ਸਿਆਸੀ ਸਿੱਖਿਆ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸਮਾਜਵਾਦੀ ਰੀਸ : ਉਹਨਾਂ ਮੁੱਖ ਸ਼ਕਲਾਂ ਵਿਚੋਂ ਇਕ, ਜਿਨ੍ਹਾਂ ਵਿੱਚ ਸਮਾਜਵਾਦੀ ਸਮਾਜ ਅੰਦਰ ਕਿਰਤੀ ਲੋਕਾਂ ਦੀ ਰਚਣਈ ਪਹਿਲਕਦਮੀ ਪ੍ਰਗਟ ਹੁੰਦੀ ਹੈ, ਜੀਹਦਾ ਮੰਤਵ ਪੈਦਾਵਾਰ ਵਧਾਉਣਾ, ਉਹਦੀ ਗੁਣਵੱਤਾ ਚੰਗੇਰੀ ਬਣਾਉਣਾ, ਕਿਰਤ-ਪੈਦਾਵਾਰਤਾ ਵਧਾਉਣਾ ਅਤੇ ਤਕਨੀਕੀ ਤਰੱਕੀ ਤੇਜ਼ ਕਰਨਾ ਹੁੰਦਾ ਹੈ। ਸਮਾਜਵਾਦੀ ਰੀਸ ਦੀ ਲਹਿਰ ਵਿਚ ਸਵੈ-ਇੱਛਾ ਨਾਲ ਹਿੱਸਾ ਲੈਣ ਵਾਲੇ ਵਿਅਕਤੀ ਆਪਣੇ ਕੰਮ ਵਿਚ ਸਭ ਤੋਂ ਵਧੀਆ ਨਤੀਜੇ ਪਰਾਪਤ ਕਰਨ ਦਾ ਇਕਰਾਰ ਕਰਦੇ ਹਨ। ਇਹ ਲਹਿਰ ਲੁੱਟਚੋਂਘ ਤੋਂ ਮੁਕਤ ਹੋਏ ਕਿਰਤੀ ਲੋਕਾਂ ਦੀ ਕਮਿਊਨਿਸਟ ਵਿੱਦਿਆ ਦੀ ਇਕ ਸ਼ਕਲ ਹੈ, ਪੈਦਾਵਾਰੀ ਪ੍ਰਬੰਧ ਵਿਚ ਉਹਨਾਂ ਦੀ ਭਿਆਲੀ ਯਕੀਨੀ ਬਣਾਏ ਜਾਣ ਦਾ ਇਕ ਢੰਗ ਹੈ। ਸਮਾਜਵਾਦੀ ਰੀਸ ਦੇ ਅਸੂਲ, ਜਿਵੇਂ ਲੈਨਿਨ ਨੇ ਤਿਆਰ ਕੀਤੇ ਸਨ, ਇਸ ਪ੍ਰਕਾਰ ਹਨ : ਇਹਦਾ ਜਨਤਕ ਲੱਛਣ, ਸਿੱਟਿਆਂ ਦੀ ਤੁਲਨਾਤਮਕਤਾ, ਅੱਗੇਵਧੂ ਤਜਰਬੇ ਦੀ ਅਮਲੀ ਵਰਤੋਂ ਲਈ ਹਾਲਤਾਂ ਪੈਦਾ ਕੀਤਾ ਜਾਣਾ ਅਤੇ ਸਾਥੀਆਂ ਵਾਲ਼ੀ ਆਪਸੀ ਮੱਦਦ।

ਸੈਮਿਟਿਜ਼ਮ-ਵਿਰੋਧ : ਯਹੂਦੀਆਂ ਨਾਲ ਵੈਰ ਰੱਖਣ ਵਾਲ਼ਾ ਰੱਵਈਆ। ਲੋਟੂ ਹਾਕਮ ਜਮਾਤਾਂ ਇਹਦੀ ਵਰਤੋਂ ਕਿਰਤੀ ਲੋਕਾਂ ਦੀ ਜਮਾਤੀ ਇਕਮੁੱਠਤਾ ਨੂੰ ਕਮਜ਼ੋਰ ਕਰਨ ਲਈ ਅਤੇ ਉਹਨਾਂ ਨੂੰ ਸਿਆਸੀ ਸੰਗਰਾਮ ਤੋਂ ਲਾਂਭੇ ਹਟਾਉਣ ਲਈ ਕਰਦੀਆਂ ਹਨ।

