ਸਿਆਸੀ ਸਿੱਖਿਆ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਕਮਿਊਨਿਜ਼ਮ : ਉਹ ਸਮਾਜਕ ਅਤੇ ਆਰਥਕ ਬਣਤਰ, ਜੋ ਸਰਮਾਏਦਾਰੀ ਦਾ ਸਥਾਨ ਲੈਂਦੀ ਹੈ ਅਤੇ ਜੋ ਪੈਦਾਵਾਰ ਦੇ ਸਾਧਨਾਂ ਦੀ ਜਨਤਕ ਮਾਲਕੀ ਉੱਤੇ ਅਧਾਰਤ ਹੁੰਦੀ ਹੈ। ਇਹਦੇ ਦੋ ਪੜਾਅ ਹੁੰਦੇ ਹਨ- ਹੇਠਲਾ ਪੜਾਅ, ਸਮਾਜਵਾਦ ਅਤੇ ਉਚੇਰਾ ਪੜਾਅ, ਕਮਿਊਨਿਜ਼ਮ, ਜੋ “ਪੈਦਾਵਾਰ ਦੇ ਸਾਧਨਾਂ ਦੀ ਜਨਤਕ ਮਾਲਕੀ ਦੇ ਇੱਕੋ ਰੂਪ ਅਤੇ ਸਮਾਜ ਦੇ ਸਾਰੇ ਜੀਆਂ ਦੀ ਪੂਰੀ ਸਮਾਜਕ ਬਰਾਬਰੀ ਵਾਲੀ ਜਮਾਤ-ਰਹਿਤ ਸਮਾਜਕ ਪ੍ਰਣਾਲੀ ਹੁੰਦਾ ਹੈ; ਇਸ ਅਧੀਨ ਲੋਕਾਂ ਦੇ ਸਰਬਪੱਖੀ ਵਿਕਾਸ ਦੇ ਨਾਲ-ਨਾਲ ਵਿਗਿਆਨ ਅਤੇ ਤਕਨਾਲੋਜੀ ਵਿੱਚ ਲਗਾਤਾਰ ਤਰੱਕੀ ਰਾਹੀਂ ਪੈਦਾਵਾਰੀ ਸ਼ਕਤੀਆਂ ਦਾ ਵਾਧਾ ਵਾਪਰੇਗਾ; ਸਹਿਕਾਰੀ ਦੌਲਤ ਦੇ ਸਾਰੇ ਸੋਮੇਂ ਵਧੇਰੇ ਭਰਪੂਰ ਢੰਗ ਨਾਲ਼ ਵਰਤਣਗੇ ਅਤੇ ‘ਹਰੇਕ ਤੋਂ ਉਹਦੀ ਯੋਗਤਾ ਅਨੁਸਾਰ, ਹਰੇਕ ਨੂੰ ਉਹਦੀਆਂ ਲੋੜਾਂ ਅਨੁਸਾਰ’ ਦਾ ਮਹਾਨ ਅਸੂਲ ਲਾਗੂ ਹੋਵੇਗਾ। ਜਦਕਿ ਇਸਦੇ ਹੇਠਲੇ ਪੜਾਅ ਸਮਾਜਵਾਦ ਦਾ ਅਸੂਲ “ਹਰ ਇੱਕ ਤੋਂ ਉਸਦੀ ਯੋਗਤਾ ਅਨੁਸਾਰ ਅਤੇ ਹਰ ਇੱਕ ਨੂੰ ਉਸਦੇ ਕੰਮ ਅਨੁਸਾਰ” ਹੁੰਦਾ ਹੈ। ਕਮਿਊਨਿਜ਼ਮ ‘ਚ ਜਮਾਤਾਂ ਦੇ ਖਾਤਮੇ ਨਾਲ਼ ਹੀ ਇੱਕ ਜਮਾਤ ਵਲੋਂ ਦੂਸਰੀ ਜਮਾਤ ‘ਤੇ ਜ਼ਬਰ ਦਾ ਹਥਿਆਰ ਰਾਜ ਵੀ ਲੋਪ ਹੋ ਜਾਵੇਗਾ। ਮਨੁੱਖੀ ਸੱਭਿਅਤਾ ਦੇ ਵਿਕਾਸ ਦਾ ਇਹ ਉਚੇਰਾ ਪੜਾਅ ਇੱਕ ਜਮਾਤ ਰਹਿਤ, ਰਾਜ ਰਹਿਤ ਪੜਾਅ ਹੋਵੇਗਾ।  

