ਸਮਾਜਕ ਬੇਗਾਨਗੀ ਤੇ ਸੋਸ਼ਲ ਮੀਡੀਆ •ਗੁਰਪ੍ਰੀਤ

8

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਲਗਭਗ ਪਿਛਲੇ ਇੱਕ ਦਹਾਕੇ ਵਿੱਚ ਸੋਸ਼ਲ ਨੈਟਵਰਕਿੰਗ ਸਾਈਟਸ, ਖਾਸ ਤੌਰ ‘ਤੇ ਫੇਸਬੁੱਕ, ਵੱਟਸਐਪ ਤੇ ਟਵਿੱਟਰ ਦਾ ਚਲਣ ਕਾਫੀ ਤੇਜੀ ਨਾਲ ਵਧਿਆ ਹੋਇਆ ਹੈ। ਇਹਨਾਂ ਦੀ ਵਰਤੋਂ, ਫਾਇਦਿਆਂ, ਸੀਮਤਾਈਆਂ, ਘਾਟਾਂ ਤੇ ਕਮਜੋਰੀਆਂ ਅਕਸਰ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ। ਪਰ ਇਸ ਚਰਚਾ ਨੂੰ ਅਕਸਰ ਅਸਲ ਹਕੀਕੀ ਜੀਵਨ ਨਾਲੋਂ ਕਾਫੀ ਤੋੜ ਲਿਆ ਜਾਂਦਾ ਹੈ। ਹਕੀਕੀ ਜੀਵਨ ਨਾਲ ਸਬੰਧ ਵੱਧ ਤੋਂ ਵੱਧ ਹਕੀਕੀ ਜੀਵਨ ਦੀਆਂ ਕੁੱਝ ਘਟਨਾਵਾਂ, ਖਬਰਾਂ, ਸੂਚਨਾਵਾਂ ਆਦਿ ਨੂੰ ਸੋਸ਼ਲ ਮੀਡੀਆ ‘ਤੇ ਪਾਉਣ ਤੱਕ ਹੀ ਸੀਮਤ ਕਰਕੇ ਦੇਖਿਆ ਜਾਂਦਾ ਹੈ। ਸੋਸ਼ਲ ਮੀਡੀਆ ਨਾਲ ਲੋਕਾਂ ਦੇ ਜੁੜਾਅ ਤੇ ਉਹਨਾਂ ਦਾ ਇਸਨੂੰ ਵਰਤਣ, ਵਿਚਰਨ ਦੇ ਢੰਗ ਨੂੰ ਉਹਨਾਂ ਦੀ ਮਾਨਸਿਕਤਾ ਤੱਕ ਬੜੇ ਸਿੱਧੜ ਤਰੀਕੇ ਨਾਲ ਘਟਾ ਦਿੱਤਾ ਜਾਂਦਾ ਹੈ। ਸੋਸ਼ਲ ਮੀਡੀਆ ਵਰਤਣ ਵਾਲਾ ਪਹਿਲਾਂ ਇੱਕ ਸਮਾਜ ਦਾ ਹਿੱਸਾ ਹੈ। ਇਸ ਲਈ ਸੋਸ਼ਲ ਮੀਡੀਆ ਉੱਤੇ ਮਨੁੱਖਾਂ ਦੇ ਰਵੱਈਏ ਨੂੰ ਸਮਝਣ ਲਈ ਪਹਿਲਾਂ ਮਨੁੱਖਾਂ ਦੇ ਸਮਾਜਕ ਜੀਵਨ ਨੂੰ ਸਮਝਣਾ ਜਰੂਰੀ ਹੈ। ਇਸ ਮਗਰੋਂ ਹੀ ਅਸਲ ਜੀਵਨ ਤੇ ਸੋਸ਼ਲ ਮੀਡੀਆ ਵਿਚਲੇ ਸਬੰਧ ਨੂੰ ਵਧੇਰੇ ਡੂੰਘਾਈ ਤੇ ਸਹੀ ਢੰਗ ਨਾਲ ਸਮਝਿਆ ਜਾ ਸਕਦਾ ਹੈ। ਧਿਆਨ ਰਹੇ ਇਸ ਲੇਖ ਨੂੰ ਅਸੀਂ ਸੋਸ਼ਲ ਮੀਡੀਆ ਦੀ ਕੁੱਲ ਭੂਮਿਕਾ ਦੇ ਸਮੁੱਚ ਵਜੋਂ ਨਹੀਂ ਲੈ ਰਹੇ ਸਗੋਂ ਸਮਾਜਕ ਜੀਵਨ ਨਾਲ ਜੁੜੇ ਇਸਦੇ ਕੁੱਝ ਖਾਸ ਪੱਖਾਂ ਉੱਤੇ ਹੀ ਕੇਂਦਰਤ ਰੱਖਾਂਗੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਮਾਜਕ ਮੀਡੀਆ ਦੇ ਰੂਪ ਵਿੱਚ ਇਸਦੀ ਵਰਤੋਂ ਉਸਾਰੂ ਕੰਮਾਂ ਲਈ ਵੀ ਹੋ ਸਕਦੀ ਹੈ ਅਤੇ ਇਸ ਉਸਾਰੂ ਵਰਤੋਂ ਦੀਆਂ ਵੀ ਕੁੱਝ ਹੱਦਾਂ ਹਨ।

ਸਮਾਜ ਵਿਗਿਆਨ ਦੀ ਭਾਸ਼ਾ ਵਿੱਚ ਬੇਗਾਨਗੀ ਮੌਜੂਦਾ ਸਮਾਜ ਦੀ ਇੱਕ ਬਹੁਤ ਵੱਡੀ ਬਿਮਾਰੀ ਬਣੀ ਹੋਈ ਹੈ। ਲੋਕਾਂ ਦੀ ਆਪਸ ਵਿੱਚ ਬੇਭਰੋਸਗੀ, ਰਿਸ਼ਤਿਆਂ ਵਿੱਚ ਖੋਖਲਾਪਣ, ਦਿਖਾਵਾ, ਧੋਖੇਬਾਜੀ, ਸੰਵੇਦਨਹੀਣਤਾ, ਬੇਦਿਲੀ ਅਤੇ ਇਸੇ ਤਰ੍ਹਾਂ ਕੁਦਰਤ, ਉੱਚ ਪਾਏ ਦੀਆਂ ਕਲਾਤਮਕ ਤੇ ਸਾਹਿਤਕ ਰਚਨਾਵਾਂ ਤੋਂ ਦੂਰੀ ਲੋਕਾਂ ਦੇ ਸਮਾਜਕ ਜੀਵਨ ਵਿੱਚ ਕਾਫੀ ਹੱਦ ਤੱਕ ਭਾਰੂ ਹੈ। ਲੋਕਾਂ ਦੀ ਇਸ ਬੇਗਾਨਗੀ ਦੀਆਂ ਜੜ੍ਹਾਂ ਮੌਜੂਦਾ ਸਰਮਾਏਦਾਰਾ ਪੈਦਾਵਾਰੀ ਸਬੰਧਾਂ ਵਿੱਚ ਹੀ ਹਨ। ਨਿੱਜੀ ਜਾਇਦਾਦ ‘ਤੇ ਅਧਾਰਤ ਇਸ ਢਾਂਚੇ ਵਿੱਚ ਇੱਕ ਪਾਸੇ ਜਾਇਦਾਦ ਤੋਂ ਵਿਹੂਣੇ ਉਹ ਲੋਕ ਹਨ ਜੋ ਆਪਣੀ ਕਿਰਤ ਸ਼ਕਤੀ ਵੇਚ ਕੇ, ਮਿਹਨਤ-ਮਜ਼ਦੂਰੀ ਕਰਕੇ ਆਪਣਾ ਗੁਜਾਰਾ ਚਲਾਉਂਦੇ ਹਨ। ਉਹ ਖੇਤਾਂ, ਕਾਰਖਾਨਿਆਂ, ਮਸ਼ੀਨਾਂ ਆਦਿ ਉੱਤੇ ਕਿਰਤ ਕਰਕੇ ਵਸਤਾਂ ਦੀ ਪੈਦਾਵਾਰ ਕਰਦੇ ਹਨ ਪਰ ਨਿੱਜੀ ਜਾਇਦਾਦ ਕਾਰਨ ਕਿਰਤ ਦੇ ਫਲ ਉੱਤੇ ਉਹਨਾਂ ਦਾ ਹੱਕ ਨਹੀਂ ਰਹਿੰਦਾ ਸਗੋਂ ਇਹ ਮਾਲਕ ਹੜੱਪ ਜਾਂਦਾ ਹੈ। ਇਸ ਤਰ੍ਹਾਂ ਕਿਰਤ ਦੀ ਵਸਤ ਕਾਮੇ ਲਈ ਬੇਗਾਨੀ ਹੋ ਜਾਂਦੀ ਹੈ। ਹੁਣ, ਕਿਉਂਕਿ ਕਿਰਤ ਕਰਨ ਮਗਰੋਂ ਕਿਰਤ ਦੀ ਵਸਤ ਹੀ ਬੇਗਾਨੀ ਹੋ ਜਾਣੀ ਹੈ ਇਸ ਲਈ ਕਿਰਤ ਦੀ ਪ੍ਰਕਿਰਿਆ ਵੀ ਬੇਰਸ, ਅਕਾਊ ਤੇ ਬੇਗਾਨੀ ਹੋ ਜਾਂਦੀ ਹੈ। ਦੂਜੇ ਪਾਸੇ ਸਮਾਜ ਵਿੱਚ ਮੁੱਠੀ ਭਰ ਜਾਇਦਾਦ ਦੇ ਮਾਲਕ ਆਪਣੀ ਮਾਲਕੀ ਕਾਰਨ ਕਿਰਤ ਪ੍ਰਕਿਰਿਆ ਵਿੱਚ ਸਿੱਧੇ ਸ਼ਾਮਲ ਹੋਏ ਬਿਨਾਂ ਕਿਰਤ ਦੀਆਂ ਵਸਤਾਂ ਹੜੱਪ ਜਾਂਦੇ ਹਨ। ਇਸ ਤਰ੍ਹਾਂ ਉਹਨਾਂ ਲਈ ਵੀ ਕਿਰਤ ਦੀ ਪ੍ਰਕਿਰਿਆ ਔਖੀ, ਬੋਝਲ ਤੇ ਅਕਾਊ ਹੋ ਜਾਂਦੀ ਹੈ। ਇਸ ਤਰ੍ਹਾਂ ਕਿਰਤ, ਜੋ ਮਨੁੱਖੀ ਜੀਵਨ ਦੀ ਇੱਕ ਅਹਿਮ ਤੇ ਬੁਨਿਆਦੀ ਸਰਗਰਮੀ ਹੈ ਤੇ ਜਿਸਨੇ ਮਨੁੱਖ ਨੂੰ ਪਸ਼ੂ ਜਗਤ ਤੋਂ ਆਧੁਨਿਕ ਯੁੱਗ ਤੱਕ ਪਹੁੰਚਾਇਆ ਹੈ, ਉਹ ਗੈਰ-ਮਨੁੱਖੀ, ਅਕਾਊ ਤੇ ਬੇਰਸ ਹੋ ਜਾਂਦੀ ਹੈ। ਕਿਰਤ ਦੀ ਪ੍ਰਕਿਰਿਆ ਤੋਂ ਇਹ ਬੇਗਾਨਗੀ ਮਨੁੱਖੀ ਜੀਵਨ, ਮਨੁੱਖੀ ਸਬੰਧਾਂ, ਮਨੁੱਖ ਦੇ ਕੁਦਰਤ ਤੇ ਮਨੁੱਖ ਦੁਆਰਾ ਸਿਰਜੇ ਕਲਾ, ਸਾਹਿਤ  ਵਿੱਚ ਵੀ ਪ੍ਰਗਟ ਹੁੰਦੀ ਹੈ ਤੇ ਮਨੁੱਖ ਇਹਨਾਂ ਤੋਂ ਵੀ ਦੂਰ ਹੋ ਜਾਂਦਾ ਹੈ। ਇਸ ਤਰ੍ਹਾਂ ਮਨੁੱਖ ਆਪਣੀ ਬੁਨਿਆਦੀ ਕਿਰਤ ਸਰਗਰਮੀ ਤੋਂ ਦੂਰ ਹੋਣ ਦੇ ਨਾਲ-ਨਾਲ ਮਨੁੱਖੀ ਸੱਭਿਅਤਾ ਦੀਆਂ ਪ੍ਰਾਪਤੀਆਂ ਜਿਵੇਂ ਮਨੁੱਖੀ ਰਿਸ਼ਤੇ, ਭਾਵਨਾਵਾਂ, ਸੰਵੇਦਨਾਵਾਂ, ਕੁਦਰਤ ਤੇ ਕਲਾ ਦੇ ਸੁਹੱਪਣ ‘ਚੋਂ ਅਨੰਦ ਹਾਸਲ ਕਰਨ ਦੀ ਸਮਰੱਥਾ ਆਦਿ ਤੋਂ ਵੀ ਦੂਰ ਹੁੰਦਾ ਜਾਂਦਾ ਹੈ। ਇਸੇ ਕਾਰਨ ਲੋਕ ਭੀੜ ਵਿੱਚ ਵੀ ਇਕੱਲੇ ਮਹਿਸੂਸ ਕਰਦੇ ਹਨ, ਉਹ ਆਪਣੇ ਨੇੜੇ ਦੇ ਲੋਕਾਂ ‘ਤੇ ਵੀ ਭਰੋਸਾ ਨਹੀਂ ਕਰਦੇ, ਮਨੁੱਖੀ ਰਿਸ਼ਤੇ, ਸੰਵੇਦਨਾਵਾਂ ‘ਚ ਖੋਖਲਾਪਣ ਤੇ ਸਤਹੀਪਣ ਸਾਫ ਝਲਕਣ ਲੱਗ ਪੈਂਦਾ ਹੈ, ਇਹਨਾਂ ਵਿੱਚੋਂ ਮਨੁੱਖਾਂ ਨੂੰ ਖੁਸ਼ੀ ਤੇ ਸੰਤੁਸ਼ਟੀ ਹਾਸਲ ਨਹੀਂ ਹੁੰਦੀ। ਇਸੇ ਤਰ੍ਹਾਂ ਉਹ ਆਪਣੇ ਆਲੇ-ਦੁਆਲੇ ਦੀ ਕੁਦਰਤ ਤੋਂ ਟੁੱਟਦੇ ਜਾਂਦੇ ਹਨ, ਪਸ਼ੂ-ਪੰਛੀਆਂ ਤੇ ਕੁਦਰਤ ਨਾਲ ਪਿਆਰ ਇੱਕ ਹੱਦ ਤੱਕ ਦਿਖਾਵਾ ਬਣਕੇ ਰਹਿ ਜਾਂਦਾ ਹੈ। ਪਹਾੜਾਂ ‘ਚ ਘੁੰਮਦੇ ਹੋਏ ਲੋਕ ਕੁਦਰਤ ਦੇ ਸੁਹੱਪਣ ਨੂੰ ਮਾਨਣ ਨਾਲੋਂ “ਸਟੇਟਸ ਸਿੰਬਲ”, ਭੀੜ ਵਿੱਚ ਮਟਰਗਸ਼ਤੀ ਕਰਨ, ਦਾਰੂ ਡੱਫਣ ਤੇ ਹੋਰਾਂ ਨੂੰ ਤੰਗ-ਪ੍ਰੇਸ਼ਾਨ ਕਰਨ ਵਿੱਚ ਵਧੇਰੇ ਖੁਸ਼ੀ ਹਾਸਲ ਕਰਦੇ ਹਨ। ਬੱਸਾਂ ਵਿੱਚ ਨਾਲ-ਬੈਠੇ ਜਿਉਂਦੇ ਜਾਗਦੇ ਲੋਕਾਂ ਤੇ ਖਿੜਕੀ ਤੋਂ ਬਾਹਰ ਵਹਿੰਦੀ ਜਿੰਦਗੀ ਨਾਲੋਂ ਬੱਸ ਵਿਚਲਾ ਟੀਵੀ ਤੇ ਮੋਬਾਇਲ ਫੋਨ ਵਧੇਰੇ ਸੁਖਦਾਈ ਮਹਿਸੂਸ ਹੁੰਦਾ ਹੈ। ਕਲਾ, ਸਾਹਿਤ ਦੇ ਖੇਤਰ ਵਿੱਚ ਉੱਨਤ, ਡੂੰਘੀਆਂ ਰਚਨਾਵਾਂ ਨਾਲੋਂ ਖੋਖਲੀਆਂ, ਸਤੱਹੀ ਤੇ ਰੱਦੀ ਕਿਸਮ ਦੀਆਂ ਰਚਨਾਵਾਂ ਨੂੰ ਪਸੰਦ ਕਰਨ ਵਾਲੇ ਵਧੇਰੇ ਹੁੰਦੇ ਹਨ।

ਇਸ ਤਰ੍ਹਾਂ ਜਦੋਂ ਮਨੁੱਖ ਆਪਣੇ ਮਨੁੱਖੀ ਸਾਰਤੱਤ ਤੋਂ ਦੂਰ ਹੁੰਦਾ ਜਾਂਦਾ ਹੈ ਤਾਂ ਉਸ ਸੱਖਣੇਪਣ ਵਿੱਚ ਪੈਦਾ ਹੋਏ ਖਲਾਅ ਨੂੰ ਗੈਰ-ਮਨੁੱਖੀ ਜਾਂ ਪਸ਼ੂ ਜੀਵਨ ਦੀਆਂ ਲੋੜਾਂ ਤੇ ਤੁੱਛ ਜਿਹੀਆਂ ਚੀਜਾਂ ਨਾਲ ਭਰਦਾ ਹੈ। ਖਾਣਾ, ਪੀਣਾ, ਬੱਚੇ ਪੈਦਾ ਕਰਨ ਜਿਹੀਆਂ ਪ੍ਰਕਿਰਿਆਵਾਂ ਜੋ ਸਮੁੱਚੇ ਪਸ਼ੂ ਜਗਤ ਦੀ ਲੋੜ ਹਨ ਉਹ ਲੋਕਾਂ ਲਈ ਮੁੱਖ ਬਣਦੀਆਂ ਜਾਂਦੀਆਂ ਹਨ ਤੇ ਇਹਨਾਂ ਵਿੱਚ ਹੀ ਉਸਨੂੰ ਵਧੇਰੇ ਅਨੰਦ ਹਾਸਲ ਹੁੰਦਾ ਹੈ। ਇਹ ਗੱਲ ਨਹੀਂ ਕਿ ਇਹਨਾਂ ਚੀਜਾਂ ਦੀ ਮਨੁੱਖ ਨੂੰ ਲੋੜ ਨਹੀਂ, ਸਗੋਂ ਗੱਲ ਇਹ ਹੈ ਕਿ ਇਹ ਲੋੜਾਂ ਤਾਂ ਉਸਦੀਆਂ ਪਸ਼ੂ ਜੀਵਨ ਵਿੱਚ ਵੀ ਸਨ, ਮਨੁੱਖ ਨੇ ਆਪਣੀ ਸੱਭਿਅਤਾ ਦੇ ਵਿਕਾਸ ਵਿੱਚ ਜੋ ਆਤਮਕ ਦੌਲਤ, ਜੋ ਮਨੁੱਖੀ ਸੰਵੇਦਨਾਵਾਂ, ਭਾਵਨਾਵਾਂ, ਰਿਸ਼ਤੇ, ਸੂਖਮਤਾਵਾਂ ਹਾਸਲ ਕੀਤੀਆਂ ਹਨ ਉਹ ਹੀ ਅੱਜ ਮਨੁੱਖੀ ਸਾਰਤੱਤ ਦਾ ਅਹਿਮ ਅੰਗ ਹਨ। ਇਹਦੇ ਪ੍ਰਗਾਟਵੇ ਅਸੀਂ ਆਪਣੇ ਆਲੇ-ਦੁਆਲੇ ਅਕਸਰ ਦੇਖ ਸਕਦੇ ਹਾਂ। ਕਈ ਲੋਕਾਂ ਦੇ ਸ਼ੌਕ ਤੇ ਖੁਸ਼ੀਆਂ ਕੁੱਝ ਖਾਣ-ਪੀਣ ਦੀਆਂ ਵਸਤਾਂ ਨਾਲ ਜੁੜੇ ਹੁੰਦੇ ਹਨ, ਜਿਵੇਂ ਕਈਆਂ ਲਈ ਸਭ ਤੋਂ ਅਨੰਦਮਈ ਕੰਮ ਰਸਗੁੱਲੇ ਖਾਣਾ ਜਾਂ ਸ਼ਰਾਬ ਪੀਣਾ ਹੁੰਦਾ ਹੈ। ਸੈਕਸ ਦੀ ਭੁੱਖ ਅਨੇਕਾਂ ਲੋਕਾਂ ਲਈ ਲਗਭਗ ਸਾਰੀ ਉਮਰ ਸਮੱਸਿਆ ਬਣੀ ਰਹਿੰਦੀ ਹੈ। ਭਾਰਤ ਵਰਗੇ ਪਛੜੇ ਸਮਾਜਾਂ ਵਿੱਚ ਤਾਂ ਇਹ ਸਮੱਸਿਆ ਹੋਰ ਵੀ ਭਿਆਨਕ ਤੇ ਭੱਦੇ ਰੂਪ ਵਿੱਚ ਦਿਸਦੀ ਹੈ। ਬਹੁਤੇ ਮਰਦ ਔਰਤਾਂ ਨੂੰ ਮਨੁੱਖ ਸਮਝਣ ਦੀ ਸਮਰੱਥਾ ਗੁਆ ਲੈਂਦੇ ਹਨ ਤੇ ਉਹਨਾਂ ਨੂੰ ਸਿਰਫ ਇੱਕ ਭੋਗਣ ਵਾਲੀ ਵਸਤ ਦੇ ਰੂਪ ਵਿੱਚ ਦੇਖਦੇ ਹਨ। ਬੇਸ਼ੱਕ ਅਜਿਹਾ ਪ੍ਰਭਾਵ ਔਰਤਾਂ ਦੇ ਵੀ ਕਾਫੀ ਹਿੱਸੇ ਉੱਪਰ ਵੀ ਪੈਂਦਾ ਹੈ। ਇਸੇ ਕਾਰਨ ਪਿਆਰ, ਸੰਵੇਦਨਾਵਾਂ, ਰਿਸ਼ਤਿਆਂ ਵਿੱਚ ਖੋਖਲਾਪਣ ਤੇ ਧੋਖੇਬਾਜੀ ਵੱਡੇ ਪੱਧਰ ‘ਤੇ ਦੇਖਣ ਨੂੰ ਮਿਲਦੀ ਹੈ। ਇੰਨਾ ਹੀ ਨਹੀਂ ਇਸ ਚੀਜ ਨੂੰ ਅੱਗੇ ਮੰਡੀ ਤੇ ਮੁਨਾਫੇ ਲਈ ਵਰਤਿਆ ਜਾਂਦਾ ਹੈ। ਪੋਰਨ ਫਿਲਮਾਂ, ਫੈਸ਼ਨ, ਐਡਵਰਟਾਈਜਿੰਗ ਵਿੱਚ ਔਰਤਾਂ ਦੇ ਜਿਸਮ ਅਤੇ ਆਮ ਗੀਤਾਂ, ਫਿਲਮਾਂ ਵਿੱਚ ਅਸ਼ਲੀਲਤਾ, ਰਿਸ਼ਤਿਆਂ ਵਿੱਚ ਧੋਖੇਬਾਜੀ, ਸਰੀਰਕ ਲੋੜਾਂ ਨੂੰ ਵਧਾ ਕੇ ਪੇਸ਼ ਕਰਨਾ ਵੱਡੇ ਪੱਧਰ ‘ਤੇ ਫੈਲਿਆ ਹੋਇਆ ਹੈ ਜਿਸ ਰਾਹੀਂ ਇੱਕ ਪਾਸੇ ਤਾਂ ਮੋਟੇ ਮੁਨਾਫੇ ਹੁੰਦੇ ਹਨ ਦੂਜੇ ਪਾਸੇ ਇਸੇ ਚੀਜ ਨੂੰ ਹੋਰ ਹੁਲਾਰਾ ਦਿੱਤਾ ਜਾਂਦਾ ਹੈ, ਹੋਰ ਪੱਕਾ ਕੀਤਾ ਜਾਂਦਾ ਹੈ। ਇਸ ਨਾਲ ਨਵੀਂ ਪੀੜ੍ਹੀ ਦਾ ਵੱਡਾ ਹਿੱਸਾ ਸ਼ੁਰੂ ਤੋਂ ਹੀ ਵੱਡੇ ਹਮਲੇ ਦਾ ਸ਼ਿਕਾਰ ਬਣਾ ਕੇ ਇਸੇ ਪਾਸੇ ਤੋਰਿਆ ਜਾਂਦਾ ਹੈ। ਬੇਗਾਨਗੀ ਦੇ ਸ਼ਿਕਾਰ ਲੋਕ ਹੋਰ ਵੀ ਅਨੇਕਾਂ ਤੁੱਛਤਾਵਾਂ ਵਿੱਚੋਂ ਖੁਸ਼ੀ, ਸੰਤੁਸ਼ਟੀ ਹਾਸਲ ਕਰਦੇ ਦੇਖੇ ਜਾ ਸਕਦੇ ਹਨ। ਜਿਵੇਂ ਆਮ ਮੱਧਵਰਗੀ ਨੌਜਵਾਨਾਂ ਵਿੱਚ ਬ੍ਰਾਂਡਡ ਕੱਪੜੇ ਖਰੀਦਣ ਤੇ ਨਾਮੀ ਕੰਪਨੀਆਂ ਦੀਆਂ ਦੁਕਾਨਾਂ ਵਿੱਚ ਜਾ ਕੇ ਭੋਜਨ ਖਾਣਾ ਵੀ ਉਹਨਾਂ ਦੀ ਖੁਸ਼ੀ ਦਾ ਹਿੱਸਾ ਹੁੰਦਾ ਹੈ। ਇਹੋ ਜਿਹੀਆਂ ਅਨੰਤ ਤੁੱਛਤਾਵਾਂ ਗਿਣਾਈਆਂ ਜਾ ਸਕਦੀਆਂ ਹਨ। ਇਸੇ ਨੂੰ ਹੀ ਕਾਰਲ ਮਾਰਕਸ ਨੇ ਕਿਹਾ ਸੀ ਕਿ ਸਰਮਾਏਦਾਰੀ ਵਿੱਚ “ਜੋ ਮਨੁੱਖੀ ਹੁੰਦਾ ਹੈ ਉਹ ਗੈਰ-ਮਨੁੱਖੀ ਹੋ ਜਾਂਦਾ ਹੈ ਤੇ ਗੈਰ-ਮਨੁੱਖੀ, ਮਨੁੱਖੀ ਬਣ ਜਾਂਦਾ ਹੈ।”

ਅਜਿਹੇ ਮਹੌਲ ਵਿੱਚ ਜਿਉਣ ਵਾਲੇ ਬਹੁਤ ਲੋਕ, ਖਾਸ ਕਰਕੇ ਨੌਜਵਾਨ ਆਪਣੇ ਅਸਲ ਜੀਵਨ ਦੇ ਅਕੇਵੇਂ, ਖੋਖਲੇਪਣ ਵਿੱਚੋਂ ਤੰਗ ਹੋਏ ਖੁਸ਼ੀ, ਸੰਤੁਸ਼ਟੀ ਦੀ ਭਾਲ ਵਿੱਚ ਸੋਸ਼ਲ ਮੀਡੀਆ ਦੀ ਨਕਲੀ ਦੁਨੀਆਂ ਵਿੱਚ ਜਾਂਦੇ ਹਨ। ਭਾਵੇਂ ਇਹੋ ਸੋਸ਼ਲ ਮੀਡੀਆ ਨੂੰ ਵਰਤਣ ਦਾ ਇੱਕੋ-ਇੱਕ ਕਾਰਨ ਨਹੀਂ ਹੈ। ਅਜਿਹੇ ਲੋਕਾਂ ਲਈ ਸੋਸ਼ਲ ਮੀਡੀਆ ਸੂਚਨਾਵਾਂ, ਸੁਨੇਹਿਆਂ ਦੇ ਅਦਾਨ-ਪ੍ਰਦਾਨ ਤੇ ਹੋਰਨਾਂ ਨਾਲ ਰਾਬਤਾ ਬਣਾਉਣ ਦਾ ਸਾਧਨ ਨਹੀਂ ਸਗੋਂ ਉਹਨਾਂ ਦੇ ਅਸਲ ਜੀਵਨ ਦਾ ਬਦਲ ਜਾਂ ਘੱਟੋ-ਘੱਟ ਉਸਦਾ ਇੱਕ ਬਹੁਤ ਅਹਿਮ ਹਿੱਸਾ ਲੱਗਣ ਲੱਗ ਪੈਂਦਾ ਹੈ। ਉਹ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ, ਵਾਹ-ਵਾਹ ਖੱਟਣ ਲਈ ਪੂਰਾ ਜੋਰ ਲਾਉਂਦੇ ਹਨ ਤੇ ਇਹ ਜਾਨਣ ਦੇ ਬਾਵਜੂਦ ਕਿ ਸੋਸ਼ਲ ਮੀਡੀਆ ਦੀ ਦੁਨੀਆਂ ਦੇ ਸਭ ਰਿਸ਼ਤੇ ਸਤਹੀ ਤੇ ਨਕਲੀ ਹਨ, ਉਹ ਇਸ ਵਿੱਚੋਂ ਖੁਸ਼ੀ ਹਾਂਸਲ ਕਰਕੇ ਆਪਣੇ ਅਸਲ ਜੀਵਨ ਦੇ ਅਕੇਵੇਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਸੋਸ਼ਲ ਮੀਡੀਆ ਵਿੱਚ ਫੇਸਬੁੱਕ ਤੇ ਵਟਸਐਪ ਦੀ ਵਰਤੋਂ ਮੁੱਖ ਹੈ। ਫੇਸਬੁੱਕ ਉੱਤੇ ‘ਲਾਈਕ’ ਗਿਣਨੇ ਖੁਸ਼ੀ ਹਾਸਲ ਕਰਨ ਦਾ ਮੁੱਖ ਸੋਮਾ ਹੈ। ਅਜਿਹੇ ਲੋਕ ਅਕਸਰ ਆਪਣੀਆਂ, ਆਪਣੇ ਦੋਸਤਾਂ, ਪਰਿਵਾਰ ਦੀਆਂ ਤਸਵੀਰਾਂ ਪਾਉਂਦੇ ਰਹਿੰਦੇ ਹਨ ਤੇ ਘੰਟਿਆਂ ਤੇ ਕਈ ਕੁੱਝ ਦਿਨਾਂ ਤੱਕ ਲੋਕਾਂ ਵੱਲੋਂ ਕੀਤੀ ਜਾਂਦੀ ਵਾਹੋ-ਵਾਹੀ ਵਿੱਚੋਂ ਖੁਸ਼ੀ ਹਾਸਲ ਕਰਦੇ ਰਹਿੰਦੇ ਹਨ। ਸੋਸ਼ਲ ਮੀਡੀਆ ਦੀ ਇਸ ਤਰ੍ਹਾਂ ਦੀ ਵਰਤੋਂ ਇੱਕ ਤਰ੍ਹਾਂ ਦਾ ਮਾਨਸਿਕ ਰੋਗ ਬਣਕੇ ਰਹਿ ਜਾਂਦਾ ਹੈ। ਆਮ ਮੱਧਵਰਗੀ ਨੌਜਵਾਨਾਂ ਵਿੱਚ ਤਾਂ ਇਹ ਆਮ ਰੁਝਾਨ ਹੈ ਕਿ ਉਹ ਅਕਸਰ ਕਿਸੇ ਸ਼ਾਪਿੰਗ ਮਾਲ, ਰੈਸਟੋਰੈਂਟ ਜਾਂ ਕਾਫੀ ਹਾਊਸ ਵਗੈਰਾ ਵਿੱਚ ਜਾ ਕੇ ਤਸਵੀਰ ਖਿੱਚਦੇ ਹਨ ਤੇ ਇਸਨੂੰ ਫੇਸਬੁੱਕ ਉੱਤੇ ਪੋਸਟ ਕਰਦੇ ਹਨ ਤੇ ਫੇਰ ਸਾਰਾ ਦਿਨ ‘ਲਾਈਕਸ’ ਦੀ ਵਧਦੀ ਹੋਈ ਗਿਣਤੀ ਵਿੱਚੋਂ ਸੰਤੁਸ਼ਟੀ ਤੇ ਖੁਸ਼ੀ ਹਾਸਲ ਕਰਦੇ ਰਹਿੰਦੇ ਹਨ। ਕਈਆਂ ਉੱਤੇ ਤਾਂ ਇਸਦਾ ਨਸ਼ਾ ਇਸ ਹੱਦ ਤੱਕ ਹੁੰਦਾ ਹੈ ਕਿ ਉਹ ਆਪਣੇ ਦੋਸਤਾਂ-ਮਿੱਤਰਾਂ ਨੂੰ ਫੋਨ ਕਰਕੇ ਆਖਦੇ ਹਨ ਕਿ ‘ਤੇਰੇ ਬਾਈ ਨੇ ਫੋਟੋ ਪਾਈ ਆ, ਲਾਈਕ ਕਰ ਦੇਈਂ।’

ਇਸ ਤਰ੍ਹਾਂ ਸੋਸ਼ਲ ਮੀਡੀਆ ਦੀ ਚੋਪੜੀਆਂ ਬੋਦੀਆਂ, ਲਿਸ਼ਕਦੇ ਬੂਥਿਆਂ, ਵਧੀਆਂ ਗੋਗੜਾਂ ਜਾਂ ਚਾਲੂ ਜਿਹੀ ਤੁਕਬੰਦ ਦੇ ਰੂਪ ਵਿੱਚ ਆਪਣੇ-ਆਪ ਦੀ ਮਸ਼ਹੂਰੀ ਕਰਦੇ ਰਹਿਣਾ ਅਸਲ ਸਮਾਜਕ ਜੀਵਨ ਵਿੱਚ ਖੋਖਲੇਪਣ, ਅਕੇਵੇਂ ਤੇ ਬੇਚੈਨੀ ਦਾ ਪ੍ਰਗਟਾਵਾ ਹੈ। ਇਸੇ ਤਰ੍ਹਾਂ ਵਟਸਐਪ, ਫੇਸਬੁੱਕ ਵਗੈਰਾ ਦੀ ਘੰਟਿਆਂ ਬੱਧੀ ਮੈਸਜਬਾਜੀ, ਚੈਟਿੰਗ ਵੀ ਇਸੇ ਗੱਲ ਦੀ ਪ੍ਰਤੀਕ ਹੈ ਕਿ ਉਹਨਾਂ ਲੋਕਾਂ ਨੂੰ ਆਪਣੇ ਆਸ-ਪਾਸ ਰਹਿੰਦੇ ਜਿਉਂਦੇ-ਜਾਗਦੇ ਲੋਕਾਂ ਨਾਲ ਗੱਲ ਕਰਨ ਵਿੱਚੋਂ ਖੁਸ਼ੀ ਹਾਸਲ ਨਹੀਂ ਹੁੰਦੀ। ਇਹ ਗੱਲ ਇੱਥੇ ਹੀ ਨਹੀਂ ਰੁਕਦੀ। ਜਿੱਥੇ ਸੋਸ਼ਲ ਮੀਡੀਆ ਦੀ ਅਜਿਹੀ ਵਰਤੋਂ ਸਮਾਜਕ ਬੇਗਾਨਗੀ ਦੀ ਪ੍ਰਤੀਕ ਹੈ ਉੱਥੇ ਅਜਿਹੀ ਵਰਤੋਂ ਮੋੜਵੇਂ ਰੂਪ ਵਿੱਚ ਇਸ ਸਮਾਜਕ ਬੇਗਾਨਗੀ ਨੂੰ ਹੋਰ ਵੀ ਡੂੰਘਾ ਕਰ ਦਿੰਦੀ ਹੈ। ਉਹ ਪਹਿਲਾਂ ਨਾਲੋਂ ਵੀ ਜਿਆਦਾ ਜਿਉਂਦੇ-ਜਾਗਦੇ ਮਨੁੱਖਾਂ ਤੇ ਕੁਦਰਤ ਨਾਲੋਂ ਟੁੱਟ ਜਾਂਦੇ ਹਨ ਅਤੇ ਅੱਗੇ ਫੇਰ ਉਹ ਇਸ ਵਧੀ ਹੋਈ ਬੈਗਾਨਗੀ ਦੇ ਨਤੀਜੇ ਵਜੋਂ ਸੋਸ਼ਲ ਮੀਡੀਆ ਵਿੱਚ ਹੋਰ ਵੀ ਖੁੱਭ ਜਾਂਦੇ ਹਨ। ਇਸ ਤਰ੍ਹਾਂ ਉਹ ਦਿਨੋਂ-ਦਿਨ ਸਮਾਜ ਨਾਲੋਂ ਹੋਰ ਵੀ ਵਧੇਰੇ ਟੁੱਟਦੇ ਜਾਂਦੇ ਹਨ। ਅਕਸਰ ਕਾਲਜਾਂ, ਯੂਨੀਵਰਸਿਟੀਆਂ, ਬੱਸਾਂ ਵਿੱਚ ਬਹੁਤ ਸਾਰੇ ਵਿਹਲੇ ਨੌਜਾਵਨਾਂ ਨੂੰ ਮੋਬਾਇਲ ਵਿੱਚ ਖੁੱਭੇ ਵੇਖਿਆ ਜਾ ਸਕਦਾ ਹੈ। ਕਈ ਤਾਂ ਇਸ ਹੱਦ ਤੀਕ ਖੁੱਭੇ ਹੁੰਦੇ ਹਨ ਕਿ ਤੁਰੇ ਜਾਂਦੇ ਕਿਸੇ ਚੀਜ ਨਾਲ ਟਕਰਾ ਵੀ ਜਾਂਦੇ ਹਨ। ਹੁਣ ਤਾਂ ਕਈ ਵਿਗਿਆਨੀ ਵੀ ਇਸਨੂੰ ਮਾਨਸਿਕ ਬਿਮਾਰੀ ਕਰਾਰ ਦੇ ਚੁੱਕੇ ਹਨ। ਸੋਸ਼ਲ ਮੀਡੀਆ ਵਿੱਚ ਅੱਜ-ਕੱਲ ਚੱਲ ਰਿਹਾ ‘ਸੈਲਫੀ’ (ਆਪਣੀ ਤਸਵੀਰ ਆਪ ਖਿੱਚਣ) ਦਾ ਰੁਝਾਨ ਵੀ ਮਾਨਸਿਕ ਰੋਗ ਦੀ ਹੱਦ ਤੱਕ ਪਹੁੰਚਿਆ ਹੋਇਆ ਹੈ।

ਇਸ ਤਰ੍ਹਾਂ ਸੋਸ਼ਲ ਮੀਡੀਆ ਜੋ ਬੇਗਾਨਗੀ ਨੂੰ ਇੱਕ ਤਰ੍ਹਾਂ ਸੋਖਣ, ਉਸਤੋਂ ਰਾਹਤ ਹਾਸਲ ਕਰਨ ਦਾ ਨਕਲੀ ਤੇ ਖੋਖਲਾ ਸਾਧਨ ਬਣਿਆ ਹੈ ਉਸਦੇ ਨੁਕਸਾਨ ਵੀ ਹਨ। ਜਿੱਥੇ ਪਹਿਲਾਂ ਬੇਗਾਨਗੀ ਦੇ ਸ਼ਿਕਾਰ ਲੋਕ ਆਪਣੇ ਅਕੇਵੇਂ, ਬੇਚੈਨੀ ਵਿੱਚੋਂ ਇਸਦੇ ਕਾਰਨਾਂ ਨੂੰ ਲੱਭਣ, ਇਸਦੀਆਂ ਜੜ੍ਹਾਂ ਦੀ ਡੂੰਘਾਈ ਵਿੱਚ ਤਲਾਸ਼ ਕਰਨ ਵੱਲ ਮੁੜਨ ਦੀ ਇੱਕ ਸੰਭਾਵਨਾ ਰਹਿੰਦੀ ਸੀ ਉਹ ਸੋਸ਼ਲ ਮੀਡੀਆ ਨੇ ਇੱਕ ਹੱਦ ਤੱਕ ਘਟਾ ਦਿੱਤੀ ਹੈ। ਸੋਸ਼ਲ ਮੀਡੀਆ ਵਸਤਾਂ, ਵਰਤਾਰਿਆਂ ਨੂੰ ਡੂੰਘਾਈ ਵਿੱਚ ਸਮਝਣ, ਡੂੰਘੇ ਅਧਿਐਨ ਦੀ ਰੁਚੀ ਨੂੰ ਵੀ ਮਾਰਦਾ ਹੈ। ਸੋਸ਼ਲ ਮੀਡੀਆ ਵਰਤਣ ਵਾਲੇ ਜਿਆਦਾਤਰ ਲੋਕ ਹਰ ਗੱਲ ਦਾ ਤੱਟ-ਫੱਟ ਤੇ ਸੰਖੇਪ ਜੁਆਬ ਭਾਲਦੇ ਹਨ। ਭਾਰਤ ਵਰਗੇ ਸਮਾਜ ਵਿੱਚ ਜਿੱਥੇ ਪੜ੍ਹਨ, ਲਿਖਣ ਤੇ ਡੂੰਘੇ ਅਧਿਐਨ ਦਾ ਮਹੌਲ ਪਹਿਲਾਂ ਹੀ ਮਾੜਾ ਹੈ ਉੱਥੇ ਸੋਸ਼ਲ ਮੀਡੀਆ ਲੋਕਾਂ ਦੇ ਖੂਹ ਦੇ ਡੱਡੂਪੁਣੇ ਨੂੰ ਹੋਰ ਵੀ ਵਧਾਵਾ ਦੇ ਰਿਹਾ ਹੈ।

ਇਹ ਵੀ ਧਿਆਨ ਰਹੇ ਕਿ ਉਪਰੋਕਤ ਚਰਚਾ ਹਰ ਇੱਕ ਉੱਤੇ ਇੰਨ-ਬਿੰਨ ਲਾਗੂ ਨਹੀਂ ਹੁੰਦੀ, ਹਾਂ ਇਹ ਇੱਕ ਵੱਡੇ ਹਿੱਸੇ ਉੱਤੇ ਜਰੂਰ ਢੁੱਕਦੀ ਹੈ। ਇਸਦਾ ਕਾਰਨ ਇਹ ਹੈ ਕਿ ਸਮਾਜਕ ਜੀਵਨ ਇੰਨਾ ਗੁੰਝਲਦਾਰ ਤੇ ਵੰਨ-ਸੁਵੰਨਾ ਹੁੰਦਾ ਹੈ ਕਿ ਸਭ ਲੋਕਾਂ ਦੇ ਜੀਵਨ ਨੂੰ ਇੱਕ ਪ੍ਰਕਿਰਿਆ ਤੱਕ ਘਟਾਇਆ ਨਹੀਂ ਜਾ ਸਕਦਾ। ਹਰ ਕੋਈ ਆਪਣੇ ਵੱਖਰੇ ਇਤਿਹਾਸ, ਪੈਦਾਵਾਰ ਵਿੱਚ ਵੱਖੋ-ਵੱਖਰੀ ਭੂਮਿਕਾ, ਕਿਰਤ ਤੋਂ ਦੂਰੀ ਜਾਂ ਨੇੜਤਾ, ਕਿਰਤ ਪ੍ਰਕਿਰਿਆ ਦੇ ਰੂਪ ਅਤੇ ਉਹਨਾਂ ਦੇ ਵੱਖਰੇ ਸਮਾਜਿਕ ਮਹੌਲ ਕਾਰਨ ਬੇਗਾਨਗੀ ਦਾ ਘੱਟ ਜਾਂ ਵੱਧ ਰੂਪ ਵਿੱਚ ਸ਼ਿਕਾਰ ਹੁੰਦੇ ਹਨ। ਦੂਜਾ ਕਾਰਨ ਇਹ ਕਿ ਇਹ ਗੱਲ ਤਾਂ ਠੀਕ ਹੈ ਕਿ ਸਮਾਜਕ ਹੋਂਦ ਬੇਗਾਨਗੀ ਨੂੰ ਜਨਮਦੀ ਹੈ, ਪਰ ਇਸਦੇ ਨਾਲ ਮਨੁੱਖਾਂ ਦੀ ਆਪਣੀ ਚੇਤਨਾ ਵੀ ਹੁੰਦੀ ਹੈ ਜਿਸ ਰਾਹੀਂ ਉਹ ਬੇਗਾਨਗੀ ਦੇ ਇਸ ਪੂਰੇ ਵਰਤਾਰੇ ਨੂੰ ਸਮਝ ਕੇ ਇਸ ਵਿਰੁੱਧ ਲਗਾਤਾਰ ਲੜਦੇ ਵੀ ਹਨ। ਜਿਵੇਂ ਕਿ ਅਸੀਂ ਜਿਕਰ ਕੀਤਾ ਹੈ ਕਿ ਇਸ ਬੇਗਾਨਗੀ ਦਾ ਸਮਾਜਿਕ ਅਧਾਰ ਨਿੱਜੀ ਜਾਇਦਾਦ ਤੇ ਉਸਤੋਂ ਪੈਦਾ ਹੋਈ ਕਿਰਤ ਵੰਡ ਵਿੱਚ ਹੈ। ਇਸ ਲਈ ਬੇਗਾਨਗੀ ਦੇ ਖਾਤਮੇ ਲਈ ਨਿੱਜੀ ਜਾਇਦਾਦ ਅਧਾਰਤ ਢਾਂਚੇ ਨੂੰ ਤਬਾਹ ਕਰਕੇ ਸਮੂਹਿਕ ਮਾਲਕੀ ਵਾਲਾ ਇੱਕ ਅਜਿਹਾ ਸਮਾਜਿਕ ਢਾਂਚਾ ਉਸਾਰਨ ਦੀ ਲੋੜ ਹੈ ਜਿੱਥੇ ਕਿਰਤ ਪ੍ਰਕਿਰਿਆ ਰਚਨਾਤਮਕਾ, ਅਨੰਦ, ਖੁਸ਼ੀ ਤੇ ਸੰਤੁਸ਼ਟੀ ਦਾ ਵੀ ਸਾਧਨ ਹੋਵੇ। ਪਰ ਇਸਦਾ ਮਤਲਬ ਇਹ ਵੀ ਨਹੀਂ ਕਿ ਜਿੰਨਾ ਚਿਰ ਸਰਮਾਏਦਾਰਾ ਢਾਂਚੇ ਦਾ ਖਾਤਮਾ ਨਹੀਂ ਹੁੰਦਾ ਓਨਾ ਚਿਰ ਇਸ ਬੇਗਾਨਗੀ ਤੋਂ ਕੋਈ ਰਾਹਤ ਹਾਸਲ ਨਹੀਂ ਹੋ ਸਕਦੀ। ਮਾਰਕਸ ਨੇ ਲਿਖਿਆ ਸੀ ਕਿ ਮਜਦੂਰ ਸਰਮਾਏ ਦੀ ਗੁਲਾਮੀ ਖਿਲਾਫ ਲੜਦੇ ਹੋਏ ਹੀ ਆਪਣੇ ਆਪ ਨੂੰ ਮਨੁੱਖ ਮਹਿਸੂਸ ਕਰਦੇ ਹਨ। ਇਸੇ ਤਰ੍ਹਾਂ ਜੋ ਕੋਈ ਵੀ ਮੌਜੂਦਾ ਸਰਮਾਏਦਾਰਾ ਢਾਂਚੇ ਦੀ ਅਸਲੀਅਤ ਸਮਝ ਕੇ ਇਸਨੂੰ ਬਦਲਣ ਦੀ ਜੱਦੋ-ਜਹਿਦ ਵਿੱਚ ਸਰਗਰਮ ਹੁੰਦਾ ਹੈ ਉਹ ਉਸੇ ਸਮੇਂ ਆਪਣੀ ਬੇਗਾਨਗੀ ਵਿਰੁੱਧ ਵੀ ਲੜ੍ਹ ਰਿਹਾ ਹੁੰਦਾ ਹੈ। ਇਸੇ ਪ੍ਰਕਿਰਿਆ ਵਿੱਚ ਉਹ ਮਨੁੱਖ ਦੀ ਆਤਮਕ ਦੌਲਤ, ਸੰਵੇਦਨਾਵਾਂ, ਭਾਵਨਾਵਾਂ ਤੇ ਸੁਹਜਾਤਮਕ ਰੁਚੀਆਂ ਦੇ ਹੋਰ ਨੇੜੇ ਹੁੰਦਾ ਜਾਂਦਾ ਹੈ। ਇਸ ਲਈ ਬੇਗਾਨਗੀ ਦਾ ਟਾਕਰਾ ਸਿਰਫ ਇੱਕ ਸਿਧਾਂਤਕ ਸਮਝ ਬਣਾ ਕੇ ਹੀ ਨਹੀਂ ਹੋ ਸਕਦਾ ਸਗੋਂ ਇਸਦੇ ਨਾਲ-ਨਾਲ ਇਸ ਸਮਝ ਨੂੰ ਇਸ ਬੇਗਾਨਗੀ ਨੂੰ ਜਨਮ ਦੇਣ ਵਾਲੀਆਂ ਸਮਾਜਕ ਹਾਲਤਾਂ ਵਿਰੁੱਧ ਜੂਝਣ ਦੀ ਜੱਦੋ-ਜਹਿਦ ਵਿੱਚ ਸ਼ਾਮਲ ਹੋਣਾ ਵੀ ਜਰੂਰੀ ਹੈ।

ਮੁੜ ਸੋਸ਼ਲ ਮੀਡੀਆ ਵੱਲ ਆਉਂਦੇ ਹਾਂ। ਜਿਵੇਂ ਕਿ ਅਸੀਂ ਉੱਪਰ ਜਿਕਰ ਕੀਤਾ ਹੈ ਕਿ ਸੋਸ਼ਲ ਮੀਡੀਆ ਉੱਤੇ ਤੁੱਛਤਾਵਾਂ ਜਾਂ ਉਸਾਰੂ ਵਰਤੋਂ ਦਾ ਸਬੰਧ ਅਸਲ ਸਮਾਜਕ ਜੀਵਨ ਨਾਲ ਹੈ। ਜੋ ਕੋਈ ਵੀ ਅਸਲ ਸਮਾਜਕ ਵਿੱਚ ਬੇਗਾਨਗੀ ਦਾ ਸ਼ਿਕਾਰ ਹੈ ਉਸਦੀ ਸੋਸ਼ਲ ਮੀਡੀਆ ਦੀ ਵਰਤੋਂ ਵੀ ਓਨੀ ਹੀ ਤੁੱਛ ਹੋਵੇਗੀ, ਉਸ ਲਈ ਇਹ ਸਮਾਜਕ ਮੰਚ ਨਹੀਂ ਸਗੋਂ ਆਤਮ ਸੰਤੁਸ਼ਟੀ ਲਈ ਨਿੱਜ ਦੇ ਪ੍ਰਗਟਾਵੇ ਦਾ ਸਾਧਨ ਹੋਵੇਗਾ। ਇਸੇ ਤਰ੍ਹਾਂ ਜੋ ਲੋਕ ਆਪਣੇ ਅਸਲ ਜੀਵਨ ਵਿੱਚ ਬੇਗਾਨਗੀ ਵਿਰੁੱਧ ਤੇ ਇਸ ਬੇਗਾਨਗੀ ਨੂੰ ਪੈਦਾ ਕਰਨ ਵਾਲੇ ਸਰਮਾਏਦਾਰਾ ਢਾਂਚੇ ਖਿਲਾਫ ਲੜਦੇ ਹਨ ਉਹ ਹੀ ਸੋਸ਼ਲ ਮੀਡੀਆ ਦੀ ਕੋਈ ਉਸਾਰੂ ਵਰਤੋਂ ਕਰ ਸਕਦੇ ਹਨ। ਇੱਥੇ ਉਸਾਰੂ ਵਰਤੋਂ ਦਾ ਮਤਲਬ ਆਪਣੇ ਕਿਸੇ ਕਾਰੋਬਾਰ ਦਾ ਪ੍ਰਚਾਰ ਕਰਨਾ ਜਾਂ ਲੋਕਾਂ ਨੂੰ ਰੁੱਖ ਲਾਉਣ, ਖੂਨਦਾਨ ਕਰਨ ਜਿਹੇ ਨਿੱਜੀ ਮੁਨਾਫੇ ਤੇ ਥੋਥਲੇ ਸੁਧਾਰ ਦੇ ਕੰਮ ਨਹੀ ਹੈ। ਉਸਾਰੂ ਵਰਤੋਂ ਦਾ ਮਤਲਬ ਮੌਜੂਦਾ ਸਮਾਜਕ ਢਾਂਚੇ ਨੂੰ ਬਦਲਣ ਦੀ ਜੱਦੋ-ਜਹਿਦ ਦੇ ਅੰਗ ਵਜੋਂ ਵਰਤੋਂ ਕਰਨਾ ਹੈ। ਸੋਸ਼ਲ ਮੀਡੀਆ ਨੂੰ ਬਾਕੀ ਮੀਡੀਆ ਵੱਲੋਂ ਬਲੈਕ ਆਊਟ ਕੀਤੀਆਂ ਖਬਰਾਂ, ਸੂਚਨਾਵਾਂ ਦੇ ਪ੍ਰਚਾਰ-ਪ੍ਰਸਾਰ, ਸਰਮਾਏਦਾਰਾ-ਸਾਮਰਾਜੀ ਮੀਡੀਆ ਵੱਲੋਂ ਫੈਲਾਏ ਜਾਂਦੇ ਝੂਠਾਂ ਦਾ ਪਾਜ ਉਘੇੜਨ, ਲੋਕਾਂ ਵਿੱਚ ਇਨਕਲਾਬੀ ਵਿਰਾਸਤ, ਵਿਚਾਰਾਂ ਤੇ ਸਾਹਿਤ ਦੇ ਪ੍ਰਚਾਰ-ਪ੍ਰਸਾਰ, ਸਰਮਾਏਦਾਰਾ ਵਿਚਾਰਾਂ ਦੇ ਬਦਲ ਵਿੱਚ ਲੋਕਾਂ ਵਿੱਚ ਇਨਕਲਾਬੀ ਵਿਚਾਰਾਂ ਨੂੰ ਲਿਜਾਣ, ਸਮਾਜ ਵਿਗਿਆਨ, ਇਤਿਹਾਸ, ਆਰਥਿਕਤਾ ਆਦਿ ਦੀਆਂ ਸੱਚਾਈਆਂ ਲੋਕਾਂ ਤੱਕ ਪਹੁੰਚਾਉਣ, ਹਾਕਮ ਜਮਾਤਾਂ ਦੇ ਨਾਇਕਾਂ ਦੀ ਥਾਂ ਲੋਕਾਂ ਦੇ ਨਾਇਕਾਂ ਨੂੰ ਸਥਾਪਤ ਕਰਨ, ਚਲੰਤ ਘਟਨਾਵਾਂ ਦੀ ਲੋਕਾਂ ਵਿੱਚ ਸਹੀ ਸਮਝ ਪੇਸ਼ ਕਰਨ ਆਦਿ ਜਿਹੇ ਅਨੇਕਾਂ ਰੂਪਾਂ ਵਿੱਚ ਕੀਤੀ ਜਾ ਸਕਦੀ ਹੈ।

ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਸਰਮਾਏਦਾਰਾ ਢਾਂਚੇ ਦੀ ਹਕੀਕਤ ਸਮਝਣ ਤੇ ਇਸਨੂੰ ਬਦਲਣ ਦੀ ਪ੍ਰਕਿਰਿਆ ਵਿੱਚ ਸਰਗਰਮ ਕੋਈ ਵੀ ਬੇਗਾਨਗੀ ਤੋਂ ਪੂਰੀ ਤਰ੍ਹਾਂ ਮੁਕਤ ਨਹੀ ਹੁੰਦਾ, ਕਿਉਂਕਿ ਜਿਸ ਸਮਾਜ ਨੂੰ ਉਹ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਉਹ ਵੀ ਉਸ ਉੱਤੇ ਪ੍ਰਭਾਵ ਪਾਉੰਦਾ ਹੈ। ਇੱਥੇ ਫਰਕ ਉਸਦੀ ਗਤੀ, ਸੇਧ ਦਾ ਹੁੰਦਾ ਹੈ, ਉਹ ਦਿਨੋਂ-ਦਿਨ ਬੇਗਾਨਗੀ ਦੇ ਪ੍ਰਭਾਵ ਤੋਂ ਦੂਰ ਹੁੰਦੇ ਜਾਣ ਦੀ ਪ੍ਰਕਿਰਿਆ ਵਿੱਚ ਹੁੰਦਾ ਹੈ। ਇਸ ਲਈ ਇਹ ਕੁੱਝ ਉਹ ਨੁਕਤੇ ਹਨ ਜੋ ਇਨਕਲਾਬੀ ਜੱਦੋ-ਜਹਿਦ ਵਿੱਚ ਸਰਗਰਮ ਜਾਂ ਉਸ ਨਾਲ ਸਹਿਮਤੀ ਰੱਖਦੇ ਲੋਕਾਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਸਮੇਂ ਧਿਆਨ ਵਿੱਚ ਰੱਖਣੇ ਚਾਹੀਦੇ ਹਨ। ਕਿਤੇ ਇਹ ਨਾ ਹੋਵੇ ਕਿ ਸੋਸ਼ਲ ਮੀਡੀਆ ਨੂੰ ਵਰਤਣ ਗਏ ਉਹ ਖੁਦ ਵੀ ਕੁੱਝ ਮੁਕਾਬਲਤਨ ਅਗਾਂਹਵਧੂ, ਰੈਡੀਕਲ ਵਰਤੋਂ ਦੇ ਰੂਪ ਵਿੱਚ ਇਸ ਤੋਂ ਹੀ ਕੁੱਲ ਸੰਤੁਸ਼ਟੀ, ਖੁਸ਼ੀ ਹਾਸਲ ਕਰਨ ਲੱਗ ਪੈਣ ਤੇ ਇੰਝ ਖੁਦ ਹੀ ਵਰਤੇ ਜਾਣ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 43, ਸਤੰਬਰ 2015 ਵਿਚ ਪਰ੍ਕਾਸ਼ਤ

Advertisements