ਸਮਾਜਵਾਦੀ ਰੂਸ ਅਤੇ ਚੀਨ ਨੇ ਨਸ਼ਾਖੋਰੀ ਦਾ ਖਾਤਮਾਂ ਕਿਵੇਂ ਕੀਤਾ? •ਤਜਿੰਦਰ

7

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਨਸ਼ਾਖੋਰੀ ਇੱਕ ਅਲਾਮਤ ਦੇ ਰੂਪ ਵਿੱਚ ਲੰਬੇ ਸਮੇਂ ਤੋਂ ਸਾਡੇ ਸਮਾਜ ਵਿੱਚ ਮੌਜੂਦ ਰਹੀ ਹੈ। ਅੱਜ ਇਹ ਇਕ ਕੋਹੜ ਦੀ ਤਰਾਂ ਇੱਕ ਪੂਰੀ ਪੀੜੀ ਨੂੰ ਨਿਗਲ਼ ਰਹੀ ਹੈ। ਪੰਜਾਬ ਦੀ ਲਗਭਗ 73.5% ਨੌਜਵਾਨ ਅਬਾਦੀ ਨਸ਼ਿਆ ਦੀ ਆਦੀ ਹੈ। ਪੰਜਾਬ ਦੇ ਪਿੰਡਾਂ ਦੇ ਲਗਭਗ 76.47%  ਲੋਕ ਹਰ ਰੋਜ਼ ਸ਼ਰਾਬ ਪੀਂਦੇ ਹਨ। ਵਿਸ਼ਵ ਸਿਹਤ ਸੰਸਥਾ ਦੀ ਰਿਪੋਰਟ ਅਨੁਸਾਰ ਹਰ ਸਾਲ ਸੰਸਾਰ ਵਿੱਚ 30 ਲੱਖ ਤੋਂ ਉੱਪਰ ਲੋਕ ਸ਼ਰਾਬ ਦੀ ਵਰਤੋਂ ਕਾਰਨ ਮਰ ਜਾਂਦੇ ਹਨ।

ਨਸ਼ਾਖੋਰੀ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਵੱਖ-ਵੱਖ ਸਮੇਂ ‘ਤੇ ਕੀਤੀਆਂ ਜਾਂਦੀਆਂ ਰਹੀਆਂ ਹਨ। ਪਰ ਸਮਾਜ ਲਗਾਤਾਰ ਇਸ ਜਿੱਲਣ ਵਿੱਚ ਡੂੰਘੇ ਤੋਂ ਡੂੰਘਾ ਧਸਦਾ ਜਾ ਰਿਹਾ ਹੈ। ਵੱਖ-ਵੱਖ ਦੇਸ਼ ਦੀਆਂ ਸਰਕਾਰਾਂ, ਸਮਾਜਸੇਵੀ ਸੰਸਥਾਂਵਾ ਅਤੇ ਮੁਨਾਫੇ ‘ਤੇ ਟਿਕੇ ਮੌਜੂਦਾ ਢਾਂਚੇ ਦੀ ਸੇਵਾ ਵਿੱਚ ਲੱਗੇ ਬੁੱਧੀਜੀਵੀਆਂ ਦੁਆਰਾ ਇਸ ਸਮੱਸਿਆ ਦੇ ਹੱਲ ਲਈ ਇਸ ਢਾਂਚੇ ਦੇ ਅੰਦਰ ਰਹਿੰਦੇ ਹੋਏ ਹਰ ਸੰਭਵ ਤਰੀਕਾ ਸੁਝਾਇਆ ਅਤੇ ਅਪਣਾਇਆ ਜਾ ਚੁੱਕਾ ਹੈ। ਪਰ ਇਹ ਸਾਰੇ ਤਰੀਕੇ ਅਸਫਲ ਰਹੇ ਹਨ।

ਪਰ ਇਤਿਹਾਸ ਦਾ ਅਜਿਹਾ ਸੁਨਿਹਰਾ ਦੌਰ ਵੀ ਰਿਹਾ ਹੈ ਜਦ ਨਸ਼ਾਖੋਰੀ ਅਤੇ ਵੇਸ਼ਵਾਗਮਨੀ ਵਰਗੀਆਂ ਸਮਾਜਿਕ ਅਲਾਮਤਾਂ ਨੂੰ ਪੂਰੀ ਤਰ੍ਹਾਂ ਜੜ੍ਹ ਤੋਂ ਪੁੱਟ ਦਿੱਤਾ ਗਿਆ ਸੀ। ਇਹ ਦੌਰ ਸੀ ਰੂਸ ਅਤੇ ਚੀਨ ਦਾ ਸਮਾਜਵਾਦੀ ਦੌਰ। ਮਨੁੱਖੀ ਇਤਿਹਾਸ ਦਾ ਉਹ ਸਮਾਂ ਜਦ ਸਦੀਆਂ ਤੋਂ ਲਿਤਾੜੀ ਕਿਰਤੀ ਲੋਕਾਈ ਦੀ ਸੱਤਾ ਕਾਇਮ ਹੋਈ। ਜਿਸ ਨੇ ਨਾ ਸਿਰਫ ਆਰਥਿਕ ਤਰੱਕੀ ਦੀਆਂ ਨਵੀਆਂ ਤੋਂ ਨਵੀਆਂ ਸਿਖਰਾਂ ਨੂੰ ਛੋਹਿਆ ਸਗੋਂ ਲੁੱਟ ਅਤੇ ਮੁਨਾਫੇ ‘ਤੇ ਟਿਕੇ ਢਾਂਚੇ ਦੁਆਰਾ ਪੈਦਾ ਕੀਤੀਆਂ ਸਮਾਜਿਕ ਅਲਾਮਤਾਂ ਨੂੰ ਵੀ ਜੜ੍ਹੋਂ ਪੁੱਟ ਸੁੱਟਿਆ। ਇਸ ਲੇਖ ਵਿੱਚ ਅਸੀ ਰੂਸ ਅਤੇ ਚੀਨ ਦੇ ਸਮਾਜਵਾਦੀ ਸਮੇਂ ਦੌਰਾਨ ਚਲਾਈ ਨਸ਼ਾ ਵਿਰੋਧੀ ਲਹਿਰ ਦੀ ਚਰਚਾ ਕਰਾਂਗੇ, ਤਾਂ ਜੋ ਅਸੀ ਅੱਜ ਇਸ ਸਮੱਸਿਆ ਦੇ ਆਲ਼ੇ-ਦੁਆਲ਼ੇ ਸਰਕਾਰਾਂ ਦੀ ਦੋਗਲੀ ਨੀਤੀ, ਸਾਮਰਾਜੀ ਫੰਡ ‘ਤੇ ਚੱਲਣ ਵਾਲ਼ੀਆਂ ਐਨਜੀਓ ਅਤੇ ਨਸ਼ੇ ਦੇ ਆਦੀ ਅਤੇ ਵੇਚਣ ਵਾਲ਼ਿਆਂ ਨੂੰ ਦਿੱਤੇ ਜਾ ਰਹੇ ਧਾਰਮਿਕ ‘ਤੇ ਨੈਤਿਕ ਉਪਦੇਸ਼ਾਂ ਦੀ ਧੁੰਦ ਨੂੰ ਸਾਫ ਕਰ ਸਕੀਏ।  

ਰੂਸ ਵਿੱਚ ਸ਼ਰਾਬਖੋਰੀ ਵਿਰੁੱਧ ਲਹਿਰ

ਰੂਸ ਵਿੱਚ ਅਕਤੂਬਰ 1917 ਇਨਕਲਾਬ ਤੋਂ ਪਹਿਲਾਂ ਅਤੇ ਬਾਅਦ ਵਿੱਚ ਸ਼ਰਾਬਖੋਰੀ, ਵੇਸ਼ਵਾਗਮਨੀ, ਔਰਤਾਂ ਦੀ ਖਰੀਦੋ ਫਰੋਖਤ, ਭਰੂਣ ਹੱਤਿਆ ਅਦਿ ਵਿਰੋਧੀ ਲਹਿਰ ਦੀ ਚਰਚਾ ਅਮਰੀਕੀ ਪੱਤਰਕਾਰ ਡਾਈਸਨ ਕਾਰਟਰ ਦੀ ਕਿਤਾਬ ‘ਪਾਪ ਅਤੇ ਵਿਗਿਆਨ’ ਵਿੱਚ ਮਿਲ਼ਦੀ ਹੈ। ਡਾਇਸਨ ਕਾਰਟਰ ਨੇ ਖੁਦ ਇਨਕਲਾਬ ਤੋਂ ਬਾਅਦ ਰੂਸ ਵਿਚ ਜਾ ਕੇ ਬਦਲੀਆਂ ਹੋਈਆਂ ਹਾਲਤਾਂ ਦਾ ਅਧਿਐਨ ਕੀਤਾ ਅਤੇ ਨਾਲ਼ ਹੀ ਉਸ ਸਮੇਂ ਅਮਰੀਕਾ ਅਤੇ ਯੂਰਪ ਵਿੱਚ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਅਪਣਾਏ ਜਾ ਰਹੇ (ਅਸਫਲ) ਤਰੀਕਿਆਂ ਦੀ ਵੀ ਚਰਚਾ ਕੀਤੀ ਹੈ। ਅਸੀ ਆਪਣੀ ਚਰਚਾ ਸ਼ਰਾਬਖੋਰੀ ਵਿਰੁੱਧ ਲਹਿਰ ਤੱਕ ਹੀ ਸੀਮਤ ਰੱਖਾਂਗੇ।

