ਸਮਾਜਵਾਦੀ ਸਮਾਜ ਦੇ ਵਿਕਾਸ ਵਿੱਚ ਉੱਚ ਉਸਾਰ ਦੀ ਭੂਮੀਕਾ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

(ਲੜੀ ਜੋੜਨ ਲਈ ਦੇਖੋ- ਲਲਕਾਰ ਸੰਯੁਕਤ ਅੰਕ 22-23, 1 ਤੋਂ 15 ਤੇ 16 ਤੋਂ 31 ਜਨਵਰੀ, 2017)

ਇਸ ਤਰ੍ਹਾਂ ਸਮਾਜਵਾਦੀ ਰਾਜ ਸਮਾਜਵਾਦੀ ਅਰਥਚਾਰੇ ਦੇ ਸੰਪੂਰਨ ਵਿਕਾਸ ਦੇ ਦਿਸ਼ਾ-ਨਿਰਦੇਸ਼ਨ ਦਾ ਕੰੰਮ ਸਿੱਧੇ ਜਾਂ ਅਸਿੱਧੇ ਰੂਪ ਨਾਲ਼ ਪੂਰਾ ਕਰਦਾ ਹੈ। ਇਸ ਅਰਥ ‘ਚ ਇਹ ਸਮਾਜਵਾਦੀ ਅਧਾਰ ਨੂੰ ਮਜ਼ਬੂਤ ਕਰਨ, ਉਸਨੂੰ ਘੜਨ ਅਤੇ ਸਮਾਜਵਾਦੀ ਸਮਾਜ ਨੂੰ ਕਮਿਊਨਿਜ਼ਮ ਦੀ ਦਿਸ਼ਾ ਵੱਲ ਵਿਕਸਿਤ ਕਰਨ ਲਈ ਬਹੁਤ ਜ਼ਿਆਦਾ ਤਾਕਤਵਰ ਸੰਦ ਸਿੱਧ ਹੁੰਦਾ ਹੈ।

ਰਾਜ ਤੱਤ ਰੂਪ ‘ਚ ਸੱਤ੍ਹਾ ਦਾ ਹਥਿਆਰ ਹੈ। ਸਮਾਜਵਾਦੀ ਵਿਕਾਸ ਦਾ ਨਿਰਦੇਸ਼ਨ ਕਰਨ ਲਈ ਸੱਤ੍ਹਾ ਦੇ ਇਸ ਹਥਿਆਰ ਦੀ ਉਸ ਸਮੇਂ ਤੱਕ ਲੋੜ ਪੈਂਦੀ ਹੈ, ਜਦ ਤੱਕ ਵਿਰੋਧੀ ਤਾਕਤਾਂ ਮੌਜੂਦ ਰਹਿੰਦੀਆਂ ਹਨ ਅਤੇ ਜਿਹਨਾਂ ਦੇ ਟਾਕਰੇ ਤੇ ਦੁਸ਼ਮਣੀ ਨੂੰ ਜਿੱਤਣ ਦਾ ਕੰਮ ਬਾਕੀ ਰਹਿੰਦਾ ਹੈ।

ਸਮਾਜਵਾਦੀ ਰਾਜ ਦੇ ਸਵਾਲ ‘ਤੇ ਵਿਚਾਰ ਕਰਦੇ ਸਮੇਂ ਮਾਰਕਸ ਅਤੇ ਏਂਗਲਜ਼ ਨੇ ਦਿਖਾਇਆ ਕਿ ਵਿਸ਼ੇਸ਼ ਹੱਕਾਂ ਤੋਂ ਵਾਂਝੀਆਂ ਕੀਤੀਆਂ ਗਈਆਂ ਜਮਾਤਾਂ ਦੇ ਟਾਕਰੇ ਦਾ ਖ਼ਾਤਮਾ ਹੋ ਜਾਣ ਅਤੇ ਸਾਰੇ ਅਰਥਚਾਰੇ ਦੇ ਪੂਰੀ ਤਰ੍ਹਾਂ ਸਮਾਜਵਾਦੀ ਅਧਾਰ ‘ਤੇ ਸਥਾਪਿਤ ਹੋ ਜਾਣ ਤੋਂ ਬਾਅਦ ਸਮਾਜ ਦੇ ਵਿਸ਼ਾਲ ਆਮ ਹਿੱਤਾਂ ਨੂੰ ਲਾਗੂ ਕਰਨ ਲਈ ਜਨਤਕ ਸੱਤ੍ਹਾ ਦੇ ਹਥਿਆਰ ਦੀ ਲੋੜ ਘੱਟ ਤੋਂ ਘੱਟ ਹੁੰਦੀ ਚਲੀ ਜਾਵੇਗੀ। ਜਨਤਕ ਸੱਤ੍ਹਾ ਦੇ ਹਥਿਆਰ ਵਜੋਂ ਰਾਜ ਦੇ ਕੰਮ ਹੌਲ਼ੀ-ਹੌਲ਼ੀ ਘਟਦੇ ਜਾਣਗੇ, ਕਿਉਂਕਿ ਅਜਿਹੀ ਹਾਲਤ ‘ਚ ਉਹਨਾਂ ਕੰਮਾਂ ਦਾ ਅਮਲ ਬੇਲੋੜਾ ਹੋ ਜਾਵੇਗਾ। ਨਤੀਜਨ ਸੱਤ੍ਹਾ ਦੇ ਖ਼ਾਸ ਹਥਿਆਰ ਵਜੋਂ, ਆਪਣੇ ਫੈਸਲਿਆਂ ਨੂੰ ਲਾਗੂ ਕਰਨ ਦੀ ਤਾਕਤ ਨਾਲ਼ ਭਰਪੂਰ ਰਾਜ-ਤੰਤਰ ਅੰਤ ‘ਚ ਹੌਲ਼ੀ-ਹੌਲ਼ੀ “ਸੁੱਕ ਕੇ ਲੋਪ ਹੋ ਜਾਵੇਗਾ” ਅਤੇ ਜੋ ਕੁਝ ਬਾਕੀ ਬਚੇਗਾ, ਉਹ ਸਮਾਜ ਦੇ ਆਰਥਿਕ ਅਤੇ ਸੱਭਿਆਚਾਰਕ ਜੀਵਨ ਨੂੰ ਪੂਰਾ ਕਰਨ ਵਾਲ਼ੀ ਜਥੇਬੰਦੀ ਹੋਵੇਗੀ।

