ਸਮਾਜਵਾਦੀ ਸਮਾਜ ਦੇ ਵਿਕਾਸ ‘ਚ ਉੱਚ-ਉਸਾਰ ਦੀ ਭੁਮਿਕਾ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

(ਲੜੀ ਜੋੜਨ ਲਈ ਦੇਖੋ- ਲਲਕਾਰ ਅੰਕ 16 ਸਤੰਬਰ 2016)

(3) ਸਮਾਜਵਾਦੀ ਮਤਾਂ ਅਤੇ ਸੰਸਥਾਵਾਂ ਨੂੰ ਆਲੋਚਨਾ ਤੇ ਆਤਮ-ਆਲੋਚਨਾ ਰਾਹੀਂ ਵਿਕਸਿਤ ਕੀਤਾ
ਜਾਂਦਾ ਹੈ:

ਮਨੁੱਖ ਦੁਆਰਾ ਮਨੁੱਖ ਦੀ ਲੁੱਟ ‘ਤੇ ਅਧਾਰਿਤ ਸਰਮਾਏਦਾਰਾ ਅਤੇ ਦੂਜੇ ਸਮਾਜਾਂ ‘ਚ, ਸਮਾਜ ਦੇ ਮਤਾਂ ਅਤੇ ਸੰਸਥਾਵਾਂ ਦੇ ਵਿਕਾਸ ਦਾ ਇਮਤਿਹਾਨ ਇਸ ਕਸੌਟੀ ‘ਤੇ ਨਹੀਂ ਹੁੰਦਾ ਕਿ ਕੀ ਉਹ ਜੀਵਨ ਦੀਆਂ ਅਸਲ ਦਸ਼ਾਵਾਂ ਸਬੰਧੀ ਮਨੁੱਖਤਾ ਦੀ ਸਮਝ ਨੂੰ ਵਧਾਉਂਦੇ ਹਨ ਅਤੇ ਅਵਾਮ ਨੂੰ ਉਹਨਾਂ ਦੇ ਜਨਤਕ ਹਿੱਤ ਸਾਧਣ ਅਤੇ ਉਹਨਾਂ ਦੀਆਂ ਪਦਾਰਥਕ ਤੇ ਸੱਭਿਆਚਾਰਕ ਲੋੜਾਂ ਦੀ ਸੰਤੁਸ਼ਟੀ ਹਾਸਲ ਕਰਨ ਯੋਗ ਬਣਾਉਂਦੇ ਹਨ, ਸਗੋਂ ਇਸ ਕਸੌਟੀ ‘ਤੇ ਹੁੰਦਾ ਹੈ ਕਿ ਕੀ ਉਹ ਮਤ ਅਤੇ ਸੰਸਥਾਵਾਂ ਹਾਕਮ ਜਮਾਤ ਦੇ ਹਿੱਤਾਂ ਦੀ ਸੇਵਾ ਕਰਦੇ ਹਨ। ਅਤੇ ਇਸ ਤਰ੍ਹਾਂ ਉਹਨਾਂ ਦਾ ਵਿਕਾਸ ਅੰਤਿਮ ਵਿਸ਼ਲੇਸ਼ਣ ਵਜੋਂ, ਸਮਾਜ ‘ਚ ਆਪਾ ਵਿਰੋਧੀ ਹਿੱਤਾਂ ਵਿਚਾਲੇ ਟਕਰਾਅ ਅਤੇ ਘੋਲ਼ ਦੁਆਰਾ – ਅਤੇ ਵਿਰੋਧਤਾਈਆਂ ਤੋਂ ਪੈਦਾ ਹੋਣ ਵਾਲ਼ੀਆਂ ਵੱਖ-ਵੱਖ ਪ੍ਰਵ੍ਰਿਤੀਆਂ ਦੇ ਟਕਰਾਅ, ਜਿਸ ਵਿੱਚ ਹਾਕਮ ਜਮਾਤ ਖੁਦ ਲਗਾਤਾਰ ਰੁੱਝੀ ਰਹਿੰਦੀ ਹੈ – ਹੁੰਦਾ ਹੈ। ਪੁਰਾਣਾ ਅਧਾਰ ਸਮਾਜਿਕ ਵਿਕਾਸ ਲਈ ਜਿੰਨੀ ਜ਼ਿਆਦਾ ਬੇੜੀ ਬਣਦਾ ਹੈ, ਸਮਾਜਿਕ ਸੰਸਥਾਵਾਂ ਓਨੀਆਂ ਜ਼ਿਆਦਾ ਜਾਬਰ ਹੋ ਜਾਂਦੀਆਂ ਹਨ, ਅਤੇ ਮਤ ਵੀ ਓਨੇ ਹੀ ਜ਼ਿਆਦਾ ਅੰਧ-ਵਿਸ਼ਵਾਸੀ ਤੇ ਧੋਖਾ ਦੇਣ ਵਾਲ਼ੇ ਹੋ ਜਾਂਦੇ ਹਨ।

