ਸਮਾਜਿਕ ਉੱਚ-ਉਸਾਰ •ਮੌਰਿਸ ਕੋਰਨਫ਼ੋਰਥ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਮਤ ਅਤੇ ਸੰਸਥਾਵਾਂ ਸਮਾਜਿਕ ਵਿਕਾਸ ਦੇ ਸਾਧਨ ਦੇ ਰੂਪ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਹਨ, ਜਿਸ ਨਾਲ਼ ਹਾਸਲ ਸਮਾਜਿਕ-ਆਰਥਿਕ ਅਧਾਰ ਵਿਕਸਿਤ ਅਤੇ ਜਥੇਬੰਦ ਹੁੰਦਾ ਹੈ। ਉਹ ਅਜ਼ਾਦ ਰੂਪ ਨਾਲ਼ ਨਹੀਂ ਸਗੋਂ ਉੱਚ-ਉਸਾਰ ਦੇ ਰੂਪ ਵਿੱਚ, ਜੋ ਪੈਦਾਵਾਰ ਦੇ ਮੌਜੂਦਾ ਸਬੰਧਾਂ ਦੇ ਅਧਾਰ ‘ਤੇ ਉਸਰਦਾ ਹੈ, ਜਨਮ ਲੈਂਦਾ ਅਤੇ ਪੈਦਾ ਹੁੰਦਾ ਹੈ।

ਇਸ ਤਰ੍ਹਾਂ ਸਮਾਜ ਵਿੱਚ ਹਮੇਸ਼ਾ ਇੱਕ ਅਧਾਰ ਅਤੇ ਉੱਚ-ਉਸਾਰ ਹੁੰਦੇ ਹਨ। ਆਰਥਿਕ ਢਾਂਚਾ ਉਸਦਾ ਅਧਾਰ ਹੁੰਦਾ ਹੈ ਅਤੇ ਉੱਚ-ਉਸਾਰ ਵਿੱਚ ਸਮਾਜ ਦੇ ਮਤ ਅਤੇ ਸੰਸਥਾਵਾਂ ਆਉਂਦੇ ਹਨ। ਅਧਾਰ ਦਾ ਵਿਕਾਸ ਬਾਹਰਮੁਖੀ ਨਿਯਮਾਂ ਦੁਆਰਾ ਕੰਟਰੋਲ ਹੁੰਦਾ ਹੈ, ਜੋ ਮਨੁੱਖੀ ਇੱਛਾ ਤੋਂ ਅਜ਼ਾਦ ਹੁੰਦੇ ਹਨ ਅਤੇ ਮਨੁੱਖਾਂ ਦੇ ਸੁਚੇਤ ਹੰਭਲਿਆਂ ਦੁਆਰਾ ਉਸਰਿਆ ਉੱਚ-ਉਸਾਰ ਅਧਾਰ ਦੀ ਪੈਦਾਵਾਰ ਹੁੰਦਾ ਹੈ। ਅਤੇ ਜਦ ਅਧਾਰ ਬਦਲਦਾ ਹੈ, ਉੱਚ-ਉਸਾਰ ਵੀ ਬਦਲ ਜਾਂਦਾ ਹੈ। ਹਰੇਕ ਅਧਾਰ ‘ਤੇ ਉਸਦੇ ਅਨੁਸਾਰੀ ਉੱਚ-ਉਸਾਰ ਸਥਿਤ ਹੁੰਦਾ ਹੈ।

ਮਾਰਕਸਵਾਦ, ਇਹ ਹੁੰਦੇ ਹੋਏ ਵੀ, ਇਹ ਸਮਝਣ ਦੀ ਆਸ ਕਰਦਾ ਹੈ ਕਿ ਉੱਚ-ਉਸਾਰ ਆਪਣੇ ਅਧਾਰ ‘ਚੋਂ ਸਿੱਧਾ ਨਹੀਂ ਨਿਕਲ਼ਦਾ, ਸਗੋਂ ਅਸੀਂ ਹਰੇਕ ਮਾਮਲੇ ‘ਚ ਖ਼ਾਸ ਉੱਚ-ਉਸਾਰ ਦੇ ਵਿਕਾਸ ਦਾ ਵਿਸਥਾਰ ਨਾਲ਼ ਅਧਿਐਨ ਕਰਾਂਗੇ ਅਤੇ ਆਪਣੇ ਅਧਾਰ ਨਾਲ਼ ਇਸਦੀ ਅੰਤਰ-ਕਿਰਿਆ ਅਤੇ ਇਸਦੇ ਵੱਖ-ਵੱਖ ਤੱਤਾਂ ਦੁਆਰਾ ਗ੍ਰਹਿਣ ਕੀਤੇ ਰੂਪ ਦੇ ਵਿਸ਼ਾਲ ਇਤਿਹਾਸਕ ਨਿਰਧਾਰਨ ‘ਤੇ ਵੀ ਵਿਚਾਰ ਕਰਾਂਗੇ।

ਸਮਾਜ ਦੇ ਮਤ ਅਤੇ ਸੰਸਥਾਵਾਂ

ਏਂਗਲਜ਼ ਨੇ ਲਿਖਿਆ ਹੈ : “ਇਤਿਹਾਸ ਦਾ ਪਦਾਰਥਵਾਦੀ ਸੰਕਲਪ ਸਮਾਜ ਦੇ ਆਰਥਿਕ ਵਿਕਾਸ ਵਿਚਲੀਆਂ ਸਾਰੀਆਂ ਮਹੱਤਵਪੂਰਨ ਘਟਨਾਵਾਂ ਦੇ ਅੰਤਿਮ ਕਾਰਨ ਅਤੇ ਉਹਨਾਂ ਦੀ ਮਹਾਨ ਚਾਲਕ ਸ਼ਕਤੀ ਦੀ ਖੋਜ, ਪੈਦਾਵਾਰ ਅਤੇ ਵਟਾਂਦਰੇ ਦੀ ਪ੍ਰਣਾਲੀ ਵਿਚਲੀਆਂ ਤਬਦੀਲੀਆਂ ‘ਚ ਅਤੇ ਉਹਨਾਂ ਦੇ ਨਤੀਜਨ ਸਮਾਜ ਦੀਆਂ ਵੱਖ-ਵੱਖ ਜਮਾਤਾਂ ਵਿਚਲੀ ਵੰਡ ਅਤੇ ਇਹਨਾਂ ਜਮਾਤਾਂ ਦੇ ਇੱਕ-ਦੂਜੇ ਵਿਰੁੱਧ ਘੋਲ਼ ਦੇ ਮਤੈਹਿਤ ਕਰਦਾ ਹੈ।”1

