ਸਮਾਜਵਾਦੀ ਵਿਉਂਤਬੰਦੀ ਦੀਆਂ ਕਮੀਆਂ ਅਤੇ ਕਮਿਊਨਿਜ਼ਮ ‘ਚ ਤਬਦੀਲੀ ਦੌਰਾਨ ਉਹਨਾਂ ‘ਤੇ ਕਿਵੇਂ ਜਿੱਤ ਪ੍ਰਾਪਤ ਕੀਤੀ ਜਾਂਦੀ ਹੈ •ਮੌਰਿਸ ਕਾਰਨਫੋਰਥ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

(ਲੜੀ ਜੋੜਨ ਲਈ ਦੇਖੋ- ਲਲਕਾਰ ਅੰਕ 2, 1 ਤੋਂ 15 ਮਾਰਚ, 2017)

ਸਮਾਜਵਾਦੀ ਸਮਾਜ ‘ਚ, ਜੋ ਕਮਿਊਨਿਜ਼ਮ ਦਾ ਹੇਠਲਾ ਪੜਾਅ ਹੁੰਦਾ ਹੈ, ਪੈਦਾਵਾਰ ਦੀ ਪੂਰੀ ਵਿਉਂਤਬੰਦੀ ‘ਚ ਜਾਂ ਦੂਜੇ ਸ਼ਬਦਾਂ ‘ਚ ਸੰਪੂਰਨ ਆਰਥਿਕ ਵਿਕਾਸ ਦੇ ਪੂਰੇ ਸਚੇਤਨ ਕੰਟਰੌਲ ‘ਚ ਗੰਭੀਰ ਘਾਟਾਂ ਬਣੀਆਂ ਰਹਿੰਦੀਆਂ ਹਨ।

ਸੰਪੂਰਨ ਆਰਥਿਕ ਵਿਕਾਸ ਦੇ ਪੂਰੇ ਸਚੇਤਨ ਸਮਾਜਿਕ ਕੰਟਰੌਲ ਦਾ ਅਰਥ ਹੈ ਕਿ ਜਥੇਬੰਦ ਮਨੁੱਖਾਂ ਦਾ ਪੈਦਾਵਾਰ ਦੇ ਸਾਧਨਾਂ ਦੀ ਵਰਤੋਂ ਅਤੇ ਉਹਨਾਂ ਦੀਆਂ ਸਮਾਜਿਕ ਉਪਜਾਂ ਦੇ ਪ੍ਰਬੰਧਨ ‘ਤੇ ਇੱਕੋ-ਜਿਹਾ ਕੰਟਰੌਲ ਹੁੰਦਾ ਹੈ।

ਹਾਲੇ ਤੱਕ ਅਜਿਹੀ ਹਾਲਤ ਤੋਂ ਦੂਰ, ਮਨੁੱਖ ਆਪਣੇ ਆਰਥਿਕ ਕਾਰਜ ‘ਚ (1) ਪੈਦਾਵਾਰ ਦੇ ਸਾਧਨਾਂ ਦੁਆਰਾ ਕੰਟਰੌਲ ਹੁੰਦੇ ਰਹੇ ਹਨ ਅਤੇ (2) ਉਹਨਾਂ ਦੀਆਂ ਉਪਜਾਂ ਦੁਆਰਾ ਕੰਟਰੌਲ ਹੁੰਦੇ ਰਹੇ ਹਨ।

ਪੈਦਾਵਾਰ ਦੇ ਸਾਧਨਾਂ ਅਤੇ ਉਪਜਾਂ ਸਾਹਮਣੇ ਮਨੁੱਖਾਂ ਦੀ ਇਹ ਮਾਤਹਿਤੀ ਠੀਕ ਉਸ ਸਮੇਂ ਤੋਂ ਚੱਲੀ ਆ ਰਹੀ ਹੈ ਜਦ ਮੁੱਢ-ਕਦੀਮੀ ਕਮਿਊਨਿਜ਼ਮ ‘ਚ ਕਿਰਤ ਦੀ ਪਹਿਲੀ ਵਾਰ ਵੰਡ ਸ਼ੁਰੂ ਹੋਈ। ਉਸ ਤੋਂ ਬਾਅਦ, ਜਿਵੇਂ ਅਸੀਂ ਧਿਆਨ ਦਿੱਤਾ ਹੈ, ਕਿਰਤ ਦੀ ਸਮਾਜਿਕ ਵੰਡ ਪ੍ਰਤੀ ਵਿਅਕਤੀ ਦੀ ਮਾਤਹਿਤੀ ਲਗਾਤਾਰ ਵਧਦੀ ਗਈ। ਲੋਕਾਂ ‘ਤੇ ਉਹਨਾਂ ਦੇ ਪੈਦਾਵਾਰ ਦੇ ਸਾਧਨਾਂ ਦਾ ਕੰਟਰੌਲ ਰਿਹਾ  ਅਤੇ ਪੈਦਾਵਾਰ ਦੇ ਸਾਧਨ ਲੋਕਾਂ ਦੇ ਕਰਤਾ-ਧਰਤਾ ਬਣ ਗਏ, ਬਜਾਏ ਇਸਦੇ ਕਿ ਲੋਕ ਖੁਦ ਪੈਦਾਵਾਰ ਦੇ ਸਾਧਨਾਂ ਦੇ ਕਰਤਾ-ਧਰਤਾ ਹੁੰਦੇ। ਜਦ ਕਿਰਤ-ਵੰਡ ਦੇ ਸਿੱਟੇ ਵਜੋਂ ਲੋਕਾਂ ਨੇ ਆਪਣੀਆਂ ਪੈਦਾਵਾਰਾਂ ਦੀ ਜਿਣਸ ਵਾਂਗ ਪੈਦਾਵਾਰ ਤੇ ਵਟਾਂਦਰਾ ਸ਼ੁਰੂ ਕੀਤਾ ਤਾਂ ਉਪਜਾਂ ‘ਤੋਂ ਉਹਨਾਂ ਦਾ ਕੰਟਰੌਲ ਜਾਂਦਾ ਰਿਹਾ। ਜਿਣਸ-ਪੈਦਾਵਾਰ ਦੇ ਨਿਯਮਾਂ ਦੀ ਕਿਰਿਆ ਰਾਹੀਂ ਉਪਜਾਂ ਨੇ ਲੋਕਾਂ ‘ਤੇ ਆਪਣਾ ਗਲਬਾ ਸਥਾਪਿਤ ਕਰ ਲਿਆ, ਬਜਾਏ ਇਸਦੇ ਕਿ ਲੋਕ ਖੁਦ ਆਪਣੀਆਂ ਉਪਜਾਂ ਦੇ ਕਰਤੇ-ਧਰਤੇ ਵਜੋਂ ਉਪਜਾਂ ਦਾ ਪ੍ਰਬੰਧ ਕਰਨ ਦੇ ਯੋਗ ਹੁੰਦੇ।