ਇਨਕਲਾਬ ਤੋਂ ਪਹਿਲਾਂ ਦਾ ਦੌਰ

ਅਕਤੂਬਰ ਇਨਕਲਾਬ ਤੋਂ ਪਹਿਲਾਂ ਰੂਸ ਵਿੱਚ ਸ਼ਰਾਬ ਆਮ ਜੀਵਨ ਦਾ ਹਿੱਸਾ ਸੀ। ਲਗਭਗ ਪੂਰਾ ਰੂਸ ਹੀ ਸ਼ਰਾਬ ਪੀਂਦਾ ਸੀ। ਸੜਕਾਂ ਉੱਪਰ ਸ਼ਾਰਬ ਨਾਲ਼ ਲੜਖੜਾਉਦਾ ਹੋਏ ਲੋਕਾਂ ਨੂੰ ਆਮ ਹੀ ਦੇਖਿਆ ਜਾ ਸਕਦਾ ਸੀ। ਸ਼ਰਾਬਖੋਰੀ ਨੂੰ ਰੋਕਣ ਦੀਆਂ ਕੋਸ਼ਿਸ਼ਾ ਦਾ ਸਿਲਸਿਲਾ 1819 ਵਿੱਚ ਸ਼ੁਰੂ ਹੁੰਦਾ ਹੈ। ਜ਼ਾਰ ਸਰਕਾਰ ਵੱਲੋਂ ਜੋ ਕਦਮ ਚੁੱਕੇ ਗਏ ਸਨ, ਉਹ ਸਨ:

ਸ਼ਰਾਬ ਨੂੰ ਸਰਕਾਰੀ ਕੰਟਰੋਲ ਵਿੱਚ ਰੱਖਣਾ– ਇਸ ਨਾਲ ਸ਼ਰਾਬ ਦੀ ਵਿੱਕਰੀ ਵਿੱਚ ਤਾਂ ਕੋਈ  ਕਮੀ ਨਹੀ ਆਈ ਪਰ ਇਸ ਨਾਲ਼ ਜ਼ਾਰ ਸਰਕਾਰ ਦੀ ਆਮਦਨ ਵਿੱਚ ਜਰੂਰ ਵਾਧਾ ਹੋ ਗਿਆ। ਇਹ ਢਾਂਚਾ ਅੱਠ ਸਾਲ ਤੱਕ ਕਾਇਮ ਰਿਹਾ, ਇਸ ‘ਤੇ ਅਮਲ ਕਰਨਾ ਮੁਸ਼ਕਿਲ ਹੋਣ ਕਰਕੇ ਇਸ ਨੂੰ ਦੁਬਾਰਾ ਨਿੱਜੀ ਹੱਥਾਂ ਵਿੱਚ ਸੌਂਪ ਦਿੱਤਾ ਗਿਆ।

ਸ਼ਰਾਬ ‘ਤੇ ਟੈਕਸ: ਇਸ ਪਿੱਛੇ ਜ਼ਾਰ ਸਰਕਾਰ ਦਾ ਮਕਸਦ ਸੀ ਕਿ ਆਮ ਨਾਗਰਿਕਾਂ ਲਈ ਸ਼ਰਾਬ ਮਹਿੰਗੀ ਹੋ ਜਾਵੇ ਪਰ ਇਸ ਨਾਲ਼ ਮੁਨਾਫਾ ਜ਼ਰੂਰ ਆਉਦਾ ਰਹੇ। ਇਸ ਤਰੀਕੇ ਨਾਲ਼ ਵੀ ਸ਼ਰਾਬ ਦੀ ਵਿੱਕਰੀ ਵਿੱਚ ਕੋਈ ਫਰਕ ਨਹੀ ਪਿਆ, ਕਿਉਕਿ ਲੋਕਾਂ ਨੇ ਰੋਟੀ ‘ਤੇ ਖਰਚ ਘਟਾ ਕੇ ਸ਼ਰਾਬ ਉੱਪਰ ਕਰਨਾ ਸ਼ੁਰੂ ਕਰ ਦਿੱਤਾ।

ਲਾਇਸੰਸ ਪ੍ਰਬੰਧ : ਤੀਹ ਸਾਲ ਤੱਕ ਰੂਸ ਵਿੱਚ ਸ਼ਰਾਬਖੋਰੀ ਲਗਾਤਾਰ ਵਧਦੀ ਰਹੀ। ਪਾਦਰੀਆਂ ਦੇ ਉਪਦੇਸ਼ਾਂ ਦੇ ਬਾਵਜੂਦ ਰੂਸ ਦੇ ਲੋਕਾਂ ਨੇ ਸ਼ਰਾਬ ਪੀਣਾ ਜ਼ਾਰੀ ਰੱਖਿਆ। ਬਾਅਦ ਵਿੱਚ ਲਾਇਸੰਸ ਪ੍ਰਬੰਧ ਲਾਗੂ ਕਰ ਦਿੱਤਾ ਤਾਂ ਜੋ ਦੁਕਾਨਾਂ ਦੀ ਸੰਖਿਆ ਘਟਾਈ ਜਾ ਸਕੇ। ਬਾਅਦ ਦੇ ਸਾਲਾਂ ਵਿੱਚ ਰੂਸ ਵਿੱਚ ਸ਼ਰਾਬ ਦੀਆਂ ਦੁਕਾਨਾਂ ਦੀ ਗਿਣਤੀ ਤਾਂ 2,50,000 ਤੋਂ ਘਟ ਕੇ 1,15,000 ਹੋ ਗਈ ਪਰ ਇਸ ਨਾਲ ਸ਼ਰਾਬ ਦੀ ਵਿੱਕਰੀ ਹੋਰ ਵੀ ਵਧ ਗਈ।

ਨਸ਼ਾ ਰੋਕੂ ਜਥੇਬੰਧੀ : ਜ਼ਾਰ ਸਰਕਾਰ ਦੁਆਰਾ ਨਸ਼ਾਖੋਰੀ ਨੂੰ ਰੋਕਣ ਲਈ ਜੋ ਕਦਮ ਚੁੱਕੇ ਜਾ ਰਹੇ ਸਨ, ਉਹਨਾਂ ਪਿੱਛੇ ਚਾਲਕ ਸ਼ਕਤੀ ਰੂਸ ਦੇ ਸੱਨਅਤਕਾਰ ਸਨ। ਕਿਉਕਿ ਨਸ਼ੇ ਦੀ ਹਾਲਤ ਵਿੱਚ ਮਜ਼ਦੂਰ ਫੈਕਟਰੀਆਂ ਵਿੱਚ ਕੰਮ ਕਰਦੇ ਜਿਸ ਨਾਲ ਪੈਦਾਵਾਰ ਨੂੰ ਭਾਰੀ ਨੁਕਸਾਨ ਹੁੰਦਾ ਸੀ। ਦੂਸਰੇ ਪਾਸੇ ਜਗੀਰਦਾਰਾਂ ਦੇ ਹਮਾਇਤੀ ਜ਼ਾਰ ਦੇ ਚਚੇਰੇ ਭਰਾ ਪ੍ਰਿੰਸ ਐਲਕਸਾਂਦਰ (ਜੋ ਖੁਦ ਵੀ ਇੱਕ ਅਮੀਰ ਜਗੀਰਦਾਰ ਸੀ।) ਦਾ ਮੰਨਣਾ ਸੀ ਕਿ ਨਸ਼ੇ ਦੀ ਹਾਲਤ ਵਿੱਚ ਕਿਸਾਨ ਵੀ ਖੇਤੀ ਪੈਦਾਵਾਰ ਨੂੰ ਭਾਰੀ ਨੁਕਸਾਨ ਪਹੁੰਚਾਉਦੇ ਸਨ। ਇਸ ਮਸਲੇ ਨੂੰ ਲੈ ਕੇ ਉਹ ਜ਼ਾਰ ਤੋਂ ਵੱਖ ਹੋ ਗਿਆ ਅਤੇ ਉਸ ਨੇ ਇੱਕ ਨਸ਼ਾ ਰੋਕੂ ਜਥੇਬੰਧੀ ਬਣਾਈ। ਨਸ਼ਾਖੋਰੀ ਨੂੰ ਰੋਕਣ ਲਈ ਇਸ ਜਥੇਬੰਦੀ ਨੇ ਜੋ ਤਰੀਕੇ ਅਪਣਾਏ ਉਹ ਸਨ:

ਇਸ ਜਥੇਬੰਦੀ ਨੇ ਵੱਡੇ ਪੱਧਰ ‘ਤੇ ਪਾਰਕਾਂ, ਬਾਗ, ਅਰਾਮ ਘਰਾਂ ਦਾ ਪ੍ਰਬੰਧ ਕੀਤਾ। ਮਨੋਰੰਜਨ ਕੇਂਦਰ, ਨਾਟਕ ਘਰ ਅਦਿ ਬਣਾਏ। ਅਜਿਹੀਆਂ ਜ਼ਿਆਦਾਤਰ ਥਾਵਾਂ ‘ਤੇ ਲੋਕਾਂ ਦਾ ਕੋਈ ਪੈਸਾ ਨਹੀ ਖਰਚ ਹੁੰਦਾ ਸੀ। ਇਹਨਾ ਥਾਵਾਂ ‘ਤੇ  ਭਾਸ਼ਣ ਦਿੱਤੇ ਜਾਂਦੇ ਜਿਹਨਾ ਵਿੱਚ ਸ਼ਰਾਬ ਦੇ ਨੁਕਸਾਨ ਸਬੰਧੀ ਵਿਗਿਆਨਕ ਦਲੀਲਾਂ ਦਿੱਤੀਆਂ ਜਾਂਦੀਆਂ। 1903 ਤੱਕ ਇਸ ਜਥੇਬੰਦੀ ਦੀਆਂ ਸਰਗਰਮੀਆਂ ਸਿਖਰ ‘ਤੇ ਸਨ। ਪਰ ਇਸ ਸਭ ਦਾ ਜੋ ਨਤੀਜਾ ਨਿੱਕਲ਼ਿਆ ਉਹ ਇਹ ਸੀ ਕਿ ਲੋਕ ਮੁਫਤ ਵਿੱਚ ਇਹਨਾਂ ਥਾਂਵਾ ‘ਤੇ ਜਾਂਦੇ ਖਾਦੇ-ਪੀਂਦੇ, ਨਾਟਕ ਦੇਖਦੇ ਅਤੇ ਬਚੇ ਹੋਏ ਪੈਸਿਆਂ ਨੂੰ ਸ਼ਰਾਬ ‘ਤੇ ਖਰਚ ਕਰ ਦਿੰਦੇ।

ਸ਼ਰਾਬ ‘ਤੇ ਮੁਕੰਮਲ ਪਬੰਦੀ  ਨਸ਼ਾ ਵਿਰੋਧੀ ਲਹਿਰ ਦੇ ਸ਼ੁਰੂ ਹੋਣ ਤੋਂ 1914 ਤੱਕ ਰੂਸ ਵਿੱਚ ਵੋਦਕਾ ਦੀ ਵਰਤੋਂ 500% ਤੋਂ ਵੀ ਜ਼ਿਆਦਾ ਵਧ ਗਈ। ਸਕੂਲਾਂ ਵਿੱਚ 80% ਤੋਂ ਵੱੱਧ ਬੱਚੇ ਵੋਦਕਾ ਪੀਂਦੇ ਸਨ। ਇਸੇ ਸਮੇਂ  ਇੱੱਕ ਪਾਸੇ ਰੂਸ ਦੇ ਪੂਰਬੀ ਮੋਰਚੇ ‘ਤੇ ਜੰਗ ਛਿੜ ਗਈ ਅਤੇ ਦੂਸਰੇ ਪਾਸੇ ਫੈਕਟਰੀਆਂ ਅਤੇ ਖੇਤਾ ਦੀ ਪੈਦਾਵਾਰ ਥੱਲੇ ਡਿੱਗ ਰਹੀ ਸੀ। ਰੂਸ ਦੇ ਸੱਨਅਤਕਾਰਾਂ ਨੇ ਜ਼ਾਰ ਸਰਕਾਰ ‘ਤੇ ਨਸ਼ਾਖੋਰੀ ਨੂੰ ਰੋਕਣ ਲਈ ਦਬਾਅ ਹੋਰ ਵਧਾ ਦਿੱਤਾ। ਅੰਤ 1916 ਵਿੱਚ ਜ਼ਾਰ ਸਰਕਾਰ ਨੇ ਇਸ ਸਮੱਸਿਆ ਨਾਲ ਸਿੱਝਣ ਲਈ  ਰਾਤੋ-ਰਾਤ ਸ਼ਰਾਬ ‘ਤੇ ਮੁਕੰਮਲ ਪਾਬੰਦੀ ਲਗਾ ਦਿੱਤੀ। ਸ਼ਰਾਬ ਵੇਚਣ ਅਤੇ ਬਣਾਉਣ ਦੀਆਂ ਥਾਵਾਂ ਨੂੰ ਬਰਬਾਦ ਕਰ ਦਿੱਤਾ ਗਿਆ।

ਇਸ ਦਾ ਸਿੱਟਾ ਇਹ ਨਿੱਕਲ਼ਿਆ ਕਿ 1916 ਦੇ ਸ਼ੁਰੂਆਤੀ ਮਹੀਨਿਆਂ ਵਿੱਚ ਤਾਂ ਲੋਕਾਂ ਨੇ ਸ਼ਰਾਬ ਨੂੰ ਹੱਥ ਨਹੀ ਲਗਾਇਆ। ਪਰ ਅਚਾਨਕ ਹੀ ਪੂਰੇ ਦਾ ਪੂਰਾ ਰੂਸ ਸ਼ਰਾਬ ਵਿੱਚ ਡੁੱਬ ਗਿਆ। ਇੱਕ ਪਾਸੇ ਜੰਗ ਵਿੱਚ ਹੋ ਰਹੀਆਂ ਮੌਤਾਂ ਅਤੇ ਦੂਸਰੇ ਪਾਸੇ ਗਰੀਬੀ, ਬਦਹਾਲੀ ਤੇ ਭੁੱਖਮਰੀ। ਇਸ ਸਭ ਤੋਂ ਬਚਣ ਲਈ ਸਾਰੇ ਲੋਕ ਸ਼ਰਾਬ ਵੱਲ ਭੱਜੇ। ਰੂਸ ਦੇ ਘਰ-ਘਰ ਵਿੱਚ ਗੈਰ-ਕਾਨੂੰਨੀ ਸ਼ਰਾਬ ਬਣਾਈ ਜਾਣ ਲੱਗੀ। ਲੋਕਾਂ ਨੇ ਅਨਾਜ ਨੂੰ ਸ਼ਰਾਬ ਵਿੱਚ ਤਬਦੀਲ ਕਰਨਾ ਸ਼ੁਰੂ ਕੀਤੀ ਤਾਂ ਜੋ ਇਸ ਨੂੰ ਵੇਚ ਕੇ ਕੁਝ ਪੈਸੇ ਕਮਾਏ ਜਾ ਸਕਣ।

ਅਸੀਂ ਉੱਪਰ ਦੇਖਿਆ ਕਿ ਜ਼ਾਰ ਸਰਕਾਰ ਦੁਆਰਾ ਨਸ਼ਾਖੋਰੀ ਨੂੰ ਰੋਕਣ ਲਈ ਅਪਣਾਏ ਗਏ ਢੰਗ ਤਰੀਕਿਆਂ ਦਾ ਉਲਟ ਨਤੀਜਾ ਹੀ ਨਿੱਕਲ਼ਿਆ। ਹੁਣ ਅਸੀ ਅਕਤੂਬਰ 1917 ਤੋਂ ਬਾਅਦ ਦੇ ਸੋਵੀਅਤ ਸਮਾਜਵਾਦੀ ਸਮੇਂ ਦੌਰਾਂਨ ਅਪਣਾਏ ਗਏ ਢੰਗ ਤਰੀਕਿਆ ਦੀ ਗੱਲ ਕਰਾਂਗੇ ਤਾਂ ਜੋ ਇਹਨਾਂ ਦੋਵਾਂ ਹਲਾਤਾਂ ਵਿੱਚ ਫਰਕ ਕਰਦੇ ਹੌਏ ਨਸ਼ਾਖੋਰੀ ਦੀ ਸਮੱਸਿਆ ਨੂੰ ਜੜ੍ਹ ਤੋਂ ਸਮਝਿਆ ਜਾ ਸਕੇ।

ਇਨਕਲਾਬ ਤੋਂ ਬਾਅਦ ਦਾ ਦੌਰ

ਅਕਤੂਬਰ 1917 ਇਨਕਲਾਬ ਤੋਂ ਬਾਅਦ ਰੂਸ ਵਿੱਚ ਮਜ਼ਦੂਰਾਂ ਦੀ ਸੱਤਾ ਕਾਇਮ ਹੋਈ। ਪਰ ਉਸ ਵੇਲੇ ਰੂਸ ਵਿੱਚ ਅਕਾਲ ਦੀ ਹਾਲਤ ਸੀ। ਲੋਕ ਅਨਾਜ ਨੂੰ ਮੰਡੀ ਵਿੱਚ ਪਹੁੰਚਾਉਣ ਦੀ ਥਾਂ ਸ਼ਰਾਬ ਬਣਾਉਣ ਲਈ ਇਸਤੇਮਾਲ ਕਰ ਰਹੇ ਸਨ। ਦੂਸਰਾ ਇਸ ਤਰ੍ਹਾਂ ਬਣਾਈ ਜਾ ਰਹੀ ਸ਼ਰਾਬ ਬਹੁਤ ਜ਼ਹਿਰੀਲੀ ਸੀ। ਸੋਵੀਅਤ ਸਰਕਾਰ ਲਈ ਸਭ ਤੋਂ ਪਹਿਲਾਂ ਇਹ ਜ਼ਰੂਰੀ ਸੀ ਕਿ ਜ਼ਹਰੀਲੀ ਸ਼ਰਾਬ ਦੀ ਵਿੱਕਰੀ ਨੂੰ ਰੋਕਿਆ ਜਾਵੇ ਅਤੇ ਅਨਾਜ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇ। ਸੋਵੀਅਤ ਅਧਿਕਾਰੀਆਂ ਨੇ ਸਭ ਤੋਂ ਪਹਿਲਾਂ ਇਹ ਕੀਤਾ ਕਿ ਆਲੂ ਤੋਂ ਸ਼ਰਾਬ ਬਣਾਉਣਾ ਕਨੂੰਨੀ ਐਲਾਨ ਦਿੱਤਾ।