ਏਂਗਲਜ਼ ਨੇ ਲਿਖਿਆ ਹੈ: “ਸਮਾਜਿਕ ਸਬੰਧਾਂ ‘ਚ ਰਾਜ-ਸੱਤ੍ਹਾ ਦਾ ਦਖ਼ਲ ਇੱਕ ਖੇਤਰ ਤੋਂ ਬਾਅਦ ਦੂਜੇ ਖੇਤਰ ‘ਚ ਲੜੀਵਾਰ ਫਾਲਤੂ ਹੁੰਦਾ ਜਾਂਦਾ ਹੈ, ਅਤੇ ਬਾਅਦ ‘ਚ ਖੁਦ ਖ਼ਤਮ ਹੋ ਜਾਂਦਾ ਹੈ। ਲੋਕਾਂ ਦੀ ਹਕੂਮਤ ਦੀ ਥਾਂ ਵਸਤਾਂ ਦਾ ਪ੍ਰਬੰਧ ਅਤੇ ਪੈਦਾਵਾਰ ਦੇ ਅਮਲ ਦੀ ਨਿਗਰਾਨੀ ਲੈ ਲੈਂਦੇ ਹਨ। ਰਾਜ ਦਾ ਖਾਤਮਾ ਨਹੀਂ ਕੀਤਾ ਜਾਂਦਾ, ਉਹ ਸੁੱਕ ਕੇ ਲੋਪ ਹੋ ਜਾਂਦਾ ਹੈ…”9

“ਪੈਦਾਕਾਰਾਂ ਦੀ ਅਜ਼ਾਦ ਅਤੇ ਬਰਾਬਰ ਜਥੇਬੰਦੀ ਦੇ ਅਧਾਰ ‘ਤੇ ਪੈਦਾਵਾਰ ਜਥੇਬੰਦ ਕਰਨ ਵਾਲ਼ਾ ਸਮਾਜ ਰਾਜ ਦੀ ਸੰਪੂਰਨ ਮਸ਼ੀਨਰੀ ਨੂੰ ਪੁਰਾਤਨ ਵਸਤੂਆਂ ਦੇ ਅਜਾਇਬ-ਘਰ ਵਿੱਚ ਕੱਤਣ ਵਾਲੇ ਚਰਖੇ ਅਤੇ ਕਾਂਸੀ ਦੀ ਕੁਹਾੜੀ ਦੇ ਨਾਲ਼ ਰੱਖ ਦੇਵੇਗਾ, ਉੱਥੇ ਹੀ ਉਸਦੀ ਵਾਜਬ ਥਾਂ ਹੋਵੇਗੀ।”10

