ਸਮਾਜਵਾਦ ਤੋਂ ਕਮਿਊਨਿਜ਼ਮ ‘ਚ ਵਿਕਾਸ ਦੀਆਂ ਚਾਲਕ ਤਾਕਤਾਂ •ਮੌਰਿਸ ਕਾਰਨਫੋਰਥ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸਮਾਜਵਾਦ ਦੀ ਉਸਾਰੀ ਅਤੇ ਕਮਿਊਨਿਜ਼ਮ ‘ਚ ਤਬਦੀਲੀ ਦੇ ਅਰਸੇ ‘ਚ ਜਮਾਤੀ-ਘੋਲ਼ ਲਗਾਤਾਰ ਚੱਲਦਾ ਰਹਿੰਦਾ ਹੈ ਪਹਿਲਾਂ, ਮਜ਼ਦੂਰ ਤੇ ਕਿਸਾਨ ਹਾਰੀ ਲੋਟੂ ਜਮਾਤ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਅਤੇ ਉਸ ਤੋਂ ਬਾਅਦ ਬੀਤੇ ਸਮੇਂ ਦੀ ਲੁੱਟ ਦੇ ਸਾਰੇ ਪ੍ਰਭਾਵਾਂ ਅਤੇ ਰਹਿੰਦ-ਖੂੰਹਦ ਦਾ ਖਾਤਮਾ ਕਰਨ ਲਈ ਘੋਲ਼ ਛੇੜਦੇ ਹਨ।

ਇਸ ਘੋਲ਼ ‘ਚ ਸਮਾਜਵਾਦੀ ਉੱਚ-ਉਸਾਰ ਦੇ ਮਤ ਅਤੇ ਸੰਸਥਾਵਾਂ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਸਮਾਜਵਾਦੀ ਉੱਚ-ਉਸਾਰ ਪਿਛਲੇ ਸਮਾਜ ਦੇ ਉੱਚ-ਉਸਾਰ ਤੋਂ ਇਸ ਅਰਥ ‘ਚ ਵੱਖਰਾ ਹੁੰਦਾ ਹੈ ਕਿ ਸਮਾਜਵਾਦੀ ਮਤ ਅਤੇ ਸੰਸਥਾਵਾਂ: (1) ਸਮਾਜਵਾਦੀ ਆਧਾਰ ਦੀ ਉਸਾਰੀ ਅਤੇ ਉਸਨੂੰ ਜਥੇਬੰਦੇ ਕਰਨ ਦੇ ਸਚੇਤਨ ਉਦੇਸ਼ ਨਾਲ਼ (2) ਕਿਰਤੀ ਲੋਕਾਂ ਦੀ ਲਗਾਤਾਰ ਵੱਧਦੀ ਹੋਈ ਹਿੱਸੇਦਾਰੀ ਨਾਲ਼ (3) ਸਾਂਝੇ ਅਧਾਰਿਤ ਆਲੋਚਨਾ ਅਤੇ ਆਤਮ-ਆਲੋਚਨਾ ਦੀ ਮਦਦ ਰਾਹੀਂ ਅਤੇ (4) ਸਮਾਜਵਾਦ ਦੇ ਸਿਖਰਲੇ ਪੱਧਰ ਕਮਿਊਨਿਜ਼ਮ ‘ਚ ਤਬਦੀਲੀ ਨੂੰ ਸੌਖਾ ਬਣਾਉਂਣ ਦੇ ਉਦੇਸ਼ ਨਾਲ਼ ਵਿਕਸਿਤ ਕੀਤੀਆਂ ਜਾਂਦੀਆਂ ਹਨ।

ਸਮਾਜਵਾਦ ਦੀ ਉਸਾਰੀ ਅਤੇ ਕਮਿਊਨਿਜ਼ਮ ‘ਚ ਤਬਦੀਲੀ ‘ਚ ਮੁੱਖ ਭੂਮਿਕਾ, ਕਿਰਤੀ ਲੋਕਾਂ ਦੀ ਤਾਕਤ ਦੇ ਹਥਿਆਰ ਦੇ ਰੂਪ ‘ਚ ਰਾਜ ਅਤੇ ਉਸਦੇ ਹਰਾਵਲ ਦਸਤੇ ਵਜੋਂ ਪਾਰਟੀ ਦੁਆਰਾ ਨਿਭਾਈ ਜਾਂਦੀ ਹੈ।