ਸੋਵੀਅਤ ਸਰਕਾਰ ਨੇ ਹੁਣ ਤੱਕ ਸ਼ਰਾਬਖੋਰੀ ਵਿਰੁੱਧ ਚੱਲੀਆਂ ਲਹਿਰਾਂ ਦੀਆਂ ਮੌਜੂਦਾ ਰਿਪੋਰਟਾਂ ਅਤੇ ਜਾਣਕਾਰੀਆਂ ਦਾ ਅਧਿਐਨ ਕੀਤਾ। ਇਹਨਾਂ ਤੱਥਾਂ ਦੀ ਛਾਣਬੀਣ ਤੋਂ ਬਾਅਦ ਸੋਵੀਅਤ ਅਧਿਕਾਰੀਆਂ ਨੇ ਸ਼ਰਾਬਖੋਰੀ ਦੀ ਸਮੱਸਿਆ ਦੀ ਜਾਂਚ ਪੜਤਾਲ ਦਾ ਕੰਮ ਨਵੇਂ ਸਿਰੇ ਤੋਂ ਆਪਣੇ ਹੱਥ ਵਿੱਚ ਲਿਆ। ਇਸ ਜਾਂਚ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਕਿ ਰੂਸ ਵਿੱਚ ਸ਼ਰਾਬਖੋਰੀ ਦੀ ਸਮੱਸਿਆ ਸਮਾਜਿਕ ਅਤੇ ਆਰਥਿਕ ਸਮੱਸਿਆ ਨਾਲ਼ ਜੁੜੀ ਹੋਈ ਹੈ। ਲੋਕ ਸ਼ਰਾਬ ਵੱਲ ਉਸ ਸਮੇਂ ਦੌੜਦੇ ਹਨ ਜਦ ਉਹ ਆਪਣੇ ਆਪ ਨੂੰ ਗਰੀਬੀ, ਭੁੱਖਮਰੀ, ਬੇਕਾਰੀ ਵਰਗੀਆਂ ਸਮੱਸਿਆਵਾਂ ਨਾਲ਼ ਘਿਰਿਆ ਹੋਇਆ ਦੇਖਦੇ ਹਨ। ਉਹਨਾਂ ਕੋਲ਼ ਆਪਣੇ ਦੁੱਖ ਤਕਲੀਫਾਂ ਨੂੰ ਭੁੱਲਣ ਦਾ ਇੱਕੋ ਹੱਲ ਨਜ਼ਰ ਆਉਦਾ ਸੀ- ਸ਼ਰਾਬ। ਦੂਸਰਾ ਇਸ ਨੂੰ ਹੱਲਾਸ਼ੇਰੀ ਇਸ ਲਈ ਦਿੱਤੀ ਜਾਂਦੀ ਸੀ ਕਿ ਸਰਕਾਰ ਇਸ ਤੋਂ ਕਰਾਂ ਰਾਹੀਂ ਭਾਰੀ ਮੁਨਾਫਾ ਕਮਾ ਸਕੇ। ਜ਼ਾਰ ਸਰਕਾਰ ਦੀ ਕੁੱਲ ਆਮਦਨ ਦਾ ਚੌਥਾ ਹਿੱਸਾ ਸ਼ਰਾਬ ਤੋਂ ਆਉਦਾ ਸੀ।

ਇਸ ਪੂਰੀ ਸਮੱਸਿਆ ਨਾਲ ਨਜਿੱਠਣ ਲਈ ਸੋਵੀਅਤ ਸਰਕਾਰ ਨੇ ਜੋ ਅਮਲੀ ਕਦਮ ਚੁੱਕੇ ਉਹ ਸਨ-

ਘਰੇਲੂ ਅਤੇ ਜ਼ਹਰੀਲੀ ਸ਼ਰਾਬ ਬਣਾਉਣ ਵਾਲ਼ਿਆਂ ਦਾ ਸਫਾਇਆ : ਸੋਵੀਅਤ ਅਧਿਕਾਰੀਆਂ ਨੇ ਘਰੇਲੂ ਸ਼ਰਾਬ ਬਣਾਉਣ ਵਾਲ਼ਿਆਂ ਨੂੰ ਮੰਡੀ ਵਿੱਚੋਂ ਬਾਹਰ ਕਰਨ ਲਈ ਸ਼ਰਾਬ ਉੱਤੋਂ ਟੈਕਸ ਹਟਾ ਦਿੱਤਾ ਅਤੇ ਪ੍ਰਚੂਨ ਸ਼ਰਾਬ ਦੀ ਕੀਮਤ ਘਟਾ ਦਿੱਤੀ। ਇਸ ਦੇ ਨਾਲ਼ ਹੀ ਜ਼ਾਰ ਸਰਕਾਰ ਦੇ ਸ਼ਰਾਬ ਦੇ ਵਪਾਰ ਵਿੱਚ ਹਿੱਸੇ ਸਬੰਧੀ ਤੱਥ ਵੀ ਪ੍ਰਕਾਸ਼ਿਤ ਕੀਤੇ ਗਏ। ਇਸ ਨਾਲ਼ ਲੋਕ ਇਹ ਸਮਝ ਗਏ ਕਿ ਨਵੀਂ ਬਣੀ ਸੋਵੀਅਤ ਸਰਕਾਰ ਸ਼ਰਾਬ ਤੋਂ ਮੁਨਾਫਾ ਨਹੀ ਕਮਾਉਣਾ ਚਾਹੁੰਦੀ। ਸ਼ਰਾਬ ਦੀਆਂ ਕੀਮਤਾਂ ਵਿੱਚ ਕਮੀ ਕਾਰਨ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਸੀ। ਡਾਇਸਨ ਕਾਰਟਰ ਦੇ ਸ਼ਬਦਾਂ ਵਿੱਚ: “ਉਹ ਦਿਨ ਖੁਦ-ਬ-ਖੁਦ ਕੌਮੀ ਤਿਉਹਾਰ ਦਾ ਦਿਨ ਬਣ ਗਿਆ ਸੀ। ਉਸ ਦਿਨ ਲੋਕਾਂ ਨੇ ਜੀ ਭਰ ਕੇ ਨਵੀ, ਸਸਤੀ, ਵਧੀਆ ਕਿਸਮ ਦੀ ਵੋਦਕਾ ਪੀਤੀ”। ਪਰ ਇਸ ਨਾਲ ਹੋਇਆ ਇਹ ਕਿ ਘਰੇਲੂ ਅਤੇ ਗੈਰਕਨੂੰਨੀ ਸ਼ਰਾਬ ਬਣਾਉਣ ਵਾਲ਼ਿਆਂ ਦਾ ਮੁਕੰਮਲ ਸਫਾਇਆ ਹੋ ਗਿਆ।      

 ਸ਼ਰਾਬ ਦੀ ਵਿੱਕਰੀ ਸਬੰਧੀ ਨਿਯਮ : ਸ਼ਰਾਬ ਨੂੰ ਸਸਤੀ ਕਰਨ ਤੋਂ ਬਾਅਦ ਸੋਵੀਅਤ ਅਧਿਕਾਰੀਆਂ ਨੇ ਇਸ ਦੀ ਵਿੱਕਰੀ ਸਬੰਧੀ ਕੁਝ ਨਿਯਮ ਬਣਾਏ ਸਨ। ਇਹ ਨਿਯਮ ਸਨ : ਫੈਕਟਰੀਆਂ ਦੇ ਗੁਆਂਢ ਵਿੱਚ ਸ਼ਰਾਬ ਨਹੀ ਵੇਚੀ ਜਾਵੇਗੀ, ਛੁੱਟੀਆਂ ਅਤੇ ਤਨਖਾਹ ਵਾਲ਼ੇ ਦਿਨ ਵੀ ਉੱਥੇ ਸ਼ਰਾਬ ਨਹੀ ਵਿਕੇਗੀ, ਕੋਈ ਵੀ ਨੌਜਵਾਨਾਂ ਜਾਂ ਨਸ਼ਾ ਕੀਤੇ ਲੋਕਾਂ ਨੂੰ ਸ਼ਰਾਬ ਵੇਚੇਗਾ ਤਾਂ ਉਸ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ।  

