ਸਮਾਜਵਾਦੀ ਰੂਸ ਨੇ ਵੇਸਵਾਗਮਨੀ ਦਾ ਖਾਤਮਾ ਕਿਵੇਂ ਕੀਤਾ? •ਤਜਿੰਦਰ

images

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

“ਵੇਸਵਾਗਮਨੀ” ਪੁਰਾਤਨ ਸਮੇਂ ਤੋਂ ਸਾਡੇ ਸਮਾਜ ਵਿੱਚ ਮੌਜੂਦ ਰਹੀ ਹੈ। ਪਹਿਲਾਂ ਇਹ ਧਾਰਮਿਕ ਰੂਪ ਵਿੱਚ ਸਿਰਫ ਮੰਦਰਾਂ ਤੱਕ ਹੀ ਸੀਮਤ ਸੀ। ਭਾਰਤ ਵਿੱਚ ਵੀ ਵੇਸਵਾਗਮਨੀ ਦਾ ਇਹ ਰੂਪ ‘ਦੇਵਦਾਸੀ ਪ੍ਰਥਾ’ ਦੇ ਰੂਪ ਵਿੱਚ ਮੌਜੂਦ ਰਿਹਾ ਹੈ, ਜਿਸ ਦੀ ਰਹਿੰਦ-ਖੂੰਹਦ ਅੱਜ ਵੀ ਦੱਖਣ ਭਾਰਤ ਦੇ ਕੁਝ ਮੰਦਰਾਂ ਵਿੱਚ ਦੇਖੀ ਜਾ ਸਕਦੀ ਹੈ। ਪਰ ਸਰਮਾਏਦਾਰੀ ਦੇ ਆਉਣ ਨਾਲ਼ ਦੇਹ ਵਪਾਰ ਦਾ ਇਹ ਧੰਦਾ ਇੱਕ ਵਿਆਪਕ ਤੇ ਜਥੇਬੰਦਕ ਰੂਪ ਵਿੱਚ ਹੋਂਦ ਵਿੱਚ ਆਇਆ। ਕਾਰਖਾਨਿਆ ਵਿੱਚ ਕੰਮ ਕਰਨ ਲਈ ਅਜ਼ਾਦ ਮਜ਼ਦੂਰ ਜਿਸ ਦੀ ਕਿਰਤ ਸ਼ਕਤੀ ਖਰੀਦੀ ਜਾ ਸਕੇ ਅਤੇ ਉਸ ਨੂੰ ਮੁਨਾਫੇ ਵਿੱਚ ਬਦਲਿਆ ਜਾ ਸਕੇ ਅਤੇ ਸਸਤੀ ਕਿਰਤ ਸ਼ਕਤੀ ਲਈ ਔਰਤਾਂ ਨੂੰ ਘਰ ਦੀ ਚਾਰ ਦੀਵਾਰੀ ਵਿੱਚੋਂ ਬਾਹਰ ਕੱਢਣਾ ਤਾਂ ਜੋ ਮੁਨਾਫੇ (ਲੁੱਟ) ਦੀ ਦਰ ਨੂੰ ਹੋਰ ਵਧਾਇਆ ਜਾ ਸਕੇ, ਇਹ ਸਨ ਸਰਮਾਏਦਾਰਾ ਅਜ਼ਾਦੀ ਦੀਆਂ ਹੱਦਾਂ। ਦੂਸਰੇ ਪਾਸੇ ਹੋਂਦ ਵਿੱਚ ਆਈ ਇੱਕ ਖੁੱਲੀ ਅਜ਼ਾਦ ਮੰਡੀ ਜਿਸ ਵਿੱਚ ਕਾਰਖਾਨਿਆ ਵਿੱਚ ਪੈਦਾ ਹੋਏ ਮਾਲ ਤੋਂ ਲੈ ਕੇ ਇਨਸਾਨੀ ਰਿਸ਼ਤਿਆਂ ਅਤੇ ਜਿਸਮ ਨੂੰ ਵੀ ਮੁਨਾਫੇ ਲਈ ਖਰੀਦਿਆ ਅਤੇ ਵੇਚਿਆ ਜਾ ਸਕੇ। ਇਸ ਦੇ ਨਾਲ਼ ਹੀ ਅੱਜ ਦੇ ਸਮੇਂ ਵਿੱਚ ਕਲਕੱਤਾ, ਦਿੱਲੀ ਅਤੇ ਮੁੰਬਈ ਵਰਗੇ ‘ਲਾਲ ਬੱਤੀ’ ਦੇ ਇਲਾਕਿਆਂ ਦੀ ਦੇਹ ਵਪਾਰ ਦੀ ਮੰਡੀ ਅਤੇ ਉਸ ਦੇ ਨਾਲ਼ ਹੀ ਮਨੁੱਖੀ ਤਸਕਰੀ  ਦਾ ਇੱਕ ਵਿਆਪਕ ਦਾਇਰਾ ਹੋਂਦ ਵਿੱਚ ਆਇਆ।

“ਵੇਸਵਾਗਮਨੀ” ਨਾਲ਼ ਸਬੰਧਿਤ ਤੱਥਾਂ ‘ਤੇ ਜੇ ਨਜ਼ਰ ਮਾਰੀਏ ਤਾਂ ਇੱਕਲੇ ਭਾਰਤ ਵਿੱਚ ਹੀ 30 ਲੱਖ ਤੋਂ ਉੱਪਰ ਵੇਸਵਾਵਾਂ ਹਨ। ਉਮਰ ਦੇ ਹਿਸਾਬ ਨਾਲ਼ 12 ਤੋਂ 15 ਸਾਲ ਤੱਕ ਦੀਆਂ 35% ਲੜਕੀਆਂ ਇਸ ਅਣਮਨੁੱਖੀ ਧੰਦੇ ਵਿੱਚ ਫਸੀਆਂ ਹੋਈਆਂ ਹਨ। ਹਰ ਸਾਲ ਲੱਖਾਂ ਔਰਤਾਂ ਅਤੇ ਲੜਕੀਆਂ ਦੀ ਇੱਕ ਥਾਂ ਤੋਂ ਦੂਜੀ ਥਾਂ ਤਸਕਰੀ ਕੀਤੀ ਜਾਂਦੀ ਹੈ ਅਤੇ ਮਜ਼ਬੂਰਨ ਇਸ ਧੰਦੇ ਵਿੱਚ ਧੱਕਿਆ ਜਾਂਦਾ ਹੈ। ਇਸ ਢਾਂਚੇ ਵੱਲੋਂ ਵੀ ਇਸ ਸਮੱਸਿਆ ਨਾਲ਼ ਨਜਿੱਠਣ ਲਈ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ ਅਤੇ ਬਹੁਤ ਸਾਰੀਆਂ ਐਨ.ਜੀ.ਓ. ਅਤੇ ਸਮਾਜਸੇਵੀ ਸੰਸਥਾਵਾ ਵੀ ਇਸ ਨੂੰ ਲੈ ਕੇ ਕੰਮ ਕਰ ਰਹੀਆਂ ਹਨ। ਪਰ ਇਹਨਾਂ ਸਭ ਦਾ ਅਸਲ ਮਕਸਦ ਇਸ ਸਮੱਸਿਆ ਦੇ ਬੁਨਿਆਦੀ ਕਾਰਨਾਂ ‘ਤੇ ਪਰਦਾ ਪਾਉਣਾ ਹੀ ਹੈ। ਮੁੱਖ ਰੂਪ ਵਿੱਚ ਤਾਂ ਇਸ ਸਮੱਸਿਆ ਤੋਂ ਹੱਥ ਖੜੇ ਕੀਤੇ ਜਾ ਚੁੱਕੇ ਹਨ। ਅੱਜ ਇਸ ਅਣ-ਮਨੁੱਖੀ ਧੰਦੇ ਨੂੰ ਕਨੂੰਨੀ ਰੂਪ ਦੇਣ ਦੀਆਂ ਕੋਸ਼ਿਸ਼ਾ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਇਸ ਦੇ ਹੱਲ ਦਾ ਸਵਾਲ ਹੀ ਖਤਮ ਕੀਤਾ ਜਾ ਸਕੇ। ਇਸ ਢਾਂਚੇ ਦੀ ਜੂਠ ‘ਤੇ ਪਲਣ ਵਾਲ਼ਾ ਬੁੱਧੀਜੀਵੀ ਤਬਕਾ ਇਸ ਦੇ ਹੱਕ ਵਿੱਚ ਤਰਕ ਘੜ ਰਿਹਾ ਹੈ ਅਤੇ ਮੀਡੀਆ ਦੁਆਰਾ ਇਹਨਾਂ ਤਰਕਾਂ ਨੂੰ ਆਮ ਰਾਇ ਵਿੱਚ ਬਦਲਣ ਦੀਆਂ ਕੋਸ਼ਿਸ਼ਾਂ ਵੀ ਜਾਰੀ ਹਨ।

20 ਵੀਂ ਸਦੀ ਦੇ ਸ਼ੁਰੂ ਵਿੱਚ ਅਮਰੀਕਾ-ਯੂਰਪ ਦੇ ਸਰਮਾਏਦਾਰੀ ਦੇਸ਼ਾਂ ਵਿੱਚ “ਵੇਸਵਾਗਮਨੀ” ਵਿਰੁੱਧ ਜ਼ੋਰਦਾਰ ਮੁਹਿੰਮਾਂ ਚਲਾਈਆਂ ਗਈਆਂ ਸਨ। ਔਰਤਾਂ ਦੀ ਹਾਲਤ ਸੁਧਾਰਨਾ ਇਹਨਾਂ ਮੁਹਿੰਮਾਂ ਦੇ ਏਜੰਡੇ ‘ਤੇ ਨਹੀਂ ਸੀ, ਕਿਉਕਿ ਇਹਨਾਂ ਪਿੱਛੇ ਅਸਲ ਕਾਰਨ ਸੀ ਸੈਕਸ ਰੋਗਾਂ ਦਾ ਵੱਡੇ ਪੱਧਰ ‘ਤੇ ਫੈਲਣਾ। ਇਸ ਲਈ ਇਹ ਮੁਹਿੰਮਾਂ “ਵੇਸਵਾਗਮਨੀ” ਵਿਰੋਧੀ ਨਾ ਹੋ ਕੇ “ਵੇਸਵਾਵਾਂ” ਵਿਰੋਧੀ ਸਨ। ਇਹਨਾਂ ਮੁਹਿੰਮਾਂ ਦਾ ਵਿਸ਼ਲੇਸ਼ਣ ਡਾਈਸਨ ਕਾਰਟਰ ਨੇ ਆਪਣੀ ਕਿਤਾਬ ‘ਪਾਪ ਅਤੇ ਵਿਗਿਆਨ’ ਵਿੱਚ ਕਾਫੀ ਵਿਸਥਾਰ ਨਾਲ਼ ਕੀਤਾ ਹੈ। ਇਸ ਦੇ ਨਾਲ਼ ਰੂਸ ਵਿੱਚ “ਵੇਸਵਾਗਮਨੀ” ਸਬੰਧੀ ਅਕਤੂਬਰ 1917 ਦੇ ਇਨਕਲਾਬ ਤੋਂ ਪਹਿਲਾਂ ਅਤੇ ਬਾਅਦ ਦੀਆਂ ਹਾਲਤਾਂ ਦਾ ਜਿਕਰ ਵੀ ਇਸ ਕਿਤਾਬ ਵਿੱਚ ਕੀਤਾ ਗਿਆ ਹੈ। ਸਾਡਾ ਇਹ ਲੇਖ ਵੀ ਡਾਇਸਨ ਕਾਰਟਰ ਦੀ ਕਿਤਾਬ ‘ਤੇ ਹੀ ਅਧਾਰਿਤ ਹੈ।

ਰੂਸ ਵਿੱਚ ਇਨਕਲਾਬ ਤੋਂ ਪਹਿਲਾਂ “ਵੇਸਵਾਗਮਨੀ” :

ਰੂਸ ਵਿੱਚ ਜ਼ਾਰਸ਼ਾਹੀ ਦੇ ਦੌਰ ਵਿੱਚ “ਵੇਸਵਾਗਮਨੀ” ਦਾ ਇੱਕ ਜਥੇਬੰਦਕ ਢਾਂਚਾ ਮੌਜੂਦ ਸੀ। ਇਹ ਪੂਰਾ ਜਥੇਬੰਦਕ ਢਾਂਚਾ ਜ਼ਾਰ ਸਰਕਾਰ ਦੀ ਦੇਖ-ਰੇਖ ਤਹਿਤ ਚਲਾਇਆ ਜਾਂਦਾ ਸੀ। ਵੇਸਵਾਗਮਨੀ ਦੇ ਇਸ ਪੂਰੇ ਢਾਂਚਾ ਨੂੰ ‘ਪੀਲ਼ੇ ਟਿਕਟ’ ਦਾ ਢਾਂਚਾ ਕਿਹਾ ਜਾਂਦਾ ਸੀ। ਜੋ ਔਰਤਾਂ “ਵੇਸਵਾਗਮਨੀ” ਨੂੰ ਪੇਸ਼ੇ ਵਜੋਂ ਅਪਣਾਉਦੀਆਂ ਸਨ, ਉਹਨਾਂ ਨੂੰ ਇੱਕ ‘ਪੀਲ਼ਾ ਟਿਕਟ’ ਦਿੱਤਾ ਜਾਂਦਾ ਸੀ, ਪਰ ਇਸ ਦੇ ਬਦਲੇ ਉਹਨਾਂ ਨੂੰ ਆਪਣੇ ਪਾਸਪੋਰਟ (ਪਛਾਣ ਪੱਤਰ) ਨੂੰ ਤਿਆਗਣਾ ਪੈਂਦਾ ਸੀ। ਇਸ ਦਾ ਮਤਲਬ ਸੀ ਇੱਕ ਨਾਗਰਿਕ ਵਜੋਂ ਆਪਣੇ ਸਾਰੇ ਹੱਕਾਂ ਨੂੰ ਗਵਾਉਣਾ। ਇੱਕ ਵਾਰ ਇਸ ਧੰਦੇ ਵਿੱਚ ਆਉਣ ਤੋਂ ਬਾਅਦ ਵਾਪਸੀ ਦੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਸੀ। ਕੋਈ ਵੀ ਔਰਤ “ਵੇਸਵਾਗਮਨੀ” ਤੋਂ ਬਿਨਾਂ ਕੋਈ ਦੂਸਰਾ ਕੰਮ ਨਹੀਂ ਕਰ ਸਕਦੀ ਸੀ ਕਿਉਕਿ ਪਾਸਪੋਰਟ ਤੋਂ ਬਿਨਾਂ ਕਿਤੇ ਨੌਕਰੀ ਨਹੀਂ ਕੀਤੀ ਜਾ ਸਕਦੀ ਸੀ। ਇਸ ਤੋਂ ਇਲਾਵਾ ਇਹਨਾਂ ਔਰਤਾਂ ਦੀ ਸਮਾਜਿਕ ਹੈਸੀਅਤ ਵੀ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਜਾਂਦੀ ਸੀ। ਅਜਿਹੀਆਂ ਔਰਤਾਂ ਲਈ ਵੱਖਰੇ ਇਲਾਕੇ ਬਣਾਏ ਗਏ ਸਨ, ਜਿਵੇਂ ਭਾਰਤ ਵਿੱਚ ‘ਲਾਲ ਬੱਤੀ’ ਦੇ ਇਲਾਕੇ। ਮਤਲਬ ਕਿ ਇਹਨਾਂ ਔਰਤਾਂ ਦੀ ਹੋਂਦ ਹੇਠਲੇ ਦਰਜੇ ਦੇ ਪ੍ਰਾਣੀਆਂ ਦੇ ਰੂਪ ਵਿੱਚ ਸੀ। ਇਸ ਪ੍ਰਬੰਧ ਨੂੰ ਕਾਇਮ ਰੱਖਣ ਪਿੱਛੇ ਮਕਸਦ ਸੀ ਸਰਕਾਰ ਨੂੰ ਇਸ ਤੋਂ ਹੋ ਰਹੀ ਆਮਦਨ। “ਵੇਸਵਾਵਾ” ਨੂੰ ਆਪਣੀ ਆਮਦਨ ਦਾ ਇੱਕ ਹਿੱਸਾ ਜ਼ਿਲ੍ਹਾ ਮੁਖੀ ਜਾਂ ਦੂਸਰੇ ਸਰਕਾਰੀ ਅਫਸਰਾਂ ਨੂੰ ਦੇਣਾ ਪੈਂਦਾ ਸੀ।  

