ਸਮਾਜਵਾਦੀ ਸਮਾਜ ਦੇ ਵਿਕਾਸ ‘ਚ ਉੱਚ-ਉਸਾਰ ਦੀ ਭੂਮਿਕਾ •ਮੌਰਿਸ ਕਾਰਨਫੋਰਥ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਮਾਰਕਸਵਾਦ ਅਨੁਸਾਰ, “ਪਦਾਰਥਕ ਜੀਵਨ ਦੇ ਪੈਦਾਵਾਰ ਦੀ ਪ੍ਰਣਾਲੀ ਹੀ ਹਮੇਸ਼ਾ ਆਮ ਤੌਰ ‘ਤੇ ਸਮਾਜਿਕ, ਸਿਆਸੀ ਤੇ ਬੌਧਿਕ ਜੀਵਨ ਪ੍ਰਕਿਰਿਆ ਨੂੰ ਨਿਰਧਾਰਿਤ ਕਰਦੀ ਹੈ। ਇਸ ਨਿਯਮ ਦੇ ਕਾਰਨ ਸਮਾਜ ਦੁਆਰਾ ਪੇਸ਼ ਕੀਤੇ ਆਰਥਿਕ ਢਾਂਚੇ ਦੇ ਅਧਾਰ ‘ਤੇ ਵਿਚਾਰਾਂ ਤੇ ਸੰਸਥਾਵਾਂ ਦੇ ਅਨੁਸਾਰੀ ਉੱਚ ਉਸਾਰ ਵਿਕਸਿਤ ਹੁੰਦਾ ਹੈ। ਉੱਚ ਉਸਾਰ ਜੋ ਹਮੇਸ਼ਾ ਅਧਾਰ ਦੀ ਉਪਜ਼ ਹੁੰਦਾ ਹੈ, ਅਧਾਰ ਦੀ ਸੇਵਾ ਕਰਨ, ਉਹਦਾ ਸਰੂਪ ਗ੍ਰਹਿਣ ਕਰਨ ਤੇ ਪੱਕੇ ਪੈਰੀਂ ਹੋਣ ‘ਚ ਮਦਦ ਕਰਨ ਤੇ ਪੂਰਵ ਪੈਦਾਵਾਰੀ ਸਬੰਧਾਂ ਦੀ ਰਹਿੰਦ-ਖੁਹੰੰਦ ਦੇ ਖਾਤਮੇ ਲਈ ਮੌਜ਼ੂਦ ਰਹਿੰਦਾ ਹੈ।

ਸਮਾਜਵਾਦੀ ਸਮਾਜ ‘ਚ ਸਰਮਾਏਦਾਰੀ ਤੋਂ ਕਮਿਊਨਿਜ਼ਮ ਤੱਕ ਦੇ ਸੰਗਰਾਂਦੀ ਦੌਰ ‘ਚ ਵੀ ਇਹੋ ਤੱਥ ਮੌਜ਼ੂਦ ਰਹਿੰਦਾ ਹੈ।