ਫਿਰ ਵੀ ਉਹਨਾਂ ਦਿਸ਼ਾਵਾਂ ‘ਚ, ਜਿਹਨਾਂ ‘ਚ ਸਮਾਜਵਾਦ ਸੱਚਮੁੱਚ ਵਿਕਸਿਤ ਹੋਇਆ ਹੈ, ਅਜਿਹੀ ਸਥਿਤੀ ਪੈਦਾ ਹੋ ਗਈ ਹੈ ਕਿ ਉਸ ਸਮੇਂ ਵੀ ਜਦ ਇੱਕ ਸਮਾਜਵਾਦੀ ਦੇਸ਼ – ਸੋਵੀਅਤ ਸੰਘ – ‘ਚ ਵਿਰੋਧੀ ਜਮਾਤਾਂ ਦਾ ਖਾਤਮਾ ਹੋ ਗਿਆ ਹੈ, ਇਸਦੇ ਨੇੜੇ-ਤੇੜੇ ਦੁਸ਼ਮਣ ਸਰਾਮਏਦਾਰਾ ਸੱਤ੍ਹਾਵਾਂ ਦਾ ਘੇਰਾ ਬਣਿਆ ਹੋਇਆ ਹੈ। ਇਸ ਲਈ ਸਮਾਜਵਾਦੀ ਸਮਾਜ ‘ਚ, ਸਮਾਜਵਾਦੀ ਰਾਜ ਲਈ ਜਨਤਕ ਸੱਤ੍ਹਾ ਦੇ ਹਥਿਆਰ ਦੀ ਲੋੜ ਰਹਿੰਦੀ ਹੈ ਅਤੇ ਰਹੇਗੀ, ਜਦ ਤੱਕ ਸਰਮਾਏਦਾਰੀ ਦਾ ਘੇਰਾ ਬਣਿਆ ਹੋਇਆ ਹੈ, ਭਾਵੇਂ ਇਸ ਦੌਰਾਨ ਕਮਿਊਨਿਜ਼ਮ ਦੇ ਉੱਚਤਮ ਪੜਾਅ ਵੱਲ ਹੋਣ ਵਾਲ਼ਾ ਵਿਕਾਸ ਪ੍ਰਭਾਵਿਤ ਹੁੰਦਾ ਹੋਵੇ। ਸਮਾਜਵਾਦ ਦੀਆਂ ਪ੍ਰਾਪਤੀਆਂ ਦੀ ਰੱਖਿਆ ਲਈ ਸਮਾਜਵਾਦੀ ਰਾਜ ਦੀ ਲੋੜ ਹਾਲੇ ਵੀ ਬਣੀ ਹੋਈ ਹੈ।

ਅਜਿਹੀਆਂ ਸਥਿਤੀਆਂ ਤਹਿਤ ਸਮਾਜਵਾਦੀ ਦੇਸ਼ ਅੰਦਰ ਉਸਦੇ ਜ਼ਬਰ ਦੇ ਕੰਮ ਵੱਧ ਤੋਂ ਵੱਧ ਖ਼ਤਮ ਹੁੰਦੇ ਜਾਂਦੇ ਹਨ। ਉਸਨੂੰ ਲੋਟੂਆਂ ਦੇ ਟਾਕਰੇ ਨੂੰ ਦਬਾਉਣ ਦੀ ਲੋੜ ਨਹੀਂ ਰਹਿ ਜਾਂਦੀ। ਪਰ ਉਹ ਸਮਾਜਵਾਦੀ ਉਸਾਰੀ ਦਾ ਨਿਰਦੇਸ਼ਨ ਕਰਨਾ ਅਤੇ ਆਪਣੇ ਦੁਸ਼ਮਣਾਂ ਤੋਂ ਸਮਾਜਵਾਦੀ ਜਾਇਦਾਦ ਦੀ ਰੱਖਿਆ ਕਰਨਾ ਲਾਜ਼ਮੀ ਹੀ ਜਾਰੀ ਰੱਖਦਾ ਹੈ। ਹੁੰਦਾ ਇਹ ਹੈ ਕਿ ਸਮਾਜ ਦੇ ਸਾਰੇ ਮੈਂਬਰ ਸਮਾਜਵਾਦੀ ਰਾਜ ਦੇ ਨੇੜੇ-ਤੇੜੇ ਵੱਧ ਤੋਂ ਵੱਧ ਜਥੇਬੰਦ ਹੁੰਦੇ ਜਾਂਦੇ ਹਨ, ਜਿਸਨੂੰ ਉਹ ਆਪਣੀਆਂ ਪ੍ਰਾਪਤੀਆਂ, ਅਜ਼ਾਦੀਆਂ ਅਤੇ ਆਪਣੇ ਭਵਿੱਖੀ ਭਲੇ ਦਾ ਰਖਵਾਲਾ ਮੰਨਦੇ ਹਨ। ਅਖੀਰ ‘ਚ ਰਾਜ ਦੇ ਸੁੱਕ ਕੇ ਲੋਪ ਹੋਣ ਦੀ ਸਥਿਤੀ ਨਹੀਂ ਆਉਂਦੀ, ਸਗੋਂ ਬੇਅੰਤ ਤਾਕਤ ਨਾਲ਼ ਭਰਪੂਰ ਸੱਚੇ ਹਰਮਨ-ਪਿਆਰੇ ਰਾਜ ਦਾ ਨਵੇਂ ਰੂਪ ‘ਚ ਵਿਕਾਸ ਹੁੰਦਾ ਹੈ।