ਸਮਾਜਿਕ ਵਿਕਾਸ ‘ਤੇ ਮਨੁੱਖਾਂ ਦੇ ਕੰਟਰੌਲ ਦੀ ਅਣਹੋਂਦ, ਉਹਨਾਂ ਦੀ ਆਪਣੀ ਸਮਾਜਿਕ ਜਥੇਬੰਦੀ ‘ਤੇ ਉਹਨਾਂ ਦੇ ਗਲਬੇ ਦੀ ਅਣਹੋਂਦ ਦਾ ਨਿਚੋੜ ਇਸ ਹਾਲਤ ‘ਚ ਸਮੋਇਆ ਹੁੰਦਾ ਹੈ ਕਿ ਪੈਦਾਵਾਰ ਦੇ ਸਾਧਨਾਂ, ਜਿਹਨਾਂ ਨੂੰ ਮਨੁੱਖਾਂ ਨੇ ਖੁਦ ਵਿਕਸਤ ਕੀਤਾ ਹੈ, ਦੀ ਵਰਤੋਂ ਅਤੇ ਉਹਨਾਂ ਉਪਜਾਂ, ਜਿਹਨਾਂ ਨੂੰ ਮਨੁੱਖ ਨੇ ਖੁਦ ਪੈਦਾ ਕੀਤਾ ਹੈ, ਦੇ ਵਟਾਂਦਰੇ ਤੋਂ ਅਜਿਹੇ ਸਿੱਟੇ ਨਿੱਕਲ਼ਦੇ ਹਨ, ਜੋ ਉਹਨਾਂ ਦੀ ਕਿਸਮਤ ਨੂੰ ਉਹਨਾਂ ਦੇ ਫੈਸਲੇ ਤੋਂ ਅਪ੍ਰਭਾਵਿਤ ਅਤੇ ਅਜ਼ਾਦ ਰੱਖ ਕੇ ਨਿਰਧਾਰਤ ਕਰਦੇ ਹਨ।

ਇਸ ਤਰਾਂ ਪੈਦਾਵਾਰ ਦੇ ਸਾਧਨਾਂ ਦੀ ਵਰਤੋਂ ਹੀ ਅਜਿਹੀ ਹਾਲਤ ਪੈਦਾ ਕਰਦੀ ਹੈ, ਉਦਾਹਰਨ ਵਜੋਂ ਇੱਕ ਵਿਅਕਤੀ ਪਸ਼ੂ-ਪਾਲਕ ਹੈ, ਦੂਜਾ ਆਮ ਮਜ਼ਦੂਰ, ਤੀਜਾ ਕਾਰੀਗਰ ਅਤੇ ਚੌਥਾ ਵਪਾਰੀ। ਅਤੇ, ਉਪਜਾਂ ਦਾ ਵਟਾਂਦਰਾ ਇਸ ਤਰਾਂ ਹੁੰਦਾ ਹੈ ਕਿ ਸਮਾਜ ਦੀ ਸਾਰੀ ਜਾਇਦਾਦ ਇੱਕ ਸਮੂਹ ਦੇ ਹੱਥਾਂ ‘ਚ ਕੇਂਦਰਤ ਹੋ ਜਾਂਦੀ ਹੈ, ਬਾਕੀ ਲੋਕਾਂ ਨੂੰ ਸਿਰਫ ਗੁਜ਼ਾਰੇ ਜੋਗਾ ਹੀ ਮਿਲ਼ਦਾ ਹੈ। ਇਸ ਤਰਾਂ ਆਮ-ਲੋਕਾਂ ਅਤੇ ਉਹਨਾਂ ਦੀ ਕਿਸਮਤ ਨਾਲ਼ ਜੋ ਹੁੰਦਾ ਹੈ ਉਹ, ਉਹਨਾਂ ਲਈ, ਉਹਨਾਂ ਦੇ ਪੈਦਾਵਾਰ ਸਾਧਨਾਂ ਤੇ ਉਹਨਾਂ ਦੀ ਆਪਣੀ ਕਿਰਤ ਦੀਆਂ ਪੈਦਾਵਾਰਾਂ ਦੁਆਰਾ ਤੈਅ ਹੁੰਦਾ ਹੈ।