ਆਮ ਤੌਰ ‘ਤੇ, ਸਮਾਜਵਾਦ ਦੀ ਹੋਂਦ, ਸਮਾਜਵਾਦੀ ਵਿਚਾਰ ਦੇ, ਜੋ ਲੋਕਾਂ ਨੂੰ ਸਰਮਾਏਦਾਰੀ ਵਿਰੁਧ ਸੰਘਰਸ਼ ਲਈ ਜਗਾਉਂਦੇ ਤੇ ਗਤੀਮਾਨ ਕਰਦੇ ਹਨ, ਤੇ ਜਿੱਤ ਦਾ ਰਾਹ ਦਰਸਾਉਂਦੇ ਹਨ, ਵਿਕਾਸ ਤੋਂ ਬਿਨ੍ਹਾਂ ਤੇ ਉਹਦੇ ਅਨੁਸਾਰੀ ਲੋਕਾਂ ਦੀਆਂ ਜਥੇਬੰਦੀਆਂ ਸਥਾਪਿਤ ਕੀਤੇ ਬਿਨ੍ਹਾਂ ਨਹੀਂ ਕੀਤਾ ਜਾ ਸਕਦਾ, ਤੇ ਜਦ ਮਜ਼ਦੂਰ ਜਮਾਤ ਤੇ ਉਹਦੇ ਸੰਗੀ ਸੱਤਾ ‘ਤੇ ਜਿੱਤ ਹਾਸਲ ਕਰਦੇ ਹਨ, ਸਮਾਜ ਦੀਆਂ ਸੰਸਥਾਵਾਂ ਨੂੰ ਅਜਿਹੀਆਂ ਸੰਸਥਾਵਾਂ ‘ਚ ਤਬਦੀਲ ਕਰ ਦਿੰਦੇ ਹਨ, ਜਿਹੜੀਆਂ ਸਮਾਜਵਾਦ ਦੀ ਉਸਾਰੀ ਦੀ ਲੋੜਾਂ ਦੇ ਅਨੁਸਾਰੀ ਹੁੰਦੀਆਂ ਹਨ ਤੇ ਸਮਾਜਵਾਦੀ ਵਿਚਾਰ ਸਮਾਜ ਦੇ ਪ੍ਰਭਾਵਸ਼ਾਲੀ ਹਾਕਮ ਵਿਚਾਰ ਬਣ ਜਾਂਦੇ ਹਨ। ਇਸ ਤਰ੍ਹਾਂ ਸਰਮਾਏਦਾਰੀ ਵਿਰੁੱਧ ਸਮਾਜਵਾਦ ਦੇ ਪੱਖ ‘ਚ ਸੰਘਰਸ਼ ਦਾ ਸਿੱਟਾ, ਜਿਵੇਂ ਮਾਰਕਸ ਨੇ ਕਿਹਾ ਹੈ ਅਜਿਹਾ ਹੁੰਦਾ ਹੈ ਕਿ ਜਦੋਂ ਪੁਰਾਣਾ ਅਧਾਰ ਪੂਰੀ ਤਰ੍ਹਾਂ ਉਖਾੜ ਦਿੱਤਾ ਜਾਂਦਾ ਹੈ, ਤਾਂ ਸਾਰੇ ਦਾ ਸਾਰਾ ਉੱਚ-ਉਸਾਰ ਤੇਜ਼ੀ ਨਾਲ਼ ਤਬਦੀਲ ਹੋ ਜਾਂਦਾ ਹੈ। ਸਮਾਜਵਾਦੀ ਵਿਚਾਰ ਤੇ ਸੰਸਥਾਵਾਂ ਉੱਚ ਉਸਾਰ ‘ਚ ਪ੍ਰਭਾਵੀ ਹੋ ਜਾਂਦੀਆਂ ਹਨ ਤੇ ਇਹਨਾਂ ਵਿਚਾਰਾਂ ਤੇ ਸੰਸਥਾਵਾਂ ਦਾ ਕਾਰਜ ਸਮਾਜਵਾਦੀ ਆਰਥਿਕ ਢਾਂਚੇ ਦੀ ਉਸਾਰੀ ਤੇ ਮਜ਼ਬੂਤੀ ਤੇ ਸਰਮਾਏਦਾਰੀ ਦੀ ਰਹਿੰਦ-ਖਹੁੰਦ ਨੂੰ ਖਤਮ ਕਰਨਾ ਬਣ ਜਾਂਦਾ ਹੈ।

ਮਾਰਕਸਵਾਦ ਹਮੇਸ਼ਾ ਸਮਾਜਿਕ ਵਿਕਾਸ ‘ਚ ਉੱਚ-ਉਸਾਰ ਦੀ ਹਾਂ-ਪੱਖੀ ਭੂਮਿਕਾ ‘ਤੇ ਜ਼ੋਰ ਦਿੰਦਾ ਹੈ। ਸਮਾਜਵਾਦ ਦੀ ਉਸਾਰੀ ‘ਚ ਸਮਾਜਵਾਦੀ ਸੰਸਥਾਵਾਂ ਤੇ ਵਿਚਾਰ ਸਮਾਜਿਕ ਜੁੰਮੇਵਾਰੀ ਨੂੰ ਨੇਪਰੇ ਚਾੜ੍ਹਨ ਲਈ ਲੋਕਾਂ ਨੂੰ ਨਿਰਦੇਸ਼ਿਤ, ਜਥੇਬੰਦ ਤੇ ਲਾਮਬੰਦ ਕਰਨ ‘ਚ ਸਰਗਰਮ ਭੂਮਿਕਾ ਨਿਭਾਉਂਦੇ ਹਨ।

ਸਰਮਾਏਦਾਰੀ ਸੰਸਥਾਵਾਂ ਤੇ ਵਿਚਾਰ ਸਰਮਾਏਦਾਰਾ ਜਇਦਾਦ ਸੰਬੰਧਾਂ ਨੂੰ ਕਾਇਮ ਰੱਖਣ ਤੇ ਉਸਨੂੰ ਮਜ਼ਬੂਤ ਕਰਨ ਲਈ ਮੌਜ਼ੂਦ ਰਹਿੰਦੇ ਹਨ ਤੇ ਲੁੱਟ ਕਾਇਮ ਰੱਖਣ ਲਈ ਬਹੁਗਿਣਤੀ ਨੂੰ ਦਬਾਈ ਰੱਖਣ ਤੇ ਧੋਖਾ ਦੇਣ ‘ਚ ਸਹਾਇਕ ਹੁੰਦੇ ਹਨ। ਸਮਾਜਵਾਦੀ ਸੰਸਥਾਵਾਂ ਤੇ ਵਿਚਾਰਾਂ ਦੀ ਹੌਂਦ ਲੁੱਟ ਨੂੰ ਖਤਮ ਕਰਨ, ਘੱਟ ਗਿਣਤੀ ‘ਤੇ ਜ਼ਬਰ ਕਰਨ (ਜਦ ਹਰ ਤਰ੍ਹਾਂ ਦੀ ਲੁੱਟ ਖਤਮ ਹੁੰਦੀ ਹੈ, ਤਾਂ ਜ਼ਬਰ ਦੀ ਲੋੜ ਖਤਮ ਹੋਣ ਲਗਦੀ ਹੈ) ਤੇ ਲੋਕਾਂ ਨੂੰ ਪ੍ਰਬੁੱਧ ਕਰਨ ਲਈ ਹੁੰਦੀ ਹੈ।

ਨਤੀਜ਼ੇ ਵਜੋਂ, ਸਮਾਜਵਾਦੀ ਉੱਚ-ਉਸਾਰ ਦੇ ਵਿਸ਼ੇਸ਼ ਨਵੇਂ ਗੁਣ ਹੁੰਦੇ ਹਨ, ਜੋ ਇੱਕ ਨਵੇਂ ਕਿਸਮ ਦਾ ਉੱਚ-ਉਸਾਰ ਸਿਰਜ਼ਦੇ ਹਨ, ਉਹਦੇ ਅਤੇ ਜਮਾਤੀ ਲੁੱਟ ਅਧਾਰਿਤ ਸਮਾਜਾਂ ਦੇ ਉੱਚ-ਉਸਾਰ ‘ਚ ਤਿੱਖਾ ਵਿਰੋਧੀ ਵਖਰੇਵਾਂ ਹੁੰਦਾ ਹੈ।

ਅਜਿਹੇ ਸਮਾਜਾਂ ‘ਚ ਉੱਚ-ਉਸਾਰ ਹਾਕਮ ਲੋਟੂ ਜਮਾਤ ਵੱਲੋਂ ਸਮਾਜ ਦੀ ਬਹੁਗਿਣਤੀ ਨੂੰ ਲੁੱਟਣ ‘ਚ ਸਹਾਇਕ ਹੁੰਦਾ ਸੀ। ਉਥੇ ਦੂਜੇ ਪਾਸੇ ਸਮਾਜਵਾਦੀ ਸਮਾਜ ‘ਚ ਉੱਚ-ਉਸਾਰ ਲੁੱਟ ਨੂੰ ਖਤਮ ਕਰਨ, ਸਾਰੇ ਸਮਾਜ ਦੀਆਂ ਪਦਾਰਥਕ ਤੇ ਸਭਿਆਚਾਰਕ ਜ਼ਰੂਰਤਾਂ ਦੀ ਵੱਧ ਤੋਂ ਵੱਧ ਸੰਤੁਸ਼ਟੀ ਦੇ ਉਦੇਸ਼ ਨਾਲ਼, ਪੈਦਾਵਾਰ ਦੇ ਸਾਧਨਾਂ ਦੀ ਸਮਾਜਿਕ ਮਲਕੀ ‘ਤੇ ਅਧਾਰਿਤ ਲੁੱਟ ਰਹਿਤ ਅਰਥਚਾਰੇ ਨੂੰ ਮਜ਼ਬੂਤ ਕਰਨ ਤੇ ਸੰਘਰਸ਼ ਨੂੰ ਅੱਗੇ ਵਧਾਉਣ ‘ਚ ਸਹਾਇਕ ਹੁੰਦਾ ਹੈ। ਇਹੀ ਸਮਾਜਵਾਦੀ ਉੱਚ-ਉਸਾਰ ਦੇ ਸਾਰਤੱਤ ਦੀ ਸਿਰਜਣਾ ਕਰਦਾ ਹੈ ਤੇ ਸਮਾਜਵਾਦੀ ਸਮਾਜ ਦੇ ਵਿਕਾਸ ‘ਚ ਉਸਦੀ ਭੂਮਿਕਾ ਨੂੰ ਪ੍ਰੀਭਾਸ਼ਿਤ ਕਰਦਾ ਹੈ।

ਸਮਾਜਵਾਦੀ ਉੱਚ-ਉਸਾਰ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਕੀ ਹੁੰਦੀਆਂ ਹਨ?

(1) ਸਮਾਜਵਾਦੀ ਵਿਚਾਰਾਂ ਤੇ ਸੰਸਥਾਵਾਂ ਨੂੰ ਲੋਕਾਂ ਦੀਆਂ ਲੋੜਾਂ ਦੀ ਸੰਤੁਸ਼ਟੀ ਲਈ ਉਹਨਾਂ ਦੀ ਮਦਦ ਦੇ ਚੇਤੰਨ ਉਦੇਸ਼ ਨਾਲ਼ ਵਿਕਸਿਤ ਕੀਤਾ ਜਾਂਦਾ ਹੈ।