ਇਨਕਲਾਬ ਤੋਂ ਪਹਿਲਾਂ ਤੱਕ ਇਕੱਲੇ ਪੀਟਰਸਬਰਗ ਵਿੱਚ ‘ਸਰਕਾਰੀ ਲਾਇਸੈਂਸ’ ਪ੍ਰਾਪਤ ਔਰਤਾਂ ਦੀ ਗਿਣਤੀ 60,000 ਸੀ। 10 ਵਿੱਚੋਂ 8 ਵੇਸਵਾਵਾਂ 21 ਸਾਲ ਤੋਂ ਘੱਟ ਉਮਰ ਦੀਆਂ ਸਨ। ਅੱਧੇ ਤੋਂ ਜ਼ਿਆਦਾ ਅਜਿਹੀਆਂ ਸਨ, ਜਿਹਨਾਂ ਨੇ 18 ਸਾਲ ਤੋਂ ਪਹਿਲਾਂ ਹੀ ਇਸ ਪੇਸ਼ੇ ਨੂੰ ਅਪਣਾ ਲਿਆ ਸੀ। ਰੂਸ ਵਿੱਚ ਨੈਤਿਕ ਪਤਣ ਦਾ ਇਹ ਚਿੱਕੜ ਜਿੱਥੇ ਇੱਕ ਪਾਸੇ ਆਮਦਨ ਦਾ ਸ੍ਰੋਤ ਸੀ, ਉੱਥੇ ਦੂਜੇ ਪਾਸੇ ਇਹ ਰੂਸ ਦੇ ਕੁਲੀਨ ਲੋਕਾਂ ਲਈ ਵਿਦੇਸ਼ਾਂ ਤੋਂ ਆਉਣ ਵਾਲ਼ੇ ਲੋਕਾਂ ਸਾਹਮਣੇ ਸ਼ਰਮਿੰਦਗੀ ਦਾ ਕਾਰਨ ਵੀ ਬਣਦਾ ਸੀ। ਇਸ ਲਈ ਇਹਨਾਂ ਕੁਲੀਨ ਲੋਕਾਂ ਨੇ ਜ਼ਾਰ ਸਰਕਾਰ ‘ਤੇ ਦਬਾਅ ਪਾਇਆ ਅਤੇ ਜ਼ਾਰ ਦੁਆਰਾ ਇਸ ਮਸਲੇ ‘ਤੇ ਵਿਚਾਰ ਕਰਨ ਲਈ ਇੱਕ ਕਾਂਗਰਸ ਵੀ ਬੁਲਾਈ ਗਈ। ਇਸ ਕਾਂਗਰਸ ਵਿੱੱਚ ਮਜ਼ਦੂਰ ਜਥੇਬੰਦੀਆਂ ਦੁਆਰਾ ਵੀ ਆਪਣੇ ਨੁਮਾਇੰਦੇ ਭੇਜੇ ਗਏ। ਮਜ਼ਦੂਰ ਨੁਮਾਇੰਦਿਆ ਦੁਆਰਾ ਇਹ ਗੱਲ ਪੂਰੇ ਜ਼ੋਰ-ਸ਼ੋਰ ਨਾਲ਼ ਚੁੱਕੀ ਗਈ ਕਿ ਰੂਸ ਵਿੱਚ “ਵੇਸਵਾਗਮਨੀ” ਦਾ ਮੁੱਖ ਕਾਰਨ ਜ਼ਾਰਸ਼ਾਹੀ ਦਾ ਆਰਥਿਕ ਅਤੇ ਸਿਆਸੀ ਢਾਂਚਾ ਹੈ। ਪਰ ਲਾਜ਼ਮੀ ਹੈ ਕਿ ਅਜਿਹੇ ਵਿਚਾਰਾਂ ਨੂੰ ਦਬਾ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ “ਭਲੇ ਘਰਾਣਿਆਂ” ਦੀਆਂ ਔਰਤਾਂ ‘ਤੇ ਅਸਰ ਨਾ ਪਵੇ, ਇਸ ਲਈ  ਜਰੂਰੀ ਹੈ ਕਿ “ਹੇਠਲੀ ਜਮਾਤ” ਦੀਆਂ ਔਰਤਾਂ ਜ਼ਿੰਦਗੀ ਭਰ ਲਈ ਇਹ ਪੇਸ਼ਾ ਕਰਦੀਆਂ ਰਹਿਣ।

ਅਕਤੂਬਰ 1917 ਇਨਕਲਾਬ ਤੋਂ ਬਾਅਦ

ਅਕਤੂਬਰ, 1917 ਵਿੱਚ ਰੂਸ ਦੇ ਮਜ਼ਦੂਰਾਂ ਅਤੇ ਕਿਸਾਨਾਂ ਨੇ ਬਾਲਸ਼ਵਿਕ ਪਾਰਟੀ ਦੀ ਅਗਵਾਈ ਵਿੱਚ ਜ਼ਾਰਸ਼ਾਹੀ ਨੂੰ ਉਲਟਾ ਕੇ ਸਮਾਜਵਾਦੀ ਇਨਕਲਾਬ ਨੇਪਰੇ ਚਾੜਿਆ। ਨਿੱਜੀ ਮਾਲਕੀ ਨੂੰ ਖਤਮ ਕਰਕੇ ਪੈਦਾਵਾਰ ਦੇ ਸਾਧਨਾਂ ਦਾ ਸਾਂਝੀਕਰਨ ਕੀਤਾ ਗਿਆ। ਇਸ ਇਨਕਲਾਬ ਦਾ ਉਦੇਸ਼ ਸਿਰਫ ਆਰਥਿਕ ਗੁਲਾਮੀ ਦੀਆਂ ਬੇੜੀਆ ਨੂੰ ਹੀ ਤੋੜਨਾ ਨਹੀ ਸੀ ਸਗੋਂ ਇਹ ਇਨਕਲਾਬ ਪੁਰਾਣੇ ਲੁੱਟ ਅਧਾਰਿਤ ਢਾਂਚੇ ਦੁਆਰਾ ਪੈਦਾ ਕੀਤੀਆਂ ਤਮਾਮ ਸਮਾਜਿਕ ਅਲਾਮਤਾਂ (ਸ਼ਰਾਬਖੋਰੀ, ਵੇਸਵਾਗਮਨੀ, ਭਰੂਣ ਹੱਤਿਆ ਅਦਿ) ਵਿਰੁੱਧ ਵੀ ਸੇਧਤ ਸੀ।  

ਸੋਵੀਅਤ ਵਿਗਿਆਨੀਆਂ ਨੇ “ਵੇਸਵਾਗਮਨੀ” ਵਿਰੁੱਧ ਸਭ ਤੋਂ ਪਹਿਲਾ ਹਮਲਾ 1923 ਵਿੱਚ ਕੀਤਾ। “ਵੇਸਵਾਗਮਨੀ” ਦੀ ਸਮੱਸਿਆ ਨੂੰ ਪੂਰੀ ਤਰ੍ਹਾਂ ਸਮਝਣ ਲਈ ਡਾਕਟਰਾਂ, ਮਨੋਵਿਗਿਆਨਕਾਂ ਅਤੇ ਮਜ਼ਦੂਰ ਜੱਥੇਬੰਦੀਆਂ ਦੇ ਆਗੂਆਂ ਦੁਆਰਾ 1923 ਵਿੱਚ ਇੱਕ ਸਵਾਲਨਾਮਾ ਤਿਆਰ ਕੀਤਾ ਗਿਆ ਅਤੇ ਗੁਪਤ ਤਰੀਕੇ ਨਾਲ਼ ਰੂਸ ਦੀਆਂ ਹਜ਼ਾਰਾ ਔਰਤਾਂ ਅਤੇ ਕੁੜੀਆਂ ਵਿੱਚ ਵੰਡਿਆ ਗਿਆ।

ਇਸ ਸਵਾਲਨਾਮੇ ਦਾ ਮਕਸਦ ਉਹਨਾਂ ਕਾਰਨਾਂ ਅਤੇ ਹਾਲਤਾਂ ਦਾ ਪਤਾ ਲਗਾਉਣਾ ਸੀ, ਜਿਸ ਵਿੱਚ ਇੱਕ ਔਰਤ ਆਪਣਾ ਜਿਸਮ ਤੱਕ ਵੇਚਣ ਲਈ ਤਿਆਰ ਹੋ ਜਾਂਦੀ ਹੈ। ਹਰ ਪੱਧਰ ਅਤੇ ਹਰ ਉਮਰ ਦੀਆਂ ਵੱਖ-ਵੱਖ ਇਸਤਰੀਆਂ ਤੋਂ ਇਹਨਾਂ ਸਵਾਲਾਂ ਦੇ ਉੱਤਰ ਲਿਖਤੀ ਅਤੇ ਗੁਪਤ ਤਰੀਕੇ ਨਾਲ ਦਿੱਤੇ ਗਏ।

ਇਸ ਸਵਾਲਨਾਮੇ ਤੋਂ ਬਾਅਦ ਜੋ ਤੱਥ ਸਾਹਮਣੇ ਆਏ ਉਹ ਸਨ:

-ਵਿਭਚਾਰ ਦੇ ਵਪਾਰ ਦੀਆਂ ਸਿਰਫ਼ ਉਹ ਇਸਤਰੀਆਂ ਸ਼ਿਕਾਰ ਬਣੀਆਂ, ਜਿਨ੍ਹਾਂ ਨੂੰ ਦੂਸਰੇ ਲੋਕਾਂ ਨੇ ਜਾਣ ਬੁੱਝ ਕੇ ਥਿੜਕਾਇਆ ਸੀ। ਕਿੰਨ੍ਹਾਂ ਲੋਕਾਂ ਨੇ? ਉਹਨਾਂ ਲੋਕਾਂ ਨੇ ਨਹੀਂ ਜਿਨ੍ਹਾਂ ਨੇ ਪਹਿਲਾਂ-ਪਹਿਲਾਂ ਉਹਨਾਂ ਦੇ ਸਰੀਰ ਦਾ ਸੌਦਾ ਕੀਤਾ ਸੀ, ਸਗੋਂ ਉਹਨਾਂ ਪੁਰਸ਼-ਇਸਤਰੀਆਂ ਨੇ ਜੋ ਵੇਸਵਾਗਮਨੀ ਦੇ ਵਪਾਰ ਤੋਂ ਲੰਬੇ-ਚੌੜੇ ਮੁਨਾਫੇ ਕਮਾ ਰਹੇ ਸਨ; ਉਹ ਲੋਕ ਜੋ ਵਿਭਚਾਰ ਦੇ ਠੇਕੇ ਚਲਾਉਂਦੇ ਸਨ।  
– ਵਿਭਚਾਰ ਇਸ ਲਈ ਕਾਇਮ ਹੈ ਕਿਉਂਕਿ ਅਥਾਹ ਭੁੱਖੀਆਂ-ਨੰਗੀਆਂ ਲੜਕੀਆਂ ਮੌਜੂਦ ਹਨ, ਇਸ ਲਈ ਕਿ ਵਿਭਚਾਰ ਦਾ ਵਪਾਰ ਕਰਨ ਨਾਲ਼ ਕਰਾਰਾ ਚੋਖਾ ਹੱਥ ਲੱਗਦਾ ਹੈ।

– ਸੋਵੀਅਤ ਮਾਹਿਰਾਂ ਨੂੰ ਪਤਾ ਲੱਗਿਆ ਕਿ ਜ਼ਿਆਦਾਤਰ ਲੜਕੀਆਂ ਆਮ ਕਰਕੇ ਇੰਨੀਆਂ ਗਰੀਬ ਹੁੰਦੀਆਂ ਕਿ ਥੋੜ੍ਹੀ ਰਕਮ ਦਾ ਲਾਲਚ ਵੀ ਉਹਨਾਂ ਨੂੰ “ਵੇਸਵਾਗਮਨੀ” ਵੱਲ ਤੇਜ਼ੀ ਨਾਲ਼ ਘਸੀਟ ਲੈ ਜਾਂਦਾ।

– ਜ਼ਿਆਦਾਤਰ ਔਰਤਾਂ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਕੋਈ ਚੰਗਾ ਕੰਮ ਮਿਲ਼ੇ ਤਾਂ ਉਹ ਇਸ ਧੰਦੇ ਨੂੰ ਛੱਡ ਦੇਣਗੀਆਂ।

ਇਹਨਾਂ ਤੱਥ ਦੀ ਰੌਸ਼ਨੀ ਵਿੱਚ ਸੋਵੀਅਤ ਸਰਕਾਰ ਨੇ ਸਭ ਤੋਂ ਪਹਿਲਾਂ 1925 ਵਿੱਚ ”ਵੇਸ਼ਵਾਗਮਨੀ ਵਿਰੁੱਧ ਘੋਲ਼ ਦਾ ਪ੍ਰੋਗਰਾਮ” ਨਾਮਕ ਇੱਕ ਕਨੂੰਨ ਪਾਸ ਕੀਤਾ ਗਿਆ। ਦੇਸ਼ ਦੀਆਂ ਸਾਰੀਆਂ ਹਾਕਮ ਸੰਸਥਾਵਾਂ ਟਰੇਡ ਯੂਨੀਅਨਾਂ, ਸਰਕਾਰੀ ਸੰਸਥਾਵਾਂ ਅਤੇ ਜਨਤਕ ਜਥੇਬੰਦੀਆਂ ਨੂੰ ਹੁਕਮ ਦਿੱਤਾ ਗਿਆ ਕਿ ਉਹ ਫੌਰਨ ਹੀ ਹੇਠ ਲਿਖੇ ਉਪਾਵਾਂ ਨੂੰ ਅਮਲ ਵਿੱਚ ਲਿਆਉਣ :

(ਇੱਥੇ ਅਸੀ ‘ਪਾਪ ਅਤੇ ਵਿਗਿਆਨ’ ਕਿਤਾਬ ਵਿੱਚੋਂ ਇਸ ਕਨੂੰਨ ਸਬੰਧੀ ਸਿੱਧੇ ਹਵਾਲੇ ਦੇ ਰਹੇ ਹਾਂ)

