ਸਮਾਜਵਾਦੀ ਰੂਸ ਵਿੱਚ ਖੇਤੀ ਦੇ ਸਾਂਝੀਕਰਨ ਦੀ ਨਿੱਗਰ ਯਥਾਰਥਕ ਤਸਵੀਰਕਸ਼ੀ ਦਾ ਇੱਕ ਇਤਿਹਾਸਕ ਦਸਤਾਵੇਜ਼ : ਸ਼ੋਲੋਖੋਵ ਦਾ ਸੰਸਾਰ ਪ੍ਰਸਿੱਧ ਨਾਵਲ ‘ਧਰਤੀ ਪਾਸਾ ਪਰਤਿਆ’ •ਕੁਲਦੀਪ

12

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਮਨੁੱਖ ਦੀ ਬੌਧਿਕ ਪੈਦਾਵਾਰ ਉਸਦੀ ਪਦਾਰਥਕ ਪੈਦਾਵਾਰ ਦੇ ਅਨੁਸਾਰੀ ਹੁੰਦੀ ਹੈ। ਪਰ ਇਹਨਾਂ ਵਿਚਲਾ ਇਹ ਸਬੰਧ ਇਕਹਿਰਾ, ਇੱਕਰੇਖੀ ਤੇ ਮਕਾਨਕੀ ਨਹੀਂ ਹੁੰਦਾ। ਭਾਵ ਮਾਨਸਿਕ ਪੈਦਾਵਾਰ ਪਦਾਰਥਕ ਪੈਦਾਵਾਰ ਨੂੰ ਵੀ ਮੁੜਵੇਂ ਰੂਪ ਵਿੱਚ ਪ੍ਰਭਾਵਿਤ ਕਰਦੀ ਹੈ ਅਤੇ ਇਹ ਸਬੰਧ ਦਵੰਦਾਤਮਕ ਹੁੰਦਾ ਹੈ। ਇਸੇ ਤਰ੍ਹਾਂ ਜਿਸ ਸਮੇਂ ਮਨੁੱਖਤਾ ਨੇ ਪਿਛਲੇ ਕੁੱਲ ਤਜ਼ਰਬੇ ਦੇ ਅਧਾਰ ‘ਤੇ ਅਤੇ ਉਸਦੀ ਲਗਾਤਾਰਤਾ ਵਿੱਚ ਬਹੁਤ ਹੀ ਤੀਖਣ ਗਤੀ ਨਾਲ਼ ਵੱਡੇ ਕਦਮ ਚੁੱਕੇ ਅਤੇ ਉਸਦੀਆਂ ਪਦਾਰਥਕ ਹਾਲਤਾਂ ਨੇ ਸਮਾਜ ਦੇ ਸਮਾਜਿਕ-ਆਰਥਿਕ-ਸਿਆਸੀ ਵਿਰੋਧਾਂ ਨੂੰ ਸਿਖਰ ‘ਤੇ ਪਹੁੰਚਾਉਂਦੇ ਹੋਏ ਮਨੁੱਖਤਾ ਨੂੰ ਨਵੇਂ ਯੁੱਗ ‘ਚ ਲੈ ਜਾਣ ਲਈ ਪ੍ਰੇਰਿਆ/ਮਜ਼ਬੂਰ ਕੀਤਾ ਤਾਂ ਅਜਿਹੇ ਉੱਥਲਾਂ-ਪੁੱਥਲਾਂ ਭਰੇ, ਤਿੱਖੇ ਸਮਾਜਿਕ ਖਹਿਭੇੜਾਂ ਅਤੇ ਜਮਾਤੀ ਘੋਲ਼ ਦੀ ਤੀਖਣ ਜੱਦੋ-ਜਹਿਦ ਦੇ ਯੁੱਗ-ਪਲਟਾਊ ਸਮੇਂ ਮਹਾਨ ਪ੍ਰਤਿਭਾਵਾਂ ਦੇ ਪੈਦਾ ਹੋਣ ਤੇ ਮਹਾਨ ਕਿਰਤਾਂ ਸਿਰਜਣ ਦਾ ਕਾਰਨ ਬਣੇ। ਅਜਿਹੀਆਂ ਜੱਦੋ-ਜਹਿਦਾਂ, ਵਿਰੋਧਤਾਈਆਂ ਅਤੇ ਉੱਥਲਾਂ-ਪੁੱਥਲਾਂ ਨੂੰ ਜਦ ਕੋਈ ਪ੍ਰਤਿਭਾਸ਼ੀਲ ਸਾਹਿਤਕਾਰ ਸਾਹਿਤ ਦਾ ਵਿਸ਼ਾ ਬਣਾਉਂਦਾ ਹੈ ਤਾਂ ਸਾਹਿਤ ਦੇ ਖੇਤਰ ਵਿੱਚ ਉੱਚ ਪਾਏ ਦੀਆਂ ਰਚਨਾਵਾਂ ਹੋਂਦ ਵਿੱਚ ਆਉਂਦੀਆਂ ਹਨ ਜੋ ਭਵਿੱਖ ਦੇ ਲੋਕਾਂ ਦੀ ਇਤਿਹਾਸ ਜਾਂ ਸਮਾਜ ਨੂੰ ਸਮਝਣ ਵਿੱਚ ਮਦਦ ਕਰਦੀਆਂ ਹਨ।

ਅਜਿਹੀ ਹੀ ਇੱਕ ਰਚਨਾ ਹੈ ਰੂਸ ਦੇ ਸੰਸਾਰ ਪ੍ਰਸਿੱਧ ਨਾਵਲਕਾਰ ਮਿਖ਼ਾਇਲ ਸ਼ੋਲੋਖੋਵ ਦਾ ਨਾਵਲ ‘ਧਰਤੀ ਪਾਸਾ ਪਰਤਿਆ’। ਇਹ ਨਾਵਲ ਉਸ ਦੌਰ ਦੀ ਕਿਰਤ ਹੈ ਜਦ ਰੂਸੀ ਲੋਕ ਧਰਤੀ ‘ਤੇ ਜੀਵਨ ਨੂੰ ਨਵਾਂ ਰੂਪ ਦੇਣ ਦੇ ਮਹਾਨ ਕੰਮ ਵਿੱਚ ਰੁੱਝੇ ਹੋਏ ਸਨ ਅਤੇ ਇਸਦੀ ਨੀਂਹ ਨੂੰ ਮਜ਼ਬੂਤ ਕਰਨ ਲਈ ਆਪਣੇ ਖ਼ੂਨ-ਪਸੀਨੇ ਨਾਲ਼ ਰੂਸੀ ਧਰਤੀ ਨੂੰ ਵਾਹ-ਸੰਵਾਰ ਰਹੇ ਸਨ ਅਤੇ ਜਿੱਥੋਂ ਭਵਿੱਖੀ ਜੀਵਨ ਦੀਆਂ ਨਵੀਆਂ ਕਰੂੰਬਲਾਂ ਫੁੱਟਣੀਆਂ ਸ਼ੁਰੂ ਹੋਈਆਂ ਸਨ। ਇਹ ਨਾਵਲ ਰੂਸ ਵਿੱਚ 1930ਵਿਆਂ ‘ਚ ਸ਼ੁਰੂ ਹੋਏ ਸਾਂਝੀਕਰਨ ਦੇ ਦੌਰ ਦੇ ਮੁੱਢਲੇ ਸਮੇਂ ਦੇ ਯਥਾਰਥ ਨੂੰ ਬਹੁਤ ਹੀ ਗੁੰਦੀ ਹੋਈ ਕਲਾਤਮਕ ਸ਼ੈਲੀ ਵਿੱਚ ਪੇਸ਼ ਕਰਦਾ ਹੈ। 1917 ਦਾ ਅਕਤੂਬਰ ਇਨਕਲਾਬ ਜੇਕਰ ਪੁਰਾਣੇ ਜਮਾਤੀ ਸਬੰਧਾਂ ਵਿੱਚ ਯੁੱਗ-ਪਲਟਾ ਸੀ ਤਾਂ 1929-30 ਦਾ ਇਹ ਸਾਂਝੀਕਰਨ ਪੁਰਾਣੇ ਜ਼ਮੀਨੀ ਸਬੰਧਾਂ ਵਿੱਚ ਹੀ ਨਹੀਂ, ਮਨੁੱਖੀ ਸੰਸਕਾਰਾਂ ਵਿੱਚ ਵੀ ਇੱਕ ਯੁੱਗ-ਪਲਟਾ ਸੀ। ਇਸ ਕਰਕੇ ਇਹ ਨਾਵਲ ਸਮੇਂ ਦੇ ਯਥਾਰਥ (ਤੀਖਣ ਜਮਾਤੀ ਘੋਲ਼, ਸਮਾਜਿਕ-ਆਰਥਿਕ-ਸਿਆਸੀ ਵਿਰੋਧਤਾਈਆਂ) ਦੀ ਬਹੁਤ ਹੀ ਘੋਖ਼ਵੀਂ ਤੇ ਜੀਵੰਤ ਪੇਸ਼ਕਾਰੀ ਹੈ। 1930ਵਿਆਂ ‘ਚ ਜਦ ਸਮਾਜਵਾਦੀ ਰੂਸ ਵਿੱਚ ਖੇਤੀ ਖੇਤਰ ‘ਚ ਸਾਂਝੀਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ ਤਾਂ ਉਸ ਸਮੇਂ ਦੀਆਂ ਵੰਗਾਰਾਂ, ਸਮੱਸਿਆਵਾਂ, ਵਿਰੋਧਾਂ, ਘਾਟਾਂ, ਕਮਜ਼ੋਰੀਆਂ, ਔਖਿਆਈਆਂ ਅਤੇ ਉਲਟ-ਇਨਕਲਾਬੀ ਸ਼ਾਜਿਸ਼ਾਂ, ਭੰਨਾਂ-ਤੋੜਾਂ, ਕਮਿਊਨਿਸਟਾਂ ਦੇ ਕਤਲਾਂ, ਸਾਂਝੇ ਖੇਤਾਂ ਨੂੰ ਪਹੁੰਚਾਏ ਨੁਕਸਾਨਾਂ ਅਤੇ ਉਹਨਾਂ ਨਾਲ਼ ਜੂਝਦੇ ਕਮਿਊਨਿਸਟਾਂ ਦਾ ਲੋਕ-ਏਕਤਾ ਦੇ ਸਹਾਰੇ ਹਰ ਮੁਸ਼ਕਿਲ ਤੇ ਵੰਗਾਰ ਦਾ ਸਾਹਮਣਾ ਕਰਦੇ ਹੋਏ ਸਮਾਜਵਾਦੀ ਉਸਾਰੀ ਲਈ ਸਿਦਕ, ਦ੍ਰਿੜਤਾ ਤੇ ਹੌਂਸਲੇ ਨਾਲ਼ ਕੀਤੀਆਂ ਕੁਰਬਾਨੀਆਂ ਦਾ ਵਰਣਨ ਹੈ। ਪਰ ਨਾਲ਼ ਹੀ ਆਮ ਲੋਕਾਂ ਦੇ ਸਮਾਜਵਾਦ ਪ੍ਰਤੀ ਤੁਅੱਸਬ, ਡਰ, ਤੌਖਲੇ ਤੇ ਫਿਰ ਉਹਨਾਂ ‘ਚੋਂ ਉੱਭਰ ਕੇ ਸਾਂਝੀਕਰਨ ਵਿੱਚ ਸਰਗਰਮ ਸ਼ਮੂਲੀਅਤ ਆਦਿ ਪੱਖਾਂ ‘ਤੇ ਬਹੁਤ ਹੀ ਭਰਪੂਰ ਚਾਨਣ ਪਾਇਆ ਗਿਆ ਹੈ।

ਰੂਸ ਵਿੱਚ ਖੇਤੀ ਖੇਤਰ ਵਿੱਚ ਸਾਂਝੀਕਰਨ ਦੀ ਸ਼ੁਰੂਆਤ ਹੋਈ ਤੇ ਪਾਰਟੀ ਵੱਲੋਂ ਕੁਲਕਾਂ (ਅਮੀਰ ਕਿਸਾਨਾਂ) ਦੀ ਜਾਇਦਾਦ ਸਾਂਝੇ ਖੇਤ ਲਈ ਲੈ ਕੇ ਉਹਨਾਂ ਦਾ ਜਮਾਤ ਦੇ ਤੌਰ ‘ਤੇ ਖ਼ਾਤਮਾ ਕਰਨ, ਆਮ ਛੋਟੇ ਤੇ ਦਰਮਿਆਨੇ ਕਿਸਾਨਾਂ ਨਾਲ਼ ਮਿੱਤਰਤਾ ਵਾਲ਼ਾ ਰਵੱਈਆ ਵਰਤਦੇ ਹੋਏ ਤੇ ਪ੍ਰੇਰਿਤ ਕਰਦੇ ਹੋਏ ਖੇਤੀ ਖੇਤਰ ਵਿੱਚ ਸਾਂਝੀਕਰਨ ਕਰਨ ਤੇ ਸਾਂਝੇ ਖੇਤੀ-ਫਾਰਮ ਬਣਾਉਣ ਲਈ ਪਾਰਟੀ ਮੈਂਬਰਾਂ ਦੀਆਂ ਡਿਊਟੀਆਂ ਪੇਂਡੂ ਖੇਤਰਾਂ ਵਿੱਚ ਲਗਾਈਆਂ ਗਈਆਂ। ਪਰ ਉਹਨਾਂ ਦੀ ਨਾ-ਤਜ਼ਰਬਾਕਾਰੀ, ਪਾਰਟੀ ਵਿੱਚ ਨੌਕਰਸ਼ਾਹੀ ਤੱਤਾਂ ਦੀ ਭਰਮਾਰ, ਲੋਕਾਂ ਦਾ ਪਿੱਤਰੀ ਜਾਇਦਾਦ ਪ੍ਰਤੀ ਲਗਾਅ ਤੇ ਕੁਲਕਾਂ ਦੁਆਰਾ ਉਸਦਾ ਫਾਇਦਾ ਲੈਣਾ ਆਦਿ ਕਾਰਨ ਸ਼ੁਰੂ-ਸ਼ੁਰੂ ਵਿੱਚ ਸਾਂਝੀਕਰਨ ਦੀ ਮੁਹਿੰਮ ਨੂੰ ਨੁਕਸਾਨ ਪਹੁੰਚਦਾ ਹੈ। ਇਸਦੇ ਨਾਲ਼ ਹੀ ਕੁਲਕਾਂ ਨੂੰ ਸਮਾਜਵਾਦ ਪ੍ਰਤੀ ਭੰਡੀ-ਪ੍ਰਚਾਰ ਕਰਨ ਦਾ ਮੌਕਾ ਮਿਲ਼ਦਾ ਹੈ ਜੋ ਆਮ ਕਿਸਾਨਾਂ ਵਿੱਚ ਤੁਅੱਸਬ ਪੈਦਾ ਕਰਨ ਦਾ ਕਾਰਨ ਬਣਦਾ ਹੈ। ਨਾਵਲ ਦੀ ਕਹਾਣੀ ਡਾਨ ਇਲਾਕੇ ਦੇ ਇੱਕ ਪਿੰਡ ਗ੍ਰੈਮਯੇਚੀ ਵਿੱਚ ਵਾਪਰਦੀ ਦਿਖਾਈ ਗਈ ਹੈ ਜਿਸਦੇ ਰਾਹੀਂ ਸਾਂਝੀਕਰਨ ਦੇ ਸਮੇਂ ਨੂੰ ਪੇਸ਼ ਕੀਤਾ ਗਿਆ ਹੈ। ਇਸ ਪਿੰਡ ਵਿੱਚ ਦਾਵੀਦੋਵ ਨਾਂ ਦੇ ਇੱਕ ਕਮਿਊਨਿਸਟ ਦੀ ਡਿਊਟੀ ਲੱਗਦੀ ਹੈ। ਸ਼ੁਰੂਆਤੀ ਸਮੇਂ ਵਿੱਚ ਜਦ ਦਾਵੀਦੋਵ ਸਾਂਝੀਕਰਨ ਬਾਰੇ ਤੇ ਉਸਦੇ ਫਾਇਦਿਆਂ ਬਾਰੇ ਲੋਕਾਂ ਨੂੰ ਦੱਸਦਾ ਹੈ ਤਾਂ ਬਹੁਤ ਥੋੜ੍ਹੇ ਲੋਕ ਹੀ ਸਾਂਝੇ ਖੇਤ ਵਿੱਚ ਸ਼ਾਮਲ ਹੋਣ ਲਈ ਰਾਜੀ ਹੁੰਦੇ ਹਨ। ਕਿਉਂਕਿ ਇੱਕ ਤਾਂ ਕਿਸਾਨਾਂ ਵਿੱਚ ਜ਼ਮੀਨ-ਜਾਇਦਾਦ ਦਾ ਪਿੱਤਰੀ ਮੋਹ ਬਹੁਤ ਡੂੰਘੀਆਂ ਜੜ੍ਹਾਂ ਜਮਾਈ ਬੈਠਾ ਸੀ ਦੂਜਾ ਸਾਂਝੀ ਖੇਤੀ ਦਾ ਪ੍ਰੋਜੈਕਟ ਵੀ ਹਾਲੇ ਉਹਨਾਂ ਨੂੰ ਖ਼ਿਆਲੀ ਗੱਲਾਂ ਹੀ ਲੱਗਦਾ ਸੀ ਜਿਹਨਾਂ ਨੂੰ ਕੁਲਕਾਂ ਦੀਆਂ ਅਫ਼ਵਾਹਾਂ ਨੇ ਖਾਦ-ਪਾਣੀ ਦਾ ਕੰਮ ਕੀਤਾ। ਜਿਵੇਂ ਨਾਵਲ ਵਿੱਚ ਸਾਂਝੇ-ਖੇਤ ਵਿੱਚ ਸ਼ਾਮਲ ਹੋਣ ਵਾਲ਼ੇ ਇੱਕ ਕਿਸਾਨ ਦਾ ਵਰਣਨ ਦੇਖੋ, “ਸਾਂਝੀ ਖੇਤੀ ਕੋਂਦਰਾਤ ਲਈ ਕੋਈ ਸੌਖਾ ਕੰਮ ਨਹੀਂ ਸੀ। ਉਸਨੇ ਉਹ ਨਾੜੂਆ ਲਹੂ ਦੇ ਅੱਥਰੂਆਂ ਨਾਲ਼ ਕੱਟਿਆ, ਜਿਹੜਾ ਉਸਨੂੰ ਆਪਣੀ ਜਾਇਦਾਦ, ਆਪਣੇ ਬਲਦਾਂ, ਆਪਣੀ ਭੋਂ ਦੀ ਖੁੱਡ ਨਾਲ਼ ਬੰਨ੍ਹੀ ਬੈਠਾ ਸੀ।” ਮੁੱਢਲੀਆਂ ਮੀਟਿੰਗਾਂ ਵਿੱਚ ਲੜਾਈਆਂ ਹੁੰਦੀਆਂ ਹਨ, ਇੱਥੋਂ ਤੱਕ ਕਿ ਇੱਕ ਵਾਰ ਪਿੰਡ ਦੀਆਂ ਔਰਤਾਂ ਕੁਲਕਾਂ ਦੀ ਚੁੱਕ ਵਿੱਚ ਆ ਕੇ ਦਾਵੀਦੋਵ ਨੂੰ ਕੁੱਟਦੀਆਂ ਵੀ ਹਨ। ਵਿਚਾਰਧਾਰਕ ਸਿਆਸੀ ਕੱਚਿਆਈ ਦੇ ਚੱਲਦੇ ਸ਼ੁਰੂਆਤੀ ਸਮੇਂ ਵਿੱਚ ਸਾਂਝੀਕਰਨ ਨੂੰ ਮਕਾਨਕੀ ਜਿਹੇ ਢੰਗ ਨਾਲ਼ ਤੇ ਨੌਕਰਸ਼ਾਹਨਾ ਤਰੀਕੇ ਨਾਲ਼ ਲਾਗੂ ਕੀਤਾ ਜਾਂਦਾ ਹੈ। ਪਾਰਟੀ ਦੇ ਜ਼ਿਲ੍ਹਾ ਸਕੱਤਰ ਤੱਕ ਵਰਗੇ ਲੋਕ ਵੀ ਦਾਵੀਦੋਵ ਵਰਗਿਆਂ ‘ਤੇ ਜ਼ੋਰ ਪਾਉਂਦੇ ਹਨ ਕਿ ਵੱਧ ਤੋਂ ਵੱਧ ਲੋਕਾਂ ਨੂੰ ਸਾਂਝੇ ਖੇਤੀ ਫਾਰਮਾਂ ਵਿੱਚ ਲਿਆਉ। ਇੱਥੋਂ ਪਾਰਟੀ ਦੇ ਜ਼ਿੰਮੇਵਾਰ ਮੈਂਬਰਾਂ ਦੀ ਵਿਚਾਰਧਾਰਕ ਕਚਿਆਈ ਦਾ ਪਤਾ ਲੱਗਦਾ ਹੈ ਜਿਸਦੀ ਮਿਸਾਲ ਹੈ ਕਿ ਪਿੰਡ ਦੇ ਸਾਂਝੇ ਫਾਰਮ ਦੇ ਮੈਂਬਰ ਕੁੱਕੜੀਆਂ ਸਾਂਝੀਆਂ ਕਰਨ ਤੱਕ ਚਲੇ ਜਾਂਦੇ ਹਨ। ਇੱਥੋਂ ਕੁਲਕ ਪ੍ਰਚਾਰ ਕਰਦੇ ਹਨ ਕਿ ਕਮਿਊਨਿਸਟ ਲੋਕਾਂ ਦੀਆਂ ਔਰਤਾਂ ਵੀ ਸਾਂਝੀਆਂ ਕਰ ਦੇਣਗੇ। ਜਿਵੇਂ ਲੂਚਿਕ ਕੁਲਕਾਂ ਦੀ ਮੀਟਿੰਗ ਵਿੱਚ ਕਹਿੰਦਾ ਹੈ, “…ਹਿਠਾੜ ਦੇ ਸਾਰੇ ਪਿੰਡਾਂ ਵਿੱਚ ਔਰਤਾਂ ਸਾਂਝੀਆਂ ਕਰ ਦਿੱਤੀਆਂ ਗਈਆਂ ਸਨ ਤੇ ਕਮਿਊਨਿਸਟ ਸਭ ਤੋਂ ਪਹਿਲਾਂ ਦੂਜਿਆਂ ਦੀਆਂ ਵਹੁਟੀਆਂ ਨਾਲ਼ ਸੁੱਤੇ ਸਨ…।” ਅਜਿਹਾ ਮਾਹੌਲ ਉਦੋਂ ਬਣ ਚੁੱਕਿਆ ਸੀ। ਦੂਜੇ ਪਾਸੇ ਕੁਲਕਾਂ ਦੀ ਕੋਸ਼ਿਸ਼ ਸੀ ਕਿ ਸਾਂਝੀਕਰਨ ਨੂੰ ਇੰਨਾ ਫੈਲਾਓ ਕਿ ਇਹ ਫੇਲ੍ਹ ਹੋ ਜਾਵੇ। ਪਰ ਨਾਲ਼ ਹੀ ਉਹਨਾਂ ਨੇ ਵੱਡੀ ਗਿਣਤੀ ਵਿੱਚ ਪਸ਼ੂਧਨ ਦਾ ਨੁਕਸਾਨ ਕੀਤਾ ਤਾਂ ਜੋ ਖੇਤੀ ਲਈ ਸਾਧਨ ਹੀ ਨਾ ਮਿਲਣ। ਲੂਚਿਕ ਪੋਲੋਵਤਸੇਵ ਦੀ ਮਦਦ ਨਾਲ਼ ਆਪਣੀਆਂ ਭੇਡਾਂ ਨੂੰ ਮਾਰ ਰਿਹਾ ਸੀ ਤਾਂ ਕਹਿ ਰਿਹਾ ਸੀ, “ਸਾਂਝੇ ਖੇਤ ਦੇ ਇੱਜੜ ਵਿੱਚ ਰਲ਼ਾ ਕੇ ਆਪਣੀਆਂ ਭੇਡਾਂ ਪਲਣ ਤੇ ਵਧਣ ਦੇਣ ਅਤੇ ਸੋਵੀਅਤ ਸਰਕਾਰ ਦਾ ਮਨ ਖੁਸ਼ ਕਰਨ ਦੀ ਥਾਂ ਇਹਨਾਂ ਦੇ ਮਾਸ ਨੂੰ ਉਸ ਕਾਲ਼ੇ ਕੁੱਤੇ ਅੱਗੇ ਪਾ ਦੇਣਾ ਚੰਗਾ ਏ।… ਅਸੀਂ ਕਾਲ, ਤਬਾਹੀ ਤੇ ਵਿਦਰੋਹ ਨਾਲ਼ ਸੋਵੀਅਤਾਂ ਦਾ ਗਲ ਘੁੱਟ ਦਿਆਂਗੇ…।” ਇਸ ਪੂਰੇ ਮਾਹੌਲ ਨੂੰ ਦੇਖਦੇ ਸਤਾਲਿਨ ਨੂੰ ਪ੍ਰਾਵਦਾ ਵਿੱਚ ਇੱਕ ਲੇਖ (ਸਾਂਝੀਕਰਨ ਦੀ ਚਕਾਚੌਂਧ) ਲਿਖਣਾ ਪਿਆ ਜਿਸ ਵਿੱਚ ਜ਼ੋਰ ਦਿੱਤਾ ਗਿਆ ਕਿ ਕਿਸੇ ਵੀ ਗ਼ਰੀਬ ਜਾਂ ਦਰਮਿਆਨੇ ਕਿਸਾਨ ਨਾਲ਼ ਜ਼ਬਰਦਸਤੀ ਨਾ ਕੀਤੀ ਜਾਵੇ ਅਤੇ ਜੋ ਸਾਂਝੇ ਖੇਤ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦਾ ਉਹਨੂੰ ਮਜ਼ਬੂਰ ਨਾ ਕੀਤਾ ਜਾਵੇ। ਉਸ ਤੋਂ ਬਾਅਦ ਪਾਰਟੀ ਦੁਆਰਾ ਨੌਕਰਸ਼ਾਹ ਤੱਤਾਂ ਨੂੰ ਅਹੁਦਿਆਂ ਤੋਂ ਹਟਾਇਆ ਗਿਆ। ਇਸ ਤੋਂ ਸਮਝ ਲੈ ਕੇ ਦਾਵੀਦੋਵ ਤੇ ਉਸਦੇ ਸਾਥੀ ਵੀ ਆਪਣੀਆਂ ਨੀਤੀਆਂ ਬਦਲਦੇ ਹਨ ਅਤੇ ਆਪਣੇ ਕੰਮ ਢੰਗਾਂ ਵਿੱਚ ਤਬਦੀਲੀਆਂ ਲਿਆਉਂਦੇ ਹਨ ਜਿਸਦੇ ਨਤੀਜੇ ਸਾਜ਼ਗਾਰ ਨਿੱਕਲ਼ਣੇ ਸ਼ੁਰੂ ਹੁੰਦੇ ਹਨ। ਇੱਕ ਵਾਰ ਥੋੜ੍ਹੇ ਲੋਕ ਸਾਂਝੇ ਖੇਤ ਵਿੱਚ ਆਉਂਦੇ ਹਨ ਜਿਸਦੇ ਚੰਗੇ ਨਤੀਜੇ ਸਾਹਮਣੇ ਆਉਂਦੇ ਹਨ। ਨਵੇਂ ਲੋਕ ਭਰਤੀ ਹੁੰਦੇ ਹਨ ਜੋ ਨਵੇਂ ਢੰਗ ਨਾਲ਼ ਕੰਮ ਕਰਦੇ ਹਨ। ਹੌਲ਼ੀ-ਹੌਲ਼ੀ ਲੋਕਾਂ ਦੀ ਸ਼ਮੂਲੀਅਤ ਵੀ ਵਧਦੀ ਹੈ ਅਤੇ ਅੰਤ ਵਿੱਚ ਕੁਲਕਾਂ ਨੂੰ ਵੀ ਦਬਾ ਦਿੱਤਾ ਜਾਂਦਾ ਹੈ। ਇੱਥੇ ਇੱਕ ਹੋਰ ਗੱਲ ਧਿਆਣ ਦੇਣ ਯੋਗ ਹੈ ਜਦ ਸਾਰੇ ਉਲਟ-ਇਨਕਲਾਬੇ ਕੁਲਕ ਫੜੇ ਜਾਂਦੇ ਹਨ ਤਾਂ ਬਹੁਤ ਹੀ ਥੋੜ੍ਹਿਆਂ ਨੂੰ ਜਿਹਨਾਂ ਦੇ ਜ਼ੁਰਮ ਬਹੁਤ ਗੰਭੀਰ ਸਨ, ਹੀ ਮੌਤ ਦੀ ਸਜ਼ਾ ਮਿਲ਼ੀ ਬਾਕੀਆਂ ਨੂੰ ਕੁਝ ਮਾਮੂਲੀ ਸਜ਼ਾਵਾਂ ਹੀ ਮਿਲ਼ੀਆਂ ਸਨ, ਪਰ ਇਸਨੂੰ ਲੈ ਕੇ ਸਤਾਲਿਨ ‘ਤੇ ਬਹੁਤ ਚਿੱਕੜ-ਉਛਾਲ਼ੀ ਹੁੰਦੀ ਹੈ। ਇਸਦੇ ਨਾਲ਼ ਹੀ ਦਾਵੀਦੋਵ, ਨਾਗੁਲਨੋਵ, ਐਂਦਰੀ ਵਰਗੇ ਬਹਾਦਰ, ਹਿੰਮਤੀ, ਸਿਰੜੀ ਲੋਕਾਂ ਨੂੰ ਵੀ ਓਨੇ ਹੀ ਯਥਾਰਥਕ ਢੰਗ ਨਾਲ਼ ਚਿਤਰਿਆ ਗਿਆ ਹੈ ਜੋ ਹਰ ਸਮੱਸਿਆ ਤੇ ਪਿਛਾਖੜ ਨਾਲ਼ ਜੂਝੇ, ਖੌਜਲ਼ੇ ਅਤੇ ਜੱਦੋ-ਜਹਿਦ ਕੀਤੀ, ਗ਼ਲਤੀਆਂ ਤੋਂ ਸਿੱਖਿਆ ਅਤੇ ਆਪਣੇ ਲਹੂ ਨਾਲ਼ ਮਨੁੱਖੀ ਇਤਿਹਾਸ ਦੇ ਚੱਕੇ ਨੂੰ ਅੱਗੇ ਹੁਲਾਰਾ ਦੇਣ ਤੋਂ ਵੀ ਪਿੱਛੇ ਨਹੀਂ ਹਟੇ। ਜੋ ਰਾਤ ਨੂੰ ਸਾਰੀ ਰਾਤ ਉਲਟ-ਇਨਕਲਾਬੀਆਂ ਦੀਆਂ ਹਰਕਤਾਂ ‘ਤੇ ਨਜ਼ਰ ਰੱਖਦੇ ਅਤੇ ਦਿਨੇ ਸਾਰਾ ਦਿਨ ਸਾਂਝੇ-ਫਾਰਮ ਦਾ ਕੰਮ ਕਰਦੇ ਹੋਏ ਵੀ ਇਹ ਮਹਿਸੂਸ ਨਹੀਂ ਹੋਣ ਦਿੰਦੇ ਸਨ ਕਿ ਉਹ ਰਾਤ ਸੁੱਤੇ ਨਹੀਂ। ਸ਼ੋਲੋਖ਼ੋਵ ਨੇ ਅਜਿਹੇ ਲੋਕਾਂ ਨੂੰ ਅੱਖੀਂ ਦੇਖਿਆ ਅਤੇ ਇਸ ਮਹਾਨ ਕਾਰਜ ਵਿੱਚ ਖੁਦ ਸ਼ਮੂਲੀਅਤ ਵੀ ਕੀਤੀ।

ਨਾਵਲ ਵਿੱਚ ਜਮਾਤੀ ਘੋਲ਼ ਦੇ ਉਸ ਤੀਖਣ ਦੌਰ ਨੂੰ ਦਿਖਾਇਆ ਗਿਆ ਹੈ ਜਦ ਲੋਟੂ ਤੇ ਪਿਛਾਖੜੀ ਜਮਾਤਾਂ ਖ਼ਤਮ ਹੋਣ ਵੱਲ ਨੂੰ ਵਧ ਰਹੀਆਂ ਸਨ ਅਤੇ ਮਨੁੱਖਤਾ ਦੇ ਪਿੰਡੇ ਤੋਂ ਇਹਨਾਂ ਜੋਕਾਂ ਨੂੰ ਲਾਹ ਸੁੱਟਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਆਈ ਸੀ। ਇਸ ਤਰ੍ਹਾਂ ਨਾਵਲ ਦਾ ਵਿਸ਼ਾ ਇਹਨਾਂ ਯੁੱਗ-ਪਲਟਾਊ ਘਟਨਾਵਾਂ ਦਾ ਬਹੁਤ ਹੀ ਜੀਵੰਤ ਤੇ ਯਥਾਰਥਕ ਵਰਣਨ ਪੇਸ਼ ਕਰਦਾ ਹੈ।

ਨਾਵਲ ਦੇ ਸਾਰੇ ਪਾਤਰ ਯਥਾਰਥਕ ਤੇ ਆਪਣੇ-ਆਪਣੇ ਹਲਾਤਾਂ ਦੇ ਪ੍ਰਤੀਨਿਧ ਪਾਤਰ ਹਨ। ਜਿਵੇਂ ਦਾਵੀਦੋਵ ਇੱਕ ਦਲੇਰ, ਸਿਦਕੀ ਤੇ ਆਪਣੀ ਜਮਾਤ ਪ੍ਰਤੀ ਪ੍ਰਤੀਬੱਧ ਕਮਿਊਨਿਸਟ ਦੀ ਉਦਾਹਰਣ ਹੈ, ਲੂਚਿਕ ਇੱਕ ਦਰਮਿਆਨੇ ਕਿਸਾਨ ਦੀ ਉਦਾਹਰਣ ਹੈ ਜੋ ਕਦੇ ਕਮਿਊਨਿਸਟਾਂ ਵੱਲ ਝੁਕਦਾ ਹੈ ਤੇ ਕਦੇ ਉਲਟ-ਇਨਕਲਾਬੀਆਂ ਵੱਲ ਪਰ ਅੰਤ ‘ਚ ਉਲਟ-ਇਨਕਲਾਬੀ ਸਾਬਤ ਹੁੰਦਾ ਹੈ, ਪੋਲੋਵਤਸੇਵ ਇੱਕ ਅਜਿਹੇ ਕੁਲਕ ਦੀ ਉਦਾਹਰਣ ਹੈ ਜਿਸਦੀ ਜਾਇਦਾਦ ਸਰਕਾਰ ਨੇ ਜਬਤ ਕਰ ਲਈ ਅਤੇ ਜੋ ਆਪਣੇ ਬੀਤੇ ਨੂੰ ਬਹਾਲ ਕਰਨ ਲਈ ਉਲਟ-ਇਨਕਲਾਬੀ ਯਤਨ ਕਰਦਾ ਹੈ। ਦੂਜਾ ਦਾਵੀਦੋਵ, ਐਂਦਰੀ ਤੇ ਨਾਗੁਲਨੋਵ ਵਰਗੇ ਕਮਿਊਨਿਸਟ ਇਨਕਲਾਬੀਆਂ ਨੂੰ – ਖ਼ਾਸ ਕਰਕੇ ਦਾਵੀਦੋਵ ਨੂੰ ਜਿੱਥੇ ਸਿਰੜੀ, ਮਿਹਨਤੀ, ਪ੍ਰਤੀਬੱਧ, ਹਿੰਮਤੀ ਦਿਖਾਇਆ ਗਿਆ ਹੈ ਉੱਥੇ ਉਹਨਾਂ ਵਿਚਲੀਆਂ ਕਮਜ਼ੋਰੀਆਂ ਦਾ ਵੀ ਵਰਣਨ ਹੈ। ਜਿਵੇਂ ਦਾਵੀਦੋਵ ਜੇਕਰ ਇੱਕ ਸੱਚਾ ਕਮਿਊਨਿਸਟ ਹੈ ਤਾਂ ਦੂਜੇ ਪਾਸੇ ਉਸਦੀਆਂ ਕਮਜ਼ੋਰੀਆਂ ਵੀ ਹਨ ਜਿਵੇਂ ਲੁਸ਼ਕਾ ਨਾਲ਼ ਉਸਦਾ ਅਸਫ਼ਲ ਪਿਆਰ ਜਿਸ ‘ਚੋਂ ਉਹ ਕੁਝ ਸਮੇਂ ਵਿੱਚ ਉੱਭਰ ਜਾਂਦਾ ਹੈ। ਪਰ ਇਹਨਾਂ ਦੇ ਬਾਵਜੂਦ ਵੀ ਆਪਣੇ ਫ਼ਰਜ਼ ਨੂੰ ਹੀ ਪਹਿਲ ਦਿੰਦਾ ਹੈ। ਸਾਂਝੇ ਫਾਰਮ ਦੇ ਕੰਮਾਂ ਵਿੱਚ ਲੋਕਾਂ ਨਾਲ਼ ਖੁਦ ਕੰਮ ਕਰਕੇ ਉਦਾਹਰਣ ਪੇਸ਼ ਕਰਦਾ ਹੋਇਆ ਉਹਨਾਂ ਨੂੰ ਪ੍ਰੇਰਿਤ ਕਰਦਾ ਹੈ। ਇਸੇ ਤਰ੍ਹਾਂ ਹੀ ਨਾਗੁਲਨੋਵ ਤੇ ਐਂਦਰੀ ਦੇ ਪਾਤਰ ਹਨ। ਵਿਰੋਧੀ ਪਾਤਰਾਂ ਵਿੱਚੋਂ ਉਲਟ-ਇਨਕਲਾਬੀ ਪਾਤਰ ਪੋਲੋਵਤਸੇਵ ਦਾ ਪਾਤਰ ਵੀ ਧਿਆਨ ਖਿੱਚਦਾ ਹੈ। ਉਸਨੂੰ ਪਤਾ ਹੁੰਦਾ ਹੈ ਕਿ ਹੁਣ ਉਲਟ-ਇਨਕਲਾਬੀ ਸ਼ਾਜਿਸ਼ਾਂ ਸਫ਼ਲ ਨਹੀਂ ਹੋਣੀਆਂ ਪਰ ਉਹ ਫਿਰ ਵੀ ਆਪਣੇ ਬੀਤੇ ਸਵਰਗ ਨੂੰ ਬਹਾਲ ਕਰਨ ਦੇ ਯਤਨਾਂ ਵਿੱਚ ਰਹਿੰਦਾ ਹੈ ਅਤੇ ਅਖੀਰ ਜਦ ਫੜਿਆ ਜਾਂਦਾ ਹੈ ਤਾਂ ਉਸੇ ਕਮਰੇ ਵਿੱਚ ਲੈਨਿਨ ਦੀਆਂ ਕਿਤਾਬਾਂ ਦੀਆਂ ਸਾਰੀਆਂ ਜਿਲਦਾਂ ਦੇਖ ਕੇ ਜਦ ਪੁਲਿਸ ਵਾਲ਼ੇ ਉਹਨਾਂ ਬਾਰੇ ਪੁੱਛਦੇ ਹਨ ਤਾਂ ਉਹ ਕਹਿੰਦਾ ਹੈ, “ਦੁਸ਼ਮਣ ਨੂੰ ਹਰਾਉਣ ਲਈ ਉਸਦੇ ਹਥਿਆਰਾਂ ਨੂੰ ਜਾਣਨਾ ਜ਼ਰੂਰੀ ਹੈ।” ਇਸੇ ਤਰ੍ਹਾਂ ਲੂਚਿਕ ਜੋ 1918 ਦੀ ਖਾਨਾਜੰਗੀ ਵੇਲ਼ੇ ਬਾਲਸ਼ਵਿਕਾਂ ਵੱਲੋਂ ਲੜਦਾ ਹੈ ਪਰ ਜਦ ਨੇਪ ਦੌਰਾਨ ਪੈਸੇ ਆਉਂਦੇ ਹਨ ਤਾਂ ਬਹੁਤ ਸਮਾਂ ਇਨਕਲਾਬ ਪੱਖੀ ਤੇ ਇਨਕਲਾਬ ਵਿਰੋਧੀ ਧੁਰੀਆਂ ‘ਤੇ ਡੋਲਦਾ ਰਹਿੰਦਾ ਹੈ ਪਰ ਅਖੀਰ ਉਲਟ-ਇਨਕਲਾਬੀਆਂ ਦੇ ਪੱਖ ‘ਚ ਝੁਕਦਾ ਹੈ। ਇਹਨਾਂ ਪਾਤਰਾਂ ਦੇ ਕਮਜ਼ੋਰ ਪੱਖ ਤੇ ਮਜ਼ਬੂਤ ਪੱਖ ਵਿਚਲੇ ਵਿਰੋਧ ‘ਚੋਂ ਉਹਨਾਂ ਦਾ ਵਿਕਾਸ ਹੁੰਦਾ ਵੀ ਨਾਵਲ ਵਿੱਚੋਂ ਝਲਕਦਾ ਹੈ।

ਇੱਕ ਨੌਜਵਾਨ ਵਾਨਯੂਸ਼ਾ ਨਾਇਦਯੋਨੋਵ ਰਾਹੀਂ ਲੇਖਕ ਨੇ ਦਰਸਾਇਆ ਹੈ ਕਿ ਪੁਰਾਣੀ ਪੀੜ੍ਹੀ ਦੇ ਲੋਕਾਂ ਨਾਲ਼ੋਂ ਨਵੀਂ ਪੀੜ੍ਹੀ ਜ਼ਿਆਦਾ ਤੇਜ਼-ਤਰਾਰ ਹੈ। ਜਦ ਨਾਗੁਲਨੋਵ ਨੂੰ ਸਾਂਝੀ ਖੇਤੀ ਦੇ ਬੀਜ ਲਈ ਕੋਈ ਦਾਣੇ ਨਹੀਂ ਦਿੰਦਾ ਤਾਂ ਵਾਨਯੂਸ਼ਾ ਬਹੁਤ ਸੌਖ ਨਾਲ਼ ਇਕੱਠੇ ਕਰ ਲੈਂਦਾ ਹੈ।