ਸਤਾਲਿਨ ਨੇ ਲਿਖਿਆ ਹੈ: “ਇਸ ਤਰ੍ਹਾਂ ਰਾਜ ਤਦ ਤੱਕ ਹੋਂਦ ‘ਚ ਰਹੇਗਾ, ਜਦ ਤੱਕ ਸਰਾਮਏਦਾਰਾ ਘੇਰਾ ਤਬਾਹ ਨਹੀਂ ਕਰ ਦਿੱਤਾ ਜਾਂਦਾ ਅਤੇ ਜਦ ਤੱਕ ਵਿਦੇਸ਼ੀ ਫੌਜੀ ਹਮਲੇ ਦਾ ਖ਼ਤਰਾ ਖ਼ਤਮ ਨਹੀਂ ਹੋ ਜਾਂਦਾ… ਜੇਕਰ ਸਰਮਾਏਦਾਰਾ ਘੇਰਾ ਤਬਾਹ ਕਰ ਦਿੱਤਾ ਜਾਂਦਾ ਹੈ ਅਤੇ ਉਸਦੀ ਥਾਂ ਸਮਾਜਵਾਦੀ ਘੇਰਾ ਆ ਜਾਂਦਾ ਹੈ, ਤਾਂ ਰਾਜ ਦੀ ਹੋਂਦ ਨਹੀਂ ਰਹੇਗੀ ਅਤੇ ਹੌਲ਼ੀ-ਹੌਲ਼ੀ ਸੁੱਕ ਕੇ ਲੋਪ ਹੋ ਜਾਵੇਗਾ।”11

ਇਸ ਹਿਸਾਬ ਨਾਲ਼ ਸਮਾਜਵਾਦ ਦੇ ਉਭਾਰ ਅਤੇ ਕਮਿਊਨਿਜ਼ਮ ‘ਚ ਸੰਕਰਮਣ ਦੇ ਸੰਪੂਰਨ ਅਰਸੇ ਦੌਰਾਨ ਜਦ ਤੱਕ ਆਮ ਲੋਕ ਪੂਰੇ ਸੰਸਾਰ ‘ਚ ਸਰਮਾਏਦਾਰੀ ਦਾ ਖਾਤਮਾ ਨਹੀਂ ਕਰ ਦਿੰਦੇ, ਸਮਾਜਵਾਦੀ ਰਾਜ ਕਿਰਤੀ ਲੋਕਾਂ ਦੀਆਂ ਪ੍ਰਾਪਤੀਆਂ ਦੀ ਰੱਖਿਆ ਕਰਨ ਅਤੇ ਉਹਨਾਂ ਦੇ ਉਦੇਸ਼ਾਂ ਨੂੰ ਲਾਗੂ ਕਰਨ ਅਤੇ ਉਹਨਾਂ ਨੂੰ ਪੂਰਾ ਕਰਨ ‘ਚ ਪ੍ਰਮੁੱਖ ਭੂਮਿਕਾ ਨਿਭਾਉਂਦਾ ਰਹੇਗਾ। ਪਰ ਜਦ ਸਭ ਥਾਂ ਲੋਟੂ ਜਮਾਤਾਂ ਅਤੇ ਉਹਨਾਂ ਦੇ ਪ੍ਰਭਾਵ ਦਾ ਅੰਤਿਮ ਰੂਪ ਨਾਲ਼ ਖਾਤਮਾਂ ਹੋ ਜਾਵੇਗਾ, ਸਮਾਜਵਾਦੀ ਰਾਜ ਅੰਤ “ਸੁੱਕ ਕੇ ਲੋਪ” ਹੋ ਜਾਵੇਗਾ ਅਤੇ “ਵਿਅਕਤੀਆਂ ਦੀ ਹਕੂਮਤ” ਦੀ ਥਾਂ “ਵਸਤਾਂ ਦਾ ਪ੍ਰਬੰਧਨ ਅਤੇ ਪੈਦਾਵਾਰੀ ਪ੍ਰਕਿਰਿਆ ਦਾ ਨਿਰਦੇਸ਼ਨ” ਲੈ ਲਵੇਗਾ। ਉਸ ਸਥਿਤੀ ‘ਚ ਸਮਾਜ ਦੇ ਆਰਥਿਕ ਅੰਗ ਅਤੇ ਸੱਭਿਆਚਾਰਕ ਅੰਗ ਰਹਿਣਗੇ, ਰਾਜ ਦੇ ਅੰਗ ਨਹੀਂ ਰਹਿਣਗੇ।

ਸਮਾਜਵਾਦੀ ਸਮਾਜ ‘ਚ ਆਮ ਲੋਕਾਂ ਦੇ ਸੰਕਲਪ ਨੂੰ ਲਾਗੂ ਕਰਨ ਅਤੇ ਪੂਰਤੀ ਕਰਨ ਵਾਲ਼ੀ ਜਨਤਕ ਸੱਤ੍ਹਾ ਦੇ ਰੂਪ ‘ਚ ਮੌਜੂਦ ਰਾਜ ਤੋਂ ਬਿਨਾਂ ਪਾਰਟੀ ਵੀ ਲਾਜ਼ਮੀ ਹੁੰਦੀ ਹੈ। ਕਿਉਂਕਿ ਕੇਵਲ ਆਰਥਿਕ ਉਸਾਰੀ ਦੀ ਅਗਵਾਈ ਕਰਨ ਲਈ ਨਹੀਂ, ਸਗੋਂ ਸਮਾਜ ਦੇ ਮਤਾਂ ਅਤੇ ਸੰਸਥਾਵਾਂ ਨੂੰ ਘੜਨ ਲਈ ਵੀ ਆਗੂ ਤਾਕਤ ਲਾਜ਼ਮੀ ਹੋ ਜਾਂਦੀ ਹੈ।