 ਸ਼ਰਾਬਖੋਰੀ ਵਿਰੁੱਧ ਪ੍ਰਚਾਰ ਮੁਹਿੰਮ :  ਰੂਸ ਦੇ ਇੱਕ ਕੋਨੇ ਤੋਂ ਦੂਸਰੇ ਕੋਨ ਤੱਕ ਨਸ਼ਾਖੋਰੀ ਵਿਰੁੱਧ ਪ੍ਰਚਾਰ ਮੁਹਿੰਮ ਚਲਾਈ ਗਈ। ਸ਼ਰਾਬਖੋਰੀ ਵਿਰੁੱਧ ਇਸ ਨਵੀਂ ਵਿਗਿਆਨਕ ਲਹਿਰ ਦੌਰਾਨ ਲੋਕਾਂ ਨੂੰ ਅਲਕੋਹਲ ਸਬੰਧੀ ਬੜੇ ਸਪੱਸ਼ਟ ਤਰੀਕੇ ਨਾਲ਼ ਵਿਗਿਆਨਕ ਤੱਥ ਦੱਸੇ ਗਏ। ਉਹਨਾਂ ਨੂੰ ਦੱਸਿਆ ਗਿਆ ਕਿ ਜ਼ਿਆਦਾ ਸ਼ਰਾਬ ਪੀਣ ਨਾਲ਼ ਦਿਮਾਗ ਦੀਆਂ ਨਸਾਂ ਨੂੰ ਡੂੰਘਾ ਨੁਕਸਾਨ ਪਹੁੰਚਦਾ ਹੈ। ਲੋਕਾਂ ਨੂੰ ਦੱਸਿਆ ਗਿਆ ਕਿ ਸ਼ਰਾਬ ਪੀਣ ਕੋਈ ਜ਼ਰੂਰੀ ਨਹੀ। ਰੂਸ ਦੇ ਲੋਕਾਂ ਤੱਕ ਇਹਨਾਂ ਤੱਥਾਂ ਨੂੰ ਨਾਟਕ-ਘਰਾਂ ਅਤੇ ਟੈਲੀਵਿਜ਼ਨ ਵਰਗੇ  ਨਵੇਂ-ਨਵੇਂ ਤਰੀਕਿਆ ਨਾਲ਼ ਪਹੁੰਚਾਇਆ ਗਿਆ। ਇਹ ਤੱਥ ਲੋਕਾਂ ਲਈ ਸਿਰਫ ਭਾਸ਼ਣ ਮਾਤਰ ਹੀ ਨਹੀ ਸਨ। ਕਿਉਕਿ ਰੂਸ ਵਿੱਚ ਹੁਣ ਹਾਲਾਤ ਬਦਲ ਚੁੱਕੇ ਸਨ। ਹੁਣ ਰੂਸ ਦੇ ਲੋਕਾਂ ਨੂੰ ਪਤਾ ਸੀ ਕਿ ਉਹਨਾਂ ਦੀ ਆਪਣੀ ਸੱਤਾ ਕਾਇਮ ਹੋ ਚੁੱਕੀ ਹੈ ਅਤੇ ਉਹਨਾਂ ਦੁਆਰਾ ਕੀਤੀ ਗਈ ਪੈਦਾਵਾਰ ਜਗੀਰਦਾਰਾਂ ਅਤੇ ਸਨਅੱਤਕਾਰਾਂ ਦੇ ਮੁਨਾਫੇ ਲਈ ਨਹੀ ਸਗੋ ਪੂਰੇ ਸਮਾਜ ਦੇ ਸਾਂਝੇ ਹਿੱਤਾਂ ਲਈ ਹੋ ਰਹੀ ਹੈ। ਇਸ ਲਈ ਸਰੀਰ ਉੱਪਰ ਅਲਕੋਹਲ ਦੇ ਪ੍ਰਭਾਵ ਦੇ ਨਾਲ਼-ਨਾਲ਼ ਲੋਕਾਂ  ਨੂੰ ਇਹ ਵੀ ਦੱਸਿਆ ਗਿਆ ਕਿ ਉਹਨਾਂ ਦੇ ਸ਼ਰਾਬ ਪੀਣ ਨਾਲ਼ ਦੇਸ਼ ਦੀ ਉਸਾਰੀ ‘ਤੇ ਕੀ ਪ੍ਰਭਾਵ ਪੈਂਦਾ ਹੈ। ਖੇਤਾਂ, ਕਾਰਖਾਨਿਆਂ ਅਤੇ ਖਾਣਾ ਵਿੱਚ ਕੰਮ ਕਰਨ ਵਾਲ਼ਿਆਂ ਨੂੰ ਦੱਸਿਆ ਗਿਆ ਕਿ ਸ਼ਰਾਬ ਪੀਣ ਨਾਲ਼ ਉਹਨਾਂ ਦੇ ਕੰਮ ‘ਤੇ ਕੀ ਪ੍ਰਭਾਵ ਪੈਂਦਾ ਹੈ। ਲੋਕਾਂ ਨੂੰ ਸ਼ਰਾਬ ਛੱਡਣ ਲਈ ਨਾ ਤਾਂ ਕੋਈ ਨੈਤਿਕ ਉਪਦੇਸ਼ ਦਿੱਤੇ ਗਏ ਅਤੇ ਨਾ ਹੀ ਸ਼ਾਰਾਬ ਪੀਣ ਵਾਲ਼ਿਆਂ ਨੂੰ ਪਾਪੀ ਦੇ ਰੂਪ ਵਿੱਚ ਦੇਖਿਆ ਗਿਆ। ਹਾਂ, ਉਹਨਾਂ ਨੂੰ ਸਮਾਜ ਨੂੰ ਨੁਕਸਾਨ ਪਹੁੰਚਾਉਣ ਵਾਲ਼ਿਆਂ ਦੇ ਰੂਪ ਵਿੱਚ ਜ਼ਰੂਰ ਪੇਸ਼ ਕੀਤਾ ਜਾਂਦਾ ਸੀ।    

ਸਮਾਜਿਕ ਦਬਾਅ: ਰੂਸ ਵਿੱਚ ਅਜਿਹੇ ਪਿਆਕੜ ਵੀ ਸਨ ਜਿਹਨਾਂ ਨੇ ਵੋਦਕਾ ਦੀ 9 ਆਨੇ ਦੀ ਬੋਤਲ ਲਈ ਸ਼ਰਾਬਖੋਰੀ ਵਿਰੁੱਧ ਪ੍ਰਚਾਰ ਤੋਂ ਕੰਨ ਬੰਦ ਕੀਤੇ ਹੋਏ ਸਨ। ਇਹਨਾਂ ਪਿਆਕੜਾਂ ਲਈ ਸੋਵੀਅਤ ਅਧਿਕਾਰੀਆਂ ਨੇ ਵੱਖਰਾ ਤਰੀਕਾ ਅਪਣਾਆਿ। ਇਹ ਤਰੀਕ ਸੀ ਸਮਾਜਿਕ ਦਬਾਅ ਦਾ। ਜਿਹਨਾਂ ਥਾਂਵਾ ‘ਤੇ ਸ਼ਰਾਬਖੋਰੀ ਦੀ ਸਮੱਸਿਆ ਗੰਭੀਰ ਸੀ ਉਹਨਾਂ ਥਾਂਵਾ ‘ਤੇ ਸ਼ਰਾਬ-ਵਿਰੋਧੀ ਕੇਂਦਰ ਕਾਇਮ ਕੀਤੇ ਗਏ। ਜਦ ਵੀ ਕੋਈ ਅਜਿਹਾ ਪਿਆਕੜ ਮਿਲ਼ਦਾ ਤਾਂ ਉਸ ਨੂੰ ਇਸ ਕੇਂਦਰ ਵਿੱਚ ਪਹੁੰਚਾਇਆ ਜਾਂਦਾ। ਚੰਗੀ ਤਰ੍ਹਾਂ ਨੁਹਾ ਕੇ ਕੁਝ ਦਿਨ ਤੱਕ ਉਸ ਦੀ ਦੇਖ ਭਾਲ਼ ਕੀਤੀ ਜਾਂਦੀ  ਅਤੇ ਫਿਰ ਉਸ ਦਾ ਨਾਮ ਪਤਾ ਅਤੇ ਕੰਮ ਦੀ ਜਗ੍ਹਾ ਬਾਰੇ ਜਾਣਕਾਰੀ ਲੈਣ ਤੋਂ ਬਾਅਦ ਛੱਡ ਦਿੱਤਾ ਜਾਂਦਾ। ਫਿਰ ਜਿੱਥੇ ਉਹ  ਕੰਮ ਕਰਦਾ ਹੁੰਦਾ ਉੱਥੇ ਦੀ ਮਜ਼ਦੂਰ ਸਭਾ ਨੂੰ ਉਸ ਦੀ ਪੂਰੀ ਰਿਪੋਰਟ ਭੇਜ ਦਿੱਤੀ ਜਾਂਦੀ। ਅਜਿਹੇ ਲੋਕਾਂ ਨਾਲ਼ ਨਿੱਬੜਬਨ ਲਈ ਖਾਸ ਕਮੇਟੀਆਂ ਬਣਾਈਆ ਹੋਈਆ ਸਨ। ਜਦ ਉਹ ਸ਼ਰਾਬੀ ਦੁਬਾਰਾ ਕੰਮ ‘ਤੇ ਪਹੁੰਚਦਾ ਤਾਂ ਉਸ ਨੂੰ ਸਵਾਗਤ ਕਰ ਰਹੇ ਕਮੇਟੀ ਦੇ ਲੋਕ ਮਿਲ਼ਦੇ ਜਿਹਨਾਂ ਕੋਲ਼ ਸ਼ਰਾਬ ਦੀ ਬੋਤਲ ਨਾਲ਼ ਉਸ ਸ਼ਰਾਬੀ ਦਾ ਵਿਅੰਗ ਚਿੱਤਰ ਹੁੰਦਾ। ਸ਼ਰਾਬੀ ਜੇ ਦੁਬਾਰਾ ਆਪਣੀ ਹਰਕਤ ਦੁਹਰਾਉਦਾ ਤਾਂ ਉਸ ਦੀ ਹੋਰ ਵੀ ਬੇਇੱਜ਼ਤੀ ਕੀਤੀ ਜਾਂਦੀ। ਕੁਝ ਜ਼ਿਆਦਾ ਹੀ ਢੀਠ ਸ਼ਰਾਬੀਆਂ ਵਿਰੁੱਧ ਸਖਤ ਅਨੁਸ਼ਾਸਨ ਵੀ ਲਗਾਇਆ ਜਾਂਦਾ।

ਇਹ ਤਰੀਕਾ ਬਹੁਤ ਕਾਰਗਰ ਸਿੱਧ ਹੋਇਆ ਕਿਉਂਕਿ ਹੁਣ ਸ਼ਰਾਬੀਆਂ ‘ਤੇ ਪੂਰਾ ਸਮਾਜਿਕ ਦਬਾਅ ਸੀ। ਉਹਨਾਂ ਨੂੰ ਡਰ ਸੀ ਕਿ ਲੋਕ ਉਸ ਨੂੰ ਦੇਸ਼ ਦੀ ਉੱਨਤੀ ਦੇ ਰਾਹ ਵਿੱਚ ਰੋੜਾ ਕਹਿਣਗੇ।

 ਖਾਣ-ਪੀਣ ਦੀਆਂ ਥਾਂਵਾ ‘ਤੇ ਸ਼ਰਾਬ: ਸੋਵੀਅਤ ਮਨੋਵਿਗਿਆਨੀਆਂ ਦੁਆਰਾ ਸੁਝਾਏ ਗਏ ਢੰਗ ਦੇ ਅਧਾਰ ‘ਤੇ ਖਾਣ-ਪੀਣ ਵਾਲ਼ੀਆਂ ਥਾਂਵਾ ਵਿੱਚ ਸ਼ਰਾਬ ਦੀ ਵਰਤੋਂ ਵਧਾਉਣ ਲਈ ਇੱਕ ਲਹਿਰ ਚਲਾਈ ਗਈ। ਵੇਖਣ ਨੂੰ ਇਹ ਸ਼ਰਾਬ ਨੂੰ ਹੱਲਾਸ਼ੇਰੀ ਦੇਣ ਵਾਲ਼ਾ ਕਦਮ ਲੱਗਦਾ ਹੈ ਪਰ ਇਸ ਪਿੱਛੇ ਵਿਗਿਆਨਕ ਕਾਰਨ ਸਨ। ਇੱਕ ਇਹ ਕਿ ਲੋਕ ਉਹਨਾਂ ਸ਼ਰਾਬ ਦੇ ਅੱਡਿਆਂ ‘ਤੇ ਸ਼ਰਾਬ ਪੀਣਾ ਛੱਡਣ ਜਿੱਥੇ ਸਿਰਫ ਸ਼ਰਾਬ ਹੀ ਮਿਲ਼ਦੀ ਸੀ। ਕਿਉਂਕਿ ਇਕੱਲੀ ਸ਼ਰਾਬ ਪੀਣਾ ਹਾਨੀਕਾਰਕ ਹੁੰਦਾ ਹੈ। ਦੂਸਰਾ ਪੁਰਾਣੇ ਤਜ਼ਰਬਿਆਂ ਤੋਂ ਇਹ ਸਾਬਿਤ ਹੋ ਚੁੱਕਾ ਸੀ ਕਿ ਲੋਕ ਗਰੀਬੀ ਕਾਰਨ ਹੀ ਸ਼ਰਾਬ ਵੱਲ ਭੱਜਦੇ ਸਨ। ਉਹਨਾਂ ਨੂੰ ਸ਼ਰਾਬ ਅਤੇ ਖਾਣੇ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਪੈਂਦਾ ਸੀ ਤੇ ਉਹ ਅਕਸਰ ਸ਼ਰਾਬ ਨੂੰ ਪਹਿਲ ਦਿੰਦੇ ਸਨ।

ਸੋਵੀਅਤ ਸਰਕਾਰ ਦੁਆਰਾ ਬਣਾਏ ਗਏ ਨਵੇਂ ਕਨੂੰਨ ਦੇ ਤਹਿਤ ਸ਼ਰਾਬ ਸਿਰਫ ਅਜਿਹੇ ਖਾਣ ਪੀਣ ਘਰਾਂ ਵਿੱਚ ਹੀ ਮਿਲ਼ਦੀ ਸੀ ਜਿੱਥੇ ਪਰਿਵਾਰ ਭੋਜਨ ਕਰਦੇ ਸਨ ਅਤੇ ਪੂਰਾ ਘਰੇਲੂ ਵਾਤਾਵਰਣ ਹੁੰਦਾ ਸੀ। ਇਸ ਨਾਲ਼ ਲੋਕਾਂ ਦੇ ਵਿਹਾਰ ਅਤੇ ਆਦਤਾਂ ਵਿੱਚ ਸੁਧਾਰ ਹੋਇਆ। ਲੋਕ ਹੁਣ ਸ਼ਰਾਬ ਘੱਟ ਪੀਂਦੇ ਸਨ ਕਿਉਕਿ ਨਾਲ਼ ਖਾਣਾ ਵੀ ਖਾਣਾ ਹੁੰਦਾ ਸੀ। ਇਸ ਤਰੀਕੇ ਨਾਲ਼ ਸੋਵੀਅਤ ਰੂਸ ਵਿੱਚ ਸ਼ਰਾਬਖੋਰੀ ਕਾਫੀ ਤੇਜ਼ੀ ਨਾਲ ਘਟੀ।

ਸੋਵੀਅਤ ਰੂਸ ਦੀ ਨਸ਼ਾਖੋਰੀ ਵਿਰੋਧੀ
ਲਹਿਰ ਤੋਂ 20 ਸਾਲ ਬਾਅਦ ਦੇ ਹਾਲਾਤ      

ਡਾਇਸਨ ਕਾਰਟਰ ਅਤੇ ਉਸ ਦੀ ਪਤਨੀ ਸੋਵੀਅਤ ਰੂਸ ਵਿੱਚ ਸ਼ਰਾਬਖੋਰੀ ਸਬੰਧੀ ਤੱਥਾਂ ਦਾ ਅਧਿਐਨ ਕਰਨ ਗਏ ਤਾਂ ਉਹਨਾਂ ਨੇ ਸ਼ਰਾਬਖੋਰੀ ਵਿਰੁੱਧ ਲਹਿਰ ਤੋਂ ਬਾਅਦ ਦੀਆਂ ਹਾਲਤਾਂ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ-

“ਅਸੀ ਦੇਖਿਆ ਕਿ ਮਹਿਮਾਨ ਦਾ ਸਵਾਗਤ ਕਰਨ ਲਈ ਆਮ ਤੌਰ ‘ਤੇ ਜਿਹੜੇ ਲੋਕ ਖੜੇ ਹੁੰਦੇ ਉਹ ਪਾਣੀ ਦਾ ਗਿਲਾਸ ਜਾਂ ਫਲ਼ਾਂ ਦੇ ਰਸ ਦਾ ਗਿਲਾਸ ਹੱਥ ਵਿੱਚ ਲੈ ਲੈਂਦੇ। ਬਾਅਦ ਵਿੱਚ ਜਦੋਂ ਖਾਣਾ ਪਰੋਸਣ ਵਾਲ਼ੇ ਵੱਖ-ਵੱਖ ਕਿਸਮ ਦੇ ਪਾਣੀ ਵਾਲ਼ੇ ਪਦਾਰਥ ਲਿਆਉਦੇ ਤਾਂ ਲੋਕ ਸਾਫ਼ ਇਸ਼ਾਰਾ ਕਰ ਦਿੰਦੇ ਕਿ ਉਹ ਜਾਂ ਤਾਂ ਬੀਅਰ ਜਾਂ ਹਲਕੀ ਕਿਸਮ ਦੀ ਸ਼ਰਾਬ ਪੀਣਗੇ।”

… “ਅਸੀ ਖਾਣ-ਪੀਣ ਘਰਾਂ ਅਤੇ ਛੋਟੇ-ਵੱਡੇ ਹੋਟਲਾਂ ਵਿੱਚ ਭੋਜਨ ਕੀਤਾ। ਇਹਨਾਂ ਵਿੱਚੋਂ ਲਗਭਗ ਅੱਧਿਆ ਵਿੱਚ ਸ਼ਰਾਬ ਪੇਸ਼ ਕੀਤੀ ਗਈ। ਅਸੀ ਤਰ੍ਹਾਂ-ਤਰ੍ਹਾਂ ਦੇ ਹਜ਼ਾਰਾਂ ਸੋਵੀਅਤ ਨਾਗਰਿਕਾਂ ਨੂੰ ਖਾਂਦੇ ਪੀਂਦੇ ਦੇਖਿਆ। ਪਰ, ਇੱਕ ਵਾਰ ਵੀ ਅਸੀਂ ਖਾਣਾ ਖਾਂਦੇ ਵੇਲ਼ੇ ਜਾਂ ਸੜਕਾਂ ‘ਤੇ ਚੱਲਦੇ ਵੇਲ਼ੇ ਕਿਸੇ ਵਿਅਕਤੀ ਨੂੰ ਨਸ਼ੇ ਵਿੱਚ ਝੂਲਦੇ ਨਹੀ ਦੇਖਿਆ। ”

…“ਵੀਹ ਤੀਹ ਸਾਲ ਦੀ ਉਮਰ ਦੇ ਜਿਆਦਾਤਰ ਲੋਕ ਉੱਥੇ ਕਿਸੇ ਖਾਸ ਮੌਕੇ ‘ਤੇ ਹੀ ਸ਼ਰਾਬ ਪੀਂਦੇ ਹਨ। ਬਹੁਤ ਸਾਰੇ ਤਾਂ ਕਦੇ ਅਲਕੋਹਲ ਛੂੰਹਦੇ ਵੀ ਨਹੀ”।  

ਸਮਾਜਵਾਦੀ ਚੀਨ ਨੇ ਨਸ਼ਾਖੋਰੀ
ਦਾ ਖਾਤਮਾਂ ਕਿਵੀ ਕੀਤਾ?

1949 ਦੇ ਇਨਕਲਾਬ ਤੋਂ ਪਹਿਲਾਂ ਚੀਨ ਦੇ ਲੋਕ ਗਰੀਬੀ ਬਦਹਾਲੀ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਸਨ। ਮੁੱਠੀਭਰ ਜਗੀਰਦਾਰਾਂ, ਜੰਗੀ ਸਰਦਾਰਾਂ ਅਤੇ ਬਸਤੀਵਾਦੀਆਂ ਦੁਆਰਾ ਚੀਨ ਦੇ ਲੋਕਾਂ ਨੂੰ ਬੁਰੀ ਤਰ੍ਹਾਂ ਲੁੱਟਿਆ ਜਾਂਦਾ ਸੀ। ਇਨਕਲਾਬ ਤੋਂ ਪਹਿਲਾਂ ਨਸ਼ਾਖੋਰੀ ਦੀ ਹਾਲਤ ਇਹ ਸੀ ਕਿ 7 ਕਰੋੜ ਲੋਕ ਅਫੀਮ, ਮੌਰਫਿਨ ਅਤੇ ਹੈਰੋਇਨ ਦੇ ਆਦੀ ਸਨ। ਭੁੱਖੇ ਗਰੀਬ ਲੋਕ ਆਪਣੇ ਦੁੱਖ ਤਕਲੀਫਾਂ ਤੋਂ ਨਿਜ਼ਾਤ ਪਾਉਣ ਲਈ ਅਫੀਮ ਦਾ ਸਹਾਰਾ ਲੈਂਦੇ ਸਨ। ਦੂਜੇ ਪਾਸੇ ਅਮੀਰ ਅਤੇ ਵਿਹਲੇ ਜਗੀਰਦਾਰ ਆਪਣਾ ਖਾਲੀ ਸਮਾਂ ਬਿਤਾਉਣ ਲਈ ਨਸ਼ਾ ਕਰਦੇ ਸਨ। ਹਾਲਤ ਇਹ ਸੀ ਕਿ ਨਸ਼ੇ ਦੀਆਂ ਛੋਟੀਆਂ-ਛੋਟੀਆਂ ਬੋਤਲਾਂ ਭਰ ਕੇ ਸ਼ਹਿਰ ਵਿੱਚ ਹਰ ਨੁੱਕਰ ‘ਤੇ ਆਈਸ ਕਰੀਮ ਦੀ ਤਰ੍ਹਾਂ ਵੇਚੀਆਂ ਜਾਂਦੀਆਂ ਸਨ। ਇਸ ਸਭ ਦਾ ਨਤੀਜਾ ਇਹ ਸੀ ਕਿ ਲੋਕ ਨਸ਼ੇ ਖਾਤਰ ਆਪਣੇ ਬੱਚਿਆਂ ਤੱਕ ਨੂੰ ਵੇਚ ਰਹੇ ਸਨ, ਔਰਤਾਂ ਨੂੰ ਵੇਸਵਾਗਮਨੀ ਲਈ ਮਜ਼ਬੂਰ ਕੀਤਾ ਜਾਂਦਾ ਸੀ।

ਚੀਨ ਵਿੱਚ ਨਸ਼ਾਖੋਰੀ ਕਿਵੇਂ ਸ਼ੁਰੂ ਹੋਈ

ਚੀਨ ਉੱਪਰ ਨਸ਼ਾ ਯੂਰਪ ਅਤੇ ਅਮਰੀਕਾ ਦੇ ਬਸਤੀਵਾਦੀਆਂ ਦੁਆਰਾ ਥੋਪਿਆ ਗਿਆ ਸੀ। ਬਰਤਾਨੀਆਂ ਦੀ ਸਰਕਾਰ ਦੁਆਰਾ ਤਾਂ ਚੀਨ ਨੂੰ ਅਫੀਮ ਦੀ ਬਰਾਮਦ ਜ਼ਬਰਨ ਕਬੂਲਣ ਅਤੇ ਚੀਨ ਵਿੱਚ ਅਫੀਮ ਨੂੰ ਕਨੂੰਨੀ ਕਰਨ ਲਈ 1839 ਵਿੱਚ ਜੰਗ ਵੀ ਥੋਪੀ ਗਈ ਜਿਸ ਨੂੰ ਪ੍ਰਸਿੱਧ “ਅਫੀਮ ਜੰਗ” ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਬਰਤਾਨੀਆਂ ਵੱਲੋਂ ਵੱਡੇ ਪੱਧਰ ‘ਤੇ ਚੀਨ ਵਿੱਚ ਅਫੀਮ ਦੀ ਬਰਾਮਦ ਕੀਤੀ ਗਈ ਤਾਂ ਜੋ ਚੀਨ ਵਿੱਚੋਂ ਸਰਮਾਇਆ ਬਾਹਰ ਕੱਢਿਆ ਜਾ ਸਕੇ। ਚੀਨ ਦੇ ਲੋਕਾਂ ਨੂੰ ਅਫੀਮ ਦੇ ਆਦੀ ਬਣਾਇਆ ਗਿਆ ਤਾਂ ਜੋ ਅਫੀਮ ਤੋਂ ਪੈਦਾ ਹੋਏ ਮੁਨਾਫੇ ਨੂੰ ਦੁਬਾਰਾ ਚੀਨ ਦੇ ਲੋਕਾਂ ਨੂੰ ਗੁਲਾਮ ਕਰਨ ਲਈ ਇਸਤੇਮਾਲ ਕੀਤਾ ਜਾ ਜਾਵੇ। ਇਹ ਉਸ ਤਰ੍ਹਾਂ ਹੀ ਸੀ ਜਿਵੇਂ ਅਮਰੀਕਾ ਵਿੱਚ ਰਾਸ਼ਟਰਪਤੀ ਰੀਗਨ ਕਾਲ ਦੌਰਾਨ ਸੀਆਈਏ ਦੁਆਰਾ ਕਈ ਟਨ ਕੋਕੀਨ ਅਮਰੀਕਾ ਵਿੱਚ ਲਿਆਂਦੀ ਗਈ। ਅਮਰੀਕਾ ਦੀ ਗਰੀਬ ਬੇਰੁਜ਼ਗਾਰ ਅਬਾਦੀ, ਜਿਸ ਲਈ ਜਿਊਂਦੇ ਰਹਿਣ ਅਤੇ ਲੋੜਾਂ ਪੂਰੀਆਂ ਕਰਨ ਲਈ ਕੋਈ ਰਸਤਾ ਨਹੀ ਬਚਿਆ ਸੀ, ਕੋਕੀਨ ਦੇ ਹੜ੍ਹ ਵਿੱਚ ਵਹਿ ਤੁਰੇ। ਬਾਅਦ ਵਿੱਚ ਅਮਰੀਕੀ ਸਰਕਾਰ ਨੇ “ਨਸ਼ੇ ਵਿਰੁੱਧ ਜੰਗ” ਦੇ ਨਾਮ ‘ਤੇ ਇਹਨਾਂ ਲੋਕਾਂ, ਖਾਸ ਤੌਰ ‘ਤੇ ਕਾਲ਼ੇ ਲੋਕਾਂ ‘ਤੇ ਤਸ਼ੱਦਦ ਦਾ ਕਹਿਰ ਢਾਉਣਾ ਸ਼ੁਰੂ ਕਰ ਦਿੱਤਾ ਜਿਸ ਨੂੰ “ਕਰੈਕ ਕੋਕੀਨ ਮਹਾਂਮਾਰੀ” ਵੀ ਕਿਹਾ ਜਾਂਦਾ ਹੈ। ਦੂਸਰੇ ਪਾਸੇ ਅਮਰੀਕੀ ਸਰਕਾਰ ਕੋਕੀਨ ਤੋਂ ਹੋ ਰਹੇ ਮੁਨਾਫੇ ਨੂੰ ਨਿਕਾਰਾਗੁਆ ਦੀ ਕਮਿਊਨਿਸਟ ਸਰਕਾਰ ਵਿਰੁੱਧ ਗੁਪਤ ਜੰਗ ਨੂੰ ਆਰਥਿਕ ਮਦਦ ਦੇਣ ਲਈ ਇਸਤੇਮਾਲ ਕਰ ਰਹੀ ਸੀ।

ਉੱਪਰ ਦਿੱਤੇ ਤੱਥਾਂ ਤੋਂ ਇਹ ਸੱਚ ਵੀ ਦਿਨ ਦੇ ਵਾਂਗ ਸਾਫ ਹੈ ਕਿ ਮੌਜੂਦਾ ਢਾਂਚਾ ਨਸ਼ਾਖੋਰੀ ਨੂੰ ਖਤਮ ਨਹੀ ਕਰ ਸਕਦਾ।    

ਚੀਨ ਵਿੱਚ ਨਸ਼ਾਖੋਰੀ ਵਿਰੁੱਧ ਲਹਿਰ

ਚੀਨ ਵਿੱਚ ਨਸ਼ੇ ਦੀ ਪੈਦਾਵਾਰ, ਵਿੱਕਰੀ ਅਤੇ ਵਰਤੋਂ ਰੋਕਣ ਲਈ ਲੋਕ ਸ਼ਮੂਲੀਅਤ ਦਾ ਤਰੀਕਾ ਅਪਣਾਇਆ ਗਿਆ। ਨਸ਼ੇ ਦੇ ਆਦੀ ਲੋਕਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਆ ਗਿਆ। ਨਸ਼ਾ ਛੱਡ ਚੁੱਕੇ ਲੋਕਾਂ, ਉਹਨਾ ਦੇ ਪਰਿਵਾਰ ਵਾਲ਼ਿਆ, ਸਕੂਲ ਦੇ ਬੱਚਿਆਂ ਅਤੇ ਅਖ਼ਬਾਰ, ਰੇਡਿਓ ਇਹਨਾਂ ਸਭ ਨੂੰ ਨਸ਼ਾ-ਵਿਰੋਧੀ ਲਹਿਰ ਲਈ ਲਾਮਬੰਦ ਕੀਤਾ ਗਿਆ।

ਦੂਜੇ ਪਾਸੇ ਇਨਕਲਾਬੀਆਂ ਦੁਆਰਾ ਲੋਕਾਂ ਨੂੰ ਨਸ਼ੇ ਦਾ ਵਪਾਰ ਖਤਮ ਕਰਨ ਲਈ ਜਥੇਬੰਦ ਕੀਤਾ ਗਿਆ ਤਾਂ ਜੋ ਇਸ ਦੀ ਪੂਰਤੀ ਘਟਾਈ ਜਾ ਸਕੇ। ਨਸ਼ੇ ਦੀ ਪੂਰਤੀ ਘਟਣ ਨਾਲ ਇਸ ਦੇ ਆਦੀ ਲੋਕਾਂ ਲਈ ਹਮੇਸ਼ਾ ਨਸ਼ੇ ਵਿੱਚ ਰਹਿਣਾ ਮੁਸ਼ਕਿਲ ਹੋ ਗਿਆ। ਨਸ਼ਾਖੋਰੀ ਖਿਲਾਫ ਚੱਲੀ ਇਹ ਲਹਿਰ ਜਿਸ ਵਿੱਚ ਹਰ ਤਬਕੇ ਦੇ ਲੋਕਾਂ ਦੀ ਸਰਗਰਮ ਭੂਮਿਕਾ ਸੀ। ਉਹ ਪੁਰਾਣੇ ਢਾਂਚੇ ਦੁਆਰਾ ਪੈਦਾ ਕੀਤੀ ਗਈ ਅਲਾਮਤ ਨੂੰ ਜੜ੍ਹ ਤੋਂ ਪੁੱਟਣ ਲਈ ਇੱਕ ਜੁੱਟ ਹੋ ਗਏ ਸਨ । ਨਸ਼ਾਖੋਰੀ ਖਿਲਾਫ ਇਸ ਸੰਘਰਸ਼ ਨੇ ਇੱਕ ਜਨਤਕ ਲਹਿਰ ਦਾ ਰੂਪ ਧਾਰ ਲਿਆ ਸੀ।

ਚੀਨ ਦੀ ਸਰਕਾਰ ਨੇ ਨਸ਼ਾਖੋਰੀ ਨਾਲ਼ ਨਜਿੱਠਣ ਲਈ ਦੋ ਤਰ੍ਹਾਂ ਦੀ ਨੀਤੀ ਅਪਣਾਈ: ਲੋਕਾਂ ਨੂੰ ਦੱਸਿਆ ਗਿਆ ਕਿ ਨਸ਼ੇ ਦੇ ਆਦੀ ਪੁਰਾਣੇ ਲੁੱਟ ਅਧਾਰਤ ਢਾਂਚੇ ਦੇ ਸ਼ਿਕਾਰ ਹਨ, ਇਸ ਲਈ ਉਹਨਾਂ ਦੀ ਨਸ਼ੇ ਦੇ ਜਾਲ਼ ਵਿੱਚੋਂ ਨਿੱਕਲਣ ਲਈ ਮਦਦ ਕੀਤੀ ਜਾਵੇ। ਨਸ਼ਾ ਵੇਚਣ ਦੇ ਧੰਦੇ ਵਿੱਚ ਲੱਗੇ ਗਰੀਬ ਲੋਕਾਂ ਨੂੰ ਵੀ ਇਸ ਵਪਾਰ ਵਿੱਚੋਂ ਨਿੱਕਲਣ ਲਈ ਬਿਹਤਰ ਬਦਲ ਦਿੱਤਾ ਗਿਆ ਅਤੇ ਨਸ਼ਾ-ਵਿਰੋਧੀ ਲਹਿਰ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ ਗਿਆ। ਕਿਸੇ ਵੀ ਵਿਅਕਤੀ ਨਾਲ਼ ਨਸ਼ਾ ਛਡਾਉਣ ਲਈ ਨਾ ਤੇ ਜ਼ਬਰਦਸਤੀ ਕੀਤੀ ਗਈ ਅਤੇ ਨਾ ਸਜ਼ਾ ਦਿੱਤੀ ਗਈ। ਲੋਕਾਂ ਨੂੰ ਨਸ਼ਾ ਛੱਡਣ ਲਈ ਪੂਰਾ ਸਮਾਂ ਦਿੱਤਾ। ਨਸ਼ਾ ਛੱਡਣ ਲਈ ਉਸ ਨੂੰ ਪਰਿਵਾਰ ਦੇ ਨਾਲ਼-ਨਾਲ਼ ਪੂਰੇ ਸਮੂਹ ਦਾ ਸਹਿਯੋਗ ਮਿਲ਼ਦਾ ਸੀ।

ਨਸ਼ਾ ਵੋਚਣ ਵਾਲ਼ੇ ਵੱਡੇ ਵਪਾਰੀਆਂ, ਜੋ ਲੋਕਾਂ ਦੇ ਦੁੱਖ ਤਕਲੀਫਾਂ ਤੋਂ ਮੁਨਾਫਾ ਕਮਾ-ਕਮਾ ਅਮੀਰ ਬਣ ਰਹੇ ਸਨ, ਵੱਲ ਇਨਕਲਾਬੀਆਂ ਦੁਆਰਾ ਵੱਖਰੀ ਨੀਤੀ ਅਪਣਾਈ ਗਈ। ਉਹਨਾਂ ਨੂੰ “ਲੋਕਾਂ ਦੇ ਦੁਸ਼ਮਣ” ਦੀ ਸੂਚੀ ਵਿੱਚ ਰੱਖਿਆ ਗਿਆ। ਉਹਨਾਂ ਨੂੰ ਹਜ਼ਾਰਾ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਗਿਆ ਜਿਹਨਾਂ ਲੋਕਾਂ ਦੀ ਜ਼ਿੰਦਗੀ ਅਜਿਹੇ ਲੋਕਾਂ ਨੇ ਤਬਾਹ ਕੀਤੀ ਸੀ। ਜ਼ਿਆਦਾਤਰ ਅਪਰਾਧੀਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਅਤੇ ਕੁਝ ਅਜਿਹੇ ਅਪਰਾਧੀ ਜਿਹਨਾਂ ਦੇ ਅਪਰਾਧ ਨਾ-ਬਖਸ਼ਣਯੋਗ ਸਨ, ਨੂੰ ਮੌਤ ਦੀ ਸਜ਼ਾ ਦਿੱਤੀ ਗਈ।

1951 ਆਉਂਦੇ-ਆਉਂਦੇ ਉੱਤਰੀ ਚੀਨ ਵਿੱਚ ਨਸ਼ਾਖੋਰੀ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਗਈ। ਦੱਖਣੀ ਚੀਨ ਵਿੱਚ ਇਸ ‘ਤੇ ਕਾਬੂ ਪਾਉਣ ਵਿੱਚ ਲਗਭਗ ਇੱਕ ਜਾਂ ਦੋ ਸਾਲ ਦਾ ਸਮਾਂ ਹੋਰ ਲੱਗਾ।

1953 ਵਿੱਚ ਰੂਸ ਵਿੱਚ ਸਤਾਲਿਨ ਅਤੇ 1976 ਵਿੱਚ ਚੀਨ ਵਿੱਚ ਮਾਓ ਦੀ ਮੌਤ ਤੋਂ ਬਾਅਤ ਸਰਮਾਏਦਾਰੀ ਦੀ ਮੁੜ ਬਹਾਲੀ ਹੋ ਗਈ। ਲੁੱਟ ਅਧਾਰਿਤ ਢਾਂਚਾ ਫਿਰ ਤੋਂ ਕਾਇਮ ਹੋ ਗਿਆ। ਇਸ ਦੇ ਨਾਲ਼ ਹੀ ਇਹ ਢਾਂਚਾ ਨਸ਼ਾਖੋਰੀ ਵਰਗੀਆਂ ਆਪਣੀਆਂ ਪੁਰਾਣੀਆਂ ਅਲਾਮਤਾਂ ਨੂੰ ਵੀ ਲੈ ਆਇਆ। ਪਰ  ਰੂਸ ਅਤੇ ਚੀਨ ਦੇ  ਸਮਾਜਵਾਦੀ ਦੌਰ ਦੇ ਤਜ਼ਰਬੇ ਨੇ ਇਹ ਸਾਬਤ ਕੀਤਾ ਕਿ ਜੇਕਰ ਮੁਨਾਫੇ ‘ਤੇ ਟਿਕੇ ਢਾਂਚੇ ਨੂੰ ਖਤਮ ਕਰਕੇ  ਇਨਕਲਾਬੀ ਢਾਂਚਾ ਖੜ੍ਹਾ ਕੀਤਾਂ ਜਾਵੇ ਜਿਸ ਦੇ ਕੇਂਦਰ ਵਿੱਚ ਮਨੁੱਖ ਹੋਵੇ ਨਾ ਕਿ ਮੁਨਾਫਾ ਤਾਂ ਲੋਕ ਦੀ ਤਾਕਤ ਨੂੰ ਆਰਥਿਕ ਬੁਲੰਦੀਆਂ ਛੂੰਹਦੇ ਹੋਏ ਇੱਕ ਸਿਹਤਮੰਦ ਸਮਾਜ ਸਿਰਜਣ ਵੱਲ ਸੇਧਿਆ ਜਾ ਸਕਦਾ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 40, ਜੂਨ 2015 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s