ਸਮਾਜਵਾਦੀ ਨਿਜ਼ਾਮ ਬਨਾਮ ਸਰਮਾਏਦਾਰੀ ਨਿਜ਼ਾਮ •ਗੁਰਮੇਲ ਗਿੱਲ

22

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਮੇਰੇ ਦਿਲ ਨੂੰ ਬੜਾ ਧੱਕਾ ਲੱਗਦਾ ਹੈ ਜਦੋਂ ਮੈਂ ਦੇਖਦਾ ਹਾਂ ਕਿ ਸਾਡੇ ਉਹ ਦੋਸਤ ਜੋ ਮੌਜੂਦਾ ਸਰਮਾਏਦਾਰੀ ਦੀ ਲੁੱਟ ਦੇ ਸ਼ਿਕਾਰ ਹਨ ਪਰ ਫਿਰ ਵੀ ਸਮਾਜਵਾਦੀ ਢਾਂਚੇ ਦਾ ਅੰਨਾ ਵਿਰੋਧ ਕਰਦੇ ਹਨ। ਇਸ ਦਾ ਮੁੱਖ ਕਾਰਨ ਹੈ ਕਿ ਉਹ ਮੀਡੀਆ ਵਲੋਂ ਜੋ ਸਾਰੇ ਦਾ ਸਾਰਾ ਸਰਮਾਏਦਾਰਾ ਕੰਟਰੋਲ ਹੇਠ ਹੈ ਸਮਾਜਵਾਦ ਖਿਲਾਫ ਬੇਸਿਰ ਪੈਰ, ਤੱਥ ਰਹਿਤ, ਧੂਆਂਧਾਰ ਝੂਠੇ ਪ੍ਰਚਾਰ ਦਾ ਸ਼ਿਕਾਰ ਹਨ। ਸਮਾਜਵਾਦ ਦੀ ਹਾਰ ਵਿੱਚ ਹੀ ਸਰਮਾਏਦਾਰੀ ਦੀ ਜ਼ਿੰਦਗੀ ਧੜਕਦੀ ਹੈ ਤੇ ਇਸ ਲਈ ਉਸ ਦਾ ਸਾਰਾ ਜੋਰ ਉਸ ਨੂੰ ਬਦਨਾਮ ਕਰਕੇ ਆਪਣੀ ਉਮਰ ਲੰਬੀ ਕਰਨ ਵਿੱਚ ਲੱਗਾ ਹੋਇਆ ਹੈ। ਦੂਸਰਾ ਕਾਰਨ ਮੇਰੇ ਦੋਸਤਾਂ ਦਾ ਸਮਾਜਵਾਦੀ ਢਾਂਚੇ ਜਾਂ ਜਮਾਤੀ ਬਣਤਰ ਬਾਰੇ ਗਿਆਨ ਦੀ ਘਾਟ ਜਾਂ ਕੱਚਘਰੜ ਗਿਆਨ ਹੋਣਾ ਹੈ, ਜੋ ਸਰਮਾਏਦਾਰੀ ਮੀਡੀਆ ਦੁਆਰਾ ਤੁੰਨ ਤੁੰਨ ਕੇ ਉਨਾਂ ਦੇ ਦਿਮਾਗਾ ਵਿੱਚ ਭਰ ਦਿੱਤਾ ਗਿਆ ਹੈ। ਮੇਰੇ ਧਾਰਮਿਕ ਦੋਸਤ ਮਾਰਕਸਵਾਦੀਆਂ ਦੇ ਨਾਸਤਕ ਹੋਣ ਕਰਕੇ ਤੇ ਮਾਰਕਸ ਦੁਆਰਾ ਧਰਮ ਨੂੰ ਅਫੀਮ ਕਹਿਣ ਕਰਕੇ ਇਸ ਦਾ ਅੰਨਾ ਵਿਰੋਧ ਕਰੀ ਜਾ ਰਹੇ ਹਨ। ਇਹੀ ਕਾਰਨ ਹਨ ਕਿ ਉਹ ਆਪਣੇ ਦੁਸ਼ਮਣ ਨੂੰ ਨਾ ਪਹਿਚਾਣਦੇ ਹੋਏ ਉਸ ਦੇ ਪਾਲੇ ਵਿੱਚ ਜਾ ਖੜਦੇ ਹਨ।