1. ਮਜ਼ਦੂਰ ਜਥੇਬੰਦੀਆਂ ਦੀ ਮਦਦ ਨਾਲ਼ ਮਜ਼ਦੂਰਾਂ ਦੀ ਹਥਿਆਰਬੰਦ ਸੁਰੱਖਿਆ ਫ਼ੌਜ ਮਜ਼ਦੂਰ ਇਸਤਰੀਆਂ ਦੀ ਛਾਂਟੀ ਹਰ ਹਾਲਤ ਵਿੱਚ ਬੰਦ ਕਰਨ। ਕਿਸੇ ਵੀ ਹਾਲਤ ਵਿੱਚ ਆਤਮ-ਨਿਰਭਰ, ਅਣਵਿਆਹੀਆਂ ਇਸਤਰੀਆਂ, ਗਰਭਵਤੀ ਇਸਤਰੀਆਂ, ਛੋਟੇ ਬੱਚਿਆਂ ਵਾਲ਼ੀਆਂ ਇਸਤਰੀਆਂ ਅਤੇ ਘਰ ਤੋਂ ਦੂਰ ਰਹਿਣ ਵਾਲ਼ੀਆਂ ਲੜਕੀਆਂ ਨੂੰ ਕੰਮ ਤੋਂ ਅਲੱਗ ਨਾ ਕੀਤਾ ਜਾਵੇ।

2. ਉਸ ਸਮੇਂ ਫੈਲੀ ਹੋਈ ਬੇਰੁਜ਼ਗਾਰੀ ਦੇ ਅੰਸ਼ਕ ਹੱਲ ਦੇ ਰੂਪ ਵਿੱਚ ਸਥਾਨਕ ਹਾਕਮ ਸੰਸਥਾਵਾਂ ਨੂੰ ਹੁਕਮ ਦਿੱਤਾ ਗਿਆ ਕਿ ਉਹ ਸਹਿਕਾਰੀ ਫ਼ੈਕਟਰੀਆਂ ਅਤੇ ਖੇਤਾਂ ਨੂੰ ਜਥੇਬੰਦ ਕਰਨ ਤਾਂ ਕਿ ਬੇਸਹਾਰਾ ਭੁੱਖੀਆਂ-ਨੰਗੀਆਂ ਇਸਤਰੀਆਂ ਨੂੰ ਕੰਮ ‘ਤੇ ਲਾਇਆ ਜਾ ਸਕੇ।

3. ਇਸਤਰੀਆਂ ਨੂੰ ਸਕੂਲਾਂ ਅਤੇ ਪ੍ਰੇਖਣ-ਕੇਂਦਰਾਂ ਵਿੱਚ ਭਰਤੀ ਹੋਣ ਲਈ ਉਤਸ਼ਾਹਿਤ ਕੀਤਾ ਜਾਵੇ ਅਤੇ ਮਜ਼ਦੂਰ ਜਥੇਬੰਦੀਆਂ ਇਸ ਭਾਵਨਾ ਵਿਰੁੱਧ ਕਾਰਗਰ ਘੋਲ਼ ਚਲਾਉਣ ਕਿ ਇਸਤਰੀਆਂ ਨੂੰ ਮਿੱਲਾਂ-ਫੈਕਟਰੀਆਂ ਆਦਿ ਵਿੱਚ ਕੰਮ ਨਹੀਂ ਕਰਨਾ ਚਾਹੀਦਾ।

4. ਉਹਨਾਂ ਇਸਤਰੀਆਂ ਨੂੰ, ਜਿਨ੍ਹਾਂ ਦੇ ਰਹਿਣ ਦੀ ”ਕੋਈ ਨਿਸ਼ਚਿਤ ਥਾਂ ਨਹੀਂ ਹੈ”, ਅਤੇ ਉਹਨਾਂ ਲੜਕੀਆਂ ਨੂੰ ਜੋ ਪਿੰਡਾਂ ਤੋਂ ਸ਼ਹਿਰਾਂ ਵਿੱਚ ਆਈਆਂ ਹਨ, ਵਸਾਉਣ ਲਈ ਅਵਾਸ ਅਧਿਕਾਰੀ ਸਹਿਕਾਰੀ ਮਕਾਨਾਂ ਦਾ ਪ੍ਰਬੰਧ ਕਰਨ।

5. ਬੇਘਰੇ ਬੱਚਿਆਂ ਅਤੇ ਜਵਾਨ ਕੁੜੀਆਂ ਦੀ ਸੁਰੱਖਿਆ ਦੇ ਨਿਯਮ ਸਖ਼ਤੀ ਨਾਲ਼ ਲਾਗੂ ਕੀਤੇ ਜਾਣ।

6. ਸੈਕਸ-ਰੋਗਾਂ ਅਤੇ ਵੇਸਵਾਗਮਨੀ ਦੇ ਖ਼ਤਰੇ ਵਿਰੁੱਧ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਅਗਿਆਨਤਾ ‘ਤੇ ਹਮਲਾ ਕੀਤਾ ਜਾਵੇ। ਆਮ ਲੋਕਾਂ ਵਿੱਚ ਇਹ ਭਾਵਨਾ ਜਗਾਈ ਜਾਵੇ ਕਿ ਆਪਣੇ ਨਵੇਂ ਲੋਕਤੰਤਰ ਨਾਲ਼ ਅਸੀਂ ਇਨ੍ਹਾਂ ਖਰਾਬੀਆਂ ਨੂੰ ਪੁੱਟ ਸੁੱਟੀਏ।

ਠੇਕੇਦਾਰਾਂ, ਵੇਸਵਾਵਾਂ ਅਤੇ ਗ੍ਰਾਹਕਾਂ ਪ੍ਰਤੀ ਤਿੰਨ ਵੱਖਰੇ ਰਵੱਈਏ :

– ਸੋਵੀਅਤ ਸਰਕਾਰ ਦੁਆਰਾ ਠੇਕੇਦਾਰਾਂ ਅਤੇ ਵੇਸਵਾਘਰਾਂ ਦੇ ਮਾਲਕਾਂ (ਜਿਹਨਾ ਵਿੱਚ ਮਕਾਨ ਮਾਲਕ ਅਤੇ ਹੋਟਲ ਦੇ ਮਾਲਕ ਵੀ ਸ਼ਾਮਲ ਸਨ) ਲਈ ਸਖਤ ਰਵੱਈਆ ਅਪਣਾਉਣ ਲਈ ਕਿਹਾ ਗਿਆ। ਫੌਜ ਨੂੰ ਹਦਾਇਤ ਦਿੱਤੀ ਗਈ ਕਿ ਇਨਸਾਨ ਦਾ ਵਪਾਰ ਕਰਨ ਵਾਲ਼ਿਆਂ ਅਤੇ “ਵੇਸਵਾਗਮਨੀ” ਤੋਂ ਮੁਨਾਫਾ ਕਮਾਉਣ ਵਾਲ਼ੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਅਤੇ ਕਨੂੰਨ ਮੁਤਾਬਿਕ ਸਜ਼ਾ ਦਿੱਤੀ ਜਾਵੇ।  

– “ਵੇਸਵਾਗਮਨੀ” ਵਿੱਚ ਫਸੀਆਂ ਔਰਤਾਂ ਬਾਰੇ ਲੋਕਾਂ ਅਤੇ ਫੌਜ ਨੂੰ ਚਿਤਾਵਨੀ ਦਿੱਤੀ ਗਈ ਕਿ ਉਹਨਾਂ ਨਾਲ਼ ਚੰਗਾ ਵਰਤਾਓ ਕੀਤਾ ਜਾਵੇ। ਇਹ ਵੀ ਕਿਹਾ ਗਿਆ ਕਿ ਛਾਪੇ ਦੌਰਾਨ ਉਹਨਾਂ ਨੂੰ ਬਰਾਬਰ ਦੇ ਨਾਗਰਿਕ ਸਮਝਿਆ ਜਾਵੇ। ਅਜਿਹੀ ਵੀ ਧਾਰਾ ਸੀ ਕਿ ਇਹਨਾਂ ਔਰਤਾਂ ਨੂੰ ਗ੍ਰਿਫਤਾਰ ਨਾ ਕੀਤਾ ਜਾਵੇ। ਉਹਨਾਂ ਨੂੰ ਅਦਾਲਤ ਵਿੱਚ ਸਿਰਫ ਠੇਕੇਦਾਰਾਂ ਵਿਰੁੱਧ ਗਵਾਹੀ ਦੇਣ ਲਈ ਹੀ ਲਿਆਂਦਾ ਜਾਂਦਾ ਸੀ।