ਦੂਜੇ ਪਾਸੇ, ਸਮਾਜਵਾਦੀ ਅਧਾਰ ਅਜਿਹਾ ਅਧਾਰ ਹੁੰਦਾ ਹੈ, ਜਿਸ ‘ਚ ਆਮ ਲੋਕ ਆਪਣੀਆਂ ਲਗਾਤਾਰ ਵੱਧਦੀਆਂ ਹੋਈਆਂ ਪਦਾਰਥਕ ਤੇ ਸੱਭਿਆਚਾਰਕ ਲੋੜਾਂ ਦੀ ਸੰਤੁਸ਼ਟੀ ਦੇ ਉਦੇਸ਼ ਨਾਲ਼ ਇੱਕ ਦੂਜੇ ਨਾਲ਼ ਸਹਿਯੋਗ ਕਰਦੇ ਹਨ। ਅਜਿਹੇ ਸਮਾਜ ‘ਚ ਰਹਿੰਦੇ ਹੋਏ ਆਮ ਲੋਕਾਂ ਨੂੰ ਉਹਨਾਂ ਮਤਾਂ ਨਾਲ਼ ਕੋਈ ਖ਼ਾਸ ਲਾਭ ਨਹੀਂ ਹੁੰਦਾ ਜੋ ਕਿਸੇ ਨਾ ਕਿਸੇ ਤਰੀਕੇ ਤੱਥਾਂ ਨੂੰ ਕਪਟੀ, ਵਿਗੜੇ ਅਤੇ ਮਿੱਥਿਆ ਢੰਗ ਨਾਲ਼ ਪੇਸ਼ ਕਰਦੇ ਹਨ। ਇਸਦੇ ਉਲਟ ਕੁਦਰਤ ਤੇ ਸਮਾਜ ਸਬੰਧੀ ਉਹਨਾਂ ਦੀ ਸਮਝ ਜਿੰਨੀ ਜ਼ਿਆਦਾ ਸੱਚੀ, ਸਪੱਸ਼ਟ ਅਤੇ ਡੂੰਘੀ ਹੋਵੇਗੀ, ਓਨੇ ਹੀ ਬੇਹਤਰ ਢੰਗ ਨਾਲ਼ ਉਹਨਾਂ ਦੇ ਮਤ ਉਹਨਾਂ ਦੇ ਸਮਾਜਿਕ ਉਦੇਸ਼ ਦੀ ਪੂਰਤੀ ਕਰਨਗੇ। ਇਸੇ ਤਰ੍ਹਾਂ, ਸਮਾਜਵਾਦੀ ਸਮਾਜ ਦੀਆਂ ਸੰਸਥਾਵਾਂ ਦੇ ਵਿਕਾਸ ਦਾ ਉਦੇਸ਼ ਅਜਿਹੀਆਂ ਸੰਸਥਾਵਾਂ ਦਾ ਵਿਕਾਸ ਕਰਨਾ ਹੈ ਜੋ ਆਮ ਲੋਕਾਂ ਨੂੰ ਉਹਨਾਂ ਦੀਆਂ ਸਭ ਪਦਾਰਥਕ ਤੇ ਸੱਭਿਆਚਾਰਕ ਲੋੜਾਂ ਦੀ ਵੱਧ ਤੋਂ ਵੱਧ ਸੰਤੁਸ਼ਟੀ ਪ੍ਰਾਪਤ ਕਰਨ ਦੀ ਗਰਜ਼ ਨਾਲ਼ ਆਪਸੀ ਸਹਿਯੋਗ ਲਈ ਸਭ ਤੋਂ ਵੱਧ ਯੋਗ ਬਣਾਉਣਗੀਆਂ।

ਨਤੀਜਨ ਸਮਾਜਵਾਦੀ ਸਮਾਜ ਦੇ ਮਤਾਂ ਅਤੇ ਸੰਸਥਾਵਾਂ ਦੀ ਉਹਨਾਂ ਦੇ ਵਿਕਾਸ ‘ਚ ਨਿਯਮ-ਪੂਰਵਕ ਪਰਖ ਇਸ ਕਸੌਟੀ ‘ਤੇ ਹੁੰਦੀ ਹੈ ਕਿ ਕੀ ਉਹ ਜੀਵਨ ਦੀਆਂ ਅਸਲ ਦਸ਼ਾਵਾਂ ਸਬੰਧੀ ਮਨੁੱਖਤਾ ਦੀ ਸਮਝ ਵਧਾਉਂਦੀਆਂ ਹਨ ਅਤੇ ਆਮ ਲੋਕਾਂ ਨੂੰ ਉਹਨਾਂ ਦੇ ਜਨਤਕ ਹਿੱਤ, ਉਹਨਾਂ ਦੀਆਂ ਪਦਾਰਥਕ ਤੇ ਸੱਭਿਆਚਾਰਕ ਲੋੜਾਂ ਦੀ ਪੂਰਤੀ ਕਰਨ ਯੋਗ ਬਣਾਉਂਦੀਆਂ ਹਨ।

ਬਹੁਤ ਹੀ ਸੁਭਾਵਿਕ ਰੂਪ ‘ਚ, ਉਹ ਸਾਰੇ ਮਤ ਜੋ ਪੇਸ਼ ਕੀਤੇ ਜਾਂਦੇ ਹਨ, ਸੱਚਮੁਚ ਸਾਰੇ ਅਰਥਾਂ ‘ਚ ਠੀਕ ਮਤ ਨਹੀਂ ਹੁੰਦੇ। ਨਾ ਹੀ ਉਹ ਸਾਰੀਆਂ ਸੰਸਥਾਵਾਂ ਜੋ ਸਥਾਪਿਤ ਕੀਤੀਆਂ ਜਾਂਦੀਆਂ ਹਨ, ਸੱਚਮੁਚ ਪੂਰੇ ਅਰਥਾਂ ‘ਚ ਚੰਗੀਆਂ ਸੰਸਥਾਵਾਂ ਹੁੰਦੀਆਂ ਹਨ। ਹੋਰ ਵੀ, ਜਿਵੇਂ-ਜਿਵੇਂ ਸਮਾਜਵਾਦ ਵਿਕਸਿਤ ਹੁੰਦਾ ਹੈ, ਸਮਾਜਿਕ ਵਿਕਾਸ ਦੀਆਂ ਅਗਲੀਆਂ ਲੋੜਾਂ ਅਨੁਸਾਰ ਅਤੇ ਉਹਨਾਂ ਦੀ ਪੂਰਤੀ ਲਈ ਸਮਾਜ ਦੇ ਮਤਾਂ ਅਤੇ ਸੰਸਥਾਵਾਂ ਦੇ ਹੋਰ ਅੱਗੇ ਵਿਕਾਸ ਦੀ ਲੋੜ ਦਾ ਪੈਦਾ ਹੋਣਾ ਲਾਜ਼ਮੀ ਹੋ ਜਾਂਦਾ ਹੈ।