ਸਮਾਜਵਾਦੀ ਰਾਜ ਮਜ਼ਦੂਰ ਜਮਾਤ ਦੀ ਅਗਵਾਈ ‘ਚ ਸੱਤ੍ਹਾ ‘ਤੇ ਕਿਰਤੀ ਲੋਕਾਂ ਦੀ ਜਿੱਤ ਦੇ ਨਤੀਜੇ ਵਜੋਂ ਹੋਂਦ ਵਿੱਚ ਆਉਂਦਾ ਹੈ। ਉਸ ਹਾਲਤ ‘ਚ ਮਜ਼ਦੂਰ ਜਮਾਤ ਦੀ ਪਾਰਟੀ, ਜਿਸਦੀ ਅਗਵਾਈ ਬਿਨਾਂ ਮਜ਼ਦੂਰ ਜਮਾਤ ਸੱਤ੍ਹਾ ‘ਤੇ ਜਿੱਤ ਪ੍ਰਾਪਤ ਨਹੀਂ ਕਰ ਸਕਦੀ, ਆਗੂ ਤਾਕਤ ਬਣ ਜਾਂਦੀ ਹੈ ਅਤੇ ਸਮਾਜਵਾਦੀ ਉਸਾਰੀ ‘ਚ ਰਾਜ ਅਤੇ ਲੋਕਾਂ ਦਾ ਰਾਹ ਦਰਸਾਉਂਦੀ ਹੈ। ਲੋਕਾਂ ਦੇ ਹਿੱਤਾਂ ਅਤੇ ਲੋੜਾਂ ਅਨੁਸਾਰ ਡਟੇ ਰਾਜ ਦਾ ਵਿਕਾਸ ਅਤੇ ਸਰਗਰਮੀਆਂ, ਰਾਜ ਦੀਆਂ ਸਰਗਰਮੀਆਂ ਦੇ ਸਾਰੇ ਖੇਤਰਾਂ ‘ਚ ਪਾਰਟੀ ਦੀ ਸਮੂਹਿਕ ਅਗਵਾਈ ਅਤੇ ਰਾਹ-ਦਸੇਰੇ ਦੁਆਰਾ ਨਿਸ਼ਚਿਤ ਹੁੰਦੇ ਹਨ।

ਪਾਰਟੀ ਉਸ ਸਮੇਂ ਤੱਕ ਲਾਜ਼ਮੀ ਹੁੰਦੀ ਹੈ, ਜਦ ਤੱਕ ਲੋਟੂ ਜਮਾਤਾਂ ਦੇ ਨਾਸ਼ ਅਤੇ ਬਾਅਦ ‘ਚ ਲੁੱਟ ਦੇ ਸਾਰੇ ਨਤੀਜਿਆਂ ਦੇ ਨਾਸ਼ ਦਾ ਘੋਲ਼ ਚੱਲਦਾ ਰਹਿੰਦਾ ਹੈ। ਅਜਿਹਾ ਘੋਲ਼, ਅਗਵਾਈ ਤੋਂ ਬਿਨਾਂ ਮੁਸ਼ਕਿਲ ਹੁੰਦਾ ਹੈ ਅਤੇ ਇਸ ਅਗਵਾਈ ‘ਚ ਸ਼ੁੱਧ ਰੂਪ ਨਾਲ਼ ਮਜ਼ਦੂਰ ਜਮਾਤ ਅਤੇ ਉਸਦੇ ਸਹਿਯੋਗੀਆਂ ਦੇ ਸਭ ਤੋਂ ਵੱਧ ਅੱਗੇ ਵਿਕਸਿਤ ਹੋਏ ਹਿੱਸੇ ਸ਼ਾਮਲ ਹੁੰਦੇ ਹਨ।