ਸਮਾਜ ਦੇ ਵਿਕਾਸ ਦਾ ਕੇਂਦਰੀ ਨਿਯਮ

ਮਾਰਕਸ ਨੇ ਸਮਾਜ ਵਿਕਾਸ ਦੇ ਨਿਯਮ ਦਾ ਸਾਰਤੱਤ ਹੇਠ ਲਿਖੇ ਰੂਪ ‘ਚ ਪੇਸ਼ ਕੀਤਾ : “ਆਪਣੇ ਜੀਵਨ ਦੀ ਸਮਾਜਿਕ ਪੈਦਾਵਾਰ ਦੌਰਾਨ ਮਨੁੱਖ ਨਿਸ਼ਚਿਤ ਸਬੰਧਾਂ ‘ਚ ਦਾਖਲ ਹੁੰਦੇ ਹਨ, ਜੋ ਲਾਜ਼ਮੀ ਤੇ ਉਹਨਾਂ ਦੀ ਇੱਛਾ ਤੋਂ ਅਜ਼ਾਦ ਪੈਦਾਵਾਰੀ  ਸਬੰਧ ਹੁੰਦੇ ਹਨ ਅਤੇ ਜੋ ਉਹਨਾਂ ਦੀਆਂ ਪਦਾਰਥਕ ਪੈਦਾਵਾਰੀ ਤਾਕਤਾਂ ਦੇ ਵਿਕਾਸ ਦੇ ਨਿਸ਼ਚਿਤ ਪੱਧਰ ਦੇ ਅਨੁਸਾਰੀ ਹੁੰਦੇ ਹਨ। ਪੈਦਾਵਾਰ ਦੇ ਇਹਨਾਂ ਸਬੰਧਾਂ ਦਾ ਕੁੱਲ ਜੋੜ ਸਮਾਜ ਦੇ ਆਰਥਿਕ ਢਾਂਚੇ ਦੀ ਉਸਾਰੀ ਕਰਦਾ ਹੈ : ਇਹੀ ਅਸਲ ਅਧਾਰ ਹੈ, ਜਿਸ ‘ਤੇ ਕਨੂੰਨ ਤੇ ਸਿਆਸੀ ਉੱਚ-ਉਸਾਰ ਵਿਕਸਿਤ ਹੁੰਦਾ ਹੈ ਅਤੇ ਸਮਾਜਿਕ ਚੇਤਨਾ ਦੇ ਨਿਸ਼ਚਿਤ ਸਰੂਪ ਜਿਸਦੇ ਅਨੁਸਾਰੀ ਹੁੰਦੇ ਹਨ।”

“ਪਦਾਰਥਕ ਜੀਵਨ ਦੀ ਪੈਦਾਵਾਰੀ-ਪ੍ਰਣਾਲੀ ਆਮ ਤੌਰ ‘ਤੇ ਸਮਾਜਿਕ, ਸਿਆਸੀ ਅਤੇ ਬੌਧਿਕ ਜੀਵਨ ਨੂੰ ਕੰਟਰੌਲ ਕਰਦੀ ਹੈ। ਮਨੁੱਖਾਂ ਦੀ ਚੇਤਨਾ ਉਹਨਾਂ ਦੀ ਹੋਂਦ ਨੂੰ ਤੈਅ ਨਹੀਂ ਕਰਦੀ, ਸਗੋਂ ਇਸਦੇ ਉਲਟ, ਉਹਨਾਂ ਦੀ ਸਮਾਜਿਕ ਹੋਂਦ ਉਹਨਾਂ ਦੀ ਚੇਤਨਾ ਨੂੰ ਤੈਅ ਕਰਦੀ ਹੈ।”