ਉਸ ਸਮੇਂ, ਸਮਾਜਵਾਦੀ ਸਮਾਜ ‘ਚ ਉੱਚ-ਉਸਾਰ ਦਾ ਲਾਜ਼ਮੀ ਵਿਕਾਸ ਕਿਵੇਂ ਹੁੰਦਾ ਹੈ? ਉਸ ਤਰ੍ਹਾਂ ਨਹੀਂ, ਜਿਵੇਂ ਲੁੱਟ ਅਧਾਰਿਤ ਸਮਾਜਾਂ ਵਿੱਚ ਆਪਸੀ ਉਲਟ ਤੇ ਵਿਰੋਧੀ ਹਿੱਤਾਂ ‘ਤੇ ਅਧਾਰਿਤ ਘੋਲ਼ ਹੁੰਦਾ ਹੈ, ਸਗੋਂ ਉਹ ਹਿੱਤਾਂ ਦੀ ਬਰਾਬਰੀ ‘ਤੇ ਅਧਾਰਿਤ ਆਲੋਚਨਾ-ਆਤਮ-ਆਲੋਚਨਾ ਰਾਹੀਂ ਹੁੰਦਾ ਹੈ।

ਆਮ ਤੌਰ ‘ਤੇ, ਆਲੋਚਨਾ-ਆਤਮ-ਆਲੋਚਨਾ ਦੇ ਵਿਹਾਰ ਰਾਹੀਂ ਹੀ ਆਮ ਲੋਕ ਕਿਸੇ ਸਹਿਕਾਰੀ ਕੰਮ ‘ਚੋਂ ਸਭ ਤੋਂ ਉੱਤਮ ਨਤੀਜੇ ਪ੍ਰਾਪਤ ਕਰ ਸਕਦੇ ਹਨ, ਕਿਉਂਕਿ ਕੇਵਲ ਇਸੇ ਤਰੀਕੇ ਨਾਲ਼ ਕੰਮ ਨੂੰ ਲਗਾਤਾਰ ਬੇਹਤਰ ਅਤੇ ਹੋਰ ਬੇਹਤਰ ਢੰਗ ਨਾਲ਼ ਕਰਨ ਦੀ ਯੋਗਤਾ ਆ ਸਕਦੀ ਹੈ। ਇਸ ਤਰ੍ਹਾਂ ਆਲੋਚਨਾ-ਆਤਮ-ਆਲੋਚਨਾ ਦੇ ਵਿਹਾਰ ਰਾਹੀਂ ਹੀ ਸਮਾਜਵਾਦੀ ਸਮਾਜ ਲਈ ਉਚਿਤ ਅਤੇ ਉਸਦੇ ਯੋਗ ਮਤਾਂ ਅਤੇ ਸੰਸਥਾਵਾਂ ਦੇ ਉੱਚ-ਉਸਾਰ ਨੂੰ ਵਿਕਸਿਤ ਕੀਤਾ ਜਾ ਸਕਦਾ ਹੈ।

ਇਸ ਤਰ੍ਹਾਂ ਆਲੋਚਨਾ-ਆਤਮ-ਆਲੋਚਨਾ ਦਾ ਸਿਧਾਂਤ ਸਮਾਜਵਾਦੀ ਸਮਾਜ ਦੇ ਮਤਾਂ ਅਤੇ ਸੰਸਥਾਵਾਂ ਦੇ ਵਿਕਾਸ ‘ਚ ਵੀ ਆਗਵਾਨੂੰ ਸਿਧਾਂਤ ਹੁੰਦਾ ਹੈ।

(4) ਸਮਾਜਵਾਦੀ ਮਤ ਅਤੇ ਸੰਸਥਾਵਾਂ ਕਮਿਊਨਿਜ਼ਮ ‘ਚ ਤਬਦੀਲੀ ਨੂੰ ਸੌਖਾ ਬਣਾਉਂਦੇ ਹਨ:

ਸਾਰੇ ਪਿਛਲੇ ਸਮਾਜਾਂ ‘ਚ ਉੱਚ-ਉਸਾਰ ਦਾ ਕੰਮ ਮੌਜੂਦਾ ਸਮਾਜਿਕ ਤਰੀਕਾਕਾਰ ਨੂੰ ਸੁਰੱਖਿਅਤ ਰੱਖਣਾ ਹੁੰਦਾ ਹੈ। ਇਸ ਲਈ ਜਦ ਪੈਦਾਵਾਰ ਦੇ ਵਿਕਾਸ ਦਾ ਪੈਦਾਵਾਰ ਦੇ ਮੌਜੂਦਾ ਸਬੰਧਾਂ ਨਾਲ਼ ਟਕਰਾਅ ਹੁੰਦਾ ਹੈ, ਉੱਚ-ਉਸਾਰ ਲਾਜ਼ਮੀ ਸਮਾਜਿਕ ਤਬਦੀਲੀਆਂ ‘ਚ ਅੜਚਣ ਡਾਹੁੰਦੇ ਹੋਏ ਲਗਾਤਾਰ ਵੱਧਦੇ ਹੋਏ ਅੰਸ਼ਾਂ ‘ਚ ਪਿਛਾਖੜੀ ਹੁੰਦਾ ਜਾਂਦਾ ਹੈ।