ਖੱਬੇ : ਹੋਰ ਅੱਗੇਵਧੂ, ਇਨਕਲਾਬੀ ਸੋਚ ਵਾਲੇ ਸਿਆਸੀ ਗਰੁੱਪਾਂ ਜਾਂ ਆਗੂਆਂ ਨੋਲ਼ੋਂ ਵਧੇਰੇ ਦ੍ਰਿੜ ਸਿਆਸੀ ਗਰੁੱਪ ਜਾਂ ਆਗੂ। ਇਹ ਨਾਂ ਪਾਰਲੀਮੈਂਟ ਦੇ ਸਦਨ ਦੇ ਉਸ ਹਿੱਸੇ ਵਿੱਚ, ਜੋ ਪ੍ਰਧਾਨਗੀ ਕੁਰਸੀ ਦੇ ਖੱਬੇ ਪਾਸੇ ਹੁੰਦਾ ਹੈ, ਗਰਮ-ਖ਼ਿਆਲ ਅਤੇ ਇਨਕਲਾਬੀ ਪਾਰਟਂਆਂ ਦੇ ਨੁਮਾਇੰਦਿਆਂ ਨੂੰ ਰਵਾਇਤੀ ਤੌਰ ਉੱਤੇ ਬਿਠਾਏ ਜਾਣ ਵਿੱਚੋਂ ਪੈਦਾ ਹੋਇਆ ਹੈ।

“ਖੱਬੇ ਕਮਿਊਨਿਸਟ” : ਇਕ ਮੌਕਾਵਾਦੀ ਗਰੁੱਪ ਜੋ 1918 ਵਿੱਚ ਰੂਸੀ ਕਮਿਊਨਿਸਟ ਪਾਰਟੀ (ਬਾਲਸ਼ਵਿਕ) ਦੇ ਅੰਦਰ ਕਾਇਮ ਹੋਇਆ ਸੀ। ਲੈਨਿਨ ਅਤੇ ਉਹਦੇ ਸਮਰਥਕਾਂ ਤੋਂ ਉਲਟ ਚੱਲ ਕੇ “ਖੱਬੇ ਕਮਿਊਨਿਸਟ” ਜਰਮਨੀ ਨਾਲ਼ ਅਮਨ-ਸੰਧੀ (1918 ਦਾ ਬਰੈਸਤ ਅਮਨ) ਕੀਤੇ ਜਾਣ ਵਿਰੁੱਧ ਨਿੱਤਰੇ। ਜਰਮਨੀ ਵਲੋਂ ਪੇਸ਼ ਕੀਤੀਆਂ ਗਈਆਂ ਸੰਧੀ ਦੀਆਂ ਸ਼ਰਤਾਂ ਅਤਿਅੰਤ ਸਖ਼ਤ ਸਨ, ਪਰ ਅਮਨ ਨਵ-ਉਮਰ ਸੋਵੀਅਤ ਰਾਜ ਲਈ ਅਤਿਅੰਤ ਜ਼ਰੂਰੀ ਸੀ। ਹਾਲਤ ਦਾ ਗਲਤ ਲੇਖਾਜੋਖਾ ਕਰਦਿਆਂ “ਖੱਬੇ ਕਮਿਊਨਿਸਟਾਂ” ਵਿਸ਼ੇਸ਼ ਹਾਲਤਾਂ ਦਾ, ਜਮਾਤੀ ਤਾਕਤਾਂ ਦੇ ਸਹਿਸਬੰਧ ਦਾ ਅਤੇ ਕਿਰਤੀ ਲੋਕਾਂ ਦੀ ਪਕਿਆਈ ਤੇ ਜਮਾਤੀ ਦੇ ਦਰਜੇ ਦਾ ਕੋਈ ਖ਼ਿਆਲ ਕੀਤੇ ਬਿਨਾਂ ਤੁਰੰਤ ਦੂਜੇ ਦੇਸਾਂ ਵਿੱਚ ਇਨਕਲਾਬ “ਕਰਨ” ਦੀ ਮੰਗ ਕੀਤੀ। ਉਹਨਾਂ ਨੇ ਸਮਾਜਵਾਦੀ ਆਰਥਕਤਾ ਦੀ ਉਸਾਰੀ ਵਿੱਚ ਰਾਜਕੀ ਸਰਮਾਏਦਾਰੀ ਦੀ ਤੇ ਬੁਰਜੁਆ ਮਾਹਿਰਾਂ ਦੀ ਵਰਤੋਂ ਦਾ ਵਿਰੋਧ ਕੀਤਾ ਅਤੇ ਇਸ ਪ੍ਰਕਾਰ ਸਮਾਜਵਾਦੀ ਮਨੋਰਥ ਨੂੰ ਨੁਕਸਾਨ ਪਹੁੰਚਾਇਆ।  