ਜਦ ਤੱਕ ਜਮਾਤੀ-ਘੋਲ਼ ਕਿਸੇ ਨਾ ਕਿਸੇ ਰੂਪ ‘ਚ ਚੱਲਦਾ ਰਹਿੰਦਾ ਹੈ, ਉਸ ਸਮੇਂ ਤੱਕ ਜਮਾਤ ਦੇ ਆਗੂ ਦਸਤੇ ਅਤੇ ਲੋਕਾਂ ਵਿਚਾਲ਼ੇ ਫਰਕ ਬਣਿਆ ਰਹੇਗਾ। ਜਮਾਤਾਂ ਦੀ ਹੋਂਦ ਦਾ ਇੱਕ ਖ਼ਾਸ ਲੱਛਣ ਇਹ ਹੈ ਕਿ ਜਮਾਤਾਂ ਦੀਆਂ ਪਦਾਰਥਕ ਅਤੇ ਮਾਨਸਿਕ ਸਰਗਰਮੀਆਂ ਸਮਾਜਿਕ ਪੈਦਾਵਾਰ ‘ਚ ਉਹਨਾਂ ਦੀ ਸਥਿਤੀ ਅਨੁਸਾਰ ਤੈਅ ਹੁੰਦੇ ਹਨ। ਇਸ ਨਾਲ਼ ਜਮਾਤ ਦਾ ਇੱਕ ਸੁਚੇਤਨ ਛੋਟਾ ਹਿੱਸਾ ਲਾਜ਼ਮੀ ਰੂਪ ਨਾਲ਼ ਜਨਮ ਲੈਂਦਾ ਹੈ, ਜੋ ਆਪਣੀ ਜਮਾਤ ਦੇ ਦੂਰਰਸੀ ਹਿੱਤਾਂ ਅਤੇ ਉਦੇਸ਼ਾਂ ਪ੍ਰਤੀ ਸਰਗਰਮੀ ਨਾਲ਼ ਸੁਚੇਤ ਹੁੰਦਾ ਹੈ ਅਤੇ ਸਾਰੀ ਜਮਾਤ ਦੀ ਅਗਵਾਈ ਕਰਦਾ ਹੈ। ਦੂਜੇ ਪਾਸੇ ਉਸ ਜਮਾਤ ਦਾ ਵੱਡਾ ਹਿੱਸਾ ਮੌਜੂਦਾ ਸਥਿਤੀਆਂ ਅਨੁਸਾਰ ਜੀਵਨ ਜਿਉਂਦਾ ਹੈ ਅਤੇ ਕੇਵਲ ਛੋਟੇ ਹਿੱਸੇ ਦੀ ਅਗਵਾਈ ਤਹਿਤ ਦੂਰਰਸੀ ਸਮਾਜਿਕ ਉਦੇਸ਼ਾਂ ਪ੍ਰਤੀ ਸੁਚੇਤ ਹੁੰਦਾ ਅਤੇ ਉਹਨਾਂ ਲਈ ਘੋਲ਼ ‘ਚ ਸ਼ਰੀਕ ਹੁੰਦਾ ਹੈ। ਇਹ ਸਥਿਤੀ ਉਸ ਸਮੇਂ ਤੱਕ ਜਰੂਰ ਰਹਿੰਦੀ ਹੈ, ਜਦ ਤੱਕ ਜਮਾਤੀ-ਵਖਰੇਵੇਂ ਅਤੇ ਉਹਨਾਂ ਦੇ ਨਾਲ਼ ਸਮਾਜਿਕ ਪੈਦਾਵਾਰ ‘ਚ ਲੋਕਾਂ ‘ਤੇ ਉਹਨਾਂ ਦੀ ਆਪਣੀ ਸਥਿਤੀ ਦੁਆਰਾ ਕੰਟਰੋਲ ਲੋਪ ਨਹੀਂ ਹੋ ਜਾਂਦੇ ਅਤੇ ਜਦ ਤੱਕ ਸਾਰੇ ਵਿਅਕਤੀ ਸਮਾਜ ਦੇ ਮੈਂਬਰਾਂ ਵਜੋਂ ਬਰਾਬਰ ਪੱਧਰ ਅਤੇ ਬਰਾਬਰ ਮੌਕਿਆਂ ਨਾਲ਼ ਆਪਣੀਆਂ ਸਾਰੀਆਂ ਯੋਗਤਾਵਾਂ ਦਾ ਵਿਕਾਸ ਅਤੇ ਜੀਵਨ ਨਹੀਂ ਜਿਉਂਦੇ।

ਇਸ ਤਰ੍ਹਾਂ “ਮਜ਼ਦੂਰ ਜਮਾਤ ਅਤੇ ਕਿਰਤੀ ਲੋਕਾਂ ਦੇ ਦੂਜੇ ਹਿੱਸਿਆਂ ਦੀਆਂ ਕਤਾਰਾਂ ਦੇ ਸਭ ਤੋਂ ਵੱਧ ਸਰਗਰਮ ਅਤੇ ਸਿਆਸੀ ਰੂਪ ਨਾਲ਼ ਸੁਚੇਤਨ ਨਾਗਰਿਕ ਕਮਿਊਨਿਸਟ ਪਾਰਟੀ ‘ਚ ਏਕਤਾਬੱਧ ਹੁੰਦੇ ਹਨ… ਜੋ ਸਮਾਜਵਾਦੀ ਪ੍ਰਣਾਲੀ ਨੂੰ ਮਜ਼ਬੂਤ ਤੇ ਵਿਕਸਿਤ ਕਰਨ ਦੇ ਘੋਲ਼ ‘ਚ ਕਿਰਤੀ ਲੋਕਾਂ ਦਾ ਆਗੂ ਦਸਤਾ ਅਤੇ ਕਿਰਤੀ ਲੋਕਾਂ ਦੀਆਂ ਸਾਰੀਆਂ – ਜਨਤਕ ਅਤੇ ਰਾਜ ਦੋਵਾਂ ਤਰ੍ਹਾਂ ਦੀਆਂ ਜਥੇਬੰਦੀਆਂ ਦਾ ਆਗੂ ਕੇਂਦਰ ਹੁੰਦੀ ਹੈ।”12