ਸੰਗਮ ਦਾ ਸਿਧਾਂਤ : ਇਕ ਸਮਕਾਲੀ ਬੁਰਜੁਆ ਸਿਧਾਂਤ, ਜੀਹਦੇ ਅਨੁਸਾਰ ਦੋਵੇਂ ਵਿਰੋਧੀ ਸਮਾਜਕ ਅਤੇ ਆਰਥਕ ਪ੍ਰਣਾਲੀਆਂ ਸਮਾਜਵਾਦ ਅਤੇ ਸਰਮਾਏਦਾਰੀ, ਇਤਿਹਾਸ ਦੌਰਾਨ ਇਕ ਦੂਜੇ ਦੇ ਨੇੜੇ ਹੋ ਰਹੀਆਂ ਹਨ। ਇਹ ਦਾਅਵਾ ਕੀਤਾ ਜਾਂਦਾ ਹੈ ਕਿ ਇਹਦਾ ਨਤੀਜਾ ਇਕ ”ਸਨਅਤੀ ਸਮਾਜ” ਦਾ ਉਭਾਰ ਹੋਵੇਗਾ ਜੋ ਸਮਾਜਵਾਦ ਦੇ ਕੁਝ ਅੰਸ਼ਾਂ (ਜਿਵੇਂ ਕਿ ਆਰਥਕਤਾ ਦੀ ਰਾਜਕੀ ਵਿਉਂਤਬੰਦੀ) ਨੂੰ ਨਿੱਜੀ ਮਾਲਕੀ ਨਾਲ ਸੁਮੇਲ ਲਵੇਗਾ, ਜੋ ਕਾਇਮ ਰੱਖੀ ਜਾਵੇਗੀ (ਜੀਹਦੀ ਸੰਗੀ ਲੁੱਟਚੋਂਘ ਹੁੰਦੀ ਹੈ, ਜੀਹਦੇ ਬਾਰੇ ਇਸ ਸਿਧਾਂਤ ਦੇ ਸਮਰਥਕ ਚੁੱਪ ਰਹਿਣਾ ਠੀਕ ਸਮਝਦੇ ਹਨ)। ਸੰਗਮ ਦੇ ਸਿਧਾਂਤ ਦਾ ਮੰਤਵ ਕਿਰਤੀ ਲੋਕਾਂ ਨੂੰ ਬੁਨਿਆਦੀ ਸਮਾਜਕ ਅਤੇ ਆਰਥਕ ਤਬਦੀਲੀਆਂ ਲਈ ਸੰਗਰਾਮ ਤੋਂ ਲਾਂਭੇ ਲਿਜਾਣਾ ਹੈ।

ਸੋਧਵਾਦ : ਮਜ਼ਦੂਰ ਲਹਿਰ ‘ਚ ਇੱਕ ਮੌਕਾਪ੍ਰਸਤ ਰੁਝਾਨ। ਇਸ ਨੂੰ ਇਹ ਨਾਮ ਇਸ ਲਈ ਦਿੱਤਾ ਗਿਆ, ਕਿਉਂਕਿ ਇਹ ਮਾਰਕਸਵਾਦ ਦੀਆਂ ਸਿਆਸੀ, ਦਾਰਸ਼ਨਿਕ ਅਤੇ ਆਰਥਿਕ ਬੁਨਿਆਦਾਂ ਨੂੰ ਨਵੇਂ ਸਿਰਿਓ ਵਿਚਾਰਨ ਜਾਂ ਸੋਧਣ ਯਤਨ ਕਰਦਾ ਹੈ। ਇਹ ਅਜਿਹਾ ਬਦਲੀਆਂ ਹਾਲਤਾਂ ਅਨੁਸਾਰ ਮਾਰਕਸਵਾਦ ਨੂੰ ਵਿਕਸਿਤ ਕਰਨ ਦੇ ਨਾਮ ਹੇਠ ਕਰਦਾ ਹੈ। ਪਰ ਦਰਅਸਲ ਇਹ ਮਾਰਕਸਵਾਦ ਦੇ ਇਨਕਲਾਬੀ ਤੱਤ ਨੂੰ ਖਤਮ ਕਰਕੇ, ਇਸ ਨੂੰ ਸਰਮਾਏਦਾਰ ਜਮਾਤ ਦੇ ਹਿੱਤਾਂ ਦੇ ਮੇਚ ਦਾ ਬਣਾਉਂਦਾ ਹੈ। ਬਰਨਸਟੀਨ, ਕਾਉਤਸਕੀ, ਟੀਟੋ, ਖਰੁਸ਼ਚੇਵ, ਡੇਂਗ ਸਿਆਓ ਪਿੰਗ ਆਦਿ ਸੰਸਾਰ ਕਮਿਉਨਿਸਟ ਲਹਿਰ ਦੇ ਮੁੱਖ ਸੋਧਵਾਦੀ ਰਹੇ ਹਨ। ਭਾਰਤ ਵਿੱਚ ਸੋਧਵਾਦੀ ਰੁਝਾਨ ਦੀ ਨੁਮਾਇੰਦਗੀ ਭਾਰਤ ਦੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਅਤੇ ਕੁਝ ਹੋਰ ਛੋਟੀਆਂ ਪਾਰਟੀਆਂ ਕਰਦੀਆਂ ਹਨ। ਸੋਧਵਾਦੀ ਪਾਰਲੀਮਾਨੀ ਤੌਰ ਤਰੀਕਿਆਂ ਰਾਹੀਂ ਇਨਕਲਾਬ ਦੇ ਭਰਮ ਫੈਲਾਉਂਦੇ ਹਨ। ਪਰ ਜਿੱਥੇ ਵੀ ਕਿਤੇ ਉਹ ਪਾਰਲੀਮਾਨੀ ਤਰੀਕਿਆਂ ਰਾਹੀਂ ਸੱਤਾ ‘ਚ ਆਉਂਦੇ ਹਨ ਉਹ ਸਰਮਾਏਦਾਰਾ ਹਕੂਮਤ ਨੂੰ ਹੀ ਚਲਾਉਂਦੇ ਹਨ ਅਤੇ ਮਜ਼ਦੂਰਾਂ ਤੇ ਹੋਰ ਕਿਰਤੀਆਂ ‘ਤੇ ਹੋਰ ਸਰਮਾਏਦਾਰ ਪਾਰਟੀਆਂ ਵਾਂਗ ਹੀ ਜ਼ਬਰ ਢਾਹੁੰਦੇ ਹਨ।