“ਸਮਾਜ ਦੀਆਂ ਪਦਾਰਥਕ ਪੈਦਾਵਾਰੀ ਤਾਕਤਾਂ ਦਾ, ਉਹਨਾਂ ਦੇ ਵਿਕਾਸ ਦੇ ਇੱਕ ਨਿਸ਼ਚਿਤ ਪੱਧਰ ‘ਤੇ ਪੈਦਾਵਾਰ ਦੇ ਮੌਜੂਦਾ ਸਬੰਧਾਂ ਨਾਲ਼, ਜਾਂ ਜੋ ਉਹਨਾਂ ਦਾ ਕਨੂੰਨੀ ਪ੍ਰਗਟਾਅ ਹੈ ਜਾਇਦਾਦ ਦੇ ਸਬੰਧਾਂ ਨਾਲ਼, ਜਿਹਨਾਂ ਤਹਿਤ ਉਹ ਉਸ ਸਮੇਂ ਤੱਕ ਸਰਗਰਮ ਰਹੀਆਂ ਹੁੰਦੀਆਂ ਹਨ, ਟਕਰਾਅ ਹੁੰਦਾ ਹੈ। ਇਹ ਸਬੰਧ ਪੈਦਾਵਾਰੀ ਤਾਕਤਾਂ ਦੇ ਵਿਕਾਸ ਦੇ ਸਰੂਪਾਂ ਤੋਂ ਬਦਲ ਕੇ ਉਹਨਾਂ ਲਈ ਬੇੜੀਆਂ ਬਣ ਜਾਂਦੇ ਹਨ। ਉਸੇ ਸਮੇਂ ਸਮਾਜਿਕ ਇਨਕਲਾਬ ਦਾ ਯੁੱਗ ਸ਼ੁਰੂ ਹੁੰਦਾ ਹੈ। ਆਰਥਿਕ ਆਧਾਰ ‘ਚ ਤਬਦੀਲੀ ਨਾਲ਼ ਉੱਚ-ਉਸਾਰ ਦੀ ਘੱਟ-ਵੱਧ ਤੀਬਰਤਾ ਨਾਲ਼ ਕਾਇਆਪਲਟੀ ਹੁੰਦੀ ਹੈ…”

“ਕੋਈ ਸਮਾਜਿਕ ਪ੍ਰਬੰਧ ਸਾਰੀਆਂ ਪੈਦਾਵਾਰੀ ਤਾਕਤਾਂ ਦੇ, ਜਿਹਨਾਂ ਲਈ ਉਸ ਪ੍ਰਬੰਧ ਵਿੱਚ ਥਾਂ ਹੁੰਦੀ ਹੈ, ਪੂਰੀ ਤਰ੍ਹਾਂ ਵਿਕਸਿਤ ਹੋਣ ਤੋਂ ਪਹਿਲਾਂ ਕਦੇ ਤਬਾਹ ਨਹੀਂ ਹੁੰਦਾ, ਅਤੇ ਪੈਦਾਵਾਰ ਦੇ ਨਵੇਂ ਉੱਚੇ ਸਬੰਧ ਉਹਨਾਂ ਦੀ ਆਪਣੀ ਹੋਂਦ ਦੇ, ਪੁਰਾਣੇ ਸਮਾਜ ਦੇ ਗਰਭ ‘ਚ ਹੀ ਪੱਕ ਜਾਣ ਤੋਂ ਪਹਿਲਾਂ ਪ੍ਰਗਟ ਨਹੀਂ ਹੁੰਦੇ। ਇਸ ਲਈ ਮਨੁੱਖਤਾ ਹਮੇਸ਼ਾ ਆਪਣੇ ਸਾਹਮਣੇ ਅਜਿਹੇ ਕਾਰਜ ਨਿਸ਼ਚਿਤ ਕਰਦੀ ਹੈ ਜਿਹਨਾਂ ਦਾ ਉਹ ਹੱਲ ਕਰ ਸਕਦੀ ਹੈ, ਕਿਉਂਕਿ ਵਿਸ਼ੇ ਦਾ ਪੂਰੀ ਗੰਭੀਰਤਾ ਨਾਲ਼ ਅਧਿਐਨ ਕਰਨ ‘ਤੇ ਇਹ ਹਮੇਸ਼ਾ ਸਾਹਮਣੇ ਆਵੇਗਾ ਕਿ ਕਾਰਜ ਖੁਦ ਉਦੋਂ ਹੀ ਪੈਦਾ ਹੁੰਦਾ ਹੈ, ਜਦ ਉਸਦੇ ਹੱਲ ਦੀਆਂ ਪਦਾਰਥਕ ਹਾਲਤਾਂ ਪਹਿਲਾਂ ਤੋਂ ਮੌਜੂਦ ਹੁੰਦੀਆਂ ਹਨ, ਜਾਂ ਉਹ ਉਸਾਰੀ ਦੀ ਪ੍ਰਕਿਰਿਆ ‘ਚ ਹੁੰਦੀਆਂ ਹਨ…”