ਸਮਾਜਿਕ ਤਬਦੀਲੀ ਦਾ ਬੁਨਿਆਦੀ ਨਿਯਮ ਉਹ ਨਿਯਮ ਹੈ ਜੋ ਪੈਦਾਵਾਰ ਦੀ ਪ੍ਰਣਾਲੀ ਵਿਚਲੀਆਂ ਤਬਦੀਲੀਆਂ ਨੂੰ ਕੰਟਰੋਲ ਕਰਦਾ ਹੈ। ਇਸ ਨਿਯਮ ਅਨੁਸਾਰ ਪੈਦਾਵਾਰ ਦੇ ਸਬੰਧਾਂ ਨੂੰ ਲਾਜ਼ਮੀ ਹੀ ਪੈਦਾਵਾਰੀ ਤਾਕਤਾਂ ਦੇ ਕਿਰਦਾਰ ਅਨੁਸਾਰ ਹੋਣਾ ਚਾਹੀਦਾ ਹੈ। ਇਸ ਨਿਯਮ ਦੇ ਪ੍ਰਭਾਵ ‘ਚ ਪੈਦਾਵਾਰੀ ਤਾਕਤਾਂ ਦੇ ਵਿਕਾਸ ਦਾ ਪੈਦਾਵਾਰ ਦੇ ਮੌਜੂਦਾ ਸਬੰਧਾਂ ਨਾਲ਼ ਘੋਲ਼ ਹੁੰਦਾ ਹੈ, ਜਿਸਦੇ ਨਤੀਜਨ ਸਮਾਜਿਕ ਇਨਕਲਾਬ, ਪੈਦਾਵਾਰੀ ਸਬੰਧਾਂ ਦੀ ਪੁਰਾਣੀ ਪੱਧਤੀ ਦਾ ਪਤਨ ਅਤੇ ਨਵੀਂ ਪੱਧਤੀ ਦੀ ਰਚਨਾ, ਪੁਰਾਣੀ ਹਾਕਮ ਜਮਾਤ ਦਾ ਜੜ੍ਹਨਾਸ਼ ਅਤੇ ਇੱਕ ਨਵੀਂ ਜਮਾਤ ਸੱਤ੍ਹਾ ‘ਤੇ ਕਾਬਜ਼ ਹੁੰਦੀ ਹੈ।

ਮਾਰਕਸ ਨੇ ਲਿਖਿਆ ਹੈ : “ਪਰ ਅਜਿਹੀਆਂ ਕਾਇਆਪਲਟੀਆਂ ‘ਤੇ ਵਿਚਾਰ ਕਰਦੇ ਸਮੇਂ ਪੈਦਾਵਾਰ ਦੀਆਂ ਆਰਥਿਕ ਦਿਸ਼ਾਵਾਂ ਦੀਆਂ ਪਦਾਰਥਕ ਕਾਇਆਪਲਟੀਆਂ, ਜਿਸਨੂੰ ਕੁਦਰਤੀ ਵਿਗਿਆਨ ਵਰਗੀ ਸ਼ੁੱਧਤਾ ਨਾਲ਼ ਸਮਝਿਆ ਜਾ ਸਕਦਾ ਹੈ ਅਤੇ ਅਨੇਕ ਸਿਆਸੀ, ਧਾਰਮਿਕ, ਕਲਾਤਮਕ ਅਤੇ ਦਾਰਸ਼ਨਿਕ ਰੂਪਾਂ ਸੰਖੇਪ ‘ਚ ਵਿਚਾਰਧਾਰਕ ਰੂਪਾਂ, ਜਿਸ ਵਿੱਚ ਮਨੁੱਖ ਇਸ ਘੋਲ਼ ਪ੍ਰਤੀ ਸਚੇਤਨ ਹੋ ਜਾਂਦਾ ਹੈ ਅਤੇ ਜੂਝ ਕੇ ਉਸਦਾ ਨਿਬੇੜਾ ਕਰਦਾ ਹੈ – ਵਿਚਾਲੇ ਹਮੇਸ਼ਾ ਫ਼ਰਕ ਕੀਤਾ ਜਾਣਾ ਚਾਹੀਦਾ ਹੈ। ਜਿਵੇਂ ਕਿਸੇ ਬੰਦੇ ਬਾਰੇ ਸਾਡੀ ਧਾਰਨਾ ਇਸ ਗੱਲ ‘ਤੇ ਨਿਰਭਰ ਨਹੀਂ ਕਰਦੀ ਕਿ ਉਹ ਖੁਦ ਬਾਰੇ ਕੀ ਸੋਚਦਾ ਹੈ, ਠੀਕ ਇਸੇ ਤਰ੍ਹਾਂ ਕਾਇਆਪਲਟੀ ਦੇ ਕਿਸੇ ਵਕਫ਼ੇ ਬਾਰੇ ਉਸਦੀ ਚੇਤਨਾ ਦੇ ਅਧਾਰ ‘ਤੇ ਫੈਸਲਾ ਨਹੀਂ ਕਰ ਸਕਦੇ, ਇਸਦੇ ਉਲਟ ਇਸ ਚੇਤਨਾ ਦੀ ਵਿਆਖਿਆ ਪਦਾਰਥਕ ਜੀਵਨ ਦੀਆਂ ਵਿਰੋਧਤਾਈਆਂ ਦੇ ਅਧਾਰ ‘ਤੇ ਅਤੇ ਪੈਦਾਵਾਰ ਦੀਆਂ ਸਮਾਜਿਕ ਤਾਕਤਾਂ ਤੇ ਪੈਦਾਵਾਰੀ ਸਬੰਧਾਂ ਵਿਚਲੇ ਮੌਜੂਦਾ ਘੋਲ਼ ਦੇ ਅਧਾਰ ‘ਤੇ ਕੀਤੀ ਜਾਣੀ ਚਾਹੀਦੀ ਹੈ।” 2

ਉਦਾਹਰਨ ਵਜੋਂ ਮੱਧ-ਯੁੱਗ ਦੇ ਅੰਤ ‘ਚ ਅਨੇਕ ਲੋਕ ਨਵੇਂ ਪ੍ਰੋਟੈਸਟੈਂਟ ਧਰਮ ‘ਤੋਂ ਜਾਨ ਵਾਰਣ ਲਈ ਤਿਆਰ ਸਨ। ਭਿਅੰਕਰ ਧਾਰਮਿਕ ਘੋਲ਼ ਅਤੇ ਜੰਗਾਂ ਹੋਈਆਂ। ਪਰ ਕੀ ਉਹ ਸੱਚਮੁੱਚ ਆਪਣੇ ਵਿਚਾਰਾਂ ਲਈ ਜੂਝ ਰਹੇ ਸਨ? ਧਾਰਮਿਕ ਜੰਗਾਂ ਦੇ ਨਤੀਜੇ ਵਜੋਂ ਨਵੇਂ ਰਾਜਾਂ ਦਾ ਉਥਾਨ ਹੋਇਆ ਅਤੇ ਅਖ਼ੀਰ ‘ਚ ਸਰਮਾਏਦਾਰਾ ਸਮਾਜ ਦੀ ਸਥਾਪਨਾ ਹੋਈ ਅਤੇ ਉਹ ਮਜ਼ਬੂਤ ਹੋਇਆ। ਨਵੇਂ ਵਿਚਾਰਾਂ ਦਾ ਉਤਸ਼ਾਹ ਪੈਦਾਵਾਰ ਦੇ ਨਵੇਂ ਸਬੰਧਾਂ ਅਤੇ ਨਵੀਂਆਂ ਜਮਾਤਾਂ ਦੀ ਉਤਪੱਤੀ ਦੇ ਨਤੀਜਿਆਂ ਦੇ ਰੂਪ ‘ਚ ਪੈਦਾ ਹੋਇਆ ਸੀ ਅਤੇ ਲੋਕ-ਸਮੂਹਾਂ ਨੇ ਆਰਥਿਕ ਵਿਰੋਧਤਾਈਆਂ ‘ਤੇ ਅਧਾਰਿਤ ਘੋਲ਼ਾਂ ਨੂੰ ਆਪਣੀ ਚੇਤਨਾ ‘ਚ ਪੁਰਾਣੇ ਵਿਚਾਰਾਂ ਅਤੇ ਪੁਰਾਣੇ ਆਦਰਸ਼ਾਂ ਦੇ ਵਿਰੁੱਧ ਨਵੇਂ ਵਿਚਾਰਾਂ ਅਤੇ ਨਵੇਂ ਆਦਰਸ਼ਾਂ ਦੇ ਘੋਲ਼ ਦੇ ਰੂਪ ਵਿੱਚ ਗ੍ਰਹਿਣ ਕੀਤਾ।

