ਸਿਆਸੀ ਸਿੱਖਿਆ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸਮਾਜਵਾਦ: ਉਹ ਸਮਾਜਕ ਪ੍ਰਣਾਲ਼ੀ ਜੋ ਸਮਾਜਵਾਦੀ ਇਨਕਲਾਬ ਜ਼ਰੀਏ ਸਰਮਾਏਦਾਰੀ ਦਾ ਸਥਾਨ ਲੈਂਦੀ ਹੈ। ਇਸ ਨੂੰ ਇਸ ਤੋਂ ਅਗਲੇਰੇ ਉਚੇਰੇ ਸਮਾਜੀ ਪ੍ਰਬੰਧ ਕਮਿਊਨਿਜ਼ਮ (ਸਾਮਵਾਦ) ਦਾ ਪਹਿਲਾ ਪੜਾਅ ਵੀ ਕਿਹਾ ਜਾਂਦਾ ਹੈ। ਸਮਾਜਵਾਦ ਸਰਮਾਏਦਾਰੀ ਅਤੇ ਸਾਮਵਾਦ ਦਰਮਿਆਨ ਇੱਕ ਸੰਗਰਾਂਦੀ ਦੌਰ ਹੁੰਦਾ ਹੈ। ਮਜ਼ਦੂਰ ਜਮਾਤ ਰਾਜਸੱਤ੍ਹਾ ‘ਤੇ ਕਾਬਜ਼ ਹੁੰਦੀ ਹੈ। ਇਹ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਹੁੰਦੀ ਹੈ। ਸੱਤ੍ਹਾ ‘ਤੇ ਕਾਬਜ਼ ਮਜ਼ਦੂਰ ਜਮਾਤ ਹੋਰ ਮਿੱਤਰ ਜਮਾਤਾਂ (ਜਿਵੇਂ ਕਿ ਗਰੀਬ ਅਤੇ ਦਰਮਿਆਨੀ ਕਿਸਾਨੀ) ਨਾਲ਼ ਮਿਲ਼ਕੇ ਸੱਤ੍ਹਾ ਤੋਂ ਲਾਹੀਆਂ ਲੁਟੇਰੀਆਂ ਜਮਾਤਾਂ ਉੱਪਰ ਤਾਨਾਸ਼ਾਹੀ ਲਾਗੂ ਕਰਦੀ ਹੈ। ਸਮਾਜਵਾਦ ਅੰਦਰ ਜਮਹੂਰੀਅਤ ਸਿਰਫ ਮਜ਼ਦੂਰਾਂ ਅਤੇ ਹੋਰ ਕਿਰਤੀ ਲੋਕਾਂ ਲਈ ਹੀ ਹੁੰਦੀ ਹੈ।

ਸਮਾਜਵਾਦ ਮਨੁੱਖ ਹੱਥੋਂ ਮਨੁੱਖ ਦੀ ਹਰ ਪ੍ਰਕਾਰ ਦੀ ਲੁੱਟ ਦੇ ਖਾਤਮੇਂ, ਹਰ ਤਰ੍ਹਾਂ ਦੀ ਜਮਾਤੀ ਵੰਡ ਦੇ ਖਾਤਮੇਂ ਦੀ ਦਿਸ਼ਾ ‘ਚ ਲਗਾਤਾਰ ਅੱਗੇ ਵਧਣ ਲਈ ਪੈਦਾਵਾਰ ਦੇ ਸਾਧਨਾਂ ਦੀ ਨਿੱਜੀ ਮਾਲਕੀ ਦਾ ਖਾਤਮਾ ਕਰਦਾ ਹੈ। ਕਿਰਤੀ ਲੋਕਾਂ ਦੇ ਹਿੱਤਾਂ ਵਿੱਚ ਕੌਮੀ ਆਰਥਿਕਤਾ ਦਾ ਵਿਉਂਤਬੱਧ ਪ੍ਰਬੰਧ ਜਥੇਬੰਦ ਕੀਤਾ ਜਾਂਦਾ ਹੈ। ਕੌਮੀ ਅਣਬਣ, ਕੌਮੀ ਜਬਰ ਦਾ ਅੰਤ ਕਰ ਦਿੱਤਾ ਜਾਂਦਾ ਹੈ। ਸਮਾਜਵਾਦ ਕੌਮਾਂ ਦੇ ਆਪਾ ਨਿਰਣੇ ਦੇ ਹੱਕ ਨੂੰ ਬੁਲੰਦ ਕਰਦਾ ਹੈ। ਔਰਤਾਂ ਨੂੰ ਮਰਦਾਂ ਦੇ ਬਰਾਬਰ ਦੇ ਹੱਕ ਦਿੱਤੇ ਜਾਂਦੇ ਹਨ। ਨਿੱਜੀ ਜਾਇਦਾਦ ਦੇ ਖਾਤਮੇਂ ਨਾਲ਼ ਇਨਸਾਨਾਂ ਦੇ ਆਪਸੀ ਰਿਸ਼ਤੇ ਨਵੇਂ ਮਨੁੱਖੀ ਅਧਾਰ ‘ਤੇ ਬਣਦੇ ਹਨ। ਵੇਸਵਾਗਮਨੀ ਦਾ ਜੜੋਂ ਖਾਤਮਾ ਹੁੰਦਾ ਹੈ।

ਸਮਾਜਵਾਦ ਆਰਥਕ ਸੰਕਟ, ਬੇਰੁਜ਼ਗਾਰੀ ਦਾ ਅੰਤ ਕਰ ਦਿੰਦਾ ਹੈ। ਸਮਾਜਵਾਦ ਇਹ ਅਸੂਲ ਲਾਗੂ ਕਰਦਾ ਹੈ “ਹਰ ਇੱਕ ਤੋਂ ਉਸਦੀ ਯੋਗਤਾ ਅਨੁਸਾਰ ਹਰ ਇੱਕ ਨੂੰ ਉਸ ਦੇ ਕੰਮ ਅਨੁਸਾਰ।” ਸਮਾਜਵਾਦ ਅੰਦਰ ਕੰਮ ਕਰਨ ਯੋਗ ਲੋਕਾਂ ਲਈ ਕੰਮ ਕਰਨਾ ਲਾਜ਼ਮੀ ਹੁੰਦਾ ਹੈ। ਇੱਥੇ ਹੋਰ ਦੀ ਮਿਹਨਤ ‘ਤੇ ਜੀਣ ਵਾਲ਼ੇ ਵਿਹਲੜ, ਪਰਜੀਵੀ ਨਹੀਂ ਹੋ ਸਕਦੇ। ਸਮਾਜਵਾਦ ‘ਚ ਸਿਹਤ ਸਹੂਲਤਾਂ ਅਤੇ ਵਿੱਦਿਆ ਸਭ ਨਾਗਰਿਕਾਂ ਲਈ ਮੁਫਤ ਹੁੰਦੀ ਹੈ। ਬਜ਼ੁਰਗਾਂ ਅਤੇ ਬੱਚਿਆਂ ਦੀ ਸੰਭਾਲ਼ ਦਾ ਜ਼ਿੰਮਾਂ ਸਮਾਜ ਦਾ ਹੁੰਦਾਂ ਹੈ। ਸਾਂਝੇ ਰਸੋਈ ਘਰਾਂ ਅਤੇ ਬਾਲ ਸੰਭਾਲ਼ ਕੇਂਦਰਾਂ ਜ਼ਰੀਏ ਔਰਤਾਂ ਨੂੰ ਚੁੱਲੇ-ਚੌਕੇਂ ਦੀ ਗੁਲਾਮੀ ਤੋਂ ਮੁਕਤ ਕੀਤਾ ਜਾਂਦਾ ਹੈ।