“ਪੈਦਾਵਾਰ ਦੇ ਸਰਮਾਏਦਾਰਾ ਸਬੰਧ ਪੈਦਾਵਾਰ ਦੀ ਸਮਾਜਿਕ ਪ੍ਰਕਿਰਿਆ ਦੇ ਅੰਤਿਮ ਦੁਸ਼ਮਣੀ ਵਾਲ਼ੇ ਰੂਪ ਹੁੰਦੇ ਹਨ ਨਿੱਜੀ ਵਿਰੋਧ ਦੇ ਅਰਥ ‘ਚ ਦੁਸ਼ਮਣੀ ਨਹੀਂ, ਸਗੋਂ ਵਿਅਕਤੀਆਂ ਦੇ ਜੀਵਨ ਦੀਆਂ ਸਮਾਜਿਕ ਦਿਸ਼ਾਵਾਂ ‘ਚ ਜਨਮ ਲੈਣ ਦੇ ਅਰਥ ‘ਚ ਦੁਸ਼ਮਣੀ। ਉਸੇ ਦੇ ਨਾਲ਼ ਸਰਮਾਏਦਾਰਾ ਸਮਾਜ ਦੇ ਗਰਭ ‘ਚ ਵਿਕਸਿਤ ਹੋਣ ਵਾਲ਼ੀਆਂ ਪੈਦਾਵਾਰੀ ਤਾਕਤਾਂ ਉਸ ਦੁਸ਼ਮਣੀ ਦੇ ਹੱਲ਼ ਲਈ ਪਦਾਰਥਕ ਹਾਲਤਾਂ ਦੀ ਰਚਨਾ ਕਰਦੀਆਂ ਹਨ। ਇਸ ਤਰ੍ਹਾਂ ਇਹ ਸਮਾਜਿਕ ਬਣਤਰ ਮਨੁੱਖੀ ਸਮਾਜ ਦੇ ਪੂਰਬ-ਇਤਿਹਾਸਕ ਪਾਠ ਨੂੰ ਖ਼ਤਮ ਕਰ ਦਿੰਦੀ ਹੈ।”1

ਮਾਰਕਸ ਦੀਆਂ ਇਹਨਾਂ ਸਥਾਪਨਾਵਾਂ ‘ਚ ਮਨੁੱਖੀ ਸਮਾਜ ਦੇ ਵਿਕਾਸ ਨੂੰ ਕੰਟਰੌਲ ਕਰਨ ਵਾਲ਼ੇ ਬੁਨਿਆਦੀ ਨਿਯਮਾਂ ਨੂੰ ਸਭ ਤੋਂ ਵੱਧ ਆਮ ਸ਼ਬਦਾਵਲੀ ‘ਚ, ਪਰ ਸ਼ੁੱਧ ਵਿਗਿਆਨਕ ਸੰਖੇਪਤਾ ਨਾਲ਼ ਸੂਤਰਬੱਧ ਕੀਤਾ ਗਿਆ ਹੈ। ਇਸ ਤਰ੍ਹਾਂ ਇਹ ਸਥਾਪਨਾਵਾਂ ਸਮਾਜ ਦੇ ਵਰਤਮਾਨ ਯੁੱਗ ਤੱਕ ਦੇ ਵਿਕਾਸ ਨੂੰ ਸਮਝਣ ਦੀ ਕੁੰਜੀ ਹਨ। ਉਹ ਇਹ ਸਮਝਣ ਦੀ ਵੀ ਕੁੰਜੀ ਹਨ ਕਿ ਭਵਿੱਖ ‘ਚ ਸਮਾਜ ਦਾ ਕਿਸ ਰੂਪ ‘ਚ ਵਿਕਾਸ ਹੋਵੇਗਾ ਅਤੇ ਸਮਾਜਿਕ ਵਿਕਾਸ ਕਿਸ ਰੂਪ ‘ਚ ਜਾਰੀ ਰਹੇਗਾ।

ਇਹਨਾਂ ਸਥਾਪਨਾਵਾਂ ਵਿੱਚ ਮਾਰਕਸ ਨੇ ਦਿਖਾਇਆ ਕਿ ਮੁੱਢ-ਕਦੀਮੀ ਕਮਿਊਨਿਜ਼ਮ ਟੁੱਟਣ ਤੋਂ ਬਾਅਦ ਪੈਦਾਵਾਰ ਨੇ ਕਿਸ ਤਰ੍ਹਾਂ “ਦੁਸ਼ਮਣੀ ਵਾਲ਼ੇ ਸਰੂਪ” ਗ੍ਰਹਿਣ ਕੀਤੇ ਅਤੇ ਇਨਕਲਾਬਾਂ ਦੀ ਲੜੀ ਰਾਹੀਂ ਵਿਕਾਸ ਕੀਤਾ, ਇਹਨਾਂ ਵਿੱਚੋਂ ਹਰੇਕ ਇਨਕਲਾਬ ਉਸ ਸਮੇਂ ਲਾਜ਼ਮੀ ਹੋ ਗਿਆ, ਜਦ ਪੈਦਾਵਾਰ ਦੀਆਂ ਵਿਕਾਸਸ਼ੀਲ ਤਾਕਤਾਂ ਦਾ ਪੈਦਾਵਾਰ ਦੇ ਮੌਜੂਦਾ ਸਬੰਧਾਂ ਨਾਲ਼ ਟਕਰਾਅ ਸਾਹਮਣੇ ਆਇਆ। ਜਮਾਤੀ ਘੋਲ਼ ਇਸ ਸੰਪੂਰਨ ਵਿਕਾਸ ਨੂੰ ਚਲਾਉਣ ਵਾਲ਼ੀ ਤਾਕਤ ਰਿਹਾ ਹੈ। ਇਹ ਜਮਾਤੀ ਘੋਲ਼ ਅਨੇਕ ਪੜਾਵਾਂ ਦੀ ਲੜੀ ‘ਚੋਂ ਲੰਘ ਕੇ ਸਮਾਜਵਾਦੀ ਇਨਕਲਾਬ ‘ਚ ਮਜ਼ਦੂਰ ਜਮਾਤ ਦੀ ਜਿੱਤ ਨਾਲ਼ ਸਿਖ਼ਰ ‘ਤੇ ਪਹੁੰਚਦਾ ਹੈ। ਸਰਮਾਏਦਾਰਾ ਜਾਇਦਾਦ ਦਾ ਨਾਸ਼ ਅਤੇ ਪੈਦਾਵਾਰੀ ਸਾਧਨਾਂ ‘ਤੇ ਸਮਾਜਿਕ ਮਾਲਕੀ ਸਥਾਪਿਤ ਕਰਕੇ ਇਹ ਸਮਾਜਿਕ ਦੁਸ਼ਮਣੀਆਂ ਤੋਂ ਅਜ਼ਾਦ, ਜਮਾਤ-ਰਹਿਤ ਸਮਾਜ ‘ਚ ਸੰਕ੍ਰਮਣ ਦਾ ਰਾਹ ਦਿਖਾਉਂਦਾ ਹੈ।