ਹੋਰ ਵੀ, ਬ੍ਰਿਟੇਨ ‘ਚ ਖ਼ਾਨਾਜੰਗੀ ਸਮੇਂ ਨਵੀਂ ਸਰਮਾਏਦਾਰ ਜਮਾਤ ਨੇ ਸਮਰਾਟ ਦੇ ਵਿਰੁੱਧ ਸੰਸਦ ਦੀ ਪ੍ਰਭੂ-ਸੱਤਾ ਦੇ ਪੱਖ ‘ਚ ਘੋਲ਼ ਕੀਤਾ। ਉਹ ਸ਼ਹਿਨਸ਼ਾਹੀ ਸੰਸਥਾਵਾਂ ਦੇ ਵਿਰੁੱਧ ਸੰਸਦੀ ਸੰਸਥਾਵਾਂ ਅਤੇ ਸੰਸਦੀ ਹਕੂਮਤ ਦੀ ਸਥਾਪਨਾ ਲਈ ਲੜ ਰਹੇ ਸਨ। ਇਹ ਖ਼ਾਨਾਜੰਗੀ ਸ਼ਹਿਨਸ਼ਾਹੀ ਦੇ ਵਿਰੁੱਧ ਸੰਸਦ ਦੇ ਪੱਖ ‘ਚ, ਅਤੇ ਇਸੇ ਤਰ੍ਹਾਂ ਚਰਚ ਆਫ਼ ਇੰਗਲੈਂਡ ਦੇ ਹਮਾਇਤੀਆਂ ਵਿਰੁੱਧ ਪਿਓਰੀਟਨ (ਪ੍ਰੋਟੈਸਟੈਂਟ) ਧਰਮ ਦੇ ਪੱਖ ‘ਚ ਲੜੀ ਗਈ ਸੀ। ਪਰ ਜੰਗ ਦਾ ਅਸਲੀ ਸਾਰਤੱਤ ਇਹ ਸੀ ਕਿ ਸਰਮਾਏਦਾਰ ਜਮਾਤ ਸੱਤ੍ਹਾ ਪ੍ਰਾਪਤੀ ਲਈ ਜੂਝ ਰਹੀ ਸੀ। ਸੰਸਦ ‘ਤੇ ਸਰਮਾਏਦਾਰ ਜਮਾਤ ਦਾ ਕੰਟਰੋਲ ਸੀ, ਇਹ ਉਸਦੀ ਸੰਸਥਾ ਸੀ, ਜਿਸਦੀ ਸਰਮਾਏਦਾਰ ਜਮਾਤ ਨੇ ਸ਼ਹਿਨਸ਼ਾਹੀ ਵਿਰੁੱਧ ਜੰਗ ‘ਚ ਵਰਤੋਂ ਕੀਤੀ ਅਤੇ ਜਦ ਉਹਨਾਂ ਨੇ ਸੰਸਦੀ ਹਕੂਮਤ ਸਥਾਪਿਤ ਕਰਨ ‘ਚ ਪੂਰੀ ਸਫ਼ਲਤਾ ਪ੍ਰਾਪਤ ਕਰ ਲਈ ਤਾਂ ਉਸਦੇ ਤਹਿਤ ਮੈਨੂਫੈਕਚਰਿੰਗ ਅਤੇ ਵਪਾਰ ਦੇ ਬੇਲਗਾਮ ਵਿਕਾਸ ਦੀਆਂ ਸੰਭਾਵਨਾਵਾਂ ਦਾ ਰਾਹ ਖੁੱਲ੍ਹ ਗਿਆ।

ਆਮ ਤੌਰ ‘ਤੇ ਸਮਾਜ ਦੇ ਵਿਚਾਰਾਂ ਅਤੇ ਸੰਸਥਾਵਾਂ ਨਾਲ਼ ਸਬੰਧਿਤ ਘੋਲ਼ ਅਜਿਹੇ ਘੋਲ਼ ਹੁੰਦੇ ਹਨ, ਜਿਹਨਾਂ ਰਾਹੀਂ ਲੋਕ-ਸਮੂਹ ਆਪਣੇ ਆਰਥਿਕ ਘੋਲ਼ਾਂ ਪ੍ਰਤੀ ਸੁਚੇਤ ਹੁੰਦੇ ਹਨ ਅਤੇ ਲੜ ਕੇ ਜਿੱਤਦੇ ਹਨ ਜਿਸਦੇ ਅਧਾਰ ‘ਤੇ, ਲੋਕ-ਸਮੂਹ ਇੱਕ ਪਾਸੇ ਪੈਦਾਵਾਰ ਦੇ ਨਵੇਂ ਸਬੰਧਾਂ ਦੀ ਰੱਖਿਆ ਕਰਦੇ ਹਨ ਅਤੇ ਦੂਜੇ ਪਾਸੇ ਮੌਜੂਦਾ ਪੈਦਾਵਾਰੀ ਸਬੰਧਾਂ ਨੂੰ ਖ਼ਤਮ ਕਰਨ ਦਾ ਯਤਨ ਕਰਦੇ ਹਨ। ਅਜਿਹੇ ਘੋਲ਼ ਅੰਤ ਪੈਦਾਵਾਰ ਦੀਆਂ ਸਮਾਜਿਕ ਤਾਕਤਾਂ ਅਤੇ ਪੈਦਾਵਾਰੀ ਸਬੰਧਾਂ ਵਿਚਲੀਆਂ ਵਿਰੋਧਤਾਈਆਂ ਤੋਂ ਪੈਦਾ ਹੁੰਦੇ ਹਨ ਜੋ ਪੈਦਾਵਾਰ ਦੇ ਨਵੇਂ ਸਬੰਧਾਂ ਦੇ ਵਿਕਾਸ ਨੂੰ ਲਾਜ਼ਮੀ ਬਣਾਉਂਦੇ ਹਨ। ਪਰ ਸੰਸਥਾਵਾਂ ਅਤੇ ਵਿਚਾਰਾਂ ਸਬੰਧੀ ਘੋਲ਼ਾਂ ਰਾਹੀਂ ਹੀ ਟਕਰਾਵਾਂ ਦਾ ਨਿਬੇੜਾ ਹੁੰਦਾ ਹੈ ਅਤੇ ਆਰਥਿਕ ਵਿਕਾਸ ਹੁੰਦਾ ਹੈ।