ਸਮਾਜਵਾਦੀ ਪੈਦਾਵਾਰ ਦਾ ਵਿਕਾਸ, ਜਿਵੇਂ ਅਸੀਂ ਦੇਖਿਆ ਹੈ, ਡੂੰਘੀਆਂ ਸਮਾਜਿਕ ਕਾਇਆਪਲਟੀਆਂ ਦੀ ਸੰਪੂਰਨ ਲੜੀ ਨੂੰ ਲਾਜ਼ਮੀ ਬਣਾਉਂਦਾ ਹੈ, ਜਿਸਦਾ ਨਤੀਜ਼ਾ ਅੰਤ ਕਮਿਊਨਿਜ਼ਮ ਦੀ ਉੱਚਤਮ ਸਥਿਤੀ ਦੇ ਜਨਮ ਦੇ ਰੂਪ ‘ਚ ਸਾਹਮਣੇ ਆਉਂਦਾ ਹੈ। ਇਸ ਤਰ੍ਹਾਂ ਪੈਦਾਵਾਰ ਅਤੇ ਵੰਡ ਦੀ ਸੰਪੂਰਨ ਪ੍ਰਕਿਰਿਆ ਨੂੰ ਲਾਜ਼ਮੀ ਹੀ “ਸਾਰੀ ਕੌਮ ਦੀ ਵਿਸ਼ਾਲ ਜਥੇਬੰਦੀ” ਦੇ ਪ੍ਰਬੰਧਨ ਤਹਿਤ ਚਲਾਇਆ ਜਾਣਾ ਚਾਹੀਦਾ ਹੈ। ਕਿਰਤ ਦੀ ਵੰਡ ਪ੍ਰਤੀ ਵਿਅਕਤੀ ਦੀ ਸਾਰੀ ਮਤਹਿਤੀ ਦਾ ਅੰਤ ਹੋ ਜਾਣਾ ਚਾਹੀਦਾ ਹੈ, ਸਾਰੇ ਤਰ੍ਹਾਂ ਦੀ ਜਿਣਸ ਪੈਦਾਵਾਰ ਬੰਦ ਹੋ ਜਾਣੀ ਚਾਹੀਦੀ ਹੈ ਅਤੇ ਸਮਾਜ ਲਈ ਪਾਏ ਗਏ ਕੰਮ ਦੇ ਯੋਗਦਾਨ ਅਨੁਸਾਰ ਪ੍ਰਾਪਤ ਕਰਨ ਦੇ ਹੱਕ ਦੀ ਥਾਂ ਸਾਰੀਆਂ ਲੋੜਾਂ ਅਨੁਸਾਰ ਪ੍ਰਾਪਤ ਕਰਨ ਦਾ ਹਰੇਕ ਵਿਅਕਤੀ ਦਾ ਹੱਕ ਸਥਾਪਿਤ ਹੋਣਾ ਚਾਹੀਦਾ ਹੈ।

ਇਸ ‘ਚ ਸ਼ੱਕ ਨਹੀਂ ਹੋ ਸਕਦਾ ਕਿ ਸਮਾਜਵਾਦੀ ਸਮਾਜ ਦਾ ਉੱਚ-ਉਸਾਰ ਜਿਵੇਂ ਇਹ ਪਹਿਲਾਂ-ਪਹਿਲ ਸਰਮਾਏਦਾਰਾ ਸਮਾਜ ‘ਚੋਂ ਨਿਕਲਦਾ ਹੈ, ਕਮਿਊਨਿਜ਼ਮ ਦੀਆਂ ਇਹਨਾਂ ਉੱਚਤਮ ਇੱਛਾਵਾਂ ਦੇ ਅਨੁਸਾਰ ਨਹੀਂ ਹੁੰਦਾ। ਉਦਾਹਰਣ ਵਜੋਂ ਸਮਾਜਵਾਦ ਦੇ ਮਤਾਂ ਅਤੇ ਉਸੇ ਅਨੁਸਾਰ ਸੰਸਥਾਵਾਂ ਦਾ ਕਿਰਦਾਰ ਅਜਿਹਾ ਹੁੰਦਾ ਹੈ ਕਿ ਉਹ ਕੰਮ ਅਨੁਸਾਰ ਪ੍ਰਾਪਤ ਕਰਨ ਦੇ ਹੱਕ ਦਾ ਸਖ਼ਤੀ ਨਾਲ਼ ਪੱਖ ਪੂਰਦੇ ਹਨ, ਜਿਸ ‘ਚ ਲੋੜ ਅਨੁਸਾਰ ਲੈਣ ਦੇ ਹੱਕ ਦਾ ਖੰਡਨ ਹੁੰਦਾ ਹੈ।

ਉਸ ਸਮੇਂ ਕੀ ਹੁੰਦਾ ਹੈ, ਜਦ ਕਮਿਊੂਨਿਜ਼ਮ ‘ਚ ਤਬਦੀਲੀ ਲਈ ਪਦਾਰਥਕ ਦਸ਼ਾਵਾਂ ਪਰਪੱਕ ਹੋਣ ਲੱਗਦੀਆਂ ਹਨ? ਕੀ ਸਮਾਜ ਦੇ ਮਤ ਅਤੇ ਸੰਸਥਾਵਾਂ ਉਸ ਸਮੇਂ ਪਿਛਾਖੜੀ ਭੂਮਿਕਾ ਨਿਭਾਉਣਾ ਸ਼ੁਰੂ ਕਰਦੇ ਹਨ ਅਤੇ ਸਮਾਜਿਕ ਜੀਵਨ ਦੇ ਹੋਰ ਵਿਕਸਿਤ ਹੋਣ ‘ਚ ਮਦਦ ਕਰਨ ਦੀ ਬਜਾਏ ਰੋਕ ਲਾਉਣ ਲੱਗਦੇ ਹਨ?