ਇਸ ਤਰ੍ਹਾਂ ਮਾਰਕਸ ਨੇ ਸਿੱਧ ਕੀਤਾ ਕਿ ਜਮਾਤਾਂ ‘ਚ ਵੰਡ ਅਤੇ ਜਮਾਤੀ ਘੋਲ਼ ਇੱਕ ਨਿਸ਼ਚਿਤ ਇਤਿਹਾਸਕ ਯੁੱਗ, ਸਖਤ ਮਿਹਨਤ ਦੇ ਲੰਬੇ ਯੁੱਗ ਨਾਲ਼ ਸਬੰਧਿਤ ਹੁੰਦੇ ਹਨ, ਜਿਸਨੂੰ ਉਹਨਾਂ ਨੇ “ਮਨੁੱਖੀ ਸਮਾਜ ਦੇ ਪੂਰਬ-ਇਤਿਹਾਸ” ਦਾ ਨਾਂ ਦਿੱਤਾ ਹੈ। ਸਮਾਜਵਾਦੀ ਦੀ ਜਿੱਤ ਨਾਲ਼ ਉਸ ਦੌਰ ਦਾ ਅੰਤ ਹੋ ਜਾਂਦਾ ਹੈ। ਸੰਪੂਰਨ ਸਮਾਜਿਕ ਪੈਦਾਵਾਰ, ਇਸ ਤੋਂ ਅੱਗੇ ਹੋਰ ਲਗਾਤਾਰ ਵੱਧਦੇ ਅੰਸ਼ਾਂ ‘ਚ ਸੁਚੇਤਨ ਸਮਾਜਿਕ ਕੰਟਰੌਲ ਦੇ ਤਹਿਤ ਚਲੀ ਜਾਂਦੀ ਹੈ।

ਪਰ ਇਸਦਾ ਇਹ ਅਰਥ ਨਹੀਂ ਹੁੰਦਾ ਕਿ ਸਮਾਜਿਕ ਵਿਕਾਸ ਦੇ ਨਿਯਮ ਕਾਰਜ ਕਰਨਾ ਬੰਦ ਕਰ ਦਿੰਦੇ ਹਨ।

ਇਹ ਸੱਚ ਸਥਿਰ ਰਹਿੰਦਾ ਹੈ ਕਿ ਲੋਕ ਪੈਦਾਵਾਰ ਕਰਨ ਦੇ ਨਿਯਮਿਤ ਪੈਦਾਵਾਰ ਦੇ ਨਿਸ਼ਚਿਤ ਸਬੰਧਾਂ ‘ਚ, ਜੋ ਉਹਨਾਂ ਦੀਆਂ ਪੈਦਾਵਾਰੀ ਤਾਕਤਾਂ ਦੇ ਕਿਰਦਾਰ ਦੇ ਲਾਜ਼ਮੀ ਹੀ ਅਨੁਸਾਰੀ ਹੁੰਦੇ ਹਨ, ਦਾਖਲ ਹੁੰਦੇ ਹਨ।

ਇਹ ਸੱਚ ਸਥਿਰ ਰਹਿੰਦਾ ਹੈ ਕਿ ਲੋਕਾਂ ਦੀ ਚੇਤਨਾ ਉਹਨਾਂ ਦੀ ਸਮਾਜਿਕ ਹੋਂਦ ਦੁਆਰਾ ਤੈਅ ਹੁੰਦੀ ਹੈ।

ਇਹ ਸੱਚ ਸਥਿਰ ਰਹਿੰਦਾ ਹੈ ਕਿ ਜਿਵੇਂ-ਜਿਵੇਂ ਪੈਦਾਵਾਰ ਵਿਕਸਿਤ ਹੁੰਦੀ ਹੈ, ਉਸੇ ਗਤੀ ‘ਚ ਉਸਦੇ ਨਾਲ਼ ਨਵੇਂ ਸਮਾਜਿਕ ਕਾਰਜ ਲਾਜ਼ਮੀ ਰੂਪ ਨਾਲ਼ ਵਿਕਾਸ ਕਰਦੇ ਹਨ।

ਪਰ ਜਮਾਤੀ-ਘੋਲ਼ਾਂ ਰਾਹੀਂ, ਸੰਕਟਾਂ ਅਤੇ ਆਫਤਾਂ ਰਾਹੀਂ ਅਤੇ ਮਨੁੱਖਾਂ ਦੇ ਮਨੋਰਥਾਂ ਦੀ ਅਸਫ਼ਲਤਾ ਰਾਹੀਂ ਆਪਣਾ ਗਲਬਾ ਸਥਪਿਤ ਕਰਨ ਦੀ ਬਜਾਏ ਸਮਾਜਿਕ ਵਿਕਾਸ ਦੇ ਨਿਯਮਾਂ ਦਾ ਬਦਲੀ ਹੋਈ ਸਥਿਤੀ ‘ਚ ਸੰਪੂਰਨ ਸਮਾਜ ਦੇ ਹਿੱਤਾਂ ‘ਚ, ਮਨੁੱਖਾਂ ਦੇ ਮਨੋਰਥਾਂ ਨੂੰ ਸਾਕਾਰ ਕਰਨ ਲਈ ਜਥੇਬੰਦ ਮਨੁੱਖਤਾ ਦੁਆਰਾ ਵੱਧ ਤੋਂ ਵੱਧ ਸਚੇਤਨ ਰੂਪ ਨਾਲ਼ ਪ੍ਰਯੋਗ ਕੀਤਾ ਜਾਂਦਾ ਹੈ।