ਪਾਰਟੀ ਅਜਿਹੀ ਜਥੇਬੰਦੀ ਨਹੀਂ ਹੁੰਦੀ, ਜੋ “ਹੁਕਮ ਦਿੰਦੀ ਹੋਵੇ।” ਉਹ ਸੱਤ੍ਹਾ ਦਾ ਅੰਗ ਨਹੀਂ ਹੁੰਦੀ। ਜਿਵੇਂ ਵੇਬਜ਼ ਨੇ ਕਿਹਾ ਹੈ: ਸਮਾਜਵਾਦੀ ਸਮਾਜ ‘ਚ ਪਾਰਟੀ ਦੀ ਹੋਂਦ “ਆਗੂ ਦਾ ਖ਼ਾਸ ਕੰਮ” ਪੂਰਾ ਕਰਨ ਲਈ ਹੁੰਦੀ ਹੈ।13 ਕਿਉਂਕਿ ਕਿਰਤੀ ਲੋਕਾਂ ਦੇ ਸਭ ਤੋਂ ਵੱਧ ਵਿਕਸਤ ਹਿੱਸੇ ਦੇ ਇਸ ਤਰ੍ਹਾਂ ਦੇ ਖ਼ਾਸ ਕੰਮ ‘ਚ ਰੁੱਝੇ ਹੋਣ ਤੋਂ ਬਿਨਾਂ ਆਰਥਿਕ ਉਸਾਰੀ ਨੂੰ ਪੂਰਾ ਕਰਨ ਲਈ ਲੱਖਾਂ ਲੋਕਾਂ ਨੂੰ ਜਥੇਬੰਦ ਕਰਨਾ, ਸਮਾਜ ਦੇ ਮਤਾਂ ਅਤੇ ਸੰਸਥਾਵਾਂ ਨੂੰ ਵਿਕਸਿਤ ਤੇ ਬਹੁਤ ਉੱਨਤ ਕਰਨਾ ਜਿਸ ਨਾਲ਼ ਸਮਾਜਵਾਦੀ ਉਸਾਰੀ ਕੀਤੀ ਜਾ ਸਕੇ, ਕਮਿਊਨਿਜ਼ਮ ‘ਚ ਤਬਦੀਲੀ ਹੋਵੇ ਅਤੇ ਅੰਤ ਸਾਰੇ ਸਮਾਜ ਨੂੰ ਕਮਿਊਨਿਜ਼ਮ ਦੇ ਪੱਧਰ ਤੱਕ ਉੱਚਾ ਚੁੱਕਿਆ ਜਾ ਸਕੇ, ਮੁਸ਼ਕਿਲ ਹੁੰਦਾ ਹੈ।

ਸਤਾਲਿਨ ਨੇ ਲਿਖਿਆ ਹੈ: “ਪਾਰਟੀ ਦੀ ਅਥਾਰਿਟੀ ਮਜ਼ਦੂਰ ਜਮਾਤ ਦੇ ਵਿਸ਼ਵਾਸ ਨਾਲ਼ ਕਾਇਮ ਰਹਿੰਦੀ ਹੈ। ਮਜ਼ਦੂਰ ਜਮਾਤ ਦਾ ਵਿਸ਼ਵਾਸ ਤਾਕਤ ਨਾਲ਼ ਨਹੀਂ ਜਿੱਤਿਆ ਜਾਂਦਾ, ਕਿਉਂਕਿ ਤਾਕਤ ਦੀ ਵਰਤੋਂ ਵਿਸ਼ਵਾਸ ਦਾ ਕਤਲ ਕਰ ਦੇਵੇਗੀ। ਇਹ ਕੇਵਲ ਉਸੇ ਹਾਲਤ ਵਿੱਚ ਜਿੱਤਿਆ ਜਾ ਸਕਦਾ ਹੈ, ਜੇਕਰ ਪਾਰਟੀ ਦਾ ਸਿਧਾਂਤ ਠੋਸ ਹੋਵੇ, ਜੇਕਰ ਪਾਰਟੀ ਦੀ ਨੀਤੀ ਠੀਕ ਹੋਵੇ, ਜੇਕਰ ਪਾਰਟੀ ਮਜ਼ਦੂਰ ਜਮਾਤ ਦੇ ਉਦੇਸ਼ ਨੂੰ ਸਮਰਪਿਤ ਹੋਵੇ ਅਤੇ ਜੇਕਰ ਪਾਰਟੀ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣ ਲਈ ਤਿਆਰ ਅਤੇ ਯੋਗ ਹੋਵੇ ਕਿ ਉਸਦੇ ਨਾਅਰੇ ਠੀਕ ਹਨ… ਇਸ ਲਈ ਜਮਾਤ ਦੀ ਅਗਵਾਈ ਕਰਦੇ ਹੋਏ ਸਮਝਾਉਣ-ਬੁਝਾਉਣ ਦੀ ਸ਼ੈਲੀ ਪਾਰਟੀ ਦੁਆਰਾ ਮੁੱਖ ਸ਼ੈਲੀ ਦੇ ਰੂਪ ‘ਚ ਅਪਣਾਈ ਜਾਣੀ ਚਾਹੀਦੀ ਹੈ।”14