ਨਹੀਂ, ਕਿਉਂਕਿ ਸਮਾਜਵਾਦੀ ਉੱਚ-ਉਸਾਰ ਦੀ ਰਚਨਾ ਆਮ ਲੋਕਾਂ ਨੂੰ, ਉਹਨਾਂ ਦੀਆਂ ਸਮਾਜਿਕ ਲੋੜਾਂ ਦੀ ਸੰਤੁਸ਼ਟੀ ਲਈ, ਮਦਦ ਦੇਣ ਦੇ ਸੁਚੇਤਨ ਯਤਨ ਨਾਲ਼ ਕੀਤੀ ਜਾਂਦੀ ਹੈ, ਸਾਰੇ ਲੋਕ ਉਸਦਾ ਸਰੂਪ ਘੜਦੇ ਹਨ ਅਤੇ ਉਸਨੂੰ ਉਸਦੇ ਵਿਕਾਸ ਦੌਰਾਨ ਆਲੋਚਨਾ-ਆਤਮ-ਆਲੋਚਨਾ ਦੇ ਪ੍ਰਯੋਗ ਰਾਹੀਂ ਕੰਟਰੌਲ ਕੀਤਾ ਜਾਂਦਾ ਹੈ। ਇਸ ਤਰ੍ਹਾਂ ਜਦ ਤਜ਼ਰਬਾ ਤਬਦੀਲੀਆਂ ਦੀ ਲੋੜ ਦਿਖਾਉਂਦਾ ਹੈ, ਇਹਨਾਂ ਤਬਦੀਲੀਆਂ ਦੇ ਕਿਰਦਾਰ ਸਬੰਧੀ ਵਿਚਾਰ-ਚਰਚਾ ਹੋ ਸਕਦੀ ਹੈ, ਫੈਸਲਾ ਲਿਆ ਜਾ ਸਕਦਾ ਹੈ ਅਤੇ ਅਜਿਹੇ ਮਤਾਂ ਅਤੇ ਸੰਸਥਾਵਾਂ ਨੂੰ ਤਬਦੀਲ ਕੀਤਾ ਜਾ ਸਕਦਾ ਹੈ, ਜੋ ਚੰਗੇ ਉਦੇਸ਼ ‘ਚ ਮਦਦਗਾਰ ਨਹੀਂ ਰਹਿ ਜਾਂਦੇ।

ਇਸ ਲਈ ਜਦ ਨਿਸ਼ਚਿਤ ਮਤ ਅਤੇ ਸੰਸਥਾਵਾਂ ਸਮਾਜਿਕ ਵਿਕਾਸ ਦੀਆਂ ਬਦਲਦੀਆਂ ਹੋਈਆਂ ਲੋੜਾਂ ਦੇ ਅਨੁਸਾਰ ਨਹੀਂ ਰਹਿ ਜਾਂਦੇ, ਉਹਨਾਂ ਨੂੰ ਸਮਾਂ ਰਹਿੰਦੇ, ਟਕਰਾਅ ਤੋਂ ਬਿਨਾਂ, ਆਲੋਚਨਾ-ਆਤਮ-ਆਲੋਚਨਾ ਦੀ ਪ੍ਰਕਿਰਿਆ ਰਾਹੀਂ ਬਦਲਿਆ ਜਾ ਸਕਦਾ ਹੈ। ਇਸ ਤੋਂ ਬਿਨਾਂ ਸਮਾਜਵਾਦੀ ਸਮਾਜ ਦੇ ਬੁਨਿਆਦੀ ਮਤ ਉਹ ਮਤ ਹੁੰਦੇ ਹਨ ਜੋ ਕਮਿਊਨਿਜ਼ਮ ‘ਚ ਤਬਦੀਲੀ ਦੇ ਵਿਸ਼ੇ ਸਬੰਧੀ ਪਹਿਲਾਂ ਹੀ ਯੋਜਨਾ ਬਣਾ ਲੈਂਦੇ ਹਨ।

ਸੰਖੇਪ ‘ਚ, ਸਮਾਜਵਾਦੀ ਸਮਾਜ ‘ਚ ਉੱਚ-ਉਸਾਰ ਦੀ ਭੂਮਿਕਾ ਸਮਾਜਵਾਦੀ ਅਧਾਰ ਦਾ ਸਰੂਪ ਜਥੇਬੰਦ ਕਰਨ ਤੇ ਉਸਦੀ ਮਜ਼ਬੂਤੀ ਅਤੇ ਸਰਮਾਏਦਾਰਾ ਅਧਾਰ ਦੀ ਰਹਿੰਦ-ਖੂੰਹਦ ਦੇ ਨਾਸ਼ ‘ਚ ਸਹਾਇਕ ਹੋਣ ਦੇ ਨਾਲ਼-ਨਾਲ਼ ਸਮਾਜਵਾਦ ਤੋਂ ਕਮਿਊਨਿਜ਼ਮ ‘ਚ ਤਬਦੀਲੀ ਨੂੰ ਸੌਖਾਲਾ ਬਣਾਉਣ ਦੀ ਵੀ ਹੁੰਦੀ ਹੈ।