ਸੱਤ੍ਹਾ : ਸਮਾਜਿਕ ਜਥੇਬੰਦੀ ਦਾ ਇੱਕ ਮੁੱਖ ਰੂਪ ਪ੍ਰਾਧਿਕਾਰੀ (Athuroritative) ਤਾਕਤ, ਜਿਸਨੂੰ ਵਿਰੋਧ ਪੂਰਨ ਵਿਅਕਤੀਗਤ ਅਤੇ ਸਮੂਹਿਕ ਹਿੱਤਾ ਵਿੱਚ ਤਾਲਮੇਲ ਦੇ ਮਾਧਿਅਮ ਨਾਲ਼ ਮਨੁੱਖੀ ਸਰਗਰਮੀਆਂ ਨੂੰ ਸ਼ਾਸ਼ਿਤ ਕਰਨ, ਸਮਝਾਉਣ ਮਨਾਉਣ ਨਾਲ਼ ਜਾਂ ਜ਼ੋਰ-ਜ਼ਬਰਦਸਤੀ ਨਾਲ਼ ਉਹਨਾਂ ਨੂੰ ਇੱਕ ਹੀ ਸੰਕਲਪ ਦੇ ਮਾਤਹਿਤ ਕਰਨ ਦੀ ਹਕੀਕੀ ਸੰਭਾਵਨਾ ਪ੍ਰਾਪਤ ਹੁੰਦੀ ਹੈ। ਮੁੱਢ ਕਦੀਮੀ ਭਾਈਚਾਰਕ ਪ੍ਰਬੰਧ ਤਹਿਤ ਸੱਤਾ ਦਾ ਕੋਈ ਵਿਸ਼ੇਸ਼ ਅੰਗ ਨਹੀਂ ਹੁੰਦਾ ਸੀ। ਉਸਦਾ ਕੰਮ-ਕਾਜ਼ ਕਬੀਲੇ ਦੇ ਸਾਰੇ ਬਾਲਗ ਮੈਂਬਰ ਚਲਾਉਂਦੇ ਸਨ। ਜਮਾਤੀ ਵਿਰੋਧ ਵਾਲ਼ੇ ਸਮਾਜੀ ਪ੍ਰਬੰਧਾਂ ‘ਚ ਸੱਤ੍ਹਾ , ਜੋ ਹਾਕਮ ਜਮਾਤ ਦੇ ਹਿੱਤਾ ਨੂੰ ਪ੍ਰਗਟਾਉਂਦੀ ਹੈ, ਸਮਾਜ ਤੋਂ ਵੱਖਰੀ ਕਰ ਦਿੱਤੀ ਜਾਂਦੀ ਹੈ ਅਤੇ ਉਸਦੇ (ਸਮਾਜ ਦੇ) ਉੱਪਰ ਥੋਪ ਦਿੱਤੀ ਜਾਂਦੀ ਹੈ। ਸਰਮਾਏਦਾਰੀ ਤੋਂ ਸਾਮਵਾਦ ਤੱਕ ਸੰਗਰਾਂਦੀ ਦੌਰ ਵਿੱਚ ਸੱਤ੍ਹਾ ਲੁਟੇਰੀਆਂ ਜਮਾਤਾਂ ਨੂੰ ਕੁਚਲਣ ਅਤੇ ਨਵੀਂ ਤਰ੍ਹਾਂ ਦੇ ਸਮਾਜਿਕ ਸਬੰਧਾਂ ਦੀ ਉਸਾਰੀ ਕਰਨ ਦਾ ਸੰਦ ਬਣ ਜਾਂਦੀ ਹੈ।    

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – ਅੰਕ 49, 1 ਮਾਰਚ 2016 ਵਿਚ ਪਰ੍ਕਾਸ਼ਤ

Advertisements