ਜਦ ਪਾਰਟੀ ਦਾ ਫਰਜ਼ ਪੂਰਾ ਹੋ ਜਾਂਦਾ ਹੈ, ਜਦ ਸਾਰਾ ਸਮਾਜ ਕਮਿਊਨਿਜ਼ਮ ਦੇ ਪੱਧਰ ਤੱਕ ਉੱਚਾ ਉੱਠ ਜਾਂਦਾ ਹੈ, ਜਦ ਦੁਸ਼ਮਣਾਂ ਤਾਕਤਾਂ ਅਤੇ ਪ੍ਰਭਾਵਾਂ ਵੱਲੋਂ ਹਰੇਕ ਖ਼ਤਰਾ ਖ਼ਤਮ ਹੋ ਚੁੱਕਾ ਹੁੰਦਾ ਹੈ, ਉਸ ਸਮੇਂ ਆਸ ਕੀਤੀ ਜਾ ਸਕਦੀ ਹੈ ਕਿ ਪਾਰਟੀ ਦੀ ਹੋਂਦ ਲੋਪ ਹੋ ਜਾਵੇਗੀ। ਕਿਉਂਕਿ ਉਸ ਸਥਿਤੀ ‘ਚ ਉਸਦੀ ਕੋਈ ਲੋੜ ਨਹੀਂ ਰਹਿ ਜਾਵੇਗੀ। ਉਸ ਸਮੇਂ ਸਮਾਜਿਕ ਜੀਵਨ ਜਮਾਤੀ-ਘੋਲ਼ ਤੋਂ ਬਿਨਾਂ ਅੱਗੇ ਵਧੇਗਾ, ਮੁਕਾਬਲਤਨ ਅੱਗੇ ਵਧੇ ਹੋਏ ਜਮਾਤੀ-ਦਸਤੇ ਅਤੇ ਲੋਕਾਂ ਵਿਚਾਲੇ ਕੋਈ ਫਰਕ ਨਹੀਂ ਰਹਿ ਜਾਵੇਗਾ। ਇਸ ਤਰ੍ਹਾਂ ਸਮਾਜਿਕ ਤਰੱਕੀ ਲਈ ਰਾਹ-ਦਰਸਾਉਣ ਵਾਲੇ ਹਿਰਾਵਲ ਦਸਤੇ ਦੀ ਲੋੜ ਨਹੀਂ ਰਹਿ ਜਾਵੇਗੀ।

ਟਿੱਪਣੀਆਂ

9. ਏਂਗਲਜ਼ : ਸੋਸ਼ਲਿਜ਼ਮ, ਯੂਟੋਪਿਅਨ ਐਂਡ ਸਾਇੰਟੀਫਿਕ, ਪਾਠ-3.
10. ਏਂਗਲਜ਼ : ਦਿ ਔਰਿਜਨ ਆਫ ਦਿ ਫੈਮਿਲੀ ਪ੍ਰਾਇਵੇਟ ਪ੍ਰਾਪਰਟੀ ਐਂਡ ਦਿ ਸਟੇਟ, ਪਾਠ-9.
11.ਸਤਾਲਿਨ : ਸੀ.ਪੀ.ਐਸ.ਯੂ. ਦੀ 18ਵੀਂ ਕਾਂਗਰਸ ‘ਚ ਪੇਸ਼ ਰਿਪੋਰਟ.
12. ਕਾਂਸਟੀਟਿਊਸ਼ਨ ਆਫ ਦਿ ਯੂ.ਐਸ.ਐਸ.ਆਰ., ਪੈਰ੍ਹਾ 126.
13. ਐਸ. ਅਤੇ ਬੀ. ਵੇਬ : ਸੋਵੀਅਤ ਕਮਿਊਨਿਜ਼ਮ, ਪਾਠ5.
14. ਸਤਾਲਿਨ : ਆਨ ਦਿ ਪ੍ਰੋਬਲਮਜ਼ ਆਫ ਲੈਨਿਨਇਜ਼ਮ, ਪਾਠ-5.

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 1, ਸਾਲ 6, 16 ਤੋਂ 28 ਫਰਵਰੀ, 2017 ਵਿੱਚ ਪ੍ਰਕਾਸ਼ਤ

 

Advertisements