ਜਦੋਂ ਕਿਰਤੀ ਲੋਕ ਲੋਟੂਆਂ ਤੋਂ ਸੱਤਾ ਜਿੱਤਦੇ ਹਨ, ਉਹ ਸਮਾਜਵਾਦੀ ਸਮਾਜ ਦੇ ਅਧਾਰ ਦੀ ਸਿਰਜਣਾ ਲਈ ਅੱਗੇ ਵਧਦੇ ਹਨ। ਉਹ ਪੂਰੀ ਚੇਤਨਾ ਨਾਲ਼ ਸੋਚ ਸਮਝ ਕੇ ਕਿ ਉਹਨਾਂ ਦਾ ਟੀਚਾ ਕੀ ਹੈ। ਭਾਵ ਸਰਮਾਏਦਾਰੀ ਢਾਂਚੇ ਦੀ ਥਾਂ ਸਮਾਜਵਾਦੀ ਢਾਂਚੇ ਨੂੰ ਸਥਪਿਤ ਕਰਨ ਲਈ ਅਜਿਹਾ ਕਰਦੇ ਹਨ।

ਇਸ ਸੰਦਰਭ ‘ਚ ਸਮਾਜਵਾਦੀ ਅਧਾਰ ਦੀ ਸਿਰਜਣਾ ਤੇ ਮਜ਼ਬੂਤ ਹੋਣ ਦੀ ਸਾਰੀ ਪ੍ਰਕ੍ਰਿਆ ਪੁਰਾਣੇ ਅਧਾਰ ਦੀ ਸਿਰਜਣਾ ਤੋਂ ਕਾਫੀ ਵੱਖ ਹੁੰਦੀ ਹੈ- ਮਿਸਾਲ ਲਈ ਸਰਮਾਏਦਾਰੀ ਦੀ ਜੰਮਣ ਤੇ ਮਜ਼ਬੂਤ ਹੋਣ ਦੀ ਪ੍ਰਕ੍ਰਿਆ ਤੋਂ ਮੂਲੋਂ ਹੀ ਵੱਖਰੇ ਢੰਗ ਨਾਲ਼ ਹੁੰਦੀ ਹੈ।

ਸਰਮਾਏਦਾਰੀ ਇੱਕ ਆਰਥਿਕ ਪ੍ਰਣਾਲੀ ਦੇ ਰੂਪ ‘ਚ ਹੋਂਦ ‘ਚ ਕਿਵੇਂ ਆਈ? ਇਸ ਢੰਗ ਨਾਲ਼ ਨਹੀਂ ਕਿ ਸਰਮਾਏਦਾਰਾ ਜਮਾਤ ਨੇ ਸੱਤਾ ਜਿੱਤਣ ਤੋਂ ਬਾਅਦ ਪਹਿਲਾਂ ਤੋਂ ਸੋਚੇ ਸਮਝੇ ਤੇ ਸਾਵਧਾਨ ਢੰਗ ਨਾਲ਼ ਸਰਮਾਏਦਾਰੀ ਢਾਂਚੇ ਦੀ ਸਿਰਜਣਾ ਕੀਤੀ ਹੋਵੇ। ਇਹਦੇ ਉਲਟ , ਜਗੀਰੂ ਸਮਾਜ ਅੰਦਰ ਹੀ ਸਰਮਾਏਦਾਰਾ ਪੈਦਾਵਾਰ ਤੇ ਉਹਦੇ ਨਾਲ਼ ਹੀ ਸਰਮਾਏਦਾਰ ਜਮਾਤ ਆਪ-ਮੁਹਾਰੇ ਵਿਕਸਿਤ ਹੋਣ ਲੱਗ ਗਈ। ਇੱਕ ਨਿਸ਼ਚਿਤ ਅਰਸੇ ਤੋਂ ਬਾਅਦ ਸਰਮਾਏਦਾਰ ਜਮਾਤ ਨੇ ਪੱਕੇ ਪੈਰੀਂ ਹੋ ਕੇ, ਜਗੀਰੂ ਹਕੂਮਤ ਤੋਂ ਆਪਣੀ ਹਾਰ ਦਾ ਖਤਰਾ ਮਹਿਸੂਸ ਕਰਕੇ ਜਗੀਰੂ ਹਾਕਮਾਂ ਵਿਰੁੱਧ ਵਿਦਰੋਹ ਦੀ ਅਗਵਾਈ ਕੀਤੀ ਤੇ ਸਮਾਜ ਦਾ ਨਿਰਦੇਸ਼ਨ ਅਪਣੇ ਹੱਥ ‘ਚ ਲਿਆ। ਉਸ ਤੋਂ ਬਾਅਦ ਦਰਅਸਲ ਜਗੀਰੂ ਜੰਜ਼ੀਰਾਂ ਤੋਂ ਅਜ਼ਾਦ ਹੋ ਕੇ ਸਰਮਾਏਦਾਰੀ ਵਿਕਾਸ ਦੀਆਂ ਆਰਥਿਕ ਤਾਕਤਾਂ ਬਹੁਤ ਤੇਜ਼ੀ ਨਾਲ਼ ਅੱਗੇ ਵਧੀਆਂ।