ਕੁਲਕਾਂ ਦੇ ਕਿਰਦਾਰ ਵਿਚਲੀ ਬੇਰਹਿਮਤਾ ਤੇ ਬਰਬਰਤਾ ਨੂੰ ਵੀ ਬਾਖੂਬੀ ਪੇਸ਼ ਕੀਤਾ ਹੈ। ਪੋਲੋਵਤਸੇਵ ਦੁਆਰਾ ਖੋਪਰੋਵ (ਸਮਾਜਵਾਦ ਪੱਖੀ) ਤੇ ਉਸਦੀ ਪਤਨੀ ਦੇ ਕਤਲ ਅਤੇ ਲੂਚਿਕ ਦੁਆਰਾ ਆਪਣੀ ਮਾਂ ਨੂੰ ਕਮਰੇ ‘ਚ ਤਾੜ ਕੇ ਭੁੱਖੀ ਮਾਰਨ ਦਾ ਵਰਣਨ, ਜਿਸਦੇ ਮਰੀ ਦੇ ਮੂੰਹ ‘ਚ ਚਮੜਾ ਸੀ ਜਿਸ ‘ਤੇ ਦੰਦੀਆਂ ਵੱਢਦੀ ਉਹ ਮਰ ਜਾਂਦੀ ਹੈ। ਇਹ ਵਰਣਨ ਇਹਨਾਂ ਲੋਟੂਆਂ ਦੀ ਹਿਰਦੇਹੀਣਤਾ, ਸੰਵੇਦਨਹੀਣਤਾ ਤੇ ਮਨੁੱਖਦੋਖੀ ਕਿਰਦਾਰ ‘ਤੇ ਰੌਸ਼ਨੀ ਪਾਉਂਦੇ ਹਨ, ਜਿਹਨਾਂ ਦੀ ਬਦਲੇ ਦੀ ਭਾਵਨਾ ਬਹੁਤ ਹੀ ਬਰਬਰ ਹੈ ਜੋ ਆਪਣੀ ਮਾਂ ਤੱਕ ਨੂੰ ਵੀ ਭੁੱਖੀ ਮਰਨ ਲਈ ਮਜ਼ਬੂਰ ਕਰਦੇ ਹਨ।

ਨਾਵਲ ਇਸ ਤੱਥ ਨੂੰ ਵੀ ਬਾਖੂਬੀ ਪੇਸ਼ ਕਰਦਾ ਹੈ ਕਿ ਜਦ ਮੁੱਦਤਾਂ ਤੋਂ ਲੁੱਟੀਂਦੇ ਲੋਕ ਜਾਗਦੇ ਹਨ ਤਾਂ ਉਹਨਾਂ ਵਿਚਲੀ ਜਮਾਤੀ ਨਫ਼ਰਤ ਬਹੁਤ ਹੀ ਪ੍ਰਚੰਡ ਹੋ ਜਾਂਦੀ ਹੈ ਜਿਸ ਨਾਲ਼ ਇਨਕਲਾਬਾਂ ਦੌਰਾਨ ਕੁਝ ਵਧੀਕੀਆਂ ਵੀ ਹੋ ਜਾਂਦੀਆਂ ਹਨ, ਜਿਵੇਂ ਆਮ ਲੋਕਾਂ ਦੀ ਕੁਲਕਾਂ ਪ੍ਰਤੀ ਨਫ਼ਤਰ ਜੋ ਨਾਵਲ ਵਿੱਚ ਪੇਸ਼ ਕੀਤੀ ਗਈ ਹੈ, ਜਿਵੇਂ ਲੁਬਿਸ਼ਕਿਨ ਵਰਗੇ ਪਾਤਰ ਜੋ ਕੁਲਕਾਂ ਨੂੰ ਮਾਰਨ ਨੂੰ ਸਦਾ ਕਾਹਲੇ ਰਹਿੰਦੇ ਹਨ, ਸ਼ੁਰੂ ਵਿੱਚ ਨਾਗੁਲਨੋਵ ਵੀ ਅਜਿਹਾ ਹੀ ਸੀ ਪਰ ਹੌਲ਼ੀ-ਹੌਲ਼ੀ ਕਾਫ਼ੀ ਹੱਦ ਤੱਕ ਆਪਣੇ-ਆਪ ‘ਤੇ ਕਾਬੂ ਪਾ ਲੈਂਦਾ। ਪਰ ਨਾਲ਼ ਹੀ ਲੋਟੂ ਲੋਕਾਂ ਦੀ ਤਬਾਹੀ ਤੋਂ ਕੁਝ ਲੋਕ ਉਹਨਾਂ ਨਾਲ਼ ਭਾਵੁਕ ਤੌਰ ‘ਤੇ ਲਗਾਅ ਮਹਿਸੂਸ ਕਰਨ ਲੱਗ ਜਾਂਦੇ ਹਨ। ਜਿਵੇਂ ਜਦ ਕੁਲਕਾਂ ਦਾ ਜਮਾਤ ਦੇ ਤੌਰ ‘ਤੇ ਖ਼ਾਤਮਾ ਕੀਤਾ ਜਾ ਰਿਹਾ ਸੀ ਤਾਂ ਐਂਦਰੀ ਉਹਨਾਂ ਨਾਲ਼ ਹਮਦਰਦੀ ਜਤਾਉਂਦਾ ਹੈ। ਪਰ ਇਸ ‘ਤੇ ਦਾਵੀਦੋਵ ਕਹਿੰਦਾ ਹੈ, “ਕੀ ਉਹ ਸਾਡੇ ‘ਤੇ ਤਰਸ ਖਾਂਦੇ? ਕੀ ਸਾਡੇ ਵੈਰੀ ਵੀ ਸਾਡੇ ਬੱਚਿਆਂ ਦੇ ਅੱਥਰੂ ਵੇਖ ਕੇ ਰੋਏ ਸਨ?… ਮੇਰੀ ਮਾਂ ਸਾਡੇ ਢਿੱਡ ਨੂੰ ਝੁਲਕਾ ਦੇਣ ਲਈ ਗਲ਼ੀਆਂ ਬਜ਼ਾਰਾਂ ਵਿੱਚ ਆਪਣਾ ਸਤ ਵੇਚਦੀ ਫਿਰਦੀ ਸੀ। ਸਾਡੇ ਕਮਰੇ ਵਿੱਚ ਉਹ ਰੋਜ਼ ਕੋਈ ਪ੍ਰਹੁਣਾ ਲੈ ਕੇ ਆਉਂਦੀ…। ਕਈ ਵਾਰੀ ਉਹ ਸ਼ਰਾਬ ਪੀ ਕੇ ਮਾਂ ਕੋਲ਼ ਆਉਂਦੇ ਅਤੇ ਆਪਣੀਆਂ ਭੈਣਾਂ ਦਾ ਰੋਣਾ ਬੰਦ ਕਰਨ ਲਈ ਮੈਂ ਉਹਨਾਂ ਦੇ ਮੂੰਹ ‘ਤੇ ਹੱਥ ਦੇਂਦਾ। ਸਾਡੇ ਅੱਥਰੂ ਕੀਹਨੇ ਪੂੰਝੇ?” ਇਹ ਉਮਰਾਂ ਤੋਂ ਲੁੱਟ-ਚੌਂਘ, ਜ਼ਬਰ-ਜ਼ੁਲਮ ਤੇ ਅਨਿਆਂ ਦਾ ਸ਼ਿਕਾਰ ਹੋਏ ਬੰਦੇ ਦੀ ਨਫਰਤ ਦਾ ਇੱਕ ਸੁਭਾਵਿਕ ਪ੍ਰਗਟਾਅ ਹੈ। ‘ਕੁਲਕਾਂ ਦਾ ਜਮਾਤ ਦੇ ਤੌਰ ‘ਤੇ ਖ਼ਾਤਮਾ’ ਤੋਂ ਇਹ ਭਾਵ ਸੀ ਕਿ ਉਹਨਾਂ ਦੀ ਜਾਇਦਾਦ ਜੋ ਉਹਨਾਂ ਮਜ਼ਦੂਰਾਂ ਦੀ ਲੁੱਟ-ਖਸੁੱਟ ‘ਚੋਂ ਇਕੱਠੀ ਕੀਤੀ ਸੀ, ਉਸ ਤੋਂ ਉਹਨਾਂ ਦੀ ਬੇਦਖਲੀ ਤੇ ਉਹਨਾਂ ਨੂੰ ਕੰਮ ਕਰਨ ਲਈ ਪ੍ਰ੍ਰੇਰਣਾ।

