ਸਿਆਸੀ ਸਿੱਖਿਆ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸਿੱਕੇ ਦਾ ਸੰਕਟ : ਸਰਮਾਏਦਾਰੀ ਦੀ ਸਿੱਕੇ ਦੀ ਅਤੇ ਹੁਧਾਰ ਦੀ ਪਰਣਾਲੀ ਦਾ ਸੰਕਟ, ਜੋ ਸਰਮਾਏਦਾਰੀ ਦੇ ਆਮ ਸੰਕਟ ਦਾ ਇਕ ਅੰਗ ਹੁੰਦਾ ਹੈ। ਇਹਦਾ ਸਭ ਤੋਂ ਅਹਿਮ ਪਰਗਟਾਅ ਸੋਨੇ ਦੇ ਮਿਆਰ ਦਾ ਖ਼ਤਮ ਹੋ ਜਾਣਾ, ਭਾਵ ਬੈਂਕੀ ਨੋਟਾਂ ਦਾ ਸੋਨੇ ਨਾਲ ਸੁਤੰਤਰ ਵਟਾਂਦਰਾਂ ਖ਼ਤਮ ਹੋ ਜਾਣਾ ਹੁੰਦਾ ਹੈ, ਜੀਹਤੋਂ ਮਗਰੋਂ ਕਾਗ਼ਜ਼ੀ ਧਨ ਦੇ ਗੇੜ ਵਿਚ ਤੇਜ ਵਾਧਾ ਵਾਪਰਦਾ ਹੈ। ਸਿੱਕੇ ਦਾ ਸਥਾਨਕ ਸੰਕਟ ਕਿਸੇ ਵਿਸ਼ੇਸ਼ ਸਰਮਾਏਦਾਰੀ ਦੇਸ ਦੇ ਸਿੱਕੇ ਦਾ ਸੰਕਟ ਹੁੰਦਾ ਹੈ, ਜੋ ਅਸਥਾਈ ਲੱਛਣ ਵਾਲਾ ਹੁੰਦਾ ਹੈ, ਪਰ ਬਹੁਤ ਲੰਮੇ ਸਮੇਂ ਤੱਕ ਵੀ ਲਮਕ ਸਕਦਾ ਹੈ।

ਸੁਧਾਰਵਾਦ : ਮਜ਼ਦੂਰ ਲਹਿਰ ਦੇ ਅੰਦਰ ਇਕ ਸਿਆਸੀ ਰੁਝਾਨ। ਇਹਦੇ ਸਮਰਥਕ ਬੁਰਜੁਆ ਰਾਜ ਨੂੰ ”ਖ਼ੁਸ਼ਹਾਲੀ ਦੇ ਰਾਜ” ਵਿਚ ਅਤੇ ਪੂੰਜੀਵਾਦੀ ਨੂੰ ”ਸਰਬਵਿਆਪੀ ਖ਼ੁਸ਼ਹਾਲੀ” ਦੇ ਸਮਾਜ ਵਿਚ ਪਲਟਣ ਦਾ ਯਤਨ ਕਰਦੇ ਹਨ। ਅਜਿਹਾ ਉਹ ਛੋਟੇ-ਮੋਟੇ ਸੁਧਾਰਾਂ ਰਾਹੀਂ ਕਰਨਾ ਚਾਹੁੰਦੇ ਹਨ ਜਿਹੜੇ ਸਰਮਾਏਦਾਰੀ ਦੀਆਂ ਸਮਾਜਕ ਤੇ ਆਰਥਕ ਬੁਨਿਆਦਾਂ ਉੱਤੇ ਅਸਰ ਨਹੀਂ ਪਾਉਂਦੇ ਅਤੇ ਬੁਰਜੂਆ ਜਮਹੂਰੀਅਤ ਦੇ ਚੌਖਟੇ ਦੇ ਅੰਦਰ ਨੇਪਰੇ ਚਾੜ੍ਹੇ ਜਾਂਦੇ ਹਨ। ਆਧੁਨਿਕ ਸੁਧਾਰਵਾਦ ਦਾ ਅਧਿਕਾਰਤ ਸਿਧਾਂਤ, ਜੋ ਵਿਗਿਆਨਕ ਕਮਿਊਨਿਜ਼ਮ ਦੇ ਟਾਕਰੇ ਉੱਤੇ ਖੜਾ ਕੀਤਾ ਜਾਂਦਾ ਹੈ ”ਜਮਹੂਰੀ ਸਮਾਜਵਾਦ” ਹੈ। ਇਹ ਸਿਧਾਂਤ ਜਮਾਤੀ ਸੰਗਰਾਮ, ਸਮਾਜਵਾਦੀ ਇਨਕਲਾਬ ਅਤੇ ਕਿਰਤੀ ਲੋਕਾਂ ਵੱਲੋਂ ਸਿਆਸੀ ਸੱਤਾ ਦੀ ਪਰਾਪਤੀ ਦੀ ਲੋੜ ਤੋਂ ਇਨਕਾਰੀ ਹੈ ਅਤੇ ਲੁਟੀਰੀਆਂ ਤੇ ਲੁਟੀਂਦੀਆਂ ਜਮਾਤਾਂ ਦੀ ਸਾਂਝ-ਭਿਆਲੀ ਦਾ ਸੱਦਾ ਦਿੰਦਾ ਹੈ।

ਸੋਸ਼ਲ-ਡੈਮੋਕਰੈਸੀ : ਕੌਮਾਤਰੀ ਮਜ਼ਦੂਰ ਲਹਿਰ ਵਿੱਚ ਇਕ ਸਿਆਸੀ ਰੁਝਾਨ, ਜੋ 19ਵੀਂ ਸਦੀ ਦੀ ਅੰਤਲੀ ਤਿਹਾਈ ਵਿਚ ਉਭਰਿਆ। ਪਹਿਲਾਂ-ਪਹਿਲ ਸੋਸ਼ਲ-ਡੈਮੋਕਰੈਸੀ ਨੇ ਇਨਕਲਾਬੀ ਨਜ਼ਰੀਆ ਅਪਣਾਇਆ, ਸਮਾਜਵਾਦ ਦੇ ਵਿਚਾਰ ਫ਼ੈਲਾਏ ਅਤੇ ਮਜ਼ਦੂਰ ਜਮਾਤ ਦੀਆਂ ਸਮੂਹਕ ਜਥੇਬੰਦੀਆਂ ਿ ਕਾਇਮੀ ਵਿਚ ਸਹਾਇਤਾ ਦਿੱਤੀ। ਪਰ ਇਸ ਸਦੀ ਦੇ ਸ਼ੁਰੂ ਸਮੇਂ ਸੋਸ਼ਲ-ਡੈਮੋਕਰੈਸੀ ਵਿਚ ਸੋਧਵਾਦੀ ਅਤੇ ਮੌਕਾਵਾਦੀ  ਰੁਝਾਨ ਪੈਦਾ ਹੋ ਗਏ, ਜਿਨ੍ਹਾਂ ਦੇ ਨਤੀਜੇ ਵਜੋਂ ਇਹਨੇ ਆਪਣੇ ਆਪ  ਨੂੰ ਕੇਵਲ ਸ਼ਾਂਤਮਈ ਅਮਲਾਂ ਦੀ ਤੇ ਸਹਿਜ ਰੂਪ ਵਾਲੇ ਸਮਾਜਕ ਸੁਧਾਰਾਂ ਦੀ ਅਤੇ ਸਾਮਰਾਜਵਾਦੀ ਬੁਰਜੁਆਜ਼ੀ ਨਾਲ ਜਮਾਤੀ ਸਾਂਝਭਿਆਲੀ ਦੀ ਵਕਾਲਤ ਤੱਕ ਸੀਮਤ ਕਰ ਲਿਆੇ ਇਸ ਮੰਤਵ ਲਈ ਇਹਨੇ ”ਜਮਾਤੀ ਸੋਚਾਂ ਤੋਂ ਉੱਪਰ” ਹੋਣ ਵਾਲਾ ਰਾਜ ਤੇ ਜਮਹੂਰੀਅਤ ਦਾ ਸੰਕਲਪ ਅਪਣਾ ਲਿਆ ਅਤੇ ਸਮਾਜਵਾਦ ਨੂੰ ਮੂਲ ਰੂਪ ਵਿਚ ਸਦਾਚਾਰ ਨੈਤਿਕਤਾ ਦੇ ਇਕ ਸਵਾਲ ਵਜੋਂ ਦੇਖਿਆ ਲੈਨਿਨ ਦੀ ਬਾਲਸ਼ਵਿਕਾਂ ਦੀ ਪਾਰਟੀ ( ਦੇਖੋ ਬਾਲਸ਼ਵਿਜ਼ਮ) ਨੇ ਬਹੁਗਿਣਤੀ ਸੋਸ਼ਲਿਸਟ ਅਤੇ ਸੋਸ਼ਲ-ਡੈਮੋਕਰੈਟਿਕ ਪਾਰਟੀਆਂ ਦੇ ਮੌਕਾਵਾਦੀ ਆਗੂਆਂ ਦਾ ਦ੍ਰਿੜਤਾ ਨਾਲ ਵਿਰੋਧ ਕੀਤਾ। 