ਸਰਮਾਏਦਾਰ ਜਮਾਤ ਦੇ ਕਿਸੇ ਵੀ ਆਗੂ ਨੇ ਕਿੱਤੇ ਵੀ ਇਹ ਸ਼ਬਦ ਨਹੀਂ ਕਹੇ “ਕਿ ਹੁਣ ਅਸੀਂ ਸਰਮਾਏਦਾਰੀ ਵਿਕਾਸ ਲਈ ਅੱਗੇ ਵਧਾਂਗੇ”। ਨਾ ਤਾਂ ਆਲਿਵਰ ਕਰਾਮਵੈਲ ਨੇ 1649 ‘ਚ ਇਸ ਤਰ੍ਹਾਂ ਦੀ ਕੋਈ ਗੱਲ ਕਹੀ, ਨਾ ਹੀ ਵਿਲਿਅਮ ਆਫ ਆਰਜ ਨੇ 1688, ਤੇ ਨਾ ਹੀ 1832 ‘ਚ ਲਾਰਡ ਰਕੇ ਨੇ। ਪਰ ਲੈਨਿਨ ਨੇ 1917 ‘ਚ ਇਹ ਜ਼ਰੂਰ ਕਿਹਾ ਸੀ ਕਿ “ਹੁਣ ਅਸੀਂ ਸਮਾਜਵਾਦ ਦੀ ਉਸਾਰੀ ਲਈ ਅੱਗੇ ਵਧਾਂਗੇ”।

ਸਤਾਲਿਨ ਨੇ ਇਨਕਲਾਬਾਂ ਵਿਚਲੇ ਅੰਤਰ ਨੂੰ ਸਪਸ਼ਟ ਕਰਦੇ ਹੋਏ ਲਿਖਿਆ ਸੀ :

“ਸਰਮਾਏਦਾਰੀ (ਬੁਰਜੂਆ) ਇਨਕਲਾਬ ਦਾ ਮੁੱਖ ਕੰਮ ਸੱਤਾ ‘ਤੇ ਹੱਕ ਹਾਸਲ ਕਰਨਾ ਤੇ ਉਹਨੂੰ ਪਹਿਲਾਂ ਤੋਂ ਮੌਜ਼ੂਦ ਸਰਮਾਏਦਾਰਾ (ਬੁਰਜੂਆ) ਢਾਂਚੇ ਦੇ ਅਨੁਸਾਰੀ ਬਣਾਉਣਾ ਹੁੰਦਾ ਹੈ। ਜਦ ਕਿ ਮਜ਼ਦੂਰ ਜਮਾਤ ਦੀ ਮੁੱਖ ਜੁੰਮੇਵਾਰੀ ਨਵੇਂ ਸਮਾਜਵਾਦੀ ਅਰਥਚਾਰੇ ਦੀ ਉਸਾਰੀ ਦੀ ਲੋੜ ਵਜ਼ੋਂ ਸੱਤਾ ‘ਤੇ ਹੱਕ ਹਾਸਿਲ ਕਰਨਾ ਹੁੰਦਾ ਹੈ”।(4)

ਸਿੱਟੇ ਵਜੋਂ ਸਰਮਾਏਦਾਰਾ ਅਧਾਰ ਤੋਂ ਸਮਾਜਵਾਦੀ ਅਧਾਰ ਵੱਖਰੇ ਢੰਗ ਨਾਲ਼ ਮਿੱਥੇ ਟੀਚੇ ਦੀ ਪੂਰੀ ਚੇਤਨਾ ਨਾਲ਼, ਸੋਚ ਸਮਝ ਕੇ ਉਸਾਰਿਆ ਜਾਂਦਾ ਹੈ।

ਤੇ ਇਹ ਅੰਤਰ ਸਮਾਜਵਾਦੀ ਤੇ ਸਰਮਾਏਦਾਰਾ ਵਿਚਾਰਾਂ ਦੇ ਵਿਕਾਸ ਤੇ ਖਾਸੇ ‘ਚ ਵੱਡੇ ਅੰਤਰ ਵੱਲ ਇਸ਼ਾਰਾ ਕਰਦਾ ਹੈ। ਸਰਮਏਦਾਰਾ ਵਿਚਾਰ ਆਪ-ਮੁਹਾਰੀ ਪ੍ਰਕ੍ਰਿਆ ਨਾਲ਼ ਸਰਮਾਏਦਾਰੀ ਦੀ ਉਸਾਰੀ ਤੇ ਸਥਾਪਨਾ ਦੇ ਸਾਧਨਾਂ ਤੇ ਢੰਗਾਂ ਦੀ ਖੋਜ਼ ਦੇ ਸੁਚੇਤ ਉਦੇਸ਼ ਤੋਂ ਬਿਨ੍ਹਾਂ ਹੀ ਵਿਕਸਤ ਹੋਏ ਸਨ। ਦੂਜੇ ਪਾਸੇ ਸਮਾਜਵਾਦੀ ਵਿਚਾਰ ਸਰਮਾਏਦਾਰੀ ਵਿਰੁੱਧ ਮਜ਼ਦੂਰ ਜਮਾਤ ਦੇ ਸੰਘਰਸ਼ ਦੌਰਾਨ ਸਮਾਜ ਦੇ ਢਾਂਚੇ ਅਤੇ ਵਿਕਾਸ ਦੇ ਨਿਯਮਾਂ ਦੇ ਸੰਬੰਧ ‘ਚ ਵਿਗਿਆਨਕ ਸਿੱਟਿਆਂ ਤੱਕ ਪਹੁੰਚਣ ਦੀ ਪ੍ਰਕ੍ਰਿਆ ਦੁਆਰਾ ਮੁੱਖ ਤੌਰ ‘ਤੇ ਇਸ ਲੋੜ ਨਾਲ਼ ਕਿ ਅਜਿਹੇ ਸਿੱਟੇ ਸਰਮਾਏਦਾਰੀ ਤੋਂ ਮੁਕਤੀ ਹਾਸਲ ਕਰਨ ਤੇ ਸਮਾਜਵਾਦ ਨੂੰ ਸਥਪਿਤ ਕਰਨ ਤੇ ਉਸਾਰੀ ਦੇ ਸੰਘਰਸ਼ ‘ਚ ਸਹਾਇਕ ਹੋ ਸਕਣ, ਵਿਕਸਿਤ ਕਿਤੇ ਜਾਂਦੇ ਹਨ।

ਇਹ ਵਿਗਿਆਨਿਕ ਸਮਾਜਵਾਦੀ ਵਿਚਾਰ, ਉਦੋਂ ਸਮਾਜਵਾਦੀ ਉੱਚ-ਉਸਾਰ ਦੇ ਰਾਹ ਦਰਸਾਵੇਂ ਹਾਕਮ ਵਿਚਾਰ ਬਣ ਜਾਂਦੇ ਹਨ ਤੇ ਸਮਾਜਵਾਦੀ ਸਮਾਜ ਦੇ ਰਾਜ ਤੇ ਦੂਜੀਆਂ ਸੰਸਥਾਵਾਂ ਨੂੰ ਇਹਨਾਂ ਦੇ ਅਨੁਸਾਰੀ-ਸਮਾਜਵਾਦੀ ਵਿਕਾਸ ਦੀਆਂ ਅਸਲ ਲੋੜਾਂ ਦੀ ਚੇਤਨਾ ਨਾਲ਼ ਵਿਕਿਸਤ ਕੀਤਾ ਜਾਂਦਾ ਹੈ। ਇਸ ਤਰ੍ਹਾਂ ਸਿਆਸੀ ਵਿਚਾਰ, ਫਲਸਫਾਨਾਂ ਵਿਚਾਰ, ਕਨੂੰਨੀ ਵਿਚਾਰ, ਸਾਹਿਤਕ ਤੇ ਕਲਾ ਸਬੰਧੀ ਵਿਚਾਰ- ਸਮਾਜਵਾਦੀ ਉੱਚ-ਉਸਾਰ ਦੀ ਹਰ ਇੱਕ ਚੀਜ਼ ਸਮਾਜਵਾਦੀ ਵਿਕਾਸ ਦੀ ਮਦਦ ਦੇ ਸੁਚੇਤ ਉਦੇਸ਼ ਨਾਲ਼ ਵਿਕਸਿਤ ਕੀਤੀ ਜਾਂਦੀ ਹੈ ਤੇ ਇਸ ਕਸੌਟੀ ‘ਤੇ ਪਰਖੀ ਜਾਂਦੀ ਹੈ ਕਿ ਉਹ ਉਦੇਸ਼ ਦੀ ਪੂਰਤੀ ਕਰਦੀ ਹੈ ਜਾਂ ਨਹੀਂ।

ਕੁਦਰਤੀ ਤੌਰ ‘ਤੇ ਪੁਰਾਣੇ ਸਰਮਾਏਦਾਰਾ ਵਿਚਾਰ ਹਾਲੇ ਵੀ ਹੋਂਦ ‘ਚ ਰਹਿੰਦੇ ਹਨ। ਨਵੇਂ ਸਮਾਜਵਾਦੀ ਉੱਚ-ਉਸਾਰ ਦੇ ਨਵੇਂ ਤੱਤਾਂ ਤੇ ਪੁਰਾਣੇ ਸਰਮਾਏਦਾਰਾ ਉੱਚ-ਉਸਾਰ ਦੇ ਮਰਨਾਊ ਤੱਤਾਂ ‘ਚ ਇੱਕ ਲੰਮਾਂ ਸੰਘਰਸ਼ ਛਿੜਦਾ ਹੈ। ਇਸ ਸੰਘਰਸ਼ ਦਾ ਸਚੇਤਨ ਉਦੇਸ਼ ਇਹ ਪੱਕਾ ਕਰਨਾ ਹੁੰਦਾ ਹੈ ਕਿ ਨਵੇਂ ਉੱਚ-ਉਸਾਰ ਦੇ ਨਵੇਂ ਅਧਾਰ ਦੇ ਮਜ਼ਬੂਤੀਕਰਨ ਤੇ ਪੁਰਾਣੇ ਅਧਾਰ ਦੇ ਖਾਤਮੇ ‘ਚ ਲਾਜ਼ਮੀ ਸਹਾਇਕ ਹੋਣ।