ਇਸ ਹਾਲਤ ਨੂੰ ਮਾਰਕਸ ਨੇ ਆਪਣੀਆਂ ਮੁੱਢਲੀਆਂ ਰਚਨਾਵਾਂ ‘ਚ ਹੇਗੇਲੀਅਨ ਵਿਧੀ ਵਾਲ਼ੀ ਸ਼ਬਦਾਵਲੀ ‘ਚ “ਹਿਊਮਨ ਏਲੀਨੇਸ਼ਨ” (ਮਨੁੱਖੀ ਬੇਗਾਨਗੀ) ਜਾਂ “ਸੈਲਫ ਏਲੀਨੇਸ਼ਨ” (ਸਵੈ-ਬੇਗਾਨਗੀ) ਜਾਂ “ਏਲੀਨੇਸ਼ਨ ਆਫ ਲੇਬਰ” (ਕਿਰਤ ਦੀ ਬੇਗਾਨਗੀ) ਦਾ ਨਾਂ ਦਿੱਤਾ ਹੈ, ਕਿਉਂਕਿ ਉਹਨਾਂ ਦੀ ਖੁਦ ਦੀ ਕਿਰਤ, ਉਹਨਾਂ ਦੀ ਖੁਦ ਦੀ ਪੈਦਾਵਾਰ ਉਹਨਾਂ ਦੇ ਕੰਟਰੌਲ ਤੋਂ ਬਾਹਰੀ ਹੋ ਜਾਂਦੀ ਹੈ ਅਤੇ ਉਲਟ ਕੇ ਉਹਨਾਂ ਨੂੰ ਹੀ ਕੰਟਰੌਲ ਕਰਦੀ ਹੈ, ਜਿਵੇਂ ਕਿ ਉਹਨਾਂ ਦਾ ਕੰਟਰੌਲ ਕੋਈ ਅਜ਼ਾਦ ਅਤੇ ਉਚੇਰੀ ਸੱਤਾ ਕਰ ਰਹੀ ਹੋਵੇ।6

ਅਤੇ ਜਦ ਤੱਕ ਇਹ ਹਾਲਤ ਰਹਿੰਦੀ ਹੈ, ਮਨੁੱਖਾਂ ਦੀ, ਆਪਣੀ ਸਮਾਜਿਕ ਹੋਂਦ ਬਾਰੇ ਚੇਤਨਾ ਲਾਜ਼ਮੀ ਹੀ ਨਕਲੀ ਚੇਤਨਾ ਹੁੰਦੀ ਹੈ। ਆਪਣੀ ਖੁਦ ਦੀ ਸਮਾਜਿਕ ਹੋਂਦ ਨੂੰ ਸਚੇਤਨ ਕੰਟਰੌਲ ਹੇਠ ਨਾ ਰੱਖ ਸਕਣ ਕਰਕੇ ਉਹ ਨਕਲੀ ਚੇਤਨਾ ਵਿਕਸਿਤ ਕਰਦੇ ਹਨ, ਜਿਸ ‘ਚ ਉਹਨਾਂ ਦੇ ਇਰਾਦੇ ਅਤੇ ਉਹਨਾਂ ਦੀ ਹੋਂਦ ਦੀਆਂ ਬਾਹਰਮੁਖੀ ਦਿਸ਼ਾਵਾਂ, ਦੋਵੇਂ ਅਤੇ ਬਾਹਰਮੁਖੀ ਤਾਕਤਾਂ, ਜੋ ਉਹਨਾਂ ਦੇ ਇਰਾਦਿਆਂ ਅਤੇ ਹੋਂਦ ਦੀਆਂ ਦਿਸ਼ਾਵਾਂ ਨੂੰ ਕੰਟਰੌਲ ਕਰਦੀਆਂ ਹਨ, ਉਹਨਾਂ ਅੱਗੇ ਕਾਲਪਨਿਕ ਰੂਪਾਂ ‘ਚ ਪ੍ਰਗਟ ਹੁੰਦੀਆਂ ਹਨ। ਅਲੌਕਿਕ (ਸੁਪਰ ਨੈਚੁਰਲ) ਦਾ ਸੰਕਲਪ ਅਤੇ ਧਾਰਮਿਕ ਚੇਤਨਾ ਦਾ ਵਿਕਾਸ “ਮਨੁੱਖੀ ਬੇਗਾਨਗੀ” (ਹਿਊਮਨ ਏਲੀਨੇਸ਼ਨ) ਤੋਂ ਪੈਦਾ ਹੋਈ ਨਕਲੀ ਚੇਤਨਾ ਦੀ ਸਭ ਤੋਂ ਵੱਧ ਖ਼ਾਸ ਪੈਦਾਵਾਰ ਹੁੰਦੀ ਹੈ।