ਸਮਾਜਵਾਦ ਦੀ ਉਸਾਰੀ ਅਤੇ ਕਮਿਊਨਿਜ਼ਮ ‘ਚ ਤਬਦੀਲੀ ਲਈ
ਰਾਜ ਅਤੇ ਪਾਰਟੀ ਸਭ ਤੋਂ ਤਾਕਤਵਰ ਸੰਦ

ਸਮਾਜਵਾਦੀ ਉੱਚ-ਉਸਾਰ ਅਤੇ ਇਸ ਤਰ੍ਹਾਂ ਸਮਾਜਵਾਦੀ ਸਮਾਜ ‘ਚ ਜੀਵਨ ਦੇ ਸੰਪੂਰਨ ਦਿਸ਼ਾ-ਨਿਰਦੇਸ਼ਨ ਅਤੇ ਜਥੇਬੰਦੀ ‘ਚ ਮੁੱਖ ਮਹੱਤਵਪੂਰਨ ਭੂਮਿਕਾ ਰਾਜ ਅਤੇ ਪਾਰਟੀ ਨਿਭਾਉਂਦੀ ਹੈ। ਇਹ ਅਸਲ ‘ਚ ਸਮਾਜਵਾਦ ਦੀ ਉਸਾਰੀ ਕਰਨ ਅਤੇ ਕਮਿਊਨਿਜ਼ਮ ‘ਚ ਤਬਦੀਲੀ ਕਰਨ ਲਈ ਸਭ ਤੋਂ ਤਾਕਤਵਰ ਸੰਦ ਹੁੰਦੇ ਹਨ। ਉਹਨਾਂ ਤੋਂ ਬਿਨਾਂ ਇਹ ਕੰਮ ਪੂਰਾ ਨਹੀਂ ਕੀਤਾ ਜਾ ਸਕਦਾ ਜਦਕਿ ਰਾਜ ਅਤੇ ਪਾਰਟੀ, ਦੋਵੇਂ, ਜਦ ਆਪਣਾ ਉਦੇਸ਼ ਪੂਰਾ ਕਰ ਲੈਣਗੇ, ਅੰਤ ‘ਚ ਰੰਗ-ਮੰਚ ਤੋਂ ਲੋਪ ਹੋ ਜਾਣਗੇ।

ਅਸੀਂ ਦੇਖਿਆ ਕਿ ਸਮਾਜਵਾਦੀ ਸਮਾਜ ਦਾ ਵਿਕਾਸ ਜਮਾਤੀ-ਘੋਲ਼ ਦੁਆਰਾ ਪ੍ਰੇਰਿਤ ਵਿਕਾਸ ਬਣਿਆ ਰਹਿੰਦਾ ਹੈ। ਇਹੀ ਕਾਰਨ ਹੈ ਕਿ ਸਮਾਜਵਾਦੀ ਰਾਜ ਅਤੇ ਪਾਰਟੀ ਦੀ ਭੂਮਿਕਾ ਇੰਨੇ ਵੱਡੇ ਅਤੇ ਸੰਸਾਰ-ਵਿਆਪੀ ਮਹੱਤਵ ਦੀ ਹੁੰਦੀ ਹੈ। ਮਜ਼ਦੂਰ ਜਮਾਤ ਅਤੇ ਉਸਦੇ ਸਹਿਯੋਗੀਆਂ ਦੀ ਜਿੱਤ ਨੂੰ, ਉਹਨਾਂ ਦੇ ਉਦੇਸ਼ਾਂ ਨੂੰ ਲਾਗੂ ਅਤੇ ਪੂਰਾ ਕਰਨ ਲਈ ਰਾਜ ਦੀ, ਅਤੇ ਘੋਲ਼ ਦੀ ਅਗਵਾਈ ਤੇ ਨਿਰਦੇਸ਼ਨ ਕਰਨ ਲਈ ਪਾਰਟੀ ਦੀ ਲੋੜ ਹੁੰਦੀ ਹੈ।

ਸਮਾਜਵਾਦੀ ਰਾਜ ਦੇ ਸੰਭਾਵੀ ਸਰੂਪ ਦੀਆਂ ਸਾਰੇ ਵਖਰੇਵਿਆਂ ਵਿਚਾਲੇ, ਸਮਾਜਵਾਦੀ ਰਾਜ ਦੀਆਂ ਪ੍ਰਧਾਨ ਵਿਸ਼ੇਸ਼ਤਾਵਾਂ ਕੀ ਹੁੰਦੀਆਂ ਹਨ?

(1) ਸਮਾਜਵਾਦੀ ਰਾਜ ਮਜ਼ਦੂਰ ਜਮਾਤ ਅਤੇ ਉਸਦੇ ਸਹਿਯੋਗੀਆਂ ਦੀ ਸੱਤ੍ਹਾ ਦਾ ਹਥਿਆਰ ਹੁੰਦਾ ਹੈ।

ਇਹ ਸੱਤ੍ਹਾ (ਉ) ਲੋਟੂਆਂ ਦੇ ਟਾਕਰੇ ਦਾ ਨਾਸ਼ ਕਰਨ (ਅ) ਸਮਾਜਵਾਦ ਦੀ ਉਸਾਰੀ ਨੂੰ ਨਿਰਦੇਸ਼ਿਤ ਕਰਨ ਅਤੇ (ਇ) ਦੇਸ਼ ਅੰਦਰ ਵਿਅਕਤੀਆਂ ਜਾਂ ਸਮੂਹਾਂ ਜਾਂ ਵਿਦੇਸ਼ੀ ਹਮਲਾਵਰ-ਤਾਕਤਾਂ ਵੱਲੋਂ ਉਲੰਘਣ ਤੋਂ ਸਮਾਜਵਾਦੀ ਜਾਇਦਾਦ ਅਤੇ ਸ਼ਹਿਰੀਆਂ ਦੀ ਨਿੱਜੀ ਜਾਇਦਾਦ ਦੀ ਰੱਖਿਆ ਕਰਨ ਲਈ ਵਰਤੋਂ ‘ਚ ਲਿਆਂਦੀ ਜਾਂਦੀ ਹੈ।