– ਗ੍ਰਾਹਕਾਂ ਪ੍ਰਤੀ ਸਮਾਜਿਕ ਦਬਾਅ ਦੀ ਪਹੁੰਚ ਅਪਣਾਈ ਗਈ। ਗ੍ਰਾਹਕਾਂ ਨੂੰ ਗ੍ਰਿਫਤਾਰ ਨਹੀ ਕੀਤਾ ਜਾਂਦਾ ਸੀ ਸਗੋਂ ਉਹਨਾਂ ਦਾ ਨਾਮ ਪਤਾ ਅਤੇ ਨੌਕਰੀ ਦੀ ਥਾਂ ਦਾ ਪਤਾ ਲੈ ਲਿਆ ਜਾਂਦਾ ਸੀ। ਫਿਰ ਬਜ਼ਾਰ ਵਿੱਚ ਇੱਕ ਤਖਤਾ ਲਗਾ ਦਿੱਤਾ ਜਾਂਦਾ, ਜਿਸ ਉੱਤੇ ਗ੍ਰਾਹਕਾਂ ਦੇ ਨਾਮ ਅਤੇ ਪਤੇ ਦੇ ਨਾਲ਼ ਲਿਖਿਆ ਜਾਂਦਾ ਸੀ : “ਔਰਤਾਂ ਦੇ ਸਰੀਰ ਨੂੰ ਖਰੀਦਣ ਵਾਲ਼ਾ”। ਨਾਵਾਂ ਦੀ ਸੂਚੀ ਸਾਰੀਆਂ ਵੱਡੀਆਂ-ਵੱਡੀਆਂ ਇਮਾਰਤਾਂ ਅਤੇ ਮਿੱਲਾਂ-ਫੈਕਟਰੀਆਂ ਦੇ ਬਾਹਰ ਲਟਕਦੀ ਰਹਿੰਦੀ ਸੀ।

ਸਮਾਜਿਕ ਮੁੜ-ਵਸੇਬਾ

ਅਜਿਹੀਆਂ ਔਰਤਾਂ ਵੀ ਸਨ, ਜਿਹਨਾਂ ਦੀ ਹਸਪਤਾਲ ਅਤੇ ਸਿਹਤ ਕੇਂਦਰਾਂ ਵਿੱਚ ਦੇਖ-ਭਾਲ ਕੀਤੀ ਜਾ ਰਹੀ ਸੀ, ਆਪਣੇ ਆਪ ਨੂੰ ਸਮਾਜ ਦੇ ਅਨੁਕੂਲ ਨਹੀਂ ਕਰ ਪਾ ਰਹੀਆਂ ਸਨ। ਇਸ ਲਈ ਇਹ ਸੰਭਾਵਨਾ ਬਣੀ ਹੋਈ ਸੀ ਕਿ ਅਜਿਹੀਆਂ ਔਰਤਾਂ ਫਿਰ ਤੋ ਦੇਹ ਵਪਾਰ ਦੇ ਧੰਦੇ ਵਿੱਚ ਜਾ ਸਕਦੀਆਂ ਹਨ। ਫਿਰ ਸਮਾਜਿਕ ਮੁੜ ਵਸੇਬੇ ਦੀ ਇੱਕ ਯੋਜਨਾ ਤਿਆਰ ਕੀਤੀ ਗਈ। ਸੰਖੇਪ ਵਿੱੱਚ ਇਹ ਯੋਜਨਾ ਇਸ ਤਰ੍ਹਾਂ ਹੈ:

1. ਮਰੀਜ਼ ਨੂੰ ਓਦੋਂ ਛੁੱਟੀ ਦਿੱਤੀ ਜਾਂਦੀ ਜਦੋਂ ਸਮਾਜ ਦੇ ਇੱਕ ਹਿੱਸੇ ਵਿੱਚ ਉਸ ਦੇ ਰਹਿਣ ਦਾ ਪੂਰਾ-ਪੂਰਾ ਬੰਦੋਬਸਤ ਕਰ ਲਿਆ ਜਾਂਦਾ। ਇੱਥੇ ਉਸ ਦਾ ਅਤੀਤ ਇੱਕ ਗੁਪਤ ਨਿਧੀ ਰਹਿੰਦਾ। ਜੇਕਰ ਇਸ ਅਤੀਤ ਬਾਰੇ ਕਿਸੇ ਨੂੰ ਪਤਾ ਹੁੰਦਾ ਸੀ ਤਾਂ ਸਿਰਫ਼ ਉਹਨਾਂ ਗਿਣੇ-ਚੁਣੇ ਲੋਕਾਂ ਨੂੰ ਜਿਨ੍ਹਾਂ ਨਾਲ਼ ਹਸਪਤਾਲ ਵਿੱਚ ਰਹਿੰਦੇ ਹੋਏ ਅਖੀਰਲੇ ਕੁੱਝ ਮਹੀਨਿਆਂ ਵਿੱਚ ਮਰੀਜ ਨੇ ਪੱਤਰ-ਵਿਹਾਰ ਕੀਤਾ ਸੀ। ਸਮਾਜਿਕ ਕੰਮ ਦੇ ਇਹ ਵਲੰਟੀਅਰ ਪਹਿਲਾਂ ਤੋਂ ਹੀ ਇੱਕ ਅਜਿਹੀ ਨੌਕਰੀ ਦੀ ਜਗ੍ਹਾ ਤਜ਼ਵੀਜ ਕਰਦੇ ਰਹਿੰਦੇ ਸਨ, ਜਿਸ ਲਈ ਇਸਤਰੀ-ਰੋਗੀ ਨੂੰ ਖਾਸ ਸਿੱਖਿਆ ਮਿਲ਼ ਚੁੱਕੀ ਹੁੰਦੀ। ਇਹ ਲੋਕ ਉਸ ਦੇ ਰਹਿਣ ਲਈ ਇੱਕ ਇੱਜਤਦਾਰ ਪਰਿਵਾਰ ਵਿੱਚ ਪ੍ਰਬੰਧ ਕਰ ਦਿੰਦੇ। ਇਸ ਇਸਤਰੀ ਦੇ ਕਿਸੇ ਨਵੇਂ ਪਰਿਵਾਰ ਵਿੱਚ ਆਉਣ ਦੀ ਹਰ ਬਰੀਕੀ ‘ਤੇ ਬੜਾ ਧਿਆਨ ਦਿੱਤਾ ਜਾਂਦਾ ਤਾਂ ਕਿ ਉਸ ਦੇ ਪਿਛਲੇ ਜੀਵਨ ਬਾਰੇ ਕਿਸੇ ਨੂੰ ਸ਼ੱਕ ਨਾ ਹੋ ਸਕੇ।

2. ਗਿਣੇ-ਚੁਣੇ ਦੇਖਭਾਲ਼ ਕਰਨ ਵਾਲ਼ਿਆਂ ਦਾ ਦਲ ਹਰ ਇਸਤਰੀ ਨੂੰ ਲੰਮੇਂ ਸਮੇਂ ਦੀ ਸਹਾਇਤਾ ਦੀ ਗਰੰਟੀ ਕਰਦਾ। ਸਾਡੇ ਦੇਸ਼ਾਂ ਵਿੱਚ ਵੀ ਜਾਂਚ-ਪੜਤਾਲ ਦਾ ਸਮਾਂ ਦੇਣ ਦਾ ਪ੍ਰਬੰਧ ਹੈ। ਪਰ ਉਸ ਤੋਂ ਇਹ ਦੇਖਭਾਲ਼ ਬੁਨਿਆਦੀ ਤੌਰ ‘ਤੇ ਭਿੰਨ ਸੀ। ਇਸ ਦੇਖਭਾਲ਼ ਦਾ ਅਧਾਰ ਸੀ ਬਰਾਬਰ ਦੇ ਲੋਕਾਂ ਨਾਲ਼ ਵਿਅਕਤੀਗਤ ਦੋਸਤੀ। ਜ਼ਿਆਦਾ ਮਹੱਤਵ ਇਸ ਗੱਲ ਨੂੰ ਦਿੱਤਾ ਜਾਂਦਾ ਸੀ ਕਿ ਪੁਰਾਣੀ ਮਰੀਜ਼ ਆਪਣੇ ਨਵੇਂ ਕੰਮ ਧੰਦੇ ਵਿੱਚ ਸਫਲਤਾ ਪ੍ਰਾਪਤ ਕਰੇ। ਘੱਟ ਤੋਂ ਘੱਟ ਇੱਕ ਦੇਖਭਾਲ਼ ਕਰਨ ਵਾਲ਼ਾ ਇਸ ਇਸਤਰੀ ਦੇ ਨਾਲ਼ ਨਾਲ਼ ਕੰਮ ਕਰਦਾ ਸੀ।

