀ-ਡਿਹੂਰਿੰਗ, ਭਾਗ 2, ਪਾਠ 4
18. ਮਾਰਕਸ ਅਤੇ ਏਂਗਲਜ਼, ਕਮਿਊਨਿਸਟ ਮੈਨੀਫੈਸਟੋ, 1888 ਦੇ ਅੰਗਰੇਜ਼ੀ ਐਡੀਸ਼ਨ ਵਿੱਚ ਏਂਗਲਜ਼ ਦੁਆਰਾ ਲਿਖੀ ਭੂਮਿਕਾ
19. ਸਤਾਲਿਨ, ਕਮਿਊਨਿਸਟ ਪਾਰਟੀ ਆਫ਼ ਸੋਵੀਅਤ ਯੂਨੀਅਨ ਦੀ 18ਵੀਂ ਕਾਂਗਰਸ ਵਿੱਚ ਪੇਸ਼ ਰਿਪੋਰਟ
20. ਏਂਗਲਜ਼, ਸਮਾਜਵਾਦ, ਯੂਟੋਪੀਆਈ ਤੇ ਵਿਗਿਆਨਕ
21. ਮਾਰਕਸ, ਜੇ. ਵੇਡੇਮੇਅਰ ਨੂੰ ਪੱਤਰ, 5 ਮਾਰਚ, 1852
“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 42, ਅਗਸਤ 2015 ਵਿਚ ਪਰ੍ਕਾਸ਼ਤ