ਸਰਮਾਏਦਾਰਾ ਪ੍ਰੈੱਸ ਵੱਲੋਂ ਬੜੇ ਜੋਰ ਸ਼ੋਰ ਨਾਲ਼ ਪ੍ਰਚਾਰਿਆ ਜਾਂਦਾ ਹੈ ਕਿ ਸਮਾਜਵਾਦ ਜਾਂ ਮਾਰਕਸਵਾਦ ਫੇਲ ਹੋ ਗਿਆ ਹੈ। ਮਾਰਕਸਵਾਦ ਕੋਈ ਖਿਆਲੀ ਪੁਲਾਅ ਨਹੀਂ ਜੋ ਫੇਲ ਹੋ ਜਾਵੇਗਾ, ਸਗੋਂ ਇਹ ਤਾਂ ਸਮਾਜ ਦੇ ਵਿਕਾਸ ਦਾ ਵਿਗਿਆਨ ਹੈ ਤੇ ਵਿਗਿਆਨ ਕਦੇ ਫੇਲ ਨਹੀਂ ਹੁੰਦਾ ਉਹ ਸਗੋਂ ਹਰ ਰੋਜ਼ ਵਿਕਾਸ ਕਰਦਾ ਹੈ। ਇਸ ਦੇ ਨਿਯਮ ਵਿਗਿਆਨਕ ਪਰਖ਼ ਦੀ ਤੱਕੜੀ ਤੇ ਅਜੇ ਵੀ ਪੂਰੇ ਉੱਤਰ ਰਹੇ ਹਨ। ਇਸ ਵਿਗਿਆਨ ਅਨੁਸਾਰ ਆਦਿ ਕਾਲ ਜਦੋਂ ਤੋਂ ਮਨੁੱਖ ਮੁੱਢਲੇ ਕਬੀਲਿਆਂ ਵਿੱਚ ਰਹਿੰਦਾ ਸੀ, ਉਸ ਸਮੇਂ ਤੋਂ ਲੈ ਕੇ ਉਹ ਹੁਣ ਤੱਕ ਜ਼ਿੰਦਗੀ ਜਿਉਣ ਦੀਆਂ ਹਾਲਤਾਂ ਬਿਹਤਰ ਬਣਾਉਣ ਲਈ ਵਿਕਾਸ ਕਰਦਾ ਆਇਆ ਹੈ। ਮੁੱਢ ਕਦੀਮ ਦੇ ਕਬੀਲਿਆਂ ਵੇਲ਼ੇ ਮਨੁੱਖ ਨੂੰ ਖੁਰਾਕ ਤੇ ਸੁਰੱਖਿਆ ਦੀ ਕੋਈ ਗਰੰਟੀ ਨਹੀਂ ਸੀ, ਇਸ ਲਈ ਸਮਾਜ ਵਿਕਾਸ ਕਰਕੇ ਗੁਲਾਮਦਾਰੀ ਯੁੱਗ ਵਿੱਚ ਦਾਖਲ ਹੋ ਗਿਆ ਜਿੱਥੇ ਇਨਾਂ ਦੋਨਾਂ ਚੀਜ਼ਾਂ ਦੀ ਗਰੰਟੀ ਤਾਂ ਹੋ ਗਈ ਪਰ ਲੋਕਾਂ ਦੀ ਬਹੁਗਿਣਤੀ ਥੋੜੇ ਲੋਕਾਂ ਦੀ ਗੁਲਾਮ ਬਣ ਗਈ, ਜਿਹਨਾਂ ਦੀ ਜ਼ਿੰਗਦੀ ਬਹੁਤ ਹੀ ਬਦਤਰ ਸੀ। ਫਿਰ ਸਮਾਜ ਦਾ ਵਿਕਾਸ ਇਸ ਨਾਲੋਂ ਥੋੜੇ ਹੋਰ ਵਧੀਆ ਢਾਚੇ ਜਗੀਰਦਾਰੀ ਵਿੱਚ ਹੋ ਗਿਆ ਜਿੱਥੇ ਸਿੱਧੀ ਗੁਲਾਮੀ ਖਤਮ ਹੋ ਗਈ ਤੇ ਮੁਜਾਰੇ ਦੇ ਰੂਪ ਵਿੱਚ ਅਸਿੱਧੀ ਗੁਲਾਮੀ ਸ਼ੁਰੂ ਹੋ ਗਈ ਤੇ ਮੁਜ਼ਾਹਰੇ ਦੀ ਜ਼ਿੰਦਗੀ ਗੁਲਾਮਾਂ ਨਾਲੋਂ ਥੋੜੀ ਬਿਹਤਰ ਹੋ ਗਈ। ਇਸ ਤੋਂ ਬਾਅਦ ਇਸ ਦਾ ਵਿਕਾਸ ਸਰਮਾਏਦਾਰੀ ਯੁੱਗ ਵਿੱਚ ਹੋਣ ਦਾ ਅਮਲ ਜਾਰੀ ਰਿਹਾ। ਇਸ ਢਾਂਚੇ ਵਿੱਚ ਮਜ਼ਦੂਰ ਕਿਸੇ ਦਾ ਗਲਾਮ ਨਹੀਂ ਤੇ ਉਹ ਇੱਕ ਜਗਾ ਤੋਂ ਕੰਮ ਛੱਡ ਕੇ ਦੂਸਰੀ ਜਗਾ ਕਰ ਸਕਦਾ ਹੈ। ਇਸ ਢਾਂਚੇ ਵਿੱਚ ਵੀ ਬਹੁਤ ਊਣਤਾਈਆਂ (ਜਿਨਾਂ ਦਾ ਜਿਕਰ ਅੱਗੇ ਕਰਾਂਗੇ) ਹਨ ਇਸ ਲਈ ਇਸ ਢਾਂਚੇ ਨੇ ਵੀ ਵਿਕਾਸ ਕਰਕੇ ਇਸ ਤੋਂ ਹੋਰ ਉੱਨਤ ਮਨੁੱਖਤਾ ਪੱਖੀ ਢਾਂਚੇ ਵਿੱਚ ਦਾਖਲ ਹੋਣਾ ਹੈ ਜੋ ਸਮਾਜਵਾਦ ਹੈ। ਪਰ ਕਦੋਂ? ਸਮਾਜ ਵਿਕਾਸ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕਿਸੇ ਇੱਕ ਯੁੱਗ ਤੋਂ ਦੂਸਰੇ ਯੁੱਗ ਵਿੱਚ ਤਬਦੀਲੀ ਨਾ ਸਿਧ-ਪਧਰੀ ਸੀ ਤੇ ਨਾ ਹੀ ਰਾਤੋ ਰਾਤ ਹੋ ਗਈ। ਕਿਸੇ ਇੱਕ ਢਾਂਚੇ ਨੂੰ ਪਲਟਣ ਲਈ ਅਨੇਕਾਂ ਹਾਰਾਂ ਜਿੱਤਾਂ ਵਿੱਚੋਂ ਗੁਜਰਦਿਆਂ ਸਦੀਆਂ ਲੱਗ ਜਾਂਦੀਆਂ ਹਨ। ਯੂਰਪ ਵਿੱਚ ਸਰਮਾਏਦਾਰੀ ਨੂੰ ਅੱਜ ਤੋਂ ਸਾਢੇ ਕੁ ਤਿੰਨ ਸੌ ਸਾਲ ਪਹਿਲਾਂ ਪੂਰੀ ਤਰਾਂ ਪੈਰ ਜਮਾਉਣ ਵਿੱਚ 400-500 ਸਾਲ ਜਗੀਰਦਾਰੀ ਵਿਰੁੱਧ ਲੜਨਾ ਪਿਆ ਤੇ ਪੂਰੀ ਦੁਨੀਆਂ ਵਿੱਚ ਹਾਲੇ ਵੀ ਇਹ ਮਾਮਲਾ ਪੂਰਾ ਨਹੀਂ ਹੋਇਆ ਸਮਾਜਵਾਦੀ ਦੀ ਸਰਮਾਏਦਾਰੀ ਵਿਰੁੱਧ ਵਕਤੀ ਹਾਰ ਜਰੂਰ ਹੋਈ ਹੈ ਪਰ ਇਸ ਨੂੰ ਫੇਲ ਹੋ ਗਿਆ ਕਹਿਣਾ ਇਕ ਸ਼ੈਤਾਨੀ ਤੇ ਕੂੜ ਚਾਲ ਹੈ।

ਰੂਸ ਤੇ ਚੀਨ ਦੇ ਸਮਾਜਵਾਦੀ ਢਾਂਚੇ ‘ਤੇ ਹਮਲਾ ਕਰਦਿਆਂ ਸਰਮਾਏਦਾਰਾ ਮੀਡੀਆ ਸਤਾਲਿਨ ਵਲੋਂ ਢਾਏ ਕਥਿਤ ਜਬਰ ਦੇ ਕਲਪਿਤ ਕਿੱਸੇ ਕਹਾਣੀਆਂ ਤਾਂ ਵਧਾ ਚੜ ਕੇ ਦਸਦਾ ਹੈ ਪਰ ਲੋਕਾਂ ਨੂੰ ਦਿੱਤੀਆਂ ਆਰਥਿਕ ਸਹੂਲਤਾਂ ਤੇ ਆਥਿਕ ਤਰੱਕੀ ਵਿਰੁੱਧ ਗੁੰਮਰਾਹਕੁੰਨ ਪ੍ਰਚਾਰ ਕਰਦਾ ਹੈ। ਪਹਿਲੀ ਗੱਲ ਕਿ ਸਮਾਜਵਾਦੀ ਦੇਸ਼ਾਂ ਵਿੱਚ ਇਸ ਢਾਂਚੇ ਦੀ ਉਮਰ (ਰੂਸ ਵਿੱਚ 37 ਤੇ ਚੀਨ ਵਿੱਚ 27 ਸਾਲ) ਬਹੁਤ ਥੋੜੀ ਸੀ ਤੇ ਇਹ ਆਪਣੇ ਬਚਪਨੇ ਵਿੱਚ ਹੀ ਆਪਣੇ ਦੁਸ਼ਮਣਾ ਹੱਥੋਂ ਮਾਤ ਖਾ ਗਿਆ ਪਰ ਇਸ ਥੋੜੇ ਸਮੇਂ ਵਿੱਚ ਜੋ ਇਨਾਂ ਦੇਸ਼ਾਂ ਨੇ ਤਰੱਕੀ ਕੀਤੀ ਉਹ ਬੇਮਿਸਾਲ ਹੈ। ਇਹ ਰੂਸ ਹੀ ਸੀ ਜਿਸ ਨੇ ਸਤਾਲਿਨ ਦੀ ਯੋਗ ਅਗਵਾਈ ਵਿੱਚ ਹਿਟਲਰ ਦੇ ਨਾਜ਼ੀਵਾਦ ਨੂੰ ਹਰਾਇਆ ਤੇ ਜੇ ਸਮਾਜਵਾਦੀ ਰੂਸ ਹਿਟਲਰ ਅੱਗੇ ਉਦੋਂ ਹਿੱਕ ਢਾਹ ਕੇ ਨਾ ਖੜਦਾ ਤਾਂ ਅੱਜ ਦੁਨੀਆਂ ਦਾ ਨਕਸ਼ਾ ਹੋਰ ਹੁੰਦਾ। ਮੈਨੂੰ ਇਹ ਮੰਨਣ ਵਿੱਚ ਕੋਈ ਝਿਜਕ ਨਹੀਂ ਕਿ ਸਮਾਜਵਾਦੀ ਦੇਸ਼ਾਂ ਦੇ ਲੀਡਰਾਂ ਕੋਲੋਂ ਜਰੂਰ ਕੁਝ ਗਲਤੀਆਂ ਹੋਈਆਂ ਹੋਣਗੀਆਂ। ਸਮਾਜਵਾਦ ਆਪਣੇ ਬਚਪਨੇ ਵਿੱਚੋਂ ਗੁਜ਼ਰ ਰਿਹਾ ਸੀ ਤੇ ਕਿਹੜਾ ਬੱਚਾ ਹੈ ਜੋ ਗਲਤੀਆਂ ਕਰ ਕਰ ਕੇ ਨਹੀਂ ਸਿੱਖਦਾ। ਮਾਰਕਸਵਾਦ ਇਤਿਹਾਸ ਤੋਂ ਸਿੱਖਿਆ ਲੈ ਕੇ ਹੀ ਵਿਕਾਸ ਕਰਦਾ ਹੈ। ਪਰ ਇਨਾਂ ਗਲਤੀਆਂ ਨੂੰ ਸੈਕੜੇ ਗੁਣਾ ਵਧਾ ਚੜਾ ਕੇ ਪੇਸ਼ ਕਰਨਾ ਸਰਮਾਏਦਾਰੀ ਦੀ ਖਸਲਤ ਹੈ। ਇੱਥੇ ਮੈਂ ਇੱਕ ਗੱਲ ਹੋਰ ਸਾਫ ਕਰਨੀ ਚਹੁੰਦਾ ਹਾਂ ਕਿ ਸਮਾਜਵਾਦੀ ਢਾਂਚਾ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਹੈ ਤੇ ਇਹ ਸਰਮਾਏਦਾਰੀ ਢਾਂਚੇ ਵਾਂਗ ਦੋਗਲਾ ਨਹੀਂ ਜੋ ਗੱਲ ਜਮਹੂਰੀਅਤ ਦੀ ਕਰਦਾ ਹੈ ਪਰ ਅਸਲ ਵਿੱਚ ਸਰਮਾਏਦਾਰਾ ਤਾਨਾਸ਼ਾਹੀ ਹੈ। ਸਮਾਜਵਾਦੀ ਢਾਂਚਾ ਜਮਾਤੀ ਦੁਸ਼ਮਣ ਨੂੰ ਸੁਧਰਨ ਦਾ ਮੌਕਾ ਦਿੰਦਾ ਹੈ ਜੇ ਉਹ ਫਿਰ ਵੀ ਢਾਚੇ ਨੂੰ ਫੇਲ ਕਰਨ ਦੀਆਂ ਕੋਸ਼ਿਸ਼ਾਂ (ਜਿਵੇਂ ਮਸ਼ੀਨਾ ਨੂੰ ਤੋੜਨਾ ਜਾਂ ਸਾਂਝੇ ਫਾਰਮ ਨੂੰ ਅੱਗੇ ਲਾਉਣੀ ਆਦਿ) ਕਰਨੋ ਨਹੀਂ ਹਟਦਾ ਤਾਂ ਉਨਾਂ ਨਾਲ਼ ਫਿਰ ਦੁਸ਼ਮਣਾ ਵਾਲ਼ਾ ਸਲੂਕ ਕੀਤਾ ਜਾਂਦਾ ਹੈ। ਇਨਾਂ ਤੱਥਾ ਨੂੰ ਹੀ ਸੈਕੜੇ ਗੁਣਾ ਵਧਾ ਚੜਾ ਕੇ ਜਰਮਨੀ ਤੇ ਅਮਰੀਕਨ ਸਰਮਾਏਦਾਰੀ ਦੇ ਦਲਾਲਾਂ ਹਰਸਟ ਤੇ ਸੋਲਯੇਤਸਨ ਵਰਗਿਆਂ ਨੇ ਦੁਨੀਆਂ ਸਾਹਮਣੇ ਪੇਸ਼ ਕੀਤਾ। ਸਰਮਾਏਦਾਰੀ ਵੀ ਆਪਣੇ ਜਮਾਤੀ ਦੁਸ਼ਮਣਾ ਨਾਲ਼ ਜਦੋਂ ਉਹ ਇਸ ਦਾ ਤਖਤਾ ਪਲਟਣ ਦੀ ਕੋਸ਼ਿਸ਼ ਕਰਦੇ ਨੇ ਘੱਟ ਨਹੀਂ ਗੁਜਰਦੀ। ਸਰਮਾਏਦਾਰੀ ਦੇ ਕੂੜ ਪ੍ਰਚਾਰ ਦਾ ਪਰਦਾਫਾਸ਼ ਕਰਨ ਲਈ ਮੇਰੇ ਦੋਸਤਾਂ ਨੂੰ ਬੇਨਤੀ ਹੈ ਕਿ ਮਾਰਿਓ ਸੂਸਾ ਦੁਆਰਾ ਲਿਖਿਆ 40 ਕੁ ਸਫਿਆਂ ਦਾ ਕਿਤਾਬਚਾ “ਸੋਵੀਅਤ ਯੂਨੀਅਨ ਦੇ ਇਤਿਹਾਸ ਸਬੰਧੀ ਪ੍ਰਚਾਰੇ ਜਾਂਦੇ ਝੂਠ” ਜਰੂਰ ਪੜਨ।