3. ਹਰ ਜ਼ਿਲ੍ਹੇ ਦੇ ਦੇਖਭਾਲ਼ ਕਰਨ ਵਾਲ਼ਿਆਂ ਦੇ ਵੱਖ-ਵੱਖ ਦਲ ਮਿਲ਼ਕੇ ਸਹਾਇਤਾ ਕਮੇਟੀਆਂ ਬਣਾਉਂਦੇ ਸਨ, ਡਾਕਟਰਾਂ, ਮਨੋਵਿਗਿਆਨੀਆਂ ਅਤੇ ਫੈਕਟਰੀ ਮੈਨੇਜਰਾਂ ਨਾਲ਼ ਸਲਾਹ-ਮਸ਼ਵਰੇ ਲਈ ਇਹਨਾਂ ਕਮੇਟੀਆਂ ਦੀਆਂ ਮਹੀਨੇ ਵਿੱਚ ਤਿੰਨ ਵਾਰ ਬੈਠਕਾਂ ਹੁੰਦੀਆਂ ਸਨ। ਕਿਸੇ ਵੀ ਮਰੀਜ਼ ਦੇ ਮਾਮਲੇ ਵਿੱਚ ਥੋੜ੍ਹੀ ਵੀ ਗੜਬੜ ਨਜ਼ਰ ਆਈ ਨਹੀਂ ਕਿ ਮਾਹਿਰ ਅਤੇ ਅਨੁਭਵੀ ਸਹਾਇਕਾਂ ਤੋਂ ਫੌਰਨ ਮਦਦ ਲਈ ਜਾ ਸਕਦੀ ਸੀ। ਜਿਵੇਂ ਜਿਵੇਂ ਸਮਾਂ ਬੀਤਿਆ, ਪੂਰੀ ਤਰ੍ਹਾਂ ਸੁਧਰੀਆਂ ਮਰੀਜ਼ ਇਸਤਰੀਆਂ ਇਨ੍ਹਾਂ ਕਮੇਟੀਆਂ ਦੇ ਕੰਮ ਨੂੰ ਹੋਰ ਵੀ ਚੰਗਾ ਬਣਾਉਣ ਲਈ ਉਹਨਾਂ ਵਿੱਚ ਸ਼ਾਮਿਲ ਹੋਣ ਲੱਗੀਆਂ।

4. ਵਿਆਹ, ਧੰਦੇ, ਤਨਖਾਹ, ਕਿਰਾਏ ਵਗੈਰਾ ਦੀ ਕਿਸੇ ਤਰ੍ਹਾਂ ਔਕੜ ਵਿੱਚ ਉਲ਼ਝ ਜਾਣ ‘ਤੇ ਉਹਨਾਂ ਦੀ ਜ਼ਿਆਦਾ ਹਿਫ਼ਾਜਤ ਲਈ ਕਮੇਟੀਆਂ ਨੇ ਖਾਸ ਕਨੂੰਨੀ ਮਦਦ ਦਾ ਵੀ ਪ੍ਰਬੰਧ ਕਰ ਦਿੱਤਾ ਸੀ।

5. ਪੁਰਾਣੀਆਂ ਮਰੀਜ਼ਾਂ ਨੂੰ ਇਸ ਗੱਲ ਲਈ ਉਤਸ਼ਾਹਿਤ ਕੀਤਾ ਜਾਂਦਾ ਕਿ ਜਿਨ੍ਹਾਂ ਇਸਤਰੀਆਂ ਦਾ ਹੁਣ ਵੀ ਹਸਪਤਾਲਾਂ ਵਿੱਚ ਇਲਾਜ ਹੋ ਰਿਹਾ ਹੈ ਉਹਨਾਂ ਨਾਲ਼ ਨਿੱਜੀ ਪੱਤਰ ਵਿਹਾਰ ਕਰਨ। ਇਸ ਦਾ ਉਦੇਸ਼ ਇਹ ਸੀ ਕਿ ਸਮਾਜ ਵਿੱਚ ਫਿਰ ਤੋਂ ਦਾਖਲ ਹੋਣ ਦੀ ਹਸਪਤਾਲ ਦੇ ਮਰੀਜਾਂ ਦੀ ਇੱਛਾ ਵਧੇ ਅਤੇ ਉਹ ਜਲਦੀ ਹੀ ਸਮਾਜ ਵਿੱਚ ਫਿਰ ਤੋਂ ਵਾਪਸ ਆ ਸਕਣ।

ਸੋਵੀਅਤ ਸੰਘ ਦੇ “ਵੇਸਵਾਗਮਨੀ” ਵਿਰੁੱਧ ਪੰਦਰਾਂ ਸਾਲ ਦੇ ਸੰਘਰਸ਼ ਤੋਂ ਬਾਅਦ :

– ਲਹਿਰ ਦੇ ਪਹਿਲੇ ਦੌਰ ਦੇ ਪੰਜ ਸਾਲ ਦੇ ਬਾਅਦ ਹੀ, 1928 ਵਿੱਚ, ਗੈਰ-ਪੇਸ਼ੇਵਰ ਵੇਸ਼ਵਾਗਮਨੀ ਪੂਰੀ ਤਰ੍ਹਾਂ ਖਤਮ ਹੋ ਗਈ। 25,000 ਤੋਂ ਉਪਰ ਪੇਸ਼ੇਵਰ ਵਿਭਚਾਰੀ ਇਸਤਰੀਆਂ ਹਸਪਤਾਲਾਂ ਤੋਂ ਨਿੱਕਲ਼ ਕੇ ਇੱਜਤ-ਪ੍ਰਾਪਤ ਨਾਗਰਿਕ ਬਣ ਗਈਆਂ ਸਨ। ਲਗਭਗ 3 ਹਜ਼ਾਰ ਪੇਸ਼ੇਵਰ ਵੇਸਵਾਵਾਂ ਹੁਣ ਵੀ ਮੌਜੂਦ ਸਨ।

– 80 ਫੀਸਦੀ ਤੋਂ ਕੁੱਝ ਘੱਟ ਇਸਤਰੀਆਂ ਹਸਪਤਾਲ ਤੋਂ ਨਿੱਕਲ਼ ਕੇ ਸਨਅਤ ਅਤੇ ਖੇਤਾਂ ਵਿੱਚ ਕੰਮ ਕਰਨ ਲਈ ਪਹੁੰਚ ਗਈਆਂ।

– 40 ਫੀਸਦੀ ਤੋਂ ਵੱਧ ”ਸ਼ਾਕ ਬ੍ਰਿਗੇਡਾਂ ਵਿੱਚ ਕੰਮ ਕਰਨ ਵਾਲ਼ੀਆਂ” ਬਣ ਗਈਆਂ ਜਾਂ ਕੌਮ ਲਈ ਇੱਜਤ ਵਾਲ਼ਾ ਕੰਮ ਕਰਕੇ ਉਹਨਾਂ ਨੇ ਨਾਮ ਕਮਾਇਆ। ਜ਼ਿਆਦਾਤਰ ਨੇ ਵਿਆਹ ਕਰ ਲਿਆ ਅਤੇ ਮਾਵਾਂ ਬਣ ਗਈਆਂ।