(2) ਸਮਾਜਵਾਦੀ ਰਾਜ ਜਾਬਰ ਘੱਟ-ਗਿਣਤੀ ਦਾ ਨਹੀਂ ਸਗੋਂ ਸਾਰੇ ਕਿਰਤੀ ਲੋਕਾਂ ਦਾ ਹਥਿਆਰ ਹੁੰਦਾ ਹੈ। ਇਸ ਤਰ੍ਹਾਂ ਇਹ ਪੂਰੀ ਤਰ੍ਹਾਂ ਨਵੀਂ ਤਰ੍ਹਾਂ ਦਾ ਹਥਿਆਰ ਹੈ; ਹਾਕਮ ਜਮਾਤ ਦਾ ਸੰਦ ਨਹੀਂ ਸਗੋਂ ਕਿਰਤੀ ਲੋਕਾਂ ਦੀ ਹਕੂਮਤ ਦਾ ਸੰਦ ਹੁੰਦਾ ਹੈ।

ਸਮਾਜਵਾਦੀ ਰਾਜ ਦੀ ਸਥਾਪਨਾ ਆਮ ਲੋਕਾਂ ਦੁਆਰਾ ਕੀਤੀ ਜਾਂਦੀ ਹੈ। ਅਜਿਹਾ ਕਰਨ ਦੌਰਾਨ ਉਹ ਪਿਛਲੀ “ਨੌਕਰਸ਼ਾਹੀ-ਫ਼ੌਜੀ ਮਸ਼ੀਨ”5 ਨੂੰ, ਜਿਸਦੀ ਮਦਦ ਨਾਲ਼ ਸਰਮਾਏਦਾਰਾ ਅਤੇ ਜਗੀਰਦਾਰਾਂ ਦੀ ਹਕੂਮਤ ਚੱਲਦੀ ਸੀ, ਨਸ਼ਟ ਕਰ ਦਿੰਦੇ ਹਨ ਅਤੇ “ਜਮਹੂਰੀਅਤ ਲਈ ਜੰਗ ‘ਚ ਜਿੱਤ” ਪ੍ਰਾਪਤ ਕਰਦੇ ਹਨ।6

ਲੈਨਿਨ ਨੇ 1917 ‘ਚ ਲਿਖਿਆ ਸੀ: “ਸਾਡਾ ਉਦੇਸ਼ ਸਾਰੀ ਗ਼ਰੀਬ ਜਮਾਤ ਨੂੰ ਪ੍ਰਸ਼ਾਸਨ ਦੇ ਅਮਲੀ ਕਾਰਜ ਵਿੱਚ ਸ਼ਾਮਲ ਕਰਨਾ ਹੈ… ਇਹ ਨਿਸ਼ਚਿਤ ਕਰਨ ਲਈ ਕਿ ਹਰੇਕ ਕਿਰਤੀ… ਰਾਜ ਸਬੰਧੀ ਡਿਊਟੀ ਪੂਰੀ ਕਰੇਗਾ… ਨੌਕਰਸ਼ਾਹੀ ਦਾ ਖ਼ਾਤਮਾ ਕਰਨ ਲਈ… ਜਿੰਨੀ ਜ਼ਿਆਦਾ ਦ੍ਰਿੜਤਾ ਨਾਲ਼ ਅਸੀਂ ਬੇਰਹਿਮ ਰੂਪ ਨਾਲ਼ ਸਖ਼ਤ ਹਕੂਮਤ ਦੇ ਪੱਖ ‘ਚ ਖੜ੍ਹੇ ਹੋਵਾਂਗੇ… ਹੇਠਾਂ ਤੋਂ ਕੰਟਰੌਲ ਦੇ ਰੂਪ ਅਤੇ ਤਰੀਕੇ ਓਨੇ ਹੀ ਵੱਧ ਵੱਖ-ਵੱਖ ਹੋਣਗੇ।”7

ਉਹਨਾਂ ਨੇ ਐਲਾਨ ਕੀਤਾ: “ਇਸ ਭਾਵਨਾ ਨਾਲ਼ ਰਾਜ ਦੇ ਪ੍ਰਸ਼ਾਸਨ ਲਈ ਅਸੀਂ ਜੇਕਰ ਦੋ ਕਰੋੜ ਲੋਕਾਂ ਦਾ ਨਹੀਂ, ਤਾਂ ਲਗਭਗ ਇੱਕ ਕਰੋੜ ਲੋਕਾਂ ਦਾ ਰਾਜ-ਤੰਤਰ ਕਾਹਲੀ-ਕਾਹਲੀ ਸਥਾਪਿਤ ਕਰ ਹੀ ਸਕਦੇ ਹਾਂ ਅਜਿਹਾ ਤੰਤਰ ਜੋ ਕਿਸੇ ਵੀ ਸਰਮਾਏਦਾਰਾ ਦੇਸ਼ ‘ਚ ਕਲਪਨਾ ਤੋਂ ਬਾਹਰਾ ਹੈ।”8