ਪਰ ਸਮਾਜਵਾਦੀ ਸਮਾਜ ਵੀ ਇੱਕ ਜਮਾਤੀ ਸਮਾਜ ਹੀ ਹੁੰਦਾ ਹੈ। ਇਸ ਸਮਾਜ ਦੀ ਮੁੱਖ ਚਾਲਕ ਸ਼ਕਤੀ ਵੀ ਜਮਾਤੀ ਘੋਲ਼ ਹੀ ਹੁੰਦਾ ਹੈ। ਸੱਤ੍ਹਾ ਤੋਂ ਲਾਹੀਆਂ ਲੁਟੇਰੀਆਂ ਜਮਾਤਾਂ ਆਪਣੇ ਵਿਦੇਸ਼ੀ ਭਾਈਵਾਲਾਂ (ਸਾਮਰਾਜੀ ਦੇਸ਼ਾਂ) ਦੀ ਮਦਦ ਨਾਲ਼ ਆਪਣਾ ਖੁੱਸਿਆ ਸਵਰਗ ਮੁੜ ਤੋਂ ਹਾਸਲ ਕਰਨ ਲਈ ਸਿਰਤੋੜ ਕੋਸ਼ਿਸ਼ਾਂ ਕਰਦੀਆਂ ਹਨ। ਇਸਦੇ ਨਾਲ਼ ਹੀ ਸਮਾਜਵਾਦ ਨੂੰ ਪਿੰਡ ਤੇ ਸ਼ਹਿਰ, ਖੇਤੀ ਤੇ ਸੱਨਅਤ, ਮਾਨਸਿਕ ਤੇ ਸਰੀਰਕ ਕਿਰਤ ਦੇ ਪਾੜੇ ਸਰਮਾਏਦਾਰੀ ਤੋਂ ਵਿਰਾਸਤ ‘ਚ ਮਿਲ਼ਦੇ ਹਨ। ਇਹਨਾਂ ਪਾੜਿਆਂ ‘ਚੋਂ ਸਮਾਜਵਾਦ ਅੰਦਰ ਇੱਕ ਨਵੀਂ ਸਰਮਾਏਦਾਰ ਜਮਾਤ ਪੈਦਾ ਹੁੰਦੀ ਰਹਿੰਦੀ ਹੈ। ਸਮਾਜਵਾਦ ਅੰਦਰ ਸੱਤ੍ਹਾ ‘ਤੇ ਕਾਬਜ਼ ਮਜ਼ਦੂਰ ਜਮਾਤ ਆਪਣੀ ਕਮਿਊਨਿਸਟ ਪਾਰਟੀ ਦੀ ਅਗਵਾਈ ‘ਚ ਸਾਮਵਾਦ ਵੱਲ ਲਿਜਾਣ ਦੀ ਜ਼ੋਰਦਾਰ ਕੋਸ਼ਿਸ਼ ਕਰਦੀ ਹੈ। ਜਦਕਿ ਸਰਮਾਏਦਾਰ ਜਮਾਤ ਸਰਮਾਏਦਾਰੀ ਦੀ ਮੁੜ-ਬਹਾਲੀ ਦੇ ਜ਼ੋਰਦਾਰ ਯਤਨ ਕਰਦੀ ਹੈ। ਸਮਾਜਵਾਦ ਦੇ ਪੂਰੇ ਦੌਰ ‘ਚ ਇਹਨਾਂ ਦੋਹਾਂ ਦਿਸ਼ਾਵਾਂ ‘ਚ ਟੱਕਰ ਜਾਰੀ ਰਹਿੰਦੀ ਹੈ ਤੇ ਸਰਮਾਏਦਾਰੀ ਦੀ ਮੁੜ-ਬਹਾਲੀ ਦਾ ਖਤਰਾ ਬਣਿਆ ਰਹਿੰਦਾ ਹੈ।

ਸਮਾਜਵਾਦੀ ਇਨਕਲਾਬ: ਸਮਾਜਕ ਇਨਕਲਾਬ ਦਾ ਸਭ ਤੋਂ ਉੱਚਾ ਰੂਪ, ਜੋ ਸਰਮਾਏਦਾਰਾ ਸਮਾਜ ਤੋਂ ਸਮਾਜਵਾਦੀ ਸਮਾਜ ਵੱਲ ਤਬਦੀਲੀ ਨੇਪਰੇ ਚਾੜ੍ਹਦਾ ਹੈ। ਆਪਣੀ ਮਾਰਕਸਵਾਦੀ-ਲੈਨਿਨਵਾਦੀ ਪਾਰਟੀ ਦੀ ਅਗਵਾਈ ਵਿੱਚ ਮਜ਼ਦੂਰ ਜਮਾਤ ਸਮਾਜਵਾਦੀ ਇਨਕਲਾਬ ਦੀ ਚਾਲਕ ਸ਼ਕਤੀ ਹੁੰਦੀ ਹੈ। ਕਿਸੇ ਵੀ ਦੇਸ ਵਿਚ ਸਮਾਜਵਾਦੀ ਇਨਕਲਾਬ ਅਤੇ ਸਮਾਜਵਾਦੀ ਉਸਾਰੀ ਦੇ ਮੁੱਖ ਲੱਛਣ ਇਹ ਹੁੰਦੇ ਹਨ : ਕਿਸਾਨੀ, ਬੁੱਧੀਜੀਵੀ ਤਬਕੇ ਦੇ ਅੱਗੇਵਧੂ ਹਿੱਸੇ ਅਤੇ ਸਮਾਜ ਦੇ ਸਾਰੇ ਮੋਹਰੀ ਹਿੱਸਿਆਂ ਨਾਲ਼ ਜੁੜੀ ਹੋਈ ਮਜ਼ਦੂਰ ਜਮਾਤ ਸਰਮਾਏਦਾਰ ਜਮਾਤ ਨੂੰ ਸੱਤ੍ਹਾ ਤੋਂ ਲਾਹ ਸੁੱਟਦੀ ਹੈ ਅਤੇ ਆਪਣੀ ਤਾਨਾਸ਼ਾਹੀ ਦੀ ਸਥਾਪਨਾ ਕਰਦੀ ਹੈ। ਸਮਾਜਵਾਦੀ ਇਨਕਲਾਬ ਕਦੇ ਵੀ ਪਾਰਲੀਮਾਨੀ ਰਾਹ ਜਰੀਏ ਸ਼ਾਂਤਮਈ ਢੰਗ ਨਾਲ਼ ਨਹੀਂ ਹੋ ਸਕਦਾ। ਇਹ ਸਿਰਫ ਅਤੇ ਸਿਰਫ ਇੱਕ ਹਿੰਸਕ ਇਨਕਲਾਬ ਹੀ ਹੋ ਸਕਦਾ ਹੈ। ਮਜ਼ਦੂਰ ਜਮਾਤ ਸਰਮਾਏਦਾਰ ਅਤੇ ਹੋਰ ਲੋਟੂ ਜਮਾਤਾਂ ਦੇ ਸਮਾਜਕ ਅਤੇ ਆਰਥਕ ਗ਼ਲਬੇ ਦੇ ਖ਼ਾਤਮੇ ਲਈ ਇਸ ਸੱਤ੍ਹਾ ਦੀ ਵਰਤੋਂ ਕਰਦਾ ਹੈ। ਸਮਾਜਵਾਦ ਦੀ ਉਸਾਰੀ ਦੇ ਯਤਨਾਂ ਵਿੱਚ ਕਿਰਤੀ ਲੋਕਾਂ ਨੂੰ ਇਕਮੁੱਠ ਕੀਤੇ ਜਾਣ ਲਈ ਮਜ਼ਦੂਰ ਜਮਾਤ ਅਤੇ ਉਹਦੇ ਕਮਿਊਨਿਸਟ ਮੋਹਰੀ ਦਸਤੇ ਦੀ ਜਥੇਬੰਦਕ ਭੂਮਿਕਾ ਹੁੰਦੀ ਹੈ ਅਤੇ ਜਮਾਤੀ ਵੈਰੀ ਦੇ ਅਟੱਲ ਹਮਲਿਆਂ ਤੋਂ ਇਨਕਲਾਬ ਦੀ ਰਾਖੀ ਕਰਨ ਦੀ ਕਿਰਤੀ ਲੋਕਾਂ ਦੇ ਸਰਕਾਰ ਦੀ ਸਮਰੱਥ ਹੁੰਦੀ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 47, ਜਨਵਰੀ 2016 ਵਿਚ ਪਰ੍ਕਾਸ਼ਤ

Advertisements