ਸਮਾਜਵਾਦ ਦੇ ਥੋੜੇ ਕੁ ਸਾਲਾਂ ਦੇ ਜੀਵਨ ਤੋਂ ਹੀ ਮੇਰੇ ਦੋਸਤ ਹਰ ਕਰਾਮਾਤ ਦੀ ਉਮੀਦ ਕਰਦੇ ਹਨ ਹਲਾਂਕਿ ਸਮਾਜਵਾਦੀ ਦੇਸ਼ਾਂ ਨੇ ਸਾਰੇ ਪਾਸਿਆਂ ਤੋਂ ਆਪਣੇ ਕੱਟੜ ਦੁਸ਼ਮਣ ਸਰਮਾਏਦਾਰੀ ਦੀਆਂ ਲੱਖਾਂ ਚਾਲਾ ਤੇ ਹਮਲਿਆਂ ਦੇ ਬਾਵਜੂਦ ਬੇਮਿਸਾਲ ਤਰੱਕੀ ਕੀਤੀ ਹੈ। ਵਿਗਿਆਨ ਤੇ ਤਕਨਾਲੋਜੀ ਵਿੱਚ ਇਹ ਗਿਣਨ ਯੋਗ ਹੈ। ਸਮਾਜਵਾਦੀ ਰੂਸ ਸੰਸਾਰ ਜੰਗ ਵੇਲ਼ੇ ਬਹੁਤ ਵੱਡੀ ਤਬਾਹੀ ਦੇ ਬਾਵਜੂਦ ਪੁਲਾੜ ਵਿਗਿਆਨ ਵਿੱਚ ਦੁਨੀਆਂ ਦੀ ਪਹਿਲੀ ਸ਼ਕਤੀ ਬਣਿਆ। ਭਾਵੇਂ ਸਮਾਜਵਾਦ ਦੇ ਇਸ ਛੋਟੇ ਜਿਹੇ ਸਫਰ ਵਿੱਚ ਸਮਾਜ ਦੀ ਹਰ ਸਮੱਸਿਆ ਦਾ ਹੱਲ ਨਾਮੁਮਕਿਨ ਸੀ ਪਰ ਫਿਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਲਿਆ ਗਿਆ ਸੀ, ਜਿਨਾਂ ਵਿੱਚੋਂ ਇੱਕ ਦਾ ਜਿਕਰ ਮੈਂ ਜਰੂਰ ਕਰਾਂਗਾ, ਉਹ ਸੀ ਵੇਸਵਾਗਮਨੀ। ਵੇਸਵਾਗਮਨੀ ਮਨੁੱਖਤਾ ਦੇ ਨਾਂ ਤੇ ਇੱਕ ਕਲੰਕ ਹੈ ਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦਾ ਸਭ ਤੋਂ ਕਮੀਨਾ ‘ਤੇ ਘਿਨਾਉਣਾ ਰੂਪ ਹੈ, ਜਿਸ ਦਾ ਸਮਾਜਵਾਦੀ ਰੂਸ ਨੇ ਇਨਕਲਾਬ ਤੋਂ ਬਾਅਦ 18-19 ਸਾਲਾਂ ਵਿੱਚ ਵਿਗਿਆਨਕ ਢੰਗ ਨਾਲ਼ ਮੁੱਢੋ ਹੀ ਖਾਤਮਾਂ ਕਰ ਦਿੱਤਾ। ਇਹ ਕੋਈ ਕਰਾਮਾਤ ਨਾਲੋਂ ਘੱਟ ਨਹੀਂ ਸੀ ਕਿਉਂਕਿ ਸਰਮਾਏਦਾਰੀ ਆਪਣੀ 350 ਸਾਲ ਦੀ ਉਮਰ ਦੇ ਬਾਵਜੂਦ ਵੀ ਇਸ ਸਮਾਜਕ ਕੋਹੜ• ਨੂੰ ਆਪਣੇ ਸਰੀਰ ਤੇ ਲਈ ਫਿਰਦੀ ਹੈ ਤੇ ਇਹ ਦਿਨੋਂ ਦਿਨ ਵਧ ਰਿਹਾ ਹੈ। (ਵਿਸਥਾਰ ਲਈ ਦੇਖੋ ਕੈਨੇਡੀਅਨ ਲੇਖਕ ਡਾਇਸਨ ਕਾਰਟਰ ਦੀ ਕਿਤਾਬ “ਪਾਪ ਤੇ ਵਿਗਿਆਨ”)

ਹੁਣ ਅਸੀਂ ਸਰਮਾਏਦਾਰੀ ਢਾਂਚੇ ਦੀ ਗੱਲ ਕਰਦੇ ਹਾਂ ਜਿਸ ਨੇ ਸਾਢੇ ਕੁ ਤਿੰਨ ਸੌ ਸਾਲ ਪਹਿਲਾਂ ਯੂਰਪ ਵਿੱਚ ਪੂਰੀ ਤਰਾਂ ਪੈਰ ਜਮਾ ਲਏ ਸਨ ਤੇ ਅਮਰੀਕਾ ਵਿੱਚ ਵੀ ਦੋ ਢਾਈ ਕੁ ਸਾਲ ਤੋਂ ਇਹ ਢਾਂਚਾ ਪੱਕੇ ਪੈਰੀ ਹੈ। ਕੀ ਇਹ ਢਾਂਚੇ ਨੇ ਏਨੀ ਲੰਬੀ ਉਮਰ ਹੰਢਾਉਣ ਦੇ ਬਾਵਜੂਦ ਸਮਾਜ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਕਰ ਦਿੱਤੀਆਂ ਹਨ? ਕੀ ਉੱਥੇ ਸਾਰੀ ਮਨੁੱਖਤਾ ਬਹੁਤ ਚੈਨ ਸਕੂਨ ਨਾਲ਼ ਰਹਿ ਰਹੀ ਹੈ? ਮੇਰਾ ਖਿਆਲ ਹੈ ਕਿ ਸਮਾਜਵਾਦ ਦਾ ਵਿਰੋਧ ਕਰਨ ਵਾਲ਼ੇ ਮੇਰੇ ਕਾਬਿਲ ਦੋਸਤਾਂ ਵਿੱਚੋਂ ਸ਼ਾਇਦ ਇੱਕ ਵੀ ਇਸ ਦਾ ਸਿੱਧਾ ਹਾਂ ਵਿੱਚ ਜਵਾਬ ਨਾ ਦੇ ਸਕੇ। ਹੇਠ ਲਿਖੀਆਂ ਸਮਾਜਿਕ ਲਾਹਣਤਾ ਜਿਹੜੀਆਂ ਮਨੁੱਖਤਾ ਦੇ ਨਾ ਤੇ ਕਲੰਕ ਹਨ ਉਹ ਸਾਰੀਆਂ ਸਰਮਾਏਦਾਰੀ ਦੀ ਦੇਣ ਹਨ। 1. ਵੇਸਵਾਗਮਨੀ 2. ਨਸ਼ੇ 3. ਭੁੱਖਮਰੀ, ਕੰਗਾਲੀ 4. ਕੁਪੋਸ਼ਣ 5. ਜੁਰਮ, ਖਾਸ ਕਰਕੇ ਔਰਤ ਤੇ ਬੱਚਿਆਂ ਖਿਲਾਫ 6. ਬੇਰੁਜ਼ਗਾਰੀ 7. ਜਾਤਪਾਤ 8. ਰਿਸ਼ਵਤਖੋਰੀ 9. ਧਾਰਮਿਕ ਕੱਟੜਵਾਦ ਤੇ ਦਹਿਸ਼ਤਗਰਦੀ 10. ਮਾਰੂ ਹਥਿਆਰ ਤੇ ਜੰਗਾਂ ਆਦਿ। ਲਾਹਣਤ ਹੈ ਇਹੋ ਜਿਹੇ ਢਾਚੇ ਦੇ ਜੋ ਆਪਣੇ 350 ਸਾਲ ਦੇ ਰਾਜ ਤੋਂ ਬਾਅਦ ਵੀ ਔਰਤ ਨੂੰ ਮਜ਼ਬੂਰੀ ਵੱਸ ਜਿਸਮ ਵੇਚਣ ਲਈ ਮਜ਼ਬੂਰ ਕਰ ਰਿਹਾ ਹੈ ਤੇ ਜਿੱਥੇ 220 ਕਰੋੜ ਲੋਕ ਗਰੀਬੀ ਰੇਖਾ ਤੋਂ ਹੇਠਾਂ ਤੇ 80 ਕਰੋੜ ਲੋਕ ਕੰਗਾਲੀ ਵਾਲ਼ੀ ਜ਼ਿੰਦਗੀ ਜਿਉਂ ਰਹੇ ਹਨ। ਜੋ ਆਪਣੀ ਇੰਨੀ ਲੰਬੀ ਉਮਰ ਭੋਗਣ ਦੇ ਬਾਵਜੂਦ ਵੀ ਮਨੁੱਖ ਨੂੰ ਮੁਢਲੀਆਂ ਸਹੂਲਤਾਂ ਨਾ ਮੁਹੱਈਆ ਕਰਵਾ ਸਕੇ ਨਫਰਤ ਦੇ ਕਾਬਿਲ ਹੈ।