ਇਸ ਤਰ੍ਹਾਂ ਸਮਾਜਵਾਦੀ ਰਾਜ ਦੀ ਵਿਸ਼ੇਸ਼ਤਾ ਰਾਜ ਦੇ ਕੰਮਾਂ ‘ਚ ਕਿਰਤੀ ਲੋਕਾਂ ਦੀ ਲਗਾਤਾਰ ਵੱਧਦੀ ਹੋਈ ਸ਼ਮੂਲੀਅਤ ਜੋ ਕੇਵਲ ਰਾਜ ਦੇ ਅੰਗਾਂ ਦੀਆਂ ਚੋਣਾਂ ਤੱਕ ਸੀਮਿਤ ਨਾ ਹੋਵੇ ਅਤੇ ਰਾਜ ਤੇ ਕਿਰਤੀ ਲੋਕਾਂ ਦੀਆਂ ਜਨਤਕ-ਜਥੇਬੰਦੀਆਂ, ਜਿਵੇਂ ਟ੍ਰੇਡ-ਯੂਨੀਅਨਾਂ ਵਿਚਾਲੇ ਵੱਧ ਤੋਂ ਵੱਧ ਗੂੜ੍ਹੇ ਸਬੰਧਾਂ ‘ਚ ਹੁੰਦੀ ਹੈ।

(3) ਸਮਾਜਵਾਦੀ ਰਾਜ ਅਜਿਹਾ ਸੰਦ ਹੈ ਜਿਸ ਰਾਹੀਂ ਕਿਰਤੀ ਲੋਕ ਸਾਰੇ ਸਮਾਜ ਦੇ ਹਿੱਤਾਂ ‘ਚ ਸਮਾਜਿਕ ਪੈਦਾਵਾਰ ਦਾ ਪ੍ਰਬੰਧਨ ਆਪਣੇ ਹੱਥ ਲੈਂਦੇ ਹਨ। ਜਨਤਕ ਉੱਦਮ ਰਾਜ ਦੇ ਉੱਦਮ ਹੁੰਦੇ ਹਨ। ਸਾਰੇ ਲੋਕਾਂ ਦੇ ਨੁਮਾਇੰਦੇ ਦੇ ਰੂਪ ‘ਚ ਰਾਜ ਉਸਦਾ ਮਾਲਕ ਤੇ ਪ੍ਰਬੰਧਕ ਹੁੰਦਾ ਹੈ।
ਸਮਾਜਵਾਦੀ ਰਾਜ ਜਿੰਮੇ ਜਨਤਕ ਮਾਲਕੀ ਦੇ ਤਹਿਤ ਸਮਾਜਵਾਦੀ ਪੈਦਾਵਾਰ ਦੇ ਸਾਰੇ ਖੇਤਰ ਦੀ ਮਾਲਕੀ ਤੇ ਪ੍ਰਬੰਧਨ ਦਾ ਕੰਮ ਹੁੰਦਾ ਹੈ। ਇਸ ਤਰ੍ਹਾਂ ਸਮਾਜਵਾਦੀ ਰਾਜ ਦੇ ਹੱਥ ਅਰਥਚਾਰੇ ਦੇ ਸੰਪੂਰਨ ਖੇਤਰ ਨੂੰ ਸਿੱਧੇ ਰੂਪ ‘ਚ ਕੰਟਰੌਲ ਤੇ ਨਿਰਦੇਸ਼ਿਤ ਕਰਨ ਦਾ ਕੰਮ ਰਹਿੰਦਾ ਹੈ। ਪਰ ਇਸੇ ਰਾਹੀਂ ਉਹ ਸੰਪੂਰਨ ਆਰਥਿਕ ਵਿਕਾਸ ‘ਤੇ ਲਗਾਤਾਰ ਵੱਧਦਾ ਹੋਇਆ ਪ੍ਰਭਾਵ ਛੱਡਦਾ ਹੈ ਕਿਉਂਕਿ ਅਰਥਚਾਰੇ ਦੇ ਸਾਰੇ ਖੇਤਰ ਰਾਜ ਖੇਤਰ ‘ਤੇ ਨਿਰਭਰ ਕਰਦੇ ਹਨ ਅਤੇ ਉਸ ਤੋਂ ਪ੍ਰਭਾਵਿਤ ਹੁੰਦੇ ਹਨ।

ਹਵਾਲੇ
5. ਮਾਰਕਸ  :ਏਟੀਨਥ ਬਰੂਮੇਰ ਆਫ ਲੂਈ ਬੋਨਾਪਾਰਟ, ਪਾਠ 7.
6. ਮਾਰਕਸ-ਏਂਗਲਜ਼ : ਮੈਨੀਫੈਸਟੋ ਆਫ ਦੀ ਕਮਿਊਨਿਸਟ ਪਾਰਟੀ, ਪਾਠ 2.
7. ਲੈਨਿਨ  : ਈਮੀਡੀਏਟ ਟਾਸਕਸ ਆਫ ਦਿ ਸੋਵੀਅਤ ਗਵਰਨਮੈਂਟ.
8. ਲੈਨਿਨ  : ਕੈਨ ਦਿ ਬੌਲਸ਼ਵਿਕ ਰਿਟੇਨ ਪਾਵਰ?

(ਅਗਲੇ ਅੰਕ ‘ਚ ਜਾਰੀ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 22-23, ਸਾਲ 5, 1 ਜਨਵਰੀ ਤੇ 16 ਜਨਵਰੀ 2017 (ਸੰਯੁਕਤ ਅੰਕ)  ਵਿੱਚ ਪ੍ਰਕਾਸ਼ਤ

 

Advertisements