ਇਸ ਤਰ੍ਹਾਂ ਸਮਾਜ ਦੇ ਵਿਕਾਸ ‘ਤੇ ਵਿਚਾਰ ਕਰਦੇ ਸਮੇਂ ਸਾਨੂੰ ਕੇਵਲ ਪੈਦਾਵਾਰੀ ਪ੍ਰਣਾਲੀ ਦੇ ਬੁਨਿਆਦੀ ਵਿਕਾਸ ਅਤੇ ਆਰਥਿਕ ਘੋਲ਼ਾਂ ‘ਤੇ ਹੀ ਵਿਚਾਰ ਕਰਨ ਤੱਕ ਸੀਮਿਤ ਨਹੀਂ ਰਹਿਣਾ ਹੁੰਦਾ ਹੈ, ਜੋ ਅੰਤਿਮ ਵਿਸ਼ਲੇਸ਼ਣ ‘ਚ ਇਸ ਵਿਕਾਸ ਨੂੰ ਤੈਅ ਕਰਦੇ ਹਨ। ਸਾਨੂੰ ਉਸ ਤਰੀਕੇ ‘ਤੇ ਵੀ ਵਿਚਾਰ ਕਰਨਾ ਹੁੰਦਾ ਹੈ, ਜਿਸ ਵਿੱਚ ਲੋਕ-ਸਮੂਹ ਆਪਣੇ ਸਚੇਤਨ ਹੰਭਲਿਆਂ ਰਾਹੀਂ “ਇਸ ਘੋਲ਼ ਪ੍ਰਤੀ ਚੇਤਨਾ-ਸੰਪੰਨ ਹੋ ਜਾਂਦੇ ਹਨ ਅਤੇ ਘੋਲ਼ ਨੂੰ ਅੰਤਿਮ ਨਤੀਜੇ ਤੱਕ ਲੈ ਜਾਂਦੇ ਹਨ।” ਸੰਖੇਪ ਵਿੱਚ, ਸਾਨੂੰ ਸਮਾਜ ਦੇ ਮਤਾਂ ਅਤੇ ਸੰਸਥਾਵਾਂ ਦੇ ਵਿਕਾਸ ‘ਤੇ ਵਿਚਾਰ ਕਰਨਾ ਹੈ। ਕਿਉਂਕਿ ਸਮਾਜਿਕ ਵਿਚਾਰਾਂ ਅਤੇ ਮਤਾਂ ਦੇ ਵਿਕਾਸ ਅਤੇ ਉਹਨਾਂ ਮਤਾਂ ਦੇ ਅਨੁਸਾਰ ਸੰਸਥਾਵਾਂ ਦੇ ਵਿਕਾਸ ਰਾਹੀਂ ਹੀ ਲੋਕ-ਸਮੂਹ ਆਪਣੇ ਸਮਾਜਿਕ ਜੀਵਨ ਦਾ ਨਿਰਬਾਹ ਕਰਦੇ ਹਨ ਅਤੇ ਉਸ ਤੋਂ ਪੈਦਾ ਹੋਣ ਵਾਲ਼ੇ ਟਕਰਾਵਾਂ ਦਾ ਨਿਬੇੜਾ ਕਰਦੇ ਹਨ।

ਸਮਾਜ ਦੇ ਮਤਾਂ ਅਤੇ ਸੰਸਥਾਵਾਂ ‘ਤੇ ਵਿਚਾਰ ਕਰਦੇ ਸਮੇਂ ਸਾਨੂੰ, ਇਸ ਸਥਿਤੀ ‘ਚ ਦੋ ਮੁੱਖ ਤੱਥਾਂ ਤੋਂ ਸੇਧ ਲੈਣੀ ਚਾਹੀਦੀ ਹੈ :

(1) ਮਤ ਅਤੇ ਸੰਸਥਾਵਾਂ ਸਮਾਜਕ ਵਿਕਾਸ ‘ਚ ਸਰਗਰਮ ਭੂਮਿਕਾ ਨਿਭਾਉਂਦੇ ਹਨ। ਮਤਾਂ ਅਤੇ ਸੰਸਥਾਵਾਂ ਸਬੰਧੀ ਉਹ ਲੋਕ ਜੋ ਉਹਨਾਂ ਮਤਾਂ ਅਤੇ ਸੰਸਥਾਵਾਂ ਦੇ ਪੱਖਪਾਤੀ ਹੁੰਦੇ ਹਨ ਅਤੇ ਸੰਸਥਾਵਾਂ ਦਾ ਸੰਚਾਲਨ ਕਰਦੇ ਹਨ, ਸਮਝਦੇ ਹਨ ਜਿਵੇਂ ਕਿ ਉਹ ਹੀ ਖੁਦ ਅੰਤਿਮ ਉਦੇਸ਼ ਹੁੰਦੇ ਹਨ ਜਿਵੇਂ ਵੱਖ-ਵੱਖ ਮਤਾਂ ਨੂੰ ਵਿਕਸਿਤ ਕਰਨ ਦਾ ਸਮਾਜਿਕ ਉਦੇਸ਼ ਕੇਵਲ ਲੋਕਾਂ ਨੂੰ ਸੱਚ ਸਬੰਧੀ ਦਿਸ਼ਾ ਦੇਣਾ ਹੈ ਅਤੇ ਜਿਵੇਂ ਵੱਖ-ਵੱਖ ਸੰਸਥਾਵਾਂ ਨੂੰ ਵਿਕਸਿਤ ਕਰਨ ਦਾ ਸਮਾਜਿਕ ਉਦੇਸ਼ ਲੋਕਾਂ ਨੂੰ ਕੇਵਲ ਚੰਗੇ ਅਤੇ ਨੈਤਿਕ ਜੀਵਨ ਲਈ ਪ੍ਰੇਰਿਤ ਕਰਨਾ ਹੁੰਦਾ ਹੈ। ਪਰ ਲੋਕ ਆਪਣੇ ਮਤਾਂ ਅਤੇ ਸੰਸਥਾਵਾਂ ਬਾਰੇ ਭਾਵੇਂ ਜੋ ਸੋਚਣ, ਸਾਨੂੰ ਇਸ ਗੱਲ ‘ਤੇ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਮਤ ਅਤੇ ਸੰਸਥਾਵਾਂ, ਅਸਲ ਵਿੱਚ ਕੀ ਕਰਦੇ ਹਨ, ਅਤੇ ਅਸਲ ਵਿੱਚ ਉਹ ਕਿਹੜੀ ਸਮਾਜਿਕ ਭੂਮਿਕਾ ਨਿਭਾਉਂਦੇ ਹਨ। ਉਸ ਸਥਿਤੀ ‘ਚ ਅਸੀਂ ਦੇਖਦੇ ਹਾਂ ਕਿ ਮਤ ਅਤੇ ਸੰਸਥਾਵਾਂ ਸਮਾਜ ‘ਚ ਅਜਿਹੇ ਸਾਧਨ ਦੇ ਰੂਪ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਹਨ ਜਿਸਦੇ ਰਾਹੀਂ ਮੌਜੂਦਾ ਸਮਾਜਿਕ-ਆਰਥਿਕ ਢਾਂਚਾ ਵਿਕਸਿਤ ਅਤੇ ਮਜ਼ਬੂਤ ਕੀਤਾ ਜਾਂਦਾ ਹੈ, ਜਾਂ ਬਦਲ ਦੇ ਰੂਪ ‘ਚ ਜਿਸਦੇ ਦੁਆਰਾ ਉਸਦਾ ਜੜ੍ਹਨਾਸ਼ ਹੁੰਦਾ ਹੈ, ਅਤੇ ਉਸਦੀ ਥਾਂ ਦੂਜਾ ਅਜਿਹੇ ਸਾਧਨ ਦੇ ਰੂਪ ‘ਚ ਸਥਾਪਿਤ ਕੀਤਾ ਜਾਂਦਾ ਹੈ, ਜਿਸਦੇ ਰਾਹੀਂ ਨਿਸ਼ਚਿਤ ਜਮਾਤ ਆਪਣੇ ਸਮਾਜਕ ਉਦੇਸ਼ਾਂ ਨੂੰ ਪ੍ਰਗਟ ਕਰਦੀ ਹੈ ਅਤੇ ਜਿਸਦੇ ਰਾਹੀਂ ਜਮਾਤੀ-ਘੋਲ਼ ‘ਚ ਜਿੱਤ ਪ੍ਰਾਪਤ ਕੀਤੀ ਜਾਂਦੀ ਹੈ।