(2) ਸਮਾਜਵਾਦੀ ਵਿਚਾਰ ਤੇ ਸੰਸਥਾਵਾਂ ਕਿਰਤੀ ਲੋਕਾਂ ਦੀ ਲਗਾਤਾਰ ਵਿਸ਼ਾਲ ਸ਼ਮੂਲੀਅਤ ਨਾਲ਼ ਵਿਕਸਿਤ ਹੁੰਦੇ ਹਨ।

ਮਨੁੱਖ ਦੁਆਰਾ ਮਨੁੱਖ ਦੀ ਲੁੱਟ ‘ਤੇ ਅਧਾਰਿਤ ਸਮਾਜ ‘ਚ ਹਾਕਮ ਵਿਚਾਰ ਲੁੱਟ ਨੂੰ ਜ਼ਾਇਜ ਸਿੱਧ ਕਰਨ ਤੇ ਉਸਨੂੰ ਲੋਕਾਂ ਦੀ ਸਹਿਮਤੀ ਦਵਾਉਣ ‘ਚ ਕਿਸੇ ਨਾ ਕਿਸੇ ਢੰਗ ਨਾਲ਼ ਸਹਾਇਕ ਹੁੰਦੇ ਹਨ ਤੇ ਇਸ ਤਰ੍ਹਾਂ ਸਮਾਜ ਦੀਆਂ ਸੰਸਥਾਵਾਂ ਲੁੱਟੀ ਜਾ ਰਹੀ ਬਹੁਗਿਣਤੀ ‘ਤੇ ਲੁਟੇਰੀ ਘੱਟਗਿਣਤੀ ਦਾ ਪ੍ਰਭਾਵ ਕਾਇਮ ਰੱਖਣ ‘ਚ ਸਹਾਇਕ ਹੁੰਦੀਆਂ ਹਨ। ਇਸ ਲਈ ਇਹ ਵਿਚਾਰ ਮੁੱਖ ਤੌਰ ‘ਤੇ ਘੱਟਗਿਣਤੀ ਪ੍ਰਤੀ ਪੱਖਪਾਤੀ ਤੇ ਧੋਖਾ ਦੇਣ ਵਾਲੇ ਵਿਚਾਰ ਹੁੰਦੇ ਹਨ ਜੋ ਬਹੁਗਿਣਤੀ ‘ਤੇ ਥੋਪੇ ਜਾਂਦੇ ਹਨ, ਤੇ ਸੰਸਥਾਵਾਂ ਪਖੰਡ ਤੇ ਜ਼ਬਰ ਦੀਆਂ ਸੰਸਥਾਵਾਂ ਹੁੰਦੀਆਂ ਹਨ।

ਸਮਾਜਵਾਦੀ ਸਮਾਜ ‘ਚ ਬਿਲਕੁਲ ਇਸਦੇ ਉਲਟ ਹੁੰਦਾ ਹੈ। ਉਹਦੇ ‘ਚ ਹਾਕਮ ਵਿਚਾਰ ਲੋਕਾਂ ਨੂੰ ਲੁੱਟ ਤੋਂ ਅਜ਼ਾਦ ਹੋਣ ਤੇ ਉਹਨਾਂ ਨੂੰ ਇਹ ਦਿਖਾਉਣ ‘ਚ ਸਹਾਇਕ ਹੁੰਦੇ ਹਨ, ਕਿ ਅਪਣੀਆਂ ਪਦਾਰਥਕ ਤੇ ਸਭਿਆਚਾਰਕ ਜ਼ਰੂਰਤਾਂ ਦੀ ਵੱਧ ਤੋਂ ਵੱਧ ਸੰਤੁਸ਼ਟੀ ਹਾਸਲ ਕਰਨ ਲਈ ਅਜ਼ਾਦ ਜਥੇਬੰਦੀ ‘ਚ ਕਿਸ ਤਰ੍ਹਾਂ ਇੱਕ ਜੁੱਟ ਹੋਣਾ ਚਾਹੀਦਾ ਹੈ, ਤੇ ਸਮਾਜ ਦੀ ਸੰਸਥਾਵਾਂ ਵੀ ਇਸੇ ਉਦੇਸ਼ ਦੀ ਪੂਰਤੀ ਕਰਦੀਆਂ ਹਨ।

ਇਸ ਤਰ੍ਹਾਂ ਸਮਾਜ ਦੇ ਵਿਚਾਰਾਂ ਤੇ ਸੰਸਥਾਵਾਂ ਨੂੰ ਲੋਕਾਂ ‘ਤੇ ਥੋਪਿਆ ਨਹੀਂ ਜਾਂਦਾ। ਸਗੋਂ ਇਸ ਤੋਂ ਉਲਟ ਉਹ ਲੋਕਾਂ ਦੇ ਹੀ ਹੁੰਦੇ ਹਨ ਤੇ ਉਹਨਾਂ ਦੀਆਂ ਅੰਦਰੂਨੀ ਇੱਛਾਵਾਂ ਤੇ ਹਿੱਤਾਂ ਦੇ ਅਨੁਸਾਰੀ ਹੁੰਦੇ ਹਨ।