ਰੂਪਕ ਪੱਖ ਤੋਂ ਵੀ ਨਾਵਲ ਸ਼ਾਨਦਾਰ ਹੈ। ਲੂਨਾਚਰਸਕੀ ਨੇ ਕਿਹਾ ਹੈ ਕਿ ਰੂਪ ਵਸਤੂ ਦੇ ਵੱਧ ਤੋਂ ਵੱਧ ਅਨੁਸਾਰ ਹੋਣਾ ਚਾਹੀਦਾ ਹੈ, ਜਿਹੜਾ ਇਸਨੂੰ ਵੱਧ ਤੋਂ ਵੱਧ ਪ੍ਰਗਟਾਊ ਬਣਾਵੇ ਅਤੇ ਪਾਠਕਾਂ ਦੇ ਮਨ ਉੱਤੇ, ਜਿਹਨਾਂ ਲਈ ਰਚਨਾ ਕੀਤੀ ਗਈ ਹੈ, ਵੱਧ ਤੋਂ ਵੱਧ ਤਕੜਾ ਪ੍ਰਭਾਵ ਪਾਉਣ ਦੀ ਗਾਰੰਟੀ ਕਰੇ। ਨਾਵਲ ਦੇ ਪਲਾਟ ਵਿੱਚ ਇੱਕਰੇਖੀਕਤਾ ਨਹੀਂ ਹੈ। ਜੇਕਰ ਇੱਕ ਕਾਂਡ ਵਿੱਚ ਉਲਟ-ਇਨਕਲਾਬੀਆਂ ਦੀਆਂ ਸ਼ਾਜਿਸ਼ਾਂ ਤੇ ਗੋਂਦਾਂ ਦਾ ਵਰਣਨ ਹੈ ਤਾਂ ਦੂਜੇ ਕਾਂਡ ਵਿੱਚ ਆਮ ਲੋਕਾਂ ਦੀ ਸਿਦਕ ਤੇ ਸਿਰੜ ਨਾਲ਼ ਕੀਤੀ ਜਾ ਰਹੀ ਜੱਦੋ-ਜਹਿਦ। ਇਸੇ ਤਰ੍ਹਾਂ ਪਾਤਰਾਂ ਵਿੱਚ ਵੀ ਜੇਕਰ ਮੁੱਖ ਪਾਤਰਾਂ ਨੂੰ ਦਲੇਰ, ਬਹਾਦਰ ਤੇ ਸਿਦਕ ਵਾਲ਼ੇ ਦਿਖਾਇਆ ਹੈ ਤਾਂ ਉਹਨਾਂ ਦੀਆਂ ਕਮਜ਼ੋਰੀਆਂ ਦਾ ਵੀ ਵਰਣਨ ਹੈ। ਦੂਜੇ ਪਾਸੇ ਉਲਟ-ਇਨਕਲਾਬੀਆਂ ਨੂੰ ਜੇਕਰ ਆਪਣੇ ਬੀਤੇ ‘ਤੇ ਝੂਰਦੇ, ਕਮਜ਼ੋਰ ਪੈਂਦੇ ਤੇ ਟੁੱਟਦੇ ਦਿਖਾਇਆ ਹੈ ਤਾਂ ਉਹਨਾਂ ਦਾ ਮਜ਼ਬੂਤ ਪੱਖ ਵੀ ਪੇਸ਼ ਕੀਤੇ ਹਨ ਜਿਵੇਂ ਪੋਲੋਵਤਸੇਵ ਆਦਿ। ਕੁਦਰਤ ਦਾ ਵਰਣਨ ਬਹੁਤ ਹੀ ਰੁਮਾਂਚਕ ਤੇ ਦਿਲ ਖਿੱਚਵਾਂ ਹੈ। ਨਾਵਲ ਦੀਆਂ ਆਖਰੀ ਸਤਰਾਂ ਧਿਆਨ ਯੋਗ ਹਨ, “…ਜਿੱਥੇ ਦੁਮੇਲ਼ ਦੀ ਅਣਦਿਸਦੀ ਲਕੀਰ ਦੇ ਉਸ ਪਾਰ ਲਾਲ ਸੂਹੀਆਂ ਲਾਟਾਂ ਨਾਲ਼ ਭਰਿਆ ਅੱਧਾ ਅਸਮਾਨ ਕੁਦਰਤ ਨੂੰ ਨਵੀਂ ਜ਼ਿੰਦਗੀ ਵੱਲ ਅੱਖਾਂ ਖੋਲ੍ਹਣ ਲਈ ਜਗਾ ਰਿਹਾ ਸੀ ਤੇ ਉਸ ਸਾਲ ਦੀ ਅੰਤਲੀ ਨ੍ਹੇਰੀ ਇੰਨੇ ਸ਼ਾਨਮੱਤੇ ਗੁੱਸੇ ਨਾਲ਼ ਭੜਕ ਉੱਠੀ ਜਿਵੇਂ ਉਹ ਭਰ ਹੁਲਾਨ ਵਿੱਚ ਝੁੱਲਣ ਵਾਲ਼ੀ ਨ੍ਹੇਰੀ ਹੋਵੇ।…”

ਰੂਸ ਵਿੱਚ ਸਮਾਜਵਾਦ ਦੌਰਾਨ ਸਾਂਝੀਕਰਨ ਦੀ ਪ੍ਰਕਿਰਿਆ, ਉਸਦੀਆਂ ਸਮੱਸਿਆਵਾਂ, ਘਾਟਾਂ-ਕਮਜ਼ੋਰੀਆਂ, ਜਮਾਤੀ ਘੋਲ਼ ਤੇ ਜੱਦੋ-ਜਹਿਦ ਨੂੰ ਸਮਝਣ ਲਈ ਇਹ ਨਾਵਲ ਬਹੁਤ ਹੀ ਮਹੱਤਵਪੂਰਨ ਹੈ ਅਤੇ ਉਸ ਸਮੇਂ ਦੇ ਸਮਾਜ ਦਾ ਇਤਿਹਾਸਕ ਦਸਤਾਵੇਜ਼ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 42, ਅਗਸਤ 2015 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s