ਨਤੀਜਨ ਮਤ ਅਤੇ ਸੰਸਥਾਵਾਂ ਹਮੇਸ਼ਾ ਆਪਣੀ ਸਰਗਰਮ ਸਮਾਜਕ ਭੂਮਿਕਾ, ਜਿਸਦਾ ਉਹਨਾਂ ਨੂੰ ਵੱਖ-ਵੱਖ ਸਮਿਆਂ ‘ਚ ਨਿਭਾਅ ਕਰਨਾ ਹੁੰਦਾ ਹੈ, ਦੇ ਅਨੁਸਾਰ ਹੀ ਵਿਕਸਿਤ ਹੁੰਦੀਆਂ ਹਨ, ਅਤੇ ਪੁਰਾਣੇ ਮਤਾਂ ਅਤੇ ਸੰਸਥਾਵਾਂ ਦੇ ਵਿਰੋਧ ‘ਚ ਨਵੇਂ ਮਤ ਅਤੇ ਸੰਸਥਾਵਾਂ ਜਮਾਤੀ ਘੋਲ਼ ਦੇ ਵਿਕਾਸ ਅਨੁਸਾਰ ਜਨਮ ਲੈਂਦੇ ਹਨ।

(2) ਇਸ ਤਰ੍ਹਾਂ ਮਤ ਅਤੇ ਸੰਸਥਾਵਾਂ ਸਮਾਜ ਦੇ ਆਰਥਿਕ ਜੀਵਨ ਤੋਂ ਅਜ਼ਾਦ ਜਨਮ ਨਹੀਂ ਲੈਂਦੀਆਂ ਅਤੇ ਨਾ ਹੀ ਅਜ਼ਾਦ ਵਿਕਸਿਤ ਹੁੰਦੀਆਂ ਹਨ। ਉਹ “ਮਹਾਨ ਪੁਰਸ਼ਾਂ” ਦੇ ਮਨਚਾਹੇ ਵਤੀਰੇ ਦੀ ਰਚਨਾ ਨਹੀਂ ਹੁੰਦੇ, ਭਾਵੇਂ ਕਿ ਮਹਾਨ ਪੁਰਸ਼ਾਂ ਦੀ ਸ਼ਖ਼ਸ਼ੀਅਤ ਉਹਨਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। “ਕੌਮੀ ਕਿਰਦਾਰ” ਦੇ ਪ੍ਰਗਟਾਵੇ ਦੇ ਰੂਪ ਵਿੱਚ ਵੀ ਉਹਨਾਂ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ, ਪਰ ਕੌਮੀ ਕਿਰਦਾਰ ਉਹਨਾਂ ਨੂੰ ਸੋਧ ਸਕਦਾ ਹੈ। ਉਹ ਮਨੁੱਖਾਂ ਦੇ ਦਿਮਾਗ਼ਾਂ ‘ਚ ਚੱਲਣ ਵਾਲ਼ੀਆਂ ਸ਼ੁੱਧ ਅਧਿਆਤਮਕ ਪ੍ਰਕ੍ਰਿਆਵਾਂ ਦੀ ਪੈਦਾਵਾਰ ਨਹੀਂ ਹੁੰਦੇ। ਇਸਦੇ ਉਲਟ, ਮਤਾਂ ਅਤੇ ਸੰਸਥਾਵਾਂ ਦਾ ਅਧਾਰ ਕਾਨੂੰਨਾਂ ਅਤੇ ਹਕੂਮਤ ਦੇ ਰੂਪਾਂ ਦਾ, ਮਨੁੱਖਾਂ ਦੇ ਸੰਪੂਰਨ ਵਿਚਾਰਧਾਰਕ ਅਤੇ ਅਧਿਆਤਮਕ ਕਾਰਜ਼ਾਂ ਦਾ ਅਧਾਰ ਸਮਾਜ ਦੇ ਪਦਾਰਥਕ ਜੀਵਨ ਦੀਆਂ ਦਿਸ਼ਾਵਾਂ ‘ਚ, ਆਰਥਿਕ ਸਬੰਧਾਂ ਦੇ ਖੇਤਰ ‘ਚ, ਜਮਾਤੀ-ਹਿੱਤਾਂ ਅਤੇ ਜਮਾਤੀ-ਘੋਲ਼ ਦੇ ਖੇਤਰ ‘ਚ ਸਥਿਤ ਹੁੰਦਾ ਹੈ।

ਇਸ ਨਜ਼ਰੀਏ ਨਾਲ਼, ਮਤਾਂ ਅਤੇ ਸੰਸਥਾਵਾਂ ਦਾ ਵਿਕਾਸ, ਅੰਤਿਮ ਵਿਸ਼ਲੇਸ਼ਣ ‘ਚ, ਪੈਦਾਵਾਰੀ ਪ੍ਰਣਾਲੀ ਦੇ ਵਿਕਾਸ ਦੁਆਰਾ ਤੈਅ ਹੁੰਦਾ ਹੈ। ਅਤੇ ਉਹ ਸਮਾਜ ਦੇ ਆਰਥਿਕ ਅਧਾਰ ਦਾ ਸਰੂਪ ਤਿਆਰ ਕਰਨ, ਅਤੇ ਉਸਨੂੰ ਮਜ਼ਬੂਤ ਕਰਨ ‘ਚ ਅਤੇ ਪੁਰਾਣੀਆਂ ਆਰਥਿਕ ਦਿਸ਼ਾਵਾਂ ਨੂੰ ਖ਼ਤਮ ਕਰਨ ਅਤੇ ਨਵੀਂਆਂ ਆਰਥਿਕ ਦਿਸ਼ਾਵਾਂ ਦੀ ਰਚਨਾ ਕਰਨ ‘ਚ ਵੀ ਸਹਾਇਕ ਹੋਣ ਦੀ ਸਰਗਰਮ ਭੂਮਿਕਾ ਨਿਭਾਉਂਦੇ ਹਨ।

ਸਮਾਜਿਕ ਹੋਂਦ ਅਤੇ ਸਮਾਜਿਕ ਚੇਤਨਾ

ਅਸੀਂ ਦੇਖਿਆ ਹੈ ਕਿ ਮਨੁੱਖ ਪੈਦਾਵਾਰ ਦੇ ਸਬੰਧਾਂ ‘ਚ ਲਾਜ਼ਮੀ ਹੀ ਸ਼ਰੀਕ ਹੁੰਦੇ ਹਨ, ਭਾਵੇਂ ਪੈਦਾਵਾਰੀ ਸਬੰਧ ਉਹਨਾਂ ਦੀ ਇੱਛਾ ਤੋਂ ਅਜ਼ਾਦ ਹੁੰਦੇ ਹਨ। ਸਮਾਜ ਦੇ ਵੱਖ-ਵੱਖ ਆਰਥਿਕ ਢਾਂਚੇ ਨਿਯਮਾਂ ਅਨੁਸਾਰ ਅਨੇਕਾਂ ਸਰੂਪ ਗ੍ਰਹਿਣ ਕਰਦੇ ਹਨ, ਪਰ ਉਹ ਨਿਯਮ ਮਨੁੱਖ ਦੀ ਇੱਛਾ ਤੋਂ ਅਜ਼ਾਦ ਰਹਿ ਕੇ ਬਾਹਰਮੁਖੀ ਲਾਜ਼ਮੀਅਤਾ ਨਾਲ਼ ਕੰਮ ਕਰਦੇ ਹਨ, ਠੀਕ ਇਸੇ ਤਰ੍ਹਾਂ ਆਰਥਿਕ ਪੱਧਤੀ ਦੇ ਤਹਿਤ ਯਤਨਾਂ ਦਾ ਆਪਸੀ ਵਟਾਂਦਰਾ ਬਾਹਰਮੁਖੀ ਨਿਯਮਾਂ ਦੁਆਰਾ ਕੰਟਰੋਲ ਹੁੰਦਾ ਹੈ ਜੋ ਮਨੁੱਖ ਦੀ ਇੱਛਾ ਤੋਂ ਅਜ਼ਾਦ ਕੰਮ ਕਰਦੇ ਹਨ।

ਇਸੇ ਤਰਕ ਨਾਲ਼, ਸਮਾਜ ਦਾ ਸੰਪੂਰਨ ਬੁਨਿਆਦੀ ਆਰਥਿਕ ਵਿਕਾਸ, ਜਿਵੇਂ ਕਿ ਮਾਰਕਸ ਨੇ ਕਿਹਾ ਹੈ “ਕੁਦਰਤੀ ਵਿਗਿਆਨ ਵਰਗੀ ਸ਼ੁੱਧਤਾ ਨਾਲ਼ ਜਾਣਿਆ ਜਾ ਸਕਦਾ ਹੈ।”

ਇਤਿਹਾਸ ਦੇ ਵਿਚਾਰਵਾਦੀ ਸੰਕਲਪਾਂ ਅਨੁਸਾਰ ਪਦਾਰਥਵਾਦੀ ਸੰਕਲਪ ਦੇ ਵਿਰੁੱਧ ਸਮਾਜਿਕ ਵਿਕਾਸ ਦਾ ਮੁੱਢਲਾ, ਨਿਰਧਾਰਕ ਤੱਤ ਸਮਾਜ ਦੇ ਮਤਾਂ ਅਤੇ ਸੰਸਥਾਵਾਂ ‘ਚ ਖੋਜਿਆ ਜਾਣਾ ਚਾਹੀਦਾ ਹੈ। ਵਿਚਾਰਵਾਦੀਆਂ ਅਨੁਸਾਰ ਮਨੁੱਖ ਪਹਿਲਾਂ ਕੁਝ ਨਿਸ਼ਚਿਤ ਮਤ ਵਿਕਸਿਤ ਕਰਦੇ ਹਨ, ਉਸ ਤੋਂ ਬਾਅਦ ਉਹ ਉਹਨਾਂ ਮਤਾਂ ਅਨੁਸਾਰ ਸੰਸਥਾਵਾਂ ਉਸਾਰਦੇ ਹਨ ਅਤੇ ਫਿਰ, ਉਹਨਾਂ ਦੇ ਅਧਾਰ ‘ਤੇ ਆਪਣਾ ਆਰਥਿਕ ਜੀਵਨ ਸੰਚਾਲਿਤ ਕਰਦੇ ਹਨ। ਇਸ ਤਰ੍ਹਾਂ ਉਹ ਤੱਥਾਂ ਨੂੰ ਬਿਲਕੁਲ ਪੁੱਠਾ ਕਰਕੇ ਰੱਖਦੇ ਹਨ। ਉਹ ਹਰੇਕ ਵਸਤੂ ਨੂੰ ਸਿਰ ਭਾਰ ਖੜ੍ਹਾ ਕਰ ਦਿੰਦੇ ਹਨ। ਸਮਾਜ ਦੇ ਪਦਾਰਥਕ ਜੀਵਨ ਦੇ ਅਧਾਰ ‘ਤੇ ਸਮਾਜ ਦੇ ਮਤਾਂ ਅਤੇ ਸੰਸਥਾਵਾਂ ਦੇ ਵਿਕਾਸ ਦਾ ਸੱਚ ਪ੍ਰਵਾਨ ਕਰਨ ਦੇ ਉਲਟ ਉਹ ਕਹਿੰਦੇ ਹਨ ਕਿ ਪਦਾਰਥਕ ਜੀਵਨ ਮਤਾਂ ਅਤੇ ਸੰਸਥਾਵਾਂ ਦੇ ਅਧਾਰ ‘ਤੇ ਵਿਕਸਿਤ ਹੁੰਦਾ ਹੈ।

ਜਿੰਨੇ ਸਮੇਂ ਤੱਕ ‘ਵਿਚਾਰਧਾਰਕ ਸਰੂਪ” ਸਮਾਜ ਦੇ ਵਿਕਾਸ ‘ਚ ਫੈਸਲਾਕੁੰਨ ਤੱਤ ਦੇ ਰੂਪ ‘ਚ ਮੰਨਿਆ ਜਾਂਦਾ ਰਹੇਗਾ, ਤਦ ਤੱਕ ਸਮਾਜਿਕ ਵਿਕਾਸ ਦੀ ਕੋਈ ਵਿਗਿਆਨਕ ਤਸਵੀਰ, ਭਾਵ ਬਕਾਇਦਾ ਨਿਯਮਾਂ ਅਨੁਸਾਰ ਉਸਦੇ ਵਿਕਾਸ ਦੀ ਤਸਵੀਰ ਪ੍ਰਾਪਤ ਕਰਨਾ ਮੁਸ਼ਕਿਲ ਹੋਵੇਗਾ। ਕਿਉਂਕਿ, ਜੇਕਰ ਸਮਾਜਕ ਜੀਵਨ ‘ਚ ਕਾਰਜ ਕਰਨ ਵਾਲ਼ੇ, ਬਦਲਦੇ ਹੋਏ ਵਿਚਾਰਾਂ ਅਤੇ ਪ੍ਰਵ੍ਰਿਤੀਆਂ ਨੂੰ ਆਪਣੇ-ਆਪ ‘ਚ ਅਜ਼ਾਦ ਖੇਤਰ ਸਮਝਿਆ ਜਾਂਦਾ ਹੈ, ਤਾਂ ਉਹਨਾਂ ਦੇ ਵਿਕਾਸ ਨੂੰ ਕੰਟਰੋਲ ਕਰਨ ਵਾਲ਼ੇ ਬਕਾਇਦਾ ਨਿਯਮਾਂ ਦੀ ਖੋਜ ਕਰਨਾ ਮੁਸ਼ਕਿਲ ਹੋ ਜਾਵੇਗਾ। ਉਸ ਹਾਲਤ ‘ਚ ਜਿਵੇਂ ਕਿ ਇੱਕ ਉੱਘੇ ਅੰਗਰੇਜ਼ ਇਤਿਹਾਸਕਾਰ ਨੇ ਟਿੱਪਣੀ ਕੀਤੀ ਹੈ : ਇਤਿਹਾਸਕਾਰ ਲਈ ਕੇਵਲ ਇੱਕ ਹੀ ਸੁਰੱਖਿਅਤ ਨਿਯਮ ਹੋ ਸਕਦਾ ਹੈ, ਕਿ ਉਹ ਮਨੁੱਖੀ ਕਿਸਮਤ ਦੇ ਵਿਕਾਸ ‘ਚ ਅਚਾਨਕ ਅਤੇ ਆਦਿੱਖ ਦੀ ਖੇਡ ਨੂੰ ਮਾਨਤਾ ਦੇਵੇ।”3 ਦੂਜੇ ਸ਼ਬਦਾਂ ‘ਚ, ਇਸ ਤਰ੍ਹਾਂ ਤਾਂ ਸਮਾਜਕ ਦਿਸਦੇ-ਸੰਸਾਰ ਦੇ ਵਿਗਿਆਨਕ ਵਿਸ਼ਲੇਸ਼ਣ ਭਾਵ ਸਮਾਜ ਦੇ ਵਿਗਿਆਨ ਦੀ ਸੰਭਾਵਨਾ ਹੀ ਬੇਇੱਜ਼ਤ ਹੋ ਜਾਂਦੀ ਹੈ। ਕੇਵਲ ਉਸੇ ਹਾਲਤ ‘ਚ, ਜਦ ਅਸੀਂ ਆਪਣਾ ਧਿਆਨ ਆਰਥਿਕ ਅਧਾਰ ਦੇ ਵੱਲ ਮੋੜਦੇ ਹਾਂ, ਬਕਾਇਦਾ ਨਿਯਮਾਂ ਦੇ ਖੇਤਰ ਤੋਂ ਜਾਣੂ ਹੁੰਦੇ ਹਾਂ, ਜੋ ਮਨੁੱਖ ਦੀ ਇੱਛਾ ਤੋਂ ਅਜ਼ਾਦ ਰਹਿ ਕੇ ਕੰਮ ਕਰਦੇ ਹਨ। ਇਸ ਖੋਜ ਦੇ ਬਾਅਦ ਅਸੀਂ ਉਹਨਾਂ ਲੁਕੇ ਹੋਏ ਨਿਯਮਾਂ ਦੀ ਵੀ ਖੋਜ ਕਰ ਸਕਦੇ ਹਾਂ ਜੋ ਉੱਚ-ਉਸਾਰ ਦੇ ਪ੍ਰਤੱਖ ਇੱਗੜ-ਦੁੱਘੜ ਵਿਕਾਸ ਨੂੰ ਆਪਣੀਆਂ ਕਿਰਿਆਵਾਂ ਨਾਲ਼ ਸੰਪੰਨ ਕਰਦੇ ਹਨ।