“ਖੁਸ਼ਹਾਲੀ ਦਾ ਰਾਜ” : ਇਕ ਸੰਕਲਪ ਜੋ 1930ਵਿਆਂ ਤੀ ਬੁਰਜੁਆ ਅਤੇ ਕੁਝ ਸੋਸ਼ਲ-ਡੈਮੋਕਰੈਟਿਕ ਸਿਧਾਂਤਕਾਰਾਂ ਵਲੋਂ ਪਰਚਾਰਿਆ ਜਾ ਰਿਹਾ ਹੈ। ਉਹ ਇਹਨੂੰ ਸਮਾਜ ਦੀ ਤਬਦੀਲੀ ਦੇ ਮਾਰਸਵਾਦੀ-ਲੈਨਿਨਵਾਦੀ ਪ੍ਰੋਗਰਾਮ ਦੇ ਟਾਕਰੇ ਉੱਤੇ ਖੜ੍ਹਾ ਕਰਦੇ ਹਨ। ਇਹਦੇ ਸਮਰਥਕਾਂ ਅਨੁਸਾਰ ਆਧੁਨਿਕ ਰਾਜਕੀ-ਇਜਾਰੇਦਾਰ ਸਰਮਾਏਦਾਰੀ ਕਿਰਤੀ ਲੋਕਾਂ ਦੇ ਜੀਵਨ-ਮਿਆਰਾਂ ਵਿੱਚ ਵਾਧਾ ਯਕੀਨੀ ਬਣਾਉਂਦਾ ਹੈ, ਮਜ਼ਦੂਰਾਂ ਤੇ ਸਰਮਾਏਦਾਰੀ ਦੀਆਂ ਆਮਦਨਾਂ ਪੱਧਰੀਆਂ ਕਰ ਦਿੰਦਾ ਹੈ ਅਤੇ ਉਹਨਾ ਵਿਚਕਾਰਲੇ ਫ਼ਰਕ ਮੇਟ ਦਿੰਦਾ ਹੈ। ਇਕ ਵੇਲਾ ਵਿਹਾ ਰਹੀ ਸਮਾਜਕ ਪ੍ਰਣਾਲੀ ਦੇ ਪੱਖ-ਪੂਰਕਾਂ ਵਲੋਂ ਪੇਸ਼ ਕੀਤਾ ਗਿਆ ਇਹ ਸੰਕਲਪ ਆਪਣੀ ਸਥਾਈ ਬੇਰਜ਼ਗਾਰੀ, ਆਪਣੇ ਆਰਥਕ ਸੰਕਟਾਂ ਅਤੇ ਵਧੇਰੇ ਹੀ ਵਧੇਰੇ ਤਿੱਖੇ ਜਮਾਤੀ ਸੰਗਰਾਮ ਵਾਲੀ ਸਰਮਾਏਦਾਰਾ ਅਸਲੀਅਤ ਵਲੋਂ ਝੂਠਾ ਸਿੱਧ ਕਰ ਦਿੱਤਾ ਜਾਂਦਾ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 51, 1 ਅਪ੍ਰੈਲ 2016

 

Advertisements