ਇਸ ਹਾਲਤ ਨੂੰ ਖ਼ਤਮ ਕਰਨ ਦੀ ਫੈਸਲਾਕੁੰਨ ਪੁਲਾਂਘ ਸਮਾਜਵਾਦ ਦੀ, ਯਾਨੀ ਪੈਦਾਵਾਰ ਦੇ ਪ੍ਰਮੁੱਖ ਸਾਧਨਾਂ ਦੀ ਸਮਾਜਿਕ ਮਾਲਕੀ ਦੀ ਸਥਾਪਨਾ ਨਾਲ਼ ਪੁੱਟੀ ਜਾਂਦੀ ਹੈ। ਪਰ ਜਿਵੇਂ ਅਸੀਂ ਦੇਖਿਆ ਹੈ, ਸਮਾਜਿਕ ਮਾਲਕੀ ਦੀ ਸਥਾਪਨਾ ਸਮਾਜਿਕ ਵਿਕਾਸ ਦੀ ਪਹਿਲੀ ਲੜੀ ਦੇ ਸਭ ਨਤੀਜਿਆਂ ਨੂੰ ਤੁਰੰਤ ਖ਼ਤਮ ਨਹੀਂ ਕਰਦੀ। ਸਮਾਜਵਾਦੀ ਸਮਾਜ ‘ਤੇ “ਪੂਰਾਣੇ ਸਮਾਜ ਦੇ ਜਨਮ-ਚਿੰਨ• ਉੱਕਰੇ ਰਹਿੰਦੇ ਹਨ, ਜਿਹਨਾਂ ‘ਚੋਂ ਇਹ ਜਨਮਦਾ ਹੈ।” ਅਤੇ ਖ਼ਾਸ ਤੌਰ ‘ਤੇ ਉਸ ‘ਚ (1) ਕਿਰਤ ਦੀ ਸਮਾਜਿਕ ਵੰਡ ਪ੍ਰਤੀ ਮਨੁੱਖਾਂ ਦੀ ਮਾਤਹਿਤੀ ਅਤੇ (2) ਉਪਜਾਂ (ਯਾਨੀ ਖਪਤ ਦੀਆਂ ਵਸਤਾਂ) ਦੀ ਜਿਣਸ ਵਾਂਗ ਪੈਦਾਵਾਰ ਤੇ ਵਟਾਂਦਰਾ ਕਾਇਮ ਰਹਿੰਦਾ ਹੈ।

ਇਸ ਨਾਲ਼ ਸਮਾਜਿਕ ਕੰਟਰੌਲ ਅਤੇ ਵਿਉਂਤਬੰਦੀ ਲਾਜ਼ਮੀ ਹੀ (ਓ) ਅੰਸ਼ਕ ਹੁੰਦੀ ਹੈ ਅਤੇ (ਅ) ਕੁਝ ਅਰਥਾਂ ‘ਚ ਅਸਿੱਧੀ ਹੁੰਦੀ ਹੈ।

(ਓ) ਜਥੇਬੰਦ ਮਨੁੱਖਾਂ ਦਾ ਉਹਨਾਂ ਦੀ ਸਮਾਜਿਕ ਜਥੇਬੰਦੀ ‘ਤੇ ਕੰਟਰੌਲ ਅੰਸ਼ਕ ਰਹਿੰਦਾ ਹੈ, ਕਿਉਂਕਿ ਵਿਅਕਤੀ ਦੀ ਹੈਸੀਅਤ ਨਾਲ਼ ਮਨੁੱਖ ਉਸ ਸਮੇਂ ਵੀ ਕਿਰਤ-ਵੰਡ ਦੇ ਮਤਹਿਤ ਬਣੇ ਰਹਿੰਦੇ ਹਨ। ਉਹ ਆਪਣੇ ਪੈਦਾਵਾਰ ਦੇ ਸਾਧਨਾਂ ਦੀ ਵਰਤੋਂ ਦੇ ਪੂਰੀ ਤਰਾਂ ਕਰਤਾ-ਧਰਤਾ ਨਹੀਂ ਹੁੰਦੇ, ਕਿਉਂਕਿ ਉਸ ਸਮੇਂ ਤੱਕ ਉਹਨਾਂ ਦੀ ਪੈਦਾਵਾਰ ਦੇ ਸਾਧਨਾਂ ਦੀ ਵਰਤੋਂ ਉਹਨਾਂ ਦੇ ਅਜ਼ਾਦ ਕਾਰਜ ਅਤੇ ਉਹਨਾਂ ਦੇ ਖੁਦ ਦੇ ਵਿਕਾਸ ਨੂੰ ਸੀਮਿਤ ਰੱਖਦੀ ਹੈ।