ਮੇਰੇ ਦੋਸਤ ਸਤਾਲਿਨ ‘ਤੇ ਬੜੇ ਦੋਸ਼ ਲਾਉਂਦੇ ਹਨਕਿ ਉਸ ਨੇ ਕਈ ਕਰੋੜ ਲੋਕ ਮੌਤ ਦੇ ਘਾਟ ਉਤਾਰ ਦਿੱਤੇ। ਮਾਰੀਓ ਸੂਸਾ ਦੀ ਕਿਤਾਬ ਇਸ ਗੱਲ ਦਾ ਕਾਫੀ ਨਿਤਾਰ ਕਰਦੀ ਹੈ ਕਿ ਕਿੰਨੇ ਲੋਕ ਮਾਰੇ ਗਏ ਜਾਂ ਕੰਸੈਂਟਰੇਸ਼ਨ ਕੈਂਪ ਵਿੱਚ ਭੇਜੇ ਗਏ ਪਰ ਮੈਂ ਫਿਰ ਵੀ ਧਾਰਮਿਕ ਸ਼ਰਧਾਲੂਆਂ ਵਾਂਗ ਸਤਾਲਿਨ ਨੂੰ ਬਿਲਕੁਲ ਬਰੀ ਨਹੀਂ ਕਰਦਾ। ਮੈਂ ਪਹਿਲਾਂ ਵੀ ਮੰਨ ਚੁੱਕਾਂ ਹਾਂ ਕਿ ਸਮਾਜਵਾਦ ਨੇ ਆਪਣੇ ਬਚਪਨ ਦੇ ਪੜਾਅ ਵਿੱਚ ਜਰੂਰ ਗਲਤੀਆਂ ਕੀਤੀਆਂ ਤੇ ਕੁਝ ਨਿਰਦੋਸ਼ ਲੋਕ ਉਹਨਾ ਗਲਤੀਆਂ ਦੇ ਜਰੂਰ ਸ਼ਿਕਾਰ ਹੋਏ ਹੋਣਗੇ। ਪਰ ਹੁਣ ਆਪਾਂ ਜੇ ਸਰਮਾਏਦਾਰੀ ਦੇ ਪਿਛਲੀ ਇੱਕ ਸਦੀ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਪਹਿਲੀ ਸੰਸਾਰ ਜੰਗ ਵਿੱਚ 3.8 ਕਰੋੜ ਤੇ ਦੂਸਰੀ ਸੰਸਾਰ ਜੰਗ ਵਿੱਚ 8 ਕਰੋੜ ਲੋਕ ਇਸ ਦਾ ਸ਼ਿਕਾਰ ਹੋਏ। ਅਮਰੀਕਾ ਵਲੋਂ ਹੁਣ ਤੱਕ 57 ਦੇਸ਼ਾਂ ਵਿੱਚ ਰਾਜ ਪਲਟੇ ਕੀਤੇ ਗਏ। 1965 ਵਿੱਚ ਸੁਹਾਰਤੋ ਦੀ ਗੱਦੀ ਉਲਟਾਉਣ ਵੇਲੇ 5 ਲੱਖ ਕਮਿਊਨਿਸਟ ਮੈਂਬਰਾਂ ਦਾ ਕਤਲ, ਚਿਲੀ ਵਿੱਚ ਰਾਜ ਪਲਟੇ ਵੇਲੇ ਹਜ਼ਾਰਾਂ ਲੋਕਾਂ ਦਾ ਕਤਲ, ਵੀਅਤਨਾਮ ਦੀ 20 ਸਾਲ ਦੀ ਲੜਾਈ ਵਿੱਚ 20 ਲੱਖ ਦੇ ਕਰੀਬ ਲੋਕਾਂ ਦੀ ਮੌਤ, ਇਰਾਕ, ਅਫਗਾਨਿਸਤਾਨ, ਮਿਸਰ,  ਸੀਰੀਆ, ਲੀਬੀਆ, ਫਿਲਸਤੀਨ ਵਿੱਚ ਲੱਖਾਂ ਮਸੂਮਾ ਦਾ ਕਤਲ, ਕੀ ਇਹ ਸਮਾਜਵਾਦ ਦਾ ਕਾਰਾ ਹੈ ਜਾਂ ਮੇਰੇ ਦੋਸਤਾਂ ਦੇ ਮਨਪਸੰਦ ਢਾਚੇ ਸਰਮਾਏਦਾਰੀ ਦਾ? ਕੀ ਕਦੇ ਕਿਸੇ ਸਰਮਾਏਦਾਰ ਮੁਲਕ ਦੀ ਸਰਕਾਰ ਨੇ ਮਨੁੱਖਤਾ ਤੇ ਮਨੁੱਖੀ ਅਧਿਕਾਰਾਂ ਦੇ ਕੀਤੇ ਲਾਮਿਸਾਲ ਘਾਣ ਦਾ ਇਕਬਾਲ ਕੀਤਾ? ਪਰ ਇਹ ਸਾਰੇ ਤੱਥ ਸਰਮਾਏਦਾਰੀ ਮੀਡੀਆ ਨਹੀਂ ਦੇਵੇਗਾ ਉਸ ਨੂੰ ਤਾਂ ਹਾਲੇ ਵੀ ਕਮਿਊਨਿਜ਼ਮ ਦਾ ਭੂਤ ਸਤਾ ਰਿਹਾ ਹੈ, ਤੇ ਇਸ ਲਈ ਉਸ ਦੀ ਸੂਈ ਤਾਂ ਸਮਾਜਵਾਦ ਵੱਲੋਂ ਮਨੁੱਖਤਾ ਖਿਲਾਫ ਕੀਤੇ “ਘਿਣਾਉਣੇ ਜੁਰਮਾਂ” ਤੇ ਹੀ ਟਿਕੀ ਰਹਿੰਦੀ ਹੈ। ਮੇਰੇ ਦੋਸਤਾਂ ਨੂੰ ਬੇਨਤੀ ਹੈ ਕਿ ਅਮਰੀਕਾ ਦੀਆਂ ਕਾਲੀਆਂ ਕਰਤੂਤਾਂ ਦਾ ਕੱਚਾ ਚਿੱਠਾ ਪੂਰੀ ਤਰਾਂ ਫਰੋਲਣ ਲਈ ਗੈਰ ਕਮਿਊਨਿਸਟ, ਕੀਨਜ਼ਮਵਾਦੀ, ਕੈਨੇਡੀਅਨ ਲੇਖਿਕਾ ਨਿਓਮੀ ਕਲੇਨ ਦੀ ਕਿਤਾਬ “ਸਦਮਾਂ ਸਿਧਾਂਤ” ਤੇ ਸਾਬਕਾ ਸੀਆਈਏ ਏਜੰਟ ਜਾਨ ਪਰਕਿਨਸ ਦੀ ਕਿਤਾਬ “ਇੱਕ ਆਰਥਿਕ ਹਤਿਆਰੇ ਦਾ ਇਕਬਾਲੀਆ ਬਿਆਨ” ਜਰੂਰ ਪੜਨ।