ਲੈਨਿਨ ਨੇ ਲਿਖਿਆ ਹੈ : ਮਾਰਕਸ… ਸਮਾਜ ਦੇ ਆਰਥਿਕ ਢਾਂਚੇ ਦੇ ਸੰਕਲਪ ਨੂੰ ਪੈਦਾਵਾਰੀ ਸਬੰਧਾਂ ਦੇ ਕੁੱਲ ਜੋੜ ਦੇ ਰੂਪ ‘ਚ ਸਥਾਪਿਤ ਕਰਨ ਰਾਹੀਂ ਅਤੇ ਇਸ ਤੱਥ ਨੂੰ ਸਥਾਪਿਤ ਕਰਨ ਰਾਹੀਂ, ਕਿ ਇਹਨਾਂ ਢਾਂਚਿਆਂ ਦਾ ਵਿਕਾਸ ਕੁਦਰਤੀ ਇਤਿਹਾਸ ਦੀ ਪ੍ਰਕ੍ਰਿਆ ਹੈ, ਸਮਾਜ-ਸ਼ਾਸਤਰ ਨੂੰ ਵਿਗਿਆਨਕ ਅਧਾਰ ‘ਤੇ ਉਚਿਆਉਣ ਵਾਲ਼ਾ ਪਹਿਲਾ ਬੰਦਾ ਸੀ।”4

ਪਰ ਲੋਕ ਵਿਚਾਰਵਾਨ ਹੁੰਦੇ ਹਨ ਅਤੇ ਹਮੇਸ਼ਾ ਸਚੇਤਨ ਹੋ ਕੇ ਕੰਮ ਕਰਦੇ ਹਨ। ਅਤੇ, ਬੁਨਿਆਦੀ ਪੈਦਾਵਾਰੀ ਸਬੰਧਾਂ ਤੋਂ ਉਲਟ, ਸਮਾਜ ਦੇ ਮਤ ਅਤੇ ਸੰਸਥਾਵਾਂ ਲੋਕਾਂ ਦੀ ਇੱਛਾ ਤੋਂ ਅਜ਼ਾਦ ਨਹੀਂ ਉੱਸਰਦੇ, ਨਾ ਹੀ ਉਹ ਅਜ਼ਾਦ ਉੱਸਰ ਸਕਦੇ ਹਨ। ਇਸਦੇ ਉਲਟ ਉਹ ਸ਼ੁੱਧ ਰੂਪ ਨਾਲ਼ ਮਨੁੱਖੀ ਚਿੰਤਨ ਅਤੇ ਸੰਕਲਪ ਦੇ, ਇੱਕ ਸ਼ਬਦ ਵਿੱਚ ਕਹੀਏ ਤਾਂ, ਚੇਤਨਾ ਦੀ ਪੈਦਾਵਾਰ ਹੁੰਦੇ ਹਨ। ਇੱਥੇ ਅਸੀਂ ਉਹਨਾਂ ਨਿਯਮਾਂ ‘ਤੇ ਵਿਚਾਰ ਨਹੀਂ ਕਰ ਰਹੇ ਹਾਂ, ਜੋ ਮਨੁੱਖ ਦੀ ਇੱਛਾ ਤੋਂ ਅਜ਼ਾਦ ਕਾਰਜ ਕਰਦੇ ਹਨ, ਸਗੋਂ ਸ਼ੁੱਧ ਰੂਪ ਨਾਲ਼ ਮਨੁੱਖੀ ਇੱਛਾ ਦੇ ਕਾਰਜ-ਖੇਤਰ ਦਾ ਅਧਿਐਨ ਕਰ ਰਹੇ ਹਾਂ।

ਇਸ ਤਰ੍ਹਾਂ, ਲੈਨਿਨ ਨੇ ਸਪੱਸ਼ਟ ਕੀਤਾ ਹੈ ਕਿ, “ਵਿਚਾਰਧਾਰਕ ਸਮਾਜਿਕ ਸਬੰਧ ਅਜਿਹੇ ਹੁੰਦੇ ਹਨ ਜੋ ਆਕਾਰ ਅਤੇ ਸਰੂਪ ਗ੍ਰਹਿਣ ਕਰਨ ਤੋਂ ਪਹਿਲਾਂ ਲੋਕਾਂ ਦੀ ਚੇਤਨਾ ‘ਚੋਂ ਲੰਘਦੇ ਹਨ,” ਅਤੇ “ਪਦਾਰਥਕ ਸਮਾਜਕ ਸਬੰਧ ਅਜਿਹੇ ਹੁੰਦੇ ਹਨ ਜੋ ਮਨੁੱਖਾਂ ਦੀ ਚੇਤਨਾ ‘ਚੋਂ ਲੰਘੇ ਬਿਨਾਂ ਹੀ ਆਕਾਰ ਅਤੇ ਸਰੂਪ ਗ੍ਰਹਿਣ ਕਰ ਲੈਂਦੇ ਹਨ।”5

ਦੂਜੇ ਸ਼ਬਦਾਂ ‘ਚ, ਅਸੀਂ ਇੱਕ ਪਾਸੇ ਪੈਦਾਵਾਰੀ ਸਬੰਧਾਂ, ਜੋ ਮਨੁੱਖੀ ਜਥੇਬੰਦੀ ਦੇ ਅਧਾਰ ਦੀ ਉਸਾਰੀ ਕਰਦੇ ਹਨ ਅਤੇ ਲੋਕ-ਸਮੂਹ ਦੀ ਚੇਤਨਾ ਤੋਂ ਅਜ਼ਾਦ ਰਹਿ ਕੇ ਸਰੂਪ ਗ੍ਰਹਿਣ ਕਰਦੇ ਹਨ ਅਤੇ ਦੂਜੇ ਪਾਸੇ ਖੁਦ ਸਮਾਜਕ ਚੇਤਨਾ, ਮਤਾਂ, ਜੋ ਮਨੁੱਖਾਂ ਦੇ ਦਿਮਾਗ਼ ‘ਚ ਆਕਾਰ ਗ੍ਰਹਿਣ ਕਰਦੇ ਹਨ, ਅਤੇ ਸੰਸਥਾਵਾਂ, ਜਿਹਨਾਂ ਨੂੰ ਉਹ ਆਪਣੇ ਮਤਾਂ ਅਨੁਸਾਰ ਸਥਾਪਿਤ ਕਰਦੇ ਹਨ, ਦੇ ਵਿਚਾਲੇ ਹਮੇਸ਼ਾ ਫ਼ਰਕ ਕਰਨਾ ਚਾਹੀਦਾ ਹੈ।