ਜਨਤਕ ਹਿੱਤ ਦੇ ਅਧਾਰ ‘ਤੇ ਜਥੇਬੰਦ ਮਨੁੱਖਾਂ ਦਾ ਉਹਨਾਂ ਦੀ ਸਮਾਜਿਕ ਜੀਵਨ-ਲੜੀ ‘ਤੇ ਪੂਰਾ ਕੰਟਰੌਲ ਰਹਿੰਦਾ ਹੈ। ਉਹ ਉਸਨੂੰ ਆਪਣੀਆਂ ਲੋੜਾਂ ਅਤੇ ਆਪਣੀ ਸਮਾਜਿਕ ਹੋਂਦ ਦੀਆਂ ਅਸਲ ਹਾਲਤਾਂ ਦੇ ਗਿਆਨ ਦੇ ਦਿਸ਼ਾ-ਸੂਚਕ ਯੰਤਰ ਨਾਲ਼ ਕੰਟਰੌਲ ਕਰਦੇ ਹਨ।

ਇਸ ਪਾਠ ਅਤੇ ਅਗਲੇ ਪਾਠ ‘ਚ ਅਸੀਂ ਸਮਾਜਵਾਦੀ ਅਤੇ ਕਮਿਊਨਿਸਟ ਸਮਾਜ ‘ਚ ਵਿਕਾਸ ਦੇ ਨਿਯਮਾਂ ‘ਤੇ ਵਿਚਾਰ ਕਰਾਂਗੇ। ਪਹਿਲਾਂ, ਅਸੀਂ ਚਾਲਕ ਤਾਕਤਾਂ ਜਾਂ ਵਿਕਾਸ ਵਿੱਚ ਸਹਾਈ ਮੁੱਖ ਏਜੰਸੀਆਂ ‘ਤੇ ਵਿਚਾਰ ਕਰਾਂਗੇ ਅਤੇ ਦੂਜੀ ਲੜੀ ‘ਚ ਅਸੀਂ ਵਿਕਾਸ ਦੇ ਯੋਜਨਾਬੱਧ ਕਿਰਦਾਰ ‘ਤੇ ਵਿਚਾਰ ਕਰਾਂਗੇ। ਅਸੀਂ ਦੇਖਾਂਗੇ ਕਿ ਸਮਾਜਵਾਦ ਦੀ ਉਸਾਰੀ ਅਤੇ ਕਮਿਊਨਿਜ਼ਮ ‘ਚ ਤਬਦੀਲੀ ਮਜ਼ਦੂਰਾਂ ਅਤੇ ਕਿਸਾਨਾਂ ਦੇ ਜਮਾਤੀ ਘੋਲ਼ ਦੁਆਰਾ ਹੋਵੇਗੀ। ਅਸੀਂ ਇਹ ਵੀ ਦੇਖਾਂਗੇ ਕਿ ਸੰਪੂਰਨ ਸਮਾਜਿਕ ਪੈਦਾਵਾਰ ਵਧਦੇ ਅੰਸ਼ਾਂ ‘ਚ, ਸਰਵ-ਪ੍ਰਵਾਨਿਤ ਸਮਾਜਿਕ ਯੋਜਨਾ ਦੇ ਅਨੁਸਾਰ ਵਿਕਸਿਤ ਹੁੰਦੀ ਹੈ।

(1) ਮਾਰਕਸ- ਸਿਆਸੀ ਆਰਥਿਕਤਾ ਦੀ ਅਲੋਚਨਾਂ- ਮੁੱਖਬੰਦ

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 59, 16 ਅਗਸਤ 2016 ਵਿੱਚ ਪ੍ਰਕਾਸ਼ਤ

Advertisements