ਇੱਕ ਗੱਲ ਹੋਰ ਕਿ ਸਰਮਾਏਦਾਰ ਦੇਸ਼ ਵਿੱਚ ਜਮਹੂਰੀਅਤ ਦਾ ਢੰਡੋਰਾ ਪਿੱਟਿਆ ਜਾਂਦਾ ਹੈ। ਕੀ ਇਹ ਸੱਚਮੁਚ ਹੀ ਜਮਹੂਰੀਅਤ ਹੈ? ਲੈਨਿਨ ਅਨੁਸਾਰ ਦੁਨੀਆਂ ਵਿੱਚ ਕਿਤੇ ਵੀ ਜਮਹੂਰੀਅਤ ਨਹੀਂ, ਜਾਂ ਤਾਂ ਸਰਮਾਏਦਾਰਾ ਤਾਨਾਸ਼ਾਹੀ ਹੈ ਜਾਂ ਫਿਰ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ। ਮਾਰਕਸ ਕਹਿੰਦਾ ਹੈ ਕਿ ਜਿਸ ਜਮਾਤ ਕੋਲ ਆਰਥਿਕ ਸ਼ਕਤੀ ਹੈ ਉਸ ਕੋਲ ਹੀ ਸਿਆਸੀ ਸ਼ਕਤੀ ਹੁੰਦੀ ਹੈ। ਹਕੀਕਤ ਵਿੱਚ ਇੰਨਾਂ ਦੋਨੋ ਵਿਦਵਾਨਾਂ ਦੇ ਇਹ ਬੋਲ ਚਿੱਟੇ ਦਿਨ ਵਾਂਗ ਸੱਚ ਨਜ਼ਰ ਆਉਂਦੇ ਹਨ। ਜਮਹੂਰੀਅਤ ਸਿਰਫ ਵੋਟਾ ਪਾਉਣ ਤੱਕ ਸੀਮਤ ਹੈ ਮੁੜ ਕੇ ਲੋਕਾਂ ਦੀ ਸਰਕਾਰ ਚਲਾਉਣ ਵਿੱਚ ਕੋਈ ਦਿਲਚਸਪੀ ਪੁਗਤ ਨਹੀਂ ਹੁੰਦੀ। ਸਰਕਾਰ ਲੋਕਾਂ ਪ੍ਰਤੀ ਜਵਾਬ ਦੇਹ ਨਹੀਂ। ਮੋਦੀ ਵਰਗਾ ਲੋਕਾਂ ਨਾਲ਼ “ਅੱਛੇ ਦਿਨ ਆਨੇ ਵਾਲੇ ਹੈ” ਜਾਂ “ਅਗਰ ਮੈਂ 100 ਦਿਨ ਮੇਂ ਬਦੇਸ਼ੋਂ ਸੇ ਕਾਲਾ ਧਨ ਵਾਪਸ ਨਾ ਲਾਇਆ ਤੋ ਮੁਝੇ ਫਾਸੀ ਪਰ ਲਟਕਾ ਦੇਨਾ” ਵਰਗੇ ਗਪੌੜ ਮਾਰ ਕੇ ਪ੍ਰਧਾਨ ਮੰਤਰੀ ਬਣ ਗਿਆ। ਕੀ ਭਾਰਤ ਦੇ “ਜਮਹੂਰੀ” ਲੋਕਾਂ ਕੋਲ ਉਸ ਕੋਲ ਜਵਾਬ ਮੰਗਣ ਦੀ ਕੋਈ ਤਾਕਤ ਹੈ? ਕੀ ਕਦੇ ਅਮਰੀਕਾ, ਕਨੇਡਾ, ਫਰਾਂਸ ਜਾਂ ਇਗਲੈਡ ਦੀ ਸਰਕਾਰ ਨੇ ਕਿਸੇ ਦੇਸ਼ ਵਿੱਚ ਫੌਜ ਭੇਜਣ ਵੇਲ਼ੇ ਲੋਕਾਂ ਦੀ ਰਾਇ ਲਈ ਹੈ? ਸਰਕਾਰ ਕੋਈ ਵੀ ਹੋਵੇ ਸੱਭ ਸਰਮਾਏਦਾਰੀ ਦੇ ਹੀ ਹਿੱਤ ਪੂਰਦੇ ਹਨ। ਅਮਰੀਕਾ ਦੇ ਰਾਸ਼ਟਰਪਤੀ ਦੀ ਪਿਛਲੀ ਚੋਣ ਵਿੱਚ ਮੇਰਾ ਬੇਟਾ ਉੱਥੇ ਸੀ। ਇੱਕ ਦਿਨ ਮੈਂ ਉਸ ਨੂੰ ਪੁੱਛਿਆ ਕਿ ਓਬਾਮਾਂ ਤੇ ਮਿਟ ਰੋਮਨੀ ਵਿੱਚੋਂ ਕਿਸ ਦੇ ਜਿੱਤਣ ਦੀ ਸੰਭਾਵਨਾ ਹੈ ਤਾਂ ਉਸ ਦਾ ਜਵਾਬ ਸੀ “ਡੈਡੀ ਕੀ ਫਰਕ ਮੈਂਦਾ ਹੈ ਸਰਕਾਰ ਓਬਾਮਾਂ ਜਾਂ ਮਿਟ ਰੋਮਨੀ ਨੇ ਥੋੜਾ ਚਲਾਉਣੀ ਹੈ, ਸਰਕਾਰ ਤਾਂ ਆਰਮਜ, ਫੂਡ, ਆਇਲ ਵਗੈਰਾ ਬਹੁ ਕੌਮੀ ਕੰਪਨੀਆਂ ਚਲਾਉਂਦੀਆਂ ਹਨ। ” ਉਸ ਦੀ ਗੱਲ ਮੈਂਨੂੰ ਬਹੁਤ ਪ੍ਰਸੰਗਕ ਲੱਗਦੀ ਹੈ। ਰਾਸ਼ਟਰਪਤੀ ਕਲਿੰਟਨ, ਬੁਸ਼, ਓਬਾਮਾ ਜਾਂ ਕੋਈ ਵੀ ਹੋਰ ਹੋਵੇ ਅਫਗਾਨਿਸਤਾਨ, ਇਰਾਕ ਤੇ ਮੱਧ ਪੂਰਬ ਲਈ ਨੀਤੀਆਂ ਉਹੀ ਹਨ। ਕਨੇਡਾ ਵਿੱਚ ਸਾਡਾ ਦਸ ਲੱਖ ਲੀਟਰ ਕੁਦਰਤੀ ਪਾਣੀ ਨੈਸਲੇ ਵਰਗੀਆਂ ਕੰਪਨੀਆਂ ਨੂੰ ਸਿਰਫ 2.25 ਡਾਲਰ ਵਿੱਚ ਵੇਚਿਆ ਜਾਂਦਾ ਹੈ ਜਿਹੜੀਆਂ ਇਸ ਤੋਂ ਲੱਖਾਂ ਡਾਲਰ ਕਮਾਉਂਦੀਆਂ ਹਨ। ਇਸ ਖਿਲਾਫ 2,25,000 ਦੇ ਕਰੀਬ ਲੋਕਾਂ ਨੇ ਪਟੀਸ਼ਨ ਸਰਕਾਰ ਨੂੰ ਦਿੱਤੀ ਹੈ ਪਰ “ਜਮਹੂਰੀ ਸਰਕਾਰ” ਦੇ ਕੰਨ ਤੇ ਜੂੰ ਨਹੀਂ ਸਰਕੀ। ਕਨੇਡਾ ਦੇ ਬੀਸੀ ਸੂਬੇ ਵਿੱਚ ਪਿਛਲੇ 14 ਸਾਲਾਂ ਵਿੱਚ ਘੱਟੋ-ਘੱਟ ਉਜਰਤ 19.5% ਵਧੀ ਹੈ ਤੇ ਕੀਮਤ ਸੂਚਕ ਅੰਕ ਇਸ ਤੋਂ ਲਭਭਗ ਦੁੱਗਣਾ ਵਧ ਗਿਆ ਤੇ ਘਰਾਂ ਦੀਆਂ ਕੀਮਤਾਂ ਤਿੱਗਣੀਆਂ ਹੋ ਗਈਆਂ ਹਨ। ਇਸ ਦੇ ਉਲਟ ਕਾਰਪੋਰੇਟ ਟੈਕਸ 14% ਤੋਂ ਘਟ ਕੇ 11% ਹੋ ਗਿਆ। 1982 ਤੋਂ ਲੈ ਕੇ 2010 ਤੱਕ ਉੱਪਰਲੀ 1% ਕੈਨੇਡਾ ਦੀ ਵਸੋਂ ਦੀ ਔਸਤ ਆਮਦਨ ਬਾਕੀ 99% ਵਸੋਂ ਦੀ ਔਸਤ ਆਮਦਨ ਦੇ ਮੁਕਾਬਲੇ 9 ਗੁਣਾ ਤੋਂ ਵਧ ਕੇ 15 ਗੁਣਾ ਹੋ ਗਈ ਹੈ। ਇਹ ਆਰਥਿਕ ਪਾੜਾ ਪੂਰੀ ਦੁਨੀਆਂ ਵਿੱਚ ਵਧ ਰਿਹਾ ਹੈ ਤੇ ਦੌਲਤ ਬੜੀ ਤੇਜੀ ਨਾਲ਼ ਘੱਟ ਤੋਂ ਘੱਟ ਲੋਕਾਂ ਦੇ ਹੱਥਾਂ ਵਿੱਚ ਇਕੱਠੀ ਹੋ ਰਹੀ ਹੈ। ਵਾਲ ਸਟਰੀਟ ਜਰਨਲ ਦੀ ਰਿਪੋਰਟ ਮੁਤਾਬਕ ਜਿੰਨੀ ਦੌਲਤ ਦੇ ਮਾਲਕ ਸਿਰਫ 62 ਲੋਕ ਹਨ ਓਨੀ ਦੇ ਥੱਲੇ ਵਾਲ਼ੇ 50% ਹਨ ਤੇ ਇਹ ਗਿਣਤੀ 2010 ਵਿੱਚ 388 ਸੀ। ਪਿਛਲੀ ਪੰਜ ਸਾਲਾਂ ਵਿੱਚ ਇਹਨਾਂ 62 ਲੋਕਾਂ ਦੀ ਆਮਦਨ 44% ਵਧੀ ਹੈ ਤੇ ਥੱਲੇ ਵਾਲ਼ੇ 50% ਲੋਕਾਂ ਦੀ 41% ਘਟੀ ਹੈ। ਇਸੇ ਤਰਾਂ ਜਿੰਨੀ ਦੌਲਤ ਦੇ ਮਾਲਕ ਉਪਰਲੇ 1% ਲੋਕ ਹਨ ਉਨੀ ਦੇ ਬਾਕੀ 99% ਹਨ। ਇਸ ਸਾਰੇ ਕਾਸੇ ਬਾਰੇ ਸੋਚ ਕੇ ਜੇ ਤੁਹਾਨੂੰ ਲੈਨਿਨ ਤੇ ਮਾਰਕਸ ਦੀ ਗੱਲ ਪ੍ਰਮਾਣਿਕ ਨਹੀਂ ਲਗਦੀ ਕਿ ਇਹ ਢਾਂਚਾ ਜਮਹੂਰੀ ਨਹੀਂ ਸਗੋਂ ਸਿਰਫ ਉੱਪਰਲੇ 10 ਫੀਸਦੀ ਦੀ ਅਜਾਰੇਦਾਰੀ ਹੈ ਜੋ 90% ਆਰਥਿਕ ਸਾਧਨਾਂ ਤੇ ਕਾਬਜ਼ ਹਨ ਤਾਂ ਤੁਹਾਡੀ ਸੋਚ ਦਾ ਹੀ ਕਸੂਰ ਹੈ ਹੋਰ ਕਿਸੇ ਦਾ ਨਹੀਂ ਹੈ।