1917 ਦੇ ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ ਮਗਰੋਂ ਸੋਸ਼ਲ ਡੈਮੋਕਰੈਟਿਕ ਪਾਰਟੀਆਂ ਵਿਚਲੇ ਖੱਬੇ ਇਨਕਾਲਬੀ ਅੰਸ਼ ਉਹਨਾਂ ਨਾਲੋਂ ਟੁੱਟ ਗਏ ਅਤੇ ਉਹਨਾਂ ਨੇ ਕਮਿਊਨਿਸਟ ਪਾਰਟੀਆਂ ਬਣਾ ਲਈਆਂ ਜੋ ਕਮਿਊਨਿਸਟ ਕੌਮਾਤਰੀ (1919-1943) ਵਿਚ ਇਕਮੁੱਠ ਹੋ ਗਈਆਂ।

ਸੋਵੀਅਤ ਸਮਾਜਵਾਦੀ ਗਣਰਾਜਾਂ ਦੀ ਯੂਨੀਅਨ (ਸੋਵੀਅਤ ਯੂਨੀਅਨ) : ਮਨੁੱਖ ਜਾਤੀ ਦੇ ਇਤਿਹਾਸ ਵਿਚ ਮਜ਼ਦੂਰ ਜਮਾਤ ਦਾ ਪਹਿਲਾ ਸਮਾਜਵਾਦੀ ਰਾਜ, ਜੋ ਸੋਵੀਅਤ ਯੂਨੀਅਨ ਵਿਚ ਵਸਦੀਆਂ ਸਾਰੀਆਂ ਦੀਆਂ ਸਾਰੀਆਂ ਅਨੇਕ ਕੌਮਾਂ ਅਤੇ ਕੌਮੀਅਤਾਂ ਦੇ ਮਜ਼ਦੂਰਾਂ, ਕਿਸਾਨਾਂ ਤੇ ਬੁਧੀਜੀਵੀ ਤਬਕੇ ਦੀ, ਕਿਰਤੀ ਲੋਕਾਂ ਦੀ ਇੱਛਾ ਅਤੇ ਉਹਨਾਂ ਦੇ ਹਿਤ ਪਰਗਟ ਕਰਦਾ ਹੈ। ਯੂਰੇਸ਼ੀਆ ਉੱਤੇ ਫ਼ੈਲੇ ਹੋਏ ਸੋਵੀਅਤ ਯੂਨੀਅਨ ਦਾ ਇਲਾਕਾ 2 ਕਰੋੜ 24 ਲੱਖ ਵਰਗ ਕਿਲੋਮੀਟਰ ਸੀ। ਇਹ 30 ਦਸੰਬਰ 1922 ਨੂੰ ਰੂਸੀ, ਯੂਕਰੇਨੀ, ਬਾਇਲੋਰੂਸੀ ਅਤੇ ਟਰਾਂਸਕਾਕੇਸ਼ੀਆਈ ਪ੍ਰਭੁਤਾਧਾਰੀ ਸੋਵੀਅਤ ਗਣਰਾਜਾਂ ਦੀ ਇਕੋ ਸਮਾਜਵਾਦੀ ਰਾਜ ਵਿਚ ਸਵੈ-ਇੱਛਤ ਇਕਮਿਕਤਾ ਰਾਹੀਂ ਕਾਇਮ ਹੋਇਆ ਸੀ। 1956 ‘ਚ ਖਰੁਸ਼ਚੇਵ ਦੀ ਅਗਵਾਈ ‘ਚ ਸੋਵੀਅਤ ਯੂਨੀਅਨ ‘ਚ ਸਰਮਾਏਦਾਰੀ ਦੀ ਮੁੜ ਬਹਾਲੀ ਹੋਈ। ਹੁਣ ਇਹ ਸਮਾਜਵਾਦੀ ਦੇਸ਼ ਤੋਂ ਸਮਾਜਕ-ਸਾਮਰਾਜੀ ਦੇਸ਼ ਬਣ ਗਿਆ। 1991 ‘ਚ ਸੋਵੀਅਤ ਯੂਨੀਅਨ ਖਿੰਡ ਗਿਆ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 46, ਦਸੰਬਰ 2015 ਵਿਚ ਪਰ੍ਕਾਸ਼ਤ

Advertisements