ਡਾਇਸਨ ਕਾਰਟਰ ਦੇ ਸ਼ਬਦਾ ਵਿੱਚ : “ਇਸ ਤਰ੍ਹਾਂ ਵਿਭਚਾਰ ਵਿਰੁੱਧ ਸੰਘਰਸ਼ — ਜੋ ਹੁਣ ‘ਗੁਲਾਮਾਂ ਅਤੇ ਪੀੜਿਤਾਂ’ ਦਾ ਘੋਲ਼ ਬਣ ਗਿਆ ਸੀ — ਸੋਵੀਅਤ ਜੀਵਨ ਤੋਂ ਯੁੱਗਾਂ ਪੁਰਾਣੇ ਵਿਭਚਾਰ ਦੇ ਵਪਾਰ ਨੂੰ ਸਦਾ ਲਈ ਮਿਟਾ ਦੇਣ ਵਿੱਚ ਸਫ਼ਲ ਰਿਹਾ। ਇਸ ਸੰਘਰਸ਼ ਨੇ ਸੈਕਸ-ਰੋਗਾਂ ਦਾ ਵੀ ਖਾਤਮਾ ਕਰ ਦਿੱਤਾ। ਰੂਸੀਆਂ ਦੀ ਨਵੀਂ ਪੀੜ੍ਹੀ ਨੇ ਵੇਸਵਾ ਨੂੰ ਦੇਖਿਆ ਤੱਕ ਨਹੀਂ ਹੈ।”

ਰੂਸ ਵਿੱਚ ਸਮਾਜਵਾਦੀ ਸਮੇਂ ਦੌਰਾਨ ਸ਼ਰਾਬਖੋਰੀ ਅਤੇ ਵੇਸ਼ਵਾਗਮਨੀ ਵਰਗੀਆਂ ਅਲਾਮਤਾਂ ਵਿਰੁੱਧ ਸੰਘਰਸ਼ ਛੇੜਿਆ ਗਿਆ ਅਤੇ ਇਹਨਾਂ ਅਲਾਮਤਾਂ ਨੂੰ ਖਤਮ ਕਰਨ ਵਿੱਚ ਸਫਲਤਾ ਵੀ ਮਿਲ਼ੀ। ਉਸ ਦੌਰ ਵਿੱਚ ਅਪਣਾਈਆ ਗਈਆਂ ਨੀਤੀਆਂ ਸਿਰਫ ਇਸ ਲਈ ਹੀ ਨਹੀਂ ਸਫਲ ਹੋਈਆਂ ਕਿ ਜ਼ਾਰਸ਼ਾਹੀ ਤੋਂ ਬਾਅਦ ਕੋਈ ਇਮਾਨਦਾਰ ਸਰਕਾਰ ਆ ਗਈ ਸੀ। ਇਹਨਾਂ ਸਮੱਸਿਆਵਾਂ ਨੂੰ ਖਤਮ ਕਰਨ ਵਿੱਚ ਸਫਲਤਾ ਮਿਲਣ ਦਾ ਅਸਲ ਕਾਰਨ ਇਹ ਸੀ ਕਿ ਇਹਨਾਂ ਅਲਾਮਤਾਂ ਦੀ ਜੜ੍ਹ ਨਿੱਜੀ ਜਇਦਾਦ ਅਧਾਰਤ ਢਾਂਚਾ ਰੂਸ ਦੀ ਕਮਿਊਨਿਸਟ ਪਾਰਟੀ (ਬਾਲਸ਼ਵਿਕ) ਦੀ ਅਗਵਾਈ ਵਿੱਚ ਅਕਤੂਬਬਰ, 1917 ਦੇ ਇਨਕਲਾਬ ਤੋਂ ਬਾਅਦ  ਖਤਮ ਕਰ ਦਿੱਤਾ ਗਿਆ ਸੀ। ਪੈਦਾਵਾਰ ਦੇ ਸਾਧਨਾਂ ਦੀ ਸਾਂਝੀ ਮਾਲਕੀ ਹੋਣ ਕਾਰਨ ਪੈਦਾਵਾਰ ਵੀ ਪੂਰੇ ਸਮਾਜ ਦੀਆਂ ਜ਼ਰੂਰਤਾ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਸੀ ਨਾ ਕਿ ਕੁਝ ਕੁ ਲੋਕਾਂ ਦੇ ਮੁਨਾਫੇ ਲਈ। ਇਸ ਲਈ ਨਵੀਂ ਬਣੀ ਸੋਵੀਅਤ ਸਰਕਾਰ ਦੁਆਰਾ ਬਣਾਈਆਂ ਗਈਆਂ ਨੀਤੀਆਂ ਵੀ ਬਹੁ-ਗਿਣਤੀ ਨੂੰ ਮੁੱਖ ਰੱਖ ਕੇ ਬਣਾਈਆਂ ਜਾਂਦੀਆਂ ਸਨ ਨਾ ਕਿ ਮੁੱਠੀ ਭਰ ਲੋਕਾਂ ਦੇ ਮੁਨਾਫੇ ਲਈ।  

ਅੱਜ ਸਰਮਾਏਦਾਰੀ ਢਾਂਚਾ ਪਹਿਲਾਂ ਨਾਲ਼ੋਂ ਹੋਰ ਵੀ ਨਿੱਘਰ ਚੁੱਕਾ ਹੈ ਅਤੇ ਸ਼ਰਾਬਖੋਰੀ, ਵੇਸਵਾਗਮਨੀ ਵਰਗੀਆਂ ਅਲਾਮਤਾਂ ਹੋਰ ਵੀ ਵਿਆਪਕ ਰੂਪ ਧਾਰ ਚੁੱਕੀਆਂ ਹਨ। ਅੱਜ ਜਿੱਥੇ ਸਮਾਜਵਾਦੀ ਦੌਰ ਦੇ ਸੁਨਿਹਰੀ ਇਤਿਹਾਸ ਉੱਪਰ ਚਿੱਕੜ ਸੁੱਟਿਆ ਜਾ ਰਿਹਾ ਹੈ। ਉੱਥੇ ਅੱਜ ਜ਼ਰੂਰੀ ਹੈ ਕਿ ਸਮਾਜਵਾਦੀ ਦੌਰ ਦੀਆਂ ਪ੍ਰਾਪਤੀਆਂ ਦਾ ਸੱਚ ਆਮ ਲੋਕਾਂ ਤੱਕ ਪਹੁੰਚਾਇਆ ਜਾਵੇ  ਤਾਂ ਜੋ ਇਸ ਬੁੱਢੇ ਬਿਮਾਰ ਢਾਂਚੇ ਨੂੰ ਹੋਰ ਵੀ ਨੰਗਾ ਕੀਤਾ ਜਾ ਸਕੇ। ਅੱਜ ਬੇਸ਼ੱਕ ਰੂਸ ਅਤੇ ਚੀਨ ਵਿੱਚ ਸਮਾਜਵਾਦੀ ਢਾਂਚਾ ਕਾਇਮ ਨਹੀਂ ਰਿਹਾ। ਪਰ ਇਸ ਦੌਰ ਦੀਆਂ ਪ੍ਰਾਪਤੀਆਂ ਅੱਜ ਵੀ ਸਾਨੂੰ ਮੌਜੂਦਾ ਲੁੱਟ ਅਧਾਰਤ ਢਾਂਚੇ ਨੂੰ ਖਤਮ ਕਰਨ ਅਤੇ ਨਵਾਂ ਸਮਾਜਵਾਦੀ ਢਾਂਚਾ ਖੜਾ ਕਰਨ ਲਈ ਪ੍ਰੇਰਿਤ ਕਰਦੀਆਂ ਹਨ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 41, ਜੁਲਾਈ 2015 ਵਿਚ ਪਰ੍ਕਾਸ਼ਤ23

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s