ਸਾਰੇ ਮਤ, ਜਿਹਨਾਂ ਨੂੰ ਮਨੁੱਖ ਸੂਤਰਬੱਧ ਕਰਦੇ ਹਨ ਅਤੇ ਸੰਸਥਾਵਾਂ, ਜਿਹਨਾਂ ਨੂੰ ਉਹ ਆਪਣੇ ਮਤਾਂ ਦੇ ਅਨੁਸਾਰ ਸਥਾਪਿਤ ਕਰਦੇ ਹਨ, ਉਹਨਾਂ ਦੁਆਰਾ ਸਮਾਜ ਦੇ ਮੌਜੂਦਾ ਆਰਥਿਕ ਢਾਂਚੇ ਅਤੇ ਉਸ ਆਰਥਿਕ ਢਾਂਚੇ ਦੇ ਅੰਦਰ ਜਨਮ ਲੈਣ ਵਾਲ਼ੇ ਜੱਦੋ-ਜਹਿਦ ਕਰ ਰਹੇ ਹਿੱਤਾਂ ਦੇ ਆਧਾਰ ‘ਤੇ ਸੂਤਰਬੱਧ ਅਤੇ ਸਥਾਪਿਤ ਕੀਤੇ ਜਾਂਦੇ ਹਨ।

ਮਾਰਕਸ ਅਤੇ ਏਂਗਲਜ਼ ਨੇ ਲਿਖਿਆ ਹੈ: “ਮਨੁੱਖ ਆਪਣੇ ਸੰਕਲਪਾਂ, ਵਿਚਾਰਾਂ ਆਦਿ ਦੇ ਪੈਦਾਕਾਰ’ ਅਸਲ ਸਰਗਰਮ ਮਨੁੱਖ ਹੁੰਦੇ ਹਨ, ਕਿਉਂਕਿ ਉਹ ਆਪਣੀਆਂ ਪੈਦਾਵਾਰੀ ਤਾਕਤਾਂ ਦੇ ਨਿਸ਼ਚਿਤ ਵਿਕਾਸ ਅਤੇ ਇਸਦੇ ਅਨੁਸਾਰੀ ਅੰਤਰ-ਸਬੰਧਾਂ ਤੋਂ ਕੰਟਰੋਲ ਹੁੰਦੇ ਹਨ। ਸਚੇਤਨ ਹੋਂਦ ਨੂੰ ਛੱਡ ਕੇ ਚੇਤਨਾ ਦੀ ਹੋਂਦ ਨਹੀਂ ਹੋ ਸਕਦੀ।”6

ਚੇਤਨਾ ਹਮੇਸ਼ਾ ਵਿਸ਼ੇਸ਼ ਲੋਕ-ਸਮੂਹ ਦੀ ਚੇਤਨਾ ਹੁੰਦੀ ਹੈ, ਜਿਹਨਾਂ ਦੇ ਜੀਵਨ ਦਾ ਢੰਗ ਉਹਨਾਂ ਲਈ ਉਹਨਾਂ ਦੀਆਂ ਪੈਦਾਵਾਰੀ ਤਾਕਤਾਂ ਅਤੇ ਉਸੇ ਅਨੁਸਾਰ ਪੈਦਾਵਾਰੀ ਸਬੰਧਾਂ ਅਤੇ ਆਰਥਿਕ ਘੋਲ਼ਾਂ ਦੇ ਕਿਰਦਾਰ ਦੁਆਰਾ ਤੈਅ ਹੁੰਦਾ ਹੈ – ਕਿਉਂਕਿ ਉਹ ਨਿਸ਼ਚਿਤ ਸਮਾਜ ਵਿੱਚ ਪੈਦਾ ਹੁੰਦੇ ਹਨ, ਅਤੇ ਇਸ ਤਰ੍ਹਾਂ ਮਤ ਜਿਹਨਾਂ ਨੂੰ ਉਹ ਸਮਾਜ ਦੀਆਂ ਅੰਤਰ-ਕਿਰਿਆਵਾਂ ਦੌਰਾਨ ਸੂਤਰਬੱਧ ਕਰਦੇ ਹਨ, ਅਤੇ ਸੰਸਥਾਵਾਂ ਜਿਹਨਾਂ ਨੂੰ ਉਹ ਸਥਾਪਿਤ ਕਰਦੇ ਹਨ, ਸਮਾਜ ਦੀਆਂ ਪਦਾਰਥਕ-ਆਰਥਿਕ ਦਿਸ਼ਾਵਾਂ ਜਿਹਨਾਂ ਵਿੱਚ ਉਹ ਰਹਿੰਦੇ ਹਨ, ‘ਤੇ ਨਿਰਭਰ ਹੁੰਦੇ ਹਨ ਅਤੇ ਆਮ ਭਾਸ਼ਾ ਵਿੱਚ ਕਹੀਏ ਤਾਂ ਉਹਨਾਂ ਪਦਾਰਥਕ-ਆਰਥਿਕ ਦਿਸ਼ਾਵਾਂ ਦੇ ਅਨੁਸਾਰੀ ਹੁੰਦੇ ਹਨ। “ਪਦਾਰਥਕ ਜੀਵਨ ਵਿੱਚ ਪੈਦਾਵਾਰ ਦੀ ਪ੍ਰਣਾਲੀ ਜੀਵਨ ਦੀਆਂ ਸਮਾਜਿਕ, ਸਿਆਸੀ ਅਤੇ ਅਧਿਆਤਮਕ ਪ੍ਰਕ੍ਰਿਆਵਾਂ ਦਾ ਵਿਆਪਕ ਕਿਰਦਾਰ ਤੈਅ ਕਰਦੀ ਹੈ।”7

ਮਨੁੱਖਾਂ ਦੇ ਇੱਕ-ਦੂਜੇ ਦੇ ਨਾਲ਼ ਸਬੰਧ ਅਤੇ ਪੈਦਾਵਾਰੀ ਸਾਧਨਾਂ ਨਾਲ਼ ਸਬੰਧ, ਜਿਹਨਾਂ ਵਿੱਚ ਉਹ ਅਸਲੀ ਪੈਦਾਵਾਰ ਦੌਰਾਨ ਇਕੱਠੇ ਹੁੰਦੇ ਹਨ, ਅੰਤਿਮ ਵਿਸ਼ਲੇਸ਼ਣ ਵਿੱਚ ਉਹਨਾਂ ਦੀ ਚਿੰਤਨ-ਪ੍ਰਣਾਲੀ ਅਤੇ ਉਹਨਾਂ ਦੇ ਸੰਪੂਰਨ ਸਮਾਜਿਕ ਜਥੇਬੰਦੀ ਨੂੰ ਤੈਅ ਕਰਦੇ ਹਨ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 46, ਦਸੰਬਰ 2015 ਵਿਚ ਪਰ੍ਕਾਸ਼ਤ

Advertisements