ਮੈਂ ਆਪਣੇ ਕਾਬਿਲ ਦੋਸਤਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਕੈਨੇਡਾ ਵਿੱਚ ਪਿਛਲੀ ਸਦੀ ਦੇ ਦੂਜੇ ਅੱਧ ਵਿੱਚ ਜੋ ਬਹੁਤ ਵਧੀਆ ਜਨਤਕ ਸਿਹਤ, ਜਨਤਕ ਸਿੱਖਿਆ ਤੇ ਸੀਨੀਅਰ ਸਿਟੀਜ਼ਨ ਪੈਨਸ਼ਨ ਵਰਗੇ ਲੋਕ ਭਲਾਈ ਪ੍ਰਬੰਧ ਲਾਗੂ ਕੀਤੇ ਗਏ ਸਨ ਉਹ ਸੱਭ ਸਮਾਜਵਾਦ ਦੇ ਡਰੋਂ ਲਾਗੂ ਕੀਤੇ ਗਏ ਸਨ ਪਰ ਹੁਣ ਕਿਉਂਕਿ ਸਮਾਜਵਾਦੀ ਕੈਂਪ ਬਹੁਤ ਕਮਜ਼ੋਰ ਪੈ ਚੁੱਕਾ ਹੈ ਇਸ ਲਈ ਇੱਥੋਂ ਦੀਆਂ ਸਰਕਾਰਾਂ ਹੁਣ ਇਹਨਾਂ ਸਹੂਲਤਾਂ ਨੂੰ ਪੁੱਠਾ ਗੇੜਾ ਦੇਣ ਦੇ ਰਾਹ ਪੈ ਚੁੱਕੀਆਂ ਹਨ।

ਅਖੀਰ ਵਿੱਚ ਮੈਂ ਸਾਰੇ ਦੋਸਤਾਂ ਨੂੰ ਇਹ ਬੇਨਤੀ ਕਰਾਂਗਾ ਕਿ ਜੇ ਤੁਸੀਂ ਆਪਣੇ ਆਪ ਨੂੰ 90% ਲੋਕਾਂ ਵਿੱਚ ਗਿਣਦੇ ਹੋ ਤਾਂ ਮੇਰੇ ਇਸ ਲੇਖ ਨੂੰ ਪੜਕੇ ਜਰੂਰ ਸੋਚੋ ਤੁਹਾਡੇ ਹਿੱਤ ਕਿਹੜਾ ਢਾਂਚਾ ਪੂਰਦਾ ਹੈ।

ਨੋਟ : 1) ਮੈਂ ਨਾ ਹੀ ਮਜ਼ਦੂਰ ਹਾਂ ਨਾ ਹੀ ਕਿਸੇ ਕਮਿਊਨਿਸਟ ਸਿਆਸੀ ਜਥੇਬੰਦੀ ਦਾ ਮੈਂਬਰ ਹਾਂ ਤੇ ਮੱਧ ਵਰਗ ਦੀਆਂ  ਸਾਰੀਆਂ ਸਹੂਲਤਾਂ ਮਾਣਦਾ ਹਾਂ ਪਰ ਮੈਂ ਦੁਨੀਆਂ ਦੇ 90% ਲੋਕਾਂ ਵਿੱਚੋਂ ਹਾਂ ਜੋ ਉੱਪਰਲੇ 10% ਮਨੁੱਖ ਦੋਖੀ ਲੋਕਾਂ ਦੀ ਲੁੱਟ ਦਾ ਸ਼ਿਕਾਰ ਹਨ ਇਸ ਲਈ ਸਮਾਜਵਾਦ ਨੂੰ ਮਨੁੱਖਤਾ ਪੱਖੀ ਸਮਝਦਾ ਹਾ ਤੇ ਇਸ ਦਾ ਸਮਰਥੱਕ ਹਾਂ। ਇਕੱਲਾ ਮੈਂ ਹੀ ਨਹੀਂ ਦੁਨੀਆਂ ਦਾ ਹਰ ਸੁਹਿਰਦ ਤੇ ਮਨੁੱਖਤਾ ਦਾ ਦਰਦ ਮਹਿਸੂਸ ਕਰਨ ਵਾਲਾ ਇਸ ਦਾ ਸਮਰਥਕ ਹੈ। ਮੇਰਾ ਮਨ ਬਹੁਤ ਖੁਸ਼ ਹੁੰਦਾ ਹੈ ਜਦੋਂ ਮਹਾਨ ਵਿਗਿਆਨੀ ਆਈਨਸਟੀਨ ਵਰਗੇ ਇਸ ਦੀ ਵਕਾਲਤ ਕਰਦੇ ਹਨ। ਉਸ ਦੇ 1949 ਵਿੱਚ ਲਿਖੇ ਇੱਕ ਆਰਟੀਕਲ ਦਾ ਲਿੰਕ ਹਾਜਰ ਹੈ – http://monthlyreview.org/2009/05/01/why-socialism

2) ਮੇਰਾ ਮਾਰਕਸਵਾਦ ਬਾਰੇ ਗਿਆਨ ਸੀਮਤ ਹੈ ਤੇ ਇਸ ਲਈ ਜੇ ਇਸ ਪੱਖੋਂ ਮੇਰੇ ਲੇਖ ਵਿੱਚ ਮੇਰੇ ਮਾਰਕਸਵਾਦੀ ਦੋਸਤਾਂ ਨੂੰ ਕੋਈ ਘਾਟ ਲੱਗੇ ਤਾਂ ਮੈਨੂੰ ਦਰੁਸਤ ਕਰ ਸਕਦੇ ਹਨ।

3) ਮੈਂ ਆਪਣੇ ਸਮਾਜਵਾਦੀ ਦੋਸਤਾਂ ਨੂੰ ਬੇਨਤੀ ਕਰਦਾ ਹਾਂ ਕਿ ਜੇਕਰ ਸਮਾਜਵਾਦੀ ਢਾਂਚੇ ਦੇ ਚਲਦਿਆਂ ਕੋਈ ਗਲਤੀਆਂ ਹੋਈਆਂ ਹਨ, ਤਾਂ ਕੀ ਉਹਨਾਂ ਦਾ ਕਦੇ ਇਕਲਾਬ ਕੀਤਾ ਗਿਆ? ਜੇ ਹਾਂ ਤਾਂ ਇਹੋ ਜਿਹੀ ਕਿਤਾਬ ਬਾਰੇ ਮੈਨੂੰ ਦੱਸਿਆ ਜਾਵੇ ਜੇ ਨਹੀਂ ਤਾਂ ਸਾਨੂੰ ਇਮਾਨਦਾਰੀ ਤੇ ਦਿਆਨਤਦਾਰੀ ਨਾਲ਼ ਇਹ ਇਕਬਾਲ ਕਰਨਾ ਚਾਹੀਦਾ ਹੈ ਤੇ ਇਸ ਤੋਂ ਸਬਕ ਲੈ ਕੇ ਅੱਗੇ ਵਧਣਾ ਚਾਹੀਦਾ ਹੈ।

•ਗੁਰਮੇਲ ਗਿੱਲ – ਵੈਨਕੋਵਰ – ਕਨੇਡਾ
Email – gillgs2007@gmail.com

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 12, 1 ਅਗਸਤ 2017 ਵਿੱਚ ਪ੍ਰਕਾਸ਼ਿਤ

Advertisements