ਇਸ ਤਰ੍ਹਾਂ ਸਮਾਜ ਦੀਆਂ ਸੰਸਥਾਵਾਂ ਸਿਰਫ ਕੁੱਝ ਸੁਵਿਧਾ ਪ੍ਰਾਪਤ ਲੋਕਾਂ ਦੁਆਰਾ ਚਲਾਏ ਜਾਣ ( ਜਿਵੇਂ ਕਿ ਸਰਮਾਏਦਾਰੀ ਸਮਾਜ ‘ਚ ਚਲਦੀਆਂ ਹਨ, ਭਾਵੇਂ ਕਿ ਉੱਥੇ ਹਰ ਮਨੁੱਖ ਦਾ ਮਤ ਹੁੰਦਾ ਹੈ।) ਦੀ ਥਾਂ ਇਸ ਦਾ ਟੀਚਾ ਇਹ ਹੁੰਦਾ ਹੈ ਕਿ ਲੋਕਾਂ ਦੇ ਵਿਸ਼ਾਲ ਹਿੱਸਿਆਂ ਨੂੰ ਸਾਰੀਆਂ ਸਮਾਜਿਕ ਸੰਸਥਾਵਾਂ ਦੇ ਸੰਚਾਲਨ ‘ਚ ਸ਼ਾਮਲ ਕੀਤਾ ਜਾਵੇ, ਇਸ ਢੰਗ ਨਾਲ਼ ਇਹ ਸੰਸਥਾਵਾਂ ਸਹੀ ਅਰਥਾਂ ‘ਚ ਲੋਕਾਂ ਦੀਆਂ ਆਪਣੀਆਂ ਸੰਸਥਾਵਾਂ ਬਣ ਜਾਣਗੀਆਂ ਤੇ ਸਮਾਜ ਦੇ ਵਿਚਾਰ ਬੁੱਧੀਜੀਵੀ ਕੁਲੀਨਾਂ ਦੁਆਰਾ ਪ੍ਰਚਾਰੇ ਜਾਣ ( ਜੋ ਉਹਨਾਂ ਨੂੰ ਲੋਕਾਂ ‘ਤੇ ਥੋਪਣ ਦੀ ਕੋਸ਼ਿਸ਼ ਕਰਦੇ ਹਨ, ਤੇ ਲੋਕਾਂ ਤੋ ਉਮੀਦ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਆਦਰਪੂਰਵਕ ਸੁਣਿਆਂ ਜਾਵੇ, ਜਿਵੇਂ ਕਿ ਬੀ.ਬੀ.ਸੀ. ਵੱਲੋਂ ਸੰਚਾਲਿਤ “ਹਰਮਨ ਪਿਆਰੇ ਵਿਚਾਰ ਵਟਾਂਦਰੇ ‘ਚ ਹੁੰਦਾ ਹੈ) ਦੀ ਥਾਂ ‘ਤੇ ਸਾਰੇ ਵਿਚਾਰਾਂ ਦੇ ਸਬੰਧ ‘ਚ ਵੱਧ ਤੋਂ ਵੱਧ ਲੋਕਵਿਆਪੀ ਬਹਿਸ ਤੇ ਵਿਚਾਰ ਵਟਾਂਦਰੇ ਦੀ ਸਿਰਜਣਾ ਕਰਨ ਦਾ ਟੀਚਾ ਹੁੰਦਾ ਹੈ। ਜਿਸ ਨਾਲ਼ ਇਹ ਵਿਚਾਰ ਸੱਚੇ ਅਰਥਾਂ ‘ਚ ਲੋਕਾਂ ਦੇ ਅਪਣੇ ਵਿਚਾਰ ਬਣ ਜਾਣਗੇ।

ਕੁਦਰਤੀ ਤੌਰ ‘ਤੇ ਸਮਾਜਵਾਦੀ ਸਮਾਜ ਦੇ ਵਿਚਾਰ ਤੇ ਸੰਸਥਾਵਾਂ, ਉਹਨਾਂ ਦਾ ਸਰੂਪ ਘੜਨ ‘ਚ ਲੋਕਾਂ ਦੀ ਵੱਧ ਤੋਂ ਵੱਧ ਵਿਸ਼ਾਲ ਸ਼ਮੂਲੀਅਤ ਦੇ ਸਿੱਟੇ ਵਜੋਂ ਅਸਧਾਰਨ ਹੱਦ ਤੱਕ ਵਧਦੇ ਫੁੱਲਦੇ ਹਨ।

(4). ਸਟਾਲਿਨ : ਲੈਨਿਨਵਾਦ ਦੀਆਂ ਸਮੱਸਿਆਵਾਂ ਬਾਰੇ (On the problems of leninism), ਪਾਠ 4।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 61, 16 ਸਤੰਬਰ 2016 ਵਿੱਚ ਪ੍ਰਕਾਸ਼ਤ

Advertisements