(ਅ) ਅਤੇ, ਉਹਨਾਂ ਦੇ ਨਿੱਜੀ ਆਰਥਿਕ ਜੀਵਨ ਸਬੰਧੀ ਉਹਨਾਂ ਦੀ ਵਿਉਂਤਬੰਦੀ ਕੁਝ ਅਰਥਾਂ ‘ਚ ਅਸਿੱਧੀ ਰਹਿੰਦੀ ਹੈ, ਕਿਉਂਕਿ ਉਸ ਸਮੇਂ ਵੀ ਕੁਝ ਹੱਦ ਤੱਕ ਮੰਡੀ-ਪ੍ਰਬੰਧ ਨੂੰ ਪ੍ਰਭਾਵਿਤ ਕਰਨ ਵਾਲ਼ੇ ਢੰਗ ਰਾਹੀਂ ਪੂਰਾ ਕਰਨਾ ਹੁੰਦਾ ਹੈ।

ਸਮਾਜਵਾਦੀ ਸਮਾਜ ‘ਚ ਇਹ ਸਥਿਤੀ ਨਹੀਂ ਰਹਿ ਜਾਂਦੀ ਕਿ ਸਮਾਜ ਨੂੰ ਆਪਣੀਆਂ ਉਪਜਾਂ ਸਬੰਧੀ ਗਿਆਨ ਅਤੇ ਉਹਨਾਂ ‘ਤੇ ਕੰਟਰੌਲ ਨਾ ਰਹਿੰਦਾ ਹੋਵੇ। ਤਾਂ ਵੀ, ਸਮਾਜ ਆਪਣੀਆਂ ਸਾਰੀਆਂ ਉਪਜਾਂ ਦਾ ਕੰਟਰੌਲ ਅਤੇ ਪ੍ਰਬੰਧ ਪ੍ਰਤੱਖ ਰੂਪ ਨਾਲ਼ ਨਹੀਂ ਕਰਦਾ। ਇਸਦੇ ਉਲਟ, ਕਿਉਂਕਿ ਖਪਤ ਦੀਆਂ ਵਸਤਾਂ ਇਸ ਸਮੇਂ ਵੀ ਜਿਣਸ ਵਾਂਗ ਵੇਚੀਆਂ ਜਾਂਦੀਆਂ ਹਨ, ਉਹਨਾਂ ਦੀ ਸਥਿਤੀ ਨੂੰ ਕੰਮ ਲਈ ਅਦਾਇਗੀ ਅਤੇ ਕੀਮਤਾਂ ਨਿਸ਼ਚਿਤ ਕਰਨ ਆਦਿ ਵਾਲ਼ੇ ਅਸਿੱਧੇ ਢੰਗ ਨਾਲ਼ ਕੰਟਰੌਲ ਕੀਤਾ ਜਾਂਦਾ ਹੈ।

ਉਦਾਹਰਨ ਵਜੋਂ, ਸਬੰਧਿਤ ਦੇਸ਼ ‘ਚ ਸਮਾਜਵਾਦੀ ਉੱਦਮਾਂ ਲਈ ਮਸ਼ੀਨਾਂ-ਸੰਦਾਂ ਦੀ ਪੈਦਾਵਾਰ ਜਿਣਸਾਂ ਵਾਂਗ ਨਹੀਂ ਹੁੰਦੀ। ਇਹ ਵਸਤਾਂ ਮੰਡੀ ‘ਚ ਜਿਣਸਾਂ ਵਜੋਂ ਨਹੀਂ ਰੱਖੀਆਂ ਜਾਂਦੀਆਂ ਸਗੋਂ ਪੂਰੀ ਤਰਾਂ ਤਿਆਰ ਕੀਤੀ ਗਈ ਯੋਜਨਾ ਅਨੁਸਾਰ ਪੈਦਾਵਾਰ ਦੀ ਇੱਕ ਸ਼ਾਖ ਤੋਂ ਦੂਜੀ ‘ਚ ਉਹਨਾਂ ਦੀ ਥਾਂ ਬਦਲੀ ਕੀਤੀ ਜਾਂਦੀ ਹੈ।

ਦੂਜੇ ਪਾਸੇ, ਖਪਤ ਦੀਆਂ ਵਸਤਾਂ ਦੀ ਜਿਣਸਾਂ ਦੇ ਰੂਪ ‘ਚ ਪੈਦਾਵਾਰ ਜਾਰੀ ਰਹਿੰਦੀ ਹੈ। ਉਹਨਾਂ ਦੀ ਪੈਦਾਵਾਰ ਸ਼ੁੱਧ ਚੰਗੀ ਤਰਾਂ ਵਿਚਾਰੀਆਂ ਲੋੜਾਂ ਦੀ ਸੰਤੁਸ਼ਟੀ ਲਈ ਨਹੀਂ ਹੁੰਦੀ ਸਗੋਂ ਉਹਨਾਂ ਨੂੰ ਵਸਤਾਂ ਵਾਂਗ ਮੰਡੀ ‘ਚ ਵੇਚਣ ਲਈ ਰੱਖਿਆ ਜਾਂਦਾ ਹੈ। ਖਪਤ ਦੀਆਂ ਵਸਤਾਂ ਦੀ – ਉਹਨਾਂ ਲੋਕਾਂ ਲਈ ਜਿਹਨਾਂ ਨੂੰ ਇਹਨਾਂ ਦੀ ਲੋੜ ਹੁੰਦੀ ਹੈ ਪੂਰਤੀ ਕਰਨ ਦਾ ਢੰਗ ਲੋੜ ਦਾ ਪ੍ਰਤੱਖ ਅੰਦਾਜ਼ਾ ਅਤੇ ਉਸਦੇ ਅਨੁਸਾਰ ਵਸਤਾਂ ਦੀ ਪੂਰਤੀ ਕਰਨਾ ਨਹੀਂ ਹੁੰਦਾ ਸਗੋਂ ਕੰਮ ਲਈ ਭੁਗਤਾਨ ਦੇ ਸਮਾਯੋਜਨ ਅਤੇ ਵਸਤਾਂ ਦੀਆਂ ਕੀਮਤਾਂ ਤੈਅ ਕਰਨ ਦੁਆਰਾ ਅਜਿਹੀ ਵਿਧੀ ਨਾਲ਼ ਕੀਤਾ ਜਾਂਦਾ ਹੈ ਕਿ ਖਪਤਕਾਰਾਂ ‘ਚ ਵਸਤਾਂ ਖਰੀਦਣ ਦੀ ਸਮਰੱਥਾ ਬਣੀ ਰਹਿੰਦੀ ਹੈ। ਸਮਾਜਵਾਦੀ ਸਮਾਜ ‘ਚ ਲੋੜਾਂ ਦੀ ਵਧਦੀ ਹੋਈ ਸੰਤੁਸ਼ਟੀ ਮੁੱਖ ਤੌਰ ‘ਤੇ ਖਪਤ ਦੀਆਂ ਵਸਤਾਂ ਦੀਆਂ ਕੀਮਤਾਂ ‘ਚ ਉਸੇ ਲੜੀ ‘ਚ ਕਟੌਤੀ ਨਾਲ਼ ਪ੍ਰਾਪਤ ਹੁੰਦੀ ਹੈ।

ਸਮਾਜਵਾਦੀ ਵਿਉਂਤਬੱਧ ਪੈਦਾਵਾਰ ਦੇ ਜ਼ਿਆਦਾਤਰ ਵਿਕਾਸ ਦੇ ਨਤੀਜੇ ਵਜੋਂ ਹੀ ਇਹਨਾਂ ਹੱਦਾਂ ਨੂੰ ਤੋੜਿਆ ਜਾ ਸਕਦਾ ਹੈ। ਪੈਦਾਵਾਰ ਦੀ ਵੱਧ ਤੋਂ ਵੱਧ ਵਿਕਸਿਤ ਤਕਨੀਕ ਦੇ ਵਿਕਾਸ ਰਾਹੀਂ ਲੋਕ ਅਜਿਹਾ ਸੁੱਖ ਅਤੇ ਸੱਭਿਆਚਾਰ ਪ੍ਰਾਪਤ ਕਰ ਲੈਂਦੇ ਹਨ, ਜੋ ਉਹਨਾਂ ਨੂੰ ਕਿਰਤ ਦੀ ਸਮਾਜਿਕ ਵੰਡ ਪ੍ਰਤੀ ਮਾਤਹਿਤੀ ਦੇ ਹਰੇਕ ਸਰੂਪ ਨੂੰ ਲਾਹ ਸੁੱਟਣ ਦੇ ਯੋਗ ਬਣਾਉਂਦੀ ਹੈ ਅਤੇ ਵੱਧ ਤੋਂ ਵੱਧ ਚੌਖੀ ਪੈਦਾਵਾਰ ਰਾਹੀਂ ਉਹ ਆਪਣੀ ਸਮਾਜਿਕ ਜਥੇਬੰਦੀ ਨੂੰ,  ਜਿਸ ‘ਚ ਹਰੇਕ ਨੂੰ ਉਸਦੇ ਕੰਮ ਅਨੁਸਾਰ ਦਿੱਤਾ ਜਾਂਦਾ ਹੈ ਅਤੇ ਜਿਸ ‘ਚ ਉਪਜਾਂ ਨੂੰ ਜਿਣਸਾਂ ਵਾਂਗ ਵੰਡਿਆ ਜਾਂਦਾ ਹੈ, ਉਸ ਸਮਾਜਿਕ ਜਥੇਬੰਦੀ ‘ਚ, ਜੋ ਹਰੇਕ ਨੂੰ ਉਸਦੀ ਲੋੜ ਅਨੁਸਾਰ ਦਿੰਦਾ ਹੈ ਅਤੇ ਜਿਸ ‘ਚ ਪੈਦਾਵਾਰ ਦੀ ਜਿਣਸਾਂ ਵਾਂਗ ਵੰਡ ਖ਼ਤਮ ਹੋ ਜਾਂਦੀ ਹੈ, ਦੂਰ ਤੱਕ ਬਦਲਣ ਦੇ ਯੋਗ ਹੋ ਜਾਂਦੇ ਹਨ।

ਇਸ ਤਰਾਂ ਕਮਿਊਨਿਸਟ ਸਮਾਜ ‘ਚ ਪੈਦਾਵਾਰ ਦੇ ਸਾਧਨਾਂ ਦੀ ਵਰਤੋਂ ਅਤੇ ਸਮਾਜਿਕ ਉਪਜਾਂ ਦੇ ਪ੍ਰਬੰਧ ‘ਤੇ ਜਥੇਬੰਦ ਲੋਕਾਂ ਦਾ ਸਚੇਤਨ ਸਮਾਜਿਕ ਕੰਟਰੌਲ ਦੂਰ ਤੱਕ ਸੰਪੂਰਨ, ਬੇਰੋਕ ਅਤੇ ਅਸੀਮਤ ਰੂਪ ‘ਚ ਕਾਇਮ ਹੋ ਜਾਂਦਾ ਹੈ। ਹਰੇਕ ਵਿਅਕਤੀ ਉਸਦੇ ਬਹੁ-ਅਯਾਮੀ ਵਿਕਾਸ ‘ਤੇ ਉਸ ਸਮੇਂ ਤੱਕ ਕਿਰਤ ਵੰਡ ਦੁਆਰਾ ਥੋਪੀਆਂ ਰੋਕਾਂ ਤੋਂ ਅਜ਼ਾਦ ਹੋ ਜਾਂਦਾ ਹੈ ਅਤੇ ਲੋੜਾਂ ਦੀ ਸੰਤੁਸ਼ਟੀ ਦੇ ਸਾਧਨਾਂ ਲਈ ਲਾਜ਼ਮੀ ਭੁਗਤਾਨ ਦੁਆਰਾ ਉਸਦੀਆਂ ਸਾਰੀਆਂ ਲੋੜਾਂ ਦੀ ਸੰਤੁਸ਼ਟੀ ‘ਤੇ ਲਗਾਏ ਗਏ ਕੰਟਰੌਲ ਤੋਂ ਵੀ ਅਜ਼ਾਦੀ ਪ੍ਰਾਪਤ ਕਰ ਲੈਂਦਾ ਹੈ। ਕਮਿਊਨਿਸਟ ਸਮਾਜ ‘ਚ ਜਥੇਬੰਦ ਲੋਕ ਸਮਾਜ ਦੀ ਆਰਥਿਕ ਵਿਉਂਤਬੰਦੀ ਕਰਨ ਵਾਲ਼ੇ ਅੰਗਾਂ ਰਾਹੀਂ ਕਾਰਜ ਕਰਦੇ ਹੋਏ ਪੈਦਾਵਾਰ ਦੀ (ਆਮ ਰੂਪ ‘ਚ ਆਪਣੀਆਂ ਪੈਦਾਵਾਰੀ ਤਾਕਤਾਂ ਅਤੇ ਲੋੜਾਂ ਦਾ ਅੰਦਾਜ਼ਾ ਅਤੇ ਉਸ ਤੋਂ ਬਾਅਦ ਪੈਦਾਵਾਰੀ ਤਾਕਤਾਂ ਦਾ ਪ੍ਰਬੰਧਨ ਇਸ ਢੰਗ ਨਾਲ਼ ਕਰਦੇ ਹੋਏ ਕਿ ਉਹ ਲੋੜ ਦੀਆਂ ਵਸਤਾਂ ਦੀ ਪੈਦਾਵਾਰ ਕਰਨ) ਵਿਉਂਤਬੰਦੀ ਪੂਰਨ ਅਤੇ ਪ੍ਰਤੱਖ ਵਿਧੀ ਨਾਲ਼ ਕਰ ਸਕਦੇ ਹਨ। ਇਸ ਲਈ ਅਸਲ ‘ਚ ਸਮਾਜਵਾਦ ਦੀ ਸਿਆਸੀ ਆਰਥਿਕਤਾ ਨੂੰ ਸ਼ੂਰੂ ਤੋਂ ਅਖੀਰ ਤੱਕ ਸ਼ੁੱਧ ਵਿਗਿਆਨ ਵਾਂਗ ਯੋਜਨਾਬੱਧ ਕਰਨ ਅਤੇ ਆਰਥਿਕ ਵਿਉਂਤਬੰਦੀ ਲਈ ਬਹੁਤ ਵਿਸ਼ਾਲ ਜਥੇਬੰਦੀ ਦੀ ਰਚਨਾ ਕਰਨ ਦੀ ਆਸ ਹੁੰਦੀ ਹੈ; ਪਰ ਸਿਧਾਂਤ ਦੇ ਤੌਰ ‘ਤੇ ਉਸ ਜਥੇਬੰਦੀ ਨੇ ਜੋ ਕੁਝ ਕਰਨਾ ਹੁੰਦਾ ਹੈ, ਉਹ ਬਹੁਤ ਹੀ ਸਾਦਾ ਹੂੰਦਾ ਹੈ।

ਏਂਗਲਜ਼ ਨੇ ਲਿਖਿਆ ਹੈ: “ਸਮਾਜ ਨੂੰ ਪੈਦਾਵਾਰ ਦੀ ਆਪਣੀ ਯੋਜਨਾ ਪੈਦਾਵਾਰ ਦੇ ਆਪਣੇ ਸਾਧਨਾਂ, ਜਿਹਨਾਂ ‘ਚ ਖਾਸ ਤੌਰ ‘ਤੇ ਉਸਦੀਆਂ ਕਿਰਤ-ਸ਼ਕਤੀਆਂ ਸ਼ਾਮਲ ਹੁੰਦੀਆਂ ਹਨ, ਅਨੁਸਾਰ ਯੋਜਨਾਬੱਧ ਕਰਨੀ ਪਵੇਗੀ। ਖਪਤ ਦੀਆਂ ਵੱਖ-ਵੱਖ ਵਸਤਾਂ ਦਾ ਖਪਤਕਾਰੀ ਉਦੇਸ਼ ਇੱਕ ਦੂਜੇ ਨਾਲ਼ ਤੁਲਨਾ ‘ਚ ਅਤੇ ਉਸਦੀ ਪੈਦਾਵਾਰ ਲਈ ਲੋੜੀਂਦੀ ਕਿਰਤ ਦੀ ਮਾਤਰਾ ਨਾਲ਼ ਤੁਲਨਾ ‘ਚ, ਅੰਤਮ ਵਿਸ਼ਲੇਸ਼ਣ ‘ਚ, ਯੋਜਨਾ ਨੂੰ ਤੈਅ ਕਰੇਗਾ। ਲੋਕ ਹਰੇਕ ਵਸਤ ਦਾ ਸੌਖ ਨਾਲ਼ ਪ੍ਰਬੰਧ ਕਰਨ ਦੇ ਯੋਗ ਹੋਣਗੇ।…”7

ਸਤਾਲਿਨ ਨੇ ਲਿਖਿਆ ਹੈ: “ ਇਹ ਅਜਿਹਾ ਸਮਾਜ ਹੋਵੇਗਾ, ਜਿਸ ‘ਚ ਪੈਦਾਵਾਰ ਸਮਾਜ ਦੀਆਂ ਲੋੜਾਂ ਦੁਆਰਾ ਕੰਟਰੌਲ ਹੋਵੇਗੀ ਅਤੇ ਸਮਾਜ ਦੀਆਂ ਲੋੜਾਂ ਦਾ ਅੰਦਾਜ਼ਾ ਵਿਉਂਤਬੰਦੀ ਦੀਆਂ ਕਮੇਟੀਆਂ ਲਈ ਖ਼ਾਸ ਮਹੱਤਵ ਗ੍ਰਹਿਣ ਕਰੇਗਾ।”8

ਜਾਂ ਜਿਵੇਂ ਵਿਲਿਅਮ ਮੌਰਿਸ ਨੇ ਕਿਹਾ ਹੈ:

“ਜੋ ਵਸਤਾਂ ਅਸੀਂ ਬਣਾਉਂਦੇ ਹਾਂ, ਉਹ ਇਸ ਲਈ ਬਣਾਈਆਂ ਜਾਂਦੀਆਂ ਹਨ ਕਿ ਉਹਨਾਂ ਦੀ ਲੋੜ ਹੁੰਦੀ ਹੈ: ਮਨੁੱਖ ਆਪਣੇ ਗੁਆਂਢੀ ਦੀ ਵਰਤੋਂ ਲਈ ਬਣਾਉਂਦੇ ਹਨ, ਜਿਵੇਂ ਕਿ ਉਹ ਖੁਦ ਲਈ ਬਣਾ ਰਹੇ ਹੋਣ, ਨਾ ਕਿ ਅਸਪੱਸ਼ਟ ਮੰਡੀ ਲਈ, ਜਿਸ ਬਾਰੇ ਉਹ ਕੁਝ ਨਹੀਂ ਜਾਣਦੇ ਅਤੇ ਜਿਸ ‘ਤੇ ਉਹਨਾਂ ਦਾ ਕੋਈ ਕੰਟਰੌਲ ਨਹੀਂ ਹੁੰਦਾ। ਹੁਣ ਅਸੀਂ ਜਾਣ ਲਿਆ ਹੈ ਕਿ ਕਿਹਨਾਂ ਵਸਤਾਂ ਦੀ ਲੋੜ ਹੈ ਅਤੇ ਸਾਡੇ ਕੋਲ ਲੋੜੀਂਦਾ ਸਮਾਂ ਅਤੇ ਸਾਧਨ ਹਨ ਕਿ ਉਹਨਾਂ ਦੀ ਉਸਾਰੀ ਦੀ ਆਪਣੀ ਇੱਛਾ ‘ਤੇ ਵਿਚਾਰ ਕਰ ਸਕੀਏ।”9

ਨੋਟ :

6. ਮਾਰਕਸ  ਅਤੇ  ਏਂਗਲਜ਼  : ਮੈਨੀਫੈਸਟੋ  ਆਫ  ਦੀ  ਕਮਿਊਨਿਸਟ  ਪਾਰਟੀ, ਪਾਠ  2
7. ਲੈਨਿਨ  : ਇਮੀਡੀਏਟ ਟਾਸਕਸ ਆਫ ਆਫ ਦੀ ਸੋਵੀਅਤ ਗਵਰਮੈਂਟ
8. ਲੈਨਿਨ  : ਕੈਨ ਦਾ ਬਾਲਸ਼ਵਿਕ ਰਿਟੇਨ ਪਾਵਰ
9. ਏਂਗਲਜ਼  : ਸੋਸ਼ਲਿਜ਼ਮ, ਯੂਟੋਪੀਆ ਐਂਡ ਸਾਈਂਟੀਫਿਕ, ਪਾਠ 3

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਸਾਲ 6, ਅੰਕ 3, 16 ਤੋਂ 31 ਮਾਰਚ, 2017 ਵਿੱਚ ਪ੍ਰਕਾਸ